ਆਰ ਐਸ ਐਸ ਦਾ ਸਿੱਖ ਵਿਦਿਅਕ ਅਦਾਰਿਆਂ ‘ਚ ਵਧਦਾ ਦਖਲ

ਗੁਰਬਚਨ ਸਿੰਘ
ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ, “ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ।” ਇਥੇ ਗਿਆਨ ਅਤੇ ਗੁਰਮਤਿ ਫਲਸਫੇ ਦੇ ਸਿਰਮੌਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ। ਗੁਰਮਤਿ ਫਲਸਫੇ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਦੇ ਯੋਧੇ ਮਹਾਬਲੀ, ਸੂਰਮੇ ਤੇ ਦੇਸ਼ ਭਗਤਾਂ ਅਤੇ ਦਾਨੀਆਂ ਦੇ ਸਦਕਾ ਪੰਜਾਬ ਦਾ ਦੇਸ਼-ਵਿਦੇਸ਼ ਵਿਚ ਨਾਂ ਹੈ। ਪੰਜਾਬੀਆਂ ਨੇ ਹਮੇਸ਼ਾ ਸਮਾਜ ਨੂੰ ਬਿਹਤਰ ਬਣਾਉਣ ਲਈ ਪੂਰੀ ਦਰਿਆਦਿਲੀ ਨਾਲ ਦਾਨ ਦਿਤਾ ਹੈ। ਪੰਜਾਬ ਨੂੰ ਸਿਖਿਅਤ ਬਣਾਉਣ ਲਈ ਅਨੇਕ ਵਿਦਵਾਨਾਂ, ਸੰਸਥਾਵਾਂ ਨੇ ਅਹਿਮ ਹਿੱਸਾ ਪਾਇਆ ਹੈ। ਅਨੇਕ ਸੰਸਥਾਵਾਂ ਨੇ ਗੁਰੂਆਂ ਦੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਸੰਦੇਸ਼ ਫੈਲਾਉਣ ਲਈ ਜੀਅ ਤੋੜ ਉਪਰਾਲੇ ਕੀਤੇ ਹਨ।

ਅਜੋਕੇ ਸਮੇਂ ਵਿਚ ਆਰ ਐਸ ਐਸ ਵਲੋਂ ਸਿੱਖ ਪੰਥ ਦੇ ਸਿਰਮੌਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਸਮੇਤ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਸਾਰੇ ਸਿੱਖ ਅਦਾਰਿਆਂ, ਸਿੱਖ ਧਰਮ, ਦਰਸ਼ਨ ਬਾਰੇ ਪ੍ਰਮਾਣਿਕ ਗ੍ਰੰਥਾਂ ਅਤੇ ਪੁਸਤਕਾਂ ਵਿਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਆਰ ਐਸ ਐਸ ਆਪਣੇ ਗੁਪਤ ਏਜੰਡੇ ਤਹਿਤ ਇਨ੍ਹਾਂ ਸੰਸਥਾਵਾਂ ਵਿਚ ਘੁਸਪੈਠ ਕਰਕੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਾਬਜ਼ ਹੋਣਾ ਚਾਹੁੰਦੀ ਹੈ। ਸਿੱਖ ਧਰਮ ਦੇ ਪ੍ਰਮਾਣਿਕ ਹਵਾਲਾ ਪੁਸਤਕਾਂ ਦੀ ਪੁਨਰ ਛਪਾਈ ਜਾਂ ਸੋਧ ਦੇ ਨਾਂ ਹੇਠ ਉਨ੍ਹਾਂ ਦੇ ਬੁਨਿਆਦੀ ਸੂਤਰਾਂ ਨੂੰ ਢਾਹ ਲਾਈ ਜਾ ਰਹੀ ਹੈ। ਇਸ ਦੀਆਂ ਮੁਖ ਮਿਸਾਲਾਂ ਹੇਠ ਲਿਖੀਆਂ ਹਨ:
ਪ੍ਰਸਿਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ ਤਿਆਰ ਕੀਤਾ ਗੁਰਸ਼ਬਦ ਰਤਨਾਕਰ ‘ਮਹਾਨ ਕੋਸ਼’ ਸਿੱਖ ਇਤਿਹਾਸ, ਸਾਹਿਤ, ਭਾਸ਼ਾ, ਸਭਿਆਚਾਰ, ਗੁਰਦੁਆਰਾ ਸਾਹਿਬ ਦੇ ਸੰਕਲਪਾਂ, ਗੁਰਮਤਿ ਦੇ ਸੰਦੇਸ਼ਾਂ ਦਾ ਇਕੋ ਇਕ ਸਹੀ ਅਤੇ ਪ੍ਰਮਾਣਿਕ ਗ੍ਰੰਥ ਹੈ। ਮਹਾਨ ਕੋਸ਼ ਦੀ ਪ੍ਰਮਾਣਿਕਤਾ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਹੁਣ ਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਇਤਿਹਾਸ, ਰਾਜਨੀਤੀ ਸ਼ਾਸਤਰ, ਫਿਲਾਸਫੀ, ਪੰਜਾਬੀ, ਅੰਗਰੇਜ਼ੀ, ਹਿੰਦੀ ਸੰਸਕ੍ਰਿਤ ਆਦਿ ਅਨੇਕ ਵਿਸ਼ਿਆਂ ਦੇ ਐਮ.ਫਿਲ਼ ਤੇ ਪੀਐਚ. ਡੀ. ਡਿਗਰੀ ਲਈ ਪੇਸ਼ ਕੀਤੇ ਬਹੁਗਿਣਤੀ ਖੋਜ ਪ੍ਰਬੰਧਾਂ ਵਿਚ ਮਹਾਨ ਕੋਸ਼ ਦੇ ਹਵਾਲੇ ਮਿਲਦੇ ਹਨ।
ਮਹਾਨ ਕੋਸ਼ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਨੂੰ ਸੋਧਣ ਦੇ ਨਾਂ ਹੇਠ ਇਸ ਵਿਚ ਗਲਤ ਐਂਟਰੀਆਂ ਸ਼ਾਮਲ ਕੀਤੀਆਂ ਅਤੇ ਇਸ ਦੇ ਹਿੰਦੀ ਤੇ ਅੰਗਰੇਜ਼ੀ ਅਨੁਵਾਦ ਵਿਚ ਮੂਲ ਸਿਧਾਂਤਾਂ ਨੂੰ ਹੀ ਬਦਲ ਕੇ ਰੱਖ ਦਿਤਾ। ਜਿਸ ਬਾਰੇ ਗੰਭੀਰ ਵਿਵਾਦ ਖੜਾ ਹੋਇਆ। ਇਹ ਜ਼ਿਕਰਯੋਗ ਹੈ ਕਿ 1930 ਵਿਚ ਮਹਾਰਾਜਾ ਪਟਿਆਲਾ ਨੇ ਇਸ ਨੂੰ ਚਾਰ ਜਿਲਦਾਂ ਵਿਚ ਛਪਵਾਇਆ ਸੀ। ਉਸ ਪਿਛੋਂ ਭਾਸ਼ਾ ਵਿਭਾਗ ਪੰਜਾਬ ਨੇ ਪਹਿਲੀ ਵਾਰ ਇਸ ਨੂੰ 1960 ਵਿਚ ਛਾਪਿਆ ਤੇ ਪਾਠਕਾਂ ਦੀ ਮੰਗ ਉਤੇ ਅਨੇਕ ਵਾਰ ਇਸ ਦੀ ਛਪਾਈ ਹੋਈ। ਨਿਰਸੰਦੇਹ ਭਾਸ਼ਾ ਵਿਭਾਗ ਵਲੋਂ ਵੀ ਕੁਝ ਐਂਟਰੀਆਂ ਨਾਲ ਛੇੜਛਾੜ ਹੋਈ, ਜਿਵੇਂ 1974 ਵਾਲੇ ਐਡੀਸ਼ਨ ਵਿਚ ਭਾਟੜਾ ਐਂਟਰੀ ਨੂੰ ਵੇਖਿਆ ਜਾ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਨੇ ਤਾਂ ਸਿਰਾ ਹੀ ਲਾ ਦਿਤਾ। ਉਨ੍ਹਾਂ ਨੇ ਇਸ ਕੋਸ਼ ਦਾ ਪੂਰਾ ਸਰੂਪ ਹੀ ਵਿਗਾੜ ਦਿਤਾ। ਆਰ ਐਸ ਐਸ ਨਾਲ ਜੁੜੀਆਂ ਸ਼ਕਤੀਆਂ ਦਾ ਇਸ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਸਬੂਤ ਅਨੇਕ ਵਾਰ ਅਖਬਾਰਾਂ ਵਿਚ ਛਪ ਚੁਕੇ ਹਨ। 2.75 ਕਰੋੜ ਰੁਪਏ ਖਰਚ ਕੇ ਯੂਨੀਵਰਸਿਟੀ ਨੇ ਇਸ ਮਹਾਨ ਕੋਸ਼ ਦੀ ਆਭਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ। ਸਿੱਖ ਚਿੰਤਕਾਂ ਦੇ ਰੋਸ ਕਾਰਨ ਪੜਤਾਲ ਉਪਰੰਤ ਇਨ੍ਹਾਂ ਦੀ ਵਿਕਰੀ ਉਤੇ ਰੋਕ ਲਾਈ ਗਈ। ਇਹ ਸਿੱਖ ਪੰਥ ਦੇ ਸਿਧਾਂਤ ਨੂੰ ਢਾਹ ਲਾਉਣ ਦਾ ਇਕ ਵੱਡਾ ਸਕੈਂਡਲ ਹੈ, ਜਿਸ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ।
ਇਸ ਪ੍ਰਕਾਰ ਹੀ ਧਨੌਲਾ ਨੇੜੇ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਜਬਰਦਸਤੀ ਸੀ. ਏ. ਏ. ਦੇ ਹੱਕ ਵਿਚ ਦਸਤਖਤ ਕਰਵਾਏ ਗਏ। ਅਜਿਹਾ ਆਰ ਐਸ ਐਸ ਨਾਲ ਜੁੜੇ ਵਿਦਿਆ ਭਾਰਤੀ ਸਕੂਲਾਂ ਵਿਚ ਕਰਵਾਇਆ ਗਿਆ। ਉਸ ਬਾਰੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਹਨ। ਇਲਾਕੇ ਦੇ ਚੇਤੰਨ ਵਰਗ ਵਲੋਂ ਰੋਸ ਪ੍ਰਗਟ ਕਰਨ ‘ਤੇ ਪ੍ਰਬੰਧਕਾਂ ਨੂੰ ਮਾਫੀ ਮੰਗਣੀ ਪਈ, ਪਰ ਸਰਕਾਰ ਵਲੋਂ ਹਾਲੇ ਤਕ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਆਰ ਐਸ ਐਸ ਦੀ ਸਿਖਿਆ ਅਦਾਰਿਆਂ ਵਿਚ ਦਖਲਅੰਦਾਜ਼ੀ ਦੀ ਤਾਜ਼ਾ ਮਿਸਾਲ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰਖਣ ਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਮਸਤੂਆਣਾ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਲੜਕੀਆਂ, ਸੰਗਰੂਰ ਨੂੰ ਢਾਹ ਲਾਉਣ ਲਈ ਇਸ ਦੇ ਕਾਰਕੁਨਾਂ ਵਲੋਂ ਸਿੱਧੇ ਢੰਗ ਨਾਲ ਚਲਾਈ ਜਾ ਰਹੀ ਮੁਹਿੰਮ ਹੈ।
ਜ਼ਿਕਰਯੋਗ ਹੈ ਕਿ ਇਹ ਕਾਲਜ 1970 ਵਿਚ ਤਤਕਾਲੀ ਬਿਜਲੀ ਤੇ ਸਿੰਜਾਈ ਮੰਤਰੀ ਸ਼ ਗੁਰਬਖਸ਼ ਸਿੰਘ ਸਿਬੀਆ ਨੇ ਸਥਾਪਤ ਕੀਤਾ ਸੀ। ਇਸ ਪਛੜੇ ਇਲਾਕੇ ਵਿਚ ਉਦੋਂ ਲੜਕੀਆਂ ਦੀ ਵਿਦਿਆ ਦਾ ਕੋਈ ਵੀ ਕਾਲਜ ਨਹੀਂ ਸੀ। ਪਿੰ. ਸੁਰਜੀਤ ਸਿੰਘ ਗਾਂਧੀ ਤੇ ਪ੍ਰਿੰ. ਸਵਰਾਜ ਕੌਰ ਦੀ ਮਿਹਨਤ ਸਦਕਾ ਇਹ ਪੰਜਾਬ ਦੀ ਨਾਮਵਰ ਸੰਸਥਾ ਬਣ ਗਿਆ। ਜਿਥੇ ਸਿੱਖਿਆ ਦੇ ਨਾਲ ਲੜਕੀਆਂ ਦੇ ਚਰਿਤਰ ਨਿਰਮਾਣ ਲਈ ਨੈਤਿਕ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਕਾਲਜ ਵਿਚ ਬੀ. ਕਾਮ., ਬੀ. ਸੀ. ਏ., ਬੀ.ਵਾਕ., ਐਮ. ਐਸ਼ ਸੀ. ਆਈ. ਟੀ., ਪੀ. ਜੀ. ਡੀ. ਸੀ. ਏ. ਦੇ ਕੋਰਸ ਬਹੁਤ ਚੰਗੀ ਤਰ੍ਹਾਂ ਚਲ ਰਹੇ ਹਨ। ਬੀ. ਏ. ਵਿਚ ਵਿਦਿਆਰਥੀਆਂ ਦਾ ਰੁਝਾਨ ਘਟ ਜਾਣ ਕਾਰਨ ਬਚਿਆਂ ਦੇ ਦਾਖਲੇ ਘਟ ਹੋ ਰਹੇ ਹਨ, ਇਸ ਲਈ ਪ੍ਰਬੰਧਕਾਂ ਨੇ ਸਰਕਾਰੀ ਸਿੱਖਿਆ ਨੀਤੀ ਅਨੁਸਾਰ ਕੋਰਸਾਂ ਦੇ ਪੁਨਰਗਠਨ ਦੀ ਕ੍ਰਿਆ ਕਾਨੂੰਨੀ ਢੰਗ ਨਾਲ ਅਰੰਭ ਕੀਤੀ ਹੈ। ਇਸ ਲਈ ਮੈਨੇਜਮੈਂਟ ਪੂਰੀ ਤਰ੍ਹੀ ਅਧਿਕਾਰਤ ਹੈ, ਕਿਉਂਕਿ ਅਜੋਕੀਆਂ ਹਾਲਤਾਂ ਵਿਚ ਸਰਕਾਰ ਵਲੋਂ ਵਿਦਿਅਕ ਕੋਰਸਾਂ, ਸਿਲੇਬਸਾਂ ਅਤੇ ਸੰਸਥਾਵਾਂ ਦੇ ਢਾਂਚੇ ਨੂੰ ਨਵਾਂ ਰੂਪ ਦੇਣ ਦੇ ਕਾਰਜ ਕੀਤੇ ਜਾ ਰਹੇ ਹਨ।
ਸਰਕਾਰ ਦੀ ਇਸ ਨੀਤੀ ਅਧੀਨ ਅਕਾਲ ਡਿਗਰੀ ਕਾਲਜ ਲੜਕੀਆਂ, ਸੰਗਰੂਰ ਵਿਚ ਵੀ ਕੋਰਸਾਂ ਦਾ ਪੁਨਰਗਠਨ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਸੰਗਰੂਰ ਦੇ ਪੱਛੜੇ ਤੇ ਪੇਂਡੂ ਇਲਾਕਾਈ ਲੋੜਾਂ ਮੁਤਾਬਿਕ ਉਚ ਵਿਦਿਅਕ ਮਾਪਦੰਡਾਂ ਅਨੁਸਾਰ ਤਿਆਰ ਕੀਤੀ ਗਈ ਹੈ, ਤਾਂ ਜੋ ਪੇਂਡੂ ਦਲਿਤ, ਗਰੀਬ ਤੇ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਉਚ ਮਿਆਰੀ ਸਿਖਿਆ ਹਾਸਲ ਕਰਕੇ ਸੰਤ ਅਤਰ ਸਿੰਘ ਦੇ ਸੰਕਲਪਾਂ ਅਨੁਸਾਰ ਆਪਣੇ ਪੈਰ੍ਹਾਂ ਉਤੇ ਖੜ੍ਹੀਆਂ ਹੋ ਸਕਣ ਅਤੇ ਕਾਲਜ ਕਰੋੜਾਂ ਰੁਪਏ ਦੇ ਘਾਟੇ ਵਿਚੋਂ ਉਭਰ ਸਕੇ; ਪਰ ਇਸ ਤੋਂ ਚਿੜ੍ਹ ਕੇ ਆਰ ਐਸ ਐਸ ਨਾਲ ਜੁੜੇ ਤੱਤਾਂ, ਸਿੱਖਿਆ ਤੇ ਭੋਂ ਮਾਫੀਆ ਅਤੇ ਸਵਾਰਥੀ ਅਨਸਰਾਂ ਨੇ ਮਿਲ ਕੇ ਇਕ ਸਾਜਿਸ਼ੀ ਮੁਹਿੰਮ ਅਰੰਭੀ ਹੋਈ ਹੈ। ਇਸ ਨੂੰ ਵਿਵਾਦਤ ਅਤੇ ਭ੍ਰਿਸ਼ਟ ਅਧਿਕਾਰੀ ਆਪਣੇ ਨਿਜੀ ਹਿਤਾਂ ਦੀ ਪੂਰਤੀ ਲਈ ਹੱਲਾਸ਼ੇਰੀ ਦੇ ਰਹੇ ਹਨ ਤਾਂ ਜੋ ਇਸ ਸੰਸਥਾ ਉਤੇ ਕਬਜਾ ਕੀਤਾ ਜਾ ਸਕੇ। ਇਸ ਲਈ ਪੰਜਾਬ ਦੇ ਵਿਰਸੇ, ਸਿੱਖ ਧਰਮ ਅਤੇ ਇਤਿਹਾਸ ਲਈ ਅਜਿਹੀ ਖਤਰਨਾਕ ਮੁਹਿੰਮ ਦਾ ਜ਼ੋਰਦਾਰ ਵਿਰੋਧ ਕਰਨ ਲਈ ਸੰਤ ਅਤਰ ਸਿੰਘ ਦੀ ਵਿਚਾਰਧਾਰਾ ਦੇ ਮੁਦੱਈਆਂ ਅਤੇ ਗੁਰਮਤਿ ਆਸ਼ੇ ਨੂੰ ਸਮਰਪਿਤ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਰ ਐਸ ਐਸ ਦੇ ਪੰਜਾਬ, ਸਿੱਖ ਤੇ ਸਿੱਖੀਮਾਰੂ ਰੁਝਾਨਾਂ ਨੂੰ ਰੋਕਿਆ ਜਾ ਸਕੇ।