ਬੋਲੇ ਨੀ ਬੰਬੀਹਾ ਬੋਲੇ…

ਸ਼ੰਕਰ ਮਹਿਰਾ
ਫੋਨ: 91-99888-98227
ਬੰਬੀਹਾ ਇੱਕ ਅਦਭੁੱਤ ਪੰਛੀ ਹੈ, ਜੋ ਬਹੁਤ ਕਮਜੋਰ ਅਤੇ ਗਰੀਬੀ ਦਾ ਪ੍ਰਤੀਕ ਇੱਕ ਨਿਮਾਣਾ ਜੀਵ ਹੈ। ਬੰਬੀਹਾ ਕੋਇਲ ਪਰਿਵਾਰ ਦਾ ਪੰਛੀ ਹੈ, ਜੋ ਏਸ਼ੀਆ ਅਤੇ ਅਫਰੀਕੀ ਮਹਾਦੀਪ ਵਿਚ ਪਾਇਆ ਜਾਂਦਾ ਹੈ। ਇਹ ਅੰਸ਼ਕ ਪਰਵਾਸੀ ਪੰਛੀ ਹੈ, ਜਿਸ ਦੀ ਆਮਦ ਨੂੰ ਮੌਨਸੂਨ ਦੀ ਆਮਦ ਦਾ ਸੰਕੇਤ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਲੋਕਾਂ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਪਪੀਹੇ ਅਤੇ ਮੀਂਹ ਨੂੰ ਆਪਸ ਵਿਚ ਜੋੜਿਆ ਹੋਇਆ ਹੈ, ਕਿਉਂਕਿ ਇਹ ਮੌਨਸੂਨ ਦੀਆਂ ਹਵਾਵਾਂ ਦੇ ਅੱਗੇ ਅੱਗੇ ਉਤਰੀ ਭਾਰਤ ਦੇ ਇਲਾਕਿਆਂ ਵਿਚ ਅਫਰੀਕਾ ਤੋਂ ਆਉਂਦਾ ਹੈ ਅਤੇ ਬਰਸਾਤ ਦੇ ਮੌਸਮ ‘ਚ ਇੱਥੇ ਹੀ ਰਹਿੰਦਾ ਹੈ।

ਇਹ ਸ਼ਕਲ ਤੇ ਸਰੀਰਕ ਬਣਤਰ ਪੱਖੋਂ ਹੀ ਨਹੀਂ, ਸਗੋਂ ਇਸ ਦੇ ਉਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁਲ ਸ਼ਿਕਰੇ ਜਿਹਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿਚ ਇਸ ਨੂੰ ਕਾਮਨ ਹਾਕ ਕਹਿੰਦੇ ਹਨ। ਬੰਬੀਹੇ ਦਾ ਵਿਗਿਆਨਕ ਨਾਮ ਕਲਾਮੇਟਰ ਜੇਕੋਬਾਈਨਸ ਹੈ, ਇਸ ਨੂੰ ਪਪੀਹਾ, ਬਾਬੀਹਾ, ਚਾਤ੍ਰਿਕ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਹਿੰਦੀ ਵਿਚ ਚਾਤ੍ਰਿਕ ਅਤੇ ਅੰਗਰੇਜ਼ੀ ਵਿਚ ਜੇਕੋਬਿਨ ਕੂਕੁ ਕਹਿੰਦੇ ਹਨ।
ਭਾਈ ਕਾਹਨ ਸਿੰਘ ਨੇ ਮਹਾਨ ਕੋਸ਼ ਵਿਚ ਬਬੀਹੇ, ਪਪੀਹੇ ਅਤੇ ਚਾਤ੍ਰਿਕ ਦੇ ਭਾਵ ਅਰਥ ‘ਜਿਗਿਆਸੂ’ ਦਿੱਤੇ ਹਨ।
ਇਸ ਦੀ ਚੁੰਝ ਦਾ ਆਕਾਰ ਵੱਖਰੀ ਕਿਸਮ ਦਾ ਹੁੰਦਾ ਹੈ, ਬਾਕੀ ਪੰਛੀਆਂ ਦੀ ਚੁੰਝ ਦੀ ਢਾਲ ਹੇਠਾਂ ਨੂੰ ਬਣੀ ਹੁੰਦੀ ਹੈ। ਇਸ ਦੀ ਚੁੰਝ ਸਿੱਧੀ ਹੁੰਦੀ ਹੈ, ਜਿਸ ਕਾਰਨ ਇਹ ਆਪਣੀ ਚੁੰਝ ਨਾਲ ਪਾਣੀ ਨਹੀਂ ਪੀ ਸਕਦਾ। ਸਿਰ ‘ਤੇ ਵਾਲਾਂ ਦੀ ਇੱਕ ਟੋਪੀ ਜਿਹੀ ਬਣੀ ਹੁੰਦੀ ਹੈ। ਇਸ ਦੀ ਪੂਛ ਲੰਮੀ ਹੁੰਦੀ ਹੈ। ਪਪੀਹਾ ਆਮ ਤੌਰ ‘ਤੇ ਕੀੜੇ ਮਕੌੜੇ ਖਾਂਦਾ ਹੈ, ਜੋ ਬਸੰਤ ਅਤੇ ਵਰਖਾ ਵਿਚ ਅਕਸਰ ਅੰਬ ਦੇ ਬੂਟੇ ਉਤੇ ਬੈਠ ਕੇ ਬੜੀ ਸੁਰੀਲੀ ਅਵਾਜ਼ ਵਿਚ ਬੋਲਦਾ ਹੈ। ਪਪੀਹਾ ਦਰਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉਤਰਦਾ ਹੈ ਅਤੇ ਉਸ ਉਤੇ ਵੀ ਇੰਜ ਛਿਪ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਜ਼ਰ ਕਦੇ ਹੀ ਉਸ ਉਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸੀਲੀ ਹੁੰਦੀ ਹੈ, ਕੋਇਲ ਦੀ ਬੋਲੀ ਤੋਂ ਵੀ ਵੱਧ ਮਿਠਾਸ ਭਰੀ।
ਇਹ ਵੀ ਪ੍ਰਚਲਿਤ ਹੈ ਕਿ ਇਹ ਸਿਰਫ ਵਰਖਾ ਦੀ ਬੂੰਦ ਦਾ ਹੀ ਜਲ ਪੀਂਦਾ ਹੈ, ਪਿਆਸ ਹੱਥੋਂ ਮਰ ਰਿਹਾ ਵੀ ਨਦੀ, ਤਲਾਬ ਆਦਿ ਦੇ ਪਾਣੀ ਵਿਚ ਚੁੰਜ ਨਹੀਂ ਡੁਬੋਂਦਾ। ਉਸ ਦੀ ਤਾਂਘ ਬਸ ਸਵਾਤੀ ਬੂੰਦ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਪਪੀਹੇ ਦੀ ਪੁਕਾਰ ਸੁਣ ਕੇ ਮੇਘ ਛਾ ਜਾਂਦਾ ਹੈ। ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦੀ ਇਕ ਬੂੰਦ ਹੀ ਉਸ ਨੂੰ ਜੀਵਨ-ਦਾਨ ਦਿੰਦੀ ਹੈ। ਚਾਤ੍ਰਿਕ ਦੀ ਪੁਕਾਰ ਨਾਲ ਮੇਘ ਵਰ੍ਹਦਾ ਹੈ ਤਾਂ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ। ਬਰਸਾਤ ਨਾਲ ਇਸ ਦੀ ਇੰਨੀ ਮੁਹਬੱਤ ਦੇਖ ਕੇ, ਕਈ ਪੁਰਾਣੇ ਲੋਕਾਂ ਨੇ ਇਸ ਨੂੰ ਬਰਸਾਤੀ ਪਪੀਹੇ ਦਾ ਨਾਂ ਵੀ ਦੇ ਦਿੱਤਾ।
ਸੱਤ ਸਮੁੰਦਰ ਦੀ ਸੈਰ ਕਰਨ ਵਾਲਾ ਬਰਸਾਤ ਦੀਆਂ ਬੂੰਦਾਂ ਦਾ ਇਹ ਪ੍ਰੇਮੀ, ਸੁਭਾਅ ਪੱਖੋਂ ਨਿਰਮੋਹੀ ਹੁੰਦਾ ਹੈ। ਇਹ ਨਾ ਹੀ ਆਪਣਾ ਆਲ੍ਹਣਾ ਬਣਾਉਂਦਾ ਹੈ ਅਤੇ ਨਾ ਹੀ ਆਪਣੇ ਬੋਟਾਂ ਨੂੰ ਪਾਲਦਾ ਹੈ। ਮਾਦਾ ਅਪਰੈਲ ਤੋਂ ਜੂਨ ਮਹੀਨੇ ਵਿਚ ਆਂਡੇ ਦਿੰਦੀ ਹੈ। ਜਿਨ੍ਹਾਂ ਨੂੰ ਉਹ ਚੁੱਪ ਚਾਪ ਦੂਜੇ ਪੰਛੀ ਜਿਵੇਂ ਕੋਇਲ ਆਦਿ ਦੇ ਆਲ੍ਹਣਿਆਂ ਵਿਚ ਰੱਖ ਆਉਂਦੀ ਹੈ। ਇਸ ਦੇ ਆਂਡਿਆਂ ਦਾ ਰੰਗ ਕੋਇਲ ਦੇ ਆਂਡਿਆਂ ਜਿਹਾ ਨੀਲਾ ਹੁੰਦਾ ਹੈ। ਬਰਸਾਤ ਪਿਛੋਂ ਇਹ ਪੰਛੀ ਦਿਖਾਈ ਨਹੀਂ ਦਿੰਦਾ। ਇਸ ਨੂੰ ਸਰਦੀ ਵਿਚ ਰਹਿਣਾ ਪਸੰਦ ਨਹੀਂ। ਸਰਦੀ ਦੇ ਦਿਨਾਂ ਵਿਚ ਇਹ ਦੱਖਣ ਵੱਲ ਚਲਾ ਜਾਂਦਾ ਹੈ, ਜਿਥੇ ਸਰਦੀ ਘੱਟ ਹੁੰਦੀ ਹੈ।
ਭਾਰਤੀ ਇਤਿਹਾਸ, ਮਿਥਿਹਾਸ ਅਤੇ ਕਵਿਤਾ ਵਿਚ ਇਸ ਦਾ ਜ਼ਿਕਰ ਮਿਲਦਾ ਹੈ। ਕਾਲੀਦਾਸ ਨੇ ਆਪਣੇ ਕਾਵਿ ‘ਮੇਘਦੂਤ’ ਵਿਚ ਬੰਬੀਹੇ ਨੂੰ ਤ੍ਰਿਸ਼ਨਾ ਦੇ ਰੂਪ ਵਿਚ ਦਰਸਾਇਆ ਹੈ।
ਬੰਬੀਹਾ ਉਡਦਾ ਹੋਇਆ ਰੱਬ ਅੱਗੇ ਮੀਂਹ ਲਈ ਅਰਜੋਈ ਕਰਦਾ ਹੈ। ਗੁਰਬਾਣੀ ਅਨੁਸਾਰ ਬੰਬੀਹਾ ਅੰਮ੍ਰਿਤ ਵੇਲੇ ਪਰਮਾਤਮਾ ਦੇ ਕੋਲੋ ਸਵਾਤੀ ਬੂੰਦ ਲਈ ਪੁਕਾਰ ਕਰਦਾ ਤਾਂ ਜੋ ਉਸ ਦੀ ਤ੍ਰੇਹ ਬੁਝ ਸਕੇ। ਜਦੋਂ ਪਰਮਾਤਮਾ ਮਿਹਰਵਾਨ ਹੋ ਕੇ ਮੀਂਹ ਵਰਸਾਉਂਦਾ ਹੈ ਤਾਂ ਉਸ ਮੀਂਹ ਦੀਆਂ ਬੂੰਦਾ ਉਸ ਦੇ ਉਪਰ ਉਠੇ ਮੂੰਹ ਵਿਚ ਪੈਂਦੀਆਂ ਹਨ, ਪਰ ਉਸ ਮੀਂਹ ਵਿਚੋਂ ਇਕ ਖਾਸ ਬੂੰਦ, ਜਿਸ ਨੂੰ ਸਵਾਤੀ ਬੂੰਦ ਕਹਿੰਦੇ ਹਨ, ਜਦੋਂ ਬੰਬੀਹੇ ਦੇ ਮੂੰਹ ਵਿਚ ਡਿੱਗਦੀ ਹੈ ਤਾਂ ਇਹ ਉਸ ਦੇ ਸਰੀਰ ਵਿਚ ਚਲੀ ਜਾਂਦੀ ਹੈ, ਜਿਸ ਨਾਲ ਉਸ ਦੀ ਪਿਆਸ ਬੁਝਦੀ ਹੈ ਤਾਂ ਹੀ ਗੁਰਬਾਣੀ ਵਿਚ ਮਨੁੱਖ ਨੂੰ ਬੰਬੀਹੇ ਦੀ ਮਿਸਾਲ ਦੇ ਕੇ ਸਮਝਾਇਆ ਗਿਆ ਹੈ ਕਿ ਉਹ ਵੀ ਅੰਮ੍ਰਿਤ ਵੇਲੇ ਉਠ ਕੇ ਪਰਮਾਤਮਾ ਕੋਲੋਂ ਨਾਮ ਰੂਪੀ ਸਵਾਤੀ ਬੂੰਦ ਦੀ ਮੰਗ ਕਰੇ, ਜਿਸ ਨਾਲ ਉਸ ਦੇ ਤੜਪ ਰਹੇ ਹਿਰਦੇ ਨੂੰ ਸ਼ਾਂਤੀ ਮਿਲੇ।
ਇਸ ਪੰਛੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ (ਪੰਨਾ 1285) ਵਿਚ ਇਉਂ ਮਿਲਦਾ ਹੈ,
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ
ਤਾਂ ਦਰਿ ਸੁਣੀ ਪੁਕਾਰ॥
ਮੇਘੈ ਨੋ ਫੁਰਮਾਨੁ ਹੋਆ
ਵਰਸਹੁ ਕਿਰਪਾ ਧਾਰਿ॥
ਹਉ ਤਿਨ ਕੈ ਬਲਿਹਾਰਣੈ
ਜਿਨੀ ਸਚੁ ਰਖਿਆ ਉਰਿ ਧਾਰਿ॥
ਨਾਨਕ ਨਾਮੇ ਸਭ ਹਰੀਆਵਲੀ
ਗੁਰ ਕੈ ਸਬਦਿ ਵੀਚਾਰਿ॥੧॥

ਕਬੀਰ ਅੰਬਰ ਘਨਹਰੁ ਛਾਇਆ
ਬਰਖਿ ਭਰੇ ਸਰ ਤਾਲ॥
ਚਾਤਰਿਕ ਜਿਉ ਤਰਸਤ ਰਹੈ
ਤਿਨ ਕਉ ਕਉਨੁ ਹਵਾਲੁ॥
ਪੰਜਾਬ ਦੇ ਜਿਲਾ ਬਠਿੰਡਾ ਦੇ ਇੱਕ ਪਿੰਡ ਦਾ ਨਾਮ ਵੀ ‘ਬੰਬੀਹਾ’ ਹੈ। ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਸਾਬੋ ਕੀ ਤਲਵੰਡੀ ਜਾਂਦੇ ਹੋਏ ਇੱਥੇ ਨੌਂ ਦਿਨ ਇੱਕ ਟੋਭੇ ਦੇ ਕੰਢੇ ਰੁਕੇ ਸਨ। ਉਸ ਸਥਾਨ ‘ਤੇ ਅੱਜ ਕਲ੍ਹ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ। ਉਸ ਟੋਭੇ ਨੂੰ ਸਰੋਵਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿਚ ਇਸ ਦੀ ਆਮਦ ਖੁਸ਼ੀ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ। ਇਹ ਪੰਛੀ ਅਫਰੀਕਾ ਤੋਂ ਮੌਨਸੂਨ ਪੌਣਾਂ ਸ਼ੁਰੂ ਹੋਣ ਤੋਂ ਪਹਿਲਾ ਆਉਂਦੇ ਹਨ। ਇਸ ਤਰ੍ਹਾਂ ਇਸ ਦੀ ਆਮਦ ਤੋਂ ਲੋਕ ਬਰਸਾਤ ਦਾ ਅੰਦਾਜ਼ਾ ਲਾ ਲੈਂਦੇ ਸਨ। ਬੰਬੀਹੇ ਦੀ ਅਵਾਜ਼ ਖੁਸ਼ੀ ਅਤੇ ਖੇੜੇ ਦਾ ਸੁਨੇਹਾ ਲੈ ਕੇ ਆਉਂਦੀ ਸੀ। ਲੋਕ ਗੀਤਾਂ ਵਿਚ ਵੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਬੰਬੀਹੇ ਨੂੰ ਮਾਧਿਅਮ ਬਣਾਇਆ ਗਿਆ।
ਵਿਆਹ ਵਿਚ ਨਾਨਕ ਛੱਕ ਭਰਨ ਆਏ ਨਾਨਕੇ ਮੇਲ ਦੀ ਪੂਰੀ ਚੜ੍ਹਤ ਹੁੰਦੀ ਹੈ। ਪੁਰਾਣੇ ਸਮੇਂ ‘ਚ ਜਦ ਪੇਕੇ ਆਪਣੀ ਧੀ ਦੇ ਪੁੱਤ ਜਾਂ ਧੀ ਦੇ ਵਿਆਹ ਲਈ ਉਸ ਦੇ ਸਹੁਰੇ ਪਿੰਡ ਆਉਂਦੇ ਸਨ ਤਾਂ ਪੂਰੇ ਰੋਹਬ ਅਤੇ ਠੁੱਕ ਨਾਲ ਆਉਂਦੇ ਸਨ। ਨਾਨਕੇ ਮੇਲ ਦੀਆਂ ਮੇਲਣਾਂ ਵੱਲੋਂ ਇਸ ਸਮੇਂ ਬੰਬੀਹਾ ਬੁਲਾਇਆ ਜਾਂਦਾ, ਸੋਹਣੇ ਸ਼ਿੰਗਾਰੇ ਡੰਡੇ ਨੂੰ ਖੜਕਾ ਖੜਕਾ ਕੇ ਬੋਲੀ ਪਾਈ ਜਾਂਦੀ ਸੀ,
ਬੋਲੇ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਜੀਤੋ ਕੁਰੇ ਤੇਰੇ ਬਾਰ ਨੀ, ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਨਿਕਲ ਘਰਾਂ ‘ਚੋਂ ਬਾਹਰ ਨੀ, ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਭੰਨ ਦਿਆਂਗੇ ਬਾਰ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ…
ਬੋਲੇ ਨੀ ਬੰਬੀਹਾ ਬੋਲੇ…।
ਇਸ ਤਰ੍ਹਾਂ ਨਾਨਕਾ ਮੇਲ ਦਾ ਵਿਆਹ ਵਾਲੇ ਪਿੰਡ ਵਿਚ ਦਾਖਲਾ ਪੂਰੀ ਸ਼ਾਨੋ ਸ਼ੌਕਤ ਨਾਲ ਹੁੰਦਾ। ਗੀਤਾਂ ਅਤੇ ਲੋਕ ਬੋਲੀਆਂ ਦੀ ਛਹਿਬਰ ਨਾਲ ਵਿਆਹ ਵਾਲੇ ਘਰ ਦਾ ਮਾਹੌਲ ਹੋਰ ਵੀ ਵੱਧ ਖੁਸ਼ਨੁਮਾ ਬਣ ਜਾਂਦਾ। ਸੋ ਬੰਬੀਹਾ ਨਾਨਕਿਆਂ ਦੀ ਠੁੱਕ ਦਾ ਪ੍ਰਤੀਕ ਹੈ।
‘ਬੰਬੀਹਾ ਬੋਲੇ’ ਬਹੁਤ ਵਧੀਆ ਤੇ ਪੁਰਾਣਾ ਲੋਕ ਗੀਤ ਹੈ। ਬਹੁਤ ਸਾਰੇ ਕਲਾਕਾਰਾਂ ਨੇ ਇਸ ‘ਤੇ ਹੱਥ ਅਜ਼ਮਾਈ ਕੀਤਾ। ਉਨ੍ਹਾਂ ਆਪਣੇ ਆਪਣੇ ਅੰਦਾਜ਼ ਵਿਚ ਇਸ ਨੂੰ ਗਾਇਆ, ਪਰ ਅੱਜ ਕੱਲ ਦੇ ਗਾਇਕ ਇਸ ਨੂੰ ਜਿਸ ਤਰੀਕੇ ਨਾਲ ਲੋਕਾਂ ਅੱਗੇ ਪਰੋਸ ਰਹੇ ਹਨ, ਉਹ ਜਰੂਰ ਚਿੰਤਾ ਦਾ ਵਿਸ਼ਾ ਹੈ। ਬੰਬੀਹਾ ਕਦੇ ਵੀ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾਉਣ ਵਾਲਾ, ਕਤਲ ਕਰਨ ਵਾਲਾ, ਅਸਲੇ ਨੂੰ ਪ੍ਰੋਮੋਟ ਕਰਨ ਵਾਲਾ ਨਹੀਂ ਸੀ। ਅਸਲ ਬੰਬੀਹਾ ਕਾਦਰ ਦੀ ਕੁਦਰਤ ਵਿਚ ਇੱਕ ਮਿਕ ਹੋ ਕੇ ਪ੍ਰਭੂ ਨੂੰ ਪਾਉਣ ਵਾਲਾ, ਖੁਸ਼ੀਆਂ ਖੇੜੇ ਵੰਡਣ ਵਾਲਾ, ਸਬਰ ਸੰਤੋਖ ਵਾਲਾ, ਵੈਰਾਗ ਅਤੇ ਤਿਆਗ ਦੀ ਮੂਰਤ ਹੈ। ਸਕਾਰਾਤਮਕਤਾ ਦਾ ਪ੍ਰਤੀਕ ਹੈ। ਪ੍ਰਭੂ ਭਗਤੀ ਦਾ ਪ੍ਰਤੀਕ ਹੈ। ਬੰਦਾ ਮਾਰਨਾ ਜਾਂ ਕਾਨੂੰਨ ਆਪਣੇ ਹੱਥ ‘ਚ ਲੈਣ ਦਾ ਹਾਮੀ ਨਹੀਂ। ਅੱਜ ਕੱਲ ਦੇ ਗੀਤਾਂ ਵਿਚ ਪੇਸ਼ ਕੀਤੇ ਅਕਸ ਨੂੰ ਦੇਖ ਕੇ ਅਸਲ ਬੰਬੀਹਾ ਇਉਂ ਕਹਿੰਦਾ ਪ੍ਰਤੀਤ ਹੁੰਦਾ ਹੈ,
ਮੈਂ ਬੰਬੀਹਾ ਬੋਲਦਾ ਜ਼ਰੂਰ,
ਪਰ ਕਦੇ ਇੱਦਾਂ ਨਹੀਂਓ ਬੋਲਿਆ। (ਜਸਵਿੰਦਰ ਚਾਹਲ)
ਕਲਮ ਦੀ ਤਾਕਤ ਹਥਿਆਰਾਂ ਦੀ ਤਾਕਤ ਤੋਂ ਕਿਤੇ ਉਪਰ ਹੁੰਦੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਹਥਿਆਰਾਂ ਤੋਂ ਨਾ ਹਾਰਨ ਵਾਲਾ ਜਾਲਮ ਬਾਦਸ਼ਾਹ ਔਰਗਜ਼ੇਬ ਗੁਰੂ ਗੋਬਿੰਦ ਸਿੰਘ ਦੀ ਜੀ ਕਲਮ ਨਾਲ ਲਿਖੇ ਜ਼ਫਰਨਾਮਾ ਨਾਲ ਢਹਿ ਢੇਰੀ ਹੋ ਗਿਆ। ਸੋ, ਕਲਮਕਾਰਾਂ, ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲਿਆਂ ਪੀੜ੍ਹੀਆਂ ਦੇ ਪੈਰਾਂ ਵਿਚ ਕੰਡੇ ਨਾ ਬੀਜਣ। ਚੰਗਾ ਲਿਖਣ ਤਾਂ ਜੋ ਨਵੀਂ ਪੀੜ੍ਹੀ ਇਸ ਤੋਂ ਕੁਝ ਸੇਧ ਲੈ ਸਕੇ।