ਯਾਰਾਂ ਦੀ ਮਸੀਤ ਵੱਖਰੀ-2

ਪੰਜਾਬ ਦੇ ਜੰਮੇ-ਪਲੇ ਅਤੇ ਲੰਡਨ (ਵਲਾਇਤ) ਵਿਚ ਵੱਸਣ ਵਾਲੇ ਅਮੀਨ ਮਲਿਕ ਦਾ ਸਦੀਵੀ ਵਿਛੋੜਾ ਦੁੱਖ ਦੇਣ ਵਾਲਾ ਹੈ। ਉਹਦੇ ਅੰਦਰ ਆਪਣਾ ਪੰਜਾਬ ਆਬਾਦ ਸੀ ਅਤੇ ਇਹ ਹਰ ਵਕਤ ਮੌਲਦਾ-ਵਿਗਸਦਾ ਰਹਿੰਦਾ ਸੀ। ਉਹਨੇ ਆਪਣੀਆਂ ਕਹਾਣੀਆਂ ਦੇ ਹਰ ਕਿਰਦਾਰ ਨੂੰ ਅੰਦਰੋਂ-ਬਾਹਰੋਂ ਇਸ ਤਰ੍ਹਾਂ ਫਰੋਲਿਆ ਕਿ ਪਾਠਕ ਨੂੰ ਇਸ ਕਿਰਦਾਰ ਨਾਲ ਅਪਣੱਤ ਹੋ ਜਾਂਦੀ ਹੈ। ਉਸ ਨੂੰ ਯਾਦ ਕਰਦਿਆਂ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਦਾ ਇਕ ਲੰਮਾ ਲੇਖ ਛਾਪ ਰਹੇ ਹਾਂ, ਜਿਸ ਦੀ ਦੂਜੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।

-ਸੰਪਾਦਕ

ਅਮੀਨ ਮਲਿਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਆਰਿਫ ਉਨ੍ਹਾਂ ਦਿਨਾਂ ਵਿਚ ਨਵਾਂ-ਨਵਾਂ ਬਾਲਾਂ ਨੂੰ ਲੈ ਕੇ ਪਾਕਿਸਤਾਨੋਂ ਲੰਦਨ ਅਇਆ ਸੀ। ਨਾ ਇਸ ਦੇਸ਼ (ਇੰਗਲੈਂਡ) ਦੀ ਚਮਕ ਨੇ ਅਜੇ ਉਸ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਸਨ ਤੇ ਨਾ ਹੀ ਉਸ ਦਾ ਦਿਲ ਚਾਂਦੀ ਦੇ ਰੁਪਏ ਜਿਹਾ ਸਖਤ ਹੋਇਆ ਸੀ। ਮਾਇਆ ਦਾ ਮੋਤੀਆ ਅਜੇ ਅੱਖਾਂ ਵਿਚ ਨਹੀਂ ਸੀ ਉਤਰਿਆ ਤੇ ਨਾ ਹੀ ਦੀਦੇ ਬੇਦੀਦੇ ਹੋਏ ਸਨ। ਮੁਨੀਰ ਦੀ ਮਾਂ ਦਾ ਅਫੋਸਸ ਕੀਤਾ ਤੇ ਵੇਲਾ ਅੱਗੇ ਨੂੰ ਲੈ ਤੁਰਿਆ।
ਕਈ ਦਿਨਾਂ ਪਿੱਛੋਂ ਇਕ ਦਿਨ ਮੁਨੀਰ ਦੇ ਮੋਢਿਆਂ ‘ਤੇ ਘਾਹ ਕੱਟਣ ਵਾਲੀ ਮਸ਼ੀਨ ਰੱਖੀ ਮੁਨੀਰ ਦੀ ਮਾਂ ਆ ਗਈ। ਆਰਿਫ ਇਹ ਵੇਖ ਕੇ ਇਸ ਲਈ ਦੁਖੀ ਹੋਇਆ ਕਿ ਬਾਦਸ਼ਾਹਵਾਂ ਨੂੰ ਵੀ ਵਖਤ ਪੈ ਜਾਣ ਤਾਂ ਉਹ ਪਾਰ ਲੰਘਣ ਲਈ ਬਚੇ ਸਕੇ ਅੱਗੇ ਵੀ ਹੱਥ ਜੋੜ ਦਿੰਦੇ ਨੇ। ਉਹਨੇ ਸੋਚਿਆ ਕਿ ਅੰਗਰੇਜ਼ ਕੱਲ੍ਹ ਵੀ ਹਾਕਮ ਸੀ ਤੇ ਅੱਜ ਵੀ ਇਨ੍ਹਾਂ ਦੀ ਗੁਲਾਮੀ ਵਿਚ ਰੋਟੀ ਖਾਣ ਆਏ ਹਾਂ। ਮੁਕੱਦਰ ਹਰ (ਹਾਰ) ਜਾਣ ਤਾਂ ਗੁਲਾਮਾਂ ਦੇ ਦਰ ਉਤੇ ਵੀ ਦਸਤਕ ਦੇਣੀ ਪੈਂਦੀ ਹੈ ਅਤੇ ਗੁਲਾਮਾਂ ਦਾ ਘਾਹ ਵੀ ਕੱਟਣਾ ਪੈ ਜਾਂਦਾ ਹੈ। ਜਮੀਲਾ ਅਤੇ ਆਰਿਫ ਨੇ ਬੜਾ ਡੱਕਿਆ, ਪਰ ਮੁਨੀਰ ਨੇ ਧੱਕੋ-ਧੱਕੀ ਲਾਅਨ ਵਿਚ ਮਸ਼ੀਨ ਫੇਰੀ ਅਤੇ ਘਾਹ ਇਕੱਠਾ ਕਰ ਕੇ ਬੋਰੀ ਵਿਚ ਪਾ ਦਿੱਤਾ। ਬੰਦੇ ਦਾ ਅੰਦਰ ਜਿਉਂਦਾ ਹੋਵੇ ਤਾਂ ਇੰਜ ਦੀਆਂ ਨਿੱਕੀਆਂ-ਨਿੱਕੀਆਂ ਮਿਹਰਬਾਨੀਆਂ ਨੂੰ ਵੀ ਅਹਿਸਾਸ ਉਤੇ ਪਹਾੜ ਦਾ ਭਾਰ ਮਹਿਸੂਸ ਕਰਦਾ ਏ। ਵੈਸੇ ਵੀ ਭਲਾਈ ਕਰਨ ਵਾਲੇ ਦਾ ਅਹਿਸਾਨ ਨਾ ਮੰਨੋ ਤਾਂ ਉਹ ਅੱਗੇ ਤੋਂ ਭਲਾਈ ਵਲੋਂ ਹੱਥ ਖਿੱਚ ਲੈਂਦਾ ਹੈ। ਸਲਵਾਰ-ਕੁੜਤਾ ਪਾ ਕੇ ਸਿਰ ਉਪਰ ਚੁੰਨੀ ਲਈ ਬੈਠੀ ਮੁਨੀਰ ਦੀ ਗੋਰੀ ਮਾਂ ਦੇ ਸਿਰ ਉਪਰ ਵੀਰ ਵਾਂਗ ਪਿਆਰ ਦੇ ਕੇ ਆਰਿਫ ਨੇ ਆਖਿਆ, “ਮੀਣਾ! ਤੂੰ ਆਪਣੇ ਸਿਰ ਉਤੇ ਕਿਸੇ ਅਹਿਸਾਸ ਦੀ ਪੰਡ ਨਾ ਚੁੱਕ ਫਿਰ। ਅਸਾਂ ਜੋ ਵੀ ਕੀਤਾ ਏ, ਉਹਦਾ ਰਿਸ਼ਤਾ ਇਨਸਾਨੀਅਤ ਨਾਲ ਹੈ। ਹਮਦਰਦੀ ਦੇ ਸ਼ਬਦ ਸੁਣ ਕੇ ਮੁਨੀਰ ਦੀ ਮਾਂ ਦੀਆਂ ਖੂਬਸੂਰਤ ਬਿੱਲੀਆਂ ਅੱਖਾਂ ਵਿਚੋਂ ਦੋ ਮੋਟੇ-ਮੋਟੇ ਅੱਥਰੂ ਉਹਦੀ ਝੋਲੀ ਵਿਚ ਡਿੱਗ ਪਏ। ਜਦੋਂ ਦਾਮਨ ਸੱਖਣਾ ਹੋ ਜਾਵੇ ਤਾਂ ਖਾਲੀ ਝੋਲੀ ਵਿਚ ਹੰਝੂਆਂ ਦੀ ਖੈਰ ਹੀ ਪੈਂਦੀ ਏ! ਹਾਸੇ ਪ੍ਰਾਹੁਣੇ ਬਣ ਜਾਣ ਤਾਂ ਦਿਲ ਦੇ ਵਿਹੜੇ ਵਿਚ ਹਾਵਾਂ ਹੀ ਕਿੱਕਲੀ ਪਾਉਂਦੀਆਂ ਨੇ। ਖੁਸ਼ੀਆਂ ਡੋਲੀ ਚੜ੍ਹ ਜਾਣ ਤਾਂ ਉਸ ਘਰ ਵਿਚ ਨਿਤ ਨਵਾਂ ਗਮ ਖਾਰੇ ਚੜ੍ਹਦਾ ਏ। ਮੁਨੀਰ ਦੀ ਮਾਂ ਨੂੰ ਧੱਕੋ-ਧੱਕੀ ਰੋਟੀ ਖਵਾ ਕੇ ਜਮੀਲਾ ਬੂਹੇ ਤੱਕ ਛੱਡਣ ਗਈ, ਪਰ ਮੁਨੀਰ ਦੀ ਮਾਂ ਦਾ ਮੂੰਹ ਵੇਖ ਕੇ ਇੰਜ ਲੱਗਦਾ ਸੀ, ਜਿਵੇਂ ਉਸ ਨੂੰ ਕਿਸੇ ਗੱਲ ਦੇ ਉਬਾਕ ਆਣ ਪੈਂਦੇ ਨੇ। ਉਹ ਆਪਣੇ ਅੰਦਰ ਕਿਸੇ ਗੱਲ ਨੂੰ ਡੱਕ-ਡੱਕ ਰੱਖਦੀ ਅਤੇ ਕਰਨ ਤੋਂ ਡਰਦੀ ਸੀ।
ਆਖਰ ਉਸ ਨੇ ਅੱਖਾਂ ਨੀਵੀਆਂ ਕਰ ਕੇ ਜਮੀਲਾ ਕੋਲੋਂ ਇੱਕ ਗੱਲ ਦੀ ਆਗਿਆ ਲੈ ਕੇ ਆਖਿਆ, “ਜੇ ਤੁਸੀਂ ਕਬੂਲ ਕਰ ਲਵੋ ਤਾਂ ਮੁਨੀਰ ਨੂੰ ਸੱਟ ਫੇਟ ਲੱਗਣ ਦਾ ਜੋ ਹਰਜਾਨਾ ਸਰਕਾਰ ਕੋਲੋਂ ਮਿਲਿਆ ਹੈ, ਮੈਂ ਉਸ ਵਿਚੋਂ ਤੁਹਾਨੂੰ ਵੀ ਕੁਝ ਦੇਣਾ ਚਾਹੁੰਦੀ ਹਾਂ।” ਲੋੜਾਂ ਭਾਵੇਂ ਕਿੰਨਾ ਵੀ ਮੂੰਹ ਅੱਡੀ ਬੈਠੀਆਂ ਸਨ, ਪਰ ਆਰਿਫ ਦੀ ਆਨ, ਅਣਖ ਅਤੇ ਗੈਰਤ ਨੇ ਅਜੇ ਲੋਈ ਨਹੀਂ ਸੀ ਲਾਹੀ। ਉਹ ਥੋੜ੍ਹਾ ਜਿਹਾ ਮੁਸਕਰਾ ਕੇ ਮੁਨੀਰ ਦੇ ਮੋਢੇ ਉਪਰ ਹੱਥ ਰੱਖ ਕੇ ਆਖਣ ਲੱਗਾ, “ਵੇਖ ਬੇਟਾ, ਅਸੀਂ ਪਾਕਿਸਤਾਨੀ ਜ਼ਰੂਰ ਹਾਂ, ਪਰ ਸਾਡੇ ਕੋਲ ਧੀਆਂ-ਭੈਣਾਂ ਨੂੰ ਦੇਣ ਲਈ ਕੁਝ ਨਾ ਹੋਵੇ ਤਾਂ ਲਈਦਾ ਵੀ ਕੁਝ ਨਹੀਂ।” ਇਹ ਗੱਲ ਸੁਣ ਕੇ ਉਹ ਦੋਵੇਂ ਚੁੱਪ-ਚਾਪ ਚਲੇ ਗਏ।
ਵਾਹਵਾ ਹੀ ਦਿਹਾੜੇ ਲੰਘ ਗਏ ਸਨ ਤੇ ਮੁਨੀਰ ਦੀ ਮਾਂ ਵਲੋਂ ਕੋਈ ਖੈਰਤ ਸੁਰਤ ਨਾ ਆਈ। ਆਰਿਫ ਵੀ ਇਸ ਦੇਸ਼ ਦੀ ਠੇਡੇ ਖਾਂਦੀ ਭੀੜ ਵਿਚ ਵੜ ਕੇ ਬਾਲਾਂ ਨੂੰ ਇਲਮ ਦੀ ਪੌੜੀ ਚਾੜ੍ਹਦਾ ਹੋਇਆ ਰੋਟੀ ਪਿੱਛੇ ਦੌੜਦਾ ਬੜੀ ਦੂਰ ਚਲਾ ਗਿਆ। ਮੋਮੀ ਨੇ ਵੀ ਡਿਗਰੀ ਕਰ ਕੇ ਟੀਚਿੰਗ ਲਈ ਬੀ.ਟੀ. ਵਿਚ ਦਾਖਲਾ ਲੈ ਲਿਆ। ਦੂਜੇ ਦੋ ਨਿੱਕੇ ਬਾਲ ਵੀ ਕਾਲਜ ਵਿਚ ਟੁਰ ਗਏ ਸਨ।
ਸਭ ਕੁਝ ਭੁੱਲ ਗਿਆ ਸੀ, ਪਰ ਇੱਕ ਦਿਹਾੜੇ ਸ਼ਾਮ ਵੇਲੇ ਆਰਿਫ ਦਾ ਬੂਹਾ ਖੜਕਿਆ ਤੇ ਮੁਨੀਰ ਦੀ ਮਾਂ ਬਾਹਰ ਖਲੋਤੀ ਪਾਲੇ ਨਾਲ ਕੱਛਾਂ ਵਿਚ ਹੱਥ ਦਿੱਤੇ ਕੰਬ ਰਹੀ ਸੀ। ਉਸ ਦੇ ਤੇੜ ਸਲਵਾਰ ਪਜਾਮੇ ਜਾਂ ਪਤਲੂਨ ਨਾਲ ਮਿਲਦੀ-ਜੁਲਦੀ ਕੋਈ ਸ਼ੈਅ ਸੀ। ਗਲ ਅਧੋਰਾਣਾ ਜਿਹਾ ਸਵੈਟਰ ਤੇ ਹੋਰ ਕੁਝ ਨਾ। ਉਹਦਾ ਲਿਬਾਸ ਉਸ ਦੇ ਹਾਲਾਤ ਨੂੰ ਨੰਗਾ ਕਰ ਰਿਹਾ ਸੀ। ਉਸ ਦਾ ਪੀਲਾ ਜਿਹਾ ਰੰਗ ਅਤੇ ਮਾੜਾ ਜਿਹਾ ਜੁੱਸਾ ਵੇਖ ਕੇ ਇੰਜ ਲੱਗਦਾ ਸੀ, ਜਿਵੇਂ ਕੋਈ ਜ਼ਿੰਦਗੀ ਨਾਲ ਹੱਥ ਮਿਲਾ ਕੇ ਬਰੂਹਾਂ ਵਿਚ ਖੜ੍ਹਾ ਹੋਵੇ। ਇਵੇਂ ਉਹ ਪ੍ਰਾਹੁਣੀ ਜਿਹੀ ਹੀ ਲੱਗਦੀ ਸੀ, ਇਸ ਦੁਨੀਆਂ ਦੇ ਮੇਲੇ ਦੀ। ਉਹ ਆਪਣੀ ਜਵਾਨੀ ਨੂੰ ਚਾਰ ਦਿਹਾੜੇ ਹੋਰ ਵੀ ਡੱਕ ਸਕਦੀ ਸੀ, ਪਰ ਇਸ ਦੇਸ਼ ਵਿਚ ਰਹਿ ਕੇ ਵੀ ਤਮਾਸ਼ਬੀਨੀ ਤੋਂ ਵਾਕਫ ਨਾ ਹੋ ਸਕੀ। ਇਸ ਮੁਲਕ ਵਿਚ ਤਾਂ ਖਾਵੰਦ ਮਰਨ ਪਿੱਛੋਂ ਗੋਰੀਆਂ ਦੋ ਦਿਹਾੜੇ ਸਾਟਨ ਦਾ ਖੂਬਸੂਰਤ ਕਾਲਾ ਜੋੜਾ ਪਾ ਕੇ ਸੋਗ ਦਾ ਟਸ਼ਨ ਕਰਦੀਆਂ ਨੇ, ਤੀਜੇ ਦਿਹਾੜੇ ਹੀ ਪੱਬ ਵਿਚ ਕਿਸੇ ਨੂੰ ਹੈਲੋ ਕੀਤਾ ਤੇ ਖਾਵੰਦ ਦੀ ਮੌਤ ਨੂੰ ਗਲਾਸ ਵਿਚ ਘੋਲ ਕੇ ਪੀ ਲਿਆ ਅਤੇ ਮੌਤ ਵਾਲੇ ਸਦਮੇ ਨੂੰ ਸਿਗਰਟ ਦੇ ਸਦਮੇ ਵਿਚ ਉਡਾ ਛੱਡਿਆ। ਜਿਥੇ ਵੀ ਧੂਣੀ ਧੁਖੀ, ਉਥੇ ਹੀ ਪਿਆਰ ਦਾ ਸੇਕਾ ਲਾ ਲਿਆ। ਕਰਾਂ-ਪੈਰਾਂ ਤੋਂ ਰਹਿ ਕੇ ਸ਼ੀਸ਼ੇ ਨੂੰ ਦੋ ਚਾਰ ਫੱਕੜ ਤੋਲ ਕੇ ਅੰਦਰ ਬਹਿ ਜਾਂਦੀਆਂ ਨੇ। ਇਸ ਦੇ ਉਲਟ ਮੁਨੀਰ ਦੀ ਮਾਂ ਅੱਜ ਵੀ ਆਪਣੇ ਚਲਾਣਾ ਕਰ ਗਏ ਖਾਵੰਦ ਦੀ ਯਾਦ ਨੂੰ ਚੁੰਨੀ ਪੱਲੇ ਬੰਨ੍ਹ ਕੇ ਹਯਾਤੀ ਗੁਜ਼ਾਰ ਰਹੀ ਸੀ!
ਜਮੀਲਾ ਨੇ ਬੜੇ ਪਿਆਰ ਅਤੇ ਹਮਦਰਦੀ ਨਾਲ ਉਸ ਨੂੰ ਅੰਦਰ ਬਿਠਾਇਆ, ਤੇ ਉਹ ਸ਼ੋਹਦੀ ਮੁਜਰਮਾਂ ਵਾਂਗ ਚੁਪ-ਚਾਪ ਨੀਵੀਂ ਪਾ ਕੇ ਬਹਿ ਗਈ। ਵੇਲਾ ਮਿਹਰਬਾਨ ਨਾ ਰਹੇ ਤਾਂ ਹਰ ਲਮਹਾ ਬੰਦੇ ਕੋਲੋਂ ਹਿਸਾਬ ਮੰਗਦਾ ਏ। ਵਰਤ ਬੇ-ਹਿਸਾਬੀਆਂ ਕਰ ਜਾਏ ਤਾਂ ਜ਼ਿੰਦਗੀ ਨੂੰ ਬੇਵਜ੍ਹਾ ਵਿਆਜ ਤਾਰਨਾ ਪੈਂਦਾ ਏ। ਮੁਨੀਰ ਦੀ ਮਾਂ ਨੂੰ ਛੇਤੀ ਨਾਲ ਗਰਮ-ਗਰਮ ਚਾਹ ਦੀ ਪਿਆਲੀ ਫੜਾ ਕੇ ਮੋਮੀ ਦੀ ਮਾਂ ਹੰਝੂਆਂ ਦੇ ਹੜ੍ਹ ਨੂੰ ਹੱਥ ਦਿੰਦੀ-ਦਿੰਦੀ ਹਾਰ ਗਈ। ਉਹ ਅੱਥਰੂ ਲੁਕਾਉਂਦੀ-ਲੁਕਾਉਂਦੀ ਆਖਣ ਲੱਗੀ, “ਆਰਿਫ ਸਾਹਿਬ! ਕਿਸੇ ਨੇ ਸਾਨੂੰ ਗੋਰੇ ਜਾਣ ਕੇ ਗਲ ਨਾ ਲਾਇਆ ਤੇ ਕਿਸੇ ਨੇ ਪਾਕਿਸਤਾਨੀ ਨਾਲ ਵਿਆਹ ਕਰਨ ਵਾਲਾ ਮੁਸਲਮਾਨ ਆਖ ਕੇ ਗਲੋਂ ਲਾਹ ਛੱਡਿਆ। ਅਸੀਂ ਮੁਕੱਦਰ ਦੀ ਭੋਇੰ ਵਿਚ ਉਗੇ ਹੋਏ ਅਜਿਹੇ ਰੁੱਖ ਬਣ ਗਏ, ਜਿਸ ਨੂੰ ਬਾਲਾਂ ਰੋੜੇ ਮਾਰੇ ਅਤੇ ਬੱਕਰੀਆਂ ਪੱਤੇ ਖਾ ਗਈਆਂ। ਮੇਰੇ ਪੁੱਤ ਦਾ ਨਾ ਕੋਈ ਯਾਰ, ਨਾ ਭਰਾ। ਇੱਕ ਭੈਣ ਸੀ, ਜੋ ਜੰਮਦੀ ਹੀ ਮਾਨਸਿਕ ਮਰੀਜ਼ ਹੈ। ਉਸ ਵਿਚਾਰੀ ਨੂੰ ਨਾ ਕੋਈ ਗਮ, ਨਾ ਖੁਸ਼ੀ। ਸ਼ਾਇਦ ਚੰਗਾ ਹੀ ਹੋਇਆ, ਕਿਉਂਕਿ ਅਕਲਾਂ ਮਰ ਜਾਣ ਤਾਂ ਬੰਦਾ ਸੌਖਾ ਜਿਉਂਦਾ ਹੈ। ਸੋਚਾਂ ਦੀ ਸੂਈ ਦਾ ਨੱਕਾ ਭੁਰ ਜਾਏ ਤਾਂ ਜ਼ਿੰਦਗੀ ਦਾ ਨੰਗਾ ਸੀਵਣ ਦਾ ਗਮ ਮੁੱਕ ਜਾਂਦਾ ਹੈ।”
“ਆਰਿਫ ਸਾਹਿਬ! ਤੁਹਾਡੇ ਹਾਲਾਤ ਤਾਂ ਸਾਡੇ ਜਿਹੇ ਨਹੀਂ, ਪਰ ਆਦਤ ਪਤਾ ਨਹੀਂ ਸਾਡੇ ਨਾਲ ਕਿਉਂ ਮੇਲੇ ਖਾਂਦੀ ਹੈ। ਸਾਨੂੰ ਤਾਂ ਵੇਲੇ ਨੇ ਥੱਲੇ ਲੱਗ ਕੇ ਜਿਉਣਾ ਸਿਖਾ ਦਿੱਤਾ, ਪਰ ਤੁਸੀਂ ਰੱਬੋਂ ਹੀ ਫੁੱਲੇ ਹੋਏ ਰੁੱਖ ਵਾਂਗ ਝੁਕੇ ਹੋਏ ਹੋ।”
ਇਹ ਗੱਲ ਆਖ ਕੇ ਮੁਨੀਰ ਦੀ ਮਾਂ ਕੁਝ ਆਖਦੀ-ਆਖਦੀ ਚੁੱਪ ਹੋ ਗਈ। ਆਰਿਫ ਨੇ ਹੌਂਸਲਾ ਹਿੰਮਤ ਦੇ ਕੇ ਅੱਗੇ ਟੋਰਿਆ ਤੇ ਛੰਮ-ਛੰਮ ਰੋਂਦੀ ਹੋਈ ਆਖਣ ਲੱਗੀ, “ਆਰਿਫ ਸਾਹਿਬ! ਮੇਰੀ ਬਿਮਾਰੀ ਨੇ ਆਪਣਾ ਹੁਕਮ ਸੁਣਾ ਦਿੱਤਾ ਹੈ। ਗਮ ਮਰਨ ਦਾ ਨਹੀਂ, ਗਮ ਤਾਂ ਮੁਨੀਰ ਦੀ ਜ਼ਿੰਦਗੀ ਦਾ ਹੈ। ਉਹ ਜਵਾਨ ਵੀ ਹੋ ਗਿਆ ਹੈ ਤੇ ਅਗਲੇ ਸਾਲ ਐਮ.ਏ. ਵੀ ਕਰ ਲਵੇਗਾ, ਪਰ ਇਸ ਦੁਨੀਆਂ ਵਿਚ ਉਸ ਦਾ ਕੋਈ ਵੀ ਨਹੀਂ। ਨਾ ਉਹ ਗੋਰਿਆਂ ਜਿਹਾ ਅਤੇ ਨਾ ਪਾਕਿਸਤਾਨੀਆਂ ਨਾਲ ਦਾ। ਵਕਤ ਅਤੇ ਹਾਲਾਤ ਨੇ ਉਸ ਨੂੰ ਏਨਾ ਕੁ ਸ਼ਰੀਫ ਬਣਾ ਦਿੱਤਾ ਏ ਕਿ ਇਹ ਦੁਨੀਆਂ ਹੁਣ ਉਹਦੇ ਵਾਲੀ ਰਹੀਂ ਹੀ ਨਹੀਂ।” ਇਹ ਗੱਲ ਆਖ ਕੇ ਉਹ ਬਿਲਕੁਲ ਚੁੱਪ ਹੋ ਗਈ। ਆਰਿਫ ਨੇ ਉਹਦੇ ਸਿਰ ਉਪਰ ਵੱਡੇ ਭਰਾਵਾਂ ਵਾਂਗ ਹੱਥ ਫੇਰ ਕੇ ਉਸ ਨੂੰ ਅੱਗੇ ਟੋਰਿਆ ਤਾਂ ਮੁਨੀਰ ਦੀ ਮਾਂ ਆਖਣ ਲੱਗੀ, “ਤੁਸੀਂ ਮੇਰੇ ਭੈਣ ਭਰਾ ਜੇ। ਜੇ ਬੁਰਾ ਨਾ ਲੱਗੇ ਤਾਂ ਮਿੰਨਤ ਕਰਾਂਗੀ ਕਿ ਮੋਮੀ ਦਾ ਰਿਸ਼ਤਾ ਮੁਨੀਰ ਨਾਲ ਕਰ ਕੇ ਮੇਰੀ ਮੌਤ ਨੂੰ ਸੁਖਾਲੀ ਕਰ ਦਿਉ। ਮੈਂ ਮੌਤ ਦੀ ਪੀੜ ਤਾਂ ਸਹਿ ਲਵਾਂਗੀ ਪਰ ਪੁੱਤਰ ਦਾ ਗਮ ਛਾਤੀ ਉਪਰ ਰੱਖ ਕੇ ਜਾਣਾ ਬੜਾ ਹੀ ਔਖਾ ਹੋਵੇਗਾ।”
ਮਰਨ ਵਾਲੀ ਦੀ ਇਸ ਆਖਰੀ ਇੱਛਾ ਨੂੰ ਰੱਦ ਕਰਨਾ ਬੜਾ ਹੀ ਔਖਾ ਸੀ, ਪਰ ਇਸ ਖਾਹਿਸ਼ ਨੂੰ ਪੂਰਾ ਕਰਨਾ ਸਮਾਜੀ ਜੰਗ ਲੜਨ ਵਾਲੀ ਗੱਲ ਸੀ। ਲੋਕ ਭਲਾਈ ਜਾਂ ਸਮਾਜ ਸੁਧਾਰ ਦਾ ਪ੍ਰਚਾਰ ਕਰ ਕੇ ਗੱਲਾਂ ਦੀ ਗੁਲਕੰਦ ਬਣਾਉਣਾ ਬੜਾ ਸੌਖਾ ਹੈ, ਪਰ ਇਨ੍ਹਾਂ ਗੱਲਾਂ ਉਤੇ ਅਮਲ ਕਰ ਕੇ ਸਾਰੇ ਅੰਗ ਸਾਕ, ਬਰਾਦਰੀ ਅਤੇ ਸਮਾਜ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਜਿਉਣਾ ਬੜਾ ਔਖਾ ਹੈ। ਇਥੋਂ ਤੱਕ ਕਿ ਆਰਿਫ ਜਿਹੇ ਸਮਾਜੀ ਬਾਗੀ ਦੇ ਵੀ ਥੰਮ੍ਹ ਥਿੜਕ ਗਏ ਸਨ। ਉਸ ਨੇ ਘਬਰਾ ਕੇ ਜਮੀਲਾ ਵਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਤਾਂ ਜਮੀਲਾ ਇੰਜ ਹੱਥ ਪੈਰ ਮਾਰਨ ਲੱਗ ਪਈ, ਜਿਵੇਂ ਅਚਾਨਕ ਕਿਸੇ ਨੇ ਡੂੰਘੇ ਪਾਣੀ ਵਿਚ ਧੱਕਾ ਦੇ ਦਿੱਤਾ ਹੋਵੇ। ਇਹ ਸੂਲੀ ਉਤੇ ਟੰਗ ਦੇਣ ਵਾਲੀ ਘੜੀ ਟਪਾਣ ਲਈ ਆਰਿਫ ਨੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਮੁਨੀਰ ਦੀ ਮਾਂ ਨੂੰ ਚਾਹ ਪਾਣੀ ਪਿਆ ਕੇ ਹੌਂਸਲਾ ਦਿੱਤਾ ਤੇ ਉਸ ਨੂੰ ਦੋਚਿਤੀ ਜਿਹੀ ਹਾਲਾਤ ਵਿਚ ਵਾਪਸ ਭੇਜ ਦਿੱਤਾ।
ਮੁਨੀਰ ਦੀ ਮਾਂ ਉਠ ਕੇ ਗਈ ਤੇ ਕਮਰੇ ਵਿਚ ਚੁੱਪ ਬੈਠ ਗਈ। ਆਰਿਫ ਕੁਝ ਦੇਰ ਦਿਲ ਦੀ ਸੱਚਾਈ ਅਤੇ ਦੁਨੀਆਂ ਦੇ ਸਮਾਜੀ ਤਾਅਨੇ ਸਹਿੰਦਾ ਰਿਹਾ। ਫਿਰ ਉਹ ਜਮੀਲਾ ਨੂੰ ਮੁਖਾਤਬ ਹੋ ਕੇ ਆਖਣ ਲੱਗਾ, “ਮੋਮੀ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਸ ਰਿਸ਼ਤੇ ਵਿਚ ਹਰਜ ਵੀ ਕੋਈ ਨਹੀਂ। ਆਖਰ ਧੀਆਂ ਨੂੰ ਇਕ ਦਿਨ ਟੋਰਨਾ ਹੀ ਹੁੰਦਾ ਹੈ।” ਇਹ ਗੱਲਾਂ ਸੁਣ ਕੇ ਜਮੀਲਾ ਇਨਸਾਨਾਂ ਦੀ ਬੁੱਕਲ ਵਿਚੋਂ ਨਿਕਲ ਕੇ ਸਮਾਜ ਦਾ ਚੋਲਾ ਪਾ ਕੇ ਆਖਣ ਲੱਗੀ, “ਕੋਈ ਕਰਨ ਵਾਲੀ ਗੱਲ ਕਰੋ। ਤੁਹਾਡੇ ਰਿਸ਼ਤੇਦਾਰਾਂ ਦਾ ਤਾਂ ਪਤਾ ਨਹੀਂ, ਪਰ ਲੰਦਨ ਵਿਚ ਮੇਰੇ ਛੇ ਭਰਾ-ਭਰਜਾਈਆਂ ਅਤੇ ਮਾਂ ਵੀ ਵਸਦੀ ਹੈ। ਉਹ ਕੀ ਆਖਣਗੇ ਕਿ ਨਾ ਜਾਤ, ਨਾ ਬਰਾਦਰੀ ਦਾ ਪਤਾ ਅਤੇ ਨਾ ਹੀ ਕਿਸੇ ਮਜ਼ਹਬ ਦਾ ਨਖੇੜਾ। ਅੱਗੋਂ ਮੇਰੇ ਭਰਾਵਾਂ ਕਈ ਵੇਰਾਂ ਰਿਸ਼ਤਾ ਮੰਗਿਆ, ਪਰ ਮੈਂ ਲੱਤ ਨਾ ਲਾਈ। ਉਤੋਂ ਲੋਕੀਂ ਵੀ ਸਾਰੇ ਤੋਏ-ਤੋਏ ਕਰਨਗੇ ਕਿ ਇਨ੍ਹਾਂ ਨੂੰ ਕੋਈ ਨਹੀਂ ਸੀ ਲੱਭਾ?”
ਆਪਣੀ ਅਕਲ ਮੂਜਬ ਜਮੀਲਾ ਨੇ ਆਪਣਾ ਮੁਕੱਦਮਾ ਬੜੀਆਂ ਠੋਸ ਦਲੀਲਾਂ ਨਾਲ ਲੜਿਆ ਅਤੇ ਸਮਾਜ ਦੀ ਤੋਪ ਬੜੇ ਸੋਹਣੇ ਢੰਗ ਨਾਲ ਚਲਾਈ। ਅੱਗੋਂ ਆਰਿਫ ਸਮਾਜੀ ਅਤਿਵਾਦ ਦਾ ਵੈਰੀ ਮੁੱਢੋਂ ਹੀ ਬਾਗੀ ਖਿਆਲਾਂ ਦਾ ਮਾਲਕ ਸੀ। ਉਹ ਆਖਣ ਲੱਗਾ, “ਮੋਮੀ ਦੇ ਰਿਸ਼ਤੇ ਨੂੰ ਛੱਡ ਕੇ ਆਮ ਗੱਲ ਕਰਾਂ ਤੇ ਜ਼ਰਾ ਤੂੰ ਸੋਚ ਕਿ ਇਨਸਾਨਾਂ ਵਿਚ ਮੁਸਲਮਾਨ ਅਤੇ ਮੁਸਲਮਾਨਾਂ ਵਿਚ ਇਨਸਾਨ ਕਿੰਨੇ ਕੁ ਹਨ? ਰਸਮਾਂ ਰਿਵਾਜਾਂ ਅਤੇ ਸਮਾਜਾਂ ਦੀ ਪੂਜਾ ਕਰਨ ਵਾਸਤੇ ਇਹ ਲੋਕ ਕੁੱਤੇ ਅੱਗੇ ਖੀਰ ਪਾ ਦਿੰਦੇ ਹਨ, ਪਰ ਮਨ ਦੀ ਮੁਰਾਦ ਮੁਕੱਦਰ ਨਾਲ ਹੀ ਮਿਲਦੀ ਏ। ਪੰਡਿਤ ਕਈ ਦਿਨ ਮਾਲਾ ਦੇ ਮਣਕੇ ਫੇਰ ਕੇ ਸ਼ੁਭ ਘੜੀ ਅਤੇ ਕੁੰਡਲੀ ਕੱਢ ਕੇ ਵਿਆਹ ਦੀ ਖੁਸ਼ਖਬਰੀ ਸੁਣਾਉਂਦਾ ਹੈ। ਮੌਲਵੀ ਆਪਣੀ ਤਸਬੀਹ ਦੇ ਦਾਣੇ ਫੇਰ ਕੇ ਲੰਮੀਆਂ-ਲੰਮੀਆਂ ਦੁਆਵਾਂ ਮੰਗ ਕੇ ਬੜੀਆਂ ਬਰਕਤਾਂ ਸ਼ਾਮਲ ਕਰ ਕੇ ਨਿਕਾਹ ਪੜ੍ਹਦਾ ਹੈ, ਪਰ ਇਹ ਸ਼ੁਭ ਘੜੀਆਂ, ਕੁੰਡਲੀਆਂ ਅਤੇ ਲੰਮੀਆਂ-ਲੰਮੀਆਂ ਦੁਆਵਾਂ ਵਿਚੇ ਹੀ ਰਹਿ ਜਾਂਦੀਆਂ ਨੇ। ਢਾਈ ਦਿਨ ਨਹੀਂ ਲੰਘਦੇ ਕਿ ਕਈ ਵੇਰਾਂ ਕੁੜੀ ਉਜੜ ਕੇ ਘਰ ਆ ਬੈਠਦੀ ਏ। ਹੁਣ ਮੌਲਵੀ ਨੂੰ ਮਾਰੀਏ ਕਿ ਪੰਡਿਤ ਨੂੰ ਫੇਰੀਏ? ਉਹ ਕੁੰਡਲੀ ਏਨੀ ਕੁਲਿਹਣੀ ਕਿਉਂ ਹੋ ਗਈ? ਬਾਕੀ ਰਿਹਾ ਸਮਾਜ, ਸੋ ਇਸ ਬੁੱਸੇ ਹੋਏ ਸਮਾਜ ਨਾਲ ਰੁੱਸ ਜਾਣ ਦਾ ਗਮ ਕਿਉਂ ਕਰੀਏ? ਇਸ ਉਲੀ ਲੱਗੇ ਸਮਾਜ ਦੀ ਚਾਟੀ ਤੋਂ ਲੀੜਾ ਲਾਹ ਦੇਣਾ ਚਾਹੀਦਾ ਹੈ ਕਿ ਉਸ ਨੂੰ ਅਕਲ ਦੀ ਹਵਾ ਲੱਗੇ। ਇਹ ਸਮਾਜ ਦੇ ਦਿੱਤੇ ਹੋਏ ਦਾਜ ਦੀ ਅੱਗ ਹੈ ਕਿ ਇਨਸਾਨੀਅਤ ਵੈਣ ਪਾਉਂਦੀ ਰਹੀ ਅਤੇ ਅਮੀਰ-ਗਰੀਬ ਜਾਂ ਜਾਤ-ਪਾਤ ਦੀ ਤਕਸੀਮ ਕਹਿਕਹੇ ਮਾਰਦੀ ਰਹੀ।
ਆਰਿਫ ਦੀਆਂ ਗੱਲਾਂ ਸੁਣ ਕੇ ਜਮੀਲਾ ਠਿੰਬਰ ਤਾਂ ਗਈ, ਪਰ ਦੁਨੀਆਂਦਾਰੀ ਦੀ ਉਚੀ ਕੰਧ ਟੱਪਣਾ ਵੀ ਬੜਾ ਔਖਾ ਸੀ। ਉਹ ਆਖਣ ਲੱਗੀ, “ਘੱਟੋ-ਘੱਟ ਰਿਸ਼ਤਾ ਮਿਲਦਾ ਜੁਲਦਾ ਜਾਂ ਵਾਰੇ ਵਿਚ ਆਉਂਦਾ ਹੋਵੇ ਤਾਂ ਫਿਰ ਕੋਈ ਗੱਲ ਨਹੀਂ।” ਆਰਿਫ ਨੂੰ ਪਤਾ ਲੱਗ ਗਿਆ ਕਿ ਜਮੀਲਾ ਕੋਲ ਦਾਰੂ ਸਿੱਕਾ ਤਾਂ ਮੁੱਕ ਗਿਐ, ਪਰ ਮੋਰਚਾ ਛੱਡਣ ਨੂੰ ਜੀਅ ਨਹੀਂ ਕਰਦਾ। ਉਸ ਨੇ ਹੱਸ ਕੇ ਜਮੀਲਾ ਨੂੰ ਆਖਿਆ, “ਤੂੰ ਹੀ ਦੱਸ ਕਿ ਤੇਰਾ ਮੇਰਾ ਕੀ ਮਿਲਦਾ ਸੀ? ਤੂੰ ਲੂਚੇ ਦੀ ਡਾਲੀ ਤੇ ਮੈਂ ਕਰੀਰ ਦਾ ਕੰਡਾ। ਤੂੰ ਸ਼ਹਿਰ ਵਿਚ ਜੰਮੀ ਤੇ ਲੰਦਨ ਵਿਚ ਜਵਾਨ ਹੋਈ। ਮੈਂ ਜੁੱਲੀ ਵਿਚ ਜੰਮਿਆ ਤੇ ਦਾਈ ਨੇ ਭੜੋਲੀ ਵਿਚ ਸੇਕਾ ਲਵਾ ਕੇ ਪਲੰਗੀਰੀ ਉਪਰ ਸੁੱਟ ਦਿੱਤਾ। ਬਾਰਾਂ ਤੇਰਾਂ ਵਰ੍ਹੇ ਤੇਰੇ ਪਿੱਛੇ ਰਿਹਾ। ਤੇਰੀਆਂ ਭਾਬੀਆਂ ਨੇ ਭਾਨੀਆਂ ਮਾਰੀਆਂ ਅਤੇ ਆਖਦੀਆਂ ਰਹੀਆਂ, ਇਹ ਪਾਕਿਸਤਾਨ ਜਾ ਕੇ ਭੁੱਖੀ ਮਰੇਗੀ। ਨਾ ਮੁੰਡੇ ਦੀ ਜਾਤ-ਪਾਤ ਦਾ ਪਤਾ, ਨਾ ਉਸ ਦਾ ਅੱਗਾ ਪਿੱਛਾ। ਇਸ ਲਈ ਦੁਨੀਆਂਦਾਰੀ ਜਾਂ ਸਮਾਜ ਵਲ ਜਾਈਏ ਤਾਂ ਤੇਰੇ ਮੇਰੇ ਟੇਸ਼ਨ ਹੀ ਵੱਖਰੇ ਸਨ, ਪਰ ਹੁਣ ਵੇਖ ਲੈ, ਗੱਡੀ ਦੇ ਇੱਕੋ ਹੀ ਡੱਬੇ ਵਿਚ ਬੈਠੇ ਕਿੱਡਾ ਸੋਹਣਾ ਢੋਲਾ ਗਾ ਰਹੇ ਹਾਂ।” ਦੋ ਚਾਰ ਗੱਲਾਂ ਹੋਰ ਹੋਈਆਂ, ਪਰ ਆਖਰ ਆਰਿਫ ਨੇ ਜਮੀਲਾ ਨੂੰ ਆਪਣੇ ਅੱਡੇ ਉਤੇ ਲੈ ਆਂਦਾ। ਦੁਨੀਆਂ, ਸਮਾਜ, ਮਜ਼੍ਹਬ ਅਤੇ ਅੰਗਾਂ, ਸਾਕਾਂ ਤੋਂ ਬਗਾਵਤ ਕਰ ਕੇ ਪੱਕੀ ਪਕਾ ਲਈ ਕਿ ਮੋਮੀ ਨੂੰ ਪੁੱਛ ਕੇ ਉਸ ਦੀ ਸ਼ਾਦੀ ਮੁਨੀਰ ਨਾਲ ਕਰ ਦਿੱਤੀ ਜਾਏ।
ਜਮੀਲਾ ਦੇ ਮਾਪਿਆਂ ਨੂੰ ਭਿਣਕ ਪਈ ਤਾਂ ਉਨ੍ਹਾਂ ਵਿਸ ਘੋਲੀ, ਪਰ ਬਾਗੀ ਆਰਿਫ ਨੇ ਰਿਸ਼ਤੇਦਾਰੀਆਂ ਨੂੰ ਨੋਕ ਉਤੇ ਰੱਖ ਕੇ ਇਨਸਾਨੀ ਸਾਕਾਂ ਨੂੰ ਉਤਮ ਜਾਣਿਆ।
ਮੁਨੀਰ ਐਮ.ਏ. ਕਰ ਕੇ ਬੈਂਕ ਵਿਚ ਚਲਾ ਗਿਆ। ਮੋਮੀ ਬੀ.ਏ., ਬੀ.ਟੀ. ਕਰ ਕੇ ਸਕੂਲੇ ਪੜ੍ਹਾ ਰਹੀ ਸੀ। ਮੁਨੀਰ ਦੀ ਮਾਂ ਕੈਂਸਰ ਵਾਰਡ ਵਿਚ ਲੰਮੀ ਪਈ ਜ਼ਿੰਦਗੀ ਦਾ ਕੋਈ ਕਰਜ਼ ਉਤਾਰ ਰਹੀ ਸੀ।
ਜਮੀਲਾ ਦੀ ਮਾਂ ਨੇ ਇਕ ਦਿਨ ਆਰਿਫ ਨੂੰ ਆਖਰੀ ਹੱਥ ਪੱਲਾ ਮਾਰਦਿਆਂ ਆਖਿਆ, “ਵੇ ਬੱਚਿਆ, ਮੇਰੀ ਧੀ ਤਾਂ ਤੈਨੂੰ ਮੱਕਾ ਜਾਣ ਕੇ ਤੇਰੇ ਹਰ ਹੁਕਮ ਨੂੰ ਸਜਦਾ ਕਰ ਦਿੰਦੀ ਏ, ਪਰ ਤੂੰ ਹੀ ਕੋਈ ਮੱਤ ਕਰ। ਇਸ ਰਿਸ਼ਤੇ ਵਿਚ ਮੇਰਾ ਕੋਈ ਵੀ ਪੁੱਤਰ ਰਾਜ਼ੀ ਨਹੀਂ ਤੇ ਮੈਂ ਪੁੱਤਰਾਂ ਨੂੰ ਨਹੀਂ ਛੱਡ ਸਕਦੀ।” ਆਰਿਫ ਨੇ ਆਖਿਆ, “ਅੰਮਾ ਜੀ, ਮੈਂ ਵੀ ਇਨਸਾਨੀਅਤ ਦੀ ਬਾਂਹ ਨਹੀਂ ਛੱਡ ਸਕਦਾ। ਕਿਸੇ ਨੂੰ ਪੁੱਤਰ ਪਿਆਰੇ ਤੇ ਕਿਸੇ ਨੂੰ ਇਨਸਾਨੀਅਤ।”
ਜਨਵਰੀ ਦੀ ਇਕ ਉਦਾਸ ਜਿਹੀ ਸਰਦ ਸ਼ਾਮ ਨੂੰ ਆਰਿਫ ਦੇ ਘਰ ਜਮੀਲਾ ਦੇ ਇਕ ਭਰਾ ਅਤੇ ਪੰਜ-ਸੱਤ ਦੋਸਤਾਂ ਦੀ ਮੌਜੂਦਗੀ ਵਿਚ ਮੋਮੀ ਅਤੇ ਮੁਨੀਰ ਦਾ ਨਿਕਾਹ ਪੜ੍ਹਿਆ ਗਿਆ। ਦੁਨੀਆਂਦਾਰੀ ਦਾ ਕੋਈ ਪਾਖੰਡ ਨਹੀਂ ਸੀ। ਨਾ ਮੇਲ ਆਇਆ ਅਤੇ ਨਾ ਰਿਵਾਜਾਂ ਦੀ ਹਨੇਰੀ ਜੰਜ ਆਈ। ਫਿਰ ਉਸੇ ਰਾਤ ਆਰਿਫ, ਜਮੀਲਾ, ਮੁਨੀਰ ਅਤੇ ਮੋਮੀ ਵਿਆਹ ਦੇ ਲੀੜਿਆਂ ਵਿਚ ਹੀ ਹਸਪਤਾਲ ਦੇ ਕੈਂਸਰ ਵਾਰਡ ਵਿਚ ਗਏ। ਮੁਨੀਰ ਦੀ ਮਾਂ ਨੇ ਆਪਣੀ ਇੱਛਾ ਨੂੰ ਮਹਿੰਦੀ ਲੱਗੀ ਵੇਖੀ। ਉਸ ਚੁੱਪ ਲੱਗੀ ਦੁਖਿਆਰੀ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਪਣੀ ਉਂਗਲੀ ਰੱਬ ਵਲ ਕੀਤੀ। ਨਾਲ ਹੀ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ-ਮੋਟੇ ਅੱਥਰੂ ਸਿਰਹਾਣੇ ਉਤੇ ਡਿੱਗ ਪਏ। ਫਿਰ ਨਾ ਹਾਸਾ ਰਿਹਾ, ਨਾ ਅੱਥਰੂ। ਥੋੜ੍ਹੇ ਹੀ ਦਿਨਾਂ ਬਾਅਦ ਮੁਨੀਰ ਦੀ ਮਾਂ ਵੀ ਚਲੀ ਗਈ, ਜਿੱਥੇ ਕੋਈ ਵੀ ਜਾ ਕੇ ਨਹੀਂ ਮੁੜਿਆ।
ਅਖੀਰ ਉਤੇ ਪਾਠਕਾਂ ਨੂੰ ਦੱਸਦਾ ਜਾਵਾਂ ਕਿ ਇਹ ਸਾਰਾ ਕੁਝ ਨਾ ਕਥਾ, ਨਾ ਕਹਾਣੀ; ਨਾ ਦਾਸਤਾਂ ਅਤੇ ਨਾ ਹੀ ਅਫਸਾਨਾ ਹੈ। ਇਸ ਦੇ ਅਸਲ ਪਾਤਰ ਕੁਜ ਇੰਜ ਹਨ। ਆਰਿਫ ਦਾ ਨਾਂ ਅਮੀਨ ਮਲਿਕ, ਜਮੀਲਾ ਦਾ ਨਾਂ ਰਾਣੀ ਮਲਿਕ। ਇਨ੍ਹਾਂ ਦੀ ਧੀ ਮੋਮੀ ਦਾ ਨਾਂ ਤਯੀਬਾ ਅਤੇ ਮੁਨੀਰ ਦਾ ਅਸਲ ਨਾਂ ਸਲਮਾਨ ਹੈ। ਸਵਾਲ ਬੜੇ ਹੋਣਗੇ, ਪਰ ਮੈਂ ਇਕੋ ਹੀ ਗੱਲ ਕਰਾਂਗਾ ਕਿ ਮੈਂ ਅੰਦਰੋਂ ਬਾਹਰੋਂ ਇਕ ਹਾਂ। ਅੱਜ ਮੇਰੀ ਧੀ ਤਯੀਬਾ ਅਤੇ ਸਲਮਾਨ ਲੰਦਨ ਦੇ ਬਾਰਕਿੰਗ ਮੁਹੱਲੇ ਵਿਚ ਰੱਬ ਦੀ ਮਿਹਾਰ ਨਾਲ ਰਾਜ਼ੀ ਖੁਸ਼ੀ ਵਸਦੇ ਹਨ। ਅੱਠ ਮਹੀਨੇ ਦੀ ਦੋਹਤੀ ਲੈਲਾ ਨੂੰ ਮੈਂ ਤੇ ਰਾਣੀ ਪਹਿਲੇ ਦਿਨ ਤੋਂ ਹੀ ਆਪਣੇ ਘਰ ਲੈ ਆਏ ਹਾਂ ਕਿ ਇਸ ਮਿੱਠੇ ਮੇਵੇ ਵਿਚੋਂ ਧੀ ਦੀ ਖੁਸ਼ਬੋ ਆਉਂਦੀ ਰਹੇ।
(ਸਮਾਪਤ)