ਸਾਰੀਆਂ ਧਿਰਾਂ ਆਪੋ-ਆਪਣੇ ਪੈਂਤੜੇ ‘ਤੇ ਅੜੀਆਂ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਦੀ ਯਾਦਗਾਰ ਬਾਰੇ ਵਿਵਾਦ ਕਰ ਕੇ ਸਿੱਖ ਸਿਆਸਤ ਇਕ ਵਾਰ ਫਿਰ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਣੇ ਕੁਝ ਹੋਰ ਸਿਆਸੀ ਧਿਰਾਂ ਵੱਲੋਂ ਸਾਕਾ ਨੀਲਾ ਤਾਰਾ ਯਾਦਗਾਰ ਦਾ ਲਗਾਤਾਰ ਵਿਰੋਧ ਕਰਨ ਕਰ ਕੇ ਸਿੱਖਾਂ ਦੇ ਗਰਮਖਿਆਲ ਧੜੇ ਫਿਰ ਸਰਗਰਮ ਹੋ ਗਏ ਹਨ। ਇਸ ਵਿਰੋਧ ਦੇ ਜਵਾਬ ਵਿਚ ਅਹਿਮ ਪਹਿਲਕਦਮੀ ਦਮਦਮੀ ਟਕਸਾਲ ਨੇ ਵਿਖਾਈ ਹੈ।
ਖਾੜਕੂ ਲਹਿਰ ਦੇ ਦੌਰ ਵਿਚ ਸਿੱਖ ਸਿਆਸਤ ਅੰਦਰ ਧੁਰਾ ਬਣੀ ਦਮਦਮੀ ਟਕਸਾਲ ਤਕਰੀਬਨ 15 ਵਰ੍ਹੇ ਖਾਮੋਸ਼ ਰਹਿਣ ਤੋਂ ਬਾਅਦ ਮੁੜ ਸਰਗਰਮ ਹੋਈ ਹੈ। ਸਿੱਖ ਮਸਲਿਆਂ ਵਿਚ ਦਖ਼ਲ ਦੇਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਲਈ ਦਮਦਮੀ ਟਕਸਾਲ ਨੇ ਘੱਲੂਘਾਰਾ ਦਿਹਾੜੇ ਸਬੰਧੀ ਆਪਣੇ ਹੈਡਕੁਆਰਟਰ ਮਹਿਤਾ ਚੌਕ ਵਿਖੇ ਸਮਾਗਮ ਕੀਤਾ। ਪਿਛਲੇ ਤਕਰੀਬਨ 15 ਸਾਲਾਂ ਵਿਚ ਪਹਿਲੀ ਵਾਰ ਹੋਇਆ ਕਿ ਇਸ ਸਮਾਗਮ ਦੀ ਤਿਆਰੀ ਲਈ ਵਿਆਪਕ ਪੱਧਰ ‘ਤੇ ਸਰਗਰਮੀ ਵਿੱਢੀ ਗਈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਯਾਦਗਾਰ ਨੂੰ ਲੈ ਕੇ ਅਰੰਭ ਹੋਇਆ ਵਿਵਾਦ ਮੰਦਭਾਗਾ ਹੈ ਜੋ ਕੁਝ ਰਾਜਸੀ ਧਿਰਾਂ ਵੱਲੋਂ ਸ਼ੁਰੂ ਕੀਤਾ ਗਿਆ ਜਿਨ੍ਹਾਂ ਵਿਚ ਕੁਝ ਹਿੰਦੂ ਜਥੇਬੰਦੀਆਂ ਵੀ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਹਿੰਦੂ ਜਥੇਬੰਦੀਆਂ ਨੂੰ ਸਿੱਖਾਂ ਦੇ ਇਸ ਨਿਰੋਲ ਧਾਰਮਿਕ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਯਾਦਗਾਰ ਦਾ ਨਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ‘ਤੇ ਰੱਖੇ ਜਾਣ ਦਾ ਸਮਰਥਨ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੀ ਕੌਮ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ। ਫਿਰ ਹੁਣ ਉਨ੍ਹਾਂ ਦੇ ਨਾਂ ‘ਤੇ ਯਾਦਗਾਰ ਹੋਣ ਦਾ ਵਿਵਾਦ ਬੇਲੋੜਾ ਹੈ।
ਇਸ ਤੋਂ ਇਲਾਵਾ ਹੋਰ ਗਰਮਖਿਆਲ ਜਥੇਬੰਦੀਆਂ ਵੱਲੋਂ ਸਿੱਖਾਂ ਦੇ ਸਾਂਝੇ ਮਸਲਿਆਂ ‘ਤੇ ਮੰਚ ਤਿਆਰ ਕਰਨ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਾਰੇ ਵਿਵਾਦ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਰਿਹਾਈ ਨੇ ਸਿੱਖਾਂ ਦੇ ਮਨਾਂ ਵਿਚ ਦੇਸ਼ ਦੀ ਹਕੂਮਤ ਖ਼ਿਲਾਫ਼ ਰੋਸ ਵਧਾ ਦਿੱਤਾ ਹੈ। ਇਨ੍ਹਾਂ ਸਾਰਿਆਂ ਮਾਮਲਿਆਂ ਵਿਚੋਂ ਜੂਨ 1984 ਵਿਚ ਹੋਏ ਸਾਕਾ ਨੀਲਾ ਤਾਰਾ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਅਹਿਮ ਹੈ। ਪਹਿਲਾਂ ਤਾਂ ਕਈ ਵਰ੍ਹੇ ਇਹ ਯਾਦਗਾਰ ਦੀ ਉਸਾਰੀ ਨੂੰ ਸ਼੍ਰੋਮਣੀ ਕਮੇਟੀ ਨੇ ਹੀ ਠੰਢੇ ਬਸਤੇ ਵਿਚ ਪਾਈ ਰੱਖਿਆ, ਪਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਦਬਾਅ ਕਾਰਨ ਪਿਛਲੇ ਵਰ੍ਹੇ ਇਸ ਯਾਦਗਾਰ ਦੀ ਉਸਾਰੀ ਸ਼ੁਰੂ ਹੋਈ। ਇਸੇ ਦੌਰਾਨ ਕਾਂਗਰਸ ਤੇ ਭਾਜਪਾ ਸਣੇ ਕਈ ਸਿਆਸੀ ਧਿਰਾਂ ਨੇ ਇਸ ਯਾਦਗਾਰ ਦਾ ਵਿਰੋਧ ਕੀਤਾ ਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਧਾਰੀ ਰੱਖੀ। ਬਾਅਦ ਵਿਚ ਯਾਦਗਾਰ ਨੂੰ ਸਿਰਫ ਗੁਰਦੁਆਰੇ ਦੇ ਰੂਪ ਵਿਚ ਉਸਾਰਨ ਦਾ ਫੈਸਲਾ ਹੋਇਆ।
ਪਿਛਲੇ ਮਹੀਨੇ ਜਦੋਂ ਇਹ ਯਾਦਗਾਰ ਤਿਆਰ ਹੋ ਗਈ ਤਾਂ ਕਾਂਗਰਸ ਸਣੇ ਕਈ ਗ਼ੈਰ ਸਿੱਖ ਧਿਰਾਂ ਨੇ ਇਸ ‘ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਨਾਂ ਉਕਰਨ ਦਾ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਫਿਰ ਖਮੋਸ਼ੀ ਬਰਕਰਾਰ ਰੱਖੀ, ਪਰ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਯਾਦਗਾਰ ਤੋਂ ਸੰਤ ਭਿੰਡਰਾਵਾਲੇ ਦਾ ਨਾਂ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅਕਾਲੀ ਦਲ ਨਾਲ ਮਿਲ ਕੇ ਚੱਲ ਰਹੀ ਦਮਦਮੀ ਟਕਸਾਲ ਵੀ ਬਾਗੀ ਹੋ ਗਈ ਤੇ ਹੋਰ ਸਿੱਖ ਜਥੇਬੰਦੀਆਂ ਵੀ ਯਾਦਗਾਰ ਦਾ ਨਾ ਬਦਲਣ ਵਿਰੁਧ ਡਟ ਗਈਆਂ। ਇਸ ਸ਼ਹੀਦੀ ਯਾਦਗਾਰ ਦੀ ਉਸਾਰੀ ਲਈ ਪਿਛਲੇ ਵਰ੍ਹੇ ਮਈ ਮਹੀਨੇ ਵਿਚ ਟੱਕ ਲਾਇਆ ਗਿਆ ਸੀ ਤੇ ਨੀਂਹ ਪੱਥਰ 6 ਜੂਨ ਨੂੰ ਰੱਖਿਆ ਗਿਆ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਯਾਦਗਾਰ ਦੀ ਉਸਾਰੀ ਦੀ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ ਗਈ ਜਿਸ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਉਸਾਰੀ ਦਾ ਕਾਰਜ ਮੁਕੰਮਲ ਕਰ ਲਿਆ ਤੇ 27 ਅਪਰੈਲ ਨੂੰ ਵਿਸ਼ਾਲ ਸਮਾਗਮ ਦੌਰਾਨ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਪਰ ਇਸ ਸਮਾਗਮ ਦੌਰਾਨ ਹੀ ਉਸ ਵੇਲੇ ਵਿਵਾਦ ਸ਼ੁਰੂ ਹੋ ਗਿਆ ਜਦੋਂ ਇਸ ਯਾਦਗਾਰ ਦਾ ਨਾਂ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ‘ਤੇ ਰੱਖਿਆ ਗਿਆ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ ਦਮਦਮੀ ਟਕਸਾਲ ਕੋਲ ਸਖ਼ਤ ਵਿਰੋਧ ਪ੍ਰਗਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਉਸੇ ਰਾਤ ਪਰਿਕਰਮਾ ਵਿਚ ਸਥਾਪਤ ਕੀਤੇ ਗਏ ਯਾਦਗਾਰ ਦੇ ਇਤਿਹਾਸ ਸਬੰਧੀ ਬੋਰਡ ਨੂੰ ਹਟਾਉਣ ਦਾ ਯਤਨ ਕੀਤਾ ਗਿਆ ਜਿਸ ਦਾ ਦਮਦਮੀ ਟਕਸਾਲ ਦੇ ਕਾਰਕੁਨਾਂ ਨੇ ਵਿਰੋਧ ਕੀਤਾ। ਇਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਯਾਦਗਾਰ ਵਿਚ ਲਾਈ ਘੜੀ ਜਿਸ ਵਿਚ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਸੀ, ਹਟਾ ਦਿੱਤੀ ਗਈ। ਇਸੇ ਤਰ੍ਹਾਂ ਯਾਦਗਾਰ ਵਿਚ ਸੰਤ ਭਿੰਡਰਾਂਵਾਲਿਆਂ ਦੇ ਨਾਂ ਵਾਲੀ ਰੱਖੀ ਗੋਲਕ ਵੀ ਹਟਾ ਦਿੱਤੀ ਗਈ ਤੇ ਟਕਸਾਲ ਨੂੰ ਯਾਦਗਾਰ ਵਿਖੇ ਅਖੰਡ ਪਾਠਾਂ ਦੀ ਬੁਕਿੰਗ ਬੰਦ ਕਰਨ ਲਈ ਆਦੇਸ਼ ਦਿੱਤੇ ਗਏ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿਚ ਬਣਾਈ ਗਈ ਹੈ ਜੋ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ ਇਹ ਕਿਸੇ ਇਕ ਦੇ ਨਾਂ ‘ਤੇ ਨਹੀਂ ਹੋਣੀ ਚਾਹੀਦੀ। ਇਸ ਲਈ ਸ਼ਹੀਦੀ ਯਾਦਗਾਰ ਦੇ ਬਾਹਰ ਉਕਰਿਆ ਨਾਂ, ਇਸ ਸਬੰਧੀ ਲਾਇਆ ਗਿਆ ਇਤਿਹਾਸ ਬੋਰਡ ਆਦਿ ਹਟਾਏ ਜਾਣੇ ਚਾਹੀਦੇ ਹਨ। ਦੂਜੇ ਪਾਸੇ ਟਕਸਾਲ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਸਿੱਟੇ ਵਜੋਂ ਦੋਵਾਂ ਸਿੱਖ ਸੰਸਥਾਵਾਂ ਵਿਚ ਆਪਸੀ ਵਿਰੋਧ ਲਗਾਤਾਰ ਵਧਦਾ ਗਿਆ ਤੇ ਦੂਰੀਆਂ ਵਧ ਗਈਆਂ ਹਨ। ਇਸ ਵੇਲੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਚਾਰ ਅਧੀਨ ਹੈ।
ਇਸ ਬਾਰੇ ਸਿੱਖ ਯੂਥ ਫੈਡਰੇਸ਼ਨ-ਭਿੰਡਰਾਂਵਾਲਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸ਼ਹੀਦ ਐਲਾਨਿਆ ਹੋਇਆ ਹੈ। ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਇਸ ਆਧਾਰ ‘ਤੇ ਹੀ ਲਾਈ ਗਈ ਹੈ। ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਾ ਦੇ ਨਾਂ ‘ਤੇ ਹੀ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਨੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਯਾਦਗਾਰ ਦੇ ਨਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰ ਕੇ ਸਰਕਾਰ ਨੂੰ ਆਦੇਸ਼ ਦਿੱਤਾ ਜਾਵੇ ਕਿ ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅਤੇ ਪਹਿਲੀ ਨਵੰਬਰ ਨੂੰ ਸਿੱਖ ਨਸਲਕੁਸ਼ੀ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਝੰਡਾ ਨੀਵਾਂ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਵੇ। ਇਸੇ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ ਵਾਪਸ ਲਈਆਂ ਜਾਣ।
Leave a Reply