ਖੇਤ ਜਾਣ ਦੀ ਖੁਸ਼ੀ ਕਿੱਥੇ ਗਈ!

ਨਿੰਦਰ ਘੁਗਿਆਣਵੀ
ਕਮਾਲ ਦੇ ਦਿਨ ਸਨ। ਜਿੱਦਣ ਸਕੂਲੋਂ ਛੁੱਟੀ ਹੋਣੀਂ, ਤਾਏ ਤੇ ਪਿਓ ਨਾਲ ਖੇਤ ਜਾਣ ਦੀ ਖੁਸ਼ੀ ਪੱਬਾਂ ਭਾਰ ਹੋ ਜਾਣੀ। ਸਵੇਰੇ ਉਠਦਿਆਂ ਹੀ ਮਾਂ ਨੂੰ ਆਖਣਾ, “ਬੀਬੀਏ, ਅੱਜ ਖੇਤ ਜਾਊਂ ਮੈਂ, ਰੋਕੀਂ ਨਾ…।” ਬੁੜੀਆਂ ਮਾੜਾ ਮੋਟਾ ਬੁੜ ਬੁੜ ਕਰ ਕੇ ਚੁੱਪ ਹੋ ਜਾਂਦੀਆਂ। ਕਈ ਵਾਰੀ ਸਕੂਲੋਂ ਆਣ ਕੇ ਵੀ ਖੇਤ ਵੱਲ ਵਹੀਰ ਘੱਤ ਲੈਣੀ। ਨੰਗੇ ਪੈਰੀਂ ਕੱਚੇ ਪਹੇ ਉਤੇ ਭੱਜਣਾ ਤੇ ਜਾਣ-ਬੁੱਝ ਕੇ ਸਾਹੋ-ਸਾਹੀ ਹੋਣਾ ਅਨੰਦਮਈ ਹੁੰਦਾ ਸੀ। ਖੇਤ ਦੀ ਆਥਣ ਮਨ ਨੂੰ ਮੱਲੋ-ਮੱਲੀ ਭਾਉਂਦੀ।

ਪੰਛੀ ਚਹਿਕਾਰਾ ਪਾਉਂਦੇ, ਗੀਤ ਗਾਉਂਦੇ ਚੰਗੇ-ਚੰਗੇ ਲਗਦੇ। ਕਿਸਾਨ, ਮਜ਼ਦੂਰ ਤੇ ਮਜਦੂਰਨਾਂ ਸਿਰਾਂ ਉਤੇ ਨੀਰੇ-ਚਾਰੇ ਜਾਂ ਬਾਲਣ ਦੀਆਂ ਪੰਡਾਂ ਚੁੱਕੀ ਲਿਜਾਂਦੀਆਂ ਮੈਂ ਦੂਰ ਤੀਕ ਵੇਂਹਦਾ ਰਹਿੰਦਾ। ਗੱਡੇ, ਗੱਡੀਆਂ ਤੇ ਟਾਂਵੇਂ-ਟਾਂਵੇ ਰੇਹੜੇ ਵੀ ਨੀਰੇ-ਚਾਰੇ ਤੇ ਨਿੱਕ-ਸੁੱਕ ਨਾਲ ਭਰੇ ਲੰਬੀ ਕਤਾਰ ‘ਚ ਤੁਰੇ ਜਾਂਦੇ। ਜਦ ਅਸੀਂ ਨਿਆਣਿਆਂ ਨੇ ਖੇਤ ਜਾਣ ਦਾ ਨਾਂ ਲੈਣਾ, ਤਾਂ ਤਾਏ ਨੇ ਖਿਝਣਾ, “ਚਾਰ ਅੱਖਰ ਪੜ੍ਹ ਲੌ, ਖੇਤਾਂ ‘ਚ ਕੁਛ ਨੀ ਪਿਆ, ਅਸੀਂ ਸਾਰੀ ਉਮਰ ਕੱਢ’ਲੀ ਖੇਤਾਂ ‘ਚ; ਖੇਤ ਨਾਲ ਖੇਤ ਹੋਏ ਪਏ ਆਂ, ਵੱਟਿਆ-ਖੱਟਿਆ ਕੁਛ ਨ੍ਹੀਂ।”
ਤਾਏ ਦੀ ਉਦੋਂ ਆਖੀ ਇਸ ਗੱਲ ਦੀ ਭੋਰਾ ਸਮਝ ਨਹੀਂ ਸੀ ਲੱਗੀ ਮੈਨੂੰ। ਖੈਰ! ਖੇਤ ਖੁਰ ਗਏ। ਤਾਏ ਹੁਰੀਂ ਤੁਰ ਗਏ। ਬੜਾ ਅਜੀਬ ਸਮਾਂ ਹੈ। ਖੁਰ ਗਏ ਖੇਤ ਦਾ ਟੋਟਾ ਹੁਣ ਆਪਣੇ ਵੱਲ ਖਿੱਚਦਾ ਨਹੀਂ। ਖੰਭ ਲਾ ਕੇ ਉਡ-ਪੁੱਡ ਗਈ ਕਿਧਰੇ ਖੇਤ ਜਾਣ ਦੀ ਖੁਸ਼ੀ! ਪੰਛੀਆਂ ਦਾ ਸੰਸਾਰ ਉਜੜ-ਪੁੱਜੜ ਗਿਐ। ਚਾਚਾ ਸ਼ਿਆਮ ਤੁਰਿਆ ਤੇ ਫਿਰ ਤਾਇਆ ਰਾਮ ਵੀ ਮਗਰੇ ਤੁਰ ਗਿਆ। ਕਹਿੰਦਾ ਸੀ, “ਜਦੋਂ ਛੋਟੇ ਭਰਾ ਤੁਰ ਜਾਣ, ਵੱਡਿਆਂ ਬਹਿ ਕੇ ਕੀ ਕਰਨਾ?” ਅੱਠ ਸਾਲ ਪਹਿਲਾਂ ਮੇਰਾ ਪਿਤਾ ਵੀ ਝਕਾਨੀ ਦੇ ਗਿਆ।

ਇਕ ਦਿਨ ਘਰੇ ਕਿਸੇ ਗੱਲੋਂ ਲੜ ਪਿਆ ਸਾਂ। ਮਨ ਕੀਤਾ ਕਿ ਖੇਤ ਜਾਵਾਂ! ਸ਼ਾਇਦ ਉਥੇ ਵੱਡਿਆਂ ਦੀਆਂ ਰੂਹਾਂ ਮਿਲ ਪੈਣ। ਖੇਤ ਗਿਆ। ਨਿੱਕੀ ਜਿਹੀ ਨਿੰਮੜੀ ਹੇਠਾਂ ਜਾ ਖਲੋਤਾ। ਲੱਗਾ ਕਿ ਖੇਤ ਵੀ ਅੱਖਾਂ ਭਰੀ ਖੜਾ ਹੈ। ਨਿਹੋਰਾ ਦਿੰਦਾ ਹੈ, ਕਈ ਕੁਝ ਕਹਿੰਦਾ ਹੈ। ਮੈਂ ਵੀ ਅੱਖਾਂ ਭਰੀਆਂ ਤੇ ਝੱਗੇ ਨਾਲ ਪੂੰਝੀਆਂ। ਆਸ-ਪਾਸ ਝਾਕਿਆ ਕਿ ਕੋਈ ਦੇਖ ਨਾ ਲਵੇ ਕਿ ਰੋਂਦਾ ਕਾਹਤੋਂ ਹੈ! ਉਥੇ ਖੜ੍ਹਿਆਂ-ਖੜ੍ਹਿਆਂ ਸਾਰੇ ਬੜਾ ਚੇਤੇ ਆਏ, ਤਾਇਆ ਤੇ ਪਿਓ ਵੀ। ਸੀਰੀ ਰਤਨੇ ਬੌਰੀਏ ਹੁਰੀਂ, ਪੱਕੇ ਦਿਹਾੜੀਏ ਗੱਜਣ ਤੇ ਅਧੀਏ ਹੁਰੀਂ ਵੀ। ਤਾਏ ਦੀ ਗੱਡੀ ਤੇ ਬੋਤੀ ਦੀ ਵੀ ਯਾਦ ਆਈ। ਟਾਹਲੀ ਤਾਂ ਬਹੁਤ ਚਿਰ ਪਹਿਲਾਂ ਵਢਾ ਦਿੱਤੀ ਸੀ। ਇਹਦੀ ਠੰਢੀ-ਮਿੱਠੀ ਛਾਂ ਨਹੀਂ ਭੁੱਲੀ ਕਦੇ। ਸਾਰੇ ਇਹਦੀ ਛਾਂਵੇਂ ਬਹਿੰਦੇ, ਤਿੱਖੜ ਦੁਪਹਿਰਾ ਕੱਟਦੇ। ਰੋਟੀ ਖਾਂਦੇ। ਇਹਦੇ ਹੇਠਾਂ ਹੀ ਟੋਆ ਪੱਟ ਕੇ ਤੇ ਤਿੰਨ-ਚਾਰ ਕੱਚੀਆਂ ਇੱਟਾਂ ਰੱਖ ਕੇ ਬਣਾਏ ਆਰਜੀ ਚੁੱਲੇ ਉਤੇ ਚਾਹ ਉਬਲਦੀ। ਪਾਣੀ ਵਾਲਾ ਘੜਾ ਤੇ ਝੱਜਰ ਇਸੇ ਟਾਹਲੀ ਥੱਲੇ ਹੁੰਦੇ ਸਨ। ਗਰਮੀਆਂ ਦੇ ਦਿਨੀਂ ਰੇਤਲੀ ਥਾਂ ਵਿਚ ਘੜਾ ਤੇ ਝੱਜਰ ਦੱਬ ਕੇ ਤੇ ਆਸ-ਪਾਸ ਪਾਣੀ ਛਿੜਕ ਦਿੰਦੇ। ਇਨ੍ਹਾਂ ਦਾ ਮੂੰਹ ਨੰਗਾ ਰੱਖ ਲੈਂਦੇ ਤੇ ਪਾਣੀ ਭਰਦੇ। (ਕਿਥੇ ਫਰਿੱਜਾਂ ਰੀਸਾਂ ਕਰਨ ਓਸ ਪਾਣੀ ਦੀਆਂ? ਦੁਪਹਿਰ ਨੂੰ ਥੱਕੇ ਹੋਏ ਕਦੇ-ਕਦੇ ਦੋ ਘੜੀਆਂ ਅੱਖ ਵੀ ਝਪਕ ਲੈਂਦੇ, ਪੱਠਿਆਂ ਵਾਲੀਆਂ ਪੱਲੀਆਂ ਹੀ ਹੇਠ ਵਿਛਾ ਲਈਆਂ ਜਾਂਦੀਆਂ।
ਸਾਡੇ ਤਿੰਨ ਖੇਤ ਸਨ। ਵੱਡੇ ਖੇਤ ਨੂੰ ‘ਸ਼ਾਹ ਵਾਲਾ’ ਖੇਤ ਆਖਦੇ, ਇਹ ਪਿੰਡੋਂ ਚਾਰ-ਪੰਜ ਕਿਲੋਮੀਟਰ ਦੂਰ ਹੋਣਾ। ਪਿੰਡ ਨੇੜੇ ਸਿਵਿਆਂ ਕੋਲ ਵਾਲੇ ਖੇਤ ਨੂੰ ‘ਖੂਹ ਵਾਲਾ ਖੇਤ’ ਆਖਦੇ, ਦਾਦੇ ਨੇ ਇਥੇ ਸਾਂਝਾ ਖੂਹ ਲਵਾਇਆ ਸੀ, ਛੇ ਘਰਾਂ ਦਾ। (ਖੂਹ ਵਾਲੇ ਖੇਤ ਤੇ ਸਿਵਿਆਂ ਦੀ ਵੱਟ ਸਾਂਝੀ ਹੀ ਸਮਝੋ, ਵਿਚਾਲੇ ਦੀ ਖਾਲ ਜਾਂਦਾ ਹੈ। ਹੁਣ ਪਿੰਡ ‘ਚੋਂ ਕਿਸੇ ਦੇ ਸਸਕਾਰ ਸਮੇਂ ਜਦ ਸਿਵਿਆਂ ਨੂੰ ਜਾਈਦੈ, ਤਾਂ ਖੇਤ ਵੱਲ ਵੀ ਨਿਗਾ ਮਲੋਮਲੀ ਚਲੀ ਜਾਂਦੀ ਹੈ, ਇਥੇ ਪਿਓ ਤੇ ਤਾਏ ਨੇ ਡੂੰਘੇ ਹਲ ਵਾਹੇ। ਇਸ ਖੇਤ ਦਾ ਅੰਨ ਖਾ ਕੇ ਅਸੀਂ ਸਾਰੇ ਪਲੇ ਸੰਭੇ। ਸੋ, ਹੁਣ ਸਸਕਾਰ ਦੇ ਬਹਾਨੇ ਹੀ ਖੇਤ ਦੇ ਦਰਸ਼ਨ ਹੁੰਦੇ ਹਨ।)
ਸਰਦੇ-ਪੁਜਦੇ ਸ਼ਾਹ ਸਨ। ਖੁੱਲ੍ਹੇ ਖੇਤਾਂ ਵਾਲੇ। ਖੁੱਲ੍ਹੀਆਂ ਹਵੇਲੀਆਂ ਵਾਲੇ। ਸਾਡੀ ਹਵੇਲੀ ਵਿਚ ਖੁਰਲੀਆਂ ਉਤੇ ਇਕਸਾਰ ਬੱਧੇ ਖਲੋਤੇ ਪਸੂ ਡੰਗਰ ਹਾਲੇ ਵੀ ਇਕ ਅਮਿੱਟ ਫੋਟੋ ਵਾਂਗ ਖੜ੍ਹੇ ਹਨ, ਮੇਰੀਆਂ ਅੱਖਾਂ ਸਾਹਵੇਂ। ਮੱਝਾਂ ਦੁੱਧ ਲਾਹੁੰਦੀਆਂ ਨਾ ਥੱਕਦੀਆਂ, ਧਾਰਾਂ ਚੋਣ ਵੇਲੇ ਟੱਬਰ ਦੇ ਜੀਅ ਥੱਕ ਜਾਂਦੇ, ਏਨਾ ਦੁੱਧ ਉਤਰਦਾ ਸੀ ਪਸੂਆਂ ਨੂੰ।

1995 ਸੀ। ਇਕ ਦਿਨ ਪਿਤਾ ਆਖਣ ਲੱਗਾ, “ਅਧ ਪੱਕੇ ਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ, ਵਿਆਹ ਸ਼ਾਦੀਆਂ ਵੀ ਕਰਨੇ ਆਂ, ਕੁੜੀ ਵੀ ਕੱਦ ਕਰ’ਗੀ, ਕਰਜਾ ਵੀ ਲਾਹੁਣਾ ਐਂ, ਵੱਡੀ ਹਵੇਲੀ ਵਿਕਣੀ ਨਹੀਂ, ਪਿੰਡ ‘ਚ ਕੌਣ ਲੈਂਦਾ ਐ ਐਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ, ਕੌਡੀਆਂ ਦੇ ਭਾਅ, ਆਪਣਾ ਘਰ ਆ ਫੇਰ ਵੀ।” ਪਿਤਾ ਦੇ ਮੱਥੇ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ।
ਆਖਿਰ, ਢਾਈ ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤਿੰਨ ਕਿੱਲੇ ਵੇਚ ਦਿੱਤੀ ਸ਼ਾਹ ਵਾਲੇ ਖੇਤੋਂ। ਜਿੱਦਣ ਜੱਟਾਂ ਨੂੰ ਰਜਿਸਟਰੀ ਕਰਵਾਉਣੀ ਸੀ, ਮੈਂ ਫਰੀਦਕੋਟ ਨਾਲ ਗਿਆ ਸਾਂ ਪਿਤਾ ਦੇ। ਕਚਹਿਰੀਆਂ ‘ਚ ਚਾਹ ਵਾਲੇ ਖੋਖੇ ਅੰਦਰ ਢਿਚਕੂੰ ਢਿਚਕੂੰ ਕਰਦੇ ਬੈਂਚ ਉਤੇ ਬੈਠ ਚਾਹ ਪੀਂਦੇ ਪਿਓ ਨੇ ਅੱਖਾਂ ਭਰੀਆਂ ਤੇ ਛੇਤੀ ਹੀ ਪਰਨੇ ਨਾਲ ਪੂੰਝ ਲਈਆਂ। ਉਹ ਘਗਿਆਈ ਅਵਾਜ਼ ‘ਚ ਬੋਲਿਆ, “ਮੇਰਾ ਕਿਹੜਾ ਜੀਅ ਕਰਦਾ ਐ ਵੇਚਣ ਨੂੰ ਕਮਲਿਓ, ਥੋਡੇ ਪਿਛੇ ਈ ਵੇਚਦਾਂ, ਬਈ ਵਿਆਹ ਹੋ’ਜੇ ਥੋਡਾ ਤਿੰਨਾਂ-ਭੈਣ ਭਰਾਵਾਂ ਦਾ। ਨਾਲੇ ਦੋ ਪੱਕੇ ਕਮਰੇ ਪਾ ਲਈਏ ਤੇ ਮੂਹਰੇ ਵਰਾਂਡਾ ਬਣ’ਜੇ, ਬਾਕੀ ਲੈਣਾ ਦੇਣਾ ਲਹਿ’ਜੂ ਦੋਵੇਂ ਬੈਂਕਾਂ ਦਾ।”
ਮੇਰਾ ਵੀ ਰੋਣ ਨੂੰ ਦਿਲ ਕੀਤਾ, ਪਰ ਮੈਂ ਨਾ ਰੋਇਆ ਪਿਤਾ ਸਾਹਮਣੇ। ਉਦਾਸ ਬਹੁਤ ਹੋ ਗਿਆ ਸਾਂ। ਸੱਚੀਓਂ ਓਦਣ ਘਰ ਦੀ ਜੱਦੀ ਜਾਇਦਾਦ ਨਾਲ ਖਾਸਾ ‘ਮੋਹ’ ਜਿਹਾ ਜਾਗਿਆ ਸੀ।
“ਪਾਪਾ ਫੇਰ ਆਪਾਂ ਸ਼ਾਹ ਵਾਲੇ ਖੇਤ ਤਾਂ ਨ੍ਹੀਂ ਜਾਇਆ ਕਰਦੇ ਹੁਣ ਗੱਡੀ ਬੋਤੀ ਜੋੜ ਕੇ?” ਮੇਰਾ ਸੁਆਲ ਸੁਣ ਪਿਤਾ ਕੁਝ ਨਾ ਬੋਲਿਆ। ਸਿਰਫ ‘ਨਾਂਹ’ ਵਿਚ ਸਿਰ ਫੇਰਿਆ ਸੀ ਉਸ ਨੇ। ਉਦੋਂ ਮੇਰੇ ਸੁਆਲ ਦੇ ਜੁਆਬ ਲਈ ਸ਼ਬਦਾਂ ਨੇ ਪਿਤਾ ਦਾ ਸਾਥ ਨਹੀਂ ਸੀ ਦਿੱਤਾ ਹੋਣਾ।
ਵਸੀਕਾ ਨਵੀਸ ਦਾ ਮੁਨਸ਼ੀ ਸੱਦਣ ਆ ਗਿਆ, “ਆ ਜਾ ਬਈ ਸੇਠਾ, ਤਸੀਲਦਾਰ ਬਹਿ ਗਿਆ ਐ, ਨਿਬੇੜੀਏ ਕੰਮ ਥੁਆਡਾ।”
ਜੱਟਾਂ ਨੇ ਸਾਢੇ ਸੱਤ ਲੱਖ ਰੁਪੈ ਸਾਨੂੰ ਪਹਿਲਾਂ ਈ ਫੜਾ ਦਿਤੇ ਹੋਏ ਸਨ। ਪਿਤਾ ਨੇ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿਚ ਪਾਏ ਪੈਸੇ ਕੱਛ ਵਿਚ ਲੈ ਰੱਖੇ ਸਨ ਘੁੱਟ ਕੇ।

ਪਿੰਡ ਵਾਲੀ ਸਹਿਕਾਰੀ ਬੈਂਕ ਦਾ ਕਰਜਾ ਲਾਹੁਣਾ ਸੀ ਤੇ ਇਕ ਕੋਈ ਬੈਂਕ ਫਰੀਦਕੋਟ ਸੀ। ਲੈਂਡ ਮਾਰਗੇਜ ਬੈਂਕ ਤੋਂ ਪਿਤਾ ਨੇ ਸੱਤਰ ਹਜਾਰ ਦਾ ਕਰਜ ਚੁੱਕਿਆ ਸੀ ਤੇ ਵਿਆਜ ਪੈ-ਪੈ ਕੇ ਵਧੀ ਜਾਂਦਾ ਸੀ। (ਇਹ ਸਾਰੇ ਪੈਸੇ ਮੇਰੀ ਮਾਂ ਦੀ ਬੀਮਾਰੀ ਵਾਸਤੇ ਚੁੱਕੇ ਸਨ, ਮਾਂ ਨੂੰ ਗਾਇਨੀ ਦੀ ਸਮੱਸਿਆ ਸੀ ਤੇ ਉਹਦੀ ਬੱਚੇਦਾਨੀ ਕੱਢਣੀ ਪਈ ਸੀ)।
ਮੇਰੇ ਚਾਚੇ ਸ਼ਿਆਮ ਨੇ ਲੈਂਡ ਮਾਰਗੇਜ ਬੈਂਕ ਤੋਂ ਜੋ ਕਰਜਾ ਦਿਵਾਇਆ ਸੀ, ਉਹਦੇ ਵਿਚੋਂ ਭੋਲਾ ਮੋਟਰਾਂ ਵਾਲਾ ਤੇ ਚਾਚਾ ਸ਼ਿਆਮ ਕਮਿਸ਼ਨ ਵਾਹਵਾ ਛਕ ਗਏ ਸਨ। ਚਾਚੇ ਤੇ ਭੋਲੇ ਦੀ ਸੀਟੀ ਰਲੀ ਹੋਈ ਸੀ, ਭੋਲਾ ਤੇ ਚਾਚਾ ਕਿਸਾਨਾਂ ਨੂੰ ਇਸ ਬੈਂਕ ਤੋਂ ਕਰਜੇ ਦਿਵਾਉਂਦੇ ਰਹਿੰਦੇ ਸਨ। (ਇਹ ਗੱਲ ਮੈਨੂੰ ਬਹੁਤ ਸਾਲਾਂ ਪਿਛੋਂ ਬੈਂਕ ਦੇ ਮੈਨੈਜਰ ਰਹੇ ਸਰਵਨ ਸਿੰਘ ਗਿੱਲ ਨੇ ਦੱਸੀ ਸੀ)।

ਸਾਡੇ ਖੇਤਾਂ ਦੀ ਵੰਡ-ਵੰਡਾਈ ਵੇਲੇ ਘਰੇ ਬਹੁਤਾ ਖੜਖੱਸਾ ਭਾਵੇਂ ਨਹੀਂ ਸੀ ਪਿਆ, ਪਰ ਫਿਰ ਵੀ ਜੋ ਕੁਝ ਹੋਇਆ, ਉਹ ਭੁੱਲਣ ਵਾਲਾ ਨਹੀਂ। ਪਿਤਾ ਹੁਰਾਂ ਦਾ ਵੱਡਾ ਭਰਾ ਚਮਨ ਲਾਲ ਚਾਲੀ ਸਾਲਾਂ ਤੋਂ ਅੰਮ੍ਰਿਤਸਰ ਵੱਸ ਰਿਹਾ ਸੀ। ਉਹ ਆਪਣੇ ਹਿੱਸੇ ਦਾ ਖੇਤ ਚਾਚੇ ਸ਼ਿਆਮ ਨੂੰ ਠੇਕੇ ਉਤੇ ਦਿੰਦਾ ਤੇ ਸਾਲ ਬਾਅਦ ਹਿਸਾਬ-ਕਿਤਾਬ ਕਰਨ ਆਉਂਦਾ, ਤਾਂ ਹਰ ਵਾਰ ਕਲੇਸ਼ ਪੈਂਦਾ। ਤਾਇਆ ਖਿਝਦਾ-ਕੁੜ੍ਹਦਾ ਮੁੜ ਜਾਂਦਾ। ਕਹਿੰਦਾ ਸੀ ਕਿ ਉਹਦੇ ਪੱਲੇ ਕੁਝ ਨਹੀਂ ਪੈਂਦਾ, ਸਿਰਫ ਗੇੜਾ ਹੀ ਪੈਂਦਾ ਹੈ।
ਜਦ ਅਸੀਂ ਆਪਣੇ ਹਿੱਸੇ ਦਾ ਖੇਤ ਵੇਚ ਕੇ ਘਰ ਵਾਲੀ ਥਾਂ ਤਿੰਨ ਕਮਰੇ ਤੇ ਇਕ ਵਰਾਂਡਾ ਪਾਉਣ ਵਾਸਤੇ ਨੀਂਹਾਂ ਪੁੱਟੀਆਂ ਤਾਂ ਤਾਇਆ ਚਮਨ ਲਾਲ ਤੇ ਤਾਈ ਬੱਸੇ ਬਹਿ ਕੇ ਅੰਮ੍ਰਿਤਸਰੋਂ ਆ ਗਏ। ਤਾਏ ਨੇ ਮੇਰੇ ਪਿਓ ਨੂੰ ਰੋਹਬ ਨਾਲ ਆਖਿਆ, “ਉਏ ਬਿੱਲੂ, ਤੂੰ ਕਿਹਨੂੰ ਪੁੱਛ ਕੇ ਏਹ ਕੰਮ ਕਰੀ ਜਾਨੈ, ਸਾਡਾ ਹਿੱਸਾ ਵੀ ਬਣਦੈ ਘਰ ਆਲੀ ਥਾਂ ‘ਚ, ਪਹਿਲਾਂ ਸਾਡਾ ਹਿੱਸਾ ਰੱਖ ਹੈਥੈ।”
ਪਿਤਾ ਭਬਕਿਆ, “ਚਮਨ, ਤੇਰਾ ਘਰ ਵਾਲਾ ਹਿੱਸਾ ਤੈਨੂੰ ਖੇਤੋਂ ਵਧ ਜ਼ਮੀਨ ਦੇ ਕੇ ਕਦੋਂ ਦਾ ਨਿਬੇੜਿਆ ਹੋਇਆ ਐ, ਲਿਖਤ ਵੀ ਹੋਈ ਐ ਆਪਣੀ, ਹੁਣ ਕਾਹਦਾ ਹਿੱਸਾ ਦੇਵਾਂ ਤੈਨੂੰ ਮੈਂ?”
ਤਾਈ ਜ਼ੋਰ-ਜ਼ੋਰ ਦੀ ਦੋਹੀਂ ਹੱਥੀਂ ਪਿੱਟਣ ਲੱਗੀ, “ਹਾਏ-ਹਾਏ ਵੇ, ਥੁਆਡਾ ਕੱਖ ਨਾ ਰਹੇ ਸਾਡੀ ਥਾਂ ਦੱਬਣ ਵਾਲਿਓ, ਵੇ ਥੋਡਾ ਬੇੜਾ ਬਹਿ’ਜੇ ਵੇ, ਵੇ ਤੁਸੀਂ ਜੁਆਨੀਓ ਜਾਵੋਂ ਵੇ ਮੋਇਓ…।” ਰੌਲਾ ਪਾਉਂਦੇ ਤਾਇਆ ਤੇ ਤਾਈ ਪੁੱਟੀਆਂ ਨੀਂਹਾਂ ਵਿਚ ਲੰਮੇ ਪੈ ਗਏ। ਗਲੀ ਗੁਆਂਢ ਵਾਲੇ ਉਨ੍ਹਾਂ ਨੂੰ ਉਠਾਉਣ, ਤਾਂ ਉਹ ਉਠਣ ਹੀ ਨਾ। ਆਖਣ ਕਿ ਪਹਿਲਾਂ ਸਾਡਾ ਹਿੱਸਾ ਦਿਵਾਓ, ਫੇਰ ਉਠਾਂਗੇ, ਨਹੀਂ ਐਥੇ ਈ ਮਰਾਂਗੇ। ਕਲੇਸ਼ ਪਿਆ ਦੇਖ ਕੇ ਮਿਸਤਰੀ ਤੇ ਦਿਹਾੜੀਏ ਸਮਾਨ ਸਾਂਭਣ ਲੱਗੇ। ਮਿਸਤਰੀਆਂ ਨੇ ਆਪਣੀਆਂ ਕਰੰਡੀਆਂ, ਤੇਸੀਆਂ ਤੇ ਹਥੌੜੀਆਂ ਚੁੱਕ ਕੇ ਝੋਲਿਆਂ ਵਿਚ ਪਾ ਲਈਆਂ। ਮਜ਼ਦੂਰਾਂ ਨੇ ਗਾਰੇ ਦੇ ਭਰੇ ਬੱਠਲ ਮੂਧੇ ਮਾਰ ਦਿੱਤੇ। ਇੱਟਾਂ ਦੇ ਚਿਣੇ ਪਏ ਚੱਠੇ ਸੁੰਗੜਦੇ ਜਿਹੇ ਜਾਪੇ ਮੈਨੂੰ। ਸਾਨੂੰ ਨਿਆਣਿਆਂ ਨੂੰ ਖੁਸ਼ੀ ਚੜ੍ਹੀ ਹੋਈ ਸੀ ਕਿ ਸਾਡਾ ‘ਨਵਾਂ ਘਰ’ ਬਣ ਰਿਹਾ ਹੈ ਤੇ ਸਾਰੇ ਮੌਜਾਂ ਨਾਲ ਪੱਕੇ ਘਰ ਵਿਚ ਰਿਹਾ ਕਰਾਂਗੇ। ਸਾਡੀ ਖੁਸ਼ੀ ਰੌਲੇ ਰੱਪੇ ਨੇ ‘ਖੋਹ’ ਲਈ ਸੀ।

ਹੁਣ ਫਿਰ ਪਿਛਾਂਹ ਪਰਤਣਾ ਪੈ ਰਿਹੈ। ਜ਼ਮੀਨ ਵੇਚ ਕੇ ਪਿਤਾ ਤੇ ਮੈਂ ਪਿੰਡ ਨੂੰ ਆਉਂਦੀ ਆਥਣ ਵਾਲੀ ਅਖੀਰਲੀ ਰੋਡਵੇਜ਼ ਦੀ ਬੱਸੇ ਬੈਠੇ ਆ ਰਹੇ ਸਾਂ। ਰੁਪਿਆਂ ਵਾਲਾ ਝੋਲਾ ਪਿਤਾ ਨੇ ਪੱਟਾਂ ਵਿਚਾਲੇ ਰੱਖਿਆ ਹੋਇਆ ਸੀ। ਨਾਲ ਮੈਂ ਬੈਠਾ ਸਾਂ। ਕਦੇ ਉਦਾਸ ਪਿਤਾ ਵੱਲ ਵੇਖਦਾ, ਕਦੇ ਪੱਟਾਂ ਉਤੇ ਪਏ ਝੋਲੇ ਵੱਲ। ਬਾਹਰ ਸੂਰਜ ਛਿਪਣ ਦੀ ਤਿਆਰੀ ਕਰ ਰਿਹਾ ਸੀ। ਪੰਛੀਆਂ ਵੀ ਆਲਣਿਆਂ ਵੱਲ ਚਾਲੇ ਪਾਏ ਹੋਏ ਸਨ।
ਘਰ ਵੜੇ ਤਾਂ ਵਿਹੜੇ ‘ਚ ਮੰਜੇ ਉਤੇ ਬੈਠੀ ਆਲੂ ਚੀਰੀ ਜਾਂਦੀ ਦਾਦੀ ਮਰੀ ਜਿਹੀ ਅਵਾਜ਼ ‘ਚ ਪੁਛਣ ਲੱਗੀ, “ਨਿਬੇੜ ਆਏ ਐਂ ਪੁੱਤ ਵੇ…? ਮੈਂ ਤਾਂ ਆਂਹਦੀ ਸੀ, ਨਾ ਈ ਵੇਚਦੇ ਅਜੇ…।”
ਪਿਤਾ ਕੁਝ ਨਾ ਬੋਲਿਆ। ਉਹ ਕੱਚੇ ਕੋਠੇ ‘ਚ ਪਈ ਮਾਂ ਦੀ ਪੇਟੀ ਦੁਆਲੇ ਹੋ ਗਿਆ, ਪੈਸਿਆ ਵਾਲਾ ਝੋਲਾ ਸਾਂਭਣ ਲਈ। ਮੈਂ ਦਾਦੀ ਕੋਲ ਮੰਜੇ ਉਤੇ ਬੈਠਾ ਹੀ ਸਾਂ ਕਿ ਆਪ ਮੁਹਾਰੇ ਰੋਣ ਉਤਰ ਆਇਆ ਮੈਨੂੰ। ਛਾਤੀ ਨਾਲ ਲਾਉਂਦੀ ਦਾਦੀ ਨੇ ਭਰੇ ਗਲੇ ਨਾਲ ਆਖਿਆ, “ਜੁਆਕਾਂ ਦੀ ਖੇਤ ਜਾਣ ਦੀ ਖੁਸ਼ੀ ਮਾਰ’ਤੀ ਰੱਬ ਚੰਦਰੇ ਨੇ। ਆਪੇ ਦਿੰਦੈ, ਆਪੇ ਖੋਂਹਦਾ ਐ ਚੰਦਰਾ ਰੱਬ ਵੀ…।”
ਘਰ ਦੇ ਵਿਹੜੇ ‘ਚ ਸੁੰਨ ਭਰੀ ਉਦਾਸੀ ਸੀ।