ਮਹਾਨਾਇਕ ਦੀ ਬਹਾਦਰੀ ਅਤੇ ਬੇਕਦਰੀ

ਡਾ. ਪਰਮਜੀਤ ਸਿੰਘ ਕੱਟੂ
ਫੋਨ: 91-70873-20578
“ਜੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨਾ ਹੁੰਦੇ ਤਾਂ ਅੱਜ ਪੁਣਛ ਪਾਕਿਸਤਾਨ ਵਿਚ ਹੁੰਦਾ ਤੇ ਅਸੀਂ ਸਾਰੇ ਮਾਰੇ ਜਾ ਚੁਕੇ ਹੁੰਦੇ। ਅੱਜ ਦਸ ਲੱਖ ਦੇ ਕਰੀਬ ਪੁਣਛੀ ਲੋਕ ਸਿਰਫ ਤੇ ਸਿਰਫ ਬ੍ਰਿਗੇਡੀਅਰ ਪ੍ਰੀਤਮ ਸਿੰਘ ਕਰਕੇ ਜਿਉਂਦੇ ਹਨ।” ਪੁਣਛ ਦੇ ਬਾਸ਼ਿੰਦਿਆਂ ਦੀ ਇਹ ਸਾਂਝੀ ਅਵਾਜ਼ ਹੈ।

ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਪਹਾੜੀ ਪਗਡੰਡੀ ਵਾਂਗ ਹੈ, ਜਿਸ ਵਿਚ ਕਈ ਵਲ-ਵਲੇਵੇ ਹਨ, ਇਕ ਪਾਸਾ ਪਹਾੜੀ ਚੋਟੀ ਵਾਂਗ ਸਿਖਰ, ਤਾਂ ਦੂਜਾ ਡੂੰਘੀ ਖਾਈ ਵਾਂਗ ਗੁੰਮਸੁਮ। ਜਿਵੇਂ 20ਵੀਂ ਸਦੀ ਮਨੁੱਖੀ ਇਤਿਹਾਸ ਵਿਚ ਅਦਭੁੱਤ ਪ੍ਰਾਪਤੀਆਂ ਤੇ ਤਬਾਹਕੁਨ ਘਟਨਾਵਾਂ ਨਾਲ ਭਰਪੂਰ ਹੈ, ਉਸ ਤਰ੍ਹਾਂ ਹੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਹੈ, ਜੋ ਹੈਰਾਨ ਕਰਦਾ ਜਾਂਦਾ ਹੈ! ਜੋ ਉਸ ਨੂੰ ਜਾਣਦੇ ਹਨ, ਉਨ੍ਹਾਂ ਲਈ ਉਹ ਰੱਬ ਸਮਾਨ ਹੈ, ਪਰ ਜੋ ਨਹੀਂ ਜਾਣਦੇ, ਉਨ੍ਹਾਂ ਲਈ ਕੋਈ ਗੁੰਮਨਾਮ ਵਿਅਕਤੀ।
ਪ੍ਰੀਤਮ ਸਿੰਘ ਦਾ ਜਨਮ 5 ਅਕਤੂਬਰ 1911 ਨੂੰ ਦੀਨਾ ਸਾਹਿਬ ਵਿਖੇ ਹੋਇਆ, ਜਿੱਥੇ ਦਸਮ ਪਾਤਸ਼ਾਹ ਨੇ ਜ਼ਫਰਨਾਮਾ ਰਚਿਆ। ਉਨ੍ਹਾਂ ਦੀ ਸ਼ਖਸੀਅਤ ਉਪਰ ਦਸਵੇਂ ਗੁਰੂ ਦਾ ਬਹੁਤ ਅਸਰ ਸੀ। 1937 ‘ਚ ਚੜ੍ਹਦੀ ਜਵਾਨੀ ਵਿਚ ਪ੍ਰੀਤਮ ਸਿੰਘ ਪੰਜਾਬ ਰੈਜੀਮੈਂਟ ਦੀ 5/6 ਬਟਾਲੀਅਨ ਵਿਚ ਕੈਪਟਨ ਦੇ ਅਹੁਦੇ ‘ਤੇ ਬਰਤਾਨਵੀ-ਭਾਰਤੀ ਫੌਜ ਦਾ ਹਿੱਸਾ ਬਣਿਆ। ਉਹ ਦੂਜੇ ਵਿਸ਼ਵ ਯੁੱਧ ਵਿਚ ਸਿੰਘਾਪੁਰ ਦੇ ਮੋਰਚੇ ‘ਤੇ ਜਾਪਾਨੀ ਫੌਜ ਦੇ ਖਿਲਾਫ ਲੜ ਰਹੇ ਸਨ, ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ਵਿਚ ਫੜੇ ਗਏ। 4 ਮਈ 1942 ਨੂੰ ਆਪਣੇ ਦੋ ਸਾਥੀਆਂ-ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ. ਆਰ. ਪ੍ਰਭ ਨਾਲ ਉਥੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋਏ। ਯੁੱਧ ਦੇ ਕੈਦੀਆਂ ਦੇ ਕੈਦਖਾਨੇ ‘ਚੋਂ ਭੱਜਣ ‘ਤੇ ਫੜ੍ਹੇ ਜਾਣ ਦਾ ਅਰਥ ਸੀ, ਮੌਤ। ਵਿਸ਼ਵ ਯੁੱਧ ਦੇ ਮਾਹੌਲ ਕਾਰਨ ਹਰ ਪਾਸੇ ਫੌਜ ਹੀ ਫੌਜ। ਲਗਭਗ ਛੇ ਮਹੀਨਿਆਂ ਤੇ ਤਿੰਨ ਹਜ਼ਾਰ ਮੀਲ ਇਹ ਸਫਰ ਬਹੁਤ ਹੀ ਬਿਖੜਾ ਤੇ ਮੁਸ਼ਕਿਲਾਂ ਭਰਿਆ ਸੀ, ਪਰ ਉਨ੍ਹਾਂ ਹੌਸਲਾ ਨਾ ਹਾਰਿਆ ਅਤੇ ਕਈ ਦਿਨਾਂ ਦੀ ਯੋਜਨਾ ਪਿਛੋਂ ਉਹ ਕੈਦ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਏ। ਇਹ ਤਿੰਨੇ ਜਣੇ ਜਾਅਲੀ ਪਛਾਣ-ਪੱਤਰਾਂ ਦੇ ਆਸਰੇ ਸਿੰਘਾਪੁਰ ਤੋਂ ਰੇਲ ਰਾਹੀਂ ਮਲਾਇਆ ਦੇ ਬਾਰਡਰ ‘ਤੇ ਪਹੁੰਚੇ। ਬਾਰਡਰ ‘ਤੇ ਕਿੰਨੇ ਹੀ ਦਿਨ ਛੁਪ ਕੇ ਰਹਿਣਾ ਪਿਆ। ਉਥੋਂ ਇਕ ਬੈਲਗੱਡੀ ਰਾਹੀਂ ਸਰਹੱਦ ਪਾਰ ਕੀਤੀ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖਰ ਭਾਰਤ ਪਹੁੰਚ ਗਏ। ਜਾਪਾਨੀ ਫੌਜ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਦੇ ਮਾਰੇ ਜਾਣ ਦੀਆਂ ਚਿੱਠੀਆਂ ਵੀ ਪਾ ਦਿੱਤੀਆਂ ਸਨ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਤੇ ਸਾਥੀਆਂ ਨੂੰ ਬਰਤਾਨਵੀ ਫੌਜ ਦੇ ਵੱਕਾਰੀ ਮੈਡਲ ‘ਮਿਲਟਰੀ ਕਰਾਸ’ ਨਾਲ ਸਨਮਾਨਿਆ ਗਿਆ।
1947 ਵਿਚ ਭਾਰਤ ਦੀ ਵੰਡ ਦੌਰਾਨ ਹਾਲਾਤ ਬਦ ਤੋਂ ਬਦਤਰ ਹੋ ਗਏ। ਪ੍ਰੀਤਮ ਸਿੰਘ ਨੇ ਦਿੱਲੀ ਫੌਜ ਦੇ ਹੈਡਕੁਆਰਟਰ ਵਿਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਵੰਡ ਦੇ ਨਾਜ਼ੁਕ ਮਾਹੌਲ ਵਿਚ ਗੁੜਗਾਓਂ ਦੇ ਖਿੱਤੇ ਵਿਚ ਸ਼ਾਂਤੀ ਬਹਾਲੀ ਤੇ ਉਜੜ ਕੇ ਆਏ ਲੋਕਾਂ ਦੇ ਮੁੜ ਵਸੇਬੇ ਲਈ ਸੇਵਾਵਾਂ ਦਿੱਤੀਆਂ।
ਦੇਸ਼ ਵੰਡ ਸਮੇਂ ਕਸ਼ਮੀਰ ਦੇ ਹਾਲਾਤ ਬਹੁਤ ਨਾਜ਼ੁਕ ਬਣ ਗਏ ਸਨ। ਉਸ ਖਿੱਤੇ ਵਿਚ ਕਬਾਇਲੀਆਂ ਤੇ ਪਾਕਿਸਤਾਨੀ ਫੌਜ ਨੇ ਬਹੁਤ ਜ਼ਿਆਦਾ ਕਤਲੇਆਮ, ਲੁੱਟ-ਖੋਹ ਕੀਤੀ। ਇਸ ਖਿੱਤੇ ਵਿਚ ਜੋ ਸਭ ਤੋਂ ਵੱਡੀ ਲੜਾਈ ਲੜੀ ਗਈ, ਉਸ ਦਾ ਨਾਂ ਹੈ, ਬੈਟਲ ਆਫ ਸ਼ਿਲਟਾਂਗ। ਇਹ ਲੜਾਈ ਪ੍ਰੀਤਮ ਸਿੰਘ ਦੀ ਕਮਾਂਡ ਵਿਚ ਲੜੀ ਗਈ ਸੀ। ਇਹ ਲੜਾਈ ਇੰਨੀ ਅਹਿਮ ਹੈ ਕਿ ਇਸ ਨੂੰ ਟਰਨਿੰਗ ਪੁਆਇੰਟ ਕਸ਼ਮੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇ ਭਾਰਤੀ ਫੌਜੀ ਲੜਾਈ ਹਾਰ ਜਾਂਦੀ ਤਾਂ ਸ਼ਾਇਦ ਅੱਜ ਭਾਰਤ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਫੌਜ ਦਾ ਨਾਮੀ ਇਤਿਹਾਸਕਾਰ ਸ਼ਿਵ ਕੁਨਾਲ ਵਰਮਾ ਇਸ ਲੜਾਈ ਨੂੰ ਜਿੱਤਣ ਦਾ ਸਿਹਰਾ ਪ੍ਰੀਤਮ ਸਿੰਘ ਨੂੰ ਦਿੰਦਾ ਹੈ।
ਭਾਰਤੀ ਫੌਜ ਦੀ ਫੈਸਲਾਕੁਨ ਸ਼ਿਲਟਾਂਗ ਦੀ ਲੜਾਈ ਪਿਛੋਂ ਪਾਕਿਸਤਾਨੀ ਫੌਜ ਨੂੰ ਉਰੀ ਤੋਂ ਵੀ ਪਿੱਛੇ ਧੱਕ ਦਿੱਤਾ। ਉਧਰ ਪੁਣਛ ਦੇ ਖਿੱਤੇ ਵਿਚ ਕੋਈ ਚਾਲੀ ਹਜ਼ਾਰ ਸ਼ਰਨਾਰਥੀ ਲੋਕ ਜਮ੍ਹਾਂ ਹੋ ਗਏ। ਤਿੰਨ ਪਾਸਿਓਂ ਪਹਾੜੀਆਂ ਨਾਲ ਘਿਰੇ ਇਸ ਛੋਟੇ ਜਿਹੇ ਇਲਾਕੇ ਵਿਚ ਏਨੀ ਵਸੋਂ ਦਾ ਜਿਉਂਦੇ ਰਹਿਣਾ ਬਹੁਤ ਮੁਸ਼ਕਿਲ ਸੀ ਤੇ ਤਿੰਨੇ ਪਾਸੇ ਪਹਾੜੀਆਂ ‘ਤੇ ਦੁਸ਼ਮਣ ਹਮਲਾਵਰ ਕਾਬਜ਼ ਸਨ। ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਦੇਸ਼ ਦਿੱਤਾ ਕਿ ਹਰ ਹਾਲਤ ਵਿਚ ਪੁਣਛ ਨੂੰ ਬਚਾਇਆ ਜਾਵੇ।
ਇਤਿਹਾਸਕਾਰ ਸਿਵ ਕੁਨਾਲ ਵਰਮਾ ਅਨੁਸਾਰ ਅਜਿਹੀਆਂ ਹਾਲਤਾਂ ਵਿਚ ਪਹੁੰਚ ਜਾਣ ਲਈ ਕੋਈ ਤਿਆਰ ਨਹੀਂ ਸੀ ਤੇ ਉਸ ਵੇਲੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਹਿੰਮਤ ਦਿਖਾਈ ਤੇ 20 ਨਵੰਬਰ 1947 ਨੂੰ ਪੁਣਛ ਪਹੁੰਚੇ। ਜਦੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਫੌਜ ਸਮੇਤ ਪੁਣਛ ਵਿਚ ਦਾਖਲ ਹੋ ਰਹੇ ਸਨ ਤਾਂ ਉਥੋਂ ਦੀ ਸਥਾਨਕ ਡੋਗਰਾ ਫੌਜ ਨੂੰ ਲੱਗਾ ਕਿ ਪਾਕਿਸਤਾਨੀ ਫੌਜ ਆ ਗਈ ਤੇ ਉਨ੍ਹਾਂ ਨੇ ਜਿਸ ਲੱਕੜ ਦੇ ਪੁਲ ਉਪਰੋਂ ਦੀ ਫੌਜ ਆ ਰਹੀ ਸੀ, ਉਸ ਨੂੰ ਅੱਗ ਲਾ ਦਿੱਤੀ। ਬ੍ਰਿਗੇਡੀਅਰ ਪ੍ਰੀਤਮ ਸਿੰਘ 419 ਫੌਜੀਆਂ ਅਤੇ ਇਕ ਜੀਪ ਸਮੇਤ ਦਰਿਆ ਪਾਰ ਕਰਨ ਵਿਚ ਸਫਲ ਰਹੇ। ਬਾਕੀ ਫੌਜ ਵਾਪਸ ਪਰਤ ਗਈ।
ਹੁਣ ਪ੍ਰੀਤਮ ਸਿੰਘ ਦੇ ਸਾਹਮਣੇ ਚੁਣੌਤੀਆਂ ਦੇ ਪਹਾੜ ਹੀ ਪਹਾੜ ਸਨ। ਚਾਲੀ ਹਜ਼ਾਰ ਲੋਕ, ਭੁੱਖਮਰੀ ਦਾ ਮਾਹੌਲ, ਆਲੇ-ਦੁਆਲੇ ਦੁਸ਼ਮਣ ਦੀ ਘੇਰਾ ਬੰਦੀ, ਹਥਿਆਰਾਂ ਦੀ ਕਮੀ, ਦੰਗਿਆਂ ਦਾ ਸੰਕਟ ਤੇ ਅਜਿਹੇ ਮਾਹੌਲ ਵਿਚ ਇੱਕੋ ਇਕ ਆਸ ਦੀ ਕਿਰਨ ਸੀ, ਬ੍ਰਿਗੇਡੀਅਰ ਪ੍ਰੀਤਮ ਸਿੰਘ।
ਸਭ ਤੋਂ ਪਹਿਲਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਆਮ ਲੋਕਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਆ ਅਤੇ ਦੋ ਬਟਾਲੀਅਨਾਂ ਬਣਾਈਆਂ। ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ ਹੌਲਦਾਰ ਅਬਦੁਲ ਰਸ਼ੀਦ ਦੀਆਂ ਅੱਖਾਂ ਨਮ ਸਨ। ਅਬਦੁਲ ਰਸ਼ੀਦ ਯਾਦ ਕਰਦਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਇੱਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਤੇ ਮੈਨੂੰ ਦੇਖ ਕੇ ਕਹਿੰਦੇ, “ਕਿਉਂ ਬਈ! ਤੂੰ ਭਰਤੀ ਕਿਉਂ ਨਹੀਂ ਹੋਇਆ?” ਅਬਦੁੱਲ ਰਸ਼ੀਦ ਕਹਿੰਦਾ, “ਜਨਾਬ, ਮੈਂ ਮੁਸਲਮਾਨ ਆਂ ਤੇ ਫੌਜ ਗੈਰ ਮੁਸਲਮਾਨਾਂ ਦੀ ਏ।” ਬ੍ਰਿਗੇਡੀਅਰ ਕਹਿੰਦੇ, “ਤੈਨੂੰ ਕੌਣ ਹੱਥ ਲਾਏਗਾ!” ਤੇ ਉਨ੍ਹਾਂ ਉਸੇ ਵੇਲੇ ਕਰਨਲ ਪਚਨੰਦਾ ਨੂੰ ਬੁਲਾਇਆ ਤੇ ਕਿਹਾ ਕਿ ਇਹ ਮੇਰਾ ਪੁੱਤਰ ਏ, ਜੇ ਇਸ ਨੂੰ ਕੁਝ ਹੋ ਗਿਆ, ਮੈਂ ਤੈਨੂੰ ਨਹੀਂ ਛੱਡਾਂਗਾ।
ਫਿਰ ਇੱਕ ਪੱਧਰੀ ਜਿਹੀ ਜਗ੍ਹਾ ਵੇਖ ਕੇ ਏਅਰਫੀਲਡ ਤਿਆਰ ਕਰਵਾਉਣਾ ਸ਼ੁਰੂ ਕੀਤਾ ਤਾਂ ਕਿ ਜਹਾਜਾਂ ਰਾਹੀਂ ਹਥਿਆਰਾਂ ਅਤੇ ਖਾਣੇ ਦੀ ਸਪਲਾਈ ਕੀਤੀ ਜਾ ਸਕੇ, ਪਰ ਜਿਸ ਥਾਂ ਏਅਰ ਫੀਲਡ ਬਣਾਉਣਾ ਸੀ, ਉਹ ਥਾਂ ਦੁਸ਼ਮਣਾਂ ਦੇ ਨਿਸ਼ਾਨੇ ‘ਤੇ ਸੀ, ਇਸ ਲਈ ਉਥੇ ਦਿਨੇ ਕੰਮ ਕਰਨਾ ਸੰਭਵ ਨਹੀਂ ਸੀ ਤੇ ਰਾਤਾਂ ਜਾਗ ਜਾਗ ਕੇ ਹਫਤੇ ਵਿਚ ਉਹ ਏਅਰ ਫੀਲਡ ਤਿਆਰ ਕੀਤਾ ਗਿਆ।
ਬ੍ਰਿਗੇਡੀਅਰ ਜਗਬੀਰ ਸਿੰਘ ਦੱਸਦੇ ਨੇ ਕਿ ਇੱਕ ਵਾਰ ਆਰਮੀ ਹੈਡਕੁਆਰਟਰ ਵੱਲੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਇਹ ਆਦੇਸ਼ ਹੋਇਆ ਇਹ ਪੁਣਛ ਛੱਡ ਕੇ ਵਾਪਸ ਆ ਜਾਣ। ਇਹ ਆਦੇਸ਼ ਬ੍ਰਿਗੇਡੀਅਰ ਨੇ ਨਿਹੱਥੇ ਮਾਸੂਮ ਚਾਲੀ ਹਜ਼ਾਰ ਰਿਫਿਊਜ਼ੀਆਂ ਨੂੰ ਦਿਖਾਇਆ ਤਾਂ ਲੋਕਾਂ ਨੇ ਬੇਨਤੀ ਕੀਤੀ ਕਿ ਉਹ ਕਿਸੇ ਵੀ ਹਾਲਤ ਵਿਚ ਛੱਡ ਕੇ ਨਾ ਜਾਣ, ਨਹੀਂ ਤਾਂ ਉਹ ਮਾਰੇ ਜਾਣਗੇ। ਬ੍ਰਿਗੇਡੀਅਰ ਨੇ ਲੋਕਾਂ ਦੀ ਗੱਲ ਮੰਨਦਿਆਂ, ਆਪਣੀ ਜ਼ਮੀਰ ਦੀ ਅਵਾਜ਼ ਸੁਣੀ ਤੇ ਸਰਕਾਰੀ ਹੁਕਮ ਨਾ-ਮਨਜ਼ੂਰ ਕਰ ਦਿੱਤਾ।
ਜੰਗ ਦੇ ਚੱਲਦਿਆਂ ਹੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਲੋਕਾਂ ਨੂੰ ਆਦੇਸ਼ ਦਿੱਤਾ ਕਿ ਜਾਓ ਜੋ ਵੀ ਜ਼ਮੀਨ ਮਿਲਦੀ ਹੈ, ਆਬਾਦ ਕਰੋ ਤਾਂ ਕਿ ਚਾਲੀ ਹਜ਼ਾਰ ਲੋਕ ਕਿਤੇ ਭੁੱਖੇ ਨਾ ਮਰ ਜਾਣ। ਨਾਲ ਹੀ ਜੋ ਆਰਮੀ ਲਈ ਰਾਸ਼ਨ ਆਉਂਦਾ ਸੀ, ਉਸ ਵਿਚੋਂ ਵੀ ਬਹੁਤਾ ਹਿੱਸਾ ਲੋਕਾਂ ਨੂੰ ਦਿੱਤਾ ਜਾਂਦਾ ਸੀ ਤਾਂ ਕਿ ਲੋਕ ਜਿਉਂਦੇ ਰਹਿ ਸਕਣ।
ਲੋਕਾਂ ਨੂੰ ਜਿਉਂਦੇ ਰੱਖਣ ਲਈ ਬ੍ਰਿਗੇਡੀਅਰ ਪ੍ਰੀਤਮ ਸਿੰਘ ਆਪਣੀ ਜਾਨ ਹਮੇਸ਼ਾ ਜੋਖਮ ਵਿਚ ਪਾ ਦਿੰਦੇ ਸਨ। ਟੋਲੀ ਕਮਾਂਡਰ ਮੰਗਤ ਰਾਮ ਦਸਦਾ ਹੈ ਕਿ ਇੱਕ ਸਵੇਰ ਧੁੰਦ ਦਾ ਮੌਸਮ ਸੀ। ਪਾਕਿਸਤਾਨ ਵਾਲੇ ਪਾਸਿਓਂ ਬੱਕਰੀਆਂ ਹੀ ਬੱਕਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਪਹਿਰੇ ‘ਤੇ ਖੜ੍ਹੇ ਜਵਾਨਾਂ ਨੇ ਹਾਲਟ ਪੁਕਾਰੀ। ਏਨੇ ਨੂੰ ਬੱਕਰੀਆਂ ਦੇ ਪਿੱਛੋਂ ਇੱਕ ਲੰਮੀ ਦਾੜ੍ਹੀ ਵਾਲਾ ਅਤੇ ਲੰਮੇ ਚੋਗੇ ਵਾਲਾ ਬਾਬਾ ਪ੍ਰਗਟ ਹੋਇਆ। ਉਸ ਨੇ ਜਵਾਨਾਂ ਨੂੰ ਕਿਹਾ ਕਿ ਟੋਲੀ ਕਮਾਂਡਰ ਨੂੰ ਬੁਲਾਓ। ਮੈਂ ਜਦੋਂ ਪੇਸ਼ ਹੋਇਆ ਤਾਂ ਅਵਾਜ਼ ਤੋਂ ਪਛਾਣਿਆ ਕਿ ਇਹ ਤਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਹਨ। ਬ੍ਰਿਗੇਡੀਅਰ ਸਾਹਿਬ ਨੇ ਮੈਨੂੰ ਕਿਹਾ ਕਿ ਆਹ ਭੇਡਾਂ, ਬੱਕਰੀਆਂ ਗਿਣ। ਜਦੋਂ ਮੈਂ ਗਿਣੀਆਂ ਤਾਂ ਚਾਰ ਸੌ ਦੇ ਕਰੀਬ ਸਨ। ਸਾਨੂੰ ਜਿਉਂਦੇ ਰੱਖਣ ਲਈ ਬ੍ਰਿਗੇਡੀਅਰ ਸਾਹਿਬ ਪਾਕਿਸਤਾਨ ਵਾਲੇ ਪਾਸਿਓਂ ਸਾਡੇ ਲਈ ਐਨੀਆਂ ਭੇਡਾਂ, ਬੱਕਰੀਆਂ ਹੱਕ ਲਿਆਏ। ਇਸ ਤਰ੍ਹਾਂ ਲੋਕਾਂ ਨੂੰ ਜਿਉਂਦੇ ਰੱਖਣ ਲਈ ਉਹ ਆਪਣੀ ਜਾਨ ਵੀ ਜੋਖਮ ਵਿਚ ਪਾ ਦਿੰਦੇ ਸਨ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਪੁਣਛ ਦੇ ਰਖਵਾਲੇ (ੰਅਵਿਰ ਾ ਫੋਨਚਹ) ਵਜੋਂ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਬ੍ਰਿਗੇਡੀਅਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬਾਡੀਗਾਰਡ ਦੀਵਾਨ ਸਿੰਘ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਤੇ ਉਹ ਦੱਸਦਾ ਹੈ ਕਿ ਇਕ ਦਿਨ ਉਹ ਬ੍ਰਿਗੇਡੀਅਰ ਸਾਹਿਬ ਨਾਲ ਗਸ਼ਤ ‘ਤੇ ਗਿਆ ਹੋਇਆ ਸੀ। ਬ੍ਰਿਗੇਡੀਅਰ ਸਾਹਿਬ ਅੱਗੇ ਲੰਘ ਗਏ ਤੇ ਉਹ ਪਿੱਛੇ ਰਹਿ ਗਿਆ। ਉਹ ਦੂਜੇ ਰਾਹ ਜਾਣ ਲੱਗਾ ਤਾਂ ਝਾੜੀਆਂ ਦੇ ਪਿੱਛੇ ਹਿਲਜੁਲ ਹੋਈ। ਉਸ ਨੇ ਦੇਖਿਆ ਤਾਂ ਇੱਕ ਅਫਸਰ ਝਾੜੀਆਂ ਪਿੱਛੋਂ ਨਿਕਲਿਆ। ਅਫਸਰ ਡਰਿਆ ਹੋਇਆ ਸੀ। ਬਾਡੀਗਾਰਡ ਦੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ 21 ਪੰਜਾਬ ਦਾ, ਪਾਕਿਸਤਾਨ ਦਾ ਅਫਸਰ ਹੈ। ਇੰਨੇ ਨੂੰ ਬ੍ਰਿਗੇਡੀਅਰ ਪ੍ਰੀਤਮ ਸਿੰਘ ਵੀ ਆ ਗਏ। ਪਾਕਿਸਤਾਨੀ ਅਫਸਰ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਦੱਸਿਆ ਕਿ ਉਹ ਗਲਤੀ ਨਾਲ ਇਧਰ ਆ ਗਿਆ ਹੈ। ਬ੍ਰਿਗੇਡੀਅਰ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, “ਦੱਸੋ ਜਨਾਬ ਇੱਧਰ ਰਹਿਣਾ ਹੈ ਕਿ ਵਾਪਸ ਜਾਣਾ ਹੈ?” ਪਾਕਿਸਤਾਨੀ ਅਫਸਰ ਨੇ ਕਿਹਾ, “ਮੈਨੂੰ ਵਾਪਸ ਜਾਣ ਦਿਓ।” ਦੋਹਾਂ ਨੇ ਇਕ ਦੂਜੇ ਨੂੰ ਸਲੂਟ ਮਾਰਿਆ, ਹੱਥ ਮਿਲਾਇਆ ਤੇ ਅਸੀਂ ਉਸ ਨੂੰ ਜਾਣ ਦਿੱਤਾ, ਪਰ ਉਹ ਵਾਰ ਵਾਰ ਪਿੱਛੇ ਮੁੜ ਮੁੜ ਦੇਖਦਾ ਰਿਹਾ ਕਿ ਕਿਸੇ ਵੇਲੇ ਵੀ ਇੱਧਰੋਂ ਗੋਲੀ ਵੱਜ ਸਕਦੀ ਹੈ। ਬ੍ਰਿਗੇਡੀਅਰ ਨੇ ਮੈਨੂੰ ਕਿਹਾ, ਆਓ ਚੱਲੀਏ, ਨਹੀਂ ਤਾਂ ਉਸ ਦੇ ਮਨ ਵਿਚ ਡਰ ਬਣਿਆ ਰਹੇਗਾ। ਅਸੀਂ ਉਸ ਨੂੰ ਅਲਵਿਦਾ ‘ਚ ਹੱਥ ਹਿਲਾਇਆ ਤੇ ਵਾਪਿਸ ਮੁੜ ਪਏ।
ਬ੍ਰਿਗੇਡੀਅਰ ਦੇ ਨਾਲ ਦੇ ਸਿਪਾਹੀ ਦੱਸਦੇ ਹਨ ਕਿ ਉਨ੍ਹਾਂ ਨੇ ਬ੍ਰਿਗੇਡੀਅਰ ਨੂੰ ਕਦੇ ਵੀ ਗੋਲੀ ਅੱਗੇ ਝੁੱਕਦੇ ਨਹੀਂ ਸੀ ਦੇਖਿਆ। ਜਦ ਵੀ ਗੋਲੀਆਂ ਦੀ ਬੁਛਾੜ ਹੁੰਦੀ ਤੇ ਉਹ ਬ੍ਰਿਗੇਡੀਅਰ ਨੂੰ ਕਹਿੰਦੇ, ‘ਜਨਾਬ ਧਰਤੀ ਉਪਰ ਲੇਟ ਜਾਓ’ ਤਾਂ ਬ੍ਰਿਗੇਡੀਅਰ ਮੁਸਕਰਾਉਂਦਾ ਅਤੇ ਆਖਦਾ, “ਫਿਕਰ ਨਾ ਕਰੋ, ਮੇਰੇ ਨਾਂ ਦੀ ਗੋਲੀ ਨਹੀਂ ਬਣੀ।”
ਉਨ੍ਹਾਂ ਦੇ ਨਾਂ ‘ਤੇ ਪੁਣਛ ‘ਚ ਸਥਾਪਤ ਸਮਾਰਕ ਤੇ ਯਾਦਗਾਰਾਂ, ਬੀਤੇ ਵੇਲੇ ਦਾ ਹਾਲ ਬਿਆਨ ਕਰਦੀਆਂ ਹਨ। ਅਸਲ ਵਿਚ ਪ੍ਰੀਤਮ ਸਿੰਘ ਮਹਿਜ ਪੁਣਛ ਖਿੱਤੇ ਨੂੰ ਹੀ ਬਚਾਉਣ ਵਾਲੇ ਨਹੀਂ ਸਨ, ਸਗੋਂ ਉਨ੍ਹਾਂ ਨੇ ਅਜਿਹਾ ਬਹੁਤ ਕੁਝ ਬਚਾਇਆ ਤੇ ਸਿਰਜਿਆ। ਬ੍ਰਿਗੇਡੀਅਰ ਦਾ ਮਿਸ਼ਨ ਸ਼ੁਰੂ ਹੋਇਆਂ ਕਰੀਬ 18 ਮਹੀਨੇ ਹੋ ਚੁਕੇ ਸਨ। ਪਾਣੀ ਦੀ ਤਰ੍ਹਾਂ ਵਹਿੰਦਾ ਰਿਹਾ ਖੂਨ ਤੇ ਹਵਾ ‘ਚ ਸੀ ਬਾਰੂਦ ਹੀ ਬਾਰੂਦ। ਹਰ ਪਲ ਹੁੰਦੀਆਂ ਰਹੀਆਂ ਸ਼ਹਾਦਤਾਂ। ਸਰਹੱਦ ਦੀਆਂ ਲਕੀਰਾਂ ਬਦਲਦੀਆਂ ਰਹੀਆਂ ਕਰਵਟਾਂ। ਬਿਨਾ ਕਿਸੇ ਦਰੋ-ਦੀਵਾਰ ਦੇ ਕਿਸੇ ਇਲਾਕੇ ਨੂੰ ਬਚਾਈ ਰੱਖਣਾ, ਇਹ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ, ਪਰ ਇਸ ਮਹਾਨ ਸੂਰਬੀਰ ਬਾਰੇ ਇਤਿਹਾਸ ਦੇ ਪੰਨੇ ਕਿਉਂ ਖਾਮੋਸ਼ ਨੇ?
ਫਿਰ ਇਕ ਵੇਲਾ ਅਜਿਹਾ ਵੀ ਆਇਆ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਕਿੰਜ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਗੁੰਮਨਾਮੀ ਵਿਚ ਗੁਜ਼ਾਰਿਆ। ਅਜਿਹੀਆਂ ਬਹੁਤ ਕਥਾਵਾਂ ਹਨ, ਜੋ ਉਨ੍ਹਾਂ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ਅਤੇ ਪੁਸਤਕ ਦੀ ਤਿਆਰੀ ਸਬੰਧੀ ਪੁਣਛ ਖਿੱਤੇ ਦੇ ਫੇਰੇ ਦੌਰਾਨ ਸਾਹਮਣੇ ਆਈਆਂ। ਇਹ ਸਭ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਬਣਦਾ ਮਾਣ-ਸਨਮਾਨ ਉਨ੍ਹਾਂ ਨੂੰ ਮਿਲ ਸਕੇ।
(ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਪ੍ਰਾਜੈਕਟ ਦੇ ਕਰਤਾ-ਧਰਤਾ ਕਰਨਵੀਰ ਸਿੰਘ ਸਿਬੀਆ ਹਨ। ਫਿਲਮ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਅਤੇ ਸਿਨੇਮਾਟੋਗ੍ਰਾਫਰ ਗੁਰਪ੍ਰੀਤ ਚੀਮਾ ਹਨ।)