ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਤਾਲਾਬੰਦੀ ਦੌਰਾਨ ਲੰਗਰ ‘ਚ ਘਪਲੇ ਦਾ ਖੁਲਾਸਾ

ਸ੍ਰੀ ਆਨੰਦਪੁਰ ਸਾਹਿਬ: ਤਾਲਾਬੰਦੀ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਵਿਚ ਵੱਡੇ ਘਪਲੇ ਦਾ ਖੁਲਾਸਾ ਹੋਇਆ ਹੈ। ਆਮ ਲੋਕਾਂ ਨੂੰ ਤਾਂ ਤਾਲਾਬੰਦੀ ਦੌਰਾਨ ਦਾਲ ਵੀ ਨਸੀਬ ਹੋਣੀ ਔਖੀ ਸੀ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮੰਡੀਆਂ ਬੰਦ ਹੋਣ ਦੇ ਬਾਵਜੂਦ ਵੀ ਹਰ ਰੋਜ਼ ਲਿਆਂਦੀ ਗਈ ਹਰੀ ਸਬਜ਼ੀ ਦੇ ਨਾਲ-ਨਾਲ ਤਾਜ਼ੇ ਫਲ ਫਰੂਟ ਉਪਲਬਧ ਹੁੰਦੇ ਸਨ।

ਸੰਗਤ ਦੀ ਆਮਦ ਰੁਕਣ ਦੇ ਬਾਵਜੂਦ ਲੰਗਰ ਲਈ ਲੱਖਾਂ ਰੁਪਏ ਦੀ ਹਰੀ ਸਬਜ਼ੀ ਆਉਣ ਦੇ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਚੀਫ ਇੰਸਪੈਕਟਰ ਦੀ ਅਗਵਾਈ ਹੇਠ ਅੱਧੀ ਦਰਜਨ ਅਧਿਕਾਰੀਆਂ ਦੀ ਟੀਮ ਵੱਲੋਂ ਕੀਤੀ ਸਟੋਰਾਂ ਦੀ ਪੜਤਾਲ ਅਨੁਸਾਰ ਮੁਢਲੇ ਤੌਰ ਉਤੇ ਲੱਖਾਂ ਰੁਪਏ ਦਾ ਕਥਿਤ ਸਬਜ਼ੀ ਘੁਟਾਲਾ ਸਾਹਮਣੇ ਆਉਣ ਦੇ ਸੰਕੇਤ ਮਿਲੇ ਹਨ। ਇਸ ਕਾਰਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਅੱਧੀ ਦਰਜਨ ਮੁਲਾਜ਼ਮਾਂ ਤੇ ਇੰਸਪੈਕਟਰ ਖਿਲਾਫ ਕਾਰਵਾਈ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਆਮ ਤੌਰ ‘ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ‘ਚ ਸ਼ਰਧਾਲੂਆਂ ਲਈ ਦਾਲ ਵਰਤਾਈ ਜਾਂਦੀ ਹੈ। ਕਿਸੇ ਖਾਸ ਦਿਨ ਹੀ ਦਾਲ ਦੇ ਨਾਲ ਮਿੱਠਾ ਜਾਂ ਕੋਈ ਹੋਰ ਸਬਜ਼ੀ ਬਣਦੀ ਹੈ। ਇਥੇ 24 ਜੂਨ ਨੂੰ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਉਚ ਤਾਕਤੀ ਟੀਮ ਨੇ ਜਦੋਂ ਰਿਕਾਰਡ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਪਹਿਲੀ ਅਪਰੈਲ ਤੋਂ ਲੈ ਕੇ 24 ਜੂਨ ਤੱਕ ਬੇਸ਼ੱਕ ਸੰਗਤ ਦੀ ਆਮਦ ਬਹੁਤ ਘੱਟ ਰਹੀ ਪਰ ਲੰਗਰ ਵਿਚ ਵਰਤਾਉਣ ਵਾਸਤੇ ਸਰਹੱਦੀ ਸ਼ਹਿਰ ਨੰਗਲ ਤੋਂ ਹਰੀਆਂ ਸਬਜ਼ੀਆਂ, ਜਿਨ੍ਹਾਂ ‘ਚ ਭਿੰਡੀ, ਸ਼ਿਮਲਾ ਮਿਰਚ, ਟਿੰਡੇ, ਕਰੇਲੇ, ਟਮਾਟਰ, ਆਲੂ, ਪਿਆਜ਼, ਘੀਆ, ਕੱਦੂ ਤੋਂ ਇਲਾਵਾ ਸੇਬ, ਕੇਲੇ, ਸੰਤਰੇ ਆਦਿ ਸਣੇ ਹੋਰ ਫਲਾਂ ਦਾ ਆਉਣਾ ਬਾਦਸਤੂਰ ਜਾਰੀ ਰਿਹਾ ਹੈ।
ਇਸ ਕਰਕੇ ਉਚ ਤਾਕਤੀ ਟੀਮ ਨੂੰ ਇਥੇ ਹੋ ਰਹੇ ਵੱਡੇ ਸਬਜ਼ੀ ਘੁਟਾਲੇ ਦਾ ਸ਼ੱਕ ਹੋਇਆ ਤਾਂ ਸਟੋਰਾਂ ਦੀ ਪੜਤਾਲ ਕੀਤੀ ਗਈ, ਜਿਥੋਂ ਕਈ ਫਰਜ਼ੀ ਬਿੱਲ, ਫਾਲਤੂ ਸਾਮਾਨ ਆਦਿ ਬਰਾਮਦ ਹੋਇਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਇਸ ਵਿਚ ਜੇਕਰ ਕੋਈ ਮੁਲਾਜ਼ਮ ਕਸੂਰਵਾਰ ਪਾਇਆ ਜਾਵੇਗਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਖਿਲਵਾੜ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ: ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਧਿਕਾਰੀਆਂ ਨੂੰ ਗੁਰੂ ਦੀ ਗੋਲਕ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੜਤਾਲੀਆ ਕਮੇਟੀ ਦੀ ਰਿਪੋਰਟ ‘ਤੇ ਮੁਢਲੀ ਕਾਰਵਾਈ ਕਰਨ ਤੋਂ ਬਾਅਦ ਬੀਤੇ ਢਾਈ ਸਾਲਾਂ ‘ਚ ਹੋਈਆਂ ਖਰੀਦਾਂ, ਰਜਿਸਟਰੀਆਂ, ਬਲੌਂਗੀ ਵਿਚ ਸਰਕਾਰੀ ਕੀਮਤ ਨਾਲੋਂ ਕਿਤੇ ਘੱਟ ਕੀਮਤ ‘ਤੇ ਵੇਚੀ ਜ਼ਮੀਨ, ਬੀਤੇ ਸਮਿਆਂ ਦੌਰਾਨ ਤਖਤ ਸਾਹਿਬ ਦੀ ਆਮਦਨ ਵਿਚ ਆਈ ਕਮੀ, ਗੱਡੀਆਂ ‘ਤੇ ਹੋਏ ਖਰਚਿਆਂ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ‘ਤੇ ਸਹਿਮਤੀ ਬਣ ਗਈ ਹੈ।