ਵਿਜੇਦਾਨ ਉਰਫ ਬਿੱਜੀ ਦੀ ਦੁਨੀਆਂ

ਰਾਜਸਥਾਨੀ ਲੋਕਧਾਰਾ ਦੀ ਅਹਿਮ ਹਸਤੀ ਵਿਜੇਦਾਨ ਦੇਥਾ ਬਾਰੇ ਪੰਜਾਬੀ ਲੇਖਕ ਸ਼ ਸੋਜ਼ ਦੀ ਇਹ ਲਿਖਤ ਅੰਮ੍ਰਿਤਾ ਪ੍ਰੀਤਮ ਦੇ ਪਰਚੇ ‘ਨਾਗਮਣੀ’ ਦੇ ਜਨਵਰੀ 1999 ਵਾਲੇ ਅੰਕ ਵਿਚ ਛਪੀ ਸੀ। ਇਸ ਲਿਖਤ ਵਿਚ ਵਿਜੇਦਾਨ ਦੇਥਾ ਦੀ ਸ਼ਖਸੀਅਤ ਦੇ ਸਾਖਸ਼ਾਤ ਦਰਸ਼ਨ ਹੁੰਦੇ ਹਨ। ਸ਼ ਸੋਜ਼ ਨੇ ਇਸ ਲਿਖਤ ਵਿਚ ਲੋਕਧਾਰਾ ਦੀ ਧੜਕਦੀ ਜ਼ਿੰਦਗੀ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ।

-ਸੰਪਾਦਕ

ਸ਼ ਸੋਜ਼

ਇਹ ਕਿਹੜਾ ਬਾਂਗਰੂ ਤੁਰਿਆ ਆਂਦੈ ਜੀ?
ਯੂਨੀਵਰਸਿਟੀ ਸ੍ਰੀਨਗਰ ਦੀ। ਸ਼ਾਮ ਦੀ ਚਾਹ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੇ ਸਾਹਿਤ ਅਕਾਦਮੀ ਵਲੋਂ ਬੁਲਾਏ ਲੇਖਕਾਂ ਨੂੰ ਦਾਅਵਤ ਦਿੱਤੀ ਹੋਈ। ਕਬਾਬਾਂ ਦੀ ਸੁਗੰਧੀ। ਕੋਈ ਵੱਖਰਾ ਜਿਹਾ ਕਿਰਦਾਰ ਆਪਣੇ ਹੁਲਾਰੇ ਵਿਚ, ਆਪਣੀ ਮੁਸਕਾਨ। ਕੁਝ ਕਹਿਣ ਲਈ ਕੰਬਦੇ ਬੁੱਲ੍ਹ, ਤੁਰਿਆ ਆਵੇ।
“ਇਹ ਤਾਂ ਵਿਜੇਦਾਨ ਦੇਥਾ ਏ! ਰਾਜਸਥਾਨੀ ਦੇਥਾ। ਜੋਧਪੁਰ ਨੇੜੇ ਕਿਸੇ ਪਿੰਡ ਰਹਿੰਦੈ। ਅਕਾਦਮੀ ਦਾ ਐਵਾਰਡ ਵਿਨਰ।”
ਮੈਂ ਸਮਝਿਆ ਕੋਈ ਸ਼ੂਟਿੰਗ ਚੱਲ ਰਹੀ ਐ ਕਿਸੇ ਫਿਲਮ ਦੀ। ਕੋਈ ਐਕਟਿੰਗ ਵਾਲਾ ਲਿਬਾਸ ਪਹਿਨੀ ਇੱਧਰ ਆ ਰਿਹੈ। ਪੈਰੀਂ ਮੋਟੀ ਧੌੜੀ ਦੀ ਦੇਸੀ ਜੁੱਤੀ, ਜਿਵੇਂ ਸੁੱਤੇ ਪਏ ਮਿਰਜ਼ੇ ਦੀ ਲਾਹ ਕੇ ਲਿਆਇਆ ਹੋਵੇ। ਥੱਲਾ ਜੁੱਤੀ ਦਾ ਦੋ-ਦੋ ਉਂਗਲਾਂ ਮੋਟਾ। ਉਪਰ ਥੱਲੇ ਟੋਪੀਦਾਰ ਕੋਕੇ, ਸੁਨਹਿਰੇ, ਚਮਕਦੇ। ਜੁੱਤੀ ਦੀ ਨੋਕ ਉਪਰ ਵਾਧਰਵੇਂ ਚਮੜੇ ਦੀ ਸ਼ਮਲੀ। ਉਪਰ ਚਾਂਭਲਦੀ ਗੁਲਾਨਾਰੀ ਫੁੰਮਣੀ। ਕੱਦ ਮਧਰਾ। ਘੁੰਡ ਕੱਢ ਲਏ ਤਾਂ ਭਾਵੇਂ ਕਿਸੇ ਮਾਰਵਾੜਨ ਦਾ ਝਉਲਾ ਪਏ। ਦੇਥਾ, ਚੁਗਾਠ ਵਿਚ ਖਲੋਤਾ, ਪਿੱਛੇ ਚਿਨਾਰ, ਦਰਵਾਜੇ ਦਾ ਫਰੇਮ ਚਿਨਾਰੀ ਲੱਕੜ ਦਾ। ਤਸਵੀਰ ਦੀ ਤਸਵੀਰ ਦੇਥਾ।
ਪਹੁੰਚਿਆਂ ਵਾਲੀ ਧੋਤੀ, ਜਿਉਂ ਅਣਸਿੰਵੀ ਤੰਬੀ ਲਹੌਰੀਆਂ ਦੀ, ਤੇ ਲਉ, ਉਪਰ ਅੰਗਰਖਾ ਮੋਟੇ ਖੱਦਰ ਦਾ, ਤਣੀਆਂ ਤਣਾਵਾਂ ਵਾਲਾ, ਬੀੜਿਆਂ ਬਟਨਾਂ ਦੀ ਮੁਥਾਜੀ ਤੋਂ ਮੁਕਤ। ਮਥਰਾ ਦੇ ਮਲਾਈ ਕੁਲਫੀ ਵੇਚਣ ਵਾਲੇ ਚੇਤੇ ਪਏ ਆਵਣ। ਫਰਕ ਵਿਚੋਂ ਇੰਨਾ, ਉਨ੍ਹਾਂ ਸਿਰ ਟੋਪੀ ਹੋਂਦੀ ਏ ਕੁਲਫੀ ਜਿਹੀ ਚਿੱਟੀ। ਨਾਲੇ ਉਨ੍ਹਾਂ ਦੇ ਮੋਟੇ ਸ਼ੀਸ਼ਿਆਂ ਵਾਲੀ ਨਜ਼ਰ ਦੀ ਐਨਕ ਨਹੀਂ ਲੱਗੀ ਤੱਕੀ ਕਦੇ।
ਫੇਰ ਦੇਥਾ ਊਠ ‘ਤੇ ਸਵਾਰ ਪਿਆ ਲੱਗੇ। ਮਜ਼ੇ ਦੀ ਟੋਰ ਟੁਰਦਾ ਊਠ। ਊਠ ਵੀ ਘੁੰਗਰੂਆਂ ਟੱਲੀਆਂ ਵਾਲਾ, ਫੁੰਮਣੀਆਂ ਵਾਲਾ, ਕੱਲਮ-‘ਕੱਲਾ ਰੇਗਿਸਤਾਨਾਂ ਵਿਚ ਦੀ ਲੰਘਦਾ ਵਿਚਰਦਾ। ਪਿਆਸ ਪਿਆਸ ਥਿਆ ਪੁਨੂੰਆਂ। ਰੇਗਿਸਤਾਨ ਦੀਆਂ ਕਹਾਣੀਆਂ ਦੇ ਕਣ ‘ਕੱਠੇ ਕਰਦਾ ਦੇਥਾ। ਉਨ੍ਹਾਂ ਦੀਆਂ ਹੇਕਾਂ, ਹਉਕੇ ਸਾਂਭਦਾ, ਸਿਰਜਦਾ। ਦਵਿੰਦਰ ਸਤਿਆਰਥੀ ਦੀ ਬੀਕਾਨੇਰੀ ਐਡੀਸ਼ਨ, ਪਾਕਿਟ ਐਡੀਸ਼ਨ ਆਖੋ ਕਿ!
ਕਲਜੁਗ ਵਿਚ ਸਤਜੁਗੀ ਭਗਤ ਕਬੀਰ।
“ਅਰੇ ਭਾਈ ਕੋਈ ਨਜ਼ਮ ਵਜ਼ਮ ਸੁਨਾਓ ਅਪਨੀ।” ਦੇਥਾ ਆਇਆ ਤੇ ਆਉਂਦਿਆਂ ਹੀ ਫਰਮਾਇਸ਼ ਦਾਗ ਦਿੱਤੀ।
“ਪੰਜਾਬੀ ਸਮਝਲੇਂਗੇ ਕਿਆ ਆਪ ਦੇਥਾ ਸਾਹਿਬ?”
“ਸਮਝਨੇ ਕੇ ਲੀਏ ਕਭੀ ਕੋਈ ਜ਼ਬਾਨ ਤੋ ਮੁਸੀਬਤ ਨਹੀਂ ਬਨਤੀ ਮੇਰੇ ਖਯਾਲ ਸੇ।”
ਰਾਜਸਥਾਨੀ ਵਿਜੇਦਾਨ ਦੇਥਾ ਸਰਾਵਾਂ ਪੰਜਾਬੀ ਥੀਅ ਗਿਆ। ਕੋਈ ਮੀਆਂ ਹਾਸ਼ਮ ਦੀ ਆਲ ਔਲਾਦ। ਜਿਹੜਾ ਰਤਾ ਮਾਸਾ ਪੰਜਾਬੀ ਹੋਣੋਂ ਰਹਿ ਗਿਆ, ਉਹ ਦਾਰੂ ਨੇ ਪੂਰਾ ਕਰ ਦਿੱਤਾ। ਓਸ ਸੰਝ ਓਸ ਆਪਣੀ ਬੀਕਾਨੇਰੀ ਕਹਾਣੀ ਹਿੰਦੀ ‘ਚ ਪੜ੍ਹਨੀ ਸ਼ੁਰੂ ਕਰ ਦਿੱਤੀ। ਦਾਰੂ ਦੇ ਲੋਰ ਵਿਚ ਕਿਸੇ ਕਨਸੋਅ ਕੀਤੀ, ‘ਬੁੜ੍ਹਾ ਤੇ ਠਰਕਿਆ ਫਿਰਦੈ।’
“ਮੈਂ ਸਭ ਸਮਝਨਾ ਮੁੰਨਾ! ਜੋਧਪੁਰ ਦੇ ਜਸਵੰਤ ਕਾਲਜ ਜਦੋਂ ਪੜ੍ਹਦਾ ਸਾਂ, ਤੇਰੇ ਵਾਂਗ ਹੀ ਪੈਂਟਾਂ ਪਾਂਦਾ ਸਾਂ, ਮੈਚਿੰਗ ਟਾਈ ਲਾਂਦਾ ਸਾਂ। ਅਪਸਰਾਵਾਂ ਭ੍ਰਮਣ ਕਰਦੀਆਂ ਸਨ ਮੇਰੇ ਦੁਆਲੇ ਵੀ। ਜੁਰਅਤ ਪੈਦਾ ਕਰੋ ਬਾਤ ਖੁਲ੍ਹ ਕਰ ਕਹਿ ਸਕਨੇ ਕੀ, ਵਰਨਾ ਸਾਹਿਤ ਸਿਰਜਨਾ ਠੀਕ ਸੇ ਨਹੀਂ ਕਰ ਪਾਉਗੇ।”
ਫੇਰ ਤਾਂ ਦੇਥਾ ਪੰਜਾਬੀ, ਉਰਦੂ, ਹਿੰਦੀ, ਡੋਗਰੀ ਵਾਲਿਆਂ ਸਭ ਵਿਚ ਅਸਲੋਂ ਰਲ ਮਿਲ ਗਿਆ। ਆੜੀ ਹੋ ਗਿਆ ਸਭਨਾਂ ਦਾ। ਕਿਹਾ, “ਦੇਖੀਏ, ਨਾ ਤੋ ਮੁਝੇ ਦੇਥਾ ਸਾਹਿਬ ਕਹਿ ਕੇ ਬੁਲਾਈਏ, ਔਰ ਨਾ ਵਿਜੇਦਾਨ। ਦੋਸਤ ਯਾਰ ਔਰ ਮੇਰੇ ਘਰ ਵਾਲੇ ਸਭੀ ਮੁਝੇ ਬਿੱਜੀ ਪੁਕਾਰਤੇ ਹੈਂ। ਇਸ ਨਾਮ ਮੇ ਨਜ਼ਦੀਕੀ ਹੈ।”
ਸਾਹਿਤ ਅਕਾਦਮੀ ਦਾ ਕੱਦਾਵਰ ਵਿਜੇਦਾਨ ਦੇਥਾ ਸਿਮਟ ਕੇ ਬਿੱਜੀ ਹੋ ਗਿਆ। ਅਕਾਦਮੀ ਵਾਲਿਆਂ ਬੱਸ ਕਰਵਾ ਦਿੱਤੀ ਸੈਰ ਸਪਾਟੇ ਜੋਗੀ। ਅਵਾਂਤੀਪੁਰੇ ਦੇ ਖੰਡਰਾਂ ਵਿਚ ਲਿਆ ਖਲਾਰੀ। ਕਾਨਪੁਰੋਂ ‘ਸਾਖਸ਼ਾਤਕਾਰ’ ਦਾ ਐਡੀਟਰ ਸੋਮ, ਜੰਮੂ ਦੀ ਸ਼ਾਇਰਾ ਚੰਦ੍ਰਿਕਾ ਦੇ ਅੱਗੇ ਪਿੱਛੇ ਹੋਈ ਜਾਵੇ। ਬਿੱਜੀ ਸਾਡੇ ਨਾਲ ਬੈਠਾ ਤਮਾਸ਼ਾਏ-ਅਹਿਲੇ-ਕਰਮ ਤੱਕੇ ਪਿਆ। ਲਰਜ਼ਦੇ ਹੋਠਾਂ ਥੀਂ ਹਰਫ ਵਾਪਸ ਪਰਤਾਣ ‘ਚ ਮਾਹਰ ਬਿੱਜੀ। ਆਖਰ ਸੈਨਤ ਨਾਲ ਸੋਮ ਨੂੰ ਨੇੜੇ ਬੁਲਾਇਆ ਬਿੱਜੀ ਨੇ, ਹੱਥਾਂ ਦਾ ਉਹਲਾ ਕਰਦਿਆਂ ਸਰਗੋਸ਼ੀ ਕੀਤੀ, “ਜਿਤਨਾ ਮਰਜ਼ੀ ਘਾਸ ਡਾਲੋ ਮੁੰਨਾ, ਯੇ ਜੰਮੂ ਤਵੀ ਕੀ ਹੈ, ਤੁਮਾਰੀ ਘਾਸ ਨਹੀਂ ਖਾਏਗੀ ਕੁੜੀ।” ਬਿੱਜੀ ਨੇ ਜਦੋਂ ਕੁੜੀ ਬਾਰੇ ਕਿਹਾ, ਪੰਜਾਬ ਭਵਨ ‘ਚ ਠਹਾਕਾ ਟਹਿਕਿਆ। ਬਿੱਜੀ ਨੇ ਸੋਮ ਨੂੰ ਕਿਹਾ, “ਯਦੀ ਵੈਰੀ ਨਾਗ ਕੇ ਠੰਡੇ ਪਾਨੀ ਮੇਂ ਤੀਨ ਮਿੰਟ ਹਾਥ ਟਿਕਾ ਸਕੋ ਤੋ ਚੰਦ੍ਰਿਕਾ ਕੋ ਤੁਮਾਰੇ ਲਿਏ ਟਿਕਾਨੇ ਦੀ ਜ਼ਿੰਮੇਵਾਰੀ ਮੇਰੀ। ਤੀਨ ਡਰਿੰਕ ਪੰਜਾਬ ਭਵਨ ਮੇਂ ਏਕਦਮ ਫਰੀ।”
ਡੱਲ ਦੁਆਲੇ ਸੈਰ ‘ਤੇ ਨਿਕਲ ਜਾਂਦੇ। ਗੱਲਾਂ ਰਾਜਸਥਾਨੀ ਹੀਰਾਂ-ਰਾਂਝਿਆਂ ਦੀਆਂ, ਬੀਕਾਨੇਰੀਏ ਪੁਨੂੰਆਂ-ਸੱਸੀਆਂ ਦੀਆਂ, ਜੋਧਪੁਰੀਏ ਮਿਰਜ਼ੇ-ਸਾਹਿਬਾਂ ਦੀਆਂ। ਪੂਰੀ ਦੀ ਪੂਰੀ ਵਿਰਾਸਤ ਚੁੱਕੀ ਫਿਰਦਾ ਨਾਲ ਆਪਣੇ।
‘ਬਾਤਾਂ ਰੀ ਫੁਲਵਾੜੀ’ ਦੀਆਂ ਤੇਰਾਂ ਜਿਲਦਾਂ ਦਾ ‘ਕੱਲਾ-ਕਾਰਾ ਖਾਲਕ। ਤੌਬਾ, ਪੂਰੀ ਯੂਨੀਵਰਸਿਟੀ ਦਾ ਕੰਮ!
“ਅਰੇ ਬਰੁੰਦਾ ਗਾਉਂ ਮੇਂ ਤੋ ਲਾਲਟੈਨ ਕਿਸੀ ਕਹਿਤੇ ਕਹਿਲਾਤੇ ਘਰ ਮੇਂ ਜਲਤੀ ਹੈ, ਵਰਨਾ ਸਰਸੋਂ ਕੇ ਤੇਲ ਕਾ ਦੀਵਟ ਹੀ ਹੈ। ਸੜਕ ਨਹੀਂ, ਰੇਲ ਨਹੀਂ, ਪਾਨੀ ਨਹੀਂ, ਨਲ ਨਹੀਂ। ਰੇਤ ਹੈ, ਬਸ ਰੇਤ ਹੀ ਰੇਤ। ਔਰ ਮੇਰੀ ਕਲਮ ਉਸੀ ਰੇਤ ਕੋ ਕੁਰੇਦਤੀ ਆ ਰਹੀ ਹੈ।”
ਤਿਹੱਤਰ ਸਾਲ ਦਾ ਬਿੱਜੀ ਓਸੇ ਬਰੁੰਦਾ ਗਿਰਾਂ ਵਿਚ ਅੱਜ ਵੀ ਕਲਮ ਦੀ ਕਰਾਮਾਤ ਰਾਹੀਂ ਜੂਏ ਸ਼ੀਰ ਲਿਆਣ ਦੇ ਯਤਨ ਕਰ ਰਿਹੈ। ਸ਼ਿਕਾਰਿਆਂ, ਝੀਲਾਂ ਨੂੰ ਦੇਖ ਬਿੱਜੀ ਆਖੇ, “ਏਥੇ ਪਾਣੀਆਂ ਦੀਆਂ ਬਰਕਤਾਂ ਨੇ, ਓਥੇ ਪਾਣੀ ਦੀ ਤਿੱਪ ਨੂੰ ਸਹਿਕ ਜਾਈਦੈ। ਇੱਥੇ ਡੱਲ ਦੇ ਕਿਨਾਰੀਂ ਮਿੱਟੀ ਪਾ ਕੇ ਜ਼ਮੀਨ ਬਣਾਈ ਜਾਂਦੇ ਲੋਕੀਂ, ਇਨ੍ਹਾਂ ਪਾਸ ਜ਼ਮੀਨ ਨਹੀਂ, ਅਸਾਂ ਪਾਸ ਪਾਣੀ ਨਹੀਂ। ਇਹ ਪਾਣੀਆਂ ‘ਚੋਂ ਜੜ੍ਹਾਂ ਖੋਤਰਦੇ ਪਏ ਨੇ, ਅਸੀਂ ਰੇਤੜਾਂ ‘ਚੋਂ।”
ਬਿੱਜੀ ਦੀ ਕਿਤਾਬ ‘ਰੂੰਖ’ ਛਪ ਰਹੀ ਸੀ ਦਿੱਲੀ।
“ਰੂੰਖ ਦੇ ਕੀ ਮਾਇਨੇ ਨੇ ਬਿੱਜੀ?”
“ਰੂੰਖ ਮਾਇਨੇ ਜੜ੍ਹਾਂ। ਅੱਧੀ ਜ਼ਮੀਨ ਵੇਚਣੀ ਪਈ ਸੀ ਬਿੱਜੀ ਨੂੰ ਕਿਤਾਬ ਛਪਵਾਣ ਲਈ। ਵਿਰਾਸਤ ਦੀਆਂ ਜੜ੍ਹਾਂ ਲਾਉਣ ਲਈ ਆਪਣੀਆਂ ਜੜ੍ਹਾਂ ਵੇਚੀਆਂ।
“ਅਰੇ ਭਾਈ ਰੂੰਖ ਕੇ ਮਾਇਨੇ ਹੈਂ ਜੜ੍ਹੇਂ। ਯਦਿ ਹਮ ਅਪਨੇ ਲੋਕਮਾਨਸ ਕੀ ਜੜ੍ਹੇਂ ਖੋ ਦੇਂਗੇ, ਕਲਾਸਕੀ ਰਚਨਾ ਕੀ ਸੰਭਾਵਨਾ ਲੁਪਤ ਹੋ ਜਾਏਗੀ।”