ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਹ ਭਖਿਆ, ਪੁਤਲੇ ਸਾੜੇ

ਚੰਡੀਗੜ੍ਹ: ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਗੰਭੀਰ ਨੋਟਿਸ ਲੈਂਦਿਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੇਂਦਰ ਦੀ ਭਾਜਪਾ ਸਰਕਾਰ ‘ਚ ਭਾਈਵਾਲ ਅਕਾਲੀ ਨੇਤਾਵਾਂ ਦੇ ਘਰਾਂ ਤੇ ਦਫਤਰਾਂ ਅੱਗੇ ਮੋਦੀ ਸਰਕਾਰ ਦੇ ਪੁਤਲੇ ਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ।

ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਕਾਂਗਰਸ ਵਲੋਂ ਵੱਖ-ਵੱਖ ਥਾਵਾਂ ਉਤੇ ਕੇਂਦਰ ਸਰਕਾਰ ਖਿਲਾਫ ਰੋਸ ਦਿਖਾਵੇ ਕੀਤੇ ਗਏ। ਕਈ ਥਾਵਾਂ ‘ਤੇ ਪੁਤਲੇ ਸਾੜੇ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਗਏ। ਕਾਂਗਰਸੀ ਆਗੂਆਂ ਨੇ ਕਰੋਨਾ ਵਾਇਰਸ ਸੰਕਟ ਕਾਰਨ ਪਹਿਲਾਂ ਹੀ ਵਿੱਤੀ ਤੌਰ ‘ਤੇ ਤੰਗ ਲੋਕਾਂ ਦਾ ਬੋਝ ਘਟਾਉਣ ਲਈ ਟੈਕਸਾਂ ‘ਤੇ ਕੱਟ ਲਾਉਣ ਲਈ ਆਖਿਆ। ਆਗੂਆਂ ਨੇ ਕਿਹਾ ਕਿ ਸਰਕਾਰ ਨੇ 2014 ਤੋਂ ਹੁਣ ਤੱਕ 18 ਲੱਖ ਕਰੋੜ ਰੁਪਏ ਵਾਧੂ ਕਮਾਏ ਹਨ ਜਦਕਿ ਦੁਨੀਆਂ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਕੌਮੀ ਰਾਜਧਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਤੇਲ ਕੀਮਤਾਂ 80 ਰੁਪਏ ਪ੍ਰਤੀ ਲਿਟਰ ਪਾਰ ਕਰ ਗਈਆਂ ਹਨ।
ਕਾਂਗਰਸ ਵਰਕਰਾਂ ਨੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਬੈਲ-ਗੱਡੀਆਂ, ਸਾਈਕਲਾਂ ਅਤੇ ਹੋਰ ਸਾਧਨਾਂ ਰਾਹੀਂ ਸਰਕਾਰ ਖਿਲਾਫ ਮੁਜ਼ਾਹਰੇ ਕੀਤੇ।
ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਡੀ.ਸੀ. ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਰੋਸ ਧਰਨਿਆਂ ਵਿਚ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਏ। ਇਸ ਦੌਰਾਨ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਮੋਦੀ ਸਰਕਾਰ ਨੇ ਚੰਗੇ ਦਿਨਾਂ ਦੇ ਲਾਰੇ ਲਾਏ ਸਨ ਪਰ ਅੱਜ ਤੇਲ ਕੀਮਤਾਂ ਵਿਚ ਵਾਧੇ ਕਾਰਨ ਹਰ ਵਰਗ ਉਤੇ ਵਾਧੂ ਬੋਝ ਪਿਆ ਹੈ। ਕੌਮਾਂਤਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਦੇਸ਼ ਵਿਚ ਤੇਲ ਕੀਮਤਾਂ ਪਿਛਲੇ 20 ਦਿਨਾਂ ਤੋਂ ਲਗਾਤਾਰ ਵਧ ਰਹੀਆਂ ਹਨ। ਕਾਂਗਰਸ ਦਿਹਾਤੀ ਦੇ ਦਫਤਰ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਨਿਰੰਤਰ ਵਾਧੇ ਨਾਲ ਮਹਿੰਗਾਈ ਵਿਚ ਵਾਧਾ ਹੋਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਨਵਾਂਸ਼ਹਿਰ ਵਿਚ ਆਖਿਆ ਕਿ ‘ਜੈ ਜਵਾਨ ਤੇ ਜੈ ਕਿਸਾਨ’ ਨੂੰ ਨੁੱਕਰੇ ਲਾ ਕੇ ਮੋਦੀ ਸਰਕਾਰ-ਸ਼ਾਹੂਕਾਰਾਂ ਦੀ, ਸ਼ਾਹੂਕਾਰਾਂ ਲਈ ਅਤੇ ਸ਼ਾਹੂਕਾਰਾਂ ਦੁਆਰਾ ਬਣੀ ਸਰਕਾਰ ਸਾਬਿਤ ਹੋਈ ਹੈ। ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ‘ਚ ਵਿਧਾਇਕ ਅੰਗਦ ਸਿੰਘ ਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਤੇ ਹੋਰ ਰੱਸੇ ਨਾਲ ਟਰੈਕਟਰ ਖਿੱਚ ਕੇ ਲਿਆਏ। ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਨੇ ਸ਼ਾਹੂਕਾਰਾਂ ਦੇ ਢਿੱਡ ਭਰਨ ਲਈ ਕਿਸਾਨੀ ਤੇ ਆਮ ਲੋਕ ਦਾਅ ‘ਤੇ ਲਾ ਦਿੱਤੇ ਹਨ। ਉਨ੍ਹਾਂ ਨੇ ਡੀ.ਸੀ. ਡਾ. ਸ਼ੇਨਾ ਅਗਰਵਾਲ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪ ਕੇ ਬਿੱਲ ਤੇ ਤੇਲ ਭਾਅ ਘੱਟ ਕਰਨ ਦੀ ਮੰਗੀ ਕੀਤੀ।
ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨਾਂ ਦੇ ਦੇਸ਼ ਵਿਆਪੀ ਸੱਦੇ ਦੇ ਮੱਦੇਨਜ਼ਰ ਜਲੰਧਰ ਵਿਚ ਵੀ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ। ਕਾਂਗਰਸੀ ਆਗੂਆਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਗੂਆਂ ਨੇ ਕੋਈ ਭਾਸ਼ਣਬਾਜ਼ੀ ਨਹੀਂ ਕੀਤੀ ਸਗੋਂ ਮਾਸਕ ਬੰਨ੍ਹ ਕੇ ਦੋ ਘੰਟੇ ਰੋਸ ਪ੍ਰਗਟਾਉਂਦੇ ਰਹੇ। ਕਾਂਗਰਸੀ ਆਗੂਆਂ ਨੇ ਟੀਵੀ ਚੈਨਲਾਂ ਅੱਗੇ ਹੀ ਆਪਣੀ ਗੱਲ ਕੀਤੀ।
____________________________________
ਅਕਾਲੀ ਦਲ ਵਲੋਂ ਵੀ ਭਾਈਵਾਲਾਂ ਨੂੰ ਘੇਰਨ ਦੀ ਤਿਆਰੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਖਿਲਾਫ ਤੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਕੱਟਣ ਖਿਲਾਫ ਪੰਜਾਬ ਭਰ ਵਿਚ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਮੁਜ਼ਾਹਰੇ ਕੀਤੇ ਜਾਣਗੇ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੁਜ਼ਾਹਰਿਆਂ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਤੇਲ ਕੀਮਤਾਂ ਉੱਪਰ ਟੈਕਸ ਵਾਪਸ ਲੈਣ ਲਈ ਕਿਹਾ ਜਾਵੇਗਾ।
______________________________________
ਮੁਨਾਫਾ ਕਮਾਉਣਾ ਬੰਦ ਕਰੋ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਤੇਲ ਕੀਮਤਾਂ ਵਿਚ ਕੀਤੇ ਵਾਧੇ ਤੋਂ ਮੁਨਾਫਾ ਕਮਾਉਣਾ ਬੰਦ ਕਰਨ ਲਈ ਆਖਦਿਆਂ ਇਹ ਵਾਧਾ ਵਾਪਸ ਲਏ ਜਾਣ ਦੀ ਮੰਗ ਕੀਤੀ। ਰਾਹੁਲ ਨੇ ਕਿਹਾ, ”ਡੀਜ਼ਲ ਅਤੇ ਪੈਟਰੋਲ ਕੀਮਤਾਂ ਵਿਚ ਵਾਧੇ ਦਾ ਦੂਹਰਾ ਅਸਰ ਹੁੰਦਾ ਹੈ। ਪਹਿਲਾਂ, ਇਸ ਦੀ ਸਿੱਧੀ ਅਦਾਇਗੀ ਹੁੰਦੀ ਹੈ ਅਤੇ ਦੂਜਾ ਇਸ ਨਾਲ ਜ਼ਰੂਰੀ ਵਸਤਾਂ ਸਣੇ ਖਪਤਕਾਰਾਂ ਦੀ ਵਰਤੋਂ ਵਾਲੇ ਉਤਪਾਦਾਂ ਦੇ ਭਾਅ ਵਧਦੇ ਹਨ।” ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਵੱਡੇ ਲੋਕਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਦੂਜੇ ਪਾਸੇ ਇਹ ਗਰੀਬਾਂ ਅਤੇ ਕਿਸਾਨਾਂ ‘ਤੇ ਵਾਧੂ ਬੋਝ ਪਾ ਕੇ ਤੇਲ ਕੀਮਤਾਂ ਤੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।