ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਜਿਲਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਪ੍ਰਸਿੱਧ ਪਿੰਡ ਮੰਗੂਵਾਲ ਦੇ ਗੁਰਜਿੰਦਰ ਸੰਨੀ ਨੇ ਭਾਰਤੀ ਟੀਮ ‘ਚ ਖੇਡਣ ਉਪਰੰਤ ਕਲਕੱਲੇ ਦੇ ਪ੍ਰਸਿੱਧ ‘ਮੋਹਣ ਬਗਾਨ’ ਕਲੱਬ ਦੀ ਜੂਨੀਅਰ ਟੀਮ ਦੀ ਕਮਾਂਡ ਸੰਭਾਲੀ। ਉਹਦੀ ਕਪਤਾਨੀ ਹੇਠ ਟੀਮ ਨੇ ਭਾਰਤ ਦੇ ਵੱਖ ਵੱਖ ਕਲੱਬਾਂ-ਗੋਆ ਦੀ ਚਰਚਲ, ਕਲਕੱਤੇ ਦੀ ਈਸਟ ਬੰਗਾਲ, ਚੇਨੱਈ ਸਿਟੀ ਦੀ ਐਫ਼ ਸੀ., ਕੇਰਲਾ ਦੀ ਗੋਲਕਮ, ਦਿੱਲੀ ਦੀ ਇੰਡੀਅਨ ਐਰੋ, ਸ਼੍ਰੀਨਗਰ ਦੀ ਰੀਅਲ ਕਸ਼ਮੀਰ, ਮਨੀਪੁਰ ਦੀ ਨਿਰੋਕਾ ਅਤੇ ਮਿਜ਼ੋਰਮ ਦੀ ਐਂਜਲ ਐਫ਼ ਸੀ. ਨਾਲ ਫਸਵੇਂ ਮੈਚ ਖੇਡੇ।
ਕਲੱਬਾਂ ਦੇ ਆਪਸ ਵਿਚ ਮੈਚ ਚਲਦੇ ਰਹਿੰਦੇ ਹਨ। ਇਸ ਪੁਆਇੰਟ ਸਿਸਟਮ ਵਿਚ ਵੱਧ ਨੰਬਰਾਂ ਵਾਲਾ ਕਲੱਬ ਜੇਤੂ ਹੁੰਦਾ ਹੋਇਆ ਚੈਂਪੀਅਨਸ਼ਿਪ ਦਾ ਦਾਅਵੇਦਾਰ ਬਣਦਾ ਹੈ। ਪੂਰੇ ਭਾਰਤ ਦੇ 12 ਕਲੱਬਾਂ ਦੀਆਂ ਟੋਟਲ 12 ਟੀਮਾਂ ਹੁੰਦੀਆਂ ਹਨ। ਇਸ ਸੀਜ਼ਨ ਦਾ ਉਨ੍ਹਾਂ ਦਾ ਕਲੱਬ ਮੇਨ ਲੀਗ ਜਿੱਤ ਕੇ ਚੈਂਪੀਅਨ ਬਣਿਆ। ਸਾਰੇ ਖਿਡਾਰੀਆਂ ਨੇ ਦਿਲੋਂ ਜਾਨ ਲਾ ਕੇ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਸ਼ਿਲਡਨ ਪੌਲ ਕਲਕੱਤਾ, ਆਸ਼ੂਤੋਸ਼ ਮਹਿਤਾ ਬੰਬੇ, ਚਲੋਵਾ ਮਿਜ਼ੋਰਮ, ਦਾਨਾ ਚੰਦਰਾ ਮਨੀਪੁਰ, ਬਿਕਰਮਜੀਤ ਸਿੰਘ ਪੰਜਾਬ (ਗੁਰਦਾਸਪੁਰ), ਬਿਰੋਟੋ ਕੇਰਲਾ, ਵੀ. ਪੀ. ਸੁਹੇਲ ਕੇਰਲਾ, ਸ਼ਿਲਟਨ ਡੀ. ਸਿਲਵਾ ਬੰਬੇ, ਸਾਹਿਲ ਕਲਕੱਤਾ ਤੇ ਨੌਰਮ ਮਨੀਪੁਰ ਉਸ ਦੇ ਸਾਥੀ ਖਿਡਾਰੀ ਸਨ।
ਖੇਡ ਮੈਦਾਨਾਂ ‘ਚ ਤਪ ਕੇ ਬਣੇ ਸੋਨਾ ਸੰਨੀ 2001 ਤੋਂ 2007 ਤੱਕ ਚੰਡੀਗੜ੍ਹ ਦੀ ਫੁੱਟਬਾਲ ਅਕੈਡਮੀ ਵਿਚ ਖੇਡਿਆ। ਅਕੈਡਮੀ ਵਲੋਂ ਖੇਡਦੇ ਸਮੂਹ ਭਾਰਤ ਦੀਆਂ ਅਕੈਡਮੀਆਂ ਨਾਲ ਸਕੂਲੀ ਪੱਧਰ ਦੇ ਮੈਚ ਖੇਡੇ। ਕਲੱਬ ਵਲੋਂ ਖੇਡਦਿਆਂ ਜਰਮਨ, ਬੰਗਲਾ ਦੇਸ਼ ਅਤੇ ਲੋਕਲ ਮੈਚ ਖੇਡੇ। 2005 ‘ਚ ਚੰਡੀਗੜ੍ਹ ਅਕੈਡਮੀ ਵਲੋਂ ਅੰਡਰ-17 ਦਿੱਲੀ ‘ਚ ‘ਸਪਰੋਤੋ ਕੱਪ’ ਖੇਡਿਆ। ਬੜੇ ਜ਼ੋਰ ਨਾਲ ਨੇਪਾਲ ਨੂੰ ਹਰਾ ਕੇ ‘ਸਪਰੋਤੋ ਕੱਪ’ ਜਿੱਤਿਆ। ਗੁਰਜਿੰਦਰ ਸੰਨੀ ਪੰਜਾਬ, ਰਣਦੀਪ ਗੁਰਦਾਸਪੁਰ, ਰਵਿੰਦਰ ਪੰਜਾਬ (ਸਰਾਭਾ ਪਿੰਡ), ਪਵਨ ਕੁਮਾਰ, ਸ਼ਹਿਨਾਜ਼, ਅਬਦੁਲ ਸ਼ਮੀਮ ਮਲੇਰਕੋਟਲਾ, ਗੁਰਤੇਜ਼, ਗੁਰਪ੍ਰੀਤ (ਇਸ ਵਕਤ ਪੰਜਾਬ ਪੁਲਿਸ), ਰਣਦੀਪ ਤੇ ਪਵਨ (ਇੰਡੀਅਨ ਸੁਪਰ ਲੀਗ ਦੇ ਰਹਿ ਚੁਕੇ ਟਾਪ ਖਿਡਾਰੀ) ਸਨ। ਉਸ ਕੱਪ ਦੀ ਜਿੱਤ ਸਦਕਾ ਵੱਖ ਵੱਖ ਕਲੱਬਾਂ (ਕੰਪਨੀਆਂ) ਵਾਲੇ ਚੰਗੇ ਖਿਡਾਰੀਆਂ ਨੂੰ ਲੈ ਗਏ ਸਨ।
ਚੰਡੀਗੜ੍ਹ ਦੀ ਫੁੱਟਬਾਲ ਅਕੈਡਮੀ ‘ਚ 6 ਸਾਲ ਦਾ ਕਰਾਰਨਾਮਾ ਮੁਕਦੇ ਹੀ ਉਹ ਜਮਸ਼ੇਦਪੁਰ (ਝਾਰਖੰਡ) ਦੀ ‘ਟਾਟਾ ਫੁੱਟਬਾਲ ਅਕੈਡਮੀ’ ‘ਚ ਚਲਾ ਗਿਆ। ਟਾਟਾ ਅਕੈਡਮੀ ਭਾਰਤ ਦੀ ਨੰਬਰ ਵੰਨ ਅਕੈਡਮੀ ਹੈ। ਇਸ ਅਕੈਡਮੀ ਵਲੋਂ ਖੇਡੇ 70-75 ਫੀਸਦੀ ਖਿਡਾਰੀਆਂ ਨੂੰ ਹਰ ਮਹਿਕਮੇ ਜਾਂ ਕੰਪਨੀਆਂ ਵਾਲੇ ਖਿੜੇ ਮੱਥੇ ਸਵੀਕਾਰ ਕਰਦੇ ਹਨ ਤੇ ਕਿਸੇ ਨਾ ਕਿਸੇ ਪਾਸੇ ਨੌਕਰੀ ਮਿਲ ਜਾਂਦੀ ਹੈ। ਓਲੰਪਿਕਸ ਜਾਣ ਵਾਲੇ ਲਗਪਗ ਸਾਰੇ ਅਥਲੀਟ ਟਾਟਾ ਦੀ ਹੀ ਦੇਣ ਹੁੰਦੇ ਹਨ। ਦੋ ਸਾਲ ਸੰਨੀ ਅੰਡਰ-19 ਟਾਟਾ ਵਲੋਂ ਖੇਡਿਆ। ਜ਼ਿਕਰਯੋਗ ਹੈ ਕਿ ਰਤਨ ਟਾਟਾ ਦਾ ਵੱਡੀ ਪੱਧਰ ‘ਤੇ ਸਾਰੀ ਦੁਨੀਆਂ ‘ਚ ਸਟੀਲ ਦਾ ਕਾਰੋਬਾਰ ਹੈ।
ਸੰਨੀ ਅਨੁਸਾਰ ਰਤਨ ਟਾਟਾ ਬੜਾ ਚੰਗਾ ਤੇ ਖਿਡਾਰੀਆਂ ਦਾ ਖਿਆਲ ਰੱਖਣ ਵਾਲਾ ਦਾਨੀ ਇਨਸਾਨ ਹੈ। ਟਾਟਾ ਅਕੈਡਮੀ ਵਲੋਂ ਫੁੱਟਬਾਲ ਦੇ ਨਾਲ ਨਾਲ ਅਥਲੈਟਿਕਸ, ਕ੍ਰਿਕਟ ਤੇ ਹੋਰ ਗੇਮਾਂ ਦੀਆਂ ਅਕੈਡਮੀਆਂ ਵੀ ਚਲਾਈਆਂ ਜਾਂਦੀਆਂ ਹਨ। ਖਿਡਾਰੀਆਂ ਲਈ ਵੈਸ਼ਨੋ, ਨਾਨ-ਵੈਸ਼ਨੋ ਖਾਣੇ ਦਾ ਵੀ ਪੂਰਾ ਪੂਰਾ ਖਿਆਲ ਰੱਖਿਆ ਜਾਂਦੈ। ਸਵੇਰ, ਦੁਪਹਿਰ, ਸ਼ਾਮ ਦੇ ਸਿਹਤਮੰਦ ਖਾਣੇ ਦਾ ਪੂਰਾ ਮੈਨਯੂ ਪਹਿਲਾਂ ਹੀ ਬਣਾਇਆ ਹੁੰਦੈ। ਖੇਡ ਖੁਰਾਕ ਤੋਂ ਇਲਾਵਾ ਰਿਹਾਇਸ਼, ਗੱਡੀਆਂ ਦਾ ਭਾੜਾ ਤੇ ਕੰਪਿਊਟਰ ਦੀ ਟ੍ਰੇਨਿੰਗ ਤੇ ਜ਼ਿੰਦਗੀ ਦੇ ਆਮ ਵਰਤਾਰੇ ‘ਚ ਵਿਚਰਨ ਦੀਆਂ ਕਲਾਸਾਂ ਲਾ ਕੇ ਸਿਖਿਆ ਦਿੱਤੀ ਜਾਂਦੀ ਹੈ।
ਟਾਟਾ ਵਾਲੇ ਨਵੇਂ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਟਰਾਇਲ ਲੈ ਕੇ ਫਿਰ ਕਲੱਬ ਵਿਚ ਲੈਂਦੇ ਹਨ। ਸੰਨੀ ਨੇ ਟਾਟਾ ਅਕੈਡਮੀ ‘ਚ ਜਾਣ ਲਈ ਬੜਾ ਪਸੀਨਾ ਵਹਾਇਆ। ਇਕ ਹਜ਼ਾਰ ਤੋਂ ਵੱਧ ਟਰਾਇਲ ਦੇਣ ਆਏ ਖਿਡਾਰੀਆਂ ‘ਚੋਂ ਸਿਰਫ ਚਾਰ ਰੱਖਣੇ ਸਨ। ਇਕ ਹਫਤਾ ਬੜਾ ਜ਼ੋਰ ਲੁਆਇਆ ਤੇ ਚਾਰ ਖਿਡਾਰੀਆਂ ‘ਚੋਂ ਇਕ ਗੁਰਜਿੰਦਰ ਸੰਨੀ ਸੀ।
ਸੰਨੀ ਮੁਤਾਬਕ ਖੁਰਾਕ ਵੀ ਚੰਗੀ ਮਿਲਦੀ ਰਹੀ। ਅੰਡਰ-19 ਖੇਡਦੇ ਸਮੇਂ ਸਵੇਰ, ਦੁਪਹਿਰ, ਸ਼ਾਮ ਦਾ ਖਾਣਾ ਅਕੈਡਮੀਆਂ ਵਲੋਂ ਦਿੱਤਾ ਜਾਂਦਾ ਸੀ। ਉਚ ਪੱਧਰ (ਪ੍ਰੋਫੈਨਲ) ਖਿਡਾਰੀ ਬਣਨ ‘ਤੇ ਕਮਰਾ ਤੇ ਖਾਣਾ ਬਣਾਉਣ ਲਈ ਰਸੋਈਆ (ਕੁਕ) ਮਿਲ ਗਿਆ। ਮਨ ਮਰਜ਼ੀ ਦਾ ਖਾਣਾ ਬਣਵਾ ਕੇ ਖਾਧਾ। ਟਾਟਾ ਅਕੈਡਮੀ ਵਾਲੇ ਖੁਰਾਕ ਵੀ ਰੂਹ ਨਾਲ ਦਿੰਦੇ ਹਨ ਤੇ ਪੈਸੇ ਵੀ ਦਿਲ ਖੋਲ੍ਹ ਕੇ ਦਿੰਦੇ ਹਨ।
ਪੂਨੇ ਖੇਡਣ ਜਾਣ ਦਾ ਵੀ ਦਿਲਚਸਪ ਕਿੱਸਾ ਹੈ। ਉਹ ਕਲਕੱਤੇ ਮੈਚ ਖੇਡ ਰਿਹਾ ਸੀ। ਖਚਾਖਚ ਭਰੇ ਸਟੇਡੀਅਮ ਵਿਚ ਉਹਦੀ ਖੇਡ ਵੇਖ ਦਰਸ਼ਕਾਂ ਦੀਆਂ ਤਾੜੀਆਂ ਵੱਜ ਰਹੀਆਂ ਸਨ। ਪੂਨੇ ਦਾ ਤਕੜਾ ਪ੍ਰਸਿੱਧ ਗੋਰਾ ਕੋਚ ਟੀ. ਵੀ. ਰਾਹੀਂ ਉਹਨੂੰ ਖੇਡਦੇ ਨੂੰ ਵੇਖ ਰਿਹਾ ਸੀ। ਜੌਹਰੀ ਨੇ ਹੀਰੇ ਦੀ ਪਛਾਣ ਕੀਤੀ। ਸੰਨੀ ਦੀ ਖੇਡ ਦਾ ਕਾਇਲ ਹੋਇਆ ਗੋਰਾ ਕੋਚ ਫਲਾਈਟ ਫੜ੍ਹ ਸਿੱਧਾ ਪੂਨੇ ਤੋਂ ਗੁਰਜਿੰਦਰ ਕੋਲ ਆਇਆ, ਗੱਲਬਾਤ ਕੀਤੀ ਤੇ ਉਹਨੂੰ ਨਾਲ ਲੈ ਗਿਆ। ਉਹਨੇ ਵਧੀਆ ਕੋਚਿੰਗ ਦੇ ਕੇ ਸੰਨੀ ਨੂੰ ਤਰਾਸ਼ਿਆ। ਹੋਰ ਲੋਕਲ ਕਲੱਬਾਂ ਨਾਲ ਉਨ੍ਹਾਂ ਦੇ ਮੈਚ ਅਕਸਰ ਚਲਦੇ ਰਹਿੰਦੇ ਸਨ। ਇਕ ਵਾਰ ਸਿੰਘਾਪੁਰ ਖੇਡਣ ਜਾਣ ਦਾ ਮੌਕਾ ਮਿਲਿਆ। ਪ੍ਰੋਫੈਨਲ ਖਿਡਾਰੀ ਵਜੋਂ ਭਾਰਤ ਦੀ ਸੀਨੀਅਰ ਅੰਡਰ-23 ਟੀਮ ਦਾ ਖਿਡਾਰੀ ਬਣ ਕੇ ਚਾਰ ਸਾਲ ਪੂਨੇ ਖੇਡਿਆ ਤੇ ਪ੍ਰੀ-ਓਲੰਪਿਕਸ ਕਤਰ ਖੇਡਣ ਦਾ ਮੌਕਾ ਮਿਲਿਆ। ਜੇ ਉਹ ਉਥੋਂ ਕੁਆਲੀਫਾਈ ਹੋ ਜਾਂਦਾ ਤਾਂ ਲੰਡਨ ਓਲੰਪਿਕਸ ਵਾਸਤੇ ਚੁਣਿਆ ਜਾਣਾ ਸੀ। ਇਹ ਉਹਦੀ ਖੇਡ ਜ਼ਿੰਦਗੀ ‘ਚ ਬਹੁਤ ਵੱਡੀ ਪ੍ਰਾਪਤੀ ਹੋਣੀ ਸੀ।
ਗੁਰਪਾਲ ਫੌਜੀ ਦੇ ਨਾਂ ਨਾਲ ਜਾਣੇ ਜਾਂਦੇ ਗੁਰਜਿੰਦਰ ਦਾ ਪਿਤਾ ਵੀ ਇਲਾਕੇ ਦਾ ਨਾਮਵਰ ਫੁੱਟਬਾਲ ਖਿਡਾਰੀ ਰਹਿ ਚੁਕੈ। ਚਾਰ ਵਾਰ ਉਹ ਨੈਸ਼ਨਲ ਖੇਡਿਆ। ਭਾਰਤੀ ਟੀਮ ਦੀ ਸਿਲੈਕਸ਼ਨ ਵਾਸਤੇ ਮਾਹਿਲਪੁਰ ਵਿੰਗ ਚਲਦੇ ਟਰਾਇਲਾਂ ‘ਚ ਕਿਸੇ ਵਿਰੋਧੀ ਖਿਡਾਰੀ ਤੋਂ ਉਹਦੀ ਤਕੜੀ ਗੇਮ ਬਰਦਾਸ਼ਤ ਨਾ ਹੋਣ ‘ਤੇ ਯੋਜਨਾ ਤਹਿਤ ਉਹਨੇ ਉਹਦੇ ਪੱਟ ‘ਤੇ ਸੱਟ ਮਾਰੀ ਤੇ ਗੁਰਪਾਲ ਉਥੇ ਹੀ ਡਿੱਗ ਪਿਆ। ਜੇ ਸੱਟ ਨਾ ਲੱਗਦੀ ਤਾਂ ਸੰਨੀ ਨੇ ਭਾਰਤੀ ਟੀਮ ਲਈ ਚੁਣਿਆ ਜਾਣਾ ਸੀ।
ਸੰਨੀ ਅੱਜ ਜੋ ਵੀ ਹੈ, ਆਪਣੇ ਖਿਡਾਰੀ ਤੇ ਕੋਚ ਪਿਤਾ ਦੀ ਬਦੌਲਤ ਹੈ। ਗੁਰਪਾਲ ਫੌਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੰਨੀ ਦਾ ਪਿਤਾ ਸਕੂਲਾਂ ‘ਚੋਂ ਹੁੰਦਾ ਹੋਇਆ ਬੰਗਾ ਕਾਲਜ ਦਾ ਤਕੜਾ ਫੁੱਟਬਾਲ ਖਿਡਾਰੀ ਬਣਿਆ। ਲਾਗਲੇ ਪਿੰਡ ਕਾਹਮੇ ਦੇ ਹਾਈ ਸਕੂਲ ਉਹਨੇ 1986 ਤੋਂ ਲੈ ਕੇ ਸੇਵਾ ਮੁਕਤੀ ਹੋਣ ਤੱਕ ਫੁੱਟਬਾਲ ਖਿਡਾਰੀ ਤਿਆਰ ਕੀਤੇ ਤੇ ਨਾਲ ਨਾਲ ਪੜ੍ਹਾਉਂਦਾ ਵੀ ਰਿਹੈ। ਵਿਚਾਲੇ ਜਿਹੇ ਮੂਸਾਪੁਰ ਦੇ ਹਾਈ ਸਕੂਲ ਦੀ ਬਦਲੀ ਹੋ ਗਈ ਸੀ, ਪਰ ਉਹਦੀ ਕਾਬਲੀਅਤ ਨੂੰ ਵੇਖਦਿਆਂ ਕਾਹਮੇ ਵਾਲੇ ਕੁਝ ਕੁ ਮਹੀਨਿਆਂ ਪਿਛੋਂ ਫਿਰ ਉਹਨੂੰ ਵਾਪਸ ਲੈ ਗਏ। ਉਹਦੀ ਚੰਗੀ ਕੋਚਿੰਗ ਨੂੰ ਖਿਡਾਰੀ ਅੱਜ ਵੀ ਯਾਦ ਕਰਦੇ ਨੇ, ਜੋ ਉਹਦੀ ਛਤਰ-ਛਾਇਆ ਹੇਠ ਖੇਡ ਕੇ ਚੰਗੇ ਚੰਗੇ ਅਹੁਦਿਆਂ ‘ਤੇ ਬਿਰਾਜਮਾਨ ਹਨ ਤੇ ਕੁਝ ਵਿਦੇਸ਼ਾਂ ਵਿਚ ਵੀ ਬੈਠੇ ਹਨ।
ਗੁਰਜਿੰਦਰ ਨੇ ਲਾਗਲੇ ਪਿੰਡ ਖਟਕੜ ਕਲਾਂ ਦੇ ਅਦਰਸ਼ ਸਕੂਲ ‘ਚ ਨਰਸਰੀ ਤੋਂ ਪੰਜਵੀਂ ਤੱਕ ਪੜ੍ਹਾਈ ਕੀਤੀ। ਸ਼ੁਰੂ ਸ਼ੁਰੂ ਵਿਚ ਉਹ ਖੋ-ਖੋ ਅਤੇ ਅਥਲੈਟਿਕਸ ਖੇਡਾਂ ਕਰਦਾ ਸੀ, ਪਰ ਭਰਾ ਦੀ ਬੇਵਕਤੀ ਮੌਤ ਨੇ ਉਸ ਨੂੰ ਅਤੇ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿਤਾ ਸੀ। ਫਿਰ ਪਰਮਾਤਮਾ ਨੇ ਭਾਣਾ ਮੰਨਣ ਦੀ ਤਾਕਤ ਦਿਤੀ ਤੇ ਹੌਲੀ ਹੌਲੀ ਫੁੱਟਬਾਲ ਵੱਲ ਨੂੰ ਝੁਕਾਅ ਹੋ ਗਿਆ।
ਇਲਾਕੇ ਦਾ ਪ੍ਰਸਿੱਧ ਪਿੰਡ ਮੰਗੂਵਾਲ ਫੁੱਟਬਾਲ ਦੇ ਨਾਮਵਰ ਖਿਡਾਰੀਆਂ ਅਤੇ ਇਨਕਲਾਬੀ ਕਾਰਕੁਨਾਂ ਕਰਕੇ ਜਾਣਿਆ ਜਾਂਦਾ ਹੈ। ਪਿੰਡ ਦਾ ਮੌਜੂਦਾ ਸਰਪੰਚ ਕੇਵਲ ਖਟਕੜ ਹੈ, ਜੋ ਪਿੰਡ ਦੇ ਵਿਕਾਸ ਕਾਰਜਾਂ ਲਈ ਹਰ ਵੇਲੇ ਸਰਗਰਮ ਰਹਿੰਦਾ ਹੈ। ਪਿੰਡ ਨੂੰ ਇਲਾਕੇ ਦਾ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਹਾਲ ਪਿੰਡ ਬਣਾਉਣ ਲਈ ਹਰ ਵੇਲੇ ਸਰਗਰਮ ਰਹਿੰਦਾ ਹੈ। ਪਿੰਡ ਦੇ ਐਨ. ਆਰ. ਆਈ. ਵੀਰਾਂ ਦਾ ਵੀ ਬੜਾ ਯੋਗਦਾਨ ਸਮਝਦਾ ਹੈ। ਉਹ ਖੁਦ ਕਬੱਡੀ ਖਿਡਾਰੀ ਹੋਣ ਕਰਕੇ ‘ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ’ ਦਾ ਕਰਤਾ-ਧਰਤਾ ਰਿਹੈ। ਇਲਾਕੇ ਭਰ ‘ਚ ਜਾਣੀ ਜਾਂਦੀ ਅਕੈਡਮੀ ਦੀ ਤਨੋਂ, ਮਨੋਂ ਧਨੋਂ ਸੇਵਾ ਕੀਤੀ। ਪਿੰਡ ਦਾ ਮੋਹਤਬਰ ਹੋਣ ਦੇ ਨਾਤੇ ਹੁਣ ਉਹ ਉਠਦੇ ਖਿਡਾਰੀਆਂ ਨੂੰ ਹਰ ਤਰ੍ਹਾਂ ਨਾਲ ਹੌਸਲਾ ਤੇ ਥਾਪੜਾ ਦੇ ਰਿਹੈ। ਇਸ ਵਕਤ ਉਹ ਐਨ. ਆਰ. ਆਈ. ਸਭਾ, ਨਵਾਂਸ਼ਹਿਰ ਦਾ ਪ੍ਰਧਾਨ ਵੀ ਹੈ।
ਗੁਰਜਿੰਦਰ ਦਾ ਛੋਟਾ ਭਾਈ ਯਾਦਵਿੰਦਰ ਚੰਡੀਗੜ੍ਹ ਅਕੈਡਮੀ ‘ਚ ਵੀ ਖੇਡਦਾ ਰਿਹੈ। ਉਹ ਐਸ਼ ਐਨ. ਕਾਲਜ ਬੰਗਾ ਦਾ ਖਿਡਾਰੀ ਤੇ ਵਿਦਿਆਰਥੀ ਹੈ। ਉਹ ਇੰਟਰ-ਕਾਲਜ ਅਤੇ ਚਾਰ ਵਾਰ ਸਟੇਟ ਖੇਡ ਚੁਕਾ ਹੈ। ਕਦੇ ਕਦੇ ਉਹ ਗੁਰਜਿੰਦਰ ਕੋਲ ਵੀ ਚਲੇ ਜਾਂਦਾ ਹੈ। ਇਕੱਠੇ ਰਹਿੰਦੇ ਦੋਵੇਂ ਭਰਾ ਖੇਡ ਬਾਰੇ ਤੇ ਭਾਰਤੀ ਫੁੱਟਬਾਲ ਦੀ ਚੜ੍ਹਦੀ ਕਲਾ ਬਾਰੇ ਗੱਲਾਂ ਕਰਦੇ ਰਹਿੰਦੇ ਹਨ।
10 ਅਕਤੂਬਰ 1990 ਨੂੰ ਜਨਮੇ ਗੁਰਜਿੰਦਰ ਨੇ ਪਿਤਾ ਦੇ ਅਧੂਰੇ ਸੁਪਨੇ ਸਾਕਾਰ ਕੀਤੇ। ਭਾਰਤੀ ਟੀਮ ‘ਚ ਪਿਤਾ ਦੀ ਖੇਡਣ ਦੀ ਦਿਲੀ ਤਮੰਨਾ ਪੁੱਤ ਨੇ ਪੂਰੀ ਕੀਤੀ। ਅਧੂਰੀਆਂ ਸੱਧਰਾਂ ਪੂਰੀਆਂ ਹੋਣ ਨਾਲ ਉਹ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਮਨਾ ਰਿਹੈ। ਪੰਜਾਬ ਦੇ ਖਿਡਾਰੀਆਂ ‘ਤੇ ਗੁਰੂਆਂ, ਪੀਰਾਂ-ਪੈਗੰਬਰਾਂ ਦੀ ਹਮੇਸ਼ਾ ਕਿਰਪਾ ਰਹੀ ਹੈ। ਮੋਹਣ ਬਗਾਨ ‘ਚ ਖੇਡਣਾ ਬੜਾ ਔਖਾ ਤੇ ਮਾਣ ਵਾਲੀ ਗੱਲ ਹੈ। ਜਰਨੈਲ ਸਿੰਘ ਪਨਾਮ ਨੇ 1959-1960 ‘ਚ ਮੋਹਣ ਬਗਾਨ ਦੀ ਸੀਨੀਅਰ ਟੀਮ ਦੀ ਕਪਤਾਨੀ ਕੀਤੀ ਸੀ। ਸੱਠ ਸਾਲਾਂ ਬਾਅਦ 2020 ‘ਚ ਹੁਣ ਮੋਹਣ ਬਗਾਨ ਦੀ ਜੂਨੀਅਰ ਟੀਮ ਦੀ ਕਪਤਾਨੀ ਪੰਜਾਬ ਦਾ ਹੀਰਾ ਗੁਰਜਿੰਦਰ ਸੰਨੀ ਕਰ ਰਿਹੈ।
ਤਕੜੀ ਖੇਡ ਦਾ ਸਿਹਰਾ ਪਿਤਾ ਗੁਰਪਾਲ ਤੋਂ ਇਲਾਵਾ ਕੋਚਾਂ-ਹਰਜਿੰਦਰ ਸਿੰਘ ਚੰਡੀਗੜ੍ਹ, ਤਜਿੰਦਰ ਕੁਮਾਰ ਤੇ ਜਤਿੰਦਰ ਸ਼ਰਮਾ ਸਿਰ ਵੀ ਬੰਨਦਾ ਹੈ। ਕੋਚ ਹਰਜਿੰਦਰ ਸਿੰਘ ਮੋਹਣ ਬਗਾਨ ਵਿਚ ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਕੋਚ ਧੱਕੜ ਖਿਡਾਰੀਆਂ ਨਾਲ ਖੇਡਦਾ ਰਿਹੈ, ਜਦੋਂ ਕਿ ਜਤਿੰਦਰ ਸ਼ਰਮਾ ਰੁੜਕਾ ਕਲਾਂ ਦੀ ਫੁੱਟਬਾਲ ਅਕੈਡਮੀ ਦਾ ਕੋਚ ਵੀ ਰਹਿ ਚੁਕੈ। ਭਾਰਤੀ ਟੀਮ ਵਿਚ ਜਿਸ ਸੁਨੀਲ ਸੇਤਰੀ ਦੀ ਕਪਤਾਨੀ ਹੇਠ ਗੁਰਜਿੰਦਰ ਖੇਡਦਾ ਰਿਹਾ, ਹੁਣ ਉਸੇ ਸੁਨੀਲ ਸੇਤਰੀ ਦੇ ਵਿਰੁਧ ਖੇਡ ਰਿਹੈ। ਗੁਰਜਿੰਦਰ ਮੋਹਣ ਬਗਾਨ ਵਲੋਂ ਖੇਡਦਾ ਹੈ ਤੇ ਸੁਨੀਲ ਸੇਤਰੀ ਬੰਗਲੌਰ ਵਲੋਂ।
ਵਧੀਆ ਖੇਡ ਸਦਕਾ ਗੁਰਜਿੰਦਰ ਨੇ ਇੰਗਲੈਂਡ, ਦੁੱਬਈ, ਉਮਾਨ, ਸਿੰਘਾਪੁਰ, ਹਾਂਗਕਾਂਗ, ਨੇਪਾਲ, ਬਰਮਾ, ਤੁਰਕੀ, ਤਾਜ਼ਿਖਸਤਾਨ, ਕਤਰ ਤੇ ਹੋਰ ਮੁਲਕਾਂ ‘ਚ ਖੇਡ ਕੇ ਭਾਰਤੀ ਝੰਡੇ ਨੂੰ ਬੁਲੰਦ ਕੀਤਾ।
ਸੋਲੇਕ ਕਲਕੱਤਾ, ਜਵਾਹਰ ਲਾਲ ਨਹਿਰੂ ਸਟੇਡੀਅਮ ਗੋਆ, ਬਾਲੇਬਾੜੀ ਸਟੇਡੀਅਮ ਪੂਨਾ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਅਤੇ ਹੋਰ ਸਟੇਡੀਅਮਾਂ ਵਿਚ ਆਪਣੀ ਖੇਡ ਦੇ ਜੌਹਰ ਵਿਖਾਏ ਤੇ ਹਜ਼ਾਰਾਂ ਲੋਕਾਂ ਦੀ ਤਾਦਾਦ ਨਾਲ ਭਰੇ ਸਟੇਡੀਅਮਾਂ ਵਿਚ ਦਰਸ਼ਕਾਂ ਦਾ ਤਾੜੀਆਂ ਨਾਲ ਪਿਆਰ ਖੱਟਿਆ ਅਤੇ ਘਰਾਂ ‘ਚ ਬੈਠੇ ਲੱਖਾਂ ਲੋਕਾਂ ਨੇ ਟੀ. ਵੀ. ਉਤੇ ਹੱਲਾ-ਸ਼ੇਰੀ ਨਾਲ ਪਿਆਰ ਦੀਆਂ ਝੋਲੀਆਂ ਭਰੀਆਂ। ਦੁਆ ਕਰਦੇ ਹਾਂ ਕਿ ਗੁਰਜਿੰਦਰ ਦੀ ਖੇਡ ਇਸ ਤਰ੍ਹਾਂ ਹੀ ਉਚਾਈਆਂ ਨੂੰ ਛੂੰਹਦੀ ਰਹੇ ਤੇ ਉਹ ਭਾਰਤ ਦਾ ਨਾਂ ਰੌਸ਼ਨ ਕਰਦਾ ਰਹੇ।
ਖੇਡਾਂ ਨਾਲ ਜਿਨ੍ਹਾਂ ਪਿਆਰ ਕੀਤਾ,
ਖੇਡ ਮੈਦਾਨਾਂ ‘ਚ ਜਿੰਦ ਵਾਰਦੇ ਰਹੇ।
ਧੁੱਪਾਂ ਛਾਂਵਾਂ ਦੀ ਨਾ ਪ੍ਰਵਾਹ ਕੀਤੀ,
‘ਨ੍ਹੇਰੀਆਂ, ਝੱਖੜਾਂ ਨੂੰ ਪਛਾੜਦੇ ਰਹੇ।
ਦੇਸ਼ ਕੌਮ ਦੀ ਇੱਜਤ ਖਾਤਰ,
ਵਿਰੋਧੀਆਂ ਨੂੰ ਲਲਕਾਰਦੇ ਰਹੇ।
ਖੇਡ ਮੈਦਾਨਾਂ ਦੇ ਸ਼ੇਰ ਖਿਡਾਰੀਆਂ ਲਈ,
ਕਲਮਾਂ ਨਾਲ ‘ਜੱਬੋਵਾਲੀਏ’ ਸਤਿਕਾਰਦੇ ਰਹੇ।