ਪੰਜਾਬੀ ਸਿਨੇਮਾ ‘ਤੇ ਮਾਰੂ ਸੱਟ-2

ਭੀਮ ਰਾਜ ਗਰਗ
ਫੋਨ: +91-98765-45157
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿਚ ਚਾਰ ਸਟੂਡੀਓ ਪੰਜਾਬੀ ਫਿਲਮ ਇੰਡਸਟਰੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ। ਇਨ੍ਹਾਂ ਚਾਰਾਂ ਸਟੂਡੀਓ ਵਿਚੋਂ ਸ਼ੋਰੀ ਸਟੂਡੀਓ ਨੂੰ ਦੰਗਈਆਂ ਨੇ ਸਾੜ ਦਿੱਤਾ, ਇਕ ਨੂੰ ਸੀਲ ਕਰ ਦਿੱਤਾ ਗਿਆ, ਕਿਉਂਕਿ ਇਸ ਦਾ ਹਿੰਦੂ ਮਾਲਕ ਭਾਰਤ ਚਲਿਆ ਗਿਆ ਸੀ। ਦੂਸਰੇ ਦੋ ਸਟੂਡੀਓਜ਼ (ਨੰਬਰ 1 ਤੇ ਨੰਬਰ 2) ਨੂੰ ਦਲਸੁਖ ਪੰਚੋਲੀ ਆਪਣੇ ਭਰੋਸੇਮੰਦ ਸਹਿਯੋਗੀ ਦੀਵਾਨ ਸਰਦਾਰੀ ਲਾਲ ਦੀ ਨਿਗਾਹ ਹੇਠ ਛੱਡ ਗਏ ਸਨ। ਬਾਅਦ ਵਿਚ ਦੀਵਾਨ ਸਰਦਾਰੀ ਲਾਲ ਨੇ ਪੰਚੋਲੀ ਸਟੂਡੀਓਜ਼ ਨੂੰ ਆਪਣੇ ਕਾਬਜ਼ ਕਰ ਕੇ ‘ਪੰਜਾਬ ਆਰਟ ਸਟੂਡੀਓ’ ਦਾ ਨਾਂ ਦਿੱਤਾ। ਇਸ ਸਟੂਡੀਓ ਵਿਚ ਉਸ ਨੇ ਪਾਕਿਸਤਾਨ ਦੀ ਪਹਿਲੀ ਫਿਲਮ ‘ਤੇਰੀ ਯਾਦ’ (1948) ਨਾਸਿਰ ਖਾਨ ਅਤੇ ਆਸ਼ਾ ਪੋਸਲੇ ਦੀ ਰੋਮਾਂਟਿਕ ਲੀਡ ਲੈ ਕੇ ਬਣਾਈ ਜਿਹੜੀ ਵੱਡੀ ਫਲਾਪ ਸਾਬਤ ਹੋਈ।

ਸ਼ੋਰੀ ਸਟੂਡੀਓ, ਭਾਰਤ ਤੋਂ ਵਾਪਸ ਆਏ ਫਿਲਮਕਾਰ ਸਈਦ ਸ਼ੌਕਤ ਹੁਸੈਨ ਰਿਜ਼ਵੀ ਅਤੇ ਉਨ੍ਹਾਂ ਦੀ ਘਰਵਾਲੀ ਨੂਰਜਹਾਂ ਨੂੰ ਅਲਾਟ ਕਰ ਦਿੱਤਾ ਗਿਆ। ਉਨ੍ਹਾਂ ਸ਼ੋਰੀ ਸਟੂਡੀਓਜ਼ ਦੇ ਭੰਨਤੋੜ ਵਾਲੇ ਖੰਡਰਾਂ ਉਤੇ ‘ਸ਼ਾਹਨੂਰ ਸਟੂਡੀਓਜ਼’ ਬਣਾਇਆ ਜਿਸ ਵਿਚ ਪਹਿਲੀ ਫਿਲਮ ‘ਚੰਨ ਵੇ’ (1951) ਬਣਾਈ ਗਈ।
ਹਿੰਦੂ ਸਿੱਖ ਭਾਈਚਾਰੇ ਨੂੰ ਆਪਣੀ ਰਾਜਧਾਨੀ ਲਾਹੌਰ, ਫਿਲਮ ਸਟੂਡੀਓ ਅਤੇ ਨਿਰਮਾਣ ਇਕਾਈਆਂ ਨੂੰ ਪਿੱਛੇ ਛੱਡਣਾ ਪਿਆ ਸੀ। ਲਾਹੌਰ ਦਾ ਨੁਕਸਾਨ ਹੋਣ ਕਰ ਕੇ ਪੰਜਾਬੀ ਫਿਲਮਾਂ ਦਾ ਕੇਂਦਰ ਬਦਲਿਆ ਨਹੀਂ ਜਾ ਸਕਿਆ ਅਤੇ ਪੂਰਬੀ ਪੰਜਾਬ ਕਿਸੇ ਵੀ ਸਫਲ ਸਟੂਡੀਓ ਦੀ ਸਥਾਪਨਾ ਨਹੀਂ ਕਰ ਸਕਿਆ। ਉਜੜ ਚੁੱਕੇ ਬਹੁਤੇ ਪੰਜਾਬੀ ਫਿਲਮ ਨਿਰਮਾਤਾ, ਕਲਾਕਾਰ ਅਤੇ ਸੰਗੀਤਕਾਰ ਜਿਵੇਂ ਰੂਪ ਕੇ. ਸ਼ੋਰੀ, ਡੀ.ਐਮ. ਪੰਚੋਲੀ, ਪ੍ਰਾਣ, ਓਮ ਪ੍ਰਕਾਸ਼, ਵਿਨੋਦ ਅਤੇ ਕੁਲਦੀਪ ਕੌਰ ਖਾਲੀ ਹੱਥ ਬੰਬੇ ਪਹੁੰਚੇ ਪਰ ਉਨ੍ਹਾਂ ਕੋਲ ਫਿਲਮਾਂ ਬਣਾਉਣ ਦੇ ਬਹੁਤ ਤਜਰਬੇ ਸਨ। ਦਲਸੁਖ ਪੰਚੋਲੀ ਆਪਣੀ ਫਿਲਮ ਦੇ ਨੈਗੇਟਿਵ ਵੀ ਨਹੀਂ ਲਿਆ ਸਕਿਆ ਅਤੇ ਉਹ ਆਪਣੇ ਸਾਥੀ ਦੀਵਾਨ ਸਰਦਾਰੀ ਲਾਲ ਦੀ ਦੇਖਭਾਲ ਵਿਚ ਆਪਣੇ ਦੋ ਆਧੁਨਿਕ ਸਟੂਡੀਓ ਅਤੇ ਕਈ ਸਿਨੇਮਾ ਹਾਲਾਂ ਦਾ ਸਾਮਰਾਜ ਛੱਡ ਕੇ ਆਇਆ ਸੀ। ਬਦਲੀ ਹੋਈ ਪੰਜਾਬੀ ਫਿਲਮ ਇੰਡਸਟਰੀ ਨੇ ਬੰਬੇ ਨੂੰ ਇਕ ਹੋਰ ਲਾਹੌਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਵੰਡ ਤੋਂ ਬਾਅਦ ਸੁਤੰਤਰ ਭਾਰਤ ਦੀ ਪਹਿਲੀ ਪੰਜਾਬੀ ਫਿਲਮ ‘ਚਮਨ’ (1948), ਰੂਪ ਕੇ. ਸ਼ੋਰੀ ਨੇ ਡਾਇਰੈਕਟ ਕੀਤੀ ਸੀ ਜਿਨ੍ਹਾਂ ਦਾ ਲਾਹੌਰ ਸਟੂਡੀਓ ਦੰਗਿਆਂ ਦੌਰਾਨ ਸਾੜ ਦਿੱਤਾ ਗਿਆ ਸੀ। ਉਸ ਵੇਲੇ ਦੀਆਂ ਹੋਰ ਮਹੱਤਵਪੂਰਨ ਅਤੇ ਹਿੱਟ ਫਿਲਮਾਂ ‘ਲੱਛੀ’, ‘ਭਾਈਆ ਜੀ’, ‘ਛਈ’, ‘ਪੋਸਤੀ’, ‘ਭੰਗੜਾ’ ਆਦਿ ਸਨ।
ਖੂਨੀ ਬਟਵਾਰੇ ਦੇ ਜ਼ਖਮ ਅਜੇ ਪੰਜਾਬੀ ਫਿਲਮਕਾਰਾਂ ਦੇ ਮਨਾਂ ਵਿਚ ਤਾਜ਼ੇ ਸਨ, ਦੂਸਰਾ ਝਟਕਾ 1952 ਵਿਚ ਪਾਕਿਸਤਾਨ ਦੁਆਰਾ ਭਾਰਤੀ ਫਿਲਮਾਂ ‘ਤੇ ਅੰਸ਼ਕ ਪਾਬੰਦੀ ਦੇ ਰੂਪ ਵਿਚ ਆਇਆ। ਇਸ ਕਾਰਨ ਸਾਲ 1952 ਵਿਚ ਪੰਜਾਬੀ ਫਿਲਮਾਂ ਦਾ ਨਿਰਮਾਣ ਨਹੀਂ ਹੋਇਆ, ਬਾਅਦ ਦੇ ਸਾਲਾਂ 1953 ਤੋਂ 1959 ਵਿਚ ‘ਜੁਗਨੀ’, ‘ਕੌੜੇ ਸ਼ਾਹ’, ‘ਲਾਰਾ ਲੱਪਾ’, ‘ਅਸ਼ਟੱਲੀ’, ‘ਸ਼ਾਹ ਜੀ’, ‘ਵਣਜਾਰਾ’, ‘ਹੁਲਾਰੇ’, ‘ਮੁਕਲਾਵਾ’, ‘ਨਿੱਕੀ’, ‘ਭੰਗੜਾ’ ਸਿਰਫ ਦਸ ਫਿਲਮਾਂ ਬਣੀਆਂ; ਹਾਲਾਂਕਿ ‘ਭੰਗੜਾ’ (1959) ਦੀ ਸਫਲਤਾ ਨੇ 1960 ਦੇ ਦਹਾਕੇ ਵਿਚ ਕਈ ਹਿੱਟ ਪੰਜਾਬੀ ਫਿਲਮਾਂ ਜਿਵੇਂ ‘ਦੋ ਲੱਛੀਆਂ’, ‘ਗੁੱਡੀ’, ‘ਜੀਜਾਜੀ’, ‘ਚੌਧਰੀ ਕਰਨੈਲ ਸਿੰਘ’, ‘ਪਿੰਡ ਦੀ ਕੁੜੀ’, ‘ਕਿੱਕਲੀ’, ‘ਸਤਲੁਜ ਦੇ ਕੰਢੇ’ ਆਦਿ ਦਾ ਨਿਰਮਾਣ ਹੋਇਆ ਸੀ। ਭਾਰਤ ਨੇ ਚੀਨ ਨਾਲ 1962 ਦੇ ਯੁੱਧ ਅਤੇ ਪਾਕਿਸਤਾਨ ਨਾਲ 1965 ਤੇ 1971 ਵਿਚ ਹੋਈਆਂ ਦੋ ਲੜਾਈਆਂ ਦਾ ਸਾਹਮਣਾ ਕੀਤਾ ਸੀ, ਫਿਰ ਵੀ ਇਨ੍ਹਾਂ ਦਾ ਪੰਜਾਬੀ ਫਿਲਮਾਂ ਦੇ ਨਿਰਮਾਣ ‘ਤੇ ਕੋਈ ਅਸਰ ਨਹੀਂ ਹੋਇਆ, ਬਲਕਿ ਇਨ੍ਹਾਂ ਯੁੱਧਾਂ ਨੇ ਫਿਲਮ ਨਿਰਮਾਤਾਵਾਂ ਨੂੰ ‘ਧਰਤੀ ਵੀਰਾਂ ਦੀ’ (1965), ‘ਇਹ ਧਰਤੀ ਪੰਜਾਬ ਦੀ’ (1966) ‘ਗੱਭਰੂ ਦੇਸ਼ ਪੰਜਾਬ ਦੇ’ (1966) ਵਰਗੀਆਂ ਫਿਲਮਾਂ ਲਈ ਨਵੇਂ ਪਲਾਟ/ਕਹਾਣੀ ਦਿੱਤੇ, ਹਾਲਾਂਕਿ ਸਿਨੇਮਾ ਹਾਲ ਇੱਕ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਬਲੈਕ ਆਊਟ ਦੇ ਦੌਰਾਨ ਸ਼ਾਮ ਅਤੇ ਰਾਤ ਦੇ ਸ਼ੋਅ ਲਈ ਬੰਦ ਕੀਤੇ ਜਾਂਦੇ ਸਨ।
ਪੰਜਾਬੀ ਸਿਨੇਮਾ ਸਮੇਂ-ਸਮੇਂ ਇਸ ਤਰ੍ਹਾਂ ਦੇ ਝਟਕਿਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। ਅਗਲਾ ਹਮਲਾ 1980 ਦੇ ਦਹਾਕੇ ਦੇ ਸ਼ੁਰੂ ਤੋਂ 1990 ਦੇ ਦਹਾਕੇ ਦੌਰਾਨ ਹੋਏ ਅਤਿਵਾਦ ਨੇ ਕੀਤਾ ਸੀ। ਫਿਲਮ ਯੂਨਿਟਾਂ ‘ਤੇ ਅਤਿਵਾਦੀ ਹਮਲੇ ਕਾਰਨ ਫਿਲਮ ਸ਼ੂਟਿੰਗਾਂ ਦੀ ਕਦੇ-ਕਦਾਈਂ ਰੁਕਾਵਟ ਦੇਖਣ ਨੂੰ ਮਿਲੀ। 1987 ਵਿਚ ਲੁਧਿਆਣਾ ਨੇੜੇ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਦੌਰਾਨ ਬੰਦੂਕ ਦੀ ਗੋਲੀ ਨਾਲ ਅਦਾਕਾਰ ਵੀਰੇਂਦਰ ਦੀ ਹੱਤਿਆ ਕਰ ਦਿੱਤੀ ਗਈ। ਇਸ ਕਤਲ ਨੇ ਪੰਜਾਬੀ ਸਿਨੇਮਾ ਨੂੰ ਵੱਡਾ ਧੱਕਾ ਦਿੱਤਾ। ਫਿਲਮ ਨਿਰਮਾਣ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਠੱਲ੍ਹ ਪੈ ਗਈ। 1988 ਵਿਚ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਈ।
ਅਤਿਵਾਦ ਦੇ ਖਾਤਮੇ ਤੋਂ ਬਾਅਦ 1990 ਦੇ ਦਹਾਕੇ ਦੇ ਸ਼ੁਰੂ ਵਿਚ ‘ਸ਼ਹੀਦ-ਏ-ਮੁਹੱਬਤ’ ਨੇ ਦਰਸ਼ਕਾਂ ਨੂੰ ਸਿਨੇਮਾ ਹਾਲਾਂ ਵਿਚ ਵਾਪਸ ਲਿਆਇਆ। ਮਨਮੋਹਨ ਸਿੰਘ ਵਰਗੇ ਫਿਲਮਸਾਜ਼ਾਂ ਨੇ ਪੰਜਾਬੀ ਸਿਨੇਮਾ ਦਾ ਸਰੂਪ ਬਦਲ ਦਿੱਤਾ। ਚੰਡੀਗੜ੍ਹ ਅਤੇ ਮੁਹਾਲੀ ਵਿਚ ਨਵੀਆਂ ਉਤਪਾਦਨ ਸਹੂਲਤਾਂ ਸਥਾਪਤ ਕੀਤੀਆਂ ਗਈਆਂ। ਪੰਜਾਬੀ ਸਿਨੇਮਾ ਦੀ ਤਰੱਕੀ ਨੂੰ ਚਾਰ ਚੰਨ ਲੱਗ ਗਏ ਪਰ ਕਰੋਨਾ ਵਾਇਰਸ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਵਾਧਾ ਨੂੰ ਰੋਕ ਦਿੱਤਾ। ਇਹ ਸੰਕਟ ਦਾ ਅਸਰ ਲੰਮੇ ਸਮੇਂ ਤਕ ਹੋਣ ਦਾ ਖਦਸ਼ਾ ਹੈ। ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪੂਰਾ ਭਾਰਤ ਬਾਕਸ ਆਫਿਸ ਜ਼ੀਰੋ ਹੈ। ਇਸ ਦਾ ਮਤਲਬ ਇਹ ਹੈ ਕਿ ਮਹੀਨਿਆਂ ਤਕ ਸਿਨੇਮਾ ਦੇ ਖਾਤੇ ਕੋਈ ਕਮਾਈ ਨਹੀਂ ਹੋਈ ਪਰ ਫਿਲਮ ਉਦਯੋਗ ਇਸ ਤਰ੍ਹਾਂ ਦੇ ਵਿਨਾਸ਼ਕਾਰੀ ਤੂਫਾਨ ਨੂੰ ਸਹਿਣ ਤੋਂ ਬਾਅਦ ਵਾਪਸ ਉਛਾਲ ਪਾਉਣ ਦੀ ਸਮਰੱਥਾ ਰੱਖਦਾ ਹੈ। ਫਿਲਮ ਨਿਰਮਾਤਾਵਾਂ ਨੂੰ ਨੈੱਟਫਲਿਕਸ, ਐਮਜ਼ਾਨ ਵਰਗੇ ਡਿਜੀਟਲ ਓ.ਟੀ.ਟੀ. ਪਲੇਟਫਾਰਮਾਂ ‘ਤੇ ਫਿਲਮਾਂ ਰਿਲੀਜ਼ ਕਰਨ ਦੇ ਬਦਲਾਂ ਦੀ ਪੜਚੋਲ ਕਰਨੀ ਪਈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮਲਟੀਪਲੈਕਸ ਸਿਨੇਮਾ ਰਿਲੀਜ਼ਾਂ ਦੁਆਰਾ ਪ੍ਰਾਪਤ ਆਮਦਨੀ ਨਾ ਹੋਵੇ।
ਕਰੋਨਾ ਮਹਾਮਾਰੀ ਤੋਂ ਬਾਅਦ ਸਾਹਮਣੇ ਆਉਣ ਵਾਲੀ ਪੰਜਾਬੀ ਫਿਲਮ ਇੰਡਸਟਰੀ ਜ਼ਰੂਰ ਹੀ ਤਬਦੀਲੀ ਲੈ ਕੇ ਆਵੇਗੀ। ਮਨੋਰੰਜਨ ਤੋਂ ਵਾਂਝੇ ਜਨਤਕ, ਸਿਨੇਮਾਘਰਾਂ ਨੂੰ ਤੁਰੰਤ ਭੰਡਣਾ ਸ਼ੁਰੂ ਨਹੀਂ ਕਰਨਗੇ। ਉਨ੍ਹਾਂ ਦੀਆਂ ਫਿਲਮਾਂ ਦੇਖਣ ਦੀਆਂ ਆਦਤਾਂ ਨੂੰ ਦੁਬਾਰਾ ਜਾਗ੍ਰਿਤ ਕਰਨਾ ਪਵੇਗਾ। ਪੈਂਟ-ਅਪ ਡਿਮਾਂਡ (ਮਨ ਅੰਦਰ ਦੱਬੀ ਹੋਈ ਮੰਗ) ਸੱਚਮੁੱਚ ਵਧੀਆ ਕੰਮ ਕਰਦੀ ਹੈ ਅਤੇ ਜਦੋਂ ਵੀ ਕੋਈ ਵੱਡੀ ਸ਼ਾਹਕਾਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਲੋਕ ਇਸ ਨੂੰ ਜ਼ਰੂਰ ਦੇਖਣ ਜਾਣਗੇ। ਜਿਵੇਂ ਹਨੇਰੇ ਬੱਦਲ ਦੀ ਕੁੱਖ ਵਿਚ ਚਾਂਦੀ ਦੀ ਪਰਤ ਹੁੰਦੀ ਹੈ, ਕਰੋਨਾ ਦੇ ਕਾਲੇ ਯੁਗ ਤੋਂ ਬਾਅਦ ਉਮੀਦ, ਮੌਕਿਆਂ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਪੰਜਾਬੀ ਸਿਨੇਮਾ ਇਕ ਵਾਰੀ ਫਿਰ ਤਰੱਕੀ ਦੀਆਂ ਮੰਜ਼ਲਾਂ ਪਾਰ ਕਰਦਾ ਭਾਰਤੀ ਸਿਨੇਮਾ ਦੇ ਸਿਖਰ ‘ਤੇ ਪਹੁੰਚੇਗਾ।