‘ਗੁਰਬਾਣੀ ਤੇ ਮੁਹਾਵਰੇ’

ਸੰਪਾਦਕ ਦੀ ਡਾਕ
ਮਾਣਯੋਗ ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 27 ਜੂਨ 2020 ਦੇ ਅੰਕ ਵਿਚ ‘ਗੁਰਬਾਣੀ ਤੇ ਮੁਹਾਵਰੇ’ ਲੇਖ ਵਿਚ ਲੇਖਕ ਨੇ ਗੁਰਬਾਣੀ ਵਿਚ ਆਏ ਮੁਹਾਵਰਿਆਂ ਦੀ ਵਰਤੋਂ ਨੂੰ ਜੀਵਨ ਵਿਚ ਵਰਤ ਕੇ ਬਾਣੀ ਨੂੰ ਚੇਤੇ ਰੱਖਣ ਦੀ ਵਧੀਆ ਗੱਲ ਕੀਤੀ ਹੈ। ਸੁਣ-ਸੁਣਾ ਕੇ ਗੁਰਬਾਣੀ ਦੇ ਮੁਹਾਵਰਿਆਂ ਦਾ ਗਲਤ ਉਚਾਰਨ ਕਰਨਾ ਚੰਗੀ ਪਿਰਤ ਨਹੀਂ ਹੈ ਅਤੇ ਨਾ ਹੀ ਸੁਣੇ-ਸੁਣਾਏ ਮੁਹਾਵਰਿਆਂ ਨੂੰ ਅਸਲ ਲਿਖਤ ਨਾਲ ਮੇਲੇ ਤੋਂ ਬਿਨਾ ਛਾਪਣਾ ਚੰਗੀ ਗੱਲ ਹੈ। ਲੇਖਕ ਨੇ ਸਹੀ ਮੌਕੇ ‘ਤੇ ਗੁਰਬਾਣੀ ਦਾ ਸਹੀ ਉਚਾਰਣ ਕਰਨ ਤੇ ਜ਼ੋਰ ਦਿੱਤਾ ਹੈ, ਜੋ ਚੰਗੀ ਸੋਚ ਹੈ। ਲੇਖਕ ਨੇ ਲਿਖਿਆ ਹੈ, “ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਸਹੀ ਮੌਕੇ ‘ਤੇ ਸਹੀ ਉਚਾਰਨ ਰਾਹੀਂ ਵਰਤਣ ਦੀ ਆਦਤ ਪਾਈਏ…।”

ਲੇਖਕ ਵਲੋਂ ਗੁਰਬਾਣੀ ਦੀਆਂ ਬਹੁਤੀਆਂ ਤੁਕਾਂ ਸਹੀ ਲਗਾਂ-ਮਾਤਰਾਂ ਨਾਲ ਨਹੀਂ ਲਿਖੀਆਂ ਗਈਆਂ। ਜਾਪਦਾ ਹੈ, ਲੇਖਕ ਨੇ ਯਾਦ ਸ਼ਕਤੀ ਨਾਲ ਅਜਿਹਾ ਕੀਤਾ ਹੈ, ਅਸਲ ਲਿਖਤ ਨੂੰ ਸਾਹਮਣੇ ਨਹੀਂ ਰੱਖਿਆ। ਜੇ ਲੇਖਕ ਨੇ ਗੁਰਦੁਆਰੇ ਵਿਚ ਸੇਵਾਦਾਰ ਵਜੋਂ ਕੰਮ ਸੰਭਾਲਿਆ ਹੋਇਆ ਹੈ ਤਾਂ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਆਪਣੇ ਅਹੁਦੇ ਅਨੁਸਾਰ ਗੁਰਬਾਣੀ ਦੀ ਲਿਖਤ ਨੂੰ ਜ਼ਰੂਰ ਸੋਧ ਕੇ ਲਿਖਦੇ। ਇਹ ਲੇਖ ਲੇਖਕ ਦੀ ਨੁਕਤਾਚੀਨੀ ਨਹੀਂ, ਸਗੋਂ ਗੁਰਬਾਣੀ ਦਾ ਮੌਲਿਕ ਦਰਜਾ ਉਚਾ ਰੱਖਣ ਹਿੱਤ ਹੀ ਹੈ। ਲੇਖ ਵਿਚੋਂ ਕੁਝ ਤੁਕਾਂ ਦੀਆਂ ਮਿਸਾਲਾਂ ਲੈ ਕੇ ਅਸਲ ਨਾਲ ਮੇਲ ਕੇ ਦੇਖਣ ਤੇ ਇਉਂ ਪਤਾ ਲੱਗਦਾ ਹੈ,
(A) ਅਸਲ ਤੁਕ ਹੈ, ਮੂਰਖੁ ਰਾਵਨੁ ਕਿਆ ਲੇ ਗਇਆ॥ (ਪੰਨਾ 1158)
ਅਰਥ: ਰਾਵਨ ਮੂਰਖ ਸੀ, ਦੱਸੋ ਉਹ ਮਰਨ ਸਮੇਂ ਕੀ ਨਾਲ ਲੈ ਗਿਆ?
ਲੇਖਕ ਵਲੋਂ ਲਿਖੀ, ਮੂਰਖ ਰਾਵਨੁ ਕਿਆ ਲੇ ਗਇਆ॥
ਅਰਥ: ਹੇ ਮੂਰਖ ਪ੍ਰਾਣੀ! ਰਾਵਣ ਕੀ ਨਾਲ ਲੈ ਗਿਆ?
ਵਿਚਾਰ: ਗੁਰਬਾਣੀ ਵਿਆਕਰਣ ਅਨੁਸਾਰ ਅਸਲ ਤੁਕ ਵਿਚ ‘ਮੂਰਖੁ’ ਸ਼ਬਦ ‘ਰਾਵਨੁ’ ਸ਼ਬਦ ਦਾ ਵਿਸ਼ੇਸ਼ਣ ਹੈ ਅਤੇ ਲੇਖ ਵਿਚ ਲਿਖੀ ਤੁਕ ਵਿਚ ‘ਮੂਰਖ’ ਸੰਬੰਧਨ ਕਾਰਕ ਵਿਚ ਹੈ, ਜਿਸ ਕਰ ਕੇ ਅਰਥਾਂ ਵਿਚ ਅੰਤਰ ਪੈ ਗਿਆ ਹੈ।
(ਅ) ਅਸਲ ਤੁਕ ਹੈ, “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ (ਪੰਨਾ 470)
ਲੇਖਕ ਵਲੋਂ ਲਿਖੀ ਤੁਕ ਹੈ, ‘ਨੀਵੈ ਸੁ ਗਉਰਾ ਹੋਇ।’ ਗੁਰਬਾਣੀ ਵਿਆਕਰਣ ਅਨੁਸਾਰ ‘ਨਿਵੈ’ ਸ਼ਬਦ ਦਾ ਅਰਥ ਹੈ, ਜੋ ਨਿਵਦਾ ਜਾਂ ਝੁਕਦਾ ਹੈ; ਗਉਰਾ-ਭਾਰਾ; ਪਰ ਗੁਰਬਾਣੀ ਵਿਚ ਕਿਤੇ ਵੀ ‘ਨੀਵੈ’ ਸ਼ਬਦ ਨਹੀਂ ਹੈ।
(e) ਅਸਲ ਤੁਕ ਹੈ, “ਗੰਢੁ ਪਰੀਤੀ ਮਿਠੇ ਬੋਲ॥” (ਪੰਨਾ 143)
ਲੇਖਕ ਵਲੋਂ ਲਿਖੀ ਇਹ ਤੁਕ ਹੈ, ‘ਗੰਢ ਪਰੀਤੀ ਮਿੱਠੇ ਬੋਲ।’ ਲੇਖਕ ਨੇ ਗੰਢੁ ਸ਼ਬਦ ਨੂੰ ਗੰਢ ਅਤੇ ਮਿਠੇ ਸ਼ਬਦ ਨੂੰ ਮਿੱਠੇ ਲਿਖਿਆ ਹੈ। ਗੁਰਬਾਣੀ ਲਿਖਣ ਲੱਗਿਆਂ ਅੱਧਕ ਦਾ ਚਿੰਨ੍ਹ ਨਹੀਂ ਵਰਤਿਆ ਜਾ ਸਕਦਾ, ਬੋਲਣ ਵਿਚ ਹੀ ਵਰਤਿਆ ਜਾਂਦਾ ਹੈ। ਗੁਰਬਾਣੀ ਵਿਆਕਰਣ ਅਨੁਸਾਰ ਗੰਢੁ ਸ਼ਬਦ ਇੱਕ ਵਚਨ ਹੈ ਤੇ ਗੰਢ ਸ਼ਬਦ ਬਹੁ ਵਚਨ ਹੈ। ਗੰਢੁ ਦਾ ਅਰਥ ਹੈ- ਸਬੰਧ, ਗਾਂਢਾ ਅਤੇ ਗੰਢ ਦਾ ਅਰਥ ਹੈ, ਗੰਢਾਂ। ਅਸਲ ਤੁਕ ਦੇ ਅਰਥ ਹਨ- ਮਿੱਠੇ ਬੋਲ ਬੋਲਿਆਂ ਪਿਆਰ ਦਾ ਸਬੰਧ ਬਣਦਾ ਹੈ। (ਨੋਟ: ਗੰਢੁ ਸ਼ਬਦ ਇਸਤਰੀ ਲਿੰਗ ਹੁੰਦਿਆਂ ਵੀ ਪੁਲਿੰਗ ਰੂਪ (ਉਕਾਰਾਂਤ ਹੋਣ ‘ਤੇ) ਵਿਚ ਲਿਖਿਆ ਹੋਇਆ ਹੈ, ਕਿਉਂਕਿ ਇਸ ਸ਼ਬਦ ਦਾ ਔਕੜ ਮੂਲਕ ਹੈ। ਗੁਰੁ ਸ਼ਬਦ ਤੋਂ ਗੁਰ ਕਾ ਤਾਂ ਬਣ ਸਕਦਾ ਹੈ, ਪਰ ਗੰਢੁ ਸ਼ਬਦ ਤੋਂ ਗੰਢ ਕਾ ਨਹੀਂ ਬਣ ਸਕਦਾ।)
(ਸ) ਅਸਲ ਤੁਕ ਹੈ, “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥” (ਪੰਨਾ 470); ਲੇਖ ਵਿਚ ਲਿਖੀ ਤੁਕ ਹੈ, ‘ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਤ।’ ਗੁਰਬਾਣੀ ਵਿਆਕਰਣ ਅਨੁਸਾਰ ‘ਮਿਠਤੁ’ ਇੱਕ ਵਚਨ ਹੈ ਅਤੇ ਮਿਠਤ’ ਬਹੁ ਵਚਨ ਹੈ, ਤਤੁ ਸ਼ਬਦ ਇੱਕ ਵਚਨ ਹੈ ਅਤੇ ਤਤ ਸ਼ਬਦ ਬਹੁ ਵਚਨ ਹੈ। ਇਸ ਤੋਂ ਬਿਨਾ ਅੱਧਕ ਦੀ ਵਰਤੋਂ ਨਿਰਮੂਲ ਹੈ।
(ਹ) ਅਸਲ ਤੁਕ ਹੈ, “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥” (ਪੰਨਾ 473); ਲੇਖ ਵਿਚ ਇਸ ਨੂੰ ‘ਨਾਨਕ ਫਿਕੈ ਬੋਲੀਏ ਤਨੁ ਮਨੁ ਫਿਕਾ ਹੋਇ’ ਕਰ ਕੇ ਲਿਖਿਆ ਗਿਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਸਹੀ ਸ਼ਬਦ ‘ਬੋਲਿਐ’ ਦਾ ਅਰਥ ਹੈ ਬੋਲਣ ਨਾਲ, ਜਿਵੇਂ, ‘ਸੁਣਿਐ’ ਦਾ ਅਰਥ ਹੈ ਸੁਣਨ ਨਾਲ, ‘ਪੜਿਐ’ ਦਾ ਅਰਥ ਹੈ ਪੜ੍ਹਨ ਨਾਲ ਅਤੇ ਲੇਖ ਵਿਚ ਲਿਖੇ ‘ਬੋਲੀਏ’ ਸ਼ਬਦ ਦਾ ਅਰਥ ਹੈ- ਬੋਲਣਾ ਚਾਹੀਦਾ ਹੈ ਅਤੇ ਪ੍ਰਕਰਣ ਅਨੁਸਾਰ ਢੁੱਕਦਾ ਨਹੀਂ। ਗੁਰੂ ਜੀ ਇਹ ਨਹੀਂ ਕਹਿੰਦੇ ਕਿ ਫਿੱਕਾ ਬੋਲਣਾ ਚਾਹੀਦਾ ਹੈ (ਲੇਖਕ ਦੀ ਲਿਖੀ ਤੁਕ ਤਾਂ ਇਹੀ ਅਰਥ ਕੱਢਦੀ ਹੈ ਕਿ ਫਿੱਕਾ ਬੋਲਣਾ ਚਾਹੀਦਾ ਹੈ)। ਗੁਰੂ ਜੀ ਤਾਂ ਕਹਿੰਦੇ ਹਨ, ਫਿੱਕੇ ਵਚਨ ਬੋਲਣ ਨਾਲ ਤਨ ਅਤੇ ਮਨ ਫਿੱਕੇ (ਰੁੱਖੇ ਵਿਹਾਰ ਵਾਲੇ) ਹੋ ਜਾਂਦੇ ਹਨ। ਗੁਰਬਾਣੀ ਨੂੰ ਬੇਧਿਆਨੀ ਨਾਲ ਲਿਖਣਾ ਅਤੇ ਬੋਲਣਾ ਇਸ ਦੇ ਸਹੀ ਅਰਥਾਂ ਤੋਂ ਦੂਰ ਲੈ ਜਾਂਦਾ ਹੈ।
(ਕ) ਅਸਲ ਤੁਕ ਹੈ, “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥” (ਪੰਨਾ 469); ਲੇਖ ਵਿਚ ਲਿਖੀ ਬਦਲਵੀਂ ਤੁਕ ਹੈ, ‘ਦੁਖ ਦਾਰੂ ਸੁਖ ਰੋਗ ਭਇਆ।’ ਲੇਖਕ ਨੇ ਲਿਖਤ ਵਿਚ ਤਿੰਨ ਮਾਤਰਾਂ ਛੱਡ ਦਿੱਤੀਆਂ ਹਨ। ਗੁਰੂ ਜੀ ਨੇ ਦੁਖੁ, ਸੁਖੁ, ਰੋਗੁ-ਤਿੰਨੇ ਸ਼ਬਦ ਇੱਕ ਵਚਨ ਵਜੋਂ ਲਿਖੇ ਹਨ, ਜਦੋਂ ਕਿ ਲੇਖ ਵਿਚ ਲਿਖੇ ਇਹ ਤਿੰਨੇ ਸ਼ਬਦ ਬਹੁ ਵਚਨ ਬਣ ਗਏ ਹਨ। ਭਇਆ ਸ਼ਬਦ ਇਹ ਨਿਰਣਾ ਕਰਦਾ ਹੈ ਕਿ ਇਹ ਤਿੰਨੇ ਸ਼ਬਦ ਇੱਕ ਵਚਨ ਹਨ।
(ਖ) ਅਸਲ ਤੁਕ ਹੈ, “ਕਾਮੁ ਕ੍ਰੋਧੁ ਕਾਇਆ ਕੋ ਗਾਲੈ॥” (ਪੰਨਾ 932); ਪਰ ਲੇਖ ਵਿਚ ਲਿਖੀ ਬਦਲਵੀਂ ਤੁਕ ਹੈ, ‘ਕਾਮ ਕ੍ਰੋਧ ਕਾਇਆ ਕੋ ਗਾਲੈ।’ ਗੁਰਬਾਣੀ ਵਿਆਕਰਣ ਅਨੁਸਾਰ ਗੁਰੂ ਜੀ ਨੇ ਕਾਮੁ ਅਤੇ ਕ੍ਰੋਧੁ ਸ਼ਬਦਾਂ ਨੂੰ ਇੱਕ ਵਚਨ ਵਿਚ ਵਰਤਿਆ ਹੈ, ਪਰ ਲੇਖਕ ਵਲੋਂ ਲਿਖੇ ਅਨੁਸਾਰ ਇਨ੍ਹਾਂ ਦਾ ਬਹੁ ਵਚਨ ਰੂਪ ਵਰਤਿਆ ਗਿਆ ਹੈ, ਜੋ ਉਚਿਤ ਨਹੀਂ ਹੈ।
(ਗ) ਅਸਲ ਤੁਕ ਹੈ, “ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥” ਲੇਖ ਵਿਚ ਇਹ ਤੁਕ ਬਦਲਵੀਂ ਲਿਖੀ ਹੈ, ‘ਮਨ ਪ੍ਰਦੇਸੀ ਜੇ ਥੀਏ।’ ਦੋਹਾਂ ਤੁਕਾਂ ਦੀ ਤੁਲਨਾ ਕਰ ਕੇ ਦੇਖੀਏ ਤਾਂ ਲੇਖ ਵਿਚ ਮਨੁ ਨੂੰ ਮਨ, ਪਰਦੇਸੀ ਨੂੰ ਪ੍ਰਦੇਸੀ, ਥੀਐ ਨੂੰ ਥੀਏ ਲਿਖ ਕੇ ਲੇਖ ਵਿਚ ਸ਼ਬਦਾਂ ਦਾ ਵਿਆਕਰਣਕ ਸਰੂਪ ਬਦਲਿਆ ਗਿਆ ਹੈ। ਬਦਲੇ ਵਿਆਕਰਣਕ ਸਰੂਪਾਂ ਦੇ ਅਰਥ ਸਹੀ ਨਹੀਂ ਹੁੰਦੇ।
(ਘ) ਅਸਲ ਤੁਕ ਹੈ, “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥” (ਪੰਨਾ 62); ਲੇਖ ਵਿਚ ਇਹ ਬਦਲਵੇਂ ਰੂਪ ਵਿਚ ਲਿਖੀ ਹੈ, ‘ਸਚਹੁ ਉਰੈ ਸਭੁ ਕੋ।’
(ਙ) ਅਸਲ ਤੁਕ ਹੈ, “ਮਰਣੁ ਲਿਖਾਇ ਮੰਡਲ ਮਹਿ ਆਏ॥” (ਪੰਨਾ 685)
ਅਜਿਹੀਆਂ ਹੀ ਦੋ ਹੋਰ ਤੁਕਾਂ ਪੰਨਾ 1022 ਅਤੇ 876 ਉਤੇ ਵੀ ਹਨ। ਜੋ ਤੁਕ ਲੇਖ ਵਿਚ ਲਿਖੀ ਗਈ ਹੈ, ਉਹ ਗੁਰਬਾਣੀ ਵਿਚ ਕਿਤੇ ਵੀ ਨਹੀਂ ਹੈ। ਦੇਖੋ ਲੇਖ ਵਿਚ ਬਦਲ ਕੇ ਲਿਖੀ ਤੁਕ, ‘ਮਰਣੁ ਲਿਖਾਇ ਮੰਡਪੁ ਪੇ ਆਏ’। ਮੰਡਲ ਸ਼ਬਦ ਦਾ ਅਰਥ ਹੈ, ਜਗਤ ਅਤੇ ਮੰਡਪੁ ਸ਼ਬਦ ਦਾ ਅਰਥ ਹੈ, ਸ਼ਾਮਿਆਨਾ। ਮੌਤ ਲਿਖਾ ਕੇ ਕਿਹੜੇ ਸ਼ਾਮਿਆਨੇ ਵਿਚ ਆ ਗਏ? ਵਿਆਕਰਣ ਅਨੁਸਾਰ ਮੰਡਪੁ ਸ਼ਬਦ ‘ਪੇ’ ਸ਼ਬਦ ਦੀ ਵਰਤੋਂ ਕਾਰਨ ਉਕਾਰਾਂਤ (ਮੰਡਪ) ਹੋਣਾ ਸੀ। ਜੇ ਸ਼ਬਦਾਂ ਦੇ ਵਿਆਕਰਣਕ ਸਰੂਪ ਬਦਲਨਗੇ ਤਾਂ ਅਰਥ ਸਹੀ ਨਹੀਂ ਹੋ ਸਕਣਗੇ।
(ਚ) ਅਸਲ ਤੁਕ ਹੈ, “ਜਿਨ੍ਹ ਕੀ ਚੀਰੀ ਦਰਗਹ ਪਾਟੀ…॥” (ਪੰਨਾ 418) ਲੇਖ ਵਿਚ ਜਿਨ੍ਹ ਦੀ ਥਾਂ ਉਤੇ ਜਿਨ ਛਪਿਆ ਹੈ। ਜਿਨ੍ਹ ਦਾ ਅਰਥ ਹੈ ਜਿਨ੍ਹਾਂ ਦੀ ਅਤੇ ਜਿਨ ਦਾ ਅਰਥ ਹੈ, ਜਿਨ/ਭੂਤਾਂ ਦੀ। ‘ਨ’ ਅੱਖਰ ਦੇ ਪੈਰੀਂ ਅੱਧੇ ‘ਹ’ ਦਾ ਚਿੰਨ੍ਹ ਹੈ। ਚੀਨ ਅਤੇ ਚੀਨ੍ਹ, ਬੰਨ ਅਤੇ ਬੰਨ੍ਹ, ਸੰਨ ਅਤੇ ਸੰਨ੍ਹ ਆਦਿਕ ਇੱਕੋ ਜਿਹੇ ਅਰਥ ਨਹੀਂ ਰੱਖਦੇ।
(ਛ) ਅਸਲ ਤੁਕ ਹੈ, “ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ॥” (ਪੰਨਾ 1412); ਲੇਖ ਵਿਚ ਰਜਿ ਸ਼ਬਦ ਦੀ ਥਾਂ ‘ਰਜ’ ਛਪਿਆ ਹੈ, ਜੋ ‘ਰਜਿ’ ਸ਼ਬਦ ਦੇ ਕਾਰਦੰਤਕ ਰੂਪ ਦਾ ਵਿਗਾੜ ਹੈ। ਰਜਿ ਦਾ ਅਰਥ ਹੈ, ਰੱਜ ਕੇ ਜਦੋਂ ਕਿ ਰਜ ਸ਼ਬਦ ਦਾ ਇਹ ਅਰਥ ਨਹੀਂ ਬਣਦਾ। ਰਜ ਸ਼ਬਦ ਦਾ ਅਰਥ ਚਰਨ-ਧੂੜ ਹੁੰਦਾ ਹੈ (ਧਨੁ ਨਹੀ ਬਾਛਹਿ ਸੁਰਗ ਨ ਆਛਹਿ॥ ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥ (ਪੰਨਾ 251)
ਲੇਖ ਵਿਚ ਲਿਖੇ ‘ਲਿਖਿਆ ਲੇਖ ਨ ਮਿਟਈ’ ਵਿਚ ਲੇਖ ਦੀ ਥਾਂ ਲੇਖੁ ਸ਼ਬਦ ਹੈ, ‘ਰੂਪੈ ਕਾਮੇ ਦੋਸਤੀ ਵਿਚ’ ਵਿਚ ਕਾਮੇ ਸ਼ਬਦ ਦੀ ਥਾਂ ਕਾਮੈ ਸ਼ਬਦ ਸਹੀ ਹੈ, ‘ਨਾਨਕ ਚਿੰਤਾ ਮਤਿ ਕਰੋ’ ਵਿਚ ਕਰੋ ਦੀ ਥਾਂ ਕਰਹੁ ਸ਼ਬਦ, ‘ਜਲ ਮਹਿ ਜੰਤ ਉਪਾਇਅਨ’ ਵਿਚ ਉਪਾਇਅਨ ਦੀ ਥਾਂ ਉਪਾਇਅਨੁ ਸਹੀ ਹੈ, ‘ਜਿਸ ਗ੍ਰਿਹ ਬਹੁਤ ਤਿਸੇ ਗ੍ਰਹ ਚਿੰਤਾ’ ਤੁਕ ਦੀ ਥਾਂ ਸਹੀ ਤੁਕ ਹੈ, “ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥” ਜਿਨ੍ਹਾਂ ਦੀ ਤੁਲਨਾ ਕਰੀਏ ਤਾਂ ਲੇਖ ਵਿਚ ਇਸ ਤੁਕ ਦੀਆਂ ਪੰਜ ਮਾਤਰਾਂ ਸਹੀ ਨਹੀਂ ਪਾਈਆਂ ਗਈਆਂ, ‘ਦੀਨ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ’ ਵਿਚ ਦੀਨ ਸ਼ਬਦ ਵਾਧੂ ਹੈ, ‘ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ’ ਵਿਚ ‘ਠੰਡਾ’ ਦੀ ਥਾਂ ਠੰਢਾ ਸ਼ਬਦ ਸਹੀ ਹੈ।
ਭੁੱਲ-ਚੁੱਕ ਦੀ ਖਿਮਾ।
-ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171