ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਜਫਰ ਪਨਾਹੀ ਦੀ ਫਿਲਮ ‘ਸਰਕਲ’ ਬਾਰੇ ਚਰਚਾ ਕੀਤੀ ਗਈ ਹੈ, ਜੋ ਔਰਤ ਦੀ ਹੋਣੀ ਦਾ ਬਿਆਨ ਹੈ।
-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਜੇ ਕਿਸੇ ਮੁਲਕ ਵਿਚ ਬੋਲਣ, ਲਿਖਣ ਤੇ ਸੋਚਣ ਦੀ ਆਜ਼ਾਦੀ ਦੇ ਮਿਆਰ ਨੁੰ ਸਮਝਣਾ ਹੋਵੇ ਤਾਂ ਉਸ ਮੁਲਕ ਵਿਚ ਪਾਬੰਦੀਸ਼ੁਦਾ ਕਿਤਾਬਾਂ, ਫਿਲਮਾਂ ਅਤੇ ਕਲਾ-ਵਸਤੂਆਂ ਦੀ ਸੂਚੀ ਬਣਾਉ: ਜੇ ਤੁਸੀਂ ਇਹ ਜਾਨਣ ਲਈ ਉਤਸੁਕ ਹੋ ਕਿ ਕੋਈ ਮੁਲਕ ਸਿਆਸੀ, ਸਭਿਆਚਾਰਕ ਤੇ ਜੀਵਨ-ਜਾਚ ਵਜੋਂ ਕਿੰਨਾ ਕੁ ਵਿਕਸਿਤ ਹੈ ਤਾਂ ਉਸ ਮੁਲਕ ਦੀਆਂ ਔਰਤਾਂ ਦੀ ਰੋਜ਼ਮੱਰਾ ਜ਼ਿੰਦਗੀ ‘ਤੇ ਝਾਤ ਮਾਰੋ। ਜਿਸ ਵੀ ਰਾਜ ਜਾਂ ਸਮਾਜ ਦੀ ਨੀਂਹ ਵਿਚ ਸਮਾਜਿਕ ਨਿਆਂ, ਮੌਕਿਆਂ ਤੇ ਸਾਧਨਾਂ ਦੀ ਢੁਕਵੀਂ ਵੰਡ ਅਤੇ ਅਣਖ ਦੀ ਜ਼ਿੰਦਗੀ ਜਿਊਣ ਦੇ ਮੌਕੇ ਨਾ ਹੋਣ ਤਾਂ ਉਥੇ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਜਾਂ ਜਮਹੂਰੀਅਤ ਉਸ ਮੁਲਕ ਦਾ ਕੁਝ ਨਹੀਂ ਸੰਵਾਰ ਸਕਦੀ।
ਉਪਰੋਕਤ ਟਿੱਪਣੀਆਂ ਪਹਿਲੀ, ਦੂਜੀ ਜਾਂ ਤੀਜੀ ਦੁਨੀਆਂ ਦੇ ਕਿਸੇ ਵੀ ਮੁਲਕ ਦਾ ਸੱਚ ਹੋ ਸਕਦੀਆਂ ਹਨ। ਇਸ ਦੇ ਬਾਵਜੂਦ ਇਹ ਵੀ ਵੱਡਾ ਸੱਚ ਹੈ ਕਿ ਜਫਰ ਪਨਾਹੀ ਦੀ ਫਿਲਮ ‘ਦਾਇਰਾ’ (ਦਿ ਸਰਕਲ) ਦੇ ਮਾਮਲੇ ਵਿਚ ਪਹਿਲੀ ਟਿੱਪਣੀ ਵਿਚਲਾ ਸ਼ਬਦ ‘ਪਾਬੰਦੀਸ਼ੁਦਾ’ ਪੂਰੀ ਤਰਾਂ੍ਹ ਰੱਦ ਕੀਤਾ ਜਾ ਸਕਦਾ ਹੈ। ਇਸ ਫਿਲਮ ‘ਤੇ ਇਰਾਨੀ ਸਰਕਾਰ ਨੇ ਪਾਬੰਦੀ ਲਗਾਈ ਤਾਂ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ। ਫਿਲਮ ਵਿਚ ਕਿਸੇ ਕਿਸਮ ਦੀ ਅਸ਼ਲੀਲਤਾ ਸੀ? ਨਹੀਂ। ਕੀ ਫਿਲਮ ਵਿਚ ਅਜਿਹੇ ਕਿਰਦਾਰ ਸਨ ਜਿਨ੍ਹਾਂ ਕਾਰਨ ਇਰਾਨੀ ਸਮਾਜ ਵਿਚ ਕਿਸੇ ਕਿਸਮ ਦੀ ਬਦਕਾਰੀ ਜਾਂ ਲਾ-ਕਾਨੂੰਨੀ ਵਾਪਰਨ ਦਾ ਖਤਰਾ ਸੀ? ਨਹੀਂ। ਕੀ ਫਿਲਮ ਵਿਚ ਨੰਗੇਜ਼ ਸੀ? ਨਹੀਂ? ਕੀ ਫਿਲਮ ਮੁਲਕ ਦੇ ਸਿਆਸੀ ਹਾਲਾਤ ‘ਤੇ ਕੋਈ ਗੈਰ-ਜ਼ਿੰਮੇਵਾਰ ਟਿੱਪਣੀ ਜਾਂ ਤਬਸਰਾ ਕਰਦੀ ਸੀ? ਨਹੀਂ। ਕੀ ਫਿਲਮ ਨਾਲ ਮੁਲਕ ਦੀ ਸੁਰੱਖਿਆ ਨੂੰ ਕੋਈ ਖਤਰਾ ਦਰਪੇਸ਼ ਸੀ? ਨਹੀਂ। ਫਿਰ ਇਸ ਫਿਲਮ ਵਿਚ ਅਜਿਹਾ ਕੀ ਸੀ ਜਿਸ ਨੇ ਇਰਾਨ ਸਰਕਾਰ ਨੂੰ ਇਸ ਫਿਲਮ ‘ਤੇ ਪਾਬੰਦੀ ਲਗਾਉਣ ਲਈ ਉਕਸਾਇਆ।
ਇਸ ਫਿਲਮ ‘ਤੇ ਪਾਬੰਦੀ ਇਸ ਲਈ ਲਗਾਈ ਗਈ ਕਿ ਇਹ ਧਾਰਮਿਕ ਫਿਰਕਾਪ੍ਰਸਤੀ ਅਤੇ ਰੂੜੀਵਾਦੀ ਜੜ੍ਹਾਂ ਵਾਲੀ ਪਿੱਤਰ-ਸੱਤਾ ਦੇ ਆਧਾਰ ‘ਤੇ ਕਾਇਮ ਹੋਏ ਅਤੇ ਮੁਲਕ ਦੇ ਨਾਗਰਿਕਾਂ, ਖਾਸ ਕਰ ਔਰਤਾਂ ਨੂੰ ਉਨ੍ਹਾਂ ਦੇ ਮੂਲ ਮਨੁੱਖੀ ਹੱਕਾਂ ਤੋਂ ਵਾਂਝਿਆਂ ਕਰਨ ਦੀ ਸਿਆਸਤ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ। ਫਿਲਮ ਬਾਰੇ ਇੰਟਰਵਿਊ ਦੌਰਾਨ ਜਫਰ ਪਨਾਹੀ ਦੱਸਦਾ ਹੈ ਕਿ ਇਸ ਫਿਲਮ ਦਾ ਪਹਿਲਾ ਦ੍ਰਿਸ਼ ਤਿੰਨ ਮਿੰਟ ਤੀਹ ਸੈਕਿੰਡ ਦਾ ਹੈ ਜਿਸ ਵਿਚ ਡਿਲੀਵਰੀ ਰੂਮ ਵਿਚ ਬੱਚੀ ਦਾ ਜਨਮ ਹੁੰਦਾ ਹੈ; ਬਾਕੀ ਸਾਰੀ ਫਿਲਮ ਉਸ ਦੇ ਜਿਊਣ ਦੀਆਂ ਬੇਵਿਸਾਹੀਆਂ, ਖਦਸ਼ਿਆਂ, ਡਰਾਂ, ਅੰਦੇਸ਼ਿਆਂ, ਧਮਕੀਆਂ, ਮਾਨਸਿਕ-ਸਰੀਰਕ ਪਾਬੰਦੀਆਂ, ਸੋਚਣ-ਸਮਝਣ ‘ਤੇ ਲਾਗੂ ਅਣਲਿਖਤ ਕਾਨੂੰਨਾਂ ਅਤੇ ਉਸ ਦੇ ਆਪਣੇ-ਆਪ ਨੂੰ ਬਚਾਉਣ ਦੇ ਤਰੱਦਦ ‘ਤੇ ਆਧਾਰਿਤ ਹੈ। ਫਿਲਮ ਵਿਚ ਬੱਚੀ ਦੀ ਪੈਦਾਇਸ਼ ਨਵੇਂ ਜਨਮ ਦਾ ਪ੍ਰਤੀਕ ਹੈ ਪਰ ਇਸ ਬੱਚੇ ਦੀ ਜ਼ਿੰਦਗੀ ਦੇ ਸਾਰੇ ਫੈਸਲਿਆਂ, ਅਧਿਕਾਰਾਂ, ਘਟਨਾਵਾਂ, ਸੁਪਨਿਆਂ, ਖਾਹਿਸ਼ਾਂ ਤੇ ਹੋਣੀਆਂ ਦੀ ਇਬਾਰਤ ਮਰਦਾਵੀਂ ਧੌਂਸ ਅਤੇ ਧਾਰਮਿਕ-ਸਭਿਆਚਾਰਕ ਸੱਤਾ ਦੇ ਗਰੂਰ ਵਿਚ ਅੰਨ੍ਹਾ ਹੋਇਆ ਪੁਲਿਸਤੰਤਰ ਦੀ ਜ਼ਾਮਨੀ ਭਰਦਾ ਸਟੇਟ ਲਿਖਦਾ ਹੈ। ਔਰਤ ਦੀ ਦੇਹ ਉਸ ਦੀ ਇਕਲੌਤੀ ਪਛਾਣ ਬਣਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪਾਲਣ-ਪੋਸ਼ਣ ਦਾ ਸਾਰਾ ਦਾਰੋ-ਮਦਾਰ ਇਸ ਦੇਹ ਨੂੰ ਮਰਦਾਵੀਂ ਸੱਤਾ ਦੀ ਚਾਕਰੀ ਕਰਨ, ਇਸ ਸੱਤਾ ਅੱਗੇ ਸਮਰਪਣ ਕਰਨ ਅਤੇ ਖੁਦ ਦੀ ਹੋਣੀ ਤੇ ਹਸਤੀ ਨੂੰ ਵਿਸਾਰਨ, ਭੁੱਲਣ, ਕੁਰਬਾਨ ਕਰਨਾ ਸਿਖਾਉਣ ‘ਤੇ ਕੇਂਦਰਿਤ ਹੋ ਜਾਂਦਾ ਹੈ। ਜਫਰ ਪਨਾਹੀ ਇਸ ਫਿਲਮ ਵਿਚ ਚਾਰ ਕਿਰਦਾਰਾਂ ਦੇ ਮਾਧਿਅਮ ਰਾਹੀ ਔਰਤ ਦੇਹਾਂ ਅਤੇ ਮਨਾਂ ‘ਤੇ ਹੁੰਦੀ ਸਮਾਜਿਕ, ਸਭਿਆਚਾਰਕ ਅਤੇ ਮਰਦਾਵੀਂ ਹਿੰਸਾ ਦੀਆਂ ਬਾਰੀਕੀਆਂ ਫੜਦਾ ਹੈ।
ਇਸ ਫਿਲਮ ਦੇ ਨਾਮ ਦਾ ਫਿਲਮ ਦੀ ਬਿਰਤਾਂਤਕ ਸੰਰਚਨਾ ਅਤੇ ਫਿਲਮ ਦੇ ਪਲਾਟ ਦੀਆਂ ਪਰਤਾਂ ਨਾਲ ਗਹਿਰਾ ਨਾਤਾ ਹੈ। ਇਹ ਸਟੇਟ ਅਤੇ ਸਮਾਜ ਦੁਆਰਾ ਔਰਤ ਦੇ ਚਾਰ-ਚੁਫੇਰੇ ਖਿੱਚੇ ਅਣਗਿਣਤ ਕਾਨੂੰਨੀ-ਗੈਰਕਾਨੂੰਨੀ, ਲਿਖਤ-ਅਣਲਿਖਤ, ਮਾਨਸਿਕ-ਸਰੀਰਕ, ਦਿਸਦੇ-ਅਣਦਿਸਦੇ ਘੇਰਿਆਂ ਉਰਫ ਦਾਇਰਿਆਂ ਉਰਫ ਹੱਦਬੰਦੀਆਂ ਦੀ ਫਿਲਮ ਹੈ। ਫਿਲਮ ਦਾ ਸਭ ਤੋਂ ਪਹਿਲਾ ਘੇਰਾ ਉਸ ਦੇ ਜੰਮਣ ‘ਤੇ ਹੀ ਸਵਾਲ ਖੜ੍ਹਾ ਕਰਦਾ ਹੈ। ਔਰਤ ਦੇ ਜੰਮਣ ਦੀ ਆਵਾਜ਼ ਦੇ ਨਾਲ ਹੀ ਸੋਗ, ਸ਼ਰਮਿੰਦਗੀ ਅਤੇ ਬੋਝ ਦੀ ਲੰਮੀ ਲਹੂ-ਰੰਗੀ ਚੁੱਪ ਦੀ ਲੀਕ ਡਿਲੀਵਰੀ ਰੂਮ ਤੋਂ ਸੜਕਾਂ ਤੱਕ ਫੈਲਦੀ ਸਾਰੇ ਸਮਾਜਿਕ ਅਕੀਦਿਆਂ, ਸੰਸਕਾਰਾਂ, ਸਭਿਅਤਾ ਦੇ ਤਕਾਜ਼ਿਆਂ ਅਤੇ ਤਹਿਜ਼ੀਬਾਂ ‘ਤੇ ਕਾਲਖ ਵਾਂਗ ਪਸਰ ਜਾਂਦੀ ਹੈ। ਔਰਤਾਂ ਅਣਚਾਹੇ ਖੱਬਲ ਵਾਂਗ ਉਗਦੀਆਂ ਹੀ ਕਿਉਂ ਹਨ ਜਦ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਹੀ ਉਨ੍ਹਾਂ ਨੂੰ ਝੱਲਣ ਲਈ ਤਿਆਰ ਨਹੀਂ?
ਇਸ ਸਵਾਲ ਨਾਲ ਖੁੱਲ੍ਹਦੀ ਇਹ ਫਿਲਮ ਡਿਲੀਵਰੀ ਰੂਮ ਵਿਚ ਪਸਰੀ ਚੁੱਪ ਨੂੰ ਸੜਕ ਦੇ ਅੰਨ੍ਹੇ ਸ਼ੋਰ ਵਿਚ ਲੈ ਆਉਂਦੀ ਹੈ ਜਿਥੇ ਆ ਕੇ ਦਰਸ਼ਕ ਨੂੰ ਸਮਝ ਆਉਂਦੀ ਹੈ ਕਿ ਔਰਤਾਂ ਨਾਲ ਹੁੰਦੀ ਹਿੰਸਾ ਵਿਚ ਚੁੱਪ ਅਤੇ ਸ਼ੋਰ, ਦੋਵੇਂ ਸੰਦ ਸੱਤਾ ਦੇ ਜਬਰ ਦੀ ਹੀ ਗੂੰਜ ਵਿਚ ਢਲੇ ਹੋਏ ਹਨ। ਸ਼ਬਦ ਵੀ ਚੁੱਪ ਵਾਂਗ ਹੀ ਖਾਲੀ ਤੇ ਨਿਰਾਰਥਕ ਹਨ ਜਦੋਂ ਤੱਕ ਔਰਤ ਦੀ ਇਨਸਾਨੀ ਹੋਂਦ ਅਤੇ ਮਨੁੱਖੀ ਅਧਿਕਾਰਾਂ ਵਾਲਾ ਪੰਨਾ ਕੋਰਾ ਹੈ। ਇਰਾਨ ਦੀ ਇਹ ਫਿਲਮ ਵਾਰ-ਵਾਰ ਚੇਤੇ ਕਰਵਾਉਂਦੀ ਹੈ ਕਿ ਵੱਖ-ਵੱਖ ਸਿਆਸੀ ਸਮਾਜਿਕ ਘੇਰਿਆਂ ਅਤੇ ਦਾਇਰਿਆਂ ਵਿਚ ਔਰਤ ਨੂੰ ਉਸ ਦੀ ਦੇਹ ਤੋਂ ਵੀ ਨਿਖੇੜ ਕੇ ਇੱਕ ਅਜਿਹੇ ਜਾਨਵਰ ਵਾਂਗ ਤਸੱਵੁਰ ਕੀਤਾ ਜਾਂਦਾ ਹੈ ਜਿਸ ਦਾ ਕਿਤੇ ਵੀ, ਕਦੇ ਵੀ ‘ਸ਼ਿਕਾਰ’ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ, ਸ਼ਿਕਾਰੀ ਮਰਦ ਹੀ ਹੋਵੇ, ਇਹ ਸਟੇਟ ਦਾ ਕੋਈ ਅਦਾਰਾ, ਕੋਈ ਕਾਨੂੰਨ, ਕੋਈ ਇਕਾਈ, ਕੋਈ ਨਿਯਮ, ਕੋਈ ਨੇਮ, ਕੋਈ ਰਵਾਇਤ, ਕੋਈ ਰਸਮ; ਕੁਝ ਵੀ ਹੋ ਸਕਦਾ ਹੈ ਜਿਹੜਾ ਔਰਤ ਨੂੰ ਦੁਜੈਲੇਪਣ ਅਤੇ ਮਨੁੱਖ ਦੀ ਥਾਂ ‘ਕੋਈ ਹੋਰ’ ਦੇ ਹਾਸ਼ੀਏ ‘ਤੇ ਸੁੱਟ ਸਕਦਾ ਹੈ।
ਇਸ ਫਿਲਮ ਵਿਚ ਚਾਰ ਔਰਤਾਂ ਹਨ। ਪਹਿਲੀ ਔਰਤ ਕੰਧ ‘ਤੇ ਬਣੀ ਛੋਟੀ ਜਿਹੀ ਖਿੜਕੀ ਵਿਚੋਂ ਇੱਕ ਹੋਰ ਔਰਤ ਨਾਲ ਗੱਲ ਕਰ ਰਹੀ ਹੈ ਜਿਹੜੀ ਉਸ ਨੂੰ ਬੱਚੀ ਦੀ ਪੈਦਾਇਸ਼ ਦੀ ਸੂਚਨਾ ਦਿੰਦੀ ਹੈ। ਉਹ ਔਰਤ ਖਬਰ ਸੁਣ ਕੇ ਸੁੰਨ ਹੈ। ਉਸ ਨੂੰ ਪਤਾ ਹੈ ਕਿ ਉਸ ਦੀ ਧੀ ਨੂੰ ਪਹਿਲਾਂ ਹੀ ਧਮਕੀ ਮਿਲ ਚੁੱਕੀ ਹੈ ਕਿ ਜੇ ਕੁੜੀ ਪੈਦਾ ਕੀਤੀ ਤਾਂ ਤਲਾਕ ਪੱਕਾ ਹੈ। ਉਹ ਤੁਰਦੀ ਹੈ ਅਤੇ ਇੱਕ ਹੋਰ ਜਵਾਨ ਔਰਤ ਨੂੰ ਇਹ ਖਬਰ ਦਿੰਦੀ ਹੈ। ਉਹ ਔਰਤ ਗੋਲ ਪੌੜੀਆਂ ਉਤਰਦੀ ਚਲੀ ਜਾਂਦੀ ਹੈ ਅਤੇ ਇਸ ਤਰ੍ਹਾਂ ਪੈਦਾ ਹੋਣ ਵਾਲੀ ਨਵੀਂ ਜਿੰਦ, ਉਸ ਦੀ ਖਬਰ ਸੁਣਾਉਣ ਵਾਲੀ ਨਰਸ, ਖਬਰ ਸੁਣਨ ਵਾਲੀ ਉਸ ਦੀ ਨਾਨੀ, ਨਾਨੀ ਤੋਂ ਸੁਨੇਹਾ ਲੈਣ ਵਾਲੀ ਇਸ ਜਵਾਨ ਕੁੜੀ ਰਾਹੀ ਔਰਤਾਂ ਵਿਚ ਅਣਦਿਸਦੀ ਪਰ ਗਹਿਰੇ ਦਰਦ ਦੀ ਨਿਸ਼ਾਨਦੇਹੀ ਕਰਦੀ ਲਗਾਤਾਰਤਾ ਦੀ ਤੰਦ ਬੁਣੀ ਜਾਂਦੀ ਹੈ।
ਜਿਸ ਨਿੱਕੀ ਜਿੰਦ ਦੇ ਜੰਮਣ ਸਾਰ ਹੀ ਉਸ ਦੇ ਸਵਾਗਤ ਦੀ ਥਾਂ ‘ਤਰਸ’ ਖਾਧਾ ਗਿਆ ਹੋਵੇ, ਉਸ ਦੇ ਭਵਿਖ ਬਾਰੇ ਕਿੱਦਾਂ ਦੀਆਂ ਉਮੀਦਾਂ ਜਾਂ ਸੁਪਨੇ ਤਰਾਸ਼ੇ ਜਾ ਸਕਦੇ ਹਨ? ਜਫਰ ਪਨਾਹੀ ਦਾ ਕੈਮਰਾ ਜਦੋਂ ਡਿਲਵਰੀ ਰੂਮ ਤੋਂ ਚੱਲ ਕੇ ਜੇਲ੍ਹ ਤੋਂ ਭੱਜੀਆਂ ਤਿੰਨ ਕੁੜੀਆਂ ‘ਤੇ ਫੋਕਸ ਹੁੰਦਾ ਹੈ ਤਾਂ ਇਹ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਵਿਚ ਦ੍ਰਿਸ਼-ਤਬਦੀਲੀ ਭਾਸਦੀ ਹੈ। ਜੇਲ੍ਹ ਵਿਚੋਂ ਭੱਜੀਆਂ ਕੁੜੀਆਂ ਦਾ ਜੁਰਮ ਅੰਤ ਤੱਕ ਪਤਾ ਨਹੀਂ ਲੱਗਦਾ; ਤੇ ਦਰਸ਼ਕਾਂ ਨੂੰ ਸਮਝ ਆ ਜਾਂਦੀ ਹੈ ਕਿ ਜ਼ਰੂਰੀ ਨਹੀਂ ਕਸੂਰ ਹੋਵੇ ਹੀ! ਦਰਅਸਲ, ਪੂਰਾ ਮੁਲਕ ਹੀ ਇਨ੍ਹਾਂ ਕੁੜੀਆਂ ਲਈ ਜੇਲ੍ਹ ਹੈ।
ਜੇਲ੍ਹ ਵਿਚੋਂ ਭੱਜੀਆਂ ਕੁੜੀਆਂ ਕਿਸੇ ਸ਼ਹਿਰ ਜਾਂ ਪਿੰਡ ਜਾਣ ਲਈ ਬੱਸ ਦੀ ਟਿਕਟ ਖਰੀਦਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਕੋਲ ਪੈਸੇ ਨਹੀਂ। ਇਸ ਤੋਂ ਵੀ ਵੱਡੀ ਮੁਸੀਬਤ ਇਹ ਕਿ ਉਨ੍ਹਾਂ ਕੋਲ ਆਪਣੇ ਸ਼ਿਨਾਖਤੀ ਪੱਤਰ ਪੂਰੇ ਨਹੀਂ। ਉਹ ਗਲੀਆਂ-ਬਾਜ਼ਾਰਾਂ ਵਿਚ ਭਟਕਦੀਆਂ ਫਿਰਦੀਆਂ ਹਨ ਅਤੇ ਲਗਾਤਾਰ ਇਸ ਡਰ ਵਿਚ ਜਿਊਂਦੀਆਂ ਹਨ ਕਿ ਉਨ੍ਹਾਂ ਨੂੰ ਪੁਲਿਸ ਕਿਸੇ ਵੀ ਪਲ ਗ੍ਰਿਫਤਾਰ ਕਰ ਸਕਦੀ ਹੈ। ਉਨ੍ਹਾਂ ਵਿਚੋਂ ਇੱਕ ਔਰਤ ਟਿਕਟ ਖਰੀਦਣ ਲਈ ਜਿਸਮ ਤੱਕ ਵੇਚਣ ਲਈ ਤਿਆਰ ਹੈ। ਇਥੇ ਫਿਲਮ ਇਹ ਸਵਾਲ ਪੁੱਛਦੀ ਹੈ ਕਿ ਜੇ ਨਿਆਂ ਅਤੇ ਕਾਨੂੰਨ ਇੰਨੇ ਜ਼ਿਆਦਾ ਨੈਤਿਕ ਅਤੇ ਜ਼ਰੂਰੀ ਹਨ ਕਿ ਕੋਈ ਔਰਤ ਬਿਨਾਂ ਟਿਕਟ ਸਫਰ ਕਰਨ ‘ਤੇ ਜੇਲ੍ਹ ਵਿਚ ਸੜਨ ਲਈ ਸੁੱਟੀ ਜਾ ਸਕਦੀ ਹੈ ਤਾਂ ਇਹ ਉਦੋਂ ਕਿਥੇ ਨਾਦਾਰਦ ਹੋ ਜਾਂਦੇ ਹਨ, ਜਦੋਂ ਮਰਦ ਕਿਸੇ ਔਰਤ ਦਾ ਜਿਸਮ ਖਰੀਦਣ ਲਈ ਸਾਰੇ ਕਾਇਦੇ-ਕਾਨੂੰਨਾਂ ਨੂੰ ਤਾਕ ‘ਤੇ ਰੱਖ ਕੇ ਇੱਕ-ਦੂਜੇ ਨਾਲ ਮਿਲੀਭੁਗਤ ਕਰਦੇ ਹਨ?
ਸ਼ਨਾਖਤੀ ਪੱਤਰ ਨਾ ਹੋਣ ਦੀ ਸੂਰਤ ਵਿਚ ਤੁਸੀਂ ਸਫਰ ਨਹੀਂ ਕਰ ਸਕਦੇ ਅਤੇ ਨਾ ਹੀ ਸ਼ਹਿਰ ਛੱਡ ਸਕਦੇ ਹੋ। ਸ਼ਨਾਖਤੀ ਪੱਤਰ ਨਾ ਹੋਣ ਦੀ ਸੂਰਤ ਵਿਚ ਤੁਸੀਂ ਸ਼ਹਿਰ ਵਿਚ ਰਹਿ ਵੀ ਨਹੀਂ ਸਕਦੇ। ਜੇ ਔਰਤ ਨਾਲ ਜਾਣ ਲਈ ਕੋਈ ਮਰਦ ਨਹੀਂ ਤਾਂ ਉਹ ਕਿਤੇ ਨਹੀਂ ਜਾ ਸਕਦੀ; ਮਤਲਬ ਤੁਸੀਂ ਅਜਿਹਾ ਅਣਚਾਹਿਆ ‘ਬੋਝ’ ਹੋ ਜਿਹੜਾ ਮਰਦ ਸੱਤਾ ਦੇ ਘੇਰੇ ਅਤੇ ਉਸ ਦੀ ਮਰਜ਼ੀ ਦੇ ਦਾਇਰੇ ਤੋਂ ਇੱਕ ਇੰਚ ਵੀ ਇਧਰ-ਉਧਰ ਨਹੀਂ ਹਿੱਲ ਸਕਦਾ। ਇਹ ਸਿਆਸੀ ਕੈਦੀ ਹੋਣ ਤੋਂ ਵੀ ਭਿਅੰਕਰ ਤਰਾਸਦੀ ਹੈ।
ਇੱਕ ਹੋਰ ਔਰਤ ਫਿਲਮ ਦੇ ਫਰੇਮ ਵਿਚ ਦਾਖਲ ਹੁੰਦੀ ਹੈ ਜਿਸ ਨੇ ਹੁਣੇ-ਹੁਣੇ ਆਪਣੀ ਧੀ ਨੂੰ ਸੜਕ ‘ਤੇ ਛੱਡਿਆ ਹੈ, ਕਿਉਂਕਿ ਉਹ ਗਰੀਬ ਹੋਣ ਕਾਰਨ ਉਸ ਦੀ ਸਾਂਭ-ਸੰਭਾਲ ਨਹੀਂ ਕਰ ਸਕਦੀ। ਇੱਕ ਹੋਰ ਔਰਤ ਕਿਸੇ ਗੈਰ-ਮਰਦ ਨਾਲ ਗੱਡੀ ਵਿਚ ਮਿਲਦੀ ਹੈ ਜਿਸ ਨੂੰ ਸਟੇਟ ਤਰੁੰਤ ਗ੍ਰਿਫਤਾਰ ਕਰ ਲੈਂਦਾ ਹੈ। ਮਰਦ ਦਾ ਕੀ ਬਣਿਆ? ਪਤਾ ਨਹੀਂ ਲੱਗਦਾ। ਇਹ ਸਿਰਫ ਇਰਾਨ ਦਾ ਸੱਚ ਨਹੀਂ; ਬਾਕੀ ਸਮਾਜਾਂ ਵਿਚ ਵੀ ਇਹ ਵਰਤਾਰਾ ਆਮ ਹੈ। ਨੈਤਿਕਤਾ ਅਤੇ ਦੇਹ ਦੀ ਸੁੱਚਤਾ ਦਾ ਸਾਰਾ ਬੋਝ ਔਰਤ ਦੇ ਸਿਰ ‘ਤੇ ਪਾ ਦਿੱਤਾ ਗਿਆ ਹੈ। ਸਟੇਟ, ਸਮਾਜ, ਧਰਮ, ਸੱਤਾ ਤੇ ਮਰਦ, ਸਾਰੇ ਬਿਨਾਂ ਕਿਸੇ ਜਵਾਬਦੇਹੀ ਤੋਂ ਬਰੀ ਹਨ। ਜੇ ਕਿਤੇ-ਕਿਤੇ ਕੁਝ ਮਰਦ ਆਵਾਜ਼ਾਂ ਹਨ ਵੀ, ਉਹ ਇਹ ਘੋਖਣਾ ਚਾਹੁੰਦੀਆਂ ਹਨ ਕਿ ਸੜਕ ਜਾਂ ਬਾਜ਼ਾਰ ਵਿਚ ਤੁਰੀ ਜਾਂਦੀ ਇਹ ਔਰਤ ਅੱਜ ਰਾਤ ਮੇਰੇ ਬਿਸਤਰ ‘ਤੇ ਹੋ ਸਕਦੀ ਹੈ ਜਾਂ ਨਹੀਂ? ਇਸ ਤੋਂ ਬਿਨਾਂ ਫਿਲਮ ਵਿਚ ਜ਼ਿੰਦਗੀ ਵਾਂਗ ਅਣਗਿਣਤ ਝੂਠ ਹਨ, ਅਫਵਾਹਾਂ ਹਨ, ਧਮਕੀਆਂ ਹਨ ਤੇ ਬੇ-ਸਿਰ ਪੈਰ ਦੇ ਰੁਟੀਨ ਕੰਮ ਹਨ। ਅਜਿਹੇ ਘੜਮੱਸ ਵਿਚ ਫਿਲਮ ਦੀ ਇੱਕ ਕਿਰਦਾਰ, ਪਰੀ ਦੀ ਮਨਪਸੰਦ ਪੇਂਟਿੰਗ ਹੈ ਜਿਸ ਨੂੰ ਉਹ ਆਪਣੀ ਮੁਕਤੀ ਦਾ ਰਸਤਾ ਮੰਨਦੀ ਹੈ। ਇਸ ਫਿਲਮ ਮੁੜ ਤੋਂ ਇੱਕ ਨਵੀਂ ਜੇਲ੍ਹ ਦੇ ਦ੍ਰਿਸ਼ ਨਾਲ ਖਤਮ ਹੋ ਜਾਂਦੀ ਹੈ।