ਚੜ੍ਹਿਆ ਰੂਪ ਸਵਾਇਆ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪੰਜਾਬੀ ਲੋਕ ਗੀਤਾਂ ਦੇ ਰਚਨਹਾਰਿਆਂ ਵਿਚ ਏਨੀ ਸਮਰੱਥਾ ਹੈ ਕਿ ਉਹ ਕਿਸੇ ਵੀ ਵਿਸ਼ੇ ‘ਤੇ ਖੁੱਲ੍ਹ ਕੇ ਤੇ ਕਲਾਤਮਕ ਜੁਗਤ ਨਾਲ ਗੱਲ ਕਹਿਣ ਦੀ ਕਮਾਲ ਦੀ ਯੋਗਤਾ ਰੱਖਦੇ ਹਨ। ਗੱਲ ਜੇ ਖੂਬਸੂਰਤੀ ਦੀ ਕਰੀਏ ਤਾਂ ਲੋਕ ਗੀਤਾਂ ਵਿਚੋਂ ਪੰਜਾਬੀ ਲੋਕ ਜੀਵਨ ਦੇ ਸੁਹੱਪਣ ਦਾ ਚਲ-ਚਿੱਤਰ ਵੇਖਿਆ ਜਾ ਸਕਦਾ ਹੈ। ਮਨੁੱਖ ਸੁਹੱਪਣ ਨੂੰ ਪਸੰਦ ਕਰਦਾ ਆਇਆ ਹੈ, ਸੁਹੱਪਣ ਦੀ ਕਦਰ ਕਰਦਾ ਆਇਆ ਹੈ। ਖੂਬਸੂਰਤੀ ਤੋਂ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਦੀਆਂ ਗੱਲਾਂ ਕਰਦਾ ਆਇਆ ਹੈ।

ਮਨੁੱਖ ਦੀ ਵਸਤਾਂ, ਵਰਤਾਰਿਆਂ ਅਤੇ ਪ੍ਰਕਿਰਤੀ ਪ੍ਰਤੀ ਬਣੀ ਸੁਹਜ-ਚੇਤਨਾ ਮਨੁੱਖ ਦੀ ਖੂਬਸੂਰਤੀ ਵੱਲ ਵਧੇਰੇ ਕੇਂਦ੍ਰਿਤ ਰਹੀ ਹੈ। ਖੂਬਸੂਰਤ ਦਿੱਖ ਵਾਲੀ ਮੁਟਿਆਰ ਆਪਣੇ ਸੁਹੱਪਣ ਨੂੰ ਆਪਣੇ ਜੀਵਨ ਦੀ ਪੂੰਜੀ ਸਮਝਦੀ ਹੈ,
ਬਿਸ਼ਨ ਕੌਰ ਨੇ ਕੀਤੀ ਤਿਆਰੀ
ਹਾਰ ਸ਼ਿੰਗਾਰ ਲਗਾਇਆ,
ਮੋਮ ਢਾਲ ਕੇ ਗੁੰਦੀਆਂ ਪੱਟੀਆਂ
ਅੱਖੀਂ ਕਜਲਾ ਪਾਇਆ,
ਚੱਬ ਦੰਦਾਸਾ ਵੇਖਿਆ ਸ਼ੀਸ਼ਾ
ਚੜ੍ਹਿਆ ਰੂਪ ਸਵਾਇਆ,
ਢੋਲਣਾ ਰੱਖ ਲੈ ਵੇ
ਮੇਰੇ ਜੋਬਨ ਦਾ ਹੜ੍ਹ ਆਇਆ।

ਗਿੱਧਿਆਂ ‘ਚ ਨੱਚਦੀ ਦਾ
ਤੇਰਾ ਦੇਵੇ ਰੂਪ ਦੁਹਾਈਆਂ।
ਪੰਜਾਬੀ ਲੋਕ ਗੀਤਾਂ ਦੇ ਦਾਇਰੇ ਵਿਚ ਉਹ ਮੁਟਿਆਰ ਸੁੰਦਰ ਸਮਝੀ ਜਾਂਦੀ ਹੈ, ਜਿਸ ਦੇ ਦਿਲ ਵਿਚ ਨਵੀਆਂ ਸੱਧਰਾਂ ਧੜਕਦੀਆਂ ਹਨ। ਉਸ ਦੇ ਨਿਰੋਏਪਨ ਵਿਚ ਉਸ ਦੀ ਜ਼ਿਹਨੀ ਸਿਹਤਯਾਬੀ, ਸਰੀਰਕ ਪਵਿੱਤਰਤਾ ਤੇ ਮਨ ਦੀ ਸਾਫਗੋਈ ਵੀ ਸ਼ਾਮਲ ਹੁੰਦੀ ਹੈ। ਜੇ ਲੋਕ ਗੀਤਾਂ ਦੀ ਸੁੱਚਮਤਾ ਦੇ ਪ੍ਰਸੰਗ ਵਿਚ ਵੇਖਿਆ ਜਾਵੇ ਤਾਂ ਇਹ ਗੱਲ ਸਾਫ ਹੁੰਦੀ ਹੈ ਕਿ ਔਰਤ ਦੇ ਸੁਹੱਪਣ ਨੂੰ ਉਘਾੜਨ ਵਿਚ ਪੁਰਸ਼ ਸਮਾਜ ਵੱਲੋਂ ਮਿਲਿਆ ਹੁੰਗਾਰਾ ਵੱਧ ਭਰਵਾਂ ਪ੍ਰਤੀਤ ਹੁੰਦਾ ਹੈ। ਸੁੰਦਰ ਮੁਟਿਆਰ ਦੀ ਧਾਰਨਾ ਇਹ ਹੈ ਕਿ ਉਹ ਸੁਚੱਜੀ ਸਵਾਣੀ ਹੈ। ਪੰਜਾਬੀ ਲੋਕ ਗੀਤਾਂ ਵਿਚ ਸਦੀਆਂ ਦਾ ਪੰਧ ਤੈਅ ਕਰਦਾ ਆਇਆ ਸੁਹੱਪਣ ਮਹਿਕਾਂ ਵੰਡਦਾ ਹੈ। ਇਸ ਖੂਬਸੂਰਤੀ ਨੂੰ ਵਧੇਰੇ ਕਰਕੇ ਰਵਾਇਤੀ ਢੰਗ ਨਾਲ ਚਿਤਰਿਆ ਗਿਆ ਹੈ। ਨੈਣ-ਨਖਸ਼ਾਂ, ਰੰਗ-ਰੂਪ ਦਾ ਵਰਣਨ ਵੀ ਹੈ ਅਤੇ ਚਿਹਰੇ ਦੇ ਹਾਵ-ਭਾਵਾਂ, ਤੋਰ ਤੇ ਬੋਲ-ਚਾਲ ਦੇ ਅੰਦਾਜ਼ ਦਾ ਚਿਤਰਣ ਵੀ ਹੈ। ਸੁਹੱਪਣ ਦੇ ਸੁਹਜ ਚਿੱਤਰ ਪੰਜਾਬੀ ਲੋਕ ਗੀਤਾਂ ਵਿਚ ਢਲ ਕੇ ਸਾਕਾਰ ਹੁੰਦੇ ਹਨ,
ਗੋਰੀ ਨਹਾ ਕੇ ਛੱਪੜ ‘ਚੋਂ ਨਿਕਲੀ
ਸੁਲਫੇ ਦੀ ਲਾਟ ਵਰਗੀ।

ਘੁੰਡ ਕੱਢ ਲੈ ਪੱਤਣ ‘ਤੇ ਖੜੀਏ
ਪਾਣੀਆਂ ਨੂੰ ਅੱਗ ਲੱਗ ਜੂ।

ਗੋਰੇ ਰੰਗ ‘ਤੇ ਦੁਪੱਟਾ ਕਿਹੜਾ ਸਜਦਾ
ਕੁੜੀਆਂ ਨੂੰ ਪੁੱਛਦੀ ਫਿਰੇ।

ਪਰੇ ਹੋ ਜਾ ਨੀ ਕਪਾਹ ਦੀਏ ਛਿਟੀਏ
ਪਤਲੋ ਨੂੰ ਲੰਘ ਲੈਣ ਦੇਹ।
ਖੂਬਸੂਰਤ ਜੋਬਨਵੰਤੀ ਮੁਟਿਆਰ ਦੀ ਸੁੰਦਰਤਾ ਦੀ ਤਾਰੀਫ ਕਰਨ ਲਈ ਕਈ ਰੂਪਕ ਘੜੇ ਹੋਏ ਮਿਲਦੇ ਹਨ। ਕੱਚੀ ਕੁਆਰ, ਗੰਦਲ, ਤੂਤ ਦੀ ਛਿਟੀ, ਕੱਚੀ ਕੈਲ ਆਦਿ ਉਸ ਦੇ ਸੁਹੱਪਣ ਵੱਲ ਸੰਕੇਤ ਕਰਦੇ ਹਨ,
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਓਦੋਂ ਕਿਉਂ ਨਾ ਆਇਓਂ ਮਿੱਤਰਾ।

ਜੇ ਮੁੰਡਿਆ ਤੂੰ ਬਾਗ ਲਗਾਉਣਾ
ਵਿਚ ਬਿਠਾ ਦੇ ਮਾਲੀ,
ਬੂਟੇ ਬੂਟੇ ਫੇਰੀਂ ਪਾਣੀ
ਫਲ ਲੱਗੇ ਡਾਲੀ ਡਾਲੀ,
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।
ਰੂਪ ਕੁਆਰੀ ਦਾ…।
ਸਮਾਂ ਬਹੁਤ ਸਮਰੱਥ ਹੈ। ਸਮੇਂ ਦੇ ਗੇੜ ਨਾਲ ਸੋਨੇ ਵਰਗਾ ਰੰਗ ਵੀ ਉਡ-ਪੁੱਡ ਜਾਂਦਾ ਹੈ। ਅਜਿਹੇ ਰੰਗ ਦੇ ਫਿੱਕੇ ਪੈਣ ਅਤੇ ਮਲੂਕ ਪੈਰਾਂ ਵਿਚ ਛਾਲੇ ਪੈ ਜਾਣ ਦਾ ਰੰਜ ਨਿਸ਼ਚੇ ਹੀ ਤਕਲੀਫ ਦਿੰਦਾ ਹੈ। ਜਵਾਨ-ਜਹਾਨ ਉਮਰੇ ਤਾਂ ਅਜਿਹੇ ਰੰਗ ‘ਤੇ ਹਰ ਕੋਈ ਮਾਣ ਕਰੇਗਾ ਹੀ, ਪਰ ਜਵਾਨੀ ਦੇ ਸੁਹੱਪਣ ਦੀ ਬਹਾਰ ਵੇਖ ਚੁਕੇ ਚਿਹਰਿਆਂ ‘ਤੇ ਅਜੇ ਵੀ ਰੌਣਕ ਬਾਕੀ ਜਾਪਦੀ ਹੈ,
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਬਰੂਟੀ।
ਸਹੁਰਾ ਫੁੱਲ ਗੁਲਾਬ ਦਾ
ਸੱਸ ਚੰਬੇ ਦੀ ਬੂਟੀ।
ਲੋਕ ਕਾਵਿ ਵਿਚ ਔਰਤ ਦੇ ਸੁਹੱਪਣ ਨੂੰ ਸਮੂਰਤ ਬਿੰਬਾਂ ਰਾਹੀਂ ਵੀ ਚਿਤਰਿਆ ਗਿਆ ਮਿਲਦਾ ਹੈ। ਜਿੱਥੇ ਇਸ ਸੁਹਾਵਣੀ ਧਰਤੀ ਦੇ ਵਸਨੀਕਾਂ, ਖਾਸ ਕਰਕੇ ਗੱਭਰੂਆਂ ਅਤੇ ਮੁਟਿਆਰਾਂ ਦੀ ਜਵਾਨੀ, ਜੋਬਨ, ਸੁਭਾਅ ਦੀ ਮਿਠਾਸ, ਸਾਦਗੀ, ਮਿਲਾਪੜੇਪਨ, ਹਮਦਰਦੀ ਆਦਿ ਦਾ ਖੂਬਸੂਰਤ ਵਿਵਰਣ ਪੰਜਾਬੀ ਲੋਕ ਗੀਤਾਂ ਵਿਚ ਹੋਇਆ ਹੈ, ਉਥੇ ਕੁਦਰਤ ਦੀ ਖੂਬਸੂਰਤੀ ਨੂੰ ਵੀ ਬੜੀਆਂ ਰੀਝਾਂ ਨਾਲ ਚਿਤਰਿਆ ਗਿਆ ਹੈ। ਵੱਖ ਵੱਖ ਮਹੀਨਿਆਂ, ਮੌਸਮਾਂ, ਰੁੱਤਾਂ ਆਦਿ ਦੀਆਂ ਝਲਕੀਆਂ ਵੀ ਇਨ੍ਹਾਂ ਲੋਕ ਗੀਤਾਂ ਦੀ ਖੂਬਸੂਰਤੀ ਵਿਚ ਵਾਧਾ ਕਰਦੀਆਂ ਹਨ,
ਹੋਰਨੀਂ ਬਾਗੀਂ ਸਭ ਫੁੱਲ ਫੁੱਲਦੇ
ਮੇਰੇ ਬਾਗ ਫੁੱਲ ਮਹਿੰਦੀ।
ਰਾਜੀ ਰਹੀਓ ਅੜੀਓ
ਜੁਗ ਜੀਓ, ਦੁਨੀਆਂ ਇਹੋ ਹੀ ਕਹਿੰਦੀ।
ਕੋਇਲ, ਕਾਂ, ਕਬੂਤਰ, ਚਕੋਰ, ਕੂੰਜ, ਤੋਤੇ, ਘੁੱਗੀਆਂ, ਮੋਰ ਆਦਿ ਪੰਛੀਆਂ ਦੇ ਰੰਗ ਬਿਰੰਗੇ, ਕੁਦਰਤੀ ਚਿੱਤਰਕਾਰੀ ਵਾਲੇ ਖੰਭ ਪੰਜਾਬੀ ਲੋਕ ਗੀਤਾਂ ਵਿਚ ਲੰਮੀਆਂ ਉਡਾਰੀਆਂ ਭਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਪੰਛੀਆਂ ਦੇ ਨਾਲ-ਨਾਲ ਡਾਚੀ, ਘੋੜਾ, ਬੋਤਾ, ਗਊ, ਹਾਥੀ ਆਦਿ ਪਸੂਆਂ ਦੇ ਗੀਤ ਵੀ ਲੋਕ ਕਾਵਿ ਵਿਚ ਛਿੜਦੇ ਹਨ,
ਡਾਚੀ, ਘੋੜਾ ਨਾ ਲਵੇਰੀ ਗਊ ਮੰਗਦਾ
ਭੁੱਖ ਤੇਰੇ ਦਰਸ਼ਨ ਦੀ।
ਕਿਸੇ ਦੇ ਖਿੜੇ ਹੋਏ ਜੋਬਨ ਨੂੰ ਖਰਬੂਜ਼ੇ ਦੇ ਰੰਗ ਨਾਲ ਇਉਂ ਤੁਲਨਾਇਆ ਗਿਆ ਹੈ,
ਇਹਦਾ ਰੂਪ ਸ਼ਿੰਗਾਰ ਵੇ
ਪਾ ਧਰਿਓ ਪਟਾਰੀ।
ਵੇ ਇਹਦਾ ਜੋਬਨ ਖਿੜਿਆ
ਜਿਉਂ ਖਰਬੂਜ਼ੇ ਫਾੜੀ।
ਪੰਜਾਬੀ ਲੋਕ ਗੀਤ ਪੰਜਾਬੀ ਲੋਕ ਜੀਵਨ ਵਿਚ ਇਸ ਹੱਦ ਤੱਕ ਘੁਲੇ-ਮਿਲੇ ਤੇ ਰਚੇ-ਮਿਚੇ ਹਨ ਕਿ ਉਹ ਮਨੁੱਖੀ ਜੀਵਨ ਤੇ ਉਸ ਨਾਲ ਜੁੜੇ ਵਰਤਾਰਿਆਂ ਦੀ ਬਹੁਤ ਹੱਦ ਤੱਕ ਸਹੀ ਤਰਜਮਾਨੀ ਕਰਦੇ ਹਨ। ਪੰਜਾਬੀ ਲੋਕ ਕਾਵਿ ਵਿਚ ਵੱਖ ਵੱਖ ਪਹਿਲੂਆਂ ਨਾਲ ਜੁੜੇ ਸੁਹੱਪਣ ਦਾ ਵਰਣਨ ਭਰਵੇਂ ਰੂਪ ਵਿਚ ਹੋਇਆ ਹੈ। ਇਹ ਵਰਣਨ ਲੋਕ ਗੀਤਾਂ ਦੀ ਸੁੰਦਰਤਾ ਵਿਚ ਵੀ ਵਾਧਾ ਕਰਦਾ ਹੈ। ਪੰਜਾਬੀ ਵਿਚ ਬਹੁਤ ਲੋਕ ਗੀਤ ਅਜਿਹੇ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਔਰਤ-ਪੁਰਸ਼ ਦੀ ਖੂਬਸੂਰਤੀ/ਸੁਹੱਪਣ, ਜੀਵ-ਸੰਸਾਰ ਦੀ ਖੂਬਸੂਰਤੀ ਤੇ ਕੁਦਰਤ ਦੀ ਸੁੰਦਰਤਾ ਨੂੰ ਬੜੀਆਂ ਰੀਝਾਂ ਤੇ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਮਿਲਦਾ ਹੈ। ਵੱਖ-ਵੱਖ ਤਰ੍ਹਾਂ ਦੇ ਨਿਖਾਰ, ਹੁਸਨ, ਜੋਬਨ, ਰੰਗ-ਰੂਪ, ਸੁਹੱਪਣ ਆਦਿ ਦਾ ਖੂਬਸੂਰਤ ਚਿਤਰਨ ਪੰਜਾਬੀ ਲੋਕ ਗੀਤਾਂ ਵਿਚ ਏਨੀ ਪ੍ਰਵੀਨਤਾ ਨਾਲ ਕੀਤਾ ਗਿਆ ਮਿਲਦਾ ਹੈ ਕਿ ਲੋਕ ਗੀਤਾਂ ਦੇ ਰਚਨਹਾਰਿਆਂ ਦੀ ਸਿਰਜਣਾਤਮਕਤਾ ਤੇ ਕਲਪਨਾ ਉਡਾਰੀ ਬਾਰੇ ਸੋਚ ਕੇ ਅਕਲ ਦੰਗ ਰਹਿ ਜਾਂਦੀ ਹੈ। ਸ਼ਾਲਾ! ਇਹ ਸੁਹੱਪਣ ਸਲਾਮਤ ਰਹੇ!