ਸੰਗਰਾਮੀ ਲਹਿਰ ਬਨਾਮ ਕਰੋਨਾ ਦਾ ਕਹਿਰ

ਗੁਲਜ਼ਾਰ ਸਿੰਘ ਸੰਧੂ
ਕਰੋਨਾ ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਲਈ ਕੀ ਕੀ ਮੁਸੀਬਤਾਂ ਪੈਦਾ ਕੀਤੀਆਂ ਹਨ। ਹਰ ਨਵੇਂ ਦਿਨ ਮਿਲ ਰਹੇ ਅੰਕੜੇ ਬੱਚੇ ਬੱਚੇ ਦੀ ਜ਼ੁਬਾਨ ਉਤੇ ਹਨ। ਪ੍ਰਿੰਟ ਤੇ ਬਿਜਲਈ ਮੀਡੀਆ ਆਪੋ-ਆਪਣੇ ਢੰਗ ਨਾਲ ਜਾਗਰੂਕ ਕਰ ਰਿਹਾ ਹੈ, ਪਰ ਜਿਸ ਤਰ੍ਹਾਂ ਰੈਵੋਲਿਊਸ਼ਨਰੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਰਾਜਨੀਤਕ ਰਸਾਲੇ ‘ਸੰਗਰਾਮੀ ਲਹਿਰ’ ਦੇ ਅਪਰੈਲ-ਜੂਨ ਅੰਤ ਵਿਚ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਸਤਨਾਮ ਚਾਨਾ ਤੇ ਸਰਬਜੀਤ ਗਿੱਲ ਨੇ ਇਸ ਮੁੱਦੇ ਬਾਰੇ ਵਧੀਆ ਜਾਣਕਾਰੀ ਤੇ ਲੋੜੀਂਦੀ ਪਹੁੰਚ ਪੇਸ਼ ਕੀਤੀ ਹੈ, ਕਿਸੇ ਵੀ ਹੋਰ ਥਾਂ ਇੱਕ ਮੁੱਠ ਨਹੀਂ ਮਿਲਦੀ। ਆਪਣੇ ਵਲੋਂ ਕੁਝ ਵੀ ਕਹੇ ਬਿਨਾ ਇਨ੍ਹਾਂ ਲੇਖਾਂ ਦੇ ਕੁਝ ਅੰਸ਼ ਤਰਤੀਬ ਦੇ ਕੇ ਪੰਜਾਬੀ ਪਾਠਕਾਂ ਲਈ ਪੇਸ਼ ਕਰਨ ਦੀ ਖੁੱਲ੍ਹ ਲੈਣਾ ਚਾਹੁੰਦਾ ਹਾਂ।

ਕਰੋਨਾ ਵਾਇਰਸ ਕਰਕੇ ਪੈਦਾ ਹੋਈ ਆਲਮੀ ਮਹਾਮਾਰੀ ਨੇ ਅੱਜ ਦੁਨੀਆਂ ਭਰ ਵਿਚ ਭਿਆਨਕ ਦਹਿਸ਼ਤ ਫੈਲਾਈ ਹੋਈ ਹੈ। ਪਿਛਲੇ ਵਰ੍ਹੇ ਦਸੰਬਰ ਮਹੀਨੇ ਦੇ ਆਖਰੀ ਹਫਤੇ ਵਿਚ ਚੀਨ ਦੇ ਸ਼ਹਿਰ ਵੁਹਾਨ ‘ਚ ਸ਼ੁਰੂ ਹੋਈ ਕੋਵਿਡ-19 ਨਾਂ ਦੀ ਇਸ ਬਿਮਾਰੀ ਨੇ ਦਿਨਾਂ ਵਿਚ ਹੀ ਲਗਭਗ ਸਮੁੱਚੇ ਸੰਸਾਰ ਨੂੰ ਆਪਣੀ ਮਾਰੂ ਲਪੇਟ ‘ਚ ਲੈ ਲਿਆ।
ਇਸ ਮਹਾਮਾਰੀ ਨੇ ਦੁਨੀਆਂ ਦੇ ਸਾਹਮਣੇ ਕੁਝ ਬਹੁਤ ਹੀ ਅਹਿਮ ਤੱਥ ਉਘਾੜ ਕੇ ਪੇਸ਼ ਕਰ ਦਿੱਤੇ ਹਨ। ਸਭ ਤੋਂ ਉਘੜਵਾਂ ਮੁੱਦਾ ਪੂੰਜੀਵਾਦੀ ਰਾਜ ਪ੍ਰਬੰਧ ਦੀ ਕੁਦਰਤੀ ਆਫਤਾਂ ਸਮੇਂ ਜਨ ਸਮੂਹ ਦੀ ਇਨ੍ਹਾਂ ਤੋਂ ਬਚਾਅ ਕਰਨ ਵਿਚ ਅਸਮਰੱਥਾ ਹੈ। ਸਾਮਰਾਜੀ ਅਮਰੀਕਾ ਤੇ ਇਸ ਦੇ ਇਤਿਹਾਦੀ, ਜੋ ਸਾਇੰਸ ਦੀਆਂ ਨਵੀਆਂ ਕਾਢਾਂ ਨਾਲ ਕੁੱਲ ਮਨੁੱਖਤਾ ਨੂੰ ਸੈਂਕੜੇ ਵਾਰ ਮਾਰੂ ਹਥਿਆਰਾਂ ਨਾਲ ਤਬਾਹ ਕਰਨ ਦੀ ਸਮੱਰਥਾ ਰੱਖਦੇ ਹਨ, ਉਹ ਕੁਦਰਤ ਦੀ ਇਸ ਮਹਾਮਾਰੀ ਦੇ ਸਾਹਮਣੇ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਏ ਹਨ। ਲੱਖਾਂ ਲੋਕਾਂ ਦੀਆਂ ਮੌਤਾਂ ਦੇ ਕਰੋਨਾ-ਗ੍ਰਸਤ ਹੋਣ ਨਾਲ ਇਹ ਸਾਰੀਆਂ ਮਹਾਸ਼ਕਤੀਆਂ ਏਨੀਆਂ ਬੌਂਦਲ ਗਈਆਂ ਹਨ ਕਿ ਝੂਠੀ ਤੁਮਹਤਬਾਜ਼ੀ ਅਤੇ ਬਿਮਾਰੀ ਨਾਲ ਨਜਿੱਠਣ ਲਈ ਮੂਰਖਾਨਾ ਤੇ ਬਚਗਾਨਾ ਕਿਸਮ ਦੇ ਇਲਾਜ ਪੇਸ਼ ਕਰਕੇ ਮਖੌਲ ਦੇ ਪਾਤਰ ਬਣ ਰਹੀਆਂ ਹਨ।
ਸਿਹਤ ਸੇਵਾਵਾਂ ਵਿਚ ਲੱਖਾਂ ਡਾਕਟਰਾਂ, ਨਰਸਾਂ ਅਤੇ ਦੂਸਰੇ ਅਮਲੇ ਨੂੰ ਮੁਨਾਫੇ ਦੇ ਲਾਲਚ ਕਾਰਨ ਉਨ੍ਹਾਂ ਦੇ ਬਚਾਅ ਲਈ ਲੋੜੀਂਦਾ ਸਮਾਨ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਦੀ ਵਰਤੋਂ ਕਰਕੇ ਉਹ ਮਰੀਜ਼ਾਂ ਦਾ ਇਲਾਜ ਕਰਦੇ ਤੇ ਆਪਣੀ ਜ਼ਿੰਦਗੀ ਬਚਾ ਸਕਦੇ। ਸੰਸਾਰ ਭਰ ‘ਚ ਸਿਹਤ ਸੇਵਾਵਾਂ ਨਿਭਾ ਰਹੇ ਅਨੇਕਾਂ ਕਰਮਚਾਰੀਆਂ ਦੀਆਂ ਇਸ ਘਾਟ ਕਾਰਨ ਮੌਤਾਂ ਹੋ ਚੁਕੀਆਂ ਹਨ।
ਪੂੰਜੀਪਤੀ ਜਮਾਤ, ਜਿਸ ਨੇ ਸਦੀਆਂ ਤੋਂ ਕਿਰਤੀ ਲੋਕਾਂ ਦਾ ਖੂਨ ਪੀ ਕੇ ਪੂੰਜੀ ਦੇ ਅੰਬਾਰ ਖੜ੍ਹੇ ਕੀਤੇ, ਸਰਕਾਰੀ ਹੁਕਮਾਂ ਅਨੁਸਾਰ ਕੀਤੇ ਲੌਕਡਾਊਨ ਦੌਰਾਨ ਮਸ਼ੀਨ ਦਾ ਚੱਕਾ ਕੁਝ ਦਿਨਾਂ ਲਈ ਖੜ੍ਹਾ ਹੋ ਜਾਣ ‘ਤੇ ਕਿਰਤੀਆਂ ਨੂੰ ਦੋ ਡੰਗ ਦੀ ਰੋਟੀ ਦੇਣ ਤੋਂ ਹੀ ਮੁਨਕਰ ਹੋ ਗਈ ਹੈ। ਜਿਨ੍ਹਾਂ ਅਮੀਰਾਂ ਦੇ ਬੱਚਿਆਂ ਨੂੰ ਪਰਵਾਸੀ ਔਰਤਾਂ ਖਿਡਾਉਂਦੀਆਂ ਨਹੀਂ ਸਨ ਥੱਕਦੀਆਂ, ਉਨ੍ਹਾਂ ਨੂੰ ਕੁੱਛੜ ਚੁੱਕੇ ਭੁੱਖੇ ਪੇਟ ਬੱਚਿਆਂ ਸਮੇਤ ਰੋਂਦੀਆਂ-ਕੁਰਲਾਉਂਦੀਆਂ ਨੂੰ ਧੱਕੇ ਮਾਰ ਕੇ ਘਰਾਂ ‘ਚੋਂ ਬਾਹਰ ਕੱਢ ਦਿੱਤਾ ਗਿਆ। ਅੰਤਰਰਾਜੀ ਕਾਮੇ ਆਪਣੇ ਸਿਰਾਂ ‘ਤੇ ਪਾਟੇ ਕੱਪੜਿਆਂ ਦੀਆਂ ਗੰਢਾਂ ਤੇ ਕੁੱਛੜਾਂ ‘ਚ ਨੰਨ੍ਹੇ ਬੱਚਿਆਂ ਨੂੰ ਚੁੱਕ ਕੇ ਹਜ਼ਾਰਾਂ ਮੀਲ ਦੇ ਸਫਰ ‘ਤੇ ਪੈਦਲ ਤੁਰੇ ਜਾ ਰਹੇ ਹਨ।
ਇਸ ਦੇ ਉਲਟ ਲੋਕ ਚੀਨ, ਵੀਅਤਨਾਮ, ਕਿਊਬਾ, ਉਤਰੀ ਕੋਰੀਆ ਆਦਿ ਸਮਾਜਵਾਦੀ ਦੇਸ਼ਾਂ ਨੇ ਕਰੋਨਾ ਮਹਾਮਾਰੀ ਨੂੰ ਜਿਸ ਹੱਦ ਤੱਕ ਰੋਕ ਕੇ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਦੀ ਪੂਰਤੀ ਕੀਤੀ ਹੈ, ਉਸ ਨੇ ਸਿੱਧ ਕਰ ਦਿੱਤਾ ਹੈ ਕਿ ਬਹੁਤ ਸਾਰੀਆਂ ਘਾਟਾਂ ਤੇ ਮਜ਼ਬੂਰੀਆਂ ਦੇ ਹੁੰਦਿਆਂ ਵੀ ਸਮਾਜਵਾਦੀ ਦੇਸ਼ਾਂ ‘ਚ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਅਤੇ ਉਥੇ ਮੌਤ ਦਰ ਵੀ। ਕਾਰਨ ਇਹ ਕਿ ਉਨ੍ਹਾਂ ਦੇਸ਼ਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਮੁਨਾਫੇ ਵਾਸਤੇ ਨਹੀਂ, ਸਗੋਂ ਮਨੁੱਖਤਾ ਦੇ ਭਲੇ ਲਈ ਹਨ। ਲੋਕਾਂ ਦੀਆਂ ਸਾਂਝੀਆਂ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਬਿਮਾਰ ਜਾਂ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ‘ਚ ਰੱਖਣ ਦਾ ਕੰਮ ਦਿੱਤਾ ਗਿਆ। ਲੋਕਾਂ ਦੀ ਸੁਚੇਤ ਭਾਗੀਦਾਰੀ ਨਾਲ ਬਿਮਾਰੀ ਨੂੰ ਕਾਬੂ ‘ਚ ਰੱਖਣ ‘ਚ ਮਦਦ ਲਈ ਗਈ।
ਭਾਰਤ ਵਿਚ ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਵਿਕਸਿਤ ਦੇਸ਼ਾਂ ਨਾਲੋਂ ਹਟਵੇਂ ਕਦਮ ਉਠਾਏ ਜਾਣ ਦੀ ਲੋੜ ਸੀ। ਲੌਕਡਾਊਨ ਦਾ ਐਲਾਨ ਕੀਤੇ ਜਾਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਸੰਸਾਰ ਸਿਹਤ ਸੰਸਥਾ ਵਲੋਂ ਕਰੋਨਾ ਵਾਇਰਸ ਦੀ ਦਸਤਕ ਹੋ ਚੁਕੀ ਸੀ ਅਤੇ ਇਹ ਵੀ ਸਪੱਸ਼ਟ ਸੀ ਕਿ ਇਸ ਦੀ ਕੋਈ ਵੈਕਸੀਨ ਉਪਲਭਧ ਨਹੀਂ ਹੈ। ਦੇਸ਼ ਨੂੰ ਚੌਕੰਨੇ ਕਰਨ ਲਈ ਅਤੇ ਲੌਕਡਾਊਨ ਵਾਸਤੇ ਦੇਸ਼ਵਾਸੀਆਂ ਨੂੰ ਤਿਆਰ ਕਰਨ ਲਈ ਇਹ ਕਾਫੀ ਸਮਾਂ ਸੀ। ਘਰਾਂ ਨੂੰ ਜਾਣ ਵਾਲਿਆਂ ਲਈ ਟਰਾਂਸਪੋਰਟ ਦੇ ਸਾਧਨ ਸਨ ਅਤੇ ਅੰਨ ਦੇ ਭੰਡਾਰ ਸਨ। ਇਸ ਦੀ ਥਾਂ ਕੀਤਾ ਕੀ ਗਿਆ? ਚਿੰਤਾਮਈ ਮਨਾਂ ਵਿਚ ਉਤਸ਼ਾਹ ਭਰਨ ਲਈ ਥਾਲੀਆਂ ਖੜਕਾਉਣਾ ਜਾਂ ਦੀਵੇ, ਮੋਮਬੱਤੀਆਂ ਤੇ ਟਾਰਚਾਂ ਜਗਾ ਕੇ ਬੁੱਤਾ ਸਾਰਨ ਦਾ ਹਾਸੋਹੀਣ ਅਮਲ ਸੀ। ਡਾਕਟਰ ਅਤੇ ਸਹਾਇਕ ਸਟਾਫ ਆਪਣਾ ਜ਼ਰੂਰੀ ਸਮਾਨ ਮੰਗਦੇ ਰਹੇ ਅਤੇ ਮਰੀਜ਼ ਹਸਪਤਾਲਾਂ ਦੇ ਅੰਦਰ ਵਿਲਕਦੇ ਰਹੇ, ਕਿਉਂਕਿ ਸਟਾਫ ਕੋਲ ਆਪਣੀ ਸੁਰੱਖਿਆ ਅਤੇ ਮਰੀਜ਼ਾਂ ਦੀ ਸੰਭਾਲ ਲਈ ਪੂਰਾ ਸਮਾਨ ਹੀ ਨਹੀਂ ਹੁੰਦਾ ਸੀ।
ਇਥੇ ਵੀ ਪੂੰਜੀਵਾਦੀ ਕਲਾ ਅਪਨਾਈ, ਜਿੱਥੇ ਹਰ ਸਮਾਨ ਬਾਜ਼ਾਰੀ ਹੁੰਦਾ ਹੈ। ਚਾਹੇ ਉਹ ਗਿਣਤੀ ਦੇ ਲੋਕ ਹੀ ਹੋਣ, ਉਨ੍ਹਾਂ ਨੇ ਸੰਕਟ ਦੇ ਦੌਰ ‘ਚ ਵੀ ਪੈਸੇ ਕਮਾਉਣ ‘ਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਖਿਲਾਫ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ। ਹਾਲੇ ਵੀ ਪਹਿਲਾਂ ਨਾਲੋਂ ਅਜਿਹਾ ਸਮਾਨ ਮਹਿੰਗੇ ਭਾਅ ‘ਤੇ ਮਿਲ ਰਿਹਾ ਹੈ।
ਸਿਹਤ ਸਹੂਲਤਾਂ ਕੋਈ ਮੁਨਾਫਾ ਕਮਾਉਣ ਵਾਲਾ ਧੰਦਾ ਨਹੀਂ। ਦੇਸ਼ ਦੇ ਹਾਕਮਾਂ ਨੂੰ ਜੇ ਸਿਹਤ, ਪੜ੍ਹਾਈ, ਰੋਟੀ, ਕੱਪੜਾ ਅਤੇ ਮਕਾਨ ਜਿਹੀਆਂ ਬੁਨਿਆਦੀ ਸਹੂਲਤਾਂ ਨਹੀਂ ਦੇਣੀਆਂ ਤਾਂ ਕੀ ਅਸੀਂ ਆਪਣੇ ਹਾਕਮਾਂ ਨੂੰ ਝੰਡੀ ਵਾਲੀ ਕਾਰ ‘ਚ ਝੂਟੇ ਲੈਣ ਅਤੇ ਤਨਖਾਹਾਂ, ਪੈਨਸ਼ਨਾਂ ਲੈਣ ਲਈ ਹੀ ਚੁਣਦੇ ਹਾਂ?
ਸੰਕਟ ਦੀ ਇਸ ਘੜੀ ਬੇਹੱਦ ਪ੍ਰਸ਼ੰਸਾਯੋਗ ਕੰਮ ਸਮਾਜ ਸੇਵੀ ਸੰਸਥਾਵਾਂ, ਖੱਬੇ ਪੱਖੀ ਰਾਜਨੀਤਕ ਦਲਾਂ, ਜਨਤਕ ਜਥੇਬੰਦੀਆਂ ਅਤੇ ਸਿਹਤ ਕਾਮਿਆਂ ਨੇ ਕੀਤਾ। ਉਨ੍ਹਾਂ ਨੇ ਕਰੋਨਾ ਵਾਇਰਸ ਦੇ ਡਰ ਨੂੰ ਛਿੱਕੇ ਟੰਗ ਕੇ ਭੁੱਖਿਆਂ, ਪਿਆਸਿਆਂ ਅਤੇ ਰੋਗੀਆਂ ਦੀ ਅਣਥੱਕ ਸੇਵਾ ਕੀਤੀ; ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਕਰੋਨਾ ਨਾਲ ਲੜਨ ਲਈ ਲੋਕ ਆਪਣੇ-ਆਪ ਕਿਤੇ ਚੰਗਾ ਇੰਤਜ਼ਾਮ ਕਰਨ ਦੇ ਸਮੱਰਥ ਹਨ।
ਅੰਤਿਕਾ: ਆਤਮਾ ਰਾਮ ਰੰਜਨ
ਚੰਗਾ ਘਟ ਤੇ ਮੰਦਾ ਬਹੁਤਾ
ਕਰਦੇ ਦੇਸ਼ ਦੇ ਰਹਿਬਰ,
ਕਿਰਤੀ ਖਾਤਰ ਬੰਦ ਖਜਾਨੇ
ਦਿਲ ਦੇ ਨਾ ਸਚਿਆਰੇ।
ਦਿਲ ਵਿਚ ਸਾਂਭੀ ਬੈਠੇ ਹਨ
ਉਹ ਧੁੱਖਦੀ ਅਗਨ ਬਥੇਰੀ,
ਠੋਕਰ ਖਾਂਦੇ, ਚੀਸਾਂ ਸਹਿੰਦੇ
ਭਟਕਣ ਕਰਮਾਂ ਮਾਰੇ।
ਮੰਜ਼ਿਲ ਤੀਕਣ ਪਹੁੰਚਣਗੇ ਕੁਝ
ਗਿਣ ਮੀਲਾਂ ਦੇ ਪੱਥਰ,
ਥੱਕੇ ਹਾਰੇ ਕਈਆਂ ‘ਰੰਜਨ’
ਹੋਣਾ ਰੱਬ ਨੂੰ ਪਿਆਰੇ।