ਸਿੱਧੂ ਵਲੋਂ ਹੁਣ ਪਰਵਾਸੀ ਪੰਜਾਬੀਆਂ ‘ਤੇ ਡੋਰੇ

ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰੋਗਰਾਮ ‘ਸਪੀਕਅੱਪ ਇੰਡੀਆ ਐਨ.ਆਰ.ਆਈ. ਸੀਰੀਜ਼’ ਤਹਿਤ ਪਰਵਾਸੀਆਂ ਨੂੰ ਸੰਬੋਧਨ ਕੀਤਾ। ਨਵਜੋਤ ਸਿੱਧੂ ਨੇ ਇਸ ਪ੍ਰੋਗਰਾਮ ਜ਼ਰੀਏ ਆਪਣਾ ਸਿਆਸੀ ਵਜ਼ਨ ਵੀ ਤੋਲਿਆ।

ਨਵਜੋਤ ਸਿੱਧੂ ਦੀ ਇਸ ਵਾਰਤਾਲਾਪ ਨੇ ਸਿਆਸੀ ਹਲਕਿਆਂ ‘ਚ ਨਵੇਂ ਚਰਚੇ ਛੇੜ ਦਿੱਤੇ ਹਨ, ਕਿਉਂਕਿ ਕਾਂਗਰਸ ਹਾਈਕਮਾਨ ਦੇ ਨੇੜਲੇ ਸੈਮ ਪਤਰੋਦਾ ਵਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਦੂਜੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਇਸ ਪ੍ਰੋਗਰਾਮ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਸਾਬਕਾ ਮੰਤਰੀ ਨਵਜੋਤ ਸਿੱਧੂ ਕੁਝ ਅਰਸੇ ਦੇ ਅਗਿਆਤਵਾਸ ਮਗਰੋਂ ਪਰਵਾਸੀ ਭਾਰਤੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਰੂਬਰੂ ਹੋਏ ਜਿਸ ਤਹਿਤ ਉਨ੍ਹਾਂ ਖਾਸ ਕਰਕੇ ਬਹਿਰੀਨ, ਕੈਨੇਡਾ ਅਤੇ ਅਮਰੀਕਾ ਵੱਸਦੇ ਪੰਜਾਬੀਆਂ ਨਾਲ ਗੱਲਬਾਤ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਪਰਵਾਸੀ ਪੰਜਾਬੀ ਪਿਛਲੇ ਅਰਸੇ ਤੋਂ ਹਮੇਸ਼ਾ ਹੀ ਪੰਜਾਬ ਦੇ ਭਲੇ ਦਿਨਾਂ ਦੀ ਆਸ ਵਿਚ ਕਿਸੇ ਨਾ ਕਿਸੇ ਨਵੇਂ ਆਗੂ ‘ਤੇ ਟੇਕ ਲਾਉਂਦੇ ਰਹੇ ਹਨ।
ਪਰਵਾਸੀ, ਮਨਪ੍ਰੀਤ ਬਾਦਲ ਤੋਂ ਮਗਰੋਂ ‘ਆਪ’ ਦੀ ਪੰਜਾਬ ਵਿਚ ਸਰਕਾਰ ਦੇਖਣ ਦੇ ਇੱਛੁਕ ਰਹੇ। ਹੁਣ ਉਹ ਨਵਜੋਤ ਸਿੱਧੂ ਤੋਂ ਉਮੀਦਾਂ ਲਾਈ ਬੈਠੇ ਹਨ ਪਰ ਪਰਵਾਸੀ ਇਸ ਗੱਲੋਂ ਵੀ ਨਾਰਾਜ਼ ਹਨ ਕਿ ਨਵਜੋਤ ਸਿੱਧੂ ਪੰਜਾਬ ਵਿਚ ਜਨਤਕ ਆਗੂ ਵਾਂਗ ਨਹੀਂ ਵਿਚਰਦੇ, ਉਹ ਸਟਾਰ ਦੀ ਤਰ੍ਹਾਂ ਹੀ ਵਿਚਰਦੇ ਹਨ। ਨਵਜੋਤ ਸਿੱਧੂ ਨੇ ਪਰਵਾਸੀਆਂ ਨੂੰ ਪੰਜਾਬ ਦੇ ਪੁਨਰਨਿਰਮਾਣ ਦਾ ਸੁਫਨਾ ਦਿਖਾਇਆ। ਉਨ੍ਹਾਂ ਪਿਛਲੇ 25 ਵਰ੍ਹਿਆਂ ਦੇ ਰਾਜ ਭਾਗ ‘ਤੇ ਤਵੇ ਵੀ ਲਾਏ। ਉਨ੍ਹਾਂ ਮੌਜੂਦਾ ਕਾਂਗਰਸ ਸਰਕਾਰ ਉਤੇ ਸਿੱਧਾ ਹਮਲਾ ਤਾਂ ਨਹੀਂ ਕੀਤਾ ਪਰ ਉਨ੍ਹਾਂ ਦੀ ਸ਼ਬਦਾਵਲੀ ਵਿਚ ਸਿਆਸੀ ਕਾਹਲ ਜ਼ਰੂਰ ਨਜ਼ਰ ਆ ਰਹੀ ਸੀ। ਨਵਜੋਤ ਸਿੱਧੂ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਕਿਹਾ ਅਤੇ ਪੰਜਾਬ ਵਿਚ ਨਿਵੇਸ਼ ਦਾ ਸੱਦਾ ਦਿੱਤਾ। ਇਸ ਮੌਕੇ ਸਿੱਧੂ ਨੇ ਪਰਵਾਸੀ ਪੰਜਾਬੀਆਂ ਦੇ ਸੁਆਲਾਂ ਦੇ ਜੁਆਬ ਦਿੱਤੇ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਵੱਖ ਵੱਖ ਵਸੀਲਿਆਂ ਤੋਂ ਆਮਦਨ ਤਾਂ ਹੁੰਦੀ ਰਹੀ ਹੈ ਪਰ ਇਹ ਆਮਦਨ ਸਰਕਾਰੀ ਖਜ਼ਾਨੇ ਵਿਚ ਜਾਣ ਦੀ ਬਜਾਏ ਕੁੱਝ ਲੋਕਾਂ ਦੇ ਹੱਥਾਂ ਵਿਚ ਚਲੀ ਗਈ ਹੈ। ਯਾਦ ਰਹੇ ਕਿ ਨਵਜੋਤ ਸਿੱਧੂ ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੜਿੰਗ ਹਨ। ਸਿਆਸੀ ਹਲਕਿਆਂ ਵਿਚ ਚਰਚਾ ਸੀ ਕਿ ਉਹ ਕਿਸੇ ਦੇ ਅਧੀਨ ਕੰਮ ਕਰਨ ਦੇ ਆਦੀ ਨਹੀਂ ਅਤੇ ਉਹ ਪੰਜਾਬ ਸਰਕਾਰ ਦੀ ਕਮਾਨ ਸੰਭਾਲਣ ਲਈ ਪਰ ਤੋਲ ਰਹੇ ਹਨ।