ਛਾਲਾ ਫਿੱਸ ਗਿਆ

ਹਥਲੀ ਕਹਾਣੀ ਦਾ ਸਿਰਲੇਖ ‘ਛਾਲਾ ਫਿੱਸ ਪਿਆ’ ਪੜ੍ਹਦਿਆਂ ਹੀ ਮਨ ਵਿਚ ਭਾਵੇਂ ਸਰੀਰ ‘ਤੇ ਹੋਏ ਕਿਸੇ ਛਾਲੇ ਦੇ ਫਿੱਸ ਜਾਣ ਦਾ ਅਹਿਸਾਸ ਉਪਜਦਾ ਹੈ, ਪਰ ਕਹਾਣੀ ਵਿਚਲਾ ਵਰਤਾਰਾ ਮਨ ਮਸਤਕ ਵਿਚ ਉਭਰੇ ਸ਼ੱਕ ਦੇ ਛਾਲਿਆਂ ਦਾ ਦਰਦ ਹੰਢਾਉਂਦੇ ਬੰਦੇ ਦਾ ਜਜ਼ਬਾਤ ਅੱਗੇ ਫਿਸ ਜਾਣ ਦਾ ਅਹਿਸਾਸ ਦਿੰਦਾ ਹੈ। ਜਿਸ ਤਰ੍ਹਾਂ ਬੁਣਤੀ ਦਾ ਆਖਰੀ ਸਿਰਾ ਢਿੱਲਾ ਰਹਿ ਜਾਣ ਨਾਲ ਸਾਰੀ ਬੁਣਤੀ ਉਧੜ ਜਾਣ ਦਾ ਡਰ ਰਹਿੰਦਾ ਹੈ, ਕਹਾਣੀਕਾਰ ਨੇ ਅਪ੍ਰਤੱਖ ਰੂਪ ਵਿਚ ਉਵੇਂ ਦਾ ਹੀ ਖਦਸ਼ਾ ਪ੍ਰਗਟਾਉਂਦਿਆਂ ਸ਼ੱਕ ਦੇ ਕਣ ਮਨ ਵਿਚ ਨਾ ਪੈਦਾ ਹੋਣ ਦੇਣ ਦਾ ਸੁਨੇਹਾ ਦਿੱਤਾ ਹੈ। ਸਿਰਫ ਇਹੋ ਨਹੀਂ, ਗੁਰਮੇਲ ਬੀਰੋਕੇ ਨੇ ਹੋਰ ਬੜੇ ਕੁਝ ਨੂੰ ਵੀ ਕਹਾਣੀ ਦਾ ਧਰਾਤਲ ਬਣਾਇਆ ਹੈ।

-ਸੰਪਾਦਕ

ਗੁਰਮੇਲ ਬੀਰੋਕੇ
ਫੋਨ: 1-604-825-8053
ਉਂਜ ਉਹ ਆਮ ਇਨਸਾਨਾਂ ਵਾਂਗ ਹੀ ਵਰਤਾਓ ਕਰਦਾ ਸੀ। ਹਰੇਕ ਨੂੰ ਨਿਮਰਤਾ ਨਾਲ ਮਿਲਦਾ ਤੇ ਮੁਸਕਰਾ ਕੇ ਗੱਲਾਂ ਕਰਦਾ। ਪਾਗਲਪਣ ਉਸ ਦੇ ਕਦੇ-ਕਦੇ ਉਠਦਾ ਸੀ। ਉਸ ਸਮੇਂ ਉਹ ਆਪਣੇ ਮੂੰਹ ‘ਤੇ ਥੱਪੜ ਮਾਰਨ ਲੱਗਦਾ ਤੇ ਆਪਣੇ ਆਪ ਨੂੰ ਗਾਲ੍ਹਾਂ ਦੇਣ ਲੱਗ ਜਾਂਦਾ। ਫਿਰ ਕਿੰਨਾ ਹੀ ਚਿਰ ਉਚੀ-ਉਚੀ ਰੋਂਦਾ ਰਹਿੰਦਾ ਤੇ ਚੁੱਪ ਹੋ ਜਾਂਦਾ।
ਜਦ ਉਹ ਜੇਲ੍ਹ ‘ਚ ਆਇਆ ਸੀ, ਚੁੱਪ ਸੀ। ਸੈਲ ਦੇ ਖੂੰਜੇ ‘ਚ ਲੱਗ ਕੇ ਬੁੱਗ ਜਿਹਾ ਬਣ ਕੇ ਬੈਠਾ ਰਹਿੰਦਾ। ਜੇ ਨਾਲ ਦਾ ਕੈਦੀ ਕੁਝ ਬੋਲਦਾ, ਉਹ ਮੂੰਹ ਬੰਦ ਹੀ ਰੱਖਦਾ। ਸ਼ਾਇਦ ਉਹ ਡਰਦਾ ਸੀ ਕਿ ਜੇ ਮੇਰੇ ਬਾਰੇ ਸੱਚ ਪਤਾ ਲੱਗ ਗਿਆ ਤਾਂ ਕੈਦੀ ਮੇਰੀ ਕੁੱਟ-ਮਾਰ ਕਰਨਗੇ। ਉਸ ਨੂੰ ਇਹ ਇਲਮ ਸੀ ਕਿ ਇਹੋ ਜਿਹਾ ਪਾਪ ਕੈਨੇਡੀਅਨ ਸਮਾਜ ਵਿਚ ਬਹੁਤ ਹੀ ਘਿਨਾਉਣਾ ਸਮਝਿਆ ਜਾਂਦਾ ਹੈ।
ਸਭ ਤੋਂ ਪਹਿਲਾਂ ਉਹ ਡੈਨੀਅਲ ਨਾਂ ਦੇ ਇੱਕ ਗੋਰੇ ਕੈਦੀ ਨਾਲ ਗੱਲਾਂ ਕਰਨ ਲੱਗਾ ਸੀ। ਡੈਨੀਅਲ ਬਹੁਤ ਹੀ ਸੋਹਣਾ ਸੁਨੱਖਾ ਤੇ ਉਚਾ ਲੰਬਾ ਨੌਜਵਾਨ ਸੀ।
ਹਰਵੀਰ ਨੇ ਉਸ ਨੂੰ ਆਉਂਦੇ ਨੂੰ ਹੀ ਬੁਲਾ ਲਿਆ ਸੀ, “ਹੇ, ਆਰ ਯੂ ਏ ਪਲੇਅਰ? (ਕੀ ਤੂੰ ਖਿਡਾਰੀ ਐਂ?)”
“ਹਾਂ, ਮੈਂ ਫੁੱਟਬਾਲ ਖੇਡਦਾਂ।” ਡੈਨੀਅਲ ਨੇ ਹੱਸ ਕੇ ਜਵਾਬ ਦਿੱਤਾ ਸੀ।
ਫਿਰ ਉਨ੍ਹਾਂ ਨੇ ਬਹੁਤ ਗੱਲਾਂ ਕੀਤੀਆਂ। ਹਰਵੀਰ ਖਿਡਾਰੀਆਂ ਨੂੰ ਬਹੁਤ ਪਸੰਦ ਕਰਦਾ ਸੀ। ਉਹ ਆਪ ਕਬੱਡੀ ਖੇਡਦਾ ਰਿਹਾ ਸੀ। ਡੈਨੀਅਲ ਨੇ ਹਰਵੀਰ ਕੋਲੋਂ ਉਸ ਦੇ ਜੇਲ੍ਹ ਆਉਣ ਦਾ ਕਾਰਨ ਪੁੱਛਿਆ। ਹਰਵੀਰ ਨੇ ਝਿਜਕਦਿਆਂ-ਝਿਜਕਦਿਆਂ ਇਹ ਕਹਿ ਦਿੱਤਾ ਕਿ ਮੇਰਾ ਘਰ ਵਾਲੀ ਨਾਲ ਝਗੜਾ ਚੱਲਦਾ ਹੈ ਤੇ ਬਾਕੀ ਦੀ ਗੱਲ ਲੁਕੋ ਗਿਆ।
ਘਰੇਲੂ ਝਗੜੇ ਦੀ ਗੱਲ ਸੁਣ ਕੇ ਡੈਨੀਅਲ ਦੁਖੀ ਹੋਇਆ ਤੇ ਕਹਿਣ ਲੱਗਾ, “ਅਜੋਕੇ ਪਦਾਰਥਵਾਦੀ ਯੁੱਗ ਵਿਚ ਭਾਵਨਾਵਾਂ ਦੀ ਕਦਰ ਖਤਮ ਹੋਣ ਦੇ ਕਿਨਾਰੇ ਅੱਪੜ ਗਈ ਹੈ। ਬਹੁਤ ਸਾਰੇ ਜੋੜੇ ਦੇਖਣ ਨੂੰ ਚੰਗੇ ਵੱਸਦੇ ਰਸਦੇ ਦਿਸਦੇ ਹਨ, ਇੱਕ ਛੱਤ ਹੇਠਾਂ ਰਹਿੰਦੇ ਹਨ। ਉਨ੍ਹਾਂ ਦੇ ਬੱਚੇ ਹਨ, ਹੋਰ ਵੀ ਬਹੁਤ ਕੁਝ ਸਾਂਝਾ ਹੈ ਤੇ ਮਾਡਰਨ ਸਹੂਲਤਾਂ ਦਾ ਲੁਤਫ ਲੈ ਰਹੇ ਹਨ, ਪਰ ਮਾਨਸਿਕ ਸੋਚਾਂ ਵਿਚ ਕੋਹਾਂ ਦੀ ਦੂਰੀ ਹੈ। ਬਹੁਤੇ ਘਰੇਲੂ ਝਗੜੇ ਸ਼ੱਕ ਦੀ ਉਪਜ ਹੁੰਦੇ ਨੇ। ਘਰ ਤੋਂ ਬਾਹਰ ਉਪਜੇ ਰਿਸ਼ਤਿਆਂ ਦੀ ਦੇਣ ਹਨ।”
ਹਰਵੀਰ ਸੋਚਣ ਲੱਗਾ, ਡੈਨੀਅਲ ਇਹ ਗੱਲਾਂ ਮੇਰੀ ਹੱਡ-ਬੀਤੀ ਦੀਆਂ ਕਰ ਰਿਹਾ ਹੈ…। ਪਰ ਉਹ ਚੁੱਪ ਬੈਠਾ ਰਿਹਾ ਤੇ ਡੈਨੀਅਲ ਬੋਲਦਾ ਰਿਹਾ, “ਜਦ ਕਿਸੇ ਇਨਸਾਨ ਦੀਆਂ ਕਾਮੁਕ, ਭਾਵਨਾਤਮਿਕ ਤੇ ਮਾਨਸਿਕ ਲੋੜਾਂ ਘਰ ਦੇ ਅੰਦਰ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਬਾਹਰ ਪੂਰੀਆਂ ਕਰੇਗਾ। ਘਰੋਂ ਬਾਹਰ ਰਿਸ਼ਤੇ ਬਣਾਉਣ ਵਾਲੇ ਇਨਸਾਨ, ਸਮਾਜ ਦੀਆਂ ਨਜ਼ਰਾਂ ਵਿਚ ਧੋਖੇਬਾਜ਼ ਤੇ ਮਾੜੇ ਹੋ ਸਕਦੇ ਹਨ। ਉਨ੍ਹਾਂ ਵਿਚੋਂ ਬਹੁਤੇ ਇਨਸਾਨ ਆਪਣੇ ਵਿਆਹੁਤਾ ਜੀਵਨ ਨੂੰ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੁੰਦੇ ਹੁੰਦੇ। ਉਹ ਆਪਣੇ ਸਾਥੀ ਨੂੰ ਕਦੇ ਵੀ ਛੱਡਣਾ ਨਹੀਂ ਚਾਹੁੰਦੇ ਹੁੰਦੇ। ਉਹ ਆਪਣੇ ਸਾਥੀ ਨੂੰ ਪਿਆਰ ਵੀ ਕਰਦੇ ਹੁੰਦੇ ਨੇ ਤੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਉਸੇ ਤਰ੍ਹਾਂ ਸੋਚਦੇ ਹੁੰਦੇ ਹਨ, ਜਿਸ ਤਰ੍ਹਾਂ ਸਮਾਜ ਦੀਆਂ ਨਜ਼ਰਾਂ ਵਿਚਲਾ ਵਫਾਦਾਰ ਇਨਸਾਨ ਸੋਚਦਾ ਹੈ। ਇਹ ਸੱਚਾਈ ਵੀ ਸਭ ਜਾਣਦੇ ਹਨ ਕਿ ਵਿਆਹ ਇੱਕ ਫਲ ਹੈ, ਜੋ ਸ਼ੁਰੂ ‘ਚ ਬਹੁਤ ਮਿੱਠਾ ਹੁੰਦਾ ਹੈ ਤੇ ਸਮਾਂ ਪਾ ਕੇ ਇਸ ਦਾ ਰਸ ਫਿੱਕਾ ਹੁੰਦਾ ਜਾਂਦਾ ਹੈ; ਪਰ ਸਮਾਜ ਵਿਚਲੇ ‘ਸੱਚੇ-ਸੁੱਚੇ’ ਪ੍ਰਾਣੀ ਕਦੇ ਨਹੀਂ ਚਾਹੁੰਦੇ ਕਿ ਕੋਈ ਇਸ ਫਲ ‘ਤੇ ਲੂਣ ਲਾ ਕੇ ਜਾਂ ਖੰਡ ਭੁੱਕ ਕੇ ਖਾਵੇ…।”
ਹਰਵੀਰ ਦੀ ਸੋਚ ਅੱਗੇ ਤੁਰੀ, “ਸਾਡੇ ਸਮਾਜ ‘ਚ ਤਾਂ ਝੂਠ ਦੇ ਲਿੱਬੜੇ ਲੱਖਾਂ ਹੀ ‘ਸੱਚੇ-ਸੁੱਚੇ’ ਪ੍ਰਾਣੀ ਨੇ…।”
ਡੈਨੀਅਲ ਬੋਲਦਾ ਰਿਹਾ, “ਕਈ ਸਮਾਜਾਂ ਵਿਚ ਤਾਂ ਬਹੁਤ ਸਾਰੇ ਮਰਦ ਇਹ ਸੋਚਦੇ ਹਨ ਕਿ ਔਰਤ ਇਕ ਵਸਤੂ ਹੈ। ਉਸ ਨੂੰ ਭੋਗਣਾ ਪਤੀ ਦਾ ਅਧਿਕਾਰ ਹੈ। ਉਹ ਔਰਤ ਨੂੰ ਜਾਇਦਾਦ ਦੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਥਾਂਵਾਂ ‘ਤੇ ਔਰਤ ਗੁਲਾਮ ਹੈ। ਜਦ ਕਦੇ ਉਥੇ ਔਰਤ ਅਜ਼ਾਦੀ ਵੱਲ ਥੋੜ੍ਹਾ ਜਿਹਾ ਕਦਮ ਵੀ ਪੁੱਟਦੀ ਹੈ ਤਾਂ ਨਤੀਜੇ ਭੈੜੇ ਨਿਕਲਦੇ ਹਨ।”
ਇਹ ਸੁਣ ਕੇ ਹਰਵੀਰ ਦੇ ਮਨ ਨੇ ਆਪਣੇ ਅੰਦਰ ਝਾਤ ਮਾਰੀ, ‘ਮੈਂ ਵੀ ਆਪਣੀ ਜੀਵਨ-ਸਾਥਣ ਦੀ ਅਜ਼ਾਦੀ ਨਹੀਂ ਝੱਲ ਸਕਿਆ।’… ਫਿਰ ਉਸ ਨੇ ਦੂਜਾ ਪੱਖ ਵੀ ਘੋਖਿਆ ਕਿ ਮੈਂ ਆਪ ਖੁਦ ਮਰਦਾਨਾ ਅਜ਼ਾਦੀ ਦੀ ਓਟ ‘ਚ ਕਿੰਨੀਆਂ ਹੀ ਕੁਰੀਤੀਆਂ ਕੀਤੀਆਂ ਨੇ।
ਡੈਨੀਅਲ ਅੱਗੇ ਦੱਸਣ ਲੱਗਾ, “ਮੇਰੀ ਮਿੱਤਰ ਕੁੜੀ ਦਾ ਨਾਂ ਸ਼ਾਰਲੀਨ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਅਸੀਂ ਕਈ ਸਾਲਾਂ ਤੋਂ ‘ਕੱਠੇ ਰਹਿੰਦੇ ਸੀ। ਫਿਰ ਸਾਡੇ ਪਿਆਰ ਦੀ ਨਿਸ਼ਾਨੀ ਸਾਡੇ ਘਰ ਫੁੱਲ ਬਣ ਕੇ ਖਿੜ ਗਈ। ਪਹਿਲਾਂ ਮੈਂ ਕਦੇ-ਕਦੇ ਸ਼ਰਾਬ ਪੀ ਲੈਂਦਾ ਸਾਂ। ਧੀ ਦੇ ਆਉਣ ਪਿਛੋਂ ਮੈਂ ਸ਼ਰਾਬ ਪੀਣੀ ਬਿਲਕੁਲ ਛੱਡ ਦਿੱਤੀ। ਅਸੀਂ ਖੁਸ਼ੀ-ਖੁਸ਼ੀ ਵੱਸਦੇ ਸਾਂ। ਮੈਂ ਕੰਮ ਵੱਧ ਕਰਨ ਲੱਗ ਪਿਆ। ਬੱਚੀ ਵਾਸਤੇ ਪੈਸੇ ਦੀ ਵੱਧ ਲੋੜ ਸੀ। ਸ਼ਾਰਲੀਨ ਪਹਿਲਾਂ ਤੋਂ ਹੀ ਬਹੁਤ ਭਾਵੁਕ ਕੁੜੀ ਸੀ। ਧੀ ਦੇ ਆਉਣ ਪਿਛੋਂ ਉਸ ਦੀ ਭਾਵੁਕਤਾ ਹੋਰ ਵੀ ਵੱਧ ਗਈ ਤੇ ਮੇਰਾ ਸਾਥ ਹਰ ਪਲ ਭਾਲਣ ਲੱਗੀ, ਪਰ ਮੈਂ ਪੈਸੇ ਜੋੜਨ ਵੱਲ ਲੱਗ ਗਿਆ ਸਾਂ। ਇੱਕ ਦਿਨ ਉਹ ਕਹਿਣ ਲੱਗੀ, “ਮੈਨੂੰ ਤੇਰੀ ਬਹੁਤ ਲੋੜ ਐ…।” ਸੁਣ ਕੇ ਮੈਂ ਹੈਰਾਨ ਹੋ ਗਿਆ। ਉਸ ਦੀ ਕਾਮੁਕ ਭੁੱਖ ਤਿੰਨ ਗੁਣਾ ਤੱਕ ਵਧ ਗਈ ਸੀ। ਮੇਰੀ ਦੋਸਤ ਦੇ ਸਰੀਰ ਵਿਚ ਆਮ ਔਰਤਾਂ ਨਾਲੋਂ ਉਲਟਾ ਵਰਤਾਰਾ ਹੋਇਆ ਜਾਪਿਆ। ਕਹਿੰਦੇ ਨੇ, ਬੱਚਾ ਜੰਮਣ ਪਿਛੋਂ ਔਰਤ ਵਿਚ ਕਾਮ ਘਟਦਾ ਹੈ, ਪਰ ਉਸ ‘ਚ ਵੱਧ ਗਿਆ। ਕੁਝ ਸਮਾਂ ਤਾਂ ਮੈਂ ਉਸ ਦਾ ਸਾਥ ਦਿੱਤਾ, ਪਰ ਬਹੁਤੀ ਵਾਟ ਉਸ ਦੇ ਨਾਲ ਨਾ ਤੁਰ ਸਕਿਆ।…ਉਹ ਉਦਾਸ ਰਹਿਣ ਲੱਗ ਪਈ। ਸੁਭਾਅ ਚਿੜਚਿੜਾ ਹੋ ਗਿਆ ਤੇ ਬੱਚੀ ਨੂੰ ਬਿਨਾ ਕਿਸੇ ਕਾਰਨ ਹੀ ਘੂਰਨ ਲੱਗ ਜਾਂਦੀ। ਅੰਦਰ ਹੀ ਪਈ ਰਹਿੰਦੀ। ਕਈ ਵਾਰ ਉਚੀ-ਉਚੀ ‘ਕੱਲੀ ਹੀ ਬੋਲਣ ਲੱਗ ਜਾਂਦੀ। ਕਦੇ-ਕਦੇ ਰੋਣ ਲੱਗ ਜਾਂਦੀ। ਖਾਣਾ-ਪੀਣਾ ਵੀ ਕਦੇ-ਕਦੇ ਛੱਡ ਦਿੰਦੀ। ਕਈ ਹਰਕਤਾਂ ਅਜਿਹੀਆਂ ਕਰਨ ਲੱਗ ਪਈ ਜਿਵੇਂ ਉਸ ਵਿਚ ਕੋਈ ਓਪਰੀ-ਸ਼ੈਅ ਆ ਜਾਂਦੀ ਹੋਵੇ।”
ਜੇਲ੍ਹ ਦੀ ਕੰਧ ਵਿਚਲੀ ਖਿੜਕੀ ਰਾਹੀਂ ਲਾਟ ਵਾਂਗ ਬਲਦਾ ਚਾਨਣ ਅੰਦਰ ਆਇਆ, ਦੋਹਾਂ ਦਾ ਧਿਆਨ ਉਖੜ ਗਿਆ। ਫਿਰ ਬੱਦਲ ਗਰਜਣ ਦੀ ਅਵਾਜ਼ ਆਈ। ਮੀਂਹ ਆਉਣ ਵਾਲਾ ਜਾਪਦਾ ਸੀ।
ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਆਪਣਾ ਧਿਆਨ ਵਾਪਸ ਗੱਲਾਂ ਵਿਚ ਜੋੜ ਲਿਆ ਤੇ ਡੈਨੀਅਲ ਨੇ ਗੱਲ ਅੱਗੇ ਤੋਰ ਲਈ, “ਪਰ ਮੈਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ। ਮੈਂ ਦੁਖੀ ਹੋ ਗਿਆ ਤੇ ਉਸ ਦੀ ਇਹ ਹਾਲਤ ਮੈਨੂੰ ਝੱਲਣੀ ਔਖੀ ਹੋ ਗਈ। ਮੈਂ ਹਰ ਵਕਤ ਉਸ ਬਾਰੇ ਸੋਚਦਾ ਰਹਿੰਦਾ…। ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ। ਸਾਰਾ ਕੁਝ ਦੱਸਿਆ। ਡਾਕਟਰ ਕਹਿਣ ਲੱਗਾ ਕਿ ਮੈਂ ਦਵਾਈ ਦੇ ਦਿੰਦਾ ਹਾਂ, ਪਰ ਇਹ ਛੇਤੀ ਕੀਤਿਆਂ ਪੂਰੀ ਤੰਦਰੁਸਤ ਨਹੀਂ ਹੋਣੀ। ਜੇ ਇਸ ਨੂੰ ਪਹਿਲਾਂ ਵਰਗੀ ਹੱਸਦੀ ਖੇਡਦੀ ਦੇਖਣਾ ਹੈ ਤਾਂ ਇਸ ਨੂੰ ਕਹਿ, ਜੋ ਤੂੰ ਕਰਨਾ ਚਾਹੁੰਦੀ ਹੈਂ ਕਰ ਸਕਦੀ ਹੈਂ, ਤੂੰ ਪੂਰੀ ਤਰ੍ਹਾਂ ਅਜ਼ਾਦ ਹੈਂ।”
ਬਾਹਰੋਂ ਜ਼ੋਰ ਦੀ ਸ਼ਾਂ-ਸ਼ਾਂ ਦੀ ਅਵਾਜ਼ ਆਉਣ ਲੱਗੀ। ਮੀਂਹ ਪੈਣ ਲੱਗ ਪਿਆ ਸੀ। ਹਰਵੀਰ ਨੇ ਦੇਖਿਆ, ਦੂਰ ਸਾਰੇ ਇੱਕ ਗੂਸ ‘ਕੱਲਾ ਹੀ ਖੰਭ ਖਿਲਾਰੀਂ ਖੜ੍ਹਾ ਸੀ। ਡੈਨੀਅਲ ਬਹੁਤ ਹੀ ਧੀਰਜ ਨਾਲ ਬੈਠਾ ਬੋਲ ਰਿਹਾ ਸੀ, “ਇਕੱਲਾ ਬੈਠ-ਬੈਠ ਮੈਂ ਸੋਚਿਆ ਕਿ ਘਰ ਦੀ ਨਬਜ਼ ਔਰਤ ਨਾਲ ਹੀ ਚੱਲਦੀ ਹੈ। ਔਰਤ ਪਰਿਵਾਰ ਦਾ ਭਾਵਨਾਤਮਿਕ ਦਿਲ ਹੁੰਦੀ ਹੈ। ਘਰ ਦੀ ਖੁਸ਼ਬੂ ਹੁੰਦੀ ਹੈ। ਖੁਸ਼ੀਆਂ ‘ਚ ਲਿਪਟੀ ਘਰ ਦੀ ਤਾਕਤ ਹੁੰਦੀ ਹੈ। ਖੁਸ਼ੀਆਂ ਵਿਚੋਂ ਸੁਹੱਪਣ ਉਪਜਦਾ ਹੈ। ਜੇ ਘਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਤਾਂ ਸਾਡੀ ਧੀ ਦੇ ਚਾਵਾਂ ਦਾ ਭਵਿੱਖ ਬੁਰਾ ਹੋਵੇਗਾ। ਦੂਜੀ ਗੱਲ ਸ਼ਾਰਲੀਨ ਨੇ ਮੈਨੂੰ ਸਭ ਕੁਝ ਦੱਸਿਆ ਹੈ, ਕੋਈ ਲੁਕੋ ਨਹੀਂ ਰੱਖਿਆ ਤੇ ਆਖਰ ਮੈਂ ਉਸ ਨੂੰ ਕਿਹਾ ਕਿ ਤੂੰ ਕੋਈ ਮਿੱਤਰ ਮੁੰਡਾ ਲੱਭ ਸਕਦੀ ਹੈਂ, ਮੈਂ ਤੇਰੇ ਨਾਲ ਬਿਲਕੁਲ ਨਾਰਾਜ਼ ਨਹੀਂ ਹੋਵਾਂਗਾ…। ਜਦ ਮੈਂ ਇਹ ਗੱਲ ਕਹੀ ਤਾਂ ਉਹ ਮੇਰੇ ਗਲ ਨੂੰ ਚਿੰਬੜ ਗਈ ਤੇ ਕਿੰਨਾ ਹੀ ਚਿਰ ਰੋਂਦੀ ਰਹੀ।… ਤੇ ਹੌਲੀ-ਹੌਲੀ ਉਹ ਆਪਣੇ ਪੁਰਾਣੇ ਜਮਾਤੀਆਂ ਤੇ ਦੋਸਤਾਂ ਨੂੰ ਮਿਲਣ ਲੱਗ ਪਈ। ਉਨ੍ਹਾਂ ਨਾਲ ਉਹ ਨਿੱਕੇ ਬੱਚਿਆਂ ਵਾਂਗ ਇੱਲਤਾਂ ਕਰਦੀ। ਉਸ ਦਾ ਇੱਕ ਦੋਸਤ ਤਾਂ ਸਾਡੇ ਘਰ ਵੀ ਆਉਣ ਲੱਗ ਪਿਆ। ਉਹਦੇ ਨਾਲ ਉਹ ਪਿਕਨਿਕ ‘ਤੇ ਚਲੀ ਜਾਂਦੀ ਤੇ ਹੋਰ ਵੀ ਦੂਰ ਦੁਰਾਡੇ ਦੋਹੇਂ ਘੁੰਮ ਆਉਂਦੇ। ਇਸ ਤਰ੍ਹਾਂ ਕਾਫੀ ਸਮਾਂ ਚੱਲਦਾ ਰਿਹਾ।”
ਦੋਸਤ ਨਾਲ ‘ਕੱਲੀ ਘੁੰਮਣ ਵਾਲੀ ਗੱਲ ਨੇ ਹਰਵੀਰ ਦਾ ਸਿਰ ਘੁਮਾ ਦਿੱਤਾ। ਉਸ ਨੇ ਬਾਹਰ ਦੇਖਿਆ, ਗੂਸ ਕੋਲ ਹੁਣ ਹੋਰ ਕਈ ਗੀਸ ਖੜੇ ਸਨ ਤੇ ਹਠਖੇਲੀਆਂ ਕਰ ਰਹੇ ਸਨ।
ਡੈਨੀਅਲ ਨੇ ਗੱਲ ਦੀ ਲੜੀ ਨਾ ਤੋੜੀ, “ਹੌਲੀ-ਹੌਲੀ ਸ਼ਾਰਲੀਨ ਦਾ ਸੁਭਾਅ ਬਦਲਣ ਲੱਗ ਪਿਆ। ਉਸ ਦੀਆਂ ਅੱਖਾਂ ‘ਚ ਪਹਿਲਾਂ ਵਰਗਾ ਨਸ਼ਾ ਮੁੜ ਉਤਰਨ ਲੱਗ ਪਿਆ। ਉਹ ਘਰ ਵਿਚ ਹੱਸਣ ਖੇਡਣ ਲੱਗ ਪਈ, ਪਰ ਮੇਰਾ ਮਨ ਉਦਾਸ ਰਹਿਣ ਲੱਗਾ। ਮੈਂ ਆਪਣੇ ਮਨ ਨੂੰ ਬਹੁਤ ਸਮਝਾਉਣਾ, ਪਰ ਸਭ ਵਿਅਰਥ ਰਹਿਣਾ।”
ਡੈਨੀਅਲ ਦੀਆਂ ਅੱਖਾਂ ਹਰਵੀਰ ਦੀਆਂ ਸਵਾਲੀ ਤੇ ਹੈਰਾਨ ਅੱਖਾਂ ਨਾਲ ਟਕਰਾਈਆਂ ਤੇ ਹਰਵੀਰ ਦੀ ਨੀਵੀਂ ਪੈ ਗਈ। ਬਾਹਰੋਂ ਕਿੜ-ਕਿੜ ਦੀ ਅਵਾਜ਼ ਆਉਣ ਲੱਗੀ। ਹਰਵੀਰ ਨੇ ਦੇਖਿਆ, ਗੜੇ ਪੈਣ ਲੱਗ ਪਏ ਸਨ। ਹੁਣ ਗੂਸ ਫਿਰ ‘ਕੱਲਾ ਸੀ ਤੇ ਸ਼ਾਇਦ ਦੂਜੇ ਗੀਸ ਕਿਧਰੇ ਚਲੇ ਗਏ ਸਨ। ਉਹ ਗੜਿਆਂ ਵੱਲ ਨੂੰ ਮੂੰਹ ਚੁੱਕ ਕੇ ਖੜ੍ਹਾ ਸੀ। ਜਾਪਦਾ ਸੀ, ਉਹ ਆਪਣਾ ਸਿਰ ਅਤੇ ਚੁੰਝ ਸੱਟਾਂ ਤੋਂ ਬਚਾ ਰਿਹਾ ਹੈ।
ਡੈਨੀਅਲ ਲੱਤਾਂ ਨਿਸਾਲ ਕੇ ਬੈੱਡ ‘ਤੇ ਬੈਠ ਗਿਆ ਤੇ ਬੋਲਦਾ ਰਿਹਾ, “ਅਖੀਰ ਨੂੰ ਆਪਣੇ ਆਪ ਨੂੰ ਸਮਝਾਉਣ ਲਈ ਮੈਂ ਆਪਣੇ ਆਪ ਅੰਦਰ ਝਾਤੀ ਮਾਰ ਕੇ ਦੇਖੀ; ਅਸੀਂ ਦੋ ਭੈਣ ਭਾਈ ਹਾਂ। ਜਦ ਮੇਰੀ ਭੈਣ ਦਾ ਜਨਮ ਹੋਇਆ ਤਾਂ ਮੇਰੀ ਮਾਂ ਦਾ ਜੀਵਨ-ਸਾਥੀ ਛੱਡ ਕੇ ਤੁਰ ਗਿਆ। ਉਹ ਉਡੀਕਦੀ ਰਹੀ, ਪਰ ਉਹ ਨਾ ਮੁੜਿਆ। ਫਿਰ ਮੇਰੀ ਮਾਂ ਆਪਣੇ ਇੱਕ ਹੋਰ ਮਰਦ ਦੋਸਤ ਨਾਲ ਰਹਿਣ ਲੱਗ ਪਈ। ਸਭ ਕੁਝ ਠੀਕ ਚਲਦਾ ਸੀ, ਮੇਰੀ ਮਾਂ ਦਾ ਦੋਸਤ ਆਪਣੀ ਮਤਰੇਈ ਧੀ ਨੂੰ ਬਹੁਤ ਵਧੀਆ ਤਰੀਕੇ ਨਾਲ ਪਾਲ ਰਿਹਾ ਸੀ। ਉਨ੍ਹੀਂ ਦਿਨੀਂ ਹੀ ਮੇਰੀ ਮਾਂ ਦਾ ਪਹਿਲਾ ਜੀਵਨ-ਸਾਥੀ ਕਿਤੋਂ ਆ ਬਹੁੜਿਆ ਤੇ ਉਹ ਵੀ ਉਸੇ ਘਰ ‘ਚ ਰਹਿਣ ਲੱਗ ਪਿਆ, ਜਿੱਥੇ ਮੇਰੀ ਮਾਂ ਤੇ ਉਸ ਦਾ ਦੋਸਤ ਰਹਿੰਦੇ ਸਨ। ਮੇਰੀ ਮਾਂ ਉਸ ਨੂੰ ਪਹਿਲਾਂ ਵਾਂਗ ਹੀ ਮਿਲਣ ਲੱਗ ਪਈ। ਮੇਰੀ ਇੱਕ ਅੰਟੀ ਨੇ ਮੈਨੂੰ ਦੱਸਿਆ ਸੀ ਕਿ ਤੇਰੀ ਮਾਂ ਦੱਸਦੀ ਸੀ ਕਿ ਤੂੰ ਉਨ੍ਹਾਂ ਦੋਹਾਂ ਆਦਮੀਆਂ ਵਿਚੋਂ ਕਿਸੇ ਇੱਕ ਦਾ ਖੂਨ ਹੈਂ…।”
ਹਰਵੀਰ ਦੇ ਮਨ ਦੀ ਅੰਦਰੇ-ਅੰਦਰ ਚੀਕ ਨਿਕਲ ਗਈ, ‘ਕਿਹੋ ਜਿਹਾ ਬੰਦੈ, ਜਿਹਨੂੰ ਆਵਦੇ ਬਾਪ ਦਾ ਵੀ ਪੱਕਾ ਨ੍ਹੀਂ ਪਤਾ?’ ਬਾਹਰ ਗੜੇ ਪੂਰੇ ਜ਼ੋਰ ਨਾਲ ਵਰ੍ਹ ਰਹੇ ਸਨ ਤੇ ਗੂਸ ਅਡੋਲ ਖੜ੍ਹਾ ਸੀ।
ਡੈਨੀਅਲ ਸਹਿਜ ਮਤੇ ਬੋਲਦਾ ਰਿਹਾ, “ਮੇਰੀ ਮਾਂ ਦਾ ਜੀਵਨ-ਸਾਥੀ ਮੁੜ ਫਿਰ ਮੇਰੀ ਸੁਰਤ ਤੋਂ ਪਹਿਲਾਂ ਹੀ ਘਰੋਂ ਤੁਰ ਗਿਆ। ਮੈਨੂੰ ਤੇ ਮੇਰੀ ਭੈਣ ਨੂੰ ਮੇਰੀ ਮਾਂ ਦੇ ਦੋਸਤ ਨੇ ਪਾਲਿਆ, ਪੜ੍ਹਾਇਆ ਤੇ ਕੰਮਾਂ ਧੰਦਿਆਂ ‘ਤੇ ਲਗਦੇ ਕੀਤਾ। ਮੈਂ ਆਪਣੀ ਸੋਚ ਬਦਲਣ ਲਈ ਇਸ ਵਿਸ਼ੇ ‘ਤੇ ਬਹੁਤ ਕੁਝ ਪੜ੍ਹਿਆ ਵੀ ਤੇ ਬਹੁਤ ਸਾਰੇ ਮਨੋਵਿਗਿਆਨੀਆਂ ਤੋਂ ਸਲਾਹਾਂ ਵੀ ਲਈਆਂ। ਆਪਣੇ ਮਨ ਨਾਲ ਖੁਦ ਆਪ ਬਹੁਤ ਸਾਰੀ ਜੱਦੋ-ਜਹਿਦ ਕੀਤੀ। ਸੋਚਿਆ, ਇਨਸਾਨ ਦੇ ਸਰੀਰ ਦੀ ਹਰ ਕਿਰਿਆ, ਹਰ ਭਾਵਨਾ ਤੇ ਹਰ ਉਤੇਜਨਾ ਖਾਸ ਰਸਾਇਣਾਂ ਦੇ ਨਾਲ ਚੱਲਦੀ ਹੈ। ਸਰੀਰ ‘ਚ ਲੱਗੀਆਂ ਗ੍ਰੰਥੀਆਂ ਇਨ੍ਹਾਂ ਰਸਾਇਣਾਂ ਨੂੰ ਬਣਾਉਂਦੀਆਂ ਹਨ। ਕਈ ਵਾਰ ਕੋਈ ਗ੍ਰੰਥੀ ਵੱਧ ਜਾਂ ਘੱਟ ਰਸਾਇਣ ਬਣਾਉਣ ਲੱਗ ਜਾਂਦੀ ਹੈ ਤੇ ਇਨਸਾਨ ਦੀਆਂ ਬਹੁਤ ਸਾਰੀਆਂ ਕਿਰਿਆਵਾਂ, ਭਾਵਨਾਵਾਂ ਤੇ ਉਤੇਜਨਾਵਾਂ ਉਸ ਦੇ ਵੱਸ ਤੋਂ ਬਾਹਰ ਹੋ ਜਾਂਦੀਆਂ ਹਨ।…ਅਖੀਰ ਬਹੁਤ ਸਾਰੀ ਪੀੜਾ ਝੱਲਣ ਪਿਛੋਂ ਮੇਰਾ ਮਨ ਠੀਕ ਹੋ ਗਿਆ।”
ਬਾਹਰ ਖੜਕਾ ਘਟ ਗਿਆ ਸੀ। ਗੜੇ ਪੈਣੋਂ ਹਟ ਗਏ ਸਨ। ਮੁੜ ਮੀਂਹ ਪੈਣ ਲੱਗਾ ਸੀ। ਗੂਸ ਹੁਣ ਘਾਹ ਉਤੇ ਚੁੰਝ ਮਾਰ ਰਿਹਾ ਸੀ।
…ਤੇ ਡੈਨੀਅਲ ਆਪਣੀ ਗੱਲ ਅਰਾਮ ਨਾਲ ਸੁਣਾ ਰਿਹਾ ਸੀ, “ਸ਼ਾਰਲੀਨ ਹੁਣ ਪਹਿਲਾਂ ਨਾਲੋਂ ਵੀ ਮੇਰੇ ਵੱਧ ਨੇੜੇ ਹੈ। ਬੱਚੀ ਨੂੰ ਬਹੁਤ ਵਧੀਆ ਤਰੀਕੇ ਨਾਲ ਪਾਲ ਰਹੀ ਹੈ। ਉਹ ਬਹੁਤ ਹੀ ਚੰਗੀ ਮਾਂ ਹੈ ਤੇ ਖੂਬਸੂਰਤ ਦੋਸਤ ਹੈ। ਅਸੀਂ ਇੱਕ ਦੂਜੇ ਦੇ ਸਾਹ ‘ਚ ਸਾਹ ਲੈਂਦੇ ਹਾਂ। ਉਸ ਨੇ ਹੁਣ ਆਪਣੇ ਜਮਾਤੀਆਂ ਤੇ ਦੋਸਤਾਂ ਨੂੰ ਮਿਲਣਾ ਛੱਡ ਦਿੱਤਾ ਹੈ। ਉਸ ਦੇ ਮਿੱਤਰ ਮੁੰਡੇ ਨੇ ਵੀ ਵਿਆਹ ਕਰਵਾ ਲਿਆ ਹੈ। ਉਹ ਦੋਹੇਂ ਜੀਅ ਸਾਡੇ ਪਰਿਵਾਰਕ ਦੋਸਤਾਂ ਦੇ ਤੌਰ ‘ਤੇ ਇੱਕ ਦੋ ਵਾਰ ਸਾਨੂੰ ਮਿਲਣ ਵੀ ਆਏ ਹਨ…।”
ਡੈਨੀਅਲ ਗੱਲਾਂ ਕਰਦਾ-ਕਰਦਾ ਰੁਕ ਗਿਆ ਤੇ ਹਰਵੀਰ ਵੱਲ ਦੇਖਣ ਲੱਗਾ। ਹਰਵੀਰ ਦੇ ਚਿਹਰੇ ‘ਤੇ ਹੈਰਾਨੀ ਤੇ ਉਤਸੁਕਤਾ ਦੇ ਚਿੰਨ੍ਹ ਸਾਫ ਦਿਸਦੇ ਸਨ। ਜਾਪਦਾ ਸੀ, ਉਹ ਹੋਰ ਗੱਲਾਂ ਸੁਣਨਾ ਚਾਹੁੰਦਾ ਹੈ।
ਡੈਨੀਅਲ ਅੱਗੇ ਬੋਲਿਆ, “ਜੇ ਤੂੰ ਚਾਹੁੰਨੈਂ ਤਾਂ ਮੈਂ ਉਹ ਕੁਝ ਤੇਰੇ ਨਾਲ ਸਾਂਝਾ ਕਰ ਸਕਦਾਂ, ਜੋ ਕੁਝ ਮੈਂ ਪੜ੍ਹਿਆ, ਸੁਣਿਆ ਤੇ ਸਿੱਖਿਆ ਹੈ…।”
“ਹਾਂ, ਉਹ ਮੈਨੂੰ ਜਰੂਰ ਦੱਸ।”
ਡੈਨੀਅਲ ਦੱਸਣ ਲੱਗਾ, “ਸੰਭੋਗ ਤੇ ਪਿਆਰ ਨੂੰ ਵੱਖਰਾ ਵੱਖਰਾ ਦੇਖਣ ਦੀ ਲੋੜ ਹੈ। ਕਾਮ ਦੇ ਅੰਧਰਾਤੇ ਨੂੰ ਪਿਆਰ ਦਾ ਰੂਪ ਨਹੀਂ ਦਿੱਤਾ ਜਾ ਸਕਦਾ। ਕਈ ਵਾਰ ਇਸ ਅੰਧਰਾਤੇ ਵਿਚ ਤਕੜਾ ਸਾਥੀ ਕਮਜ਼ੋਰੇ ਨੂੰ ਦੱਬ ਲੈਂਦਾ ਹੈ। ਇਸ ਦਬਾਅ ਵਿਚੋਂ ਵਿਸਫੋਟ ਹੋ ਜਾਂਦਾ ਹੈ। ਗੱਲ ਫਿਰ ਮਾਰ-ਮਰਾਈ ਤੱਕ ਚਲੀ ਜਾਂਦੀ ਹੈ।…ਮਰਦ ਜਦ ਆਪਣੀ ਸਾਥਣ ਨਾਲ ਮਾਣੇ ਜਾਂਦੇ ਸੰਭੋਗ ਨੂੰ, ਉਸ ਵੱਲੋਂ ਦਿੱਤਾ ਇੱਕ ਸ਼ਾਨਦਾਰ ਤੋਹਫਾ ਮੰਨੇਗਾ, ਜੋ ਕਿ ਔਰਤ ਆਪਣੇ ਅਜ਼ਾਦ ਮਨ ਨਾਲ ਆਪਣੇ ਸਾਥੀ ਮੂਹਰੇ ਪਰੋਸ ਰਹੀ ਹੋਵੇ ਤਾਂ ਖੁਸ਼ੀਆਂ ਦੇ ਖਜਾਨੇ ਈਜਾਦ ਹੋਣਗੇ ਤੇ ਸਮਾਜ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਟ ਜਾਣਗੀਆਂ।”
ਹਰਵੀਰ ਡੈਨੀਅਲ ਨੂੰ ਪੁੱਛਣ ਲੱਗਾ, “ਕੀ ਸ਼ਾਰਲੀਨ ਦੇ ਕਿਸੇ ਹੋਰ ਨਾਲ ਸਰੀਰਕ ਸਬੰਧ ਰਹੇ ਨੇ?”
“ਉਸ ਦੇ ਕਿਸੇ ਨਾਲ ਸਰੀਰਕ ਸਬੰਧਾਂ ਬਾਰੇ ਤਾਂ ਮੈਨੂੰ ਪਤਾ ਨ੍ਹੀਂ। ਜੇ ਰਹੇ ਵੀ ਹੋਣ, ਜਾਂ ਭਾਵੇਂ ਹੁਣ ਵੀ ਹੋਣ, ਮੈਨੂੰ ਕੋਈ ਪ੍ਰਵਾਹ ਨ੍ਹੀਂ। ਮੈਨੂੰ ਇਹ ਪਤੈ, ਮੈਂ ਉਸ ਨੂੰ ਅੰਤਾਂ ਦਾ ਪਿਆਰ ਕਰਦਾਂ। ਪਿਆਰ ਇੱਕ ਸ਼ਾਨਾਂ-ਮੱਤੀਂ, ਜ਼ੋਰਦਾਰ ਤੇ ਠਾਠਾਂ ਮਾਰਦੀ, ਲਾਡਾਂ ਨਾਲ ਲੱਦੀ ਭਾਵਨਾਤਮਿਕ ਵੇਦਨਾ ਹੈ। ਇਸ ਰਾਹੀਂ ਵਜੂਦ ਤੋਂ ਅੱਗੇ ਪਰਮਸੱਤਾ ਤੱਕ ਪਹੁੰਚਿਆ ਜਾ ਸਕਦੈ। ਮੈਨੂੰ ਇਹ ਪਤੈ, ਪਿਆਰ ਦੇ ਵਿਚ ਧੋਖਾ ਖਾ ਕੇ ਮਰਦ, ਔਰਤ ਨਾਲੋਂ ਵੱਧ ਦੁਖੀ ਹੁੰਦੈ। ਕਹਿੰਦੇ ਨੇ ਕਿ ਪਿਆਰ ਦੀ ਬਾਜ਼ੀ ਹਾਰ ਕੇ ਮਰਦ, ਔਰਤ ਦੇ ਮੁਕਾਬਲੇ ਵੱਧ ਆਤਮਦਾਹ ਕਰਦੇ ਨੇ। ਔਰਤ ਵਿਚ ਜ਼ਿਆਦਾ ਸਹਿਣਸ਼ਕਤੀ ਹੁੰਦੀ ਐ। ਉਹ ਮਨ ਨੂੰ ਸਮਝਾ ਲੈਂਦੀ ਐ ਤੇ ਅਗਲੇ ਪੰਧ ‘ਤੇ ਤੁਰ ਪੈਂਦੀ ਐ। ਮਰਦ ਉਸੇ ਥਾਂ ‘ਤੇ ਰੁਕ ਜਾਂਦੈ। ਧਰਤੀ ਨੂੰ ਪਲਟਣ ਤੱਕ ਦੀਆਂ ਤਰਕੀਬਾਂ ਸੋਚਣ ਲਗਦੈ ਤੇ ਅੰਤ ਨੂੰ ਬੁਰੇ ਦੇ ਮੂੰਹ ਜਾ ਪੈਂਦੈ। ਮੈਂ ਕਦੇ ਵੀ ਬੁਰਾ ਨਹੀਂ ਸੋਚਿਆ। ਮੈਂ ਆਵਦੇ ਅੰਦਰ ਆਵਦੀ ਮਾਂ ਦੇ ਦੋਸਤ ਦੀ ਰੂਹ ਵਸਾ ਰੱਖੀ ਐ।”
ਡੈਨੀਅਲ ਦੀਆਂ ਗੱਲਾਂ ਨੇ ਹਰਵੀਰ ਦੇ ਮਨ ‘ਤੇ ਬਹੁਤ ਅਸਰ ਪਾਇਆ। ਉਹ ਬਹੁਤ ਰੋਇਆ। ਆਪਣੇ ਹੱਥਾਂ ‘ਤੇ ਦੰਦੀਆਂ ਵੱਢਣ ਲੱਗ ਪਿਆ। ਆਪਣੇ ਮੂੰਹ ‘ਤੇ ਆਪ ਹੀ ਥੱਪੜ ਮਾਰਨ ਲੱਗ ਪਿਆ। ਫਿਰ ਉਹ ਆਪਣੇ ਬਾਰੇ ਸੋਚ-ਸੋਚ ਕੇ ਹਰ ਰੋਜ਼ ਇੰਜ ਕਰਨ ਲੱਗਾ।
ਡੈਨੀਅਲ ਕੁਝ ਦਿਨਾਂ ਲਈ ਹੀ ਕਿਸੇ ਝੂਠੇ ਕੇਸ ਕਾਰਨ ਜੇਲ੍ਹ ‘ਚ ਆਇਆ ਸੀ ਤੇ ਛੇਤੀ ਹੀ ਬਰੀ ਹੋ ਗਿਆ ਤੇ ਚਲਾ ਗਿਆ।

ਹਰਵੀਰ ਦੇ ਪਿੰਡ ਦੇ ਗੁਆਂਢੀ ਪਿੰਡ ਦਾ ਪਰਿਵਾਰ ਕੈਨੇਡਾ ਰਹਿੰਦਾ ਸੀ। ਉਨ੍ਹਾਂ ਦੇ ਤਿੰਨ ਮੁੰਡੇ ਸਨ। ਵਿਚਕਾਰਲਾ ਮੁੰਡਾ ਹਰਵੀਰ ਦਾ ਦੋਸਤ ਸੀ, ਪੰਜਾਬ ‘ਚ ਉਹ ਕਾਲਜ ‘ਚ ‘ਕੱਠੇ ਪੜ੍ਹੇ ਸਨ। ਸਭ ਤੋਂ ਪਹਿਲਾਂ, ਵੱਡਾ ਆਪਣੀ ਮਾਸੀ ਦੀ ਗੋਦ ਪੈ ਕੇ ਪੱਕੇ ਤੌਰ ‘ਤੇ ਕੈਨੇਡਾ ਆਇਆ ਸੀ। ਉਸ ਦਾ ਵਿਚਕਾਰਲਾ ਭਾਈ ਰਮਨ ਨਾਂ ਦੀ ਕੁੜੀ ਨਾਲ ਪੰਜਾਬ ‘ਚ ਮੰਗਿਆ ਹੋਇਆ ਸੀ। ਪਰਿਵਾਰ ਦੀ ਸਕੀਮ ਮੁਤਾਬਿਕ ਕੈਨੇਡਾ ਵੱਸਦੇ ਵੱਡੇ ਭਰਾ ਨੇ ਕਾਗਜ਼ੀ-ਵਿਆਹ ਕਰਾ ਕੇ ਰਮਨ ਕੈਨੇਡਾ ਸੱਦ ਲਈ। ਦੋ ਕੁ ਸਾਲਾਂ ਪਿੱਛੋਂ ਉਨ੍ਹਾਂ ਨੇ ਕਾਗਜ਼ਾਂ ਵਾਲੇ ਵਿਆਹ ਦਾ ਅੰਤ ਕਰ ਦਿੱਤਾ। ਰਮਨ ਆਪਣੇ ਪਹਿਲੇ ਮੰਗੇਤਰ ਨਾਲ ਪੰਜਾਬ ਜਾ ਕੇ ਵਿਆਹ ਕਰਾ ਆਈ ਤੇ ਉਹ ਕੈਨੇਡਾ ਆ ਗਿਆ। ਹੌਲੀ-ਹੌਲੀ ਸਾਰਾ ਪਰਿਵਾਰ ਆ ਗਿਆ।
ਹਰਵੀਰ ਹਰ ਸਾਲ ਗਰਮੀਆਂ ‘ਚ ਕੈਨੇਡਾ ਕਬੱਡੀ ਖੇਡਣ ਆਉਂਦਾ ਹੁੰਦਾ ਸੀ। ਉਦੋਂ ਉਹ ਭਰ ਜਵਾਨ ਸੀ। ਸੋਹਣਾ ਸੀ। ਕਬੱਡੀ ਪਾਉਣ ਗਿਆ ਹਰ ਵਾਰ ਨੰਬਰ ਲੈ ਕੇ ਹੀ ਆਉਂਦਾ ਸੀ ਤੇ ਜੇ ਕਿਸੇ ਨੂੰ ਜੱਫਾ ਮਾਰ ਲੈਂਦਾ ਤਾਂ ਉਸ ਨੂੰ ਲੰਘਣ ਨਹੀਂ ਸੀ ਦਿੰਦਾ। ਉਸ ਦੇ ਹੱਥ ਜਿੰਦਿਆਂ ਵਾਂਗ ਅੜ ਜਾਂਦੇ ਸਨ। ਉਹ ਕੈਨੇਡਾ ਆ ਕੇ ਹਰ ਵਾਰ ਆਪਣੇ ਦੋਸਤ ਦੀ ਬੇਸਮੈਂਟ ਵਿਚ ਰਹਿੰਦਾ ਸੀ। ਉਸ ਵਰ੍ਹੇ ਵੀ ਉਹ ਉਨ੍ਹਾਂ ਦੀ ਬੇਸਮੈਂਟ ਵਿਚ ਰਿਹਾ। ਉਸ ਦਾ ਦੋਸਤ ਤੇ ਉਸ ਦੇ ਦੂਜੇ ਦੋਹੇਂ ਭਰਾ ਟਰੱਕ ਚਲਾਉਂਦੇ ਸਨ। ਉਹ ਸਵੇਰੇ ਛੇ ਵਜੇ ਘਰੋਂ ਤੁਰ ਜਾਂਦੇ ਸਨ ਤੇ ਰਾਤ ਨੂੰ ਛੇ-ਸੱਤ ਵਜੇ ਮੁੜਦੇ ਸਨ। ਹਰਵੀਰ ਲੇਟ ਉਠਦਾ ਸੀ। ਰਮਨ ਉਸ ਨੂੰ ਚਾਹ ਪਾਣੀ ਦੇਣ ਆਉਂਦੀ ਹੁੰਦੀ। ਉਹ ਉਸ ਨੂੰ ਆਪਣੀ ਭੈਣ ਵਾਂਗ ਸਮਝਦਾ ਸੀ।
ਇੱਕ ਦਿਨ ਹਰਵੀਰ ਸੁੱਤਾ ਪਿਆ ਸੀ। ਧੁੱਪ ਚੜ੍ਹ ਗਈ ਸੀ। ਕੰਮਾਂ ਧੰਦਿਆਂ ਵਾਲੇ ਲੋਕ ਕੰਮਾਂ ‘ਤੇ ਜਾ ਲੱਗੇ ਸਨ। ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸ ਦੇ ਨਾਲ ਪਿਆ ਹੋਵੇ ਤੇ ਫਿਰ ਕਿਸੇ ਨੇ ਉਸ ਨੂੰ ਬਾਂਹਾਂ ‘ਚ ਘੁੱਟ ਲਿਆ। ਉਸ ਨੇ ਜਦ ਅੱਖਾਂ ਖੋਲ੍ਹੀਆਂ ਤਾਂ ਉਹ ਰਮਨ ਦੀਆਂ ਬਾਂਹਾਂ ‘ਚ ਸੀ। ਉਹ ਬਹੁਤ ਹੀ ਤੇਜ਼ੀ ਨਾਲ ਉਸ ਦੀਆਂ ਬਾਂਹਾਂ ‘ਚੋਂ ਨਿਕਲ ਗਿਆ ਤੇ ਪਰ੍ਹਾਂ ਖੜ੍ਹ ਕੇ ਕਹਿਣ ਲੱਗਾ, “ਭਾਬੀ ਜੀ, ਮਾਫ ਕਰਨਾ…! ਇਹ ਗੱਲ ਗਲਤ ਐ…!”
ਰਮਨ ਹੌਲੀ ਜਿਹੇ ਉਸ ਦੇ ਨੇੜੇ ਹੋਈ ਤੇ ਕਹਿਣ ਲੱਗੀ, “ਹਰਵੀਰ, ਕੁਝ ਵੀ ਗਲਤ ਨ੍ਹੀਂ। ਮੇਰੇ ਬਾਰੇ ਜੇ ਤੂੰ ਸੱਚ ਸੁਣੇਗਾ ਤਾਂ ਸੋਚੇਂਗਾ ਕਿ ਕੁਝ ਵੀ ਗਲਤ ਨ੍ਹੀਂ…।”
ਉਹ ਅੱਖਾਂ ਭਰ ਕੇ ਦੱਸਣ ਲੱਗੀ, “ਅੱਜ ਤੱਕ ਮੇਰਾ ਕੋਈ ਵੀ ਨ੍ਹੀਂ ਬਣਿਆ। ਪਹਿਲਾਂ ਵੱਡੇ ਨੇ ਮੈਨੂੰ ਕੈਨੇਡਾ ਬੁਲਾ ਕੇ…ਹੁਣ ਤਿੰਨੇ ਭਾਈ ਮੇਰੇ ਨਾਲ਼..। ਮੈਨੂੰ ਤਾਂ ਇਹ ਵੀ ਨ੍ਹੀਂ ਪਤਾ ਕਿ ਮੇਰੀਆਂ ਦੋਹਾਂ ਕੁੜੀਆਂ ਦਾ ਬਾਪ ਕਿਹੜੈ? ਹਾੜੇ! ਤੂੰ ਮੈਨੂੰ ਨਾਂਹ ਨਾ ਕਰੀਂ। ਤੂੰ ਮੇਰਾ ਬਣ ਜਾ, ਮੇਰੀ ਬਾਂਹ ਫੜ੍ਹ ਲੈ।”
ਰਮਨ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਤੇ ਹਰਵੀਰ ਨਾਲ ਵਿਆਹ ਕਰਾ ਲਿਆ ਸੀ।
ਉਨ੍ਹਾਂ ਦੀ ਬਹੁਤਾ ਚਿਰ ਨਿਭੀ ਨਾ। ਜਦ ਰਮਨ ਆਪਣੀਆਂ ਕੁੜੀਆਂ ਨੂੰ ਮਿਲਣ ਜਾਂਦੀ ਤਾਂ ਹਰਵੀਰ ਉਸ ‘ਤੇ ਸ਼ੱਕ ਕਰਦਾ। ਉਹ ਕਈ ਵਾਰ ਕਹਿ ਦਿੰਦਾ, “ਮਿਲ ਆਈ ਖਸਮਾਂ ਨੂੰ…।” ਛੇਤੀ ਹੀ ਉਨ੍ਹਾਂ ਦਾ ਤਲਾਕ ਹੋ ਗਿਆ।
…ਤੇ ਫਿਰ ਹਰਵੀਰ ਸਿਆਲ ‘ਚ ਪੰਜਾਬ ਜਾ ਪਹੁੰਚਿਆ। ਜਲੰਧਰ ਦੇ ਇੱਕ ਕਾਲਜ ‘ਚ ਐਮ. ਏ. ਕਰਦੀ ਨਰਮੇਂ ਦੇ ਫੁੱਟ ਵਰਗੀ ਕੁੜੀ ਨਾਲ ਵਿਆਹ ਕਰਾ ਲਿਆ। ਪਿੰਦਰ ਹਰਵੀਰ ਤੋਂ ਕਈ ਸਾਲ ਛੋਟੀ ਸੀ। ਇਹ ਇਸ ਤਰ੍ਹਾਂ ਦਾ ਮੇਲ ਸੀ ਜਿਵੇਂ ਫਲੋਰਿਡਾ ਦੇ ਸੰਗਤਰੇ ਨਾਲ ਫਾਜ਼ਿਲਕਾ ਦਾ ਰਸਮੋੜ ਕੀਨੂ ਜੁੜਿਆ ਹੋਵੇ।
ਪਿੰਦਰ ਐਮ. ਏ. ਵਿਚੇ ਛੱਡ ਕੇ ਕੈਨੇਡਾ ਆ ਗਈ। ਉਦੋਂ ਹਰਵੀਰ ਟਰੱਕ ਚਲਾਉਣ ਲੱਗ ਪਿਆ ਸੀ। ਉਸ ਨੇ ਨਾਲ ਹੀ ਪਿੰਦਰ ਨੂੰ ਲਾਇਸੈਂਸ ਦਿਵਾ ਦਿੱਤਾ। ਦੋਨੇਂ ਚੰਗੇ ਡਾਲਰ ਬਣਾਉਣ ਲੱਗ ਪਏ।
ਹਰਵੀਰ ਦੇ ਮਾਂ-ਬਾਪ ਤੇ ਛੋਟੀ ਭੈਣ ਕੈਨੇਡਾ ਆ ਗਏ। ਛੋਟੀ ਭੈਣ ਨੇ ਕੈਨੇਡਾ ਆ ਕੇ ਝੱਜੂ ਪਾ ਲਿਆ, ਅਖੇ; ਮੈਂ ਤਾਂ ਆਪਣੇ ਨਾਲ ਪੜ੍ਹਦੇ ਮੁੰਡੇ ਨੂੰ ਪਿਆਰ ਕਰਦੀ ਆਂ। ਉਸੇ ਨਾਲ ਵਿਆਹ ਕਰਾਊਂ ਤੇ ਕਨੇਡੇ ਸੱਦੂੰ…। ਕੁੜੀ ਦੀ ਜਿੱਦ ਅੱਗੇ ਪਰਿਵਾਰ ਨੂੰ ਝੁਕਣਾ ਪਿਆ।
ਪਿੰਦਰ ਦੇ ਦੋ ਧੀਆਂ ਜੰਮੀਆਂ। ਉਹ ਹੋਰ ਬੱਚਾ ਨਹੀਂ ਚਾਹੁੰਦੀ ਸੀ, ਪਰ ਪਰਿਵਾਰ ਕੁੜੀਆਂ ਨੂੰ ਬੱਚੇ ਨਹੀਂ ਸਮਝਦਾ ਸੀ। ਉਹ ਮੁੰਡਾ ਚਾਹੁੰਦੇ ਸਨ। ਸਾਰਾ ਟੱਬਰ ਉਸ ਦੇ ਮਗਰ ਪਿਆ ਰਹਿੰਦਾ। ਉਹ ਟਾਲਦੀ ਰਹਿੰਦੀ। ਸਭ ਤੋਂ ਵੱਧ ਪਿੰਦਰ ਦੀ ਨਣਦ ਉਸ ਦੇ ਵਾਦ ਪਈ ਸੀ। ਪਿੰਦਰ ਉਸ ਦੀ ਗੱਲ ਸੁਣਨੋਂ ਹਟ ਗਈ। ਨਣਦ ਨੇ ਸੋਚਿਆ ਕਿ ਉਸ ਦੀ ਭਰਜਾਈ ਪਰਿਵਾਰ ਦੇ ਹੱਥਾਂ ‘ਚੋਂ ਨਿਕਲ ਰਹੀ ਹੈ, ਉਸ ਨੇ ਆਪਣੀ ਭਰਜਾਈ ‘ਤੇ ਝੂਠੀਆਂ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਬਿਨਾ ਕਿਸੇ ਗੱਲੋਂ ਹੀ ਹਰਵੀਰ ਨੂੰ ਭੜਕਾ ਦਿੰਦੀ ਤੇ ਉਹ ਬਿਨਾ ਸੱਚ ਜਾਣੇ ਹੀ ਪਿੰਦਰ ਨੂੰ ਕੁੱਟ ਦਿੰਦਾ।
ਹੌਲੀ-ਹੌਲੀ ਪਿੰਦਰ ਪਰਿਵਾਰ ਦੇ ਸਾਰੇ ਜੀਆਂ ਨਾਲੋਂ ਮਾਨਸਿਕ ਤੌਰ ‘ਤੇ ਟੁੱਟ ਗਈ। ਉਹ ਜਦ ‘ਕੱਲੀ ਕਿਤੇ ਘਰੋਂ ਬਾਹਰ ਜਾਂਦੀ ਤਾਂ ਬਹੁਤੀ ਵਾਰ ਉਸ ਦੀ ਨਣਦ ਲੁਕ ਕੇ ਉਸ ਦਾ ਪਿੱਛਾ ਕਰਦੀ। ਉਹ ਦੇਖਦੀ ਕਿ ਪਿੰਦਰ ਕਿੱਥੇ ਜਾਂਦੀ ਹੈ ਤੇ ਕਿਸ ਨੂੰ ਮਿਲਦੀ ਹੈ? ਪਰ ਨਣਦ ਆਪਣੀ ਭਰਜਾਈ ਦੀ ਕੋਈ ਵੀ ਗਲਤ ਗੱਲ ਨਾ ਲੱਭ ਸਕੀ।
ਕੋਈ ਵਾਹ ਨਾ ਚੱਲਦੀ ਦੇਖ ਕੇ ਨਣਦ ਨੇ ਇੱਕ ਨਵੀਂ ਸਕੀਮ ਕੱਢੀ। ਉਸ ਨੇ ਆਪਣੇ ਭਰਾ ਨੂੰ ਇਹ ਜਚਾ ਦਿੱਤਾ ਕਿ ਪਿੰਦਰ ਦੇ ਕਿਸੇ ਪਰਾਏ ਮਰਦ ਨਾਲ ਸਬੰਧ ਹਨ। ਇਸ ਨਵੀਂ ਘਾੜਤ ਨੇ ਪਿੰਦਰ ਨੂੰ ਕੈਦਣ ਹੀ ਬਣਾ ਦਿੱਤਾ।

ਲੋਹੜੀ ਲੰਘ ਗਈ ਸੀ। ਪਿੰਦਰ ਆਪਣੀਆਂ ਬੱਚੀਆਂ ਨਾਲ ਪੰਜਾਬ ਜਾ ਰਹੀ ਸੀ। ਹਵਾਈ ਅੱਡੇ ‘ਤੇ ਉਸ ਦਾ ਕਾਲਜ ਵੇਲੇ ਦਾ ਜਮਾਤੀ ਰੇਸ਼ਮ ਮਿਲ ਗਿਆ। ਦੁਆ ਸਲਾਮ ਪਿਛੋਂ ਘਰ ਪਰਿਵਾਰ ਦੀਆਂ ਗੱਲਾਂ ਚੱਲ ਪਈਆਂ। ਗੱਲਾਂ ਕਰਦਿਆਂ ਪਿੰਦਰ ਦਾ ਰੋਣ ਨਿਕਲ ਗਿਆ। ਹਵਾਈ ਅੱਡੇ ‘ਤੇ ਲੋਕਾਂ ਦੇ ਸਾਹਮਣੇ ਰੋਂਦੀ ਪਿੰਦਰ ਨੂੰ ਰੇਸ਼ਮ ਨੇ ਮਸਾਂ ਚੁੱਪ ਕਰਾਇਆ। ਰੇਸ਼ਮ ਵੀ ਪੰਜਾਬ ਚੱਲਿਆ ਸੀ। ਉਨ੍ਹਾਂ ਨੇ ਇੱਕ ਹੀ ਜਹਾਜ ਵਿਚ ਜਾਣਾ ਸੀ। ਉਹ ਚਾਰੇ ਇੱਕ ਹੀ ਸੀਟ ‘ਤੇ ਬੈਠ ਗਏ। ਜਹਾਜ ਉਡ ਪਿਆ ਤੇ ਪਿੰਦਰ ਦੀ ਕਿਸਮਤ ਵੀ ਹੋਰ ਪਾਸੇ ਨੂੰ ਉਡ ਪਈ। ਬੱਚੀਆਂ ਖਾਣਾ ਖਾ ਕੇ ਸੌਂ ਗਈਆਂ। ਪਿੰਦਰ ਤੇ ਰੇਸ਼ਮ ਗੱਲਾਂ ਕਰਨ ਲੱਗ ਪਏ। ਉਹ ਮੁੜ ਭਾਵੁਕ ਹੋ ਗਈ ਤੇ ਰੇਸ਼ਮ ਦੇ ਮੋਢੇ ‘ਤੇ ਸਿਰ ਰੱਖ ਕੇ ਰੋਣ ਲੱਗ ਪਈ।
ਪੰਜਾਬ ਜਾ ਕੇ ਉਹ ਦੋਨੇਂ ਕਈ ਵਾਰ ਮਿਲੇ ਤੇ ਵਾਪਸ ਕੈਨੇਡਾ ਨੂੰ ‘ਕੱਠੇ ਹੀ ਆਏ। ਜਦ ਪਿੰਦਰ ਦੁਖੀ ਹੁੰਦੀ ਸੀ ਤਾਂ ਉਹ ਆਪਣਾ ਮਨ ਹਲਕਾ ਕਰਨ ਲਈ ਰੇਸ਼ਮ ਨੂੰ ਮਿਲਦੀ ਸੀ। ਉਹ ਉਸ ਨੂੰ ਬਹੁਤ ਸਾਰੀਆਂ ਯੋਗ ਸਲਾਹਾਂ ਦੇ ਦਿੰਦਾ ਸੀ।
ਘਰ ਵਿਚੋਂ ਕਲੇਸ ਖਤਮ ਕਰਨ ਦੇ ਇਰਾਦੇ ਨਾਲ ਪਿੰਦਰ ਗਰਭਵਤੀ ਹੋ ਗਈ। ਏਕੀਨੇਸੀਆ ਦੇ ਫੁੱਲ ਵਰਗਾ ਪੁੱਤ ਜੰਮ ਪਿਆ। ਸਾਰਾ ਟੱਬਰ ਖੁਸ਼ ਹੋ ਗਿਆ।
…ਜ਼ਿੰਦਗੀ ਤੁਰਦੀ ਗਈ। ਪਿੰਦਰ ਮੁੜ ਹਰਵੀਰ ਨਾਲ ਟਰੱਕ ‘ਤੇ ਜਾਣ ਲੱਗ ਪਈ। ਉਹ ਆਪਣਾ ਫੋਨ ਬਹੁਤ ਜਿਆਦਾ ਸਾਂਭ-ਸਾਂਭ ਰੱਖਦੀ ਸੀ। ਹਰਵੀਰ ਭਾਵੇਂ ਪਹਿਲਾਂ ਹੀ ਸ਼ੱਕ ਕਰਦਾ ਸੀ, ਪਰ ਫੋਨ ਹੁਣ ਜ਼ਿਆਦਾ ਵੱਡੇ ਸ਼ੱਕ ਦਾ ਜ਼ਰੀਆ ਬਣ ਗਿਆ। ਉਹ ਉਸ ਦਾ ਫੋਨ ਚੋਰੀ ਚੁੱਕ ਕੇ ਦੇਖ ਲੈਂਦਾ।
ਇੱਕ ਦਿਨ ਉਹ ਟਰੱਕ ‘ਤੇ ਸਨ, ਪਿੰਦਰ ਦੇ ਫੋਨ ਦੀ ਇੱਕ ਮਿਸ ਕਾਲ ਉਤੇ ਹਰਵੀਰ ਨੇ ਫੋਨ ਰੀਡਾਇਲ ਕਰ ਲਿਆ। ਅੱਗੋਂ ਅਵਾਜ਼ ਆਈ, “ਹੈਲੋ ਜੀ! ਕੀ ਹਾਲ ਐ…?” ਅਵਾਜ਼ ਕਿਸੇ ਮਰਦ ਦੀ ਸੀ। ਹਰਵੀਰ ਕੁਝ ਨਾ ਬੋਲਿਆ ਤੇ ਫੋਨ ਬੰਦ ਕਰ ਦਿੱਤਾ।
ਗੇੜਾ ਲਾ ਕੇ ਉਹ ਮੁੜ ਆਏ। ਆਥਣ ਦਾ ਵੇਲਾ ਸੀ। ਉਨ੍ਹਾਂ ਨੇ ਟਰੱਕ ਆ ਕੇ ਯਾਰਡ ਵਿਚ ਖੜ੍ਹਾ ਦਿੱਤਾ। ਟਰੇਲਰ ਸਾਫ ਕਰਨ ਵਾਲਾ ਸੀ। ਹਰਵੀਰ ਲਾਗ-ਬੁੱਕ ਅਤੇ ਹੋਰ ਕਾਗਜ਼ ਸਾਂਭਦਾ ਕਹਿਣ ਲੱਗਾ, “ਪਿੰਦਰ, ਟਰੇਲਰ ‘ਚ ਝਾੜੂ ਮਾਰ ਦੇ।”
“ਕੱਲ੍ਹ ਨੂੰ ਆ ਕੇ ਮਾਰ ਲਵਾਂਗੇ।” ਉਹ ਕਹਿਣ ਲੱਗੀ।
ਇਸ ‘ਤੇ ਹਰਵੀਰ ਤੰਗ ਹੋ ਗਿਆ ਤੇ ਖਿਝ ਕੇ ਬੋਲਿਆ, “ਜਾ ਕੇ ਕਿਸੇ ਯਾਰ ਨੂੰ ਮਿਲਣਾ ਹੋਊ…।”
ਅੱਗੋਂ ਪਿੰਦਰ ਵੀ ਬੋਲ ਪਈ ਤੇ ਦੁਖੀ ਹੋ ਕੇ ਟਰੇਲਰ ਵਿਚ ਚੜ ਕੇ ਝਾੜੂ ਮਾਰਨ ਲੱਗ ਪਈ। ਥੋੜ੍ਹੇ ਚਿਰ ਪਿਛੋਂ ਹਰਵੀਰ ਵੀ ਟਰੇਲਰ ‘ਚ ਆ ਚੜ੍ਹਿਆ ਤੇ ਕਹਿਣ ਲੱਗਾ, “ਅੱਜ ਕੱਲ੍ਹ ਮੂਹਰੇ ਬਹੁਤ ਬੋਲਣ ਲੱਗ ਪੀ…।”
ਪਿੰਦਰ ਚੁੱਪ ਰਹੀ।
ਹਰਵੀਰ ਨੂੰ ਪਿੰਦਰ ਦੇ ਫੋਨ ‘ਤੇ ਆਈ ਮਿਸ ਕਾਲ ਵਾਲਾ ਗੁੱਸਾ ਸੀ। ਉਸ ਨੇ ਚੁੱਪ ਕਰੀ ਝਾੜੂ ਮਾਰਦੀ ਪਿੰਦਰ ਨੂੰ ਧੱਕਾ ਦੇ ਦਿੱਤਾ। ਉਹ ਡਿਗ ਪਈ ਤੇ ਗੁੱਸੇ ਵਿਚ ਉਚੀ ਬੋਲ ਪਈ…ਤੇ ਫਿਰ ਹਰਵੀਰ ਨੇ ਆਪਣੀ ਪੂਰੀ ਮਰਦਾਨਗੀ ਦਿਖਾ ਦਿੱਤੀ। ਉਸ ਨੇ ਡਿੱਗੀ ਪਈ ਪਿੰਦਰ ਨੂੰ ਲੱਤਾਂ, ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਕਿਹੜੇ ਵੇਲੇ ਟਰੇਲਰ ‘ਚ ਪਈ ਲੋਡ-ਬਾਰ ਪਿੰਦਰ ਦੇ ਹੱਥ ਆ ਗਈ ਤੇ ਉਸ ਨੇ ਚੁੱਕ ਕੇ ਆਪਣੇ ਬਚਾਅ ਲਈ ਹਰਵੀਰ ਦੇ ਮੂਹਰੇ ਕਰ ਲਈ ਤੇ ਹਰਵੀਰ ਦੀ ਲੱਤ ਲੋਡ-ਬਾਰ ‘ਤੇ ਵੱਜੀ। ਫਿਰ ਗੁੱਸੇ ਦੀ ਹਨੇਰੀ ਵਿਚ ਉਸ ਨੇ ਪਿੰਦਰ ਕੋਲੋਂ ਲੋਡ-ਬਾਰ ਖੋਹ ਲਈ ਤੇ ਵਿਚਕਾਰੋਂ ਖੋਲ੍ਹ ਕੇ ਭਾਰੀ ਪਾਸੇ ਨਾਲ ਪਿੰਦਰ ਨੂੰ ਅੰਨ੍ਹੇਵਾਹ ਕੁੱਟਣ ਲੱਗ ਪਿਆ। ਉਸ ਵਕਤ ਤੱਕ ਮਾਰਦਾ ਰਿਹਾ ਜਦ ਤੱਕ ਪਿੰਦਰ ਦਾ ਸਰੀਰ ਹਰਕਤ ਵਿਚ ਰਿਹਾ। ਅਖੀਰ ਨੂੰ ਪਿੰਦਰ ਨੇ ਆਪਣਾ ਸਿਰ ਬਹੁਤ ਹੀ ਜ਼ੋਰ ਨਾਲ ਉਤੇ ਨੂੰ ਚੁੱਕ ਕੇ ਉਠਣ ਦੀ ਕੋਸ਼ਿਸ਼ ਕੀਤੀ ਤੇ ਹਿਚਕੀ ਜਿਹੀ ਲੈ ਕੇ ਸ਼ਾਂਤ ਹੋ ਗਈ…। ਹਰਵੀਰ ਨੇ ਲੋਡ-ਬਾਰ ਉਸ ਦੇ ਸਿਰ ‘ਚ ਮਾਰ ਕੇ ਪਰ੍ਹਾਂ ਸੁੱਟ ਦਿੱਤੀ।
ਸਬੱਬੀਂ ਉਸ ਵਕਤ ਯਾਰਡ ਵਿਚ ਕੋਈ ਹੋਰ ਡਰਾਈਵਰ ਹੈ ਨਹੀਂ ਸੀ। ਹਰਵੀਰ ਟਰੇਲਰ ਵਿਚੋਂ ਉਤਰ ਕੇ ਟਰੱਕ ‘ਚ ਬੈਠ ਗਿਆ ਤੇ ਕਾਫੀ ਸਮਾਂ ਬੈਠਾ ਰਿਹਾ।
ਰਾਤ ਦੇ ਹਨੇਰੇ ਵਿਚ ਹਰਵੀਰ ਪਿੰਦਰ ਦੀ ਲਾਸ਼ ਨੂੰ ਕਾਰ ਵਿਚ ਰੱਖ ਕੇ ਤੁਰ ਪਿਆ। ਇੱਕ ਸੁੰਨੀ ਜਿਹੀ ਸੜਕ ਦੇ ਕਿਨਾਰੇ ‘ਤੇ ਕਾਰ ਰੋਕ ਕੇ, ਉਸ ਨੇ ਕਾਰ ਨੂੰ ਅੱਗ ਲਾ ਦਿੱਤੀ ਤੇ ਉਥੋਂ ਭੱਜ ਤੁਰਿਆ। ਉਸ ਨੂੰ ਭੱਜੇ ਜਾਂਦੇ ਨੂੰ ਇੱਕ ਗੋਰੇ ਨੇ ਦੇਖ ਲਿਆ ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਅਧਸੜੀ ਲਾਸ਼ ਕਾਰ ਵਿਚੋਂ ਕੱਢ ਲਈ।
ਬਹੁਤ ਸਾਰੇ ਪੱਕੇ ਸਬੂਤ ਪੁਲਿਸ ਦੇ ਹੱਥ ਲੱਗ ਗਏ। ਪੁਲਿਸ ਨੇ ਹਰਵੀਰ ਨੂੰ ਫੜ ਲਿਆ। ਕੇਸ ਚੱਲ ਪਿਆ। ਕੇਸ ਦੀ ਕਾਰਵਾਈ ਦੌਰਾਨ ਕਈ ਗਵਾਹ ਭੁਗਤੇ। ਪਿੰਦਰ ਦੀ ਇੱਕ ਸਹੇਲੀ ਵੀ ਗਵਾਹੀ ਦੇਣ ਆਈ। ਉਸ ਨੂੰ ਪਿੰਦਰ ਬਾਰੇ ਸਭ ਕੁਝ ਪਤਾ ਸੀ। ਉਸ ਨੇ ਦੱਸਿਆ ਕਿ ਪਿੰਦਰ ਕਹਿੰਦੀ ਸੀ ਕਿ ਮੈਂ ਆਪਣੇ ਜਮਾਤੀ ਰੇਸ਼ਮ ਨਾਲ ਦੁੱਖ ਸੁੱਖ ਸਾਂਝੇ ਕਰਨ ਲਈ ਮਿਲਦੀ ਹਾਂ। ਉਸ ਦੀ ਪਤਨੀ ਮੈਨੂੰ ਸਕੀਆਂ ਭੈਣਾਂ ਤੋਂ ਵੱਧ ਪਿਆਰ ਕਰਦੀ ਹੈ, ਪਰ ਹਰਵੀਰ ਮੇਰੇ ‘ਤੇ ਗਲਤ ਸ਼ੱਕ ਕਰਦਾ ਹੈ।
ਫੋਟੋ ਦਿਖਾ ਕੇ ਪਿੰਦਰ ਦੀ ਵੱਡੀ ਧੀ ਤੋਂ ਵੀ ਰੇਸ਼ਮ ਬਾਰੇ ਪੁੱਛਿਆ ਗਿਆ। ਉਹ ਕਹਿਣ ਲੱਗੀ ਕਿ ਇਹ ਆਦਮੀ ਸਾਡੇ ਨਾਲ ਪੰਜਾਬ ਗਿਆ ਸੀ। ਮੈਂ ਇਸ ਨੂੰ ਅੰਕਲ ਕਹਿ ਕੇ ਬੁਲਾਇਆ ਸੀ।
…ਪਹਿਲੀ ਪੇਸ਼ੀ ‘ਤੇ ਹਰਵੀਰ ਸਾਫ ਮੁੱਕਰ ਗਿਆ। ਉਸ ਪਿਛੋਂ ਉਸ ਦਾ ਮੇਲ ਡੈਨੀਅਲ ਨਾਲ ਹੋ ਗਿਆ। ਦੂਜੀ ਪੇਸ਼ੀ ਵੇਲੇ ਅਦਾਲਤ ਵਿਚ ਵੜਦਾ ਹੀ ਉਹ ਧਾਹਾਂ ਮਾਰ ਕੇ ਰੋਣ ਲੱਗ ਪਿਆ ਤੇ ਆਪਣਾ ਗੁਨਾਹ ਕਬੂਲ ਕਰ ਲਿਆ…।