ਸੋਚ ਦਾ ਡਿੱਗਦਾ ਪੱਧਰ

ਪ੍ਰਿੰ. ਕੰਵਲਪ੍ਰੀਤ ਕੌਰ ਪੰਨੂ
ਬਿਨਾ ਸੋਚੇ ਟਿੱਪਣੀਆਂ ਕਰਨ ਵਾਲੇ ਜਾਂ ਹਰ ਕਿਸੇ ਵਿਚ ਨੁਕਸ ਕੱਢਣ ਵਾਲੇ ਲੋਕ ਤਾਂ ਸ਼ਾਇਦ ਹਮੇਸ਼ਾ ਤੋਂ ਹੀ ਮੌਜੂਦ ਸਨ, ਪਰ ਸੋਸ਼ਲ ਮੀਡੀਆ ਦੇ ਦੌਰ ਨੇ ਉਨ੍ਹਾਂ ਨੂੰ ਬਹੁਤ ਵੱਡਾ ਪਲੈਟਫਾਰਮ ਮੁਹੱਈਆ ਕਰਵਾ ਦਿੱਤਾ ਹੈ। ਬੇਸ਼ੱਕ ਲੋਕਤੰਤਰ ਵਿਚ ਹਰੇਕ ਕੋਲ ਸੋਚ ਦੀ ਆਜ਼ਾਦੀ ਹੈ ਅਤੇ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ, ਪਰ ਆਪਣਾ ਪੱਖ ਰੱਖਣ ਵਾਸਤੇ ਵਰਤੀ ਗਈ ਸ਼ਬਦਾਵਲੀ ਸਾਡੀ ਸੋਚ ਦਾ ਪੱਧਰ ਤੈਅ ਕਰਦੀ ਹੈ। ਥੋੜਾ ਕੁ ਸਮਾਂ ਹੀ ਸੋਸ਼ਲ ਮੀਡੀਆ ‘ਤੇ ਲਾ ਕੇ ਇਸ ਪੱਧਰ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਅਸੀਂ ਭਾਵੇਂ ਕਿੰਨੇ ਵੀ ਰੁੱਝੇ ਹੋਈਏ, ਪਰਿਵਾਰ ਵਾਸਤੇ ਸਮਾਂ ਮਿਲੇ ਜਾਂ ਨਾ ਮਿਲੇ, ਪਰ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦੀ ਇੱਕ ਲੋੜ ਬਣ ਗਿਆ ਹੈ।

ਗਾਇਕ ਪ੍ਰੀਤ ਹਰਪਾਲ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਗਈ, ਜਿਸ ਵਿਚ ਉਹ ਗਾ ਰਿਹਾ ਸੀ, “ਨਵੀਂ ਭਸੂੜੀ ਪਾ’ਤੀ ਬਾਬੇ ਨਾਨਕ ਨੇ, ਕਰੋਨਾ-ਕਰੋਨਾ ਕਰਾ’ਤੀ ਬਾਬੇ ਨਾਨਕ ਨੇ।” ਹਾਲੇ ਵੀਡੀਓ ਪਾਈ ਨੂੰ ਸ਼ਾਇਦ ਕੁਝ ਹੀ ਸਮਾਂ ਹੋਇਆ ਹੋਵੇਗਾ ਕਿ ਲੋਕਾਂ ਨੇ ਉਸ ‘ਤੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਚਲੋ ਮੰਨ ਲਿਆ ਜਾਵੇ ਕਿ ਪ੍ਰੀਤ ਹਰਪਾਲ ਨੇ ਗਲਤ ਗਾਇਆ ਤੇ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਪਰ ਕੀ ਬਾਬਾ ਨਾਨਕ ਚਾਹੇਗਾ ਕਿ ਉਸ ਦੇ ਬੰਦੇ ਇੰਨੀ ਘਟੀਆ ਸ਼ਬਦਾਵਲੀ ਵਰਤਣ। ਪਤਾ ਨਹੀਂ ਕਿ ਸੋਚ ਦਾ ਪੱਧਰ ਕਿਉਂ ਇੰਨਾ ਗਿਰ ਜਾਂਦਾ ਹੈ ਕਿ ਅਸੀਂ ਸੋਚਦੇ ਹੀ ਨਹੀਂ, ਲਿਖ ਕੀ ਰਹੇ ਹਾਂ ਤੇ ਜਿਸ ਬਾਰੇ ਲਿਖ ਰਹੇ ਹਾਂ, ਉਸ ‘ਤੇ ਕੀ ਅਸਰ ਹੋਵੇਗਾ!
ਲੱਗਦੇ ਹੱਥ ਕੁਝ ਮੀਡੀਆ ਅਦਾਰਿਆਂ ਦੀ ਜ਼ਿੰਮੇਵਾਰੀ ‘ਤੇ ਵੀ ਨਿਗ੍ਹਾ ਮਾਰ ਲਈਏ। ਜੋ ਕੁਝ ਪੜ੍ਹਨ-ਸੁਣਨ ਨੂੰ ਮਿਲਿਆ, ਉਹ ਇਹ ਕਿ ਪ੍ਰੀਤ ਹਰਪਾਲ ਨੇ ਜਦ ਵੇਖਿਆ ਕਿ ਲੋਕ ਗਲਤ ਟਿੱਪਣੀਆਂ ਕਰ ਰਹੇ ਹਨ, ਉਸ ਨੇ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ, ਪਰ ਕੁਝ ਚੈਨਲਾਂ ‘ਤੇ ਇਹ ਵੀਡੀਓ ਪੂਰਾ ਮਿਰਚ ਮਸਾਲਾ ਲਾ ਕੇ ਟਿੱਪਣੀਆਂ ਦੇ ਨਾਲ ਵਿਖਾਈ ਗਈ, ਜਿਵੇਂ ਪੰਜਾਬ ਵਿਚ ਸਭ ਮਸਲੇ ਹੱਲ ਹੋ ਗਏ ਹੋਣ ਤੇ ਸਿਰਫ ਆਹ ਇੱਕ ਮਸਲਾ ਅਧੂਰਾ ਬਚਿਆ ਹੋਵੇ। ਜਦੋਂ ਚੈਨਲ ਵਾਲੇ ਸਿਰਲੇਖ ਹੀ ਕੁਝ ਇੰਦਾਂ ਦਾ ਲਿਖਣਗੇ ਕਿ “ਗਾਇਕ ਪ੍ਰੀਤ ਹਰਪਾਲ ਦੀ ਕਰਤੂਤ; ਗੁਰੂ ਨਾਨਕ ਦੇਵ ਜੀ ‘ਤੇ ਕੀਤੀ ਗਲਤ ਟਿੱਪਣੀ”, ਤਾਂ ਸਾਡੀ ਨੌਜਵਾਨ ਪੀੜ੍ਹੀ, ਜੋ ਪਹਿਲੇ ਹੀ ਕੁਝ ਸੋਚਣ, ਵਿਚਾਰਨ ਤੋਂ ਹੀ ਬਿਨਾ ਮੰਦੀ ਸ਼ਬਦਾਵਲੀ ਸ਼ੁਰੂ ਕਰ ਦਿੰਦੀ ਹੈ, ਉਨ੍ਹਾਂ ਨੂੰ ਹੋਰ ਭੜਕਾਉਣ ਵਿਚ ਇਹੋ ਜਿਹੇ ਸਿਰਲੇਖ ਵੀ ਜਿੰ.ਮੇਵਾਰ ਹੁੰਦੇ ਹਨ। ਜਦੋਂ ਤੋਂ ਕਰੋਨਾ ਵਾਇਰਸ ਆਇਆ, ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਕੁਦਰਤ ਨਾਲ ਜੋੜਿਆ। ਭਾਵੇਂ ਕਹਿਣ ਦੇ ਤਰੀਕੇ ਵੱਖ-ਵੱਖ ਸਨ, ਪਰ ਨਿਚੋੜ ਇਹੀ ਨਿਕਲਦੇ ਸੀ ਕਿ “ਅਸੀਂ ਜੋ ਕੁਦਰਤ ਨਾਲ ਖਿਲਵਾੜ ਕੀਤਾ, ਉਸ ਦਾ ਨਤੀਜਾ ਭੁਗਤ ਰਹੇ ਹਾਂ ਅਤੇ ਕੁਦਰਤ ਨੇ ਸਾਨੂੰ ਅੰਦਰ ਬੰਦ ਕਰ ਦਿੱਤਾ ਹੈ।” ਮੇਰੀ ਸਮਝ ਮੁਤਾਬਿਕ ਪ੍ਰੀਤ ਹਰਪਾਲ ਨੇ ਵੀ ਬਾਕੀ ਲੋਕਾਂ ਵਾਂਗ ਕੁਝ ਇੱਦਾਂ ਹੀ ਕਹਿ ਦਿੱਤਾ ਤੇ ਇੱਕ ਮਸਲਾ ਖੜਾ ਹੋ ਗਿਆ। ਗੱਲ ਫਿਰ ਸਾਡੀ ਸੋਚ ਦੇ ਪੱਧਰ ‘ਤੇ ਆ ਮੁੱਕਦੀ ਹੈ।
ਹੁਣ ਜੇ ਮੰਦੀ ਸ਼ਬਦਾਵਲੀ ਦੀ ਗੱਲ ਚੱਲੀ ਹੈ ਤਾਂ ਅਸੀਂ ਕੇ. ਐਸ਼ ਮੱਖਣ ਦੀ ਵੀ ਗੱਲ ਕਰ ਹੀ ਲਈਏ। ਇਹ ਗਾਇਕ ਵੀ ਵੱਖ-ਵੱਖ ਸਮੇਂ ‘ਤੇ ਚਰਚਾ ਵਿਚ ਰਹਿੰਦਾ ਹੈ। ਉਸ ਨੇ ਜੋ ਵੀ ਕੀਤਾ, ਉਹ ਸਹੀ ਹੈ ਜਾਂ ਗਲਤ, ਉਸ ‘ਤੇ ਪ੍ਰਤੀਕ੍ਰਿਆ ਦੇਣੀ ਬਣਦੀ ਹੈ, ਪਰ ਪ੍ਰਤੀਕ੍ਰਿਆ ਦਿੰਦੇ ਸਮੇਂ ਆਪਣਾ ਮਿਆਰ ਤਾਂ ਨੀਵਾਂ ਨਾ ਕਰੋ। ਅਸੀਂ ਇਨਸਾਨ ਹੈ ਤੇ ਇਨਸਾਨੀਅਤ ਦੇ ਨਾਤੇ ਸਾਡੀਆਂ ਵੀ ਕੁਝ ਤਾਂ ਜ਼ਿੰਮੇਵਾਰੀਆਂ ਬਣਦੀਆਂ ਨੇ! ਸਾਡੇ ਸਮਾਜ ਵਿਚ ਮੰਨਿਆ ਜਾਂਦਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਸ ਕਰਕੇ ਜੇ ਕਿਸੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਕੀ ਉਸ ਨੂੰ ਕੋਈ ਚੰਗੀ ਸ਼ਬਦਾਵਲੀ ਵਿਚ ਸੁਝਾਅ ਦੇ ਕੇ ਸੁਧਾਰਨ ਲਈ ਪ੍ਰੇਰਿਤ ਕਰਨਾ ਸਾਡਾ ਫਰਜ਼ ਹੈ ਜਾਂ ਇਹ ਠੀਕ ਹੋਵੇਗਾ ਕਿ ਅਸੀਂ ਉਸ ਨੂੰ ਗਾਲ੍ਹਾਂ ਕੱਢ-ਕੱਢ ਜਾਂ ਦੋਸ਼ ਲਾ-ਲਾ ਕੇ ਇੰਨਾ ਕੁ ਨਿਰਾਸ਼ ਕਰ ਦੇਈਏ ਕਿ ਉਹ ਕੁਝ ਗਲਤ ਕਰ ਬੈਠੇ। ਇੰਨਾ ਕੁ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਗਲਤੀਆਂ ਤਾਂ ਅਸੀਂ ਸਾਰੇ ਹੀ ਕਰਦੇ ਹਾਂ। ਅਸੀਂ ਆਪਣੀ ਗਲਤੀ ਲਈ ਤਾਂ ਖੁਦ ਹੀ ਵਕੀਲ ਬਣ ਜਾਂਦੇ ਹਾਂ, ਪਰ ਦੂਜੇ ਦੀ ਗਲਤੀ ਲਈ ਜੱਜ ਬਣ ਕੇ ਫੈਸਲਾ ਸੁਣਾਉਣ ਲੱਗ ਪੈਂਦੇ ਹਾਂ।
ਅੱਜ-ਕੱਲ੍ਹ ਜ਼ਿੰਦਗੀ ਇੰਨੀ ਕੁ ਰੁਝੇਵਿਆਂ ਭਰੀ ਅਤੇ ਤਣਾਅਪੂਰਨ ਹੈ ਕਿ ਆਪਣਿਆਂ ਵਾਸਤੇ ਸਮਾਂ ਨਹੀਂ ਹੈ। ਕਈ ਵਾਰ ਤਾਂ ਲਗਦਾ ਕਿ ਹਰ ਬੰਦਾ ਇੰਨਾ ਦੁਖੀ ਹੈ ਕਿ ਉਹ ਦੂਜਿਆਂ ‘ਤੇ ਹੀ ਭੜਾਸ ਕੱਢਦਾ ਹੈ ਤੇ ਕੋਈ ਵਿਵਾਦਾਂ ਨਾਲ ਜੁੜਿਆ ਮੁੱਦਾ ਉਨ੍ਹਾਂ ਨੂੰ ਮੌਕਾ ਦੇ ਦਿੰਦਾ ਹੈ, ਰੱਜ ਕੇ ਭੜਾਸ ਕੱਢਣ ਲਈ। ਇਕ ਹੋਰ ਮਿਸਾਲ ਦੇਣੀ ਬਣਦੀ ਹੈ। ਪਿਛਲੇ ਦਿਨੀਂ ਗਾਇਕ ਦਲਜੀਤ ਢਿੱਲੋਂ ਅਤੇ ਅੰਬਰ ਦੀ ਆਪਸੀ ਲੜਾਈ ਵਿਚ ਲੋਕਾਂ ਨੇ ਬਹੁਤ ਵਧ-ਚੜ੍ਹ ਕੇ ਹਿੱਸਾ ਲਿਆ। ਸਿਰਫ ਕੁਝ ਕੁ ਹੀ ਟਿੱਪਣੀਆਂ ਮਿਲੀਆਂ, ਜਿਸ ਵਿਚ ਕੁਝ ਚੰਗੀ ਸੋਚ ਵਾਲੇ ਲੋਕਾਂ ਨੇ ਮਸਲਾ ਘਰ ਅੰਦਰ ਬੈਠ ਕੇ ਸੁਲਝਾਉਣ ਦੀ ਸਲਾਹ ਦਿੱਤੀ, ਪਰ ਬਹੁਤਿਆਂ ਨੇ ਆਪਣੇ ਫੈਸਲੇ ਹੀ ਸੁਣਾ ਦਿੱਤੇ। ਹੁਣ ਤੁਸੀਂ ਸੋਚੋ ਕਿ ਲੜਾਈ ਕਿਸ ਘਰ ਵਿਚ ਨਹੀਂ ਹੁੰਦੀ? ਸਮੱਸਿਆਵਾਂ ਕਿੱਥੇ ਨਹੀਂ ਹਨ? ਐਵੇਂ ਕਿਸੇ ਦੀ ਗੱਲ ਨੂੰ ਇੰਨਾ ਵਧਾ ਦੇਣਾ ਠੀਕ ਨਹੀਂ।
ਜਿਵੇਂ ਹਰ ਛੋਟੇ-ਵੱਡੇ ਮਸਲੇ ਬਾਰੇ ਸੋਸ਼ਲ ਮੀਡੀਆ ‘ਤੇ ਇਕ ਜੰਗ ਛਿੜ ਜਾਂਦੀ ਹੈ, ਇਸ ‘ਤੇ ਫਿਲਮ ‘ਮੁੰਨਾ ਭਾਈ ਐਮ. ਬੀ. ਬੀ. ਐਸ਼’ ਵਿਚ ਬੋਲਿਆ ਸੁਨੀਲ ਦੱਤ ਦਾ ਇਕ ਸੰਵਾਦ ਖੂਬ ਢੁਕਦਾ ਹੈ, ਜਿਸ ਵਿਚ ਸਟੇਸ਼ਨ ‘ਤੇ ਉਨ੍ਹਾਂ ਦੀ ਜੇਬ ਵਿਚੋਂ ਕੋਈ ਬਟੂਆ ਚੋਰੀ ਕਰਨ ਲਗਦਾ ਤਾਂ ਸਭ ਉਸ ਚੋਰ ਨੂੰ ਕੁੱਟਣ ਲੱਗ ਪੈਂਦੇ ਹਨ, ਇਸ ‘ਤੇ ਸੁਨੀਲ ਦੱਤ ਬੋਲਦੇ ਹਨ, “ਇਹ ਸਾਡੇ ਦੇਸ਼ ਦੀ ਜਨਤਾ ਹੈ, ਕੋਈ ਆਪਣੀ ਬੀਵੀ ਨਾਲ ਲੜ ਕੇ ਆਇਆ, ਕਿਸੇ ਦਾ ਬੇਟਾ ਉਸ ਦੀ ਗੱਲ ਨਹੀਂ ਸੁਣਦਾ, ਕਿਸੇ ਨੂੰ ਆਪਣੇ ਗੁਆਂਢੀ ਦੀ ਤਰੱਕੀ ਤੋਂ ਸਾੜਾ ਹੈ, ਕੋਈ ਮਕਾਨ ਮਾਲਕ ਦੇ ਮਿਹਣੇ ਸੁਣ ਕੇ ਆਇਆ, ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਲੈ ਕੇ ਕ੍ਰਿਕਟ ਟੀਮ ਦੀ ਹਾਰ ਤੱਕ ਹਰ ਗੱਲ ‘ਤੇ ਨਾਰਾਜ਼ਗੀ ਹੈ, ਪਰ ਕਿਸੇ ਦੇ ਮੂੰਹ ਵਿਚੋਂ ਅਵਾਜ਼ ਨਹੀਂ ਨਿਕਲਦੀ, ਇਹ ਸਾਰਾ ਗੁੱਸਾ ਤੇਰੇ ‘ਤੇ ਕੱਢਣਗੇ।” ਸਾਨੂੰ ਸਿਰਫ ਇਕ ਮੁੱਦਾ ਚਾਹੀਦਾ ਹੁੰਦਾ। ਟਿੱਪਣੀ ਕਰਨਾ ਅਤੇ ਆਪਣੀ ਪ੍ਰਤੀਕ੍ਰਿਆ ਦੇਣੀ ਮਾੜੀ ਗੱਲ ਨਹੀਂ; ਮਾੜਾ ਹੈ, ਮੰਦੀ ਸ਼ਬਦਾਵਲੀ ਦੀ ਵਰਤੋਂ।
ਪਿਛਲੇ ਕੁਝ ਸਮੇਂ ਤੋਂ ਕੁਝ ਇਮਾਨਦਾਰ, ਨਿਡਰ, ਸੱਚੇ ਤੇ ਕਾਬਲ ਪੱਤਰਕਾਰਾਂ ਖਿਲਾਫ ਵੀ ਕੁਝ ਮੰਦੇ ਲਫਜ਼ ਪੜ੍ਹ ਕੇ ਦਿਲ ਬਹੁਤ ਦੁਖੀ ਹੋਇਆ। ਕੁਝ ਗਿਣਤੀ ਦੇ ਹੀ ਲੋਕ ਹਨ, ਜੋ ਸੱਚ ਨੂੰ ਸਾਹਮਣੇ ਲੈ ਕੇ ਆਉਂਦੇ ਹਨ ਤੇ ਜੇ ਅਸੀਂ ਉਨ੍ਹਾਂ ‘ਤੇ ਵੀ ਗਲਤ ਟਿੱਪਣੀਆਂ ਕਰਾਂਗੇ ਤਾਂ ਸ਼ਾਇਦ ਅਸੀਂ ਉਨ੍ਹਾਂ ਦੇ ਚੰਗਾ ਕੰਮ ਕਰਨ ਵਿਚ ਰੁਕਾਵਟ ਬਣ ਜਾਈਏ। ਲੋੜ ਹੈ, ਆਪਣੇ ਅੰਦਰ ਝਾਤੀ ਮਾਰਨ ਦੀ। ਸ਼ਾਇਦ ਅਸੀਂ ਆਪਣਾ ਇਤਿਹਾਸ ਭੁੱਲੀ ਬੈਠੇ ਹਾਂ ਕਿ ਅਸੀਂ ਪੰਜਾਬੀ ਸੂਰਬੀਰ, ਯੋਧਿਆਂ ਦੀ ਕੌਮ ਹਾਂ, ਜੋ ਹਰ ਰੋਜ਼ ‘ਮਨ ਨੀਵਾਂ ਤੇ ਮੱਤ ਉਚੀ’ ਦੀ ਅਰਦਾਸ ਕਰਦੇ ਹਾਂ। ਆਓ, ਆਪਣੇ ਗੁਰੂਆਂ ਦੀ ਸਿੱਖਿਆ ਨੂੰ ਚੇਤੇ ਕਰੀਏ, ਆਪਣਾ ਇਤਿਹਾਸ ਪੜ੍ਹੀਏ ਤੇ ਵਿਚਾਰ ਕੇ ਆਪਣੇ ਆਪ ਨੂੰ ਉਚੀ ਮੱਤ ਵਾਲੇ ਬਣਾਈਏ।