ਅੱਠ ਜੁਲਾਈ 1962 ਦਾ ਉਹ ਦਿਨ

ਪਿੰ੍ਰ. ਸਰਵਣ ਸਿੰਘ
8 ਜੁਲਾਈ 1962, ਮੇਰਾ 22ਵਾਂ ਜਨਮ ਦਿਨ। ਉਸ ਦਿਨ ਜੇ ਸਾਈਕਲ ਪੰਚਰ ਨਾ ਹੁੰਦਾ, ਜੇ ਬੱਸ ਨਾ ਖੁਭਦੀ ਤਾਂ ਮੈਂ ਲੈਕਚਰਰ ਲੱਗਣ ਦੀ ਥਾਂ ਠਾਣੇਦਾਰ ਲੱਗਦਾ। ਹੁਣ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਇਆਂ, ਫਿਰ ਹੋ ਸਕਦੈ ਐਸ਼ ਪੀ. ਬਣ ਕੇ ਰਿਟਾਇਰ ਹੁੰਦਾ। ਮੇਰੇ ਕੈਰੀਅਰ ਵਿਚ ਅਚਾਨਕ ਮੋੜ ਆਏ। ਫੌਜ ‘ਚ ਭਰਤੀ ਹੁੰਦਾ ਮੈਂ ਪਟਿਆਲੇ ਤੋਂ ਐਮ. ਏ. ਕਰਨ ਚੱਲ ਪਿਆ ਸਾਂ, ਪਰ ਪਟਿਆਲੇ ਜਾਂਦਾ ਮੁਕਤਸਰ ਬੀ. ਐਡ ਕਰਨ ਰੁਕ ਗਿਆ। ਬੀ. ਐਡ ਕਰ ਕੇ ਬਾਕਾਇਦਾ ਖੇਡਣ ਲਈ ਮੈਨੂੰ ਕਿਸੇ ਕਾਲਜ ਵਿਚ ਦਾਖਲ ਹੋ ਕੇ ਐਮ. ਏ. ਕਰਨੀ ਪੈਣੀ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਡੀ. ਪੀ. ਈ. ਨੇ ਕਿਹਾ, “ਤੂੰ ਸਾਡੇ ਕਾਲਜ ਆ ਜਾ, ਤੇਰੀ ਫੀਸ ਤੇ ਹੋਸਟਲ ਦਾ ਖਰਚਾ ਮੁਆਫ ਹੋਵੇਗਾ।”

ਮੇਰਾ ਭਰਾ ਸਾਈਕਲ ‘ਤੇ ਮੈਨੂੰ ਬੱਧਨੀਓਂ ਬੱਸ ਚੜ੍ਹਾਉਣ ਚੱਲ ਪਿਆ। ਮੈਂ ਮੋਗੇ ਤੋਂ ਅੰਮ੍ਰਿਤਸਰ ਦੀ ਬੱਸ ਫੜਨੀ ਸੀ। ਰਾਹ ‘ਚ ਸਾਈਕਲ ਪੰਚਰ ਹੋ ਗਿਆ। ਮੈਂ ਤਿੰਨ ਮੀਲ ਤੁਰ ਕੇ ਬੱਧਨੀ ਤੋਂ ਬੱਸ ਚੜ੍ਹਿਆ। ਬਾਰਸ਼ ਕਰਕੇ ਬੱਸ ਰਾਹ ‘ਚ ਖੁੱਭਗੀ। ਸਵਾਰੀਆਂ ਨੇ ਬਥੇਰੇ ਧੱਕੇ ਲਾਏ, ਪਰ ਉਹ ਹੋਰ ਖੁੱਭਦੀ ਗਈ। ਉਦੋਂ ਉਸ ਰੂਟ ਉਤੇ ਦੋ ਘੰਟਿਆਂ ਪਿਛੋਂ ਬੱਸ ਚਲਦੀ ਸੀ। ਜਦੋਂ ਬੱਸ ਮੋਗੇ ਪੁੱਜੀ ਤਾਂ ਅੰਮ੍ਰਿਤਸਰ ਜਾਣ ਵਾਲੀ ਆਖਰੀ ਬੱਸ ਨਿਕਲ ਚੁਕੀ ਸੀ। ਮੈਨੂੰ ਰਾਤ ਕੱਟਣ ਦਾ ਫਿਕਰ ਪੈ ਗਿਆ।
ਖੜ੍ਹੇ-ਖੜ੍ਹੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਥਾਂ ਖਾਲਸਾ ਕਾਲਜ ਦਿੱਲੀ ਜਾਣ ਦਾ ਖਿਆਲ ਆ ਗਿਆ। ਉਦੋਂ ਤਕ ਮੈਂ ਦਿੱਲੀ ਨਹੀਂ ਸੀ ਦੇਖੀ। ਸੋਚਣ ਲੱਗਾ, “ਮਨਾਂ ਜੇ ਅੱਜ ਦਿੱਲੀ ਨੂੰ ਗੱਡੀ ਚੜ੍ਹ ਚੱਲਾਂ ਤਾਂ ਰਾਤ ਵੀ ਕੱਟੀ ਜਾਵੇਗੀ ਤੇ ਰਾਜਧਾਨੀ ਵੀ ਵੇਖੀ ਜਾਵੇਗੀ।”
ਦੁਚਿੱਤੀ ‘ਚ ਮੈਂ ਇਕ ਬੰਦੇ ਤੋਂ ਪੁੱਛ ਲਿਆ, “ਬਾਈ ਜੀ, ਦਿੱਲੀ ਜਾਣ ਨੂੰ ਗੱਡੀ ਕੋਟਕਪੂਰੇ ਤੋਂ ਫੜਨੀ ਠੀਕ ਰਹੂ ਜਾਂ ਲੁਧਿਆਣੇ ਤੋਂ?” ਉਹਦੇ ਚੀਰਾ ਬੱਧਾ ਹੋਇਆ, ਚਾਦਰਾ ਲਾਇਆ ਹੋਇਆ, ਮੋਢੇ ਪਰਨਾ ਤੇ ਪੈਰੀਂ ਗੁਰਗਾਬੀ ਪਾਈ ਹੋਈ ਸੀ। ਉਹ ਪੁੱਛਣ ਲੱਗਾ, “ਤੈਂ ਦਿੱਲੀ ਜਾਣੈ?” ਮੇਰੇ ‘ਹਾਂ’ ਕਹਿਣ ‘ਤੇ ਉਸ ਨੇ ਦੂਜਾ ਸੁਆਲ ਪੁੱਛਿਆ, “ਕਿੰਨੇ ਜਣੇ ਓਂ?” ਮੈ ਆਖਿਆ, “ਮੈਂ ‘ਕੱਲਾ ਈ ਆਂ।” ਉਹ ਕਹਿਣ ਲੱਗਾ, “ਜੇ ‘ਕੱਲਾ ਈ ਐਂ, ਫੇਰ ਸਾਡੇ ਟਰੱਕ ‘ਤੇ ਈ ਚੜ੍ਹਿਆ ਚੱਲ। ਨਾਲੇ ਤੇਰਾ ਕਿਰਾਇਆ ਬਚ-ਜੂ।”
ਉਹਦੇ ਟਰੱਕ ਦਾ ਨੰਬਰ ਪੀ. ਐਨ. ਐਫ਼ 5555 ਸੀ, ਜੋ ਚਾਰੇ ਪਾਂਜੇ ਹੋਣ ਕਰਕੇ ਮੈਨੂੰ ਅੱਜ ਵੀ ਯਾਦ ਹੈ। ਸਾਈਕਲ ਪੰਚਰ ਹੋਣਾ, ਬੱਸ ਖੁੱਭਣੀ ਤੇ ਟਰੱਕ ਡਰਾਈਵਰ ਦਾ ਮਿਲਣਾ ਢੋਅ ਮੇਲ ਸਨ। ਅੰਮ੍ਰਿਤਸਰ ਵਾਲੀ ਬੱਸ ਮਿਲ ਜਾਂਦੀ ਤਾਂ ਮੈਂ ਕਦੋਂ ਦਾ ਹਰੀਕੇ ਪੱਤਣ ਲੰਘਿਆ ਹੋਣਾ ਸੀ ਤੇ ਅਗਲੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਇਆ ਹੋਣਾ ਸੀ।
ਮੈਂ ਟਰੱਕ ‘ਤੇ ਚੜ੍ਹ ਗਿਆ। ਡਰਾਈਵਰ ਤੇ ਕਲੀਨਰ ਨੇ ਲੁਧਿਆਣਾ ਲੰਘ ਕੇ ਇਕ ਢਾਬੇ ‘ਤੇ ਰੋਟੀ ਖਾਧੀ ਤੇ ਮੈਨੂੰ ਵੀ ਖੁਆਈ। ਮੈਨੂੰ ਰੋਟੀ ਦੇ ਪੈਸੇ ਵੀ ਨਾ ਦੇਣ ਦਿੱਤੇ। ਤੁਰਨ ਲੱਗੇ ਤਾਂ ਡਰਾਈਵਰ ਨੇ ਕਿਹਾ, “ਨੀਂਦ ਆਉਂਦੀ ਐ ਤਾਂ ਟਰੱਕ ਦੇ ਉਪਰ ਚੜ੍ਹ ਕੇ ਸੌਂ ਜਾ। ਪੈਸੇ ਪੈਂਟ ਦੀ ਪਿਛਲੀ ਜੇਬ ‘ਚ ਪਾ ਲੀਂ। ਜਿਹੜਾ ਕੁਛ ਕਮੀਜ਼ ਦੀ ਜੇਬ ‘ਚ ਹੋਵੇ ਹਵਾ ਨਾਲ ਉਡ ਜਾਂਦੈ।”
ਦਿੱਲੀ ਕੋਲ ਡਰਾਈਵਰ ਨੇ ਮੈਨੂੰ ਹੇਠਾਂ ਉਤਰਨ ਨੂੰ ਕਿਹਾ ਤੇ ਪੁੱਛਿਆ, “ਦਿੱਲੀ ‘ਚ ਜਾਣਾ ਕਿਥੇ ਐ?” ਮੈਂ ਖਾਲਸਾ ਕਾਲਜ ਦਾ ਨਾਂ ਲਿਆ ਤਾਂ ਉਹ ਕਹਿਣ ਲੱਗਾ, “ਦਿੱਲੀ ਬਹੁਤ ਵੱਡੀ ਐ। ਮੈਨੂੰ ਖਾਲਸਾ ਕਾਲਜ ਦਾ ਪਤਾ ਨ੍ਹੀਂ ਕਿਥੇ ਐ? ਦੱਸ ਸਟੇਸ਼ਨ ਕੋਲ ਉਤਰਨੈ ਜਾਂ ਬੱਸ ਅੱਡੇ ਕੋਲ?”
ਉਹ ਮੈਨੂੰ ਸਟੇਸ਼ਨ ਮੂਹਰੇ ਉਤਾਰ ਕੇ ਜਾਂਦਾ ਹੋਇਆ ਦਿੱਲੀ ਦੇ ਜੇਬ ਕਤਰਿਆਂ ਤੋਂ ਖਬਰਦਾਰ ਕਰ ਗਿਆ। ਮੈਂ ਸਸਤੇ ਹੋਟਲ ‘ਚ ਨਹਾਤਾ-ਧੋਤਾ ਤੇ ਖਾਲਸਾ ਕਾਲਜ ਬਾਰੇ ਪੁੱਛਿਆ। ਉਨ੍ਹਾਂ ਮੈਨੂੰ ਗੁਰਦੁਆਰਾ ਸੀਸ ਗੰਜ ਵੱਲ ਤੋਰ ਦਿੱਤਾ, ਅਖੇ ਉਥੋਂ ਪਤਾ ਲੱਗੂ। ਮੈਂ ਸੀਸ ਗੰਜ ਮੱਥਾ ਟੇਕਿਆ ਤੇ ਬਾਹਰ ਇਕ ਨਿਹੰਗ ਸਿੰਘ ਤੋਂ ਖਾਲਸਾ ਕਾਲਜ ਬਾਰੇ ਪੁੱਛਿਆ। ਉਹ ਪੁੱਛਣ ਲੱਗਾ, “ਤੂੰ ਖਾਲਸਾ ਕਾਲਜ ਕੀ ਕਰਨ ਜਾਣੈ?” ਮੈਂ ਆਖਿਆ, “ਦਾਖਲ ਹੋਣੈ।” ਉਹ ਕਹਿਣ ਲੱਗਾ, “ਕੜਾ ਤਾਂ ਤੇਰੇ ਪਾਇਆ ਨ੍ਹੀਂ, ਤੈਨੂੰ ਦਾਖਲ ਕਿਹੜਾ ਕਰ ਲੂ?” ਮੈਂ ਮਨ ‘ਚ ਕਿਹਾ, “ਇਹ ਪਤੰਦਰ ਰਾਹ ‘ਚ ਈ ਪ੍ਰਿੰਸੀਪਲ ਬਣਿਆ ਖੜ੍ਹੈ!
ਮੈਂ ਗੁਰਦੁਆਰੇ ਮੂਹਰੇ ਬੈਠੇ ਕੜਿਆਂ ਵਾਲੇ ਤੋਂ ਚੁਆਨੀ ਦਾ ਕੜਾ ਲੈ ਕੇ ਪਾ ਲਿਆ। ਕੜਾ ਪਾ ਕੇ ਉਸੇ ਨਿਹੰਗ ਕੋਲੋਂ ਕਾਲਜ ਦਾ ਪਤਾ ਕਰਨ ਮੁੜਿਆ ਤਾਂ ਉਹ ਆਪਣਾ ਫਰਜ਼ ਨਿਭਾ ਕੇ ਅਲੋਪ ਹੋ ਚੁਕਾ ਸੀ। ਕੜਿਆਂ ਵਾਲੇ ਨੇ ਦੱਸਿਆ, “ਪੱਚੀ ਨੰਬਰ ਬੱਸ ਚੜ੍ਹ ਜਾਹ, ਸਿੱਧੀ ਖਾਲਸਾ ਕਾਲਜ, ਦੇਵ ਨਗਰ ਜਾਊ।”
ਕਾਲਜ ਪਹੁੰਚ ਕੇ ਮੈਂ ਖੇਡ ਡਾਇਰੈਕਟਰ ਪ੍ਰੀਤਮ ਸਿੰਘ ਬੈਂਸ ਨੂੰ ਮਿਲਿਆ। ਉਨ੍ਹਾਂ ਨੇ ਮੇਰੇ ਨਾਲ ਬੜੀ ਅਪਣੱਤ ਜਤਾਈ। ਮੇਰੇ ਸਰਟੀਫਿਕੇਟ ਵੇਖ ਕੇ ਕਿਹਾ, “ਤੂੰ ਏਥੇ ਈ ਦਾਖਲ ਹੋ ਜਾ। ਏਥੇ ਪੰਜਾਬੀ ਦਾ ਵਧੀਆ ਸਟਾਫ ਐ। ਚੰਗੇ ਨੰਬਰ ਲਵੇਂਗਾ।”
ਮੈਂ ਕਿਹਾ, “ਮੈਂ ਤਾਂ ਘਰੋਂ ਖਾਲਸਾ ਕਾਲਜ ਅੰਬਰਸਰ ਦਾਖਲ ਹੋਣ ਚੱਲਿਆ ਸਾਂ। ਉਥੇ ਮੇਰਾ ਕੋਈ ਖਰਚਾ ਨਹੀਂ ਸੀ ਹੋਣਾ।” ਪ੍ਰੀਤਮ ਸਿੰਘ ਨੇ ਕਿਹਾ, “ਏਥੇ ਵੀ ਤੇਰਾ ਬਾਹਲਾ ਖਰਚਾ ਨੀ ਹੋਣ ਦਿੰਦੇ।” ਨਾਲ ਈ ਨਸੀਹਤ ਦਿੱਤੀ, “ਅੰਬਰਸਰ ਭਾਊਆਂ ਨਾਲ ਰਲ ਕੇ ਮੁੰਡੇ ਵਿਗੜ ਜਾਂਦੇ ਆ। ਏਥੇ ਭਾਪਿਆਂ ‘ਚ ਬਚਿਆ ਰਹੇਂਗਾ। ਭਾਪਿਆਂ ਦੇ ਮੁੰਡੇ ਤਾਂ ਕੁੜੀਆਂ ਵਰਗੇ ਈ ਹੁੰਦੇ ਆ। ਏਥੇ ਤੇਰਾ ਕੈਰੀਅਰ ਬੈਟਰ ਬਣੇਗਾ।”
ਉਨ੍ਹਾਂ ਨੇ ਪੰਜਾਬੀ ਦੇ ਪ੍ਰੋ. ਜੋਗਿੰਦਰ ਸਿੰਘ ਸੋਢੀ ਨੂੰ ਸੱਦ ਲਿਆ, ਜੋ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਪਤੀ ਸਨ। ਉਨ੍ਹਾਂ ਮੇਰੇ ਨੰਬਰ ਵੇਖ ਕੇ ਕਿਹਾ, “ਏਥੇ ਤੂੰ ਫਸਟ ਡਿਵੀਜ਼ਨ ਲੈ ਸਕਦੈਂ। ਅੰਬਰਸਰ ਮਾਰ ਖਾਵੇਂਗਾ।”
ਸੋਢੀ ਸਾਹਿਬ ਨੇ ਖੁਦ ਮੇਰਾ ਫਾਰਮ ਭਰਿਆ। ਪ੍ਰਿੰਸੀਪਲ ਬੱਲ ਸਾਹਿਬ ਨੇ ਦਸਤਖਤ ਕਰ ਦਿੱਤੇ। ਫੀਸ ਮੈਥੋਂ ਲਈ ਕੋਈ ਨਾ। ਪ੍ਰੀਤਮ ਸਿੰਘ ਨੇ ਕਿਹਾ, “ਦੇਖ ਸਰਵਣ ਸਿੰਘ, ਤੂੰ ਇਸ ਕਾਲਜ ਦਾ ਸਟੂਡੈਂਟ ਬਣ ਗਿਐਂ। ਕਾਲਜ ਨੇ ਤੈਥੋਂ ਕੋਈ ਪੈਸਾ ਨ੍ਹੀਂ ਲਿਆ। ਜੀਅ ਕਰੇ ਪਿੰਡੋਂ ਮੁੜ ਆਈਂ। ਜੀਅ ਕਰੇ ਅੰਬਰਸਰ ਚਲਾ ਜਾਈਂ।”
ਰਾਤੀਂ ਗੱਡੀ ‘ਤੇ ਮੁੜਦਿਆਂ ਮੈਂ ਸੋਚਦਾ ਆਇਆ, ਚੰਗਾ ਹੀ ਹੋਇਆ ਮੋਗੇ ਤੋਂ ਅੰਬਰਸਰ ਜਾਣ ਵਾਲੀ ਆਖਰੀ ਬੱਸ ਨਿਕਲ ਚੁਕੀ ਸੀ। ਨਹੀਂ ਤਾਂ ਦਿੱਲੀ ਮੈਂ ਕਿਥੇ ਜਾਣਾ ਸੀ?
ਅੱਜ ਆਪਣੇ 80ਵੇਂ ਜਨਮ ਦਿਨ ‘ਤੇ ਸੋਚਦਾਂ, “ਖਾਲਸਾ ਕਾਲਜ ਅੰਮ੍ਰਿਤਸਰ ਪਹੁੰਚ ਜਾਂਦਾ ਤਾਂ ਉਥੋਂ ਦੇ ਆਮ ਖਿਡਾਰੀਆਂ ਵਾਂਗ ਮੈਂ ਵੀ ਠਾਣੇਦਾਰ ਬਣਦਾ। ਖਾਲਸਾ ਕਾਲਜ ਦਿੱਲੀ ਪੁੱਜਣ ਨਾਲ ਮੈਂ 1965 ‘ਚ ਉਥੇ ਹੀ ਲੈਕਚਰਰ, ਜਸਵੰਤ ਸਿੰਘ ਕੰਵਲ ਦੇ ਕਹਿਣ ‘ਤੇ 1967 ‘ਚ ਢੁੱਡੀਕੇ ਲੈਕਚਰਰ ਤੇ ਫਿਰ 1996 ‘ਚ ਡਾ. ਜੌਹਲ ਦੇ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਬਣਿਆ। ਅੱਗੇ ਵੇਖੋ, ਚੁਰਾਸੀ ਕੱਟਦਾਂ, ਨੱਬਿਆਂ ਨੂੰ ਢੁੱਕਦਾਂ ਜਾਂ ਕੰਵਲ ਵਾਂਗ ਸੈਂਚਰੀ ਮਾਰਦਾਂ?