ਭਾਰਤੀ ਫੌਜ ਨੇ ਲੱਦਾਖ ਸਰਹੱਦ ‘ਤੇ ਨਫਰੀ ਵਧਾਈ

ਨਵੀਂ ਦਿੱਲੀ: ਭਾਰਤੀ ਫੌਜ ਵੱਲੋਂ ਚੀਨ ਨਾਲ ਲੱਗਦੀ 3,488 ਕਿਲੋਮੀਟਰ ਲੰਬੀ ਸਰਹੱਦ ‘ਤੇ ਇਹਤਿਆਤ ਵਜੋਂ ਵਧੇਰੇ ਜਵਾਨ ਅਤੇ ਲੜਾਕੂ ਸਮੱਗਰੀ ਲਿਜਾਈ ਗਈ ਹੈ। ਭਾਰਤ ਅਤੇ ਚੀਨ ਵਿਚਾਲੇ ਬਣੀ ਤਲਖੀ ਦੇ ਮੱਦੇਨਜ਼ਰ ਭਾਰਤ ਵਲੋਂ ਸਰਹੱਦ ‘ਤੇ ਪਿਛਲੇ ਕੁਝ ਸਾਲਾਂ ਨਾਲੋਂ ਸਭ ਤੋਂ ਵੱਡੀ ਤਾਇਨਾਤੀ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਭਾਰਤੀ ਫੌਜ ਵਲੋਂ ਪੂਰਬੀ ਲੱਦਾਖ ਖੇਤਰ ਵਿਚ ਤਿੰਨ ਹੋਰ ਡਿਵੀਜ਼ਨਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਅਸਲ ਕੰਟਰੋਲ ਰੇਖਾ ਉਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ। ਟੈਂਕਾਂ ਅਤੇ ਤੋਪਾਂ ਤੋਂ ਇਲਾਵਾ ਫੌਜ ਵਲੋਂ ਆਧੁਨਿਕ ਤੇ ਤੇਜ਼ ਰਫਤਾਰ ਵਾਲੀਆਂ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਜਿਨ੍ਹਾਂ ‘ਚ ਆਕਾਸ਼ ਮਿਜ਼ਾਈਲ ਵੀ ਸ਼ਾਮਲ ਹੈ, ਤਾਇਨਾਤ ਕੀਤੀਆਂ ਗਈਆਂ ਹਨ। ਅਕਾਸ਼ ਮਿਜ਼ਾਈਲ ਤਕੜੇ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੂੰ ਡੇਗਣ ਦੀ ਸਮਰੱਥਾ ਰੱਖਦੀ ਹੈ। ਇਹ ਕਿਹਾ ਗਿਆ ਸੀ ਕਿ ਚਾਰ ਹਫਤੇ ਪਹਿਲਾਂ ਇਕ ਅਹਿਮ ਡਿਵੀਜ਼ਨ ਨੇ ਉਚੇ ਪਹਾੜੀ ਖੇਤਰਾਂ ਦੇ ਅਨੁਕੂਲ ਲੜਾਈ ਸ਼ੁਰੂ ਕੀਤੀ ਸੀ ਅਤੇ ਦੋ ਹਫਤਿਆਂ ਬਾਅਦ, ਇਸ ਦੇ ਕੁਝ ਹਿੱਸਿਆਂ ਨੂੰ 18 ਹਜ਼ਾਰ ਫੁੱਟ ਉਚੇ ਦੇਸਪਾਂਗ ਦੇ ਮੈਦਾਨੀ ਇਲਾਕੇ, ਜੋ ਗਲਵਾਨ ਵਾਦੀ ਦੇ ਉਤਰ ਵਿਚ ਪੈਂਦੇ ਹਨ, ਵਿਚ ਤਾਇਨਾਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰਿਜ਼ਰਵ ਬਲਾਂ ਨੂੰ ਮੂਹਰਲੀਆਂ ਥਾਵਾਂ ਉਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਚੀਨ ਦੇ ਮੇਚ ਦੀ ਤਾਇਨਾਤੀ ਕੀਤੀ ਜਾ ਸਕੇ।
ਭਾਰਤ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਨੂੰ ਤਾਇਨਾਤੀ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ, ਚੀਨ ਪਿਛੋਂ ਭਾਰਤ ਨੇ ਤਾਇਨਾਤੀ ਕੀਤੀ ਹੈ। ਇਸ ਸਬੰਧੀ ਭਾਰਤੀ ਫੌਜ ਦੇ ਤਰਜਮਾਨ ਕਰਨਲ ਅਮਨ ਆਨੰਦ ਨਾਲ ਗੱਲ ਨਹੀਂ ਹੋ ਸਕੀ। ਵੱਖਰੇ ਖੇਤਰ ‘ਚ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੂੰ ਵੀ ਅਲਰਟ ਉਤੇ ਰੱਖਿਆ ਗਿਆ ਹੈ। ਭਾਰਤੀ ਹਵਾਈ ਫੌਜ ਨੇ ਲੱਦਾਖ ਲਈ ਕਈ ਐਸ਼ ਏ. ਜੀ.ਡਬਲਿਯੂ. ਸਿਸਟਮ ਤਾਇਨਾਤ ਕੀਤੇ ਹਨ।
_____________________________________________________
ਭਾਰਤ ਵਲੋਂ ਟਿਕ ਟੌਕ ਸਣੇ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ
ਨਵੀਂ ਦਿੱਲੀ: ਲੱਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਚੀਨੀ ਸੈਨਿਕਾਂ ਨਾਲ ਟਕਰਾਅ ਵਿਚ 20 ਫੌਜੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਗੁਆਂਢੀ ਮੁਲਕ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮੋਦੀ ਸਰਕਾਰ ਨੇ ਚੀਨ ਦੇ ਪ੍ਰਸਿੱਧ ਟਿਕ ਟੌਕ, ਯੂ ਸੀ ਬ੍ਰਾਊਜ਼ਰ, ਸ਼ੇਅਰ ਇਟ ਸਮੇਤ 59 ਮੋਬਾਈਲ ਐਪਾਂ ‘ਤੇ ਪਾਬੰਦੀ ਲਾ ਦਿੱਤੀ ਹੈ।
ਸਰਕਾਰ ਨੇ ਇਨ੍ਹਾਂ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ ਹੈ। ਬੰਦ ਕੀਤੀਆਂ ਗਈਆਂ ਐਪਾਂ ਦੀ ਸੂਚੀ ‘ਚ ਹੈਲੋ, ਲਾਈਕੀ, ਕੈਮ ਸਕੈਨਰ, ਵੀਗੋ ਵੀਡੀਓ, ਮੀ ਵੀਡੀਓ ਕਾਲ-ਸ਼ਿਆਓਮੀ, ਕਲੈਸ਼ ਆਫ ਕਿੰਗਸ ਦੇ ਨਾਲ ਕਲੱਬ ਫੈਕਟਰੀ ਸ਼ਾਮਲ ਹਨ। ਇਹ ਚੀਨੀ ਤਕਨੀਕੀ ਕੰਪਨੀਆਂ ਖਿਲਾਫ ਸਭ ਤੋਂ ਵੱਡੀ ਕਾਰਵਾਈ ਹੈ। ਸੂਚਨਾ ਤਕਨੀਕੀ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ‘ਚ ਕਿਹਾ ਕਿ ਮੰਤਰਾਲੇ ਨੂੰ ਵੱਖ-ਵੱਖ ਸੂਤਰਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਐਂਡਰਾਇਡ ਅਤੇ ਆਈ.ਓ.ਐਸ਼ ਉਤੇ ਉਪਲਬਧ ਇਹ ਚੀਨੀ ਐਪਾਂ ਬਿਨਾਂ ਉਭਯੋਗਕਰਤਾਵਾਂ ਦੀ ਜਾਣਕਾਰੀ ਦੇ ਉਨ੍ਹਾਂ ਦਾ ਡਾਟਾ ਚੋਰੀ ਕਰਦੇ ਹਨ ਅਤੇ ਦੁਰਵਰਤੋਂ ਕਰਦੇ ਹਨ। ਨਾਲ ਹੀ ਉਨ੍ਹਾਂ ਦੇ ਡਾਟਾ ਨੂੰ ਅਣਅਧਿਕਾਰਤ ਤਰੀਕੇ ਨਾਲ ਉਨ੍ਹਾਂ ਸਰਵਰਾਂ ਉਤੇ ਭੇਜ ਰਹੇ ਹਨ, ਜੋ ਭਾਰਤ ਦੇ ਬਾਹਰ ਸਥਿਤ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਦੀ ਰਾਸ਼ਟਰੀ ਸੁਰੱਖਿਆ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਤੱਤਾਂ ਵੱਲੋਂ ਇਨ੍ਹਾਂ ਅੰਕੜਿਆਂ ਦਾ ਸੰਕਲਨ, ਇਸ ਦੀ ਜਾਂਚ ਪੜਤਾਲ ਅਤੇ ਪ੍ਰਾਫਾਈਲਿੰਗ, ਜੋ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਉਤੇ ਹਮਲਾ ਹੈ, ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਜਿਨ੍ਹਾਂ ਲਈ ਐਮਰਜੈਂਸੀ ਉਪਾਅ ਕਰਨ ਦੀ ਲੋੜ ਹੈ।
ਮੰਤਰਾਲੇ ਨੇ ਕਿਹਾ ਕਿ 130 ਕਰੋੜ ਭਾਰਤੀਆਂ ਦੇ ਡਾਟਾ ਉਤੇ ਖਤਰਾ ਮੰਡਰਾ ਰਿਹਾ ਸੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੰਤਰਾਲੇ ਨੇ ਕਿਹਾ ਕਿ ਉਸ ਨੇ ਸੂਚਨਾ ਤਕਨੀਕੀ ਕਾਨੂੰਨ ਦੀ ਧਾਰਾ 69ਏ ਤਹਿਤ ਇਨ੍ਹਾਂ 59 ਚੀਨੀ ਮੋਬਾਈਲ ਐਪਾਂ ਉਤੇ ਪਾਬੰਦੀ ਲਾਈ ਹੈ। ਮੰਤਰਾਲੇ ਨੇ ਇਕ ਨੋਟਿਸ ‘ਚ ਕਿਹਾ ਕਿ ਇਹ 59 ਐਪਾਂ ਉਨ੍ਹਾਂ ਸਰਗਰਮੀਆਂ ‘ਚ ਲੱਗੀਆਂ ਹਨ, ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਹਨ। ਅਜਿਹੇ ‘ਚ ਸਰਕਾਰ ਨੇ ਇਨ੍ਹਾਂ ਉਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ, ਗ੍ਰਹਿ ਮੰਤਰਾਲੇ ਨੇ ਵੀ ਇਨ੍ਹਾਂ ਐਪਾਂ ਨੂੰ ਬੰਦ ਕਰਨ ਲਈ ਸਿਫਾਰਸ਼ਾਂ ਭੇਜੀਆਂ ਹਨ। ਇਸੇ ਤਰ੍ਹਾਂ ਸੰਸਦ ਦੇ ਅੰਦਰ ਅਤੇ ਬਾਹਰ ਵੱਖ-ਵੱਖ ਜਨ ਪ੍ਰਤੀਨਿਧੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਭਰੋਸੇਯੋਗ ਸੂਚਨਾਵਾਂ ਕਿ ਅਜਿਹੀਆਂ ਐਪਾਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖਤਰਾ ਹਨ, ਦੇ ਆਧਾਰ ਉਤੇ ਭਾਰਤ ਸਰਕਾਰ ਨੇ ਕੁਝ ਐਪਾਂ, ਜੋ ਕਿ ਮੋਬਾਈਲ ਅਤੇ ਬਿਨਾਂ ਮੋਬਾਈਲ ਤੋਂ ਵਰਤੀਆਂ ਜਾਂਦੀਆਂ ਹਨ, ਦੀ ਵਰਤੋਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ।
ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਦਮ ਕਰੋੜਾਂ ਭਾਰਤੀ ਮੋਬਾਈਲ ਅਤੇ ਇੰਟਰਨੈੱਟ ਵਰਤਣ ਵਾਲਿਆਂ ਦੇ ਹਿੱਤਾਂ ਦੀ ਰਾਖੀ ਕਰੇਗਾ। ਇਹ ਫੈਸਲਾ ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਮਿਥਿਆ ਕਦਮ ਹੈ। ਸਬੰਧਿਤ ਕੰਪਨੀਆਂ ਦੀਆਂ ਟਿੱਪਣੀਆਂ ਤੁਰਤ ਨਹੀਂ ਮਿਲ ਸਕੀਆਂ। 2015-19 ਦੌਰਾਨ ਅਲੀਬਾਬਾ, ਟੈਂਨਸੈਂਟ, ਟੀ ਆਰ ਕੈਪੀਟਲ ਅਤੇ ਹਿਲਹਾਊਸ ਕੈਪੀਟਲ ਨੇ 5.5 ਅਰਬ ਡਾਲਰ ਤੋਂ ਜ਼ਿਆਦਾ ਭਾਰਤੀ ਸਟਾਰਟਅਪਸ ਵਿਚ ਨਿਵੇਸ਼ ਕੀਤਾ ਹੈ।