ਅਮਰੀਕਾ ਦਾ ਨਸਲਵਾਦ, ਪੰਜਾਬੀ ਅਮਰੀਕਨ ਅਤੇ ਭਾਰਤੀ ਲੋਕ

ਡਾ. ਸੁਖਪਾਲ ਸੰਘੇੜਾ
ਜਾਰਜ ਫਲਾਇਡ ਦੇ ਮਾਰੇ ਜਾਣ ਦੇ ਵਿਰੋਧ ਵਿਚ ਖਾਸ ਕਰਕੇ ਕਾਲੇ ਤੇ ਆਮ ਤੌਰ ‘ਤੇ ਹੋਰ ਅਮਰੀਕੀ ਲੋਕਾਂ ਦਾ ਰੋਹ ਅਮਰੀਕਾ ਦੀਆਂ ਸੜਕਾਂ-ਗਲੀਆਂ ਵਿਚ ਵਹਿ ਤੁਰਿਆ। ਮੁਜਾਹਰਿਆਂ ਜਿਨ੍ਹਾਂ ਵਿਚ ਅਨੇਕਾਂ ਨਸਲਾਂ ਨਾਲ ਸਬੰਧਤ ਅਮਰੀਕਣਾਂ-ਗੋਰੇ, ਕਾਲੇ, ਹਿਸਪੈਨਿਕ, ਯਹੂਦੀ, ਚੀਨੀ, ਜਾਪਾਨੀ, ਆਦਿ ਨੇ ਹਿੱਸਾ ਲਿਆ। ਬਿਨਾ ਸ਼ੱਕ, ਇਹ ਕਾਲਾ ਰੋਸ ਜਾਂ ਕਾਲਾ ਵਿਦਰੋਹ ਨਹੀਂ, ਬਲਕਿ ਅਮਰੀਕੀ ਵਿਦਰੋਹ ਸੀ।

ਅਮਰੀਕਾ ਤੋਂ ਸ਼ੁਰੂ ਹੋ ਕੇ ਕੌਮਾਂਤਰੀ ਪੱਧਰ ‘ਤੇ ਫੈਲ ਗਏ ਇਹ ਮੁਜਾਹਰੇ ਕਈ ਹਫਤੇ ਚੱਲਦੇ ਰਹੇ, ਜਿਸ ਦੌਰਾਨ ਇਨ੍ਹਾਂ ਨੇ ਅਮਰੀਕਾ ਵਿਚ ਨੈਟਵਰਕ ਟੀ. ਵੀ. ਸਕਰੀਨਾਂ ਤੋਂ ਕਰੋਨਾ ਵਾਇਰਸ ਦੀਆਂ ਨਾਨ-ਸਟੋਪ ਖਬਰਾਂ ਤੇ ਗੱਲਾਂ-ਬਾਤਾਂ ਨੂੰ ਵੀ ਅਗਿਆਤਵਾਸ ਵੱਲ ਨੂੰ ਧੱਕੀ ਰੱਖਿਆ। ਵੀਹ ਡਾਲਰਾਂ ਦੇ ਨਕਲੀ ਨੋਟ ਨਾਲ ਸਿਗਰਟ ਖਰੀਦਣ ਦੇ ਦੋਸ਼ ਅਧੀਨ ਜਾਰਜ ਨੂੰ ਗ੍ਰਿਫਤਾਰ ਕਰਦਿਆਂ ਪੁਲਿਸ ਅਫਸਰ ਨੇ ਉਹਦੇ ਹੱਥ ਬੰਨ੍ਹ ਕੇ ਉਹਨੂੰ ਮੂਧੇ-ਮੂੰਹ ਸੁੱਟ ਲਿਆ, ਅਤੇ ਆਪਣੇ ਗੋਡੇ ਨਾਲ ਉਸ ਦੀ ਧੌਣ ਨੂੰ 8.46 ਮਿੰਟ ਤੱਕ ਨੱਪੀ ਰੱਖਿਆ; ਤਦ ਤੱਕ ਜਾਰਜ ਦਮ ਤੋੜ੍ਹ ਚੁਕਾ ਸੀ। ਉਹ ਵਾਰ ਵਾਰ “ਮੈਂ ਸਾਹ ਨਹੀਂ ਲੈ ਸਕਦਾ” ਕਹਿ ਕਹਿ ਜਾਣੋ ਮਦਦ ਲਈ ਵਾਸਤੇ ਪਾਉਂਦਾ ਰਿਹਾ। ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਨਹੀਂ ਸੀ, ਪਰ ਵਾਇਰਲ ਹੋ ਗਏ ਵੀਡੀਓ ਵਿਚ ਪਕੜੀ ਇਹ ਘਟਨਾ ਟਿਪਿੰਗ ਪੁਆਇੰਟ ਨੂੰ ਪਹੁੰਚ ਗਈ ਸੀ।
ਪੰਜਾਬ ਦੇ ਅੰਦਰੋਂ ਤੇ ਬਾਹਰੋਂ ਪ੍ਰਕਾਸ਼ਤ ਹੁੰਦੇ ਪੰਜਾਬੀ ਅਖਬਾਰਾਂ ਵਿਚ ਇਨ੍ਹਾਂ ਮੁਜਾਹਰਿਆਂ ਬਾਰੇ ਛਪੇ ਕਈ ਲੇਖਾਂ ਵਿਚ ਜੋ ਇੱਕ ਪ੍ਰਭਾਵ ਦਿੱਤਾ ਗਿਆ ਹੈ ਤੇ ਦੋ ਨੁਕਤੇ ਉਠਾਏ ਗਏ ਨੇ, ਉਨ੍ਹਾਂ ਵੱਲ ਧਿਆਨ ਦੇਣਾ ਬਣਦਾ ਹੈ। ਪ੍ਰਭਾਵ ਦਿੱਤਾ ਗਿਆ ਹੈ ਜਿਵੇਂ ਅੱਜ ਦੇ ਅਮਰੀਕਾ ਵਿਚ ਗੋਰੀ ਨਸਲ ਦੇ ਸਾਰੇ ਜਾਂ ਬਹੁ-ਗਿਣਤੀ ਲੋਕ ਕਾਲੀ ਨਸਲ ਦੇ ਲੋਕਾਂ ਨੂੰ ਹੀਣੇ ਸਮਝਦੇ ਹੋਣ; ਕਿ ਜਿਵੇਂ ਇਹ ਵਿਰੋਧ ਗੋਰੇ ਤੇ ਕਾਲੇ ਲੋਕਾਂ ਵਿਚਾਲੇ ਹੋਵੇ। ਅਸਲ ਵਿਚ, ਅਜਿਹਾ ਨਹੀਂ ਹੈ। ਉਕਤ ਬਿਆਨਿਆ ਤੱਥ ਕਿ ਇਨ੍ਹਾਂ ਮੁਜਾਹਰਿਆਂ ਵਿਚ ਗੋਰੇ ਤੇ ਹੋਰ ਨਸਲਾਂ ਨਾਲ ਸਬੰਧਤ ਅਮਰੀਕਣਾਂ ਵੀ ਹਿੱਸਾ ਲਿਆ ਅਤੇ ਮੇਰੇ ਨਿਜੀ ਤੇ ਕਾਰੋਬਾਰੀ ਤਜਰਬੇ ਤੋਂ ਇਲਾਵਾ ਅਮਰੀਕਾ ‘ਚ ਇਕੱਤਰ ਕੀਤਾ ਗਿਆ ਪੋਲਿੰਗ ਡੈਟਾ ਇਸ ਦੀ ਪੁਸ਼ਟੀ ਕਰਦੇ ਹਨ।
ਪਿਊ ਰਿਸਰਚ ਵਲੋਂ ਕਰਵਾਏ ਸਰਵੇਖਣ ਅਨੁਸਾਰ ਅਮਰੀਕਾ ਵਿਚ ਬਾਲਗ ਚਿੱਟੇ ਲੋਕਾਂ ਦੀ ਬਹੁਗਿਣਤੀ (56%) ਮੰਨਦੀ ਹੈ ਕਿ ਚਿੱਟੇ ਹੋਣਾ ਇਸ ਸਿਸਟਮ ਵਿਚ ਅੱਗੇ ਵਧਣ ਲਈ ਸਹਾਈ ਹੁੰਦਾ ਹੈ। ਬਹੁਗਿਣਤੀ (66%) ਚਿੱਟੇ ਬਾਲਗ ਇਹ ਵੀ ਮੰਨਦੇ ਨੇ ਉਨ੍ਹਾਂ ਦੇ ਮੁਕਾਬਲੇ ਕਾਲੇ ਲੋਕਾਂ ਨਾਲ ਪੁਲਿਸ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਘੱਟ ਨਿਆਂਪੂਰਨ ਸਲੂਕ ਕਰਦੀ ਹੈ। ਮੋਨਮਾਊਥ ਯੂਨੀਵਰਸਿਟੀ ਵਲੋਂ ਕਰਵਾਈ ਜਨਤਕ ਪੋਲਿੰਗ ਅਨੁਸਾਰ ਹੁਣ 76% ਅਮਰੀਕੀ ਮੰਨਦੇ ਹਨ ਕਿ ਅਮਰੀਕਾ ਵਿਚ ਨਸਲੀ ਵਿਤਕਰਾ ਵੱਡੀ ਸਮੱਸਿਆ ਹੈ। ਇਸੇ ਪੋਲ ਅਨੁਸਾਰ ਬਹੁਗਿਣਤੀ ਅਮਰੀਕੀ ਜਨਤਾ (57%) ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਗਟਾਏ ਗੁੱਸੇ ਨੂੰ ਪੂਰੀ ਤਰ੍ਹਾਂ ਜਾਇਜ਼ ਸਮਝਦੀ ਹੈ ਅਤੇ ਚਿੱਟੇ ਅਮਰੀਕੀਆਂ ਦੀ ਬਹੁਗਿਣਤੀ (55%) ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦੀ ਹੈ।
ਸੋ, ਸਾਰੇ ਜਾਂ ਬਹੁਗਿਣਤੀ ਅਮਰੀਕੀ ਗੋਰੇ ਲੋਕ ਨਾ ਤਾਂ ਅਮਰੀਕੀ ਕਾਲੇ ਲੋਕਾਂ ਨੂੰ ਆਪਣੇ ਤੋਂ ਹੀਣੇ ਸਮਝਦੇ ਨੇ, ਨਾ ਹੀ ਇਸ ਗੱਲੋਂ ਇਨਕਾਰੀ ਨੇ ਕਿ ਸਿਸਟਮ ਕਾਲੇ ਲੋਕਾਂ ਨਾਲ ਵਿਤਕਰਾ (ਦਸਿਚਰਮਿਨਿਅਟਿਨ) ਕਰਦਾ ਹੈ ਅਤੇ ਨਾ ਹੀ ਇਸ ਦਾ ਪੱਖ ਹੀ ਪੂਰਦੇ ਨੇ। ਐਸਾ ਕਿਉਂ ਨਹੀਂ ਹੈਂ? ਭਾਵ ਇੱਕ ਪਾਸੇ ਗੋਰੇ ਲੋਕਾਂ ਦੀ ਵੱਡੀ ਗਿਣਤੀ ਕਾਲੇ ਲੋਕਾਂ ਸੰਗ ਹੁੰਦੇ ਧੱਕੇ ਨੂੰ ਸਮਝਦੀ ਹੈ ਤੇ ਇਸ ਵਿਰੁੱਧ ਉਨ੍ਹਾਂ ਦੇ ਨਾਲ ਵੀ ਖੜ੍ਹਦੀ ਹੈ ਅਤੇ ਦੂਜੇ ਪਾਸੇ ਸਿਸਟਮ ਵਿਚ ਕਾਲੇ ਲੋਕਾਂ ਪ੍ਰਤੀ ਵਿਤਕਰਾ ਭਰਿਆ ਪਿਆ ਹੈ। ਅਮਰੀਕਾ ਵਿਚ ਇਹ ਦੋ ਪਰਸਪਰ ਵਿਰੋਧੀ ਪੱਖਾਂ ਨੂੰ ਸਮਝਣ ਲਈ ਯੂਰਪ ਵਿਚ ਚੱਲੀਆਂ ਦੋ ਬੌਧਿਕ ਲਹਿਰਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ-ਰੈਨੇਸਾਂਸ ਲਹਿਰ (14ਵੀਂ ਤੋਂ 17ਵੀਂ ਸਦੀ ਤੱਕ) ਅਤੇ ਉਹਦੇ ਨਾਲ ਲੱਗਵੀਂ ਪ੍ਰਬੋਧਨ (ਓਨਲਗਿਹਟeਨਮeਨਟ) ਲਹਿਰ।
ਰੈਨੇਸਾਂਸ ਤੇ ਪ੍ਰਬੋਧਨ ਲਹਿਰਾਂ: ਰੈਨੇਸਾਂਸ ਦੀਆਂ ਦੋ ਮੁੱਖ ਚਾਲਕ ਸ਼ਕਤੀਆਂ ਸਨ-ਤਰਕ ਤੇ ਮਾਨਵਵਾਦ। ਮਾਨਵਵਾਦ ਨੇ ਐਸੇ ਨਾਗਰਿਕਾਂ ਦੀ ਮਹੱਤਤਾ ਅਤੇ ਲੋੜ ‘ਤੇ ਜ਼ੋਰ ਦਿੱਤਾ, ਜੋ ਤਰਕਸ਼ੀਲ ਹੁੰਦਿਆਂ ਆਪਣੇ ਭਾਈਚਾਰਿਆਂ ਦੇ ਸਿਵਲ ਜੀਵਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੇ ਯੋਗ ਹੋਣ। ਇਸ ਉਦੇਸ਼ ਨਾਲ ਜਨਤਕ ਲਾਇਬ੍ਰੇਰੀਆਂ ਅਤੇ ਇਕ ਅਧਿਅਨ ਖੇਤਰ (ੰਟੁਦਅਿ ਹੁਮਅਨਟਿਅਟਸਿ) ਸਥਾਪਤ ਹੋਏ, ਜਿਸ ਨੂੰ ਅੱਜ ੍ਹੁਮਅਨਟਿਇਸ ਵਜੋਂ ਜਾਣਿਆ ਜਾਂਦਾ ਹੈ ਤੇ ਜਿਸ ਵਿਚ ਉਸ ਸਮੇਂ ਨੈਤਿਕ ਦਰਸ਼ਨ, ਕਵਿਤਾ, ਧੜੱਲੇਦਾਰ-ਅਲੰਕਾਰਕ ਵਿੱਦਿਆ (੍ਰਹeਟੋਰਸਿ), ਵਿਆਕਰਣ, ਅਤੇ ਇਤਿਹਾਸ ਸ਼ਾਮਲ ਸਨ। ਰੈਨੇਸਾਂਸ ਦੌਰਾਨ ਵਿਕਸਿਤ ਕੀਤੇ ਗਏ ਮੁੱਖ ਆਦਰਸ਼ਾਂ ਵਿਚੋਂ ਇੱਕ ਨੂੰ ‘ਰੈਨੇਸਾਂਸ ਆਦਮੀ’ ਦੇ ਸੰਕਲਪ ਰਾਹੀਂ ਪੇਸ਼ ਕੀਤਾ ਗਿਆ ਸੀ, ਜੋ ਇਸ ਖਿਆਲ ਨੂੰ ਮੂਰਤੀਮਾਨ ਕਰਦਾ ਸੀ, “ਮਨੁੱਖ ਸਭ ਕੁਝ ਕਰ ਸਕਦਾ ਹੈ, ਜੇ ਉਹ ਚਾਹੇ ਤਾਂ।” ਇਹ ਆਦਰਸ਼ ਰੈਨੇਸਾਂਸ ਲਹਿਰ ਦੇ ਮਾਨਵਵਾਦ ਦੇ ਮੂਲ ਮੱਤ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ ‘ਮਨੁੱਖ ਬ੍ਰਹਿਮੰਡ ਦਾ ਕੇਂਦਰ ਹੈ।’ ਯੂਰਪੀਅਨ ਰੈਨੇਸਾਂਸ ਲਹਿਰ ਨੇ ਅਤੀਤ ਤੇ ਉਦੋਂ ਦੇ ‘ਅੱਜ’ ਨੂੰ ਤਰਕ ਨਾਲ ਪੜਚੋਲ ਕੇ, ਚਰਚ ਦੀਆਂ ਧਾਰਮਿਕ ਕੁਰੀਤੀਆਂ, ਦੁਰਉਪਯੋਗਾਂ ਤੇ ਦੁਰਵਿਹਾਰ ਵਿਰੁੱਧ ਤਰਕ ਦਾ ਹੱਲਾ ਬੋਲਦਿਆਂ ਵਿਗਿਆਨ ਦੀ ਮਦਦ ਨਾਲ ਯੂਰਪ ਨੂੰ ਆਧੁਨਿਕ ਯੁੱਗ ਨਾਲ ਜੋੜ ਦਿੱਤਾ।
ਰੈਨੇਸਾਂਸ ਤੋਂ ਹੀ ਨਿਕਲੀ ਪ੍ਰਬੋਧਨ ਲਹਿਰ ਨੇ ਰੈਨੇਸਾਂਸ ਵਾਂਗ ਹੀ ਯੂਰਪ ਦੇ ਕਈ ਗਿਆਨ ਖੇਤਰਾਂ ਅਤੇ ਸਮਾਜਕ, ਧਾਰਮਿਕ ਤੇ ਰਾਜਨੀਤਕ ਪੱਖਾਂ ਨੂੰ ਪ੍ਰਭਾਵਿਤ ਕੀਤਾ। ਪ੍ਰਬੋਧਨ ਦੇ ਚਾਰ ਕੇਂਦਰੀ ਖਿਆਲ ਜਾਂ ਤੱਤ ਸਨ-ਤਰਕ, ਮਾਨਵਵਾਦ, ਵਿਗਿਆਨ ਤੇ ਪ੍ਰਗਤੀ। 17ਵੀਂ ਸਦੀ ਤੋਂ 19ਵੀਂ ਸਦੀ ਤੱਕ ਫੈਲੀ ਇਸ ਲਹਿਰ ਦੀ ਪਹਿਲੀ ਰਚਨਾ ਨਿਊਟਨ ਦੀ 1687 ਵਿਚ ਪ੍ਰਕਾਸ਼ਿਤ ਵਿਗਿਆਨਕ ਲਿਖਤ ‘ਪ੍ਰਿੰਸੀਪੀਆ ਮੈਥੇਮੈਟਿਕਾ’ ਨੂੰ ਮੰਨਿਆ ਜਾਂਦਾ ਹੈ। ਪ੍ਰਬੋਧਨ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਸ਼ਾਮਲ ਸਨ-ਕਾਂਤ, ਰੂਸੋ, ਲਾਕ, ਬੇਕਰੀਰੀਆ, ਬਾਰੂਚ ਸਪਿਨੋਜ਼ਾ, ਡਾਈਡ੍ਰੋਟ, ਹੋਬਜ਼ ਅਤੇ ਐਡਮ ਸਮਿਥ।
ਇਮੈਨੁਅਲ ਕਾਂਤ ਅਨੁਸਾਰ ਪ੍ਰਬੋਧਨ ਦੀ ਪਰਿਭਾਸ਼ਾ ਹੈ ਕਿ ਮਨੁੱਖਤਾ ਆਪ-ਸਹੇੜੇ ਕੱਚੇਪਣ (ੀਮਮਅਟੁਰਟੇ), ਆਲਸੀਪਣ, ਕਾਇਰਤਾ ਅਤੇ ਧਾਰਮਿਕ ਜਾਂ ਰਾਜਨੀਤਕ ਅਥਾਰਟੀਆਂ ਦੀਆਂ ਰੂੜ੍ਹੀਆਂ ਤੇ ਫਾਰਮੂਲਿਆਂ ਸਾਹਮਣੇ ਗੋਡੇ ਟੇਕਣ ਦੇ ਅਮਲ ਵਿਚੋਂ ਨਿਕਲ ਕੇ ਚੀਜ਼ਾ ਨੂੰ ਖੁਦ ਸਮਝਣ ਦੀ ਦਲੇਰੀ ਕਰੇ। ਉਹਦੇ ਅਨੁਸਾਰ ਪ੍ਰਬੋਧਨ ਲਹਿਰ ਦੀ ਬੁਨਿਆਦੀ ਮੰਗ ਸੀ-ਸੋਚ ਅਤੇ ਬੋਲਣ ਦੀ ਆਜ਼ਾਦੀ। ਉਹਦੇ ਲਈ ਪ੍ਰਬੋਧਨ ਦਾ ਮਤਲਬ ਇਹ ਵੀ ਸੀ ਕਿ ਇਕ ਯੁੱਗ ਵਲੋਂ ਕੀਤਾ ਗਿਆ ਅਜਿਹਾ ਇਕਰਾਰਨਾਮਾ ਮਨੁੱਖੀ ਸੁਭਾਅ ਖਿਲਾਫ ਜੁਰਮ ਹੋਵੇਗਾ, ਜੋ ਆਉਂਦੇ ਯੁੱਗਾਂ ਲਈ ਆਪਣੀ ਸੂਝ ਦਾ ਵਿਸਤਾਰ ਕਰਨ, ਗਿਆਨ ਵਧਾਉਣ ਤੇ ਗਲਤੀਆਂ ਨੂੰ ਦੂਰ ਕਰਨ ‘ਤੇ ਜੰਦਰਾ ਲਾ ਦੇਵੇ; ਕਿਉਂਕਿ ਮਨੁੱਖੀ ਸੁਭਾਅ ਦੀ ਤਕਦੀਰ (ਜਾਂ ਮੰਜ਼ਿਲ) ਹੀ ਬਿਲਕੁਲ ਅਜਿਹੀ ਪ੍ਰਗਤੀ ਵਿਚ ਪਈ ਹੈ।
ਲਾਕ, ਹੋਬਜ਼ ਤੇ ਰੂਸੋ ਇਸ ਗੱਲ ‘ਤੇ ਸਹਿਮਤ ਸਨ ਕਿ ਮਨੁੱਖ ਨੂੰ ਇੱਕ ਸਿਵਲ ਸੁਸਾਇਟੀ ਵਿਚ ਰਹਿਣ ਦੇ ਕਾਬਲ ਬਣਾਉਣ ਲਈ ਐਸਾ ਸਮਾਜਕ ਇਕਰਾਰਨਾਮਾ ਜ਼ਰੂਰੀ ਹੈ, ਜਿਸ ਅਨੁਸਾਰ ਸਰਕਾਰ ਦਾ ਹੱਕ ਲੋਕਾਂ ਦੀ ਮਰਜ਼ੀ ਨਾਲ ਹੋਵੇ। ਲਾਕ ਅਨੁਸਾਰ ਹਰੇਕ ਮਨੁੱਖ ਕੁਝ ਕੁਦਰਤੀ ਹੱਕ ਲੈ ਕੇ ਜੰਮਦਾ ਹੈ, ਜਿਨ੍ਹਾਂ ਵਿਚ ਸ਼ਾਮਲ ਹਨ-ਸੰਪੂਰਨ ਬਰਾਬਰੀ ਤੇ ਆਜ਼ਾਦੀ ਅਤੇ ਜੀਵਨ ਤੇ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੇ ਹੱਕ; ਇਹ ਕੁਦਰਤੀ ਹੱਕ ਕੁਦਰਤ ਦਾ ਨਿਯਮ ਹੈ। ਉਸ ਅਨੁਸਾਰ ਸਮਾਜ ਦੀ ਕੁਦਰਤੀ ਸਥਿਤੀ ਉਦੋਂ ਹੁੰਦੀ ਹੈ, ਜਦੋਂ ਇਹ ਕੁਦਰਤੀ ਨਿਯਮ ਕਾਇਮ ਰੱਖਿਆ ਜਾਵੇ ਤੇ ਮਨੁੱਖ ਤਰਕਸ਼ੀਲ ਹੋਵੇ। ਲਾਕ ਅਨੁਸਾਰ ਆਪਸੀ ਸੁਰੱਖਿਆ ਇਸ ਗੱਲ ‘ਤੇ ਆਧਾਰਿਤ ਹੈ ਕਿ ਇਸ ਕੁਦਰਤੀ ਨਿਯਮ ਦੀ ਪਾਲਣਾ ਕੀਤੀ ਜਾਵੇ; ਭਾਵ ਇਕ ਵਿਅਕਤੀ ਜਾਂ ਅਦਾਰਾ ਦੂਜੇ ਦੇ ਕੁਦਰਤੀ ਹੱਕਾਂ ਦੀ ਉਲੰਘਣਾ ਨਾ ਕਰੇ, ਕਿਉਂਕਿ ਹਰ ਆਦਮੀ ਬਰਾਬਰ ਹੈ ਤੇ ਉਨ੍ਹਾਂ ਦੇ ਇਕੋ ਜਿਹੇ ਅਟੱਲ ਜਨਮ-ਸਿੱਧ ਅਧਿਕਾਰ ਹਨ। ਇਸੇ ਬਿਨ੍ਹਾ ‘ਤੇ ਉਹਨੇ ਗੁਲਾਮੀ ਦੀ ਵੀ ਵਿਰੋਧਤਾ ਕੀਤੀ।
ਪ੍ਰਬੋਧਨ ਲਹਿਰ ਦੇ ਵਿਚਾਰਾਂ ਨੇ ਰਾਜਸ਼ਾਹੀ ਅਤੇ ਚਰਚ ਦੇ ਹੱਕ ਨੂੰ ਕਮਜ਼ੋਰ ਕਰ ਦਿੱਤਾ; 18ਵੀਂ ਤੇ 19ਵੀਂ ਸਦੀ ਦੇ ਰਾਜਨੀਤਕ ਇਨਕਲਾਬਾਂ, ਜਿਵੇਂ ‘ਫ੍ਰੈਂਚ ਇਨਕਲਾਬ’ ਤੇ ‘ਅਮਰੀਕੀ ਇਨਕਲਾਬ’ ਲਈ ਰਾਹ ਪੱਧਰਾ ਕੀਤਾ ਅਤੇ ਉਨ੍ਹਾਂ ਨੂੰ ਸ਼ੁਰੂ ਕਰਨ ਤੇ ਉਨ੍ਹਾਂ ਦੀ ਰੂਪ-ਧਾਰਨਾ ਵਿਚ ਵਿਸ਼ੇਸ਼ ਹਿੱਸਾ ਪਾਇਆ। ਮਿਸਾਲ ਵਜੋਂ, ਅਮਰੀਕੀ ਇਨਕਲਾਬ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਰਾਜਨੀਤਕ ਅਤੇ ਬੁੱਧੀਜੀਵੀ ਸ਼ਖਸੀਅਤਾਂ ਵਿਚਾਰਧਾਰਕ ਤੌਰ ‘ਤੇ ਪ੍ਰਬੋਧਨ ਲਹਿਰ ਨਾਲ ਨੇੜਿਓਂ ਜੁੜਦੀਆਂ ਹੋਈਆਂ ਸਨ: ਥੌਮਸ ਜੈਫਰਸਨ ਨੇ ਅਮਰੀਕਾ ਦੇ ਆਜ਼ਾਦੀ-ਐਲਾਨਨਾਮੇ (1776) ਵਿਚ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ; ਬੈਂਜਾਮਿਨ ਫਰੈਂਕਲਿਨ ਕਈ ਵਾਰ ਯੂਰਪ ਯਾਤਰਾ ਕਰ ਉਥੋਂ ਦੀਆਂ ਵਿਗਿਆਨਕ ਤੇ ਰਾਜਨੀਤਕ ਬਹਿਸਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਤੇ ਉਥੋਂ ਨਵੇਂ ਵਿਚਾਰ ਅਮਰੀਕਾ ਲਿਆਉਂਦਾ ਰਿਹਾ; ਅਤੇ ਜੇਮਜ਼ ਮੈਡੀਸਨ ਨੇ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ (1787) ਵਿਚ ਵੀ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ।
ਅਮਰੀਕੀ ਕੌਮ ਦੀਆਂ ਠੋਸ ਨੀਂਹਾਂ ‘ਤੇ ਗੁਲਾਮੀ ਦੀ ਲਾਹਣਤ: ਰੈਨੇਸਾਂਸ ਤੇ ਪ੍ਰਬੋਧਨ ਲਹਿਰਾਂ ਦੀ ਪਿੱਠਭੂਮੀ ਕਾਰਨ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ 4 ਜੁਲਾਈ 1776 ਨੂੰ ਜਾਰੀ ਕੀਤੇ ਆਜ਼ਾਦੀ ਦੇ ਜਿਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਅਮਰੀਕੀ ਫੌਜ ਲੜੀ, ਉਸ ਦੇ ਸ਼ੂਰੂ ਵਿਚ ਥੌਮਸ ਜੈਫਰਸਨ ਨੇ ਐਲਾਨ ਕੀਤਾ ਸੀ, “ਅਸੀਂ ਇਹ ਸੱਚਾਈ ਆਪਣੇ ਆਪ ਵਿਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਬੰਦੇ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਨਹਾਰੇ ਵਲੋਂ ਕੁਝ ਖਾਸ ਅਟੱਲ ਹੱਕਾਂ ਨਾਲ ਨਿਵਾਜੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਹਨ-ਜ਼ਿੰਦਗੀ, ਸੁਤੰਤਰਤਾ ਤੇ ਖੁਸ਼ੀ ਦੀ ਭਾਲ। ਇਹ ਹੱਕ ਸੁਰੱਖਿਅਤ ਕਰਨ ਲਈ ਬੰਦੇ ਸਰਕਾਰਾਂ ਸਥਾਪਿਤ ਕਰਦੇ ਹਨ ਤੇ ਸਰਕਾਰਾਂ ਲੋਕਾਂ ਤੋਂ ਉਨ੍ਹਾਂ ਦੀ ਮਰਜ਼ੀ ਨਾਲ ਹੀ ਆਪਣੀ ਤਾਕਤ ਗ੍ਰਹਿਣ ਕਰਦੀਆਂ ਹਨ, ਜਿਨ੍ਹਾਂ ‘ਤੇ ਉਹ ਰਾਜ ਕਰਨ।” ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਆਜ਼ਾਦੀ ਦਾ ਯੁੱਧ ਜਿੱਤਣ ਪਿਛੋਂ ਅਮਰੀਕੀ ਫੌਜ ਦੇ ਕਮਾਂਡਰ ਜਾਰਜ ਵਾਸ਼ਿੰਗਟਨ ਨੇ ਆਪਣੇ ਆਪ ਨੂੰ ਬਾਦਸ਼ਾਹ ਐਲਾਨਣ ਦੀ ਥਾਂ ਜਮਹੂਰੀਅਤ ਯਾਨਿ ਲੋਕਤੰਤਰ ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਉਹ ਅਮਰੀਕਾ ਦੇ ਪਹਿਲੇ (1788-89) ਪ੍ਰਧਾਨ ਚੁਣੇ ਗਏ।
ਇਸ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਦੀਆਂ ਨੀਂਹਾਂ ਵਿਚ ਪਏ ਹਨ, ਪ੍ਰਬੋਧਨ ਲਹਿਰ ਦੇ ਆਦਰਸ਼-ਤਰਕ, ਮਾਨਵਵਾਦ, ਵਿਗਿਆਨ ਤੇ ਪ੍ਰਗਤੀ। ਇਹੀ ਆਦਰਸ਼ ਪ੍ਰਬੋਧਨ ਲਹਿਰ ਰਾਹੀਂ ਪ੍ਰਭਾਸ਼ਿਤ ਆਧੁਨਿਕਤਾ ਦੇ ਆਧਾਰ ਵਿਚ ਵੀ ਹਨ, ਜਿਸ ਆਧੁਨਿਕਤਾ ਦੇ ਅਦਾਰਿਆਂ ਵਿਚ ਸ਼ਾਮਲ ਹਨ: ਰਾਜਿਆਂ ਤੇ ਡਿਕਟੇਟਰਾਂ ਦੀ ਥਾਂ ਜਮਹੂਰੀ ਸਰਕਾਰਾਂ; ਸਕੂਲ/ਯੂਨੀਵਰਸਿਟੀਆਂ, ਪਬਲਿਕ ਲਾਇਬ੍ਰੇਰੀਆਂ; ਨਿਊਜ਼ ਏਜੰਸੀਆਂ ਸਮੇਤ ਸੁਤੰਤਰ ਮੀਡੀਆ; ਹਸਪਤਾਲ, ਚੈਰਿਟੀ, ਮਨੁੱਖਤਾ ਦੀ ਭਲਾਈ ਹਿੱਤ ਕੌਮਾਂਤਰੀ ਸੰਸਥਾਵਾਂ, ਆਦਿ। ਸੋ, ਪੱਛਮ ਵਿਚ ਅਸੀਂ ਅੱਜ ਜਿਨ੍ਹਾਂ ਅਦਾਰਿਆਂ ਤੇ ਜਮਹੂਰੀ ਪ੍ਰਬੰਧਾਂ ਨੂੰ ਅਕਸਰ ਗਾਰੰਟੀਸ਼ੁਦਾ ਚੀਜ਼ਾਂ ਵਾਂਗ ਵਰਤਦੇ ਹਾਂ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਭ ਮੂਲ ਤੌਰ ‘ਤੇ ਰੈਨੇਸਾਂਸ ਅਤੇ ਪ੍ਰਬੋਧਨ ਲਹਿਰ ਦੀਆਂ ਦਾਤਾਂ ਹਨ, ਜੋ ਮੌਲਿਕ ਤੌਰ ‘ਤੇ ਯੂਰਪ ਤੋਂ ਸ਼ੁਰੂ ਹੋ ਕੇ ਆਧੁਨਿਕਤਾ ਸੰਗ ਦੂਜੇ ਦੇਸ਼ਾਂ ਵਿਚ ਵੀ ਫੈਲ ਗਈਆਂ, ਉਥੋਂ ਦੀਆਂ ਹਾਲਤਾਂ ਦੇ ਅਨੁਕੂਲ ਰੂਪ ਧਾਰਦੀਆਂ ਹੋਈਆਂ।
ਇਸ ਤਰ੍ਹਾਂ ਤਰਕ, ਮਾਨਵਵਾਦ, ਵਿਗਿਆਨ ਤੇ ਪ੍ਰਗਤੀ ਜਿਹੇ ਆਦਰਸ਼ ‘ਤੇ ਆਧਾਰਿਤ ਅਮਰੀਕੀ ਕੌਮ ਦੀ ਉਸਾਰੀ ਦੇ ਸੰਦਰਭ ਵਿਚ ਅਸੀਂ ਸਮਝ ਸਕਦੇ ਹਾਂ ਕਿ ਕਿਵੇਂ (1) ਬਹੁਤ ਗੋਰੇ ਅਮਰੀਕੀ ਸਿਸਟਮ ਵਿਚ ਕਾਲੇ ਲੋਕਾਂ ਪ੍ਰਤੀ ਭਰੇ ਦਰ੍ਹਾਡੇ/ਵਿਤਕਰੇ ਤੋਂ ਜਾਣੂ ਹਨ ਤੇ ਇਹਦੇ ਵਿਰੋਧੀ ਹਨ; (2) ਗੋਰਿਆਂ ਸਮੇਤ ਅਨੇਕਾਂ ਨਸਲਾਂ ਦੇ ਅਮਰੀਕਨਾਂ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ। ਹਾਂ, ਸਿੱਕੇ ਦੇ ਦੂਜੇ ਪਾਸੇ, ਚਿੱਟੇ ਸੁਪਰੀਮਿਕਿਸਟਾਂ (ੱਹਟਿe ੁੰਪਰeਮਅਚਸਿਟਸ) ਦੀਆਂ ਜਥੇਬੰਦੀਆਂ, ਜਿਵੇਂ ਕੂ ਕਲਕਸ ਕਲੈਨ ਤੇ ਨਿਊ ਨਾਜ਼ੀ ਸਮੇਤ ਕੁਝ ਗੋਰੇ ਲੋਕ ਕਾਲੇ, ਯਹੂਦੀ ਤੇ ਹੋਰ ਘੱਟ ਗਿਣਤੀ ਦੇ ਲੋਕਾਂ ਨੂੰ ਆਪ ਨਾਲੋਂ ਹੀਣੇ ਸਮਝਦੇ ਹਨ, ਪਰ ਅਜਿਹੇ ਨਸਲਵਾਦੀ ਲੋਕ ਕੁਲ ਮਿਲਾ ਕੇ ਘੱਟ ਗਿਣਤੀ ਵਿਚ ਹਨ ਤੇ ਇਨ੍ਹਾਂ ਦੀ ਸੋਚ ਅਮਰੀਕੀ ਇਤਿਹਾਸ ਦੇ ਬੁਰੇ ਪੱਖ ਦੀ ਰਹਿੰਦ-ਖੂੰਹਦ ਹੈ। ਪੂਰਾ ਸੱਚ ਲੱਭਣ ਲਈ ਇਤਿਹਾਸ ਦੇ ਇਸ ਬੁਰੇ ਪੱਖ ਨੂੰ ਸਮਝਣਾ ਵੀ ਜ਼ਰੂਰੀ ਹੈ।
ਯੂਰਪ ਅਤੇ ਅਮਰੀਕਾ ਵਿਚ ਕਾਲੇ ਲੋਕਾਂ ਨਾਲ ਹੋਏ ਜ਼ੁਲਮ ਦੀ ਕਹਾਣੀ ਬਹੁਤ ਲੰਬੀ ਹੈ, ਉਨ੍ਹਾਂ ਦੀ ਗੁਲਾਮੀ ਨਾਲ ਸ਼ੁਰੂ ਹੁੰਦੀ ਹੈ। ਇਹ ਵੀ ਨੋਟ ਕਰਨ ਯੋਗ ਹੈ ਕਿ ਧਰਤੀ ‘ਤੇ ਗੁਲਾਮੀ ਦਾ ਇਤਿਹਾਸ ਪਹਿਲੀਆਂ ਪਹਿਲੀਆਂ ਸਭਿਅਤਾਵਾਂ ਤੋਂ ਲੈ ਕੇ ਵੱਖ ਵੱਖ ਸਭਿਆਚਾਰਾਂ, ਧਰਮਾਂ ਤੇ ਕੌਮਾਂ ਰਾਹੀਂ ਅੱਜ ਤੱਕ ਫੈਲਿਆ ਹੋਇਆ ਹੈ। ਸਮਿਆਂ ਤੇ ਸਥਾਨਕ ਹਾਲਾਤ ‘ਤੇ ਨਿਰਭਰ ਕਰਦਿਆਂ ਇਹਦੇ ਰੂਪ ਵੱਖ ਵੱਖ ਰਹੇ ਹਨ ਜਿਵੇਂ ਨਸਲਾਂ, ਕੌਮਾਂ, ਜਾਤਾਂ ਤੇ ਜਮਾਤਾਂ ‘ਤੇ ਆਧਾਰਿਤ ਗੁਲਾਮੀ ਜਾਂ ਨੀਮ-ਗੁਲਾਮੀ, ਪਰ ਇਹਦਾ ਉਦੇਸ਼ ਤੇ ਨਤੀਜਾ ਇੱਕ ਹੀ ਰਿਹਾ ਹੈ: ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ।
ਆਦਿਵਾਸੀ ਅਮਰੀਕੀਆਂ ਤੋਂ ਇਲਾਵਾ ਅੱਜ ਵੀ ਇਸ ਦੇਸ਼ ਦਾ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਇਮੀਗਰੈਂਟ ਹੈ ਜਾਂ ਉਹਦੀਆਂ ਜੜ੍ਹਾਂ ਇਸ ਦੇਸ਼ ਵਿਚ ਇੱਕ ਇਮੀਗਰੈਂਟ ਵਿਅਕਤੀ ਜਾਂ ਟੱਬਰ ਤੱਕ ਪਹੁੰਚਦੀਆਂ ਨੇ। ਇਥੇ ਇਮੀਗਰੈਂਟ ਲੜਾਈਆਂ ਦੇ ਨੋਚੇ ਹੋਏ ਯੂਰਪ ਵਿਚੋਂ ਚੰਗੀ ਜ਼ਿੰਦਗੀ ਦੀ ਭਾਲ ਵਿਚ ਸੰਨ 1620 ਤੋਂ ਆਉਣੇ ਸ਼ੁਰੂ ਹੋਏ, ਜਦੋਂ ਮੇਅ ਫਲਾਵਰ ਨਾਂ ਦੇ ਸਮੁੰਦਰੀ ਜਹਾਜ ‘ਤੇ ਪਹਿਲੇ 102 ਯਾਤਰੀ ਅਮਰੀਕਾ ਦੇ ਪੂਰਬੀ ਤੱਟ ‘ਤੇ ਉਤਰੇ; ਜਿਨ੍ਹਾਂ ਨੂੰ ਅਮਰੀਕੀ ਇਤਿਹਾਸ ਵਿਚ ਸਤਿਕਾਰ ਨਾਲ ਫਸਟ ਸੈਟਲਰਜ਼ ਜਾਂ ਪਿਲਗਰਿਮਜ਼ ਵੀ ਕਿਹਾ ਜਾਂਦਾ ਹੈ। ਇਸ ਤੋਂ ਇੱਕ ਸਾਲ ਪਹਿਲਾਂ 20 ਅਫਰੀਕੀ ਗੁਲਾਮਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਅਮਰੀਕਾ ਦੀਆਂ ਅੰਗਰੇਜ਼ ਬਸਤੀਆਂ ਵਿਚ ਲਿਆਂਦਾ ਗਿਆ ਸੀ। ਸੋ, ਅਫਰੀਕੀ ਅਮਰੀਕੀਆਂ ਦੀ ਗੁਲਾਮੀ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ, ਜਿੰਨਾ ਯੂਰਪੀਅਨ ਅਮਰੀਕੀਆਂ ਦਾ ਇਤਿਹਾਸ। ਸ਼ੁਰੂ ਸ਼ੁਰੂ ਵਿਚ ਪਾਦਰੀ ਵੀ ਪ੍ਰਚਾਰਦੇ ਰਹੇ ਕਿ ਗੁਲਾਮੀ ਰੱਬ ਦੀ ਇੱਛਾ ਸੀ, ਜਿਵੇਂ ਭਾਰਤ ਵਿਚ ਜਾਤੀਵਾਦ ਵਿਚਲੀ ਗੁਲਾਮੀ ਜਾਂ ਨੀਮ-ਗੁਲਾਮੀ ਨੂੰ ਹਿੰਦੂ ਧਰਮ ਵਿਚ ਜਾਇਜ਼ ਠਹਿਰਾਇਆ ਜਾਂਦਾ ਰਿਹਾ ਹੈ।
18ਵੀਂ ਸਦੀ ਦੇ ਅਖੀਰ ਵਿਚ ਭਾਵੇਂ ਸੰਯੁਕਤ ਰਾਜ ਅਮਰੀਕਾ ਸਥਾਪਤੀ ਸਮੇਂ ਨੀਂਹਾਂ ਵਿਚ ਪ੍ਰਬੋਧਨ ਲਹਿਰ ਦੇ ਆਦਰਸ਼ (ਤਰਕ, ਮਾਨਵਵਾਦ, ਵਿਗਿਆਨ) ਭਰ ਦਿੱਤੇ ਗਏ, ਫਿਰ ਵੀ ਅੰਗਰੇਜ਼ੀ ਬਸਤੀਵਾਦ ਤੋਂ ਵਿਰਸੇ ਵਿਚ ਮਿਲੀ ਗੁਲਾਮੀ ਦੀ ਲਾਹਨਤ ਨੂੰ ਇੱਕੇ ਝਟਕੇ ਨਾਲ ਖਤਮ ਨਾ ਕੀਤਾ ਜਾ ਸਕਿਆ, ਪਰ ਇਸ ਸਥਾਪਤੀ ਦਾ ਆਧਾਰ ਠੋਸ ਹੋਣ ਕਰ ਕੇ ਰਹਿੰਦੀ ਗੁਲਾਮੀ ਦੇ ਖਾਤਮੇ ਦਾ ਸੰਘਰਸ਼ ਫੌਰਨ ਸ਼ੁਰੂ ਹੋ ਗਿਆ।
ਅੰਗਰੇਜ਼ੀ ਰਾਜ ਖਿਲਾਫ ਆਜ਼ਾਦੀ ਯੁੱਧ ਦੌਰਾਨ ਅਤੇ ਇਸ ਦੀ ਜਿੱਤ ਤੋਂ ਤੁਰੰਤ ਪਿਛੋਂ ਕਾਲੇ ਲੋਕਾਂ ਦੀ ਗੁਲਾਮੀ ਵਿਰੁੱਧ ਲਹਿਰ ਵਿਕਸਿਤ ਹੋਈ, ਤੇ ਅਮਰੀਕਾ ਦੇ ਉਤਰੀ ਸੂਬਿਆਂ ਵਿਚ ਗੁਲਾਮੀ ਖਤਮ ਕਰਨ ਲਈ ਕਾਨੂੰਨ ਪਾਸ ਹੋਣੇ ਸ਼ੁਰੂ ਹੋ ਗਏ। ਇੰਜ ਸਾਰੇ ਉਤਰੀ ਸੂਬਿਆਂ ਨੇ 1805 ਤੱਕ ਗੁਲਾਮੀ ਖਤਮ ਕਰ ਦਿੱਤੀ, ਪਰ ਅਮਰੀਕਾ ਦੇ ਦੱਖਣੀ ਸੂਬਿਆਂ ਦੀ ਕਹਾਣੀ ਕੁਝ ਹੋਰ ਹੈ। ਸੰਨ 1793 ਵਿਚ ਕਪਾਹ ਦੇ ਫੁੱਟਾਂ ਵਿਚ ਰੂੰ ਨਾਲੋਂ ਵੜੇਵੇਂ ਅਲੱਗ ਕਰਨ ਦੀ ਮਸ਼ੀਨ ਦੀ ਕਾਢ ਨੇ ਦੱਖਣੀ ਸੂਬਿਆਂ ਵਿਚ ਕਪਾਹ ਦੀ ਫਸਲ ਨੂੰ ਇੰਨਾ ਲਾਹੇਵੰਦ ਬਣਾ ਦਿੱਤਾ ਕਿ ਸਮਾਂ ਪਾ ਕੇ ਇਹ ਸੂਬੇ ਵਿਸ਼ਵ ਦਾ 75% ਰੂੰ ਪੈਦਾ ਕਰਨ ਲੱਗੇ। ਮਸ਼ੀਨਾਂ ਚਲਾਉਣ ਤੇ ਮਸ਼ੀਨ ਦੇ ਹਿੱਸੇ ਤੋਂ ਬਾਹਰ ਦਾ ਕੰਮ ਕਰਨ ਲਈ ਢੇਰ ਮਜ਼ਦੂਰਾਂ ਦੀ ਲੋੜ ਸੀ। ਸਸਤੀ ਤੇ ਗਾਰੰਟੀਸ਼ੁਦਾ ਮਜ਼ਦੂਰੀ ਲਈ ਜਿਮੀਂਦਾਰਾਂ ਦੇ ਕਾਲਿਆਂ ਦੀ ਗੁਲਾਮੀ ਬੜੀ ਰਾਸ ਆਉਂਦੀ ਸੀ। ਇਸ ਤਰ੍ਹਾਂ ਦੱਖਣ ਦੀ ਆਰਥਕਤਾ ਗੁਲਾਮੀ ਦੀ ਮਹੱਤਤਾ ਨੂੰ ਹੋਰ ਠੋਸ ਕਰਦੀ ਗਈ। ਨਾਲ ਹੀ 19ਵੀਂ ਸਦੀ ਦੇ ਅੱਧ ਤਕ ਸੰਯੁਕਤ ਰਾਜ ਅਮਰੀਕਾ ਦੇ ਪੱਛਮ ਵੱਲ ਨੂੰ ਫੈਲਣ ਦੇ ਨਾਲ-ਨਾਲ ਉਤਰ ਵਿਚ ਗੁਲਾਮੀ ਵਿਰੁੱਧ ਲਹਿਰ ਤੇ ਕੌਮੀ ਪੱਧਰ ‘ਤੇ ਬਹਿਸ ਚੱਲਦੀ ਰਹੀ। ਇੰਜ ਉਤਰ ਤੇ ਦੱਖਣ ਵਿਚ ਫੁੱਟ ਸਿਖਰ ‘ਤੇ ਪਹੁੰਚ ਗਈ ਤਾਂ ਅਮਰੀਕੀ ਘਰੇਲੂ ਯੁੱਧ (1861-65) ਸ਼ੁਰੂ ਹੋ ਗਿਆ, ਜੋ ਅਮਰੀਕਾ ਨੂੰ ਇੱਕਠਿਆਂ ਰੱਖਣ ਲਈ ਅਮਰੀਕਾ ਦੀ ਕੌਮੀ ਫੌਜ ‘ਯੂਨੀਅਨ ਆਰਮੀ’ ਅਤੇ ਦੱਖਣ ਦਾ ਗੁਲਾਮੀ ਕਲਚਰ ਬਚਾਉਣ ਲਈ ਅਮਰੀਕਾ ਦੇ ਦੱਖਣੀ ਸੂਬਿਆਂ ਦੀ ਫੌਜ ‘ਕਨਫੈਡਰੇਟ ਆਰਮੀ’ ਵਿਚਾਲੇ ਲੜਿਆ ਗਿਆ।
ਅਮਰੀਕਾ ਦੇ ਪ੍ਰਧਾਨ ਅਬਰਾਹਮ ਲਿੰਕਨ ਦੀ ਅਗਵਾਈ ਵਿਚ ਯੂਨੀਅਨ ਆਰਮੀ ਦੀ ਜਿੱਤ ਨੇ ਅਮਰੀਕਾ ਵਿਚ ਗੁਲਾਮਾਂ ਨੂੰ, ਜੋ ਉਸ ਸਮੇਂ ਚਾਲੀ ਮਿਲੀਅਨ ਸਨ, ਮੁਕਤ ਕਰ ਦਿੱਤਾ। ਗੁਲਾਮੀ ਦਾ ਖਾਤਮਾ 1865 ਵਿਚ ਕੀਤੀ ਗਈ ਸੰਵਿਧਾਨ ਦੀ 13ਵੀਂ ਸੋਧ ਦਰਜ ਹੈ। ਇਸ ਤੋਂ ਛੇਤੀ ਪਿਛੋਂ ਅਮਰੀਕਨ ਸੰਵਿਧਾਨ ਵਿਚ 14ਵੀਂ ਸੋਧ ਤਹਿਤ, ਅਮਰੀਕਾ ਵਿਚ ਜਨਮੇ ਅਫਰੀਕੀ ਅਮਰੀਕਨਾਂ ਲਈ ਨਾਗਰਿਕਤਾ ਦੇ ਜਨਮ-ਸਿੱਧ ਅਧਿਕਾਰ ਨੂੰ ਕਬੂਲਦਿਆਂ ਅਫਰੀਕੀ ਅਮਰੀਕਨ ਆਦਮੀਆਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ।
ਨਸਲੀ ਵਖਰੇਵੇਂ ਦੇ ਦੌਰ ਵਿਚੋਂ: ਅਮਰੀਕਾ ਦੇ ਦੱਖਣ ਭਾਰੂ ਕਲਚਰ ਵਿਚ ਗੁਲਾਮੀ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਰਕੇ ਕਾਲੇ ਲੋਕਾਂ ਨਾਲ ਵਿਤਕਰੇ ਤੇ ਅਨਿਆਂ ਉਤਰ ਨਾਲੋਂ ਕਿਤੇ ਵੱਡੇ ਪੱਧਰ ‘ਤੇ ਜਾਰੀ ਰਹੇ, ਜਿਨ੍ਹਾਂ ਬਹੁਤੇ ਨਸਲੀ ਵਖਰੇਵੇਂ (੍ਰਅਚਅਿਲ ੰeਗਰeਗਅਟਿਨ) ਦੇ ਨਾਂ ਤਹਿਤ ਆਉਂਦੇ ਨੇ, ਭਾਵ ਕਾਲੇ ਲੋਕਾਂ ਨੂੰ ਗੋਰਿਆਂ ਨਾਲੋਂ ਅਲੱਗ ਰੱਖਣਾ। ਮਿਸਾਲ ਵਜੋਂ ਕਾਲਿਆਂ ਦੇ ਗੋਰਿਆਂ ਨਾਲੋਂ ਵੱਖਰੇ ਸਕੂਲ, ਹੋਟਲ/ਬਾਰਾਂ, ਹਸਪਤਾਲ, ਪਖਾਨੇ, ਪਾਰਕ, ਟੈਲੀਫੋਨ ਬੂਥ ਅਤੇ ਲਾਇਬ੍ਰੇਰੀਆਂ, ਸਿਨੇਮਾਘਰਾਂ ਅਤੇ ਰੈਸਟੋਰੈਂਟਾਂ ਵਿਚ ਵੱਖਰੇ ਭਾਗ ਹੁੰਦੇ ਸਨ, ਜਿਵੇਂ ਕਾਲੇ ਲੋਕ ਬੱਸਾਂ ਵਿਚ ਪਿਛਲੀਆਂ ਸੀਟਾਂ ‘ਤੇ ਹੀ ਬੈਠ ਸਕਦੇ ਸਨ। ਇਸ ਤਰ੍ਹਾਂ ਦਾ ਵਖਰੇਵਾਂ ਵਿਤਕਰੇ ਦੀ ਸ਼ੁਰੂਆਤ ਹੀ ਹੁੰਦਾ ਹੈ। ਮਸਲਨ, ਜਦੋਂ ਗੋਰਿਆਂ ਦੇ ਜਨਤਕ ਸਕੂਲ ਕਾਲਿਆਂ ਤੋਂ ਵੱਖ ਹੋ ਗਏ, ਫਿਰ ਸਰਕਾਰੀ ਮਾਲੀ ਮਦਦ ਬਾਹਲੀ ਗੋਰਿਆਂ ਦੇ ਸਕੂਲਾਂ ਨੂੰ ਹੀ ਮਿਲਦੀ; ਕਾਲਿਆਂ ਦੇ ਸਕੂਲਾਂ ਵਿਚ ਸਰਕਾਰੀ ਮਦਦ ਦੀ ਘਾਟ ਕਰਕੇ ਹਮੇਸ਼ਾ ਲੋੜੀਂਦੀਆਂ ਚੀਜ਼ਾਂ ਦੀ ਥੁੜ੍ਹ ਰਹਿੰਦੀ। ਨਸਲੀ ਵਖਰੇਵੇਂ ਦਾ ਇਹ ਵਤੀਰਾ ਪੰਜਾਬ ਸਮੇਤ ਭਾਰਤ ਵਿਚ ਕਥਿਤ ‘ਨੀਵੀਆਂ’ ਜਾਤਾਂ ਪ੍ਰਤੀ ਵਤੀਰੇ ਨਾਲ ਮਿਲਦਾ-ਜੁਲਦਾ ਸੀ, ਜਿਵੇਂ ਪਿੰਡਾਂ ਵਿਚ ਅਲੱਗ ਚਮਾਰਲੀਆਂ, ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਣਾ, ਉਨ੍ਹਾਂ ਨੂੰ ਖੂਹਾਂ ਤੋਂ ਪਾਣੀ ਭਰਨ ਤੋਂ ਮਨਾਹੀ, ਆਦਿ।
ਅਮਰੀਕਾ ਵਿਚ 1950ਵਿਆਂ ਤੇ 1960ਵਿਆਂ ਵਿਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ ਵਿਚ ਨਸਲੀ ਵਖਰੇਵੇਂ ਖਿਲਾਫ ਜਨਤਕ ਘੋਲ ਲੜਿਆ ਗਿਆ, ਜਿਸ ਨੂੰ ਨਾਗਰਿਕ ਅਧਿਕਾਰਾਂ (ਛਵਿਲਿ ੍ਰਗਿਹਟਸ) ਦੀ ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਨਸਲੀ ਵਖਰੇਵੇਂ ਨੂੰ ਗੈਰਕਾਨੂੰਨੀ ਬਣਾਇਆ ਗਿਆ-1964 ਦੇ ਸਿਵਲ ਰਾਈਟਸ ਐਕਟ, 1965 ਦੇ ਵੋਟਿੰਗ ਅਧਿਕਾਰ ਐਕਟ ਅਤੇ 1968 ਦੇ ਫੇਅਰ ਹਾਊਸਿੰਗ ਐਕਟ ਰਾਹੀਂ।
ਭਾਵੇਂ ਗੁਲਾਮੀ ਪਿਛੋਂ ਨਸਲੀ ਵਖਰੇਵੇਂ ਅਮਰੀਕਾ ਦੇ ਦੱਖਣ ਵਿਚ ਕੇਂਦ੍ਰਿਤ ਰਹੇ ਅਤੇ ਉਤਰੀ ਰਾਜਾਂ ਵਿਚ ਕਦੇ ਵੀ ਵਖਰੇਵੇਂ ਨੂੰ ਕਾਨੂੰਨਨ ਲਾਜ਼ਮੀ ਨਹੀਂ ਬਣਾਇਆ ਗਿਆ ਸੀ, ਪਰ ਕਿਉਂਕਿ ਦੇਸ਼ ਤਾਂ ਇੱਕੋ ਹੀ ਸੀ, ਦੱਖਣ ਦੇ ਵੱਖਰੇਵੇਂ ਦੇ ਉਤਰ ਵਿਚ ਛਿੱਟੇ ਪੈ ਜਾਣੇ ਕੁਦਰਤੀ ਸਨ। ਸੰਯੁਕਤ ਰਾਜ ਅਮਰੀਕਾ ਦੀ ਨੀਂਹ ਦੋ ਕਿਸਮ ਦੇ ਲੋਕਾਂ ਨੇ ਰੱਖੀ: ਯੂਰਪੀਅਨ ਮੂਲ ਦੇ ਲੋਕਾਂ ਇੰਗਲੈਂਡ ਦੀ ਬਸਤੀਵਾਦੀ ਗੁਲਾਮੀ ਦਾ ਜੂਲਾ ਤੋੜਦਿਆਂ ਅਤੇ ਅਫਰੀਕੀ ਮੂਲ ਦੇ ਕਾਲੇ ਲੋਕਾਂ, ਯੂਰਪੀਅਨ ਮੂਲ ਦੇ ਲੋਕਾਂ ਦੇ ਗੁਲਾਮ ਰਹਿੰਦੇ ਹੋਏ। ਸੋ, ਅਮਰੀਕਾ ਵਿਚ ਕਾਲਿਆਂ ਦੀ ਗੁਲਾਮੀ ਦੇ ਇਤਿਹਾਸ ਨੂੰ ਚਿੱਟੇ-ਕਾਲੇ ਰੂਪ ਵਿਚ ਦੇਖਿਆ ਜਾ ਸਕਦਾ ਹੈ, ਪਰ ਜਿਉਂ ਜਿਉਂ ਦੁਨੀਆਂ ਦੇ ਹੋਰ ਖਿਤਿਆਂ ਤੋਂ ਲੋਕ ਅਮਰੀਕਾ ਦੀ ਉਸਾਰੀ ਵਿਚ ਹਿੱਸਾ ਪਾਉਣ ਵਾਲਿਆਂ ਵਿਚ ਰਲਦੇ ਗਏ, ਅਮਰੀਕਾ ਦਾ ਇਤਿਹਾਸ ਚਿੱਟੇ-ਕਾਲੇ ਤੋਂ ਅਗਾਂਹ ਲੰਘਦਾ ਰੰਗਦਾਰ ਫਿਲਮ ਜਾਂ ਸੰਤਰੰਗੀ ਪੀਂਘ ਤੋਂ ਵੀ ਵੱਧ ਰੰਗੀਨ ਹੁੰਦਾ ਗਿਆ; ਰੰਗ, ਨਸਲ, ਕਲਚਰ, ਧਰਮ/ਵਿਸ਼ਵਾਸ ਆਦਿ ਦੇ ਪੱਖੋਂ। ਨਤੀਜੇ ਵਜੋਂ, ਪਿਛਲੀ ਸਦੀ ਤੇ ਉਸ ਤੋਂ ਵੀ ਪਹਿਲਾਂ ਤੋਂ, ਅਮਰੀਕੀ ਸਿਸਟਮ ਵਿਚ ਨਸਲੀ ਵਖਰੇਵਾਂ ਤੇ ਹੋਰ ਵਿਤਕਰੇ ਗੋਰੇ ਤੇ ਕਾਲੇ ਲੋਕਾਂ ਵਿਚਾਲੇ ਸੀਮਤ ਨਹੀਂ ਸਨ, ਸਗੋਂ ਅਸਲੋਂ ਇਹ ਨਸਲੀ ਵਿਤਕਰੇ ਯੂਰਪੀਅਨ ਅਮਰੀਕਨਾਂ ਬਨਾਮ ਰੰਗਦਾਰ (ਕਰੀਬ ਹੋਰ ਸਾਰੇ) ਅਮਰੀਕਨਾਂ ਤੱਕ ਪਸਰ ਚੁਕੇ ਹਨ। ਜਿਵੇਂ ਪਹਿਲਾਂ ਵਰਣਨ ਕੀਤਾ ਗਿਆ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਯੂਰਪੀਅਨ ਅਮਰੀਕਨ ਬੁਰੇ ਹਨ, ਸਗੋਂ ਇਹ ਸਿਸਟਮ ਕਾਲਿਆਂ ਸਮੇਤ ਰੰਗਦਾਰ ਅਮਰੀਕਨਾਂ ਤੇ ਹੋਰ ਘੱਟ ਗਿਣਤੀਆਂ ਦੇ ਖਿਲਾਫ ਯੂਰਪੀਅਨ ਅਮਰੀਕਨਾਂ ਦੇ ਹੱਕ ਵਿਚ ਝੁਕਿਆ ਹੋਇਆ ਹੈ; ਜਿਹਨੂੰ ਚਿੱਟਾ ਫਾਇਦਾ’ (ੱਹਟਿe Aਦਵਅਨਟਅਗe) ਕਿਹਾ ਜਾਂਦਾ ਹੈ।
ਦੇਸ਼ ਵਿਚ ਥਾਂ ਥਾਂ ਜਵਾਲਾਮੁਖੀ ਵਾਂਗ ਫੁੱਟੇ ਰੋਸ ਮੁਜਾਹਰਿਆਂ ਦਾ ਤੱਤਕਾਲੀ ਕਾਰਨ ਭਾਵੇਂ ਪੁਲਿਸ ਹੱਥੋਂ ਅਫਰੀਕੀ ਮੂਲ ਦੇ ਅਮਰੀਕਨ ਜਾਰਜ ਫਲਾਇਡ ਦੀ ਦਰਦਨਾਕ ਮੌਤ ਸੀ, ਪਰ ਰੋਸ ਮੁਜਾਹਰਿਆਂ ਪਿੱਛੇ ਕਾਲਿਆਂ (ਅਫਰੀਕੀ ਅਮਰੀਕਨਾਂ) ਦੀ ਗੁਲਾਮੀ ਤੇ ਨਸਲੀ ਵਖਰੇਵੇਂ ਦੇ ਇਤਿਹਾਸ ਦੇ ਅਣ-ਭਰੇ ਜ਼ਖਮਾਂ ਦੇ ਨਾਲ ਹਾਲੇ ਵੀ ਹੁੰਦੀ, ਉਨ੍ਹਾਂ ਅਤੇ ਹੋਰ ਰੰਗਦਾਰ ਘੱਟ ਗਿਣਤੀ ਅਮਰੀਕਨਾਂ ਨਾਲ ਹੁੰਦਾ ਵਿਤਕਰਾ ਵੀ ਸੀ। ਇਨ੍ਹਾਂ ਮੁਜਾਹਰਿਆਂ ਦਾ ਤੱਤਕਾਲੀ ਮਕਸਦ ਭਾਵੇਂ ਪੁਲਿਸ ਤੇ ਇਨਸਾਫ ਦੇ ਖੇਤਰ ਵਿਚ ਸੁਧਾਰ ਲਿਆਉਣੇ ਰਹੇ ਹਨ, ਪਰ ਬਾਕੀ ਖੇਤਰਾਂ ਵਿਚ ਵੀ ਵਿਤਕਰੇ ਮਿਟਾਉਣਾ ਮੁਜਾਹਰਾਕਾਰੀਆਂ ਦੇ ਲੰਬੀ ਮਿਆਦ ਦੇ ਮਕਸਦਾਂ ਤੋਂ ਬਾਹਰ ਨਹੀਂ ਜਾਪ ਰਹੇ ਸਨ।
ਦੋ ਅਹਿਮ ਨੁਕਤੇ: ਪੰਜਾਬੀ ਅਖਬਾਰਾਂ ਵਲੋਂ ਇਨ੍ਹਾਂ ਮੁਜਾਹਰਿਆਂ ਬਾਰੇ ਛਪੇ ਕਈ ਲੇਖਾਂ ਵਿਚ ਦੋ ਨੁਕਤੇ ਉਠਾਏ ਗਏ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਬਣਦਾ ਹੈ। ਪਹਿਲਾ ਨੁਕਤਾ ਹੈ, ਪੰਜਾਬੀ ਅਮਰੀਕਨਾਂ ਦੇ ਮਨਾਂ ਵਿਚ ਗੋਰੀ ਨਸਲ ਦੇ ਅਮਰੀਕਨਾਂ ਦੇ ਸਰਬਉਤਮ ਹੋਣ ਦਾ ਤਸੱਵਰ ਤੇ ਉਹ ਕਾਲੇ ਅਮਰੀਕਨਾਂ ਨੂੰ ਹੀਣੇ ਸਮਝਦੇ ਹਨ। ਇਸ ਵਤੀਰੇ ਦੇ ਕਾਰਨ ਨਹੀਂ ਘੋਖੇ ਗਏ। ਨਿਕਟ ਧਿਆਨ ਦੇਣ ਨਾਲ ਕਾਰਨ ਲੱਭਣੇ ਮੁਸ਼ਕਿਲ ਵੀ ਨਹੀਂ। ਮਿਸਾਲ ਵਜੋਂ, ਅਮਰੀਕੀ ਕੌਮੀਅਤ ਨਾਗਰਿਕਤਾ ‘ਤੇ ਆਧਾਰਿਤ ਹੈ; ਜੇ ਤੁਸੀਂ ਇਸ ਦੇਸ਼ ਦੇ ਨਾਗਰਿਕ ਹੋ, ਤਾਂ ਤੁਸੀਂ ਅਮੀਰਕਨ ਹੋ। ਅਮਰੀਕਾ ਵਿਚ ਵਸਦੇ ਪਹਿਲੀ ਪੀੜ੍ਹੀ ਦੇ ਬਹੁਤੇ ਪੰਜਾਬੀ ਅਮਰੀਕੀ ਨਾਗਰਿਕ ਹੋਣ ਦੇ ਬਾਵਜੂਦ ਆਪਣੇ ਆਪ ਨੂੰ ‘ਅਮਰੀਕੀ ਲੋਕ’ ਟਰਮ (ਠeਰਮ) ਵਿਚ ਸ਼ਾਮਲ ਨਹੀਂ ਕਰਦੇ। ਅਸੀਂ ‘ਅਮਰੀਕੀ ਲੋਕਾਂ’ ਦਾ ਹਵਾਲਾ ‘ਇਥੋਂ ਦੇ ਲੋਕ’ ਜਾਂ ‘ਅਮੈਰਿਕਨ’ ਆਦਿ ਨਾਂਵਾਂ ਨਾਲ ਦਿੰਦੇ ਹਾਂ, ਜਿਨ੍ਹਾਂ ਵਿਚ ਅਸੀਂ ਆਪਣੇ ਆਪ ਨੂੰ ਤਾਂ ਕੀ, ਆਪਣੇ ਇੱਧਰ ਜੰਮੇ ਪਲੇ ਬੱਚਿਆਂ ਨੂੰ ਵੀ ਸ਼ਾਮਲ ਨਹੀਂ ਕਰਦੇ। ਸਾਡੇ ਵਿਚੋਂ ਬਹੁਤਿਆਂ ਲਈ ਤਾਂ ਸਿਰਫ ‘ਗੋਰੇ’, ਭਾਵ ਯੂਰਪੀਅਨ ਮੂਲ ਵਾਲੇ ਲੋਕ ਹੀ ਅਮਰੀਕਨ ਹਨ; ਬਾਕੀ ਕਾਲੇ, ਮੈਕਸੀਕਨ, ਚੀਨੇ, ਜਪਾਨੀ, ਆਦਿ ਹਨ। ਆਪਣੇ ਮਨਾਂ ਵਿਚ ਗੋਰੀ ਨਸਲ ਦਾ ਸਰਬਉਤਮ ਤਸੱਵਰ ਤੇ ਕਾਲੇ ਲੋਕਾਂ ਦੀ ਹੀਣਤਾ ਵਾਲੀ ਤਸਵੀਰ ਅਸੀਂ ਪੰਜਾਬ ਵਿਚੋਂ ਹੀ ਲਿਆਉਂਦੇ ਹਾਂ, ਜਿੱਥੇ ਗੀਤਾਂ ਤੇ ਵਤੀਰਿਆਂ ਸਮੇਤ ਭਾਰੂ ਕਲਚਰ ਵਿਚ ਗੋਰੇ ਰੰਗ ਦੀ ਕਾਲੇ ਰੰਗ ‘ਤੇ ਝੰਡੀ ਝੁਲਦੀ ਹੈ। ਇੱਧਰਲੇ ਕਾਲੇ ਲੋਕਾਂ ਨੂੰ ਤਾਂ ਅਸੀਂ ਪੰਜਾਬ ਵਿਚ ਕਥਿਤ ‘ਚਮਾਰਾਂ’, ‘ਚੂੜ੍ਹਿਆਂ’ ਦੇ ਲੇਬਲਾਂ ਥੱਲੇ ਜੀਅ ਰਹੇ ਲੋਕਾਂ ਤੋਂ ਵੀ ਹੀਣੇ ਸਮਝਦੇ ਹਾਂ; ਗੈਰ-ਗੋਰੇ ਲੋਕਾਂ ਬਾਰੇ ਸਾਡੇ ਇਸ ਵਤੀਰੇ ਦਾ ਮੁਹਾਂਦਰਾ ਇੱਧਰਲੇ ਚਿੱਟੇ ਸੁਪਰੀਮਿਕਿਸਟਾਂ (ੱਹਟਿe ਸੁਪਰeਮਅਚਸਿਟਸ) ਦੀ ਸੋਚ ਨਾਲ ਮਿਲਦਾ-ਜੁਲਦਾ ਹੀ ਹੈ। ਹੀਣੇ ਨਾ ਪੰਜਾਬ ਦੇ ਕਾਲੇ ਹਨ, ਨਾ ਇਹ ਇਧਰਲੇ ਕਾਲੇ; ਹੀਣੀ ਸਾਡੀ ਗੁਲਾਮੀ ਸੋਚ ਹੈ, ਜੋ ਇਨ੍ਹਾਂ ਨੂੰ ਹੀਣੇ ਸਮਝਦੀ ਹੈ।
ਸੋ, ਆਪਣੇ ਆਪ ਨੂੰ ਗੋਰਿਆਂ ਨਾਲੋਂ ਹੀਣੇ ਤੇ ਕਾਲਿਆਂ ਨਾਲੋਂ ਉਤਮ ਸਮਝਣ ਦੀ ਗੁਲਾਮ ਸੋਚ ਤੇ ਵਤੀਰਾ ਅਸੀਂ ਇਸ ਦੇਸ਼ ਨੂੰ ਆਉਂਦੇ ਸਮੇਂ ਪੰਜਾਬ ਤੋਂ ਹੀ ਲੈ ਆਉਂਦੇ ਹਾਂ, ਜਿੱਥੇ ਇਹ ਗੁਲਾਮ ਸੋਚ ਸਾਨੂੰ ਦੂਜੇ ਪੰਜਾਬੀਆਂ ਵਾਂਗ ਹੀ ਵਿਰਸੇ ਵਿਚ ਮਿਲੀ ਸੀ, ਉਸ ਮਾਹੌਲ ਤੋਂ ਜਿਸ ਵਿਚ ਅਸੀਂ ਜੰਮੇ ਪਲੇ ਸਾਂ। ਉਸੇ ਮਾਹੌਲ ਤੋਂ, ਜਿਸ ਅੰਦਰ ਗੁਰੂਆਂ, ਭਗਤਾਂ ਤੇ ਸੂਫੀਆਂ ਵਲੋਂ ਚਲਾਈ ਗਈ ਪੰਜਾਬ ਜਾਗ੍ਰਿਤੀ ਲਹਿਰ ਤੋਂ ਸਦੀਆਂ ਪਿਛੋਂ ਵੀ ਜਾਤ-ਪਾਤ ਦਾ ਭੇਦ-ਭਾਵ ਬਰਕਰਾਰ ਹੈ, ਮੁਗਲ ਹਕੂਮਤਾਂ ਤੇ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਪਿਛੋਂ ਸਾਡੀਆਂ ਰੂਹਾਂ ਵਿਚ ਅਜੇ ਵੀ ਗੁਲਾਮੀ ਦੀ ਰਹਿੰਦ-ਖੂੰਹਦ ਭਰੀ ਹੋਈ ਹੈ ਤੇ ਸੋਚ ਵਿਚ ਸਰਦਾਰੀ ਕਲਗੀਆਂ ਝੁਲਦੀਆਂ ਹਨ। ਗੁਲਾਮੀ ਦੀ ਰਹਿੰਦ-ਖੂੰਹਦ ਨੂੰ ਜਾਰੀ ਰੱਖਣ ਵਿਚ ਇਸ ਤੱਥ ਨੇ ਹਿੱਸਾ ਪਾਇਆ ਹੈ ਕਿ ਅੰਗਰੇਜ਼ ਦੇ ਜਾਣ ਪਿਛੋਂ ਪੰਜਾਬ ਸਣੇ ਭਾਰਤ ਵਿਚ ਰਾਜਨੀਤਕ ਤੇ ਸਮਾਜਕ ਪ੍ਰਬੰਧ ਦੀਆਂ ਅਮਲੀ ਤੇ ਵਿਹਾਰਕ ਬਾਰੀਕੀਆਂ ਵਿਚ, ਜੇ ਬਿਲਕੁਲ ਨਹੀਂ, ਤਾਂ ਕਾਫੀ ਤਬਦੀਲੀ ਨਾ ਆਈ। ਕੌਮ ਨੂੰ ਲੰਬੀ ਗੁਲਾਮੀ ਪਿਛੋਂ ਕਿਸੇ ਰੂਪ ਵਿਚ ਉਚਿਤ ਬਾਅਦ-ਗੁਲਾਮੀ ਥੈਰਪੀ ਨਹੀਂ ਮਿਲੀ। ਉਂਜ, ਗੁਲਾਮੀ ਦੀ ਇਹ ਕਸਰ ਸਿਰਫ ਸਾਨੂੰ ਹੀ ਹੈ। ਇੱਧਰ ਜੰਮੀ-ਪਲੀ ਤੇ ਇੱਧਰ ਸਕੂਲਾਂ-ਕਾਲਜਾਂ ਵਿਚ ਪੜ੍ਹੀ ਲਿਖੀ ਸਾਡੀ ਬਾਹਲੀ ਔਲਾਦ, ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਸੋਚ ਦੀ ਗੁਲਾਮੀ ‘ਚੋਂ ਬਾਹਰ ਨਿਕਲ ਜਾਂਦੀ ਹੈ। ਉਹ ਆਪਣੇ ਸਮੇਤ ਕਾਲੇ, ਮੈਕਸੀਕਨ, ਚੀਨੇ, ਜਪਾਨੀ ਆਦਿ ਲੋਕਾਂ ਨੂੰ ਵੀ ਗੋਰਿਆਂ ਵਾਂਗ ਅਮਰੀਕਨ ਸਮਝਦੀ ਹੈ।
ਪੰਜਾਬੀ ਅਖਬਾਰਾਂ ਵਿਚ ਇਨ੍ਹਾਂ ਮੁਜਾਹਰਿਆਂ ਦੇ ਪ੍ਰਸੰਗ ਵਿਚ ਉਠਾਇਆ ਗਿਆ ਦੂਜਾ ਨੁਕਤਾ ਜੋ ਧਿਆਨ ਦੀ ਮੰਗ ਕਰਦਾ ਹੈ, ਤੇ ਵੱਖ ਵੱਖ ਰੂਪਾਂ ਵਿਚ ਉਠਾਇਆ ਗਿਆ ਹੈ, ਉਹ ਹੈ, ਅਮਰੀਕੀ ਲੋਕਾਂ ਵਾਂਗ ਭਾਰਤੀ ਲੋਕ ਅਨਿਆਂ ਵਿਰੁੱਧ ਕਿਉਂ ਨਹੀਂ ਉਠਦੇ? ਮਿਸਾਲ ਵਜੋਂ ਉਘੇ ਸਿਆਸੀ ਚਿੰਤਕ ਸੁਹਾਸ ਪਲੀਸ਼ਕਰ ਨੇ ਇੱਕ ਲੇਖ ਵਿਚ ਸਵਾਲ ਪੁੱਛਿਆ ਹੈ ਕਿ ਕਦੋਂ ਭਾਰਤੀ ਲੋਕ ਵੱਖ ਵੱਖ ਧਰਮਾਂ, ਜਾਤਾਂ ਤੇ ਜਮਾਤਾਂ ਦੇ ਲੋਕਾਂ ਨਾਲ ਹੁੰਦੇ ਅਨਿਆਂ ਤੇ ਜ਼ੁਲਮ ਵਿਰੁੱਧ ਜਾਰਜ ਫਲਾਇਡ ਦੇ ਸਬੰਧ ਵਿਚ ਉਠੇ ਵਿਦਰੋਹ ਵਾਂਗ ਹੀ ਸੜਕਾਂ ‘ਤੇ ਉਤਰ ਆਉਣਗੇ? ਜਿਵੇਂ ਪਿਛੇ ਵਰਣਨ ਕੀਤਾ ਹੈ ਕਿ ਅਮਰੀਕੀ ਕੌਮ ਦੀਆਂ ਨੀਂਹਾਂ ਵਿਚ ਹੋਰ ਨਿੱਕ-ਸੁੱਕ ਤੋਂ ਇਲਾਵਾ ਭਰੇ ਪਏ ਹਨ-ਪ੍ਰਬੋਧਨ ਲਹਿਰ ਦੇ ਆਦਰਸ਼-ਤਰਕ, ਮਾਨਵਵਾਦ, ਵਿਗਿਆਨ ਤੇ ਪ੍ਰਗਤੀ। ਹੋਰ ਨਿੱਕ-ਸੁੱਕ ਤੋਂ ਇਲਾਵਾ ਇਹੀਓ ਆਦਰਸ਼ ਉਸ ਮਾਹੌਲ ‘ਚ ਘੁਲੇ ਹੋਏ ਹਨ, ਜਿਸ ਵਿਚ ਬੰਦਾ ਜੰਮ-ਪਲ ਕੇ ਜਵਾਨ ਹੁੰਦਾ ਹੈ, ਅਮਰੀਕੀ ਸਮਾਜ ਵਿਚ। ਇਨ੍ਹਾਂ ਆਦਰਸ਼ਾਂ ‘ਤੇ ਬਹਿਸ ਕਿਸੇ ਨਾ ਕਿਸੇ ਰੂਪ ਵਿਚ ਚੱਲਦੀ ਰਹਿੰਦੀ ਹੈ, ਲੋਕਲ ਅਤੇ ਕੌਮੀ ਪੱਧਰਾਂ ‘ਤੇ।
ਇੰਜ ਇਨ੍ਹਾਂ ਆਦਰਸ਼ਾਂ ‘ਤੇ ਹਮਲਾ ਜਦ ਟਿਪਿੰਗ ਪੁਆਇੰਟ ਨੂੰ ਪਹੁੰਚ ਜਾਵੇ, ਤਾਂ ਕੁਦਰਤੀ ਤੌਰ ‘ਤੇ ਉਸ ਹਮਲੇ ਦਾ ਸੰਗਠਿਤ ਜਾਂ ਆਪ-ਮੁਹਾਰਾ ਵਿਰੋਧ ਵੀ ਉਠ ਖੜ੍ਹਾ ਹੁੰਦਾ ਹੈ। ਇੱਕ ਹੋਰ ਨੋਟ ਕਰਨ ਵਾਲੀ ਖਾਸ ਗੱਲ ਹੈ ਕਿ ਤਰਕ, ਮਾਨਵਵਾਦ ਤੇ ਵਿਗਿਆਨ ਦੇ ਆਦਰਸ਼ ਸਮੂਹਿਕ ਤੌਰ ‘ਤੇ ਬੰਦੇ ਦੀ ਸੋਚ ਨੂੰ ‘ਅੱਜ’ ‘ਤੇ ਕੇਂਦ੍ਰਿਤ ਕਰ ਦਿੰਦੇ ਤੇ ਭਵਿੱਖ-ਮੁਖੀ ਬਣਾ ਦਿੰਦੇ ਹਨ; ਪ੍ਰਗਤੀ ਦਾ ਆਦਰਸ਼ ਤਾਂ ਭਵਿੱਖ-ਮੁਖੀ ਸੋਚ ਤੋਂ ਬਿਨਾ ਸਮਝਿਆ ਵੀ ਨਹੀਂ ਜਾ ਸਕਦਾ। ਅਜਿਹੇ ਮਾਹੌਲ ਜਾਂ ਸਮਾਜ ਵਿਚ ਅੱਗੇ ਵਧਣ (ਤਰੱਕੀ ਕਰਨ) ਲਈ ਬੰਦੇ ਅਤੇ ਸੰਸਥਾਵਾਂ ਦੀ ਲੋੜ ਤੇ ਮਜ਼ਬੂਰੀ ਬਣ ਜਾਂਦੀ ਹੈ ਕਿ ਉਹ ਅੱਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਅੱਜ ਦੇ ਹਾਲਾਤ ਦੇ ਸੰਦਰਭ ਵਿਚ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਵਿਗਿਆਨਕ ਤੇ ਭਵਿੱਖ-ਮੁਖੀ ਸੋਚ ਤੇ ਪਹੁੰਚ ਅਪਨਾਉਣ।
ਬਿਨਾ ਸ਼ੱਕ, ਅਮਰੀਕੀ ਸਮਾਜ ਤੇ ਭਾਰਤੀ ਸਮਾਜ ਦਾ ਵਿਕਾਸ ਵੱਖ ਵੱਖ ਤਰ੍ਹਾਂ ਦਾ ਰਿਹਾ ਹੈ। ਪ੍ਰਾਚੀਨ ਭਾਰਤੀ ਫਲਸਫੇ ਵਿਚ ਹੋਰ ਧਾਰਮਿਕ ਮੱਤਾਂ ਦੇ ਮੁਕਾਬਲੇ ਕੱਟੜਪੰਥੀ ਯਾਨਿ ਆਰਥੋਡਾਕਸ, ਹਿੰਦੂ ਫਲਸਫਾ ਭਾਰੂ ਰਿਹਾ ਹੈ, ਤੇ ਵਿਗਿਆਨ ਲਗਭਗ ਗੈਰ-ਹਾਜ਼ਰ। ਇਸ ਫਲਸਫੇ ਨੇ ਭਾਰਤੀ ਸਮਾਜ ਨੂੰ ਦੋ ਸਭ ਤੋਂ ਘਾਤਕ ਮਰਜ਼ਾਂ ਦਿੱਤੀਆਂ, ਜੋ ਅੱਜ ਵੀ ਭਾਰਤੀ ਸਮਾਜ ਦੀਆਂ ਮੁੱਖ ਚਾਲਕ ਸ਼ਕਤੀਆਂ ਵਿਚੋਂ ਹਨ। ਇਹ ਮਰਜ਼ਾਂ ਹਨ: ਜਾਤ-ਪਾਤ ਤੇ ਭੂਤ-ਮੁਖੀ ਸੋਚ। ‘ਪਹਿਲਾਂ ਸੱਤਯੁੱਗ ਸੀ; ਤ੍ਰੇਤੇ ਤੇ ਦੁਆਪਰ ਪਿਛੋਂ ਹੁਣ ਕਲਯੁੱਗ ਹੈ’, ਭਾਵ ਬੀਤਾ ਸਮਾਂ ਅੱਜ ਤੇ ਭਵਿੱਖ ਨਾਲੋਂ ਵਧੀਆ ਸੀ। ਅਜਿਹੀਆਂ ਹੋਰ ਹਿੰਦੂ ਫਲਸਫੇ ਵਿਚਲੀਆਂ ਪਿਛਲ-ਖੁਰੀ ਧਾਰਨਾਵਾਂ ਨੇ, ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰ-ਹਾਜ਼ਰੀ ਵਿਚ ਭਾਰਤੀ ਲੋਕ ਦੀ ਮਾਨਸਿਕਤਾ ਤੇ ਚਿੰਤਨ ਵਿਚ ਭੂਤ-ਮੁਖੀ ਸੋਚ ਤੇ ਪਹੁੰਚ ਕੁੱਟ ਕੁੱਟ ਕੇ ਭਰ ਦਿੱਤੀ। ਇਹ ਅਜਿਹੀ ਸੋਚ ਤੇ ਪਹੁੰਚ ਹੁੰਦੀ ਹੈ, ਜਿਹਨੂੰ ਰੱਖਣ ਤੇ ਅਪਨਾਉਣ ਵਾਲੇ ਲੋਕ ਬੀਤੇ ਸਮੇਂ ਦੇ ਮਸਲਿਆਂ ‘ਤੇ ਲੜਦੇ ਰਹਿੰਦੇ ਹਨ, ਤੇ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਵੀ ਬੀਤੇ ਵਿਚੋਂ ਖੋਜਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਮਾਹੌਲ ਵਿਚ ਫਸੇ ਲੋਕਾਂ ਦਾ ਧਿਆਨ ਅਸਲੀ ਦਰਪੇਸ਼ ਮਸਲਿਆਂ ਤੋਂ ਹਟਾ ਕੇ ਉਨ੍ਹਾਂ ਨੂੰ ਧਾਰਮਿਕ, ਫਿਰਕੂ ਤੇ ਇਲਾਕਾਈ ਮੁੱਦਿਆਂ ਤੇ ਮਸਲਿਆਂ ‘ਤੇ ਭੜਕਾ ਕੇ ਆਪਸ ਵਿਚ ਲੜਾ ਦੇਣਾ ਬੜਾ ਆਸਾਨ ਹੁੰਦਾ ਹੈ। ਇਹੀ ਕੰਮ ਭਾਰਤੀ ਹਾਕਮ ਤੇ ਕੁਝ ਧਾਰਮਿਕ/ਫਿਰਕੂ ਜਥੇਬੰਦੀਆਂ ਸਫਲਤਾ ਨਾਲ ਕਰਦੀਆਂ ਆ ਰਹੀਆਂ ਹਨ, ਆਪਣਾ ਉਲੂ ਸਿੱਧਾ ਰੱਖਣ ਲਈ। ਇਹ ਭਾਰਤੀ ਲੋਕਾਂ ਦੀ ਵੱਡੀ ਤ੍ਰਾਸਦੀ ਹੈ। ਇਸ ਤਰ੍ਹਾਂ ਉਹ ਵੱਖ ਵੱਖ ਧਰਮਾਂ, ਜਾਤਾਂ ਤੇ ਜਮਾਤਾਂ ਦੇ ਲੋਕਾਂ ਨਾਲ ਹੁੰਦੇ ਅਨਿਆਂ ਤੇ ਜ਼ੁਲਮ ਦੇ ਖਿਲਾਫ ਵਿਦਰੋਹ ਕਰਨ ਦੀ ਥਾਂ ਇਹ ਕੁਕਰਮ ਕਰ ਰਹੇ ਹਾਕਮਾਂ ਅਤੇ ਧਾਰਮਿਕ/ਫਿਰਕੂ ਜਥੇਬੰਦੀਆਂ ਦੇ ਹੱਥਾਂ ਵਿਚ ਖੇਡ ਜਾਂਦੇ ਹਨ ਤੇ ਇਸ ਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਿਕਾਰ ਹੋ ਜਾਂਦੇ ਨੇ।
ਦੂਸਰੀ ਵੱਡੀ ਤ੍ਰਾਸਦੀ ਹੈ ਕਿ ਇਸ ਮਾਹੌਲ ਵਿਚ ਅਗਾਂਹਵਧੂ ਜਾਂ ਪ੍ਰਗਤੀਸ਼ੀਲ ਹੋਣ ਦੀਆਂ ਦਾਅਵੇਦਾਰ ਇਮਾਨਦਾਰ ਪਾਰਟੀਆਂ, ਗਰੁੱਪ ਤੇ ਲਹਿਰਾਂ ਵੀ ਮਸਲਿਆਂ ਨਾਲ ਨਜਿੱਠਦਿਆਂ ਅੱਜ ਦੇ ਹਾਲਾਤ ਦੇ ਸੰਦਰਭ ਵਿਚ ਹੱਲ ਲੱਭਣ ਲਈ ਵਿਗਿਆਨਕ ਤੇ ਭਵਿੱਖ-ਮੁਖੀ ਦੀ ਥਾਂ ਅਚੇਤ ਜਾਂ ਸੁਚੇਤ ਤੌਰ ‘ਤੇ ਅਕਸਰ ਭੂਤਮੁਖੀ ਸੋਚ ਤੇ ਪਹੁੰਚ ਅਪਨਾ ਜਾਂਦੇ ਹਨ। ਜਦੋਂ ਪ੍ਰਗਤੀਸ਼ੀਲ ਜਥੇਬੰਦੀਆਂ ਸਮੇਤ ਲੋਕ ਸਦੀਆਂ ਜਾਂ ਦਹਾਕੇ ਪੁਰਾਣੀਆਂ ਸੋਚਾਂ, ਸਿਧਾਂਤਾਂ ਤੇ ਕੱਟੜਤਾਵਾਂ ਨੂੰ ਛੱਡ ਕੇ ਅੱਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਅੱਜ ਦੇ ਸਥਾਨਕ ਤੇ ਵਿਸ਼ਵ ਹਾਲਾਤ ਦੇ ਸੰਦਰਭ ਵਿਚ ਕਰਨ ਅਤੇ ਉਨਾਂ ਦੇ ਹੱਲ ਲੱਭਣ ਲਈ ਵਿਗਿਆਨਕ ਤੇ ਭਵਿੱਖ-ਮੁਖੀ ਸੋਚ ਤੇ ਪਹੁੰਚ ਅਪਨਾਉਣ ਲੱਗ ਪੈਣਗੇ, ਤਾਂ ਉਹ ਹਰ ਤਰ੍ਹਾਂ ਦੇ ਅਨਿਆਂ ਤੇ ਜ਼ੁਲਮ ਵਿਰੁੱਧ ਸੜਕਾਂ ‘ਤੇ ਵੀ ਨਿੱਕਲਣ ਲੱਗ ਪੈਣਗੇ।