ਕੌਮਾਂਤਰੀ ਸਮੱਸਿਆਵਾਂ ‘ਚ ਉਲਝਿਆ ਚੀਨ ਕੀ ਭਾਰਤ ਨਾਲ ਜੰਗ ਛੇੜੇਗਾ?

ਭਾਰਤ-ਚੀਨ ਸਰਹੱਦੀ ਵਿਵਾਦ
ਐਸ਼ ਅਸ਼ੋਕ ਭੌਰਾ
ਸਰਹੱਦ ‘ਤੇ ਚੀਨ ਅਤੇ ਭਾਰਤ ਵਿਚਾਲੇ ਵਧ ਰਿਹਾ ਤਣਾਓ ਕੋਈ ਆਮ ਵਰਤਾਰਾ ਨਹੀਂ ਹੈ, ਸਗੋਂ ਇਸ ਨੂੰ ਅਮਰੀਕਾ ਸਮੇਤ ਦੁਨੀਆਂ ਦੇ ਵੱਡੇ ਤੇ ਤਾਕਤਵਰ ਮੁਲਕ ਗਲੋਬਲ ਮਾਈਕਰੋਸਕੋਪ ਨਾਲ ਦੇਖ ਰਹੇ ਹਨ। ਅਸਲ ਵਿਚ ਇਸ ਵੇਲੇ ਚੀਨ ਭਾਰਤ ਨਾਲ ਹੀਂ ਨਹੀਂ ਢਿੱਡ ਅੜਿੱਕਾ ਲੈ ਰਿਹਾ, ਸਗੋਂ ਜੋ ਉਹ ਹਾਂਗਕਾਂਗ, ਤਾਇਵਾਨ ਅਤੇ ਵੀਅਤਨਾਮ ਵਿਚ ਕਰ ਰਿਹਾ ਹੈ, ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਚਿੜੀ ਦੇ ਪਹੁੰਚੇ ਜਿੱਡਾ ਮੁਲਕ ਨੇਪਾਲ, ਜੋ ਆਪਣੀ ਸਮਾਜਕ, ਆਰਥਕ, ਭੁਗੋਲਿਕ ਅਤੇ ਰਾਜਨੀਤਕ ਲੜਾਈ ਭਾਰਤ ਦੀ ਛਤਰੀ ਹੇਠ ਹੀ ਲੜਦਾ ਰਿਹਾ ਹੈ, ਜੇ ਭਾਰਤ ਨਾਲ ਸਰਹੱਦੀ ਵਿਵਾਦ ਵਿਚ ਉਲਝ ਰਿਹਾ ਹੈ ਤਾਂ ਸੱਚ ਨਹੀਂ ਕਿ ਸਥਿਤੀ ‘ਤੂੰ ਨਹੀਂ ਬੋਲਦੀ’ ਵਾਂਗ ਪੂਰੀ ਤਰ੍ਹਾਂ ਸਪੱਸ਼ਟ ਹੈ। ਅਮਰੀਕਾ ਚੀਨ ਨੂੰ ਸਬਕ ਸਿਖਾਉਣ ਦੇ ਦਬਕੇ ਮਾਰ ਰਿਹਾ ਹੈ, ਭਾਰਤ ਨਾਲ ਦੋਸਤੀ ਦੀਆਂ ਦੋਵੇਂ ਬਾਹਵਾਂ ਖੋਲ੍ਹ ਰਿਹਾ ਹੈ, ਚੀਨ ਤੇ ਪਾਕਿਸਤਾਨ ਦੀ ਹੋਰ ਮੁਹੱਬਤ ਵਧਣ ਪਿੱਛੇ ਧਾਰਾ 370 ਦੀ ਵੀ ਇਕ ਪੀੜਾ ਹੈ।

ਇਸ ਵੇਲੇ ਹਾਲਾਤ ਇਹ ਹਨ ਕਿ ਹਜ਼ਾਰਾਂ ਦੀ ਗਿਣਤੀ ‘ਚ ਚੀਨੀ ਫੌਜ ਪੂਰਬੀ ਲੱਦਾਖ ਨਾਲ ਲੱਗਦੀ ਸਰਹੱਦ ਦੇ ਨੇੜੇ ਤਾਇਨਾਤ ਹੋ ਗਈ ਹੈ, ਜਿਸ ਨੂੰ ਭਾਰਤ ਆਪਣਾ ਖੇਤਰ ਮੰਨਦਾ ਹੈ। ਪਹਿਲੀ ਵਾਰ ਹੈ ਕਿ ਜਦੋਂ ਚੀਨ ਨੇ ਤੰਬੂ ਲਾਏ ਹਨ, ਫੌਜਾਂ ਅਤੇ ਲੜਾਕੂ ਜਹਾਜ ਲਿਆ ਖੜ੍ਹੇ ਕੀਤੇ ਹਨ। ਦੂਜੇ ਪਾਸੇ ਭਾਰਤੀ ਫੌਜ ਵੀ ਹਿਮਾਲੀਅਨ ਸਰਹੱਦ ਲੇਹ ਤੋਂ ਚੀਨ ਦੀ ਹੱਦ ਤੱਕ ਅਨੇਕਾਂ ਬਟਾਲੀਅਨਾਂ ਨੂੰ ਭੇਜ ਕੇ ਟਿਕਾਣੇ ਬਣਾ ਚੁਕੀ ਹੈ ਅਤੇ ਸ਼ਿਸ਼ਤ ਲਾਈ ਬੈਠੀ ਹੈ। 120 ਮੀਲ ਤੋਂ ਵੀ ਘੱਟ ਦੂਰੀ ‘ਤੇ ਫੌਜੀ ਏਅਰਬੇਸ ਸਥਾਪਤ ਕਰਨੇ, ਨਵੇਂ ਰਨਵੇਅ ਬਣਾਉਣੇ ਅਤੇ ਜੰਗੀ ਜਹਾਜ ਲਿਆ ਕੇ ਖੜ੍ਹੇ ਕਰਨੇ ਨਾ ਸਿਰਫ ਦੋਹਾਂ ਦੇਸ਼ਾਂ ਲਈ ਖਤਰਨਾਕ ਹਨ, ਸਗੋਂ ਏਸ਼ੀਆ ਖਿੱਤੇ ਲਈ ਇਹ ਇਕ ਭਿਆਨਕ ਭਵਿੱਖ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕਰੀਬ 2100 ਮੀਲ ਭਾਰਤ-ਚੀਨ ਸਰਹੱਦ, ਜਿਸ ਦਾ ਬਹੁਤਾ ਹਿੱਸਾ ਅਧਿਕਾਰਤ ਹੱਦਬੰਦੀ ਨਾ ਹੋਣ ਕਾਰਨ ਵਿਵਾਦਪੂਰਨ ਰਿਹਾ ਹੈ, ਇਹ ਦੋਵੇਂ ਦੇਸ਼ 1962 ਵਿਚ ਕਿਸੇ ਕਰਕੇ ਸੰਖੇਪ, ਪਰ ਅਹਿਮ ਯੁੱਧ ਵੀ ਲੜ ਚੁਕੇ ਹਨ। ਚੀਨ ਦੀ ਹੁਣ ਤੱਕ ਇਹ ਵੀ ਧੌਂਸ ਰਹੀ ਕਿ ਉਹ ਭਾਰਤ ਦੇ ਰਾਜ ਅਰੁਣਾਚਲ ਪ੍ਰਦੇਸ਼ ਨੂੰ ਹਾਲੇ ਤੱਕ ਵੀ ਆਪਣਾ ਖੇਤਰ ਮੰਨਦਾ ਆ ਰਿਹਾ ਹੈ, ਜਦਕਿ ਭਾਰਤ ਸਰਹੱਦੀ ਨਿਯੰਤਰਿਤ ਰੇਖਾ ਤੱਕ ਆਪਣਾ ਹਿੱਸਾ ਮੰਨਦਾ ਆਇਆ ਹੈ। ਦੋਵੇਂ ਦੇਸ਼ਾਂ ਨੇ ਫੌਜੀ ਸਰਹੱਦਾਂ ‘ਤੇ ਹੱਥੋਪਾਈ ਕੀਤੀ ਹੈ, ਇਕ ਦੂਜੇ ‘ਤੇ ਪੱਥਰ ਮਾਰੇ ਹਨ, ਪਰ ਗੋਲੀਬਾਰੀ ਸਬੱਬੀਂ ਕਦੇ ਵੀ ਨਹੀਂ ਹੋਈ।
ਚੀਨ ਦੀ ਵੱਖੀ ‘ਚ ਕੂਹਣੀ ਮਾਰਨ ਦੀ ਕਾਹਲ ‘ਚ ਖੜ੍ਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਮੇ ਸਮੇਂ ਤੋਂ ਖੇਤਰੀ ਵਿਵਾਦ ਵਿਚ ਉਲਝੀਆਂ ਇਨ੍ਹਾਂ ਦੋਵੇਂ ਏਸ਼ੀਆਈ ਤਾਕਤਾਂ ਵਿਚਾਲੇ ਹੋਣ ਵਾਲੇ ਤਕਰਾਰ ਨੂੰ ਹੱਲ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਕਰ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਅਮਰੀਕਾ ਦੋਵੇਂ ਦੇਸ਼ਾਂ ਦੇ ਸਰਹੱਦੀ ਵਿਵਾਦ ‘ਚ ਅਹਿਮ ਰੋਲ ਅਦਾ ਕਰਨ ਦੇ ਸਮਰੱਥ ਹੈ ਅਤੇ ਤਿਆਰ ਵੀ ਹੈ। ਇਸ ਖਬਰ ਨੂੰ ਭਾਵੇਂ ਅਮਰੀਕਾ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੇ ਬਹੁਤੀ ਤਰਜ਼ੀਹ ਨਾ ਦਿੱਤੀ ਹੋਵੇ, ਪਰ ‘ਵਾਸ਼ਿੰਗਟਨ ਪੋਸਟ’ ਅਤੇ ‘ਵਾਲ ਸਟਰੀਟ’ ਜਿਹੀਆਂ ਅਖਬਾਰਾਂ ਅੱਜ ਕੱਲ੍ਹ ਭਾਰਤ-ਚੀਨ ਵਿਵਾਦ ਨੂੰ ਖਬਰਾਂ ਦੇ ਰੂਪ ਵਿਚ ਤਰਜ਼ੀਹੀ ਤੌਰ ‘ਤੇ ਪੇਸ਼ ਕਰ ਰਹੀਆਂ ਹਨ।
ਅਮਰੀਕਾ ਅਜਿਹਾ ਕਿਉਂ ਕਰ ਰਿਹਾ ਹੈ? ਇਸ ਬਾਰੇ ਵਾਸ਼ਿੰਗਟਨ ਦੇ ਵਿਲਸਨ ਸੈਂਟਰ ਵਿਚ ਏਸ਼ੀਆਈ ਪ੍ਰੋਗਰਾਮ ਦੇ ਡਿਪਟੀ ਡਾਇਰੈਕਟਰ ਮਾਈਕਲ ਓਗੇਨਮੈਨ ਨੇ ਵੀ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਦੀਆਂ ਹਰਕਤਾਂ ਅਤੇ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਲੋੜ ਹੈ, ਕਿਉਂਕਿ ਇਹ ਭਾਰਤ ਦੀ ਤਾਕਤ ਨੂੰ ਤਾਰੋਤਾਰ ਕਰਨ ਦੀ ਇੱਛਾ ਇਸ ਲਈ ਰੱਖਦਾ ਹੈ, ਕਿਉਂਕਿ ਇਹੀ ਮੁਲਕ ਹੈ ਜੋ ਏਸ਼ੀਆ ‘ਚ ਚੀਨ ਦਾ ਜਮੂਰਾ ਨਹੀਂ ਬਣੇਗਾ ਅਤੇ ਅੱਖਾਂ ਦਿਖਾਏਗਾ। ਕਸ਼ਮੀਰ ਵਿਚ 370 ਦੇ ਖਾਤਮੇ ਬਾਰੇ ਉਹ ਪਾਕਿਸਤਾਨ ਤੋਂ ਵੱਧ ਕੱਪੜਿਆਂ ਤੋਂ ਬਾਹਰ ਹੋਇਆ ਫਿਰਦਾ ਹੈ। ਜਿਸ ਤਰ੍ਹਾਂ ਦੀ ਲਹਿਰ ਉਹ ਲੱਦਾਖ ਵਿਚ ਪੈਦਾ ਕਰ ਰਿਹਾ ਹੈ, ਉਹ ਬਹੁਤ ਫਿਕਰਮੰਦੀ ਵਾਲੀ ਹੈ ਤੇ ਅਮਰੀਕਾ ਇਹ ਸਭ ਕੁਝ ਬਹੁਤ ਨੇੜੇ ਤੋਂ ਤੱਕ ਰਿਹਾ ਹੈ। ਚੀਨ ਦਾ ਭਾਰਤੀ ਸਰਹੱਦਾਂ, ਸੜਕਾਂ ਅਤੇ ਹਵਾਈ ਅੱਡਿਆਂ ਦਾ ਨਿਰਮਾਣ ਬੀਜਿੰਗ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਦਾ ਚਿੰਤਿਤ ਹਿੱਸਾ ਹੈ ਤੇ ਉਹ ਇਸ ਪ੍ਰਾਜੈਕਟ ਤਹਿਤ ਕੇਂਦਰੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਚੀਨ ਨੂੰ ਯੂਰਪ ਨਾਲ ਜੋੜਨ ਵਾਲੀਆਂ ਸੜਕਾਂ, ਰੇਲਵੇ ਤੇ ਬੰਦਰਗਾਹਾਂ ਦਾ ਇਕ ਨੈਟਵਰਕ ਬਣਾ ਰਿਹਾ ਹੈ। ਇਸ ਵਿਚ ਉਸ ਦਾ ਮੁੱਖ ਸਹਿਯੋਗੀ ਅਤੇ ਭਾਰਤ ਦਾ ਦੁਸ਼ਮਣ ਪਾਕਿਸਤਾਨ ਵੀ ਸ਼ਾਮਿਲ ਹੈ।
ਜਦੋਂ ਇਸ ਵੇਲੇ ਪੂਰੀ ਦੁਨੀਆਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਲੱਗੀ ਹੋਈ ਹੈ ਤਾਂ ਚੀਨ ਕੀ ਕਰ ਰਿਹਾ ਹੈ? ਤਾਂ ਆਪਣੇ ਆਪ ਸਪੱਸ਼ਟ ਹੋ ਰਿਹਾ ਹੈ ਕਿ ਇਸ ਦੇਸ਼ ਦੀਆਂ ਨੀਤੀਆਂ ਅਤੇ ਨੀਅਤ ਠੀਕ ਨਹੀਂ ਹੈ। ਪਰ ਇਹ ਗੱਲ ਅਮਰੀਕਾ ਨੂੰ ਵੀ ਲੱਗਦੀ ਹੈ ਤੇ ਭਾਰਤ ਇਹ ਸਾਰੇ ਝਗੜੇ ਸੁਲਝਾਉਣ ਲਈ ਆਪ ਤਰੀਕੇ ਲੱਭੇਗਾ ਅਤੇ ਅਮਰੀਕੀ ਵਿਚੋਲਗੀ ਨੂੰ ਰੱਦ ਕਰ ਦੇਵੇਗਾ ਕਿਉਂਕਿ ਇਸ ਤੋਂ ਪਹਿਲਾਂ ਕਸ਼ਮੀਰੀ ਵਿਵਾਦ ਵਿਚ ਵੀ ਚਾਹੇ ਸੰਯੁਕਤ ਰਾਸ਼ਟਰ ਦੀ ਪੇਸ਼ਕਸ਼ ਹੋਵੇ ਤੇ ਚਾਹੇ ਸੰਯੁਕਤ ਰਾਜ ਅਮਰੀਕਾ ਦੀ, ਭਾਰਤ ਹਮੇਸ਼ਾ ਠੁਕਰਾਉਂਦਾ ਹੀ ਆਇਆ ਹੈ।
ਵੇਖਿਆ ਜਾਵੇ ਤਾਂ 5 ਅਤੇ 9 ਮਈ ਨੂੰ ਪੈਨਗੌਂਗ ਝੀਲ ਤੇ ਉਤਰੀ ਸਿੱਕਮ ਦੇ ਦੁਆਲੇ ਜਦੋਂ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਸਿੱਧੀਆਂ ਝੜਪਾਂ ਵਿਚ 100 ਤੋਂ ਵੱਧ ਫੌਜੀ ਜ਼ਖਮੀ ਹੋ ਗਏ ਤਾਂ ਦੋਹਾਂ ਹੀ ਦੇਸ਼ਾਂ ਨੇ ਹਮਲਾਵਰ ਫੌਜ ਤਾਇਨਾਤ ਕਰ ਦਿੱਤੀ ਸੀ। ਇਨ੍ਹਾਂ ਬਾਰੇ ਚੀਨ ਵਿਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਇਸ ਵਿਚ ਦਿੱਲੀ ਸਥਿਤ ਚੀਨੀ ਅਧਿਐਨ ਇੰਸਟੀਚਿਊਟ ਦੇ ਡਾਇਰੈਕਟਰ ਅਸ਼ੋਕ. ਕੇ. ਕਾਂਠਾ ਨੇ ਕਿਹਾ ਸੀ ਕਿ ਹਾਲ ਹੀ ਵਿਚ ਹੋਏ ਚੀਨ ਦੇ ਇਹ ਹਮਲੇ ਆਮ ਘਟਨਾਵਾਂ ਤੋਂ ਬਹੁਤ ਦੂਰ ਹਨ। ਕਾਂਠਾ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਆਮ ਘਟਨਾ ਹੈ, ਇਸ ਵਾਰ ਚੀਨ ਦਾ ਵਿਹਾਰ ਬਹੁਤ ਅਜੀਬ, ਤਿੱਖਾ, ਖੁੰਦਕ ਵਾਲਾ ਅਤੇ ਹਮਲਾਵਰ ਹੈ। ਵੱਡੀ ਗਿਣਤੀ ਵਿਚ ਫੌਜੀਆਂ ਦਾ ਸਮੱਰਥਨ ਹੈ ਤੇ ਇਸ ਵਰਤਾਰੇ ਨਾਲ ਚੀਨ ਨੂੰ ਸੰਵੇਦਨਸ਼ੀਲ, ਭੂ-ਰਾਜਨੀਤਕ ਮੁੱਦਿਆਂ ‘ਤੇ ਸਮਝਣ ਦੀ ਲੋੜ ਹੈ। ਕਾਂਠਾ ਨੇ ਸਪੱਸ਼ਟ ਕੀਤਾ ਸੀ ਕਿ ਚੀਨ ਨੂੰ ਧੌਂਸ ਤੇ ਬਦਮਾਸ਼ੀ ਵਾਲਾ ਵਿਹਾਰ ਤਿਆਗਣਾ ਹੋਵੇਗਾ ਤੇ ਇਹੋ ਹੀ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹੋਵੇਗਾ। ਭਾਰਤ ਦੀ ਅਸਲ ਕੰਟਰੋਲ ਰੇਖਾ, ਐਲ਼ ਓ. ਸੀ ਤੇ ਚੀਨੀ ਵਿਹਾਰ ਦੀ ਮੌਜੂਦਾ ਸਥਿਤੀ ਉਸ ਦੇ ਅੰਦਰਲੇ ਖੋਟ ਨੂੰ ਜੱਗ ਜਾਹਰ ਕਰ ਰਹੀ ਹੈ। ਹਾਲਾਂਕਿ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਫੌਜੀਆਂ ਦੇ ਸਰਹੱਦੀ ਧਾਵੇ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਜੋ ਇਸ ਵਕਤ ਦੁਨੀਆਂ ਦੇ ਹਾਲਾਤ ਤੇ ਪ੍ਰਸਥਿਤੀਆਂ ਹਨ, ਬੀਜਿੰਗ ਨੂੰ ਸੰਭਲਣ ਦੀ ਲੋੜ ਹੈ ਅਤੇ ਸੰਜਮ ਵਰਤਣਾ ਹੀ ਚੀਨ ਲਈ ਲਾਹੇਵੰਦ ਹੋਵੇਗਾ। ਉਂਜ ਗੁੰਝਲਦਾਰ ਤਣਾਅ ਨੂੰ ਦੂਰ ਕਰਨ ਲਈ ਡਿਪਲੋਮੈਟਿਕ ਮੀਟਿੰਗਾਂ ਸਹੀ ਦਿਸ਼ਾ ਵੱਲ ਗਈਆਂ ਹਨ। ਜਿਵੇਂ 2017 ਵਿਚ ਭਾਰਤ ਡੋਕਲਾਮ ਵਿਵਾਦਤ ਪਠਾਰ ਦਾ ਕੂਟਨੀਤਕ ਹੱਲ ਸਿਰਫ ਦੋ ਮਹੀਨਿਆਂ ਵਿਚ ਹੀ ਕਰ ਗਿਆ ਸੀ।
ਇਸ ਵਕਤ ਇਹ ਵੀ ਕਹਿਣਾ ਬਣਦਾ ਹੈ ਕਿ ਤਾਨਾਸ਼ਾਹ ਵਰਗੇ ਚੀਨੀ ਸਾਸ਼ਕ ਜਿੰਨ ਪਿੰਗ ਦੀਆਂ ਆਪਣੀਆਂ ਵੀ ਅੰਦਰੂਨੀ ਸਮੱਸਿਆਵਾਂ ਬਹੁਤ ਹਨ। ਅਮਰੀਕਾ ਨਾਲ ਸਬੰਧ ਇੱਟ-ਕੁੱਤੇ ਵਾਲੇ ਬਣੇ ਹੋਏ ਹਨ। ਚੀਨ ਕੌਮਾਂਤਰੀ ਵਪਾਰ ‘ਚ ਕਰੋਨਾ ਵਾਇਰਸ ਕਰਕੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਵਿਦੇਸ਼ੀ ਵਪਾਰਕ ਕੰਪਨੀਆਂ, ਉਦਯੋਗ ਚੀਨ ‘ਚੋਂ ਖਿਸਕਾਏ ਜਾਣ ਦੀ ਵਿਉਂਤਬੰਦੀ ਹੋ ਰਹੀ ਹੈ। ਵੱਡੀ ਪੱਧਰ ‘ਤੇ ਰੁਜ਼ਗਾਰ ਚੀਨ ‘ਚੋਂ ਵੀ ਖੁੱਸਦਾ ਜਾ ਰਿਹਾ ਹੈ, ਜਿਸ ਆਰਥਕ ਭਵਿੱਖ ਨੂੰ ਲੈ ਕੇ ਪੂਰਾ ਵਿਸ਼ਵ ਫਿਕਰ ‘ਚ ਸੁੰਗੜਦਾ ਜਾ ਰਿਹਾ ਹੈ, ਚੀਨ ਵੀ ਉਸ ਦੀ ਲਪੇਟ ਵਿਚ ਆਵੇਗਾ। ਬਿਨਾ ਓਵਰਟਾਈਮ ਦਿੱਤੇ 12-12 ਘੰਟੇ ਕੰਮ ਕਰਨ ਦੀ ਧੱਕੇਸ਼ਾਹੀ ਮੂੰਹੋਂ ਬੋਲਣ ਲੱਗੀ ਹੈ ਤੇ 140 ਕਰੋੜ ਦੇ ਕਰੀਬ ਚੀਨੀ ਲੋਕਾਂ ਦਾ ਧਿਆਨ ਮੂੰਹ ਘੁਮਾਉਣ ਦੀ ਜਿੰਨ ਪਿੰਗ ਦੀ ਕੋਸ਼ਿਸ਼ ਭਾਰਤ ਨਾਲ ਤਾਂ ਕੀ, ਅਮਰੀਕਾ ਨਾਲ ਵੀ ਖੜਕਾ-ਦੜਕਾ ਕਰ ਸਕਦੀ ਹੈ। ਕਹਿ ਉਹ ਇਹ ਵੀ ਰਿਹਾ ਹੈ ਕਿ ਚੀਨ ਲੜਾਈ ਦੀ ਤਿਆਰੀ ਨੂੰ ਵਧਾਉਂਦਾ ਵੀ ਆਇਆ ਹੈ, ਗੁੰਝਲਦਾਰ ਸਥਿਤੀਆਂ ਨਾਲ ਨਜਿੱਠ ਵੀ ਲੈਂਦਾ ਹੈ ਅਤੇ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਦੀ ਰਫਤਾਰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਹਾਲਾਂਕਿ ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਸਪੱਸ਼ਟ ਨਹੀਂ ਹੋਇਆ ਸੀ ਕਿ ਉਹ ਮੱਤ ਭਾਰਤ ਨੂੰ ਦੇ ਰਿਹਾ ਹੈ ਜਾਂ ਹਾਂਗਕਾਂਗ ਦੀ ਨੀਂਦ ਹਰਾਮ ਕਰਨੀ ਚਾਹੁੰਦਾ ਹੈ, ਪਰ ਬਾਅਦ ‘ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਚੀਨ ਭਾਰਤੀ ਸਰਹੱਦ ‘ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਵਚਨਬੱਧ ਹੈ।
ਵੇਖਿਆ ਜਾਵੇ ਤਾਂ ਭਾਰਤ ਲੰਮੇ ਸਮੇਂ ਤੋਂ ਅਮਰੀਕਾ ਦਾ ਗੂੜ੍ਹਾ ਮਿੱਤਰ ਤੇ ਨੇੜਲਾ ਸਹਿਯੋਗੀ ਰਿਹਾ ਹੈ ਅਤੇ ਏਸ਼ੀਆ ਵਿਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਸੰਤੁਲਿਤ ਰੱਖਣ ਲਈ ਵੱਡਾ ਰੋਲ ਵੀ ਅਦਾ ਕਰਦਾ ਹੈ। ਇਸੇ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਅਸੀਂ ਦੁਨੀਆਂ ਦੀ ਮਹਾਸ਼ਕਤੀ ਅਮਰੀਕਾ ਦੀ ਵਿਚੋਲਗੀ ਵਾਲੀ ਪੇਸ਼ਕਸ਼ ਦਾ ਸਵਾਗਤ ਕਰਦੇ ਹਾਂ, ਪਰ ਉਂਜ ਅਸੀਂ ਚੀਨ ਨਾਲ ਸ਼ਾਂਤੀਪੂਰਵਕ ਹੱਲ ਲਈ ਪੂਰੀ ਤਰ੍ਹਾਂ ਜੁੜੇ ਹੋਏ ਹਾਂ। ਸਾਡੀਆਂ ਫੌਜਾਂ ਸਰਹੱਦੀ ਪ੍ਰਤੀਬੰਧਨ ਨਾਲ ਬੇਹੱਦ ਸੁਹਿਰਦਤਾ ਅਤੇ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾ ਰਹੀਆਂ ਹਨ। ਅਸੀਂ ਵੀ ਸਮਝੌਤੇ ਦੇ ਪ੍ਰੋਟੋਕਾਲ ‘ਤੇ ਨਿਰਧਾਰਤ ਪ੍ਰਤੀਕ੍ਰਿਆ ਨਾਲ ਪਾਲਣਾ ਕਰਕੇ ਮਸਲਾ ਹੱਲ ਕਰਨ ਦੀ ਵਿਉਂਤਬੰਦੀ ਅਪਨਾ ਰਹੇ ਹਾਂ। ਸ੍ਰੀ ਅਨੁਰਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੀਨ ਸਰਹੱਦੀ ਰੁਕਾਵਟਾਂ ਨੂੰ ਉਕਸਾਉਣ ਦਾ ਦੋਸ਼ ਅਮਰੀਕਾ ਸਿਰ ਮੜ੍ਹ ਰਿਹਾ ਹੈ, ਗਲਤ ਹੈ। ਅਮਰੀਕਾ ਦੀ ਏਸ਼ੀਆ ਨੀਤੀ ਨਵੀਂ ਦਿੱਲੀ ਨੂੰ ਬੀਜਿੰਗ ਵਿਰੁੱਧ ਵਰਤਣ ਵਾਲੀ ਨਹੀਂ ਮੰਨਿਆ ਜਾ ਸਕਦਾ। ਭਾਰਤ ਨੇ ਕਦੇ ਵੀ ਇਸ ਖਿੱਤੇ ਵੀ ਗੈਰਜ਼ਿੰਮੇਵਾਰਾਨਾ ਹਰਕਤ ਨਹੀਂ ਕੀਤੀ। ਭਾਵੇਂ ਦੱਖਣੀ ਅਤੇ ਕੇਂਦਰੀ ਏਸ਼ੀਆਈ ਮਾਮਲਿਆਂ ਲਈ ਅਮਰੀਕਾ ਦੀ ਸਹਾਇਕ ਪਿੰ੍ਰਸੀਪਲ ਸਕੱਤਰ ਐਲਿਸ ਵੇਲਸ ਨੇ ਮੌਜੂਦਾ ਸਰਹੱਦੀ ਮਾਹੌਲ ‘ਤੇ ਚੀਨ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਇਸ ਬਾਰੇ ਬੋਲਦਿਆਂ ਭਾਰਤ ਨੇ ਇਹ ਕਿਹਾ ਹੈ ਕਿ ਇਹ ਸਥਿਤੀ ਅਮਰੀਕਾ ਦੀ ਚੀਨ ਨਾਲ ਵਿਗੜ ਰਹੀ ਸਥਿਤੀ ਤੇ ਦੁਸ਼ਮਣੀ ਦਾ ਪ੍ਰਤੀਬਿੰਬ ਹੈ। ਉਧਰ ਵਿਰੋਧੀਆਂ ਨੂੰ ਇਹ ਭੈਅ ਖਾ ਰਿਹਾ ਹੈ ਕਿ ਜਿਹਾ ਟਰੰਪ ਨੇ ਵਿਚੋਲਗੀ ਲਈ ਟਵੀਟ ਕੀਤਾ ਹੈ, ਜੇ ਸੰਯੁਕਤ ਰਾਸ਼ਟਰ ਵਿਚ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦੀ ਪਕੜ ਹੋਰ ਵੀ ਮਜ਼ਬੂਤ ਹੋਵੇਗੀ।
ਭਾਵੇਂ ਕਿਆਸਅਰਾਈਆਂ ਕੁਝ ਵੀ ਹੋਣ, ਪਰ ਕੌਮਾਂਤਰੀ ਰਾਜਨੀਤਕ ਵਿਸ਼ਲੇਸ਼ਕ ਅਤੇ ਅਮਰੀਕਾ ਦੇ ਸਮੱਚੇ ਅਖਬਾਰੀ ਸੰਪਾਦਕੀਆਂ ਦਾ ਨਿਚੋੜ ਇਹ ਹੈ ਕਿ ਜਦੋਂ ਅਮਰੀਕਾ ਤੇ ਭਾਰਤ ਕਰੋਨਾ ਮਹਾਮਾਰੀ ਨੂੰ ਲੈ ਕੇ ਆਰਥਕ ਪ੍ਰੇਸ਼ਾਨੀਆਂ ਦਾ ਭਵਿੱਖ ਵੇਖ ਕੇ ਗੰਭੀਰ ਚਿੰਤਿਤ ਹਨ ਅਤੇ ਚੀਨ ਆਪਣੀ ਹੀ ਕਿਸਮ ਦੀਆਂ ਅੰਦਰੂਨੀ ਤੇ ਕੌਮਾਂਤਰੀ ਖਿੱਚਾਂ ਧੂਹਾਂ ‘ਚ ਫਸਿਆ ਹੋਇਆ ਹੈ, ਸਰਹੱਦੀ ਸੰਕਟ ਹਥਿਆਰਬੰਦ ਟਕਰਾਅ ਵੱਲ ਨਹੀਂ ਵਧੇਗਾ। ਹਾਲਾਂਕਿ ਭਾਰਤ ਮੰਨਦਾ ਹੈ ਕਿ ਚੀਨ ਦੀਆਂ ਹਰਕਤਾਂ, ਕੋਸ਼ਿਸ਼ਾਂ ਉਕਸਾਉਣਾ ਅਤੇ ਖਤਰਨਾਕ ਰੂਪ ਅਖਤਿਆਰ ਕਰਨ ਵਾਲੀਆਂ ਹਨ, ਫਿਰ ਵੀ ਭਾਰਤ ਬਹੁਤ ਸੰਜਮ ਵਰਤ ਰਿਹਾ ਹੈ। ਉਧਰ ਅਮਰੀਕਾ ਨੇ ਹੀ ਯੂਰਪੀ ਮੁਲਕਾਂ ਅਤੇ ਜਾਪਾਨ ਨੇ ਵੀ ਵਿਸ਼ਵ ਦੇ ਮੌਜੂਦਾ ਹਾਲਾਤਾਂ ਦੇ ਪ੍ਰਸੰਗ ਵਿਚ ਚੀਨੀ ਤਾਨਾਸ਼ਾਹ ਸਾਸ਼ਕ ਜਿੰਨ ਪਿੰਗ ਤੇ ਬੀਜਿੰਗ ਨੂੰ ਕਿਹਾ ਹੈ ਕਿ ਹਾਲ ਹੀ ਵਿਚ ਭਾਰਤ ਬਾਰੇ ਕੀਤੀ ਸਰਹੱਦੀ ਤਣਾਓ ਅਤੇ ਬਿਆਨਬਾਜੀ ਤੋਂ ਭਵਿੱਖ ਵਿਚ ਗੁਰੇਜ਼ ਕਰਨ ‘ਚ ਹੀ ਭਲਾ ਹੋਵੇਗਾ।