ਸਟਾਰ ਮੇਕਰ ਸਰੋਜ ਖਾਨ

ਮੈਨੂੰ ਉਹ ਦਿਨ ਅੱਜ ਵੀ ਯਾਦ ਹਨ। 16 ਜਨਵਰੀ 2020 ਅਤੇ ਥਾਂ ਸੀ ਸਿਨੇ ਡਾਂਸਰ ਐਸੋਸੀਏਸ਼ਨ ਦਾ ਦਫਤਰ। ਸਰੋਜ ਖਾਨ ਇਸ ਸੰਸਥਾ ਦੀ ਜੀਵਨ ਭਰ ਲਈ ਮੈਂਬਰ ਸੀ ਅਤੇ ਸਿਨੇ ਡਾਂਸਰਾਂ ਦੀ ਭਲਾਈ ਲਈ ਸਰੋਜ ਖਾਨ ਦੇ ਯੋਗਦਾਨ ਦੀ ਕਦਰ ਕਰਦੇ ਹੋਏ ਉਸ ਨੂੰ ਇਸ ਸੰਸਥਾ ਦੀ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ। ਅਸਲ ਵਿਚ ਨ੍ਰਿਤ ਨਿਰਦੇਸ਼ਕ ਗਣੇਸ਼ ਅਚਾਰਿਆ ਨੇ ਸਿਨੇ ਡਾਂਸਰਾਂ ਲਈ ਆਪਣੀ ਨਵੀਂ ਸੰਸਥਾ ਬਣਾਈ ਸੀ। ਸਰੋਜ ਖਾਨ ਨੇ ਡਾਂਸਰਾਂ ਦੀ ਦੁਨੀਆ ਵਿਚ ਫੁੱਟ ਪੈਂਦੀ ਦੇਖ ਕੇ ਗਣੇਸ਼ ਆਚਾਰਿਆ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਸੀ ਅਤੇ ਇਸ ਰਾਹੀਂ ਪੱਤਰਕਾਰਾਂ ਨਾਲ ਰੂ-ਬ-ਰੂ ਹੋਣ ਲਈ ਉਸ ਦਿਨ ਆਪਣੀ ਸੰਸਥਾ ਦੇ ਦਫਤਰ ਪਹੁੰਚੀ ਸੀ।

ਉਹ ਉਥੇ ਸੋਟੀ ਦੇ ਸਹਾਰੇ ਤੁਰਦੀ ਅਤੇ ਛੋਟੇ-ਛੋਟੇ ਕਦਮ ਪੁੱਟਦੀ ਆਈ ਸੀ। ਉਮਰ ਦਾ ਤਕਾਜ਼ਾ ਸੀ। ਤੁਰਦੇ ਸਮੇਂ ਉਸ ਦਾ ਸਾਹ ਵੀ ਫੁੱਲ ਰਿਹਾ ਸੀ ਪਰ ਆਪਣੇ ਸਰੀਰ ਅਤੇ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਉਹ ਸਿਨੇ ਡਾਂਸਰਾਂ ਦੀ ਏਕਤਾ ਬਰਕਰਾਰ ਰੱਖਣ ਲਈ ਉਥੇ ਆਈ ਸੀ। ਆਪਣੇ ਆਗਮਨ ਨਾਲ ਸਰੋਜ ਖਾਨ ਨੇ ਦੱਸ ਦਿੱਤਾ ਸੀ ਕਿ ਉਸ ਨੂੰ ਸਿਨੇ ਡਾਂਸਰਾਂ ਦੀ ਕਿੰਨੀ ਫਿਕਰ ਹੈ ਅਤੇ ਆਪਣੀ ਸੰਸਥਾ ਨੂੰ ਉਹ ਕਿੰਨਾ ਮਹੱਤਵ ਦਿੰਦੀ ਹੈ।
ਉਦੋਂ ਛੋਟੇ-ਛੋਟੇ ਕਦਮ ਚੁੱਕ ਕੇ ਤੁਰਦੀ ਆਈ ਸਰੋਜ ਖਾਨ ਨੂੰ ਦੇਖ ਕੇ ਉਹ ਸਰੋਜ ਖਾਨ ਯਾਦ ਆ ਗਈ ਜੋ ਆਪਣੇ ਲੱਕ ‘ਤੇ ਦੁਪੱਟਾ ਬੰਨ੍ਹ ਕੇ ਸੈੱਟ ‘ਤੇ ਵੱਡੀਆਂ-ਵੱਡੀਆਂ ਹੀਰੋਇਨਾਂ ਨੂੰ ਨਚਾਉਂਦੀ ਸੀ। ਹੀਰੋਇਨਾਂ ਉਸ ਦੀ ਉਂਗਲੀਆਂ ਦੇ ਇਸ਼ਾਰੇ ‘ਤੇ ਨੱਚਣ ਲਈ ਤਿਆਰ ਹੁੰਦੀਆਂ ਸਨ, ਕਿਉਂਕਿ ਉਹ ਜਾਣਦੀਆਂ ਸਨ ਕਿ ਸਰੋਜ ਖਾਨ ਆਪਣੀ ਡਾਂਸ ਮੂਵਮੈਂਟ ਜ਼ਰੀਏ ਉਨ੍ਹਾਂ ਨੂੰ ਸਟਾਰ ਬਣਾ ਦੇਣ ਦੀ ਕਲਾ ਰੱਖਦੀ ਹੈ। ਉਹ ਅਸਲੀ ‘ਸਟਾਰ ਮੇਕਰ’ ਸੀ। ਸ੍ਰੀਦੇਵੀ ਅਤੇ ਮਾਧੁਰੀ ਦੀਕਸ਼ਿਤ ਨੂੰ ਟੌਪ ਸਟਾਰ ਬਣਾਉਣ ਦਾ ਸਿਹਰਾ ਸਰੋਜ ਖਾਨ ਨੂੰ ਜਾਂਦਾ ਹੈ।
ਸਟਾਰ ਮੇਕਰ ਦਾ ਤਗਮਾ ਹਾਸਲ ਕਰਨ ਵਾਲੀ ਸਰੋਜ ਖਾਨ ਨੇ ਫਿਲਮਾਂ ਵਿਚ ਆਪਣੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ। ਉਹ ਤਿੰਨ ਸਾਲ ਦੀ ਸੀ, ਜਦੋਂ ਫਿਲਮ ‘ਨਜ਼ਰਾਨਾ’ ਵਿਚ ਕੰਮ ਕੀਤਾ ਸੀ। ਇਸ ਫਿਲਮ ਵਿਚ ਉਸ ਨੇ ਸ਼ਿਆਮ ਦੇ ਬਚਪਨ ਦੀ ਭੂਮਿਕਾ ਨਿਭਾਈ ਸੀ। ਜਵਾਨੀ ਵਿਚ ਕਦਮ ਰੱਖਦਿਆਂ ਹੀ ਨ੍ਰਿਤ ਨਿਰਦੇਸ਼ਕ ਬੀ. ਸੋਹਨਵਾਲਾ ਨਾਲ ਵਿਆਹ ਕਰਾ ਲਿਆ ਅਤੇ ਬਤੌਰ ਸਹਾਇਕ ਉਨ੍ਹਾਂ ਨਾਲ ਸ਼ੂਟਿੰਗ ‘ਤੇ ਜਾਣ ਲੱਗੀ। ਬਾਅਦ ਵਿਚ ਸੋਹਨ ਲਾਲ ਨਾਲ ਉਸ ਦਾ ਵਿਆਹ ਟੁੱਟ ਗਿਆ ਅਤੇ ਉਹ ਆਪਣਾ ਘਰ ਚਲਾਉਣ ਲਈ ਨਰਸ ਬਣ ਗਈ। ਉਦੋਂ ਉਹ ਮੁੰਬਈ ਦੇ ਕੇ.ਈ.ਐਮ. ਹਸਪਤਾਲ ਵਿਚ ਨੌਕਰੀ ਕਰਨ ਲੱਗੀ, ਉਸ ਦੀ ਤਨਖਾਹ 85 ਰੁਪਏ ਸੀ। ਪਤਾ ਨਹੀਂ ਕਿਉਂ, ਸਰੋਜ ਖਾਨ ਦੀ ਨੌਂ ਤੋਂ ਪੰਜ ਵਾਲੀ ਨੌਕਰੀ ਵਿਚ ਰੁਚੀ ਨਹੀਂ ਸੀ ਅਤੇ ਉਹ ਫਿਲਮਾਂ ਵਿਚ ਵਾਪਸ ਆ ਗਈ। ਨੱਚਣਾ ਚੰਗਾ ਆਉਂਦਾ ਸੀ। ਸੋ, ਉਹ ਗਰੁੱਪ ਡਾਂਸਰ ਬਣ ਗਈ ਅਤੇ ਆਪਣੇ ਜ਼ਮਾਨੇ ਦੀਆਂ ਕਈ ਨਾਮੀ ਹੀਰੋਇਨਾਂ ਦੇ ਪਿੱਛੇ ਖੜ੍ਹੀ ਰਹਿ ਕੇ ਥਿਰਕਣ ਲੱਗੀ। ਉਹ ਨ੍ਰਿਤ ਨਿਰਦੇਸ਼ਨ ਵਿਚ ਰੁਚੀ ਜ਼ਿਆਦਾ ਰੱਖਦੀ ਸੀ। ਸੋ, ਡਾਂਸ ਮਾਸਟਰ ਕਮਲ ਦੀ ਸਹਾਇਕ ਬਣ ਗਈ। ਕਮਲ ਆਪਣੇ ਜ਼ਮਾਨੇ ਦੇ ਮਸਰੂਫ ਨ੍ਰਿਤ ਨਿਰਦੇਸ਼ਕ ਸਨ। ਜਦੋਂ ‘ਧਰਤੀ ਕਹੇ ਪੁਕਾਰ ਕੇ’ ਦੇ ਇਕ ਗੀਤ ਦੇ ਫਿਲਮਾਂਕਣ ਦੀ ਵਾਰੀ ਆਈ ਤਾਂ ਪਤਾ ਲੱਗਿਆ ਕਿ ਸੈੱਟ ‘ਤੇ ਫਿਲਮ ਦੀ ਹੀਰੋਇਨ ਨੰਦਾ ਤਾਂ ਮੌਜੂਦ ਹੈ ਪਰ ਡਾਂਸ ਨਿਰਦੇਸ਼ਕ ਦਾ ਅਤਾ-ਪਤਾ ਨਹੀਂ। ਫਿਲਮ ਦੇ ਹੀਰੋ ਜਤਿੰਦਰ ਵੀ ਪਹੁੰਚੇ ਹੋਏ ਸਨ ਪਰ ਡਾਂਸ ਨਿਰੇਦਸ਼ਕ ਦੀ ਨਾ-ਮੌਜੂਦਗੀ ਕਰ ਕੇ ਸ਼ੂਟਿੰਗ ਸ਼ੁਰੂ ਨਹੀਂ ਹੋ ਰਹੀ ਸੀ। ਉਦੋਂ ਗੀਤ ਦੇ ਫਿਲਮਾਂਕਣ ਦੀ ਜ਼ਿੰਮੇਦਾਰੀ ਸਰੋਜ ਨੂੰ ਸੌਂਪੀ ਗਈ, ਗੀਤ ਸੀ- ‘ਹਮ ਤੁਮ ਚੋਰੀ ਸੇ, ਬੰਧੇ ਏਕ ਡੋਰੀ ਸੇ।’ ਸਰੋਜ ਨੇ ਇਹ ਜ਼ਿੰਮੇਵਾਰੀ ਖੂਬ ਨਿਭਾਈ ਅਤੇ ਵਾਹ-ਵਾਹ ਖੱਟੀ।
ਮਸ਼ਹੂਰ ਕੱਵਾਲੀ ‘ਨਿਗਾਹੇਂ ਮਿਲਾਨੇ ਕੋ ਜੀ ਚਾਹਤਾ ਹੈ’ ਦਾ ਨਿਰਦੇਸ਼ਨ ਵੀ ਸਰੋਜ ਨੇ ਹੀ ਕੀਤਾ ਸੀ ਪਰ ਵੱਡੇ ਪਰਦੇ ‘ਤੇ ਆਜ਼ਾਦ ਫਿਲਮ ਨਿਰਦੇਸ਼ਕ ਦੇ ਤੌਰ ‘ਤੇ ਪਹਿਲੀ ਵਾਰ ਉਸ ਦਾ ਨਾਂ ‘ਗੀਤਾ ਮੇਰਾ ਨਾਮ’ ਰਾਹੀਂ ਚਮਕਿਆ। ਇਸ ਫਿਲਮ ਤੋਂ ਪਹਿਲਾਂ ਸਰੋਜ ਨੂੰ ‘ਮ੍ਰਿਗਤ੍ਰਿਸ਼ਨਾ’ ਰਾਹੀਂ ਮੌਕਾ ਮਿਲਿਆ ਸੀ ਅਤੇ ਆਪਣੇ ਇਸ ਪਹਿਲੇ ਮੌਕੇ ਵਿਚ ਉਸ ਨੇ ਹੇਮਾ ਮਾਲਿਨੀ ਨੂੰ ਨਿਰਦੇਸ਼ਿਤ ਕਰਨਾ ਸੀ; ਗੀਤ ਦੇ ਬੋਲ ਸਨ- ‘ਨਵ ਕਲਪਨਾ ਨਵ ਰੂਪ ਸੇ’। ਪਰ ‘ਮ੍ਰਿਗਤ੍ਰਿਸ਼ਨਾ’ ਨੂੰ ਸਿਨੇਮਾ ਘਰਾਂ ਤੱਕ ਪਹੁੰਚਣ ਵਿਚ ਤਿੰਨ ਸਾਲ ਲੱਗ ਗਏ ਅਤੇ ਇਸ ਦੌਰਾਨ ‘ਗੀਤਾ ਮੇਰਾ ਨਾਮ’ ਪਹਿਲਾਂ ਆ ਗਈ। ਹੇਮਾ ਮਾਲਿਨੀ ਅਤੇ ਸਾਧਨਾ ਨੂੰ ਨਿਰਦੇਸ਼ਿਤ ਕਰ ਆਪਣੇ ਨ੍ਰਿਤ ਨਿਰਦੇਸ਼ਨ ਦਾ ਸਫਰ ਸ਼ੁਰੂ ਕਰਨ ਵਾਲੀ ਸਰੋਜ ਖਾਨ ਨੇ ਆਪਣੀ ਲੰਮੀ ਪਾਰੀ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਗੀਤ ਫਿਲਮਾਏ ਅਤੇ ਇਨ੍ਹਾਂ ਵਿਚੋਂ ਕਈ ਗੀਤ ਫਿਲਮਾਂਕਣ ਕਰ ਕੇ ਅਮਰ ਹੋ ਗਏ।
ਸਰੋਜ ਖਾਨ ਨੂੰ ਨਿਰਦੇਸ਼ਨ ਦੀ ਸੂਝ ਵੀ ਸੀ। ਉਸ ਦੇ ਕਈ ਗੀਤਾਂ ਵਿਚ ਮਾਦਕਤਾ ਤਾਂ ਝਲਕਦੀ ਹੈ ਪਰ ਅਸ਼ਲੀਲਤਾ ਬਿਲਕੁਲ ਨਹੀਂ। ਜਦੋਂ ‘ਮਿਸਟਰ ਇੰਡੀਆ’ ਦਾ ਗੀਤ ‘ਕਾਟੇ ਨਹੀਂ ਕਟਤੇ ਦਿਨ ਯੇ ਰਾਤ’ ਫਿਲਮਾਇਆ ਜਾ ਰਿਹਾ ਸੀ, ਉਦੋਂ ਸਰੋਜ ਜਾਣਦੀ ਸੀ ਕਿ ਇਹ ਫਿਲਮ ਬੱਚਿਆਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾ ਰਹੀ ਹੈ, ਇਸੇ ਕਰ ਕੇ ਮਰਿਆਦਾ ਵਿਚ ਰਹਿ ਕੇ ਗੀਤ ਵਿਚ ਮਾਦਕਤਾ ਪੇਸ਼ ਕੀਤੀ ਗਈ। ਉਦੋਂ ਤੋਂ ਸ੍ਰੀਦੇਵੀ ਉਸ ਦੀ ਪ੍ਰਸ਼ੰਸਕ ਬਣ ਗਈ ਸੀ। ਇਹੀ ਹਾਲ ਮਾਧੁਰੀ ਦੀਕਸ਼ਿਤ ਦਾ ਸੀ। ਮੁੰਬਈ ਦੇ ਮਹਿਬੂਬ ਸਟੂਡੀਓ ਵਿਚ ਜਦੋਂ ‘ਤੇਜਾਬ’ ਦਾ ‘ਏਕ ਦੋ ਤੀਨ’ ਗੀਤ ਫਿਲਮਾਇਆ ਜਾ ਰਿਹਾ ਸੀ, ਸਰੋਜ ਨੇ ਉਸ ਨੂੰ ‘ਬੈਕ ਠੁਮਕੇ’ ਵਾਲੇ ਸਟੈਪ ਦਿੱਤੇ। ਜਦੋਂ ਮਾਧੁਰੀ ਨੇ ਇਹ ਠੁਮਕੇ ਲਾਏ, ਉਦੋਂ ਸਰੋਜ ਨੇ ਕਿਹਾ ਸੀ ਕਿ ਇਹ ਕੁੜੀ ਸਟਾਰ ਬਣੇਗੀ।
‘ਦੇਵਦਾਸ’, ‘ਤਾਲ’, ‘ਹਮ ਦਿਲ ਦੇ ਚੁਕੇ ਸਨਮ’, ‘ਚਾਂਦਨੀ’, ‘ਨਗੀਨਾ’ ਆਦਿ ਫਿਲਮਾਂ ਦੇ ਗੀਤਾਂ ਦੇ ਨਿਰਦੇਸ਼ਨ ਵਿਚ ਆਪਣੇ ਅਮਿਟ ਸਟੈੱਪ ਪੇਸ਼ ਕਰ ਕੇ ਸਰੋਜ ਖਾਨ ਨੇ ਗੀਤਾਂ ਨੂੰ ਸਦਾ ਅਮਰ ਬਣਾ ਦਿੱਤਾ। ਸਰੋਜ ਖਾਨ ਦਾ ਅਸਲੀ ਨਾਂ ਨਿਰਮਲਾ ਨਾਗਪਾਲ ਸੀ। ਪਹਿਲਾ ਵਿਆਹ ਟੁੱਟਣ ਤੋਂ ਬਾਅਦ ਉਸ ਨੇ ਦੂਜਾ ਵਿਆਹ ਰੋਸ਼ਨ ਖਾਨ ਨਾਲ ਕੀਤਾ ਸੀ ਅਤੇ ਉਸ ਨੂੰ ਸਰੋਜ ਖਾਨ ਨਾਂ ਦਿੱਤਾ ਗਿਆ। ਉਂਜ, ਫਿਲਮੀ ਦੁਨੀਆਂ ਲਈ ਉਹ ‘ਮਾਸਟਰ ਜੀ’ ਸੀ।
-ਇੰਦਰਮੋਹਨ ਪੰਨੂੰ