ਆਰ ਐਸ ਐਸ ਦੇ ਮੁਆਫੀਨਾਮੇ

ਭਾਰਤ ਵਿਚ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਹ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰ. ਐਸ਼ ਐਸ਼ ਖੁਦ ਨੂੰ ‘ਦੇਸ਼ਭਗਤ’ ਸਾਬਤ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੀਆਂ, ਪਰ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਆਪਣੇ ਇਸ ਲੇਖ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ. ਐਸ਼ ਐਸ਼ ਦੀ ‘ਦੇਸ਼ਭਗਤੀ’ ਦੀ ਹਕੀਕਤ ਆਪਣੇ ਇਸ ਲੇਖ ਵਿਚ ਖੂਬ ਬਿਆਨ ਕੀਤੀ ਹੈ।

-ਸੰਪਾਦਕ

ਬੂਟਾ ਸਿੰਘ
ਫੋਨ: +91-94634-74342
ਹਰ ਵਾਰ ਐਮਰਜੈਂਸੀ ਦਿਵਸ ਉਪਰ ਚਰਚਾ ਛਿੜਦੀ ਹੈ ਕਿ ਆਰ ਐਸ ਐਸ ਅਤੇ ਐਮਰਜੈਂਸੀ ਦਾ ਰਿਸ਼ਤਾ ਕੀ ਰਿਹਾ ਹੈ? ਆਰ ਐਸ ਐਸ ਅਤੇ ਭਾਜਪਾ ਦੇ ਆਗੂ ਝੂਠ ਬੋਲ ਕੇ ਐਮਰਜੈਂਸੀ ਵਿਰੁਧ ਸੰਘਰਸ਼ ਦਾ ਸਿਹਰਾ ਆਪਣੇ ਸਿਰ ਸਜਾਉਂਦੇ ਦੇਖੇ ਜਾ ਸਕਦੇ ਹਨ। ਆਰ ਐਸ ਐਸ ਦੇ ਸਾਬਕਾ ਬੁਲਾਰੇ ਅਤੇ ਭਾਜਪਾ ਦੇ ਮੌਜੂਦਾ ਜਨਰਲ ਸਕੱਤਰ ਰਾਮ ਮਾਧਵ ਨੇ ਇਸ ਵਾਰ 25 ਜੂਨ ਨੂੰ ਵੀ ਵਿਸ਼ੇਸ਼ ਲੇਖ ਲਿਖ ਕੇ ਦਾਅਵਾ ਕੀਤਾ ਕਿ Ḕਮੁਲਕ ਵਿਚ ਲੋਕਤੰਤਰ ਇਸ ਲਈ ਬਚਿਆ ਹੋਇਆ ਹੈ, ਕਿਉਂਕਿ ਅੱਜ ਸਰਕਾਰ ਨੂੰ ਚਲਾ ਰਹੇ ਆਗੂ ਉਨ੍ਹਾਂ ਵਿਚੋਂ ਹਨ ਜਿਨ੍ਹਾਂ ਨੇ ਐਮਰਜੈਂਸੀ ਖਿਲਾਫ ਆਜ਼ਾਦੀ ਦੀ ਦੂਜੀ ਲੜਾਈ ਲੜੀ ਸੀ। ਇਹ ਆਗੂ ਲੋਕਤੰਤਰੀ ਮੁੱਲਾਂ ਨੂੰ ਕਿਸੇ ਮਜਬੂਰੀ ਵਿਚੋਂ ਨਹੀਂ ਸਗੋਂ ਇਕ ਧਰਮ-ਸਿਧਾਂਤ ਦੇ ਤੌਰ ‘ਤੇ ਪ੍ਰਣਾਏ ਹੋਏ ਹਨ।’ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਉਸ ਦੌਰ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਪੜ੍ਹਨ ਵਾਲਾ ਇਹੀ ਪ੍ਰਭਾਵ ਲਵੇਗਾ ਕਿ ਐਮਰਜੈਂਸੀ ਵਿਚ ਵਿਚਾਰੇ ਸੰਘੀਆਂ ਨੂੰ ਕਿੰਨੇ ਕਸ਼ਟ ਝੱਲਣੇ ਪਏ ਹੋਣਗੇ! ਸਚਾਈ ਇਹ ਹੈ ਕਿ ਮੋਦੀ ਤੇ ਸ਼ਾਹ ਨਾ ਤਾਂ ਉਸ ਦੌਰ ਵਿਚ ਜੇਲ੍ਹ ਗਏ ਅਤੇ ਨਾ ਹੀ ਸੰਘ ਬ੍ਰਿਗੇਡ ਦਾ ਐਮਰਜੈਂਸੀ ਵਿਰੋਧੀ ਕਿਸੇ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਸੀ। ਸੰਘ ਦੇ ਕਈ ਜ਼ਿਆਦਾ Ḕਬਹਾਦਰ’ ਸਵੈਮਸੇਵਕਾਂ ਨੇ ਤਾਂ ਐਮਰਜੈਂਸੀ ਲੱਗਦੇ ਹੀ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਘਰਾਂ ਵਿਚ ਟੰਗੀਆਂ ਸਾਵਰਕਰ, ਹੇਡਗੇਵਾਰ, ਗੋਲਵਲਕਰ ਦੀਆਂ ਤਸਵੀਰਾਂ ਲਾਹ ਕੇ ਇੰਦਰਾ ਗਾਂਧੀ ਅਤੇ ਸੰਜੇ ਦੀਆਂ ਤਸਵੀਰਾਂ ਸਜਾ ਲਈਆਂ ਸਨ। ਐਮਰਜੈਂਸੀ ਵਿਰੁਧ ਹੋ-ਹੱਲਾ ਤਾਂ ਮਹਿਜ਼ ਕਾਂਗਰਸ ਨੂੰ ਸਿਆਸੀ ਨਿਸ਼ਾਨਾ ਬਣਾਉਣ ਅਤੇ ਖੁਦ ਨੂੰ ਪੀੜਤ ਧਿਰ ਦੱਸ ਕੇ ਹਮਦਰਦੀ ਤੇ ਪੈਨਸ਼ਨਾਂ ਬਟੋਰਨ ਦਾ ਸੰਦ ਹੈ। ਸੰਘ ਨੂੰ ਅੱਜ ਵੀ ਉਸ ਕਾਲੇ ਦੌਰ ਦੇ ਪ੍ਰਤੀਕਾਂ ਨਾਲ ਗਲਵੱਕੜੀ ਪਾਉਂਦੇ ਦੇਖਿਆ ਜਾ ਸਕਦਾ ਹੈ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪਿੱਛੇ ਜਹੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸੰਘ ਦੇ ਨਵੇਂ ਰੰਗਰੂਟਾਂ ਦੀ ਪਰੇਡ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਸਦਰ-ਮੁਕਾਮ ਵਿਚ ਸੱਦ ਕੇ ਉਸ ਨੂੰ ਉਚੇਚਾ ਮਾਣ ਬਖਸ਼ਿਆ ਸੀ। ਪ੍ਰਣਬ ਮੁਖਰਜੀ ਐਮਰਜੈਂਸੀ ਦੇ ਜ਼ੁਲਮਾਂ ਲਈ ਜ਼ਿੰਮੇਵਾਰ ਦੁਸ਼ਟ ਜੁੰਡਲੀ ਦਾ ਬਦਨਾਮ ਚਿਹਰਾ ਹੈ।
ਲੋਕਤੰਤਰੀ ਮੁੱਲਾਂ ਨੂੰ ਘੋਰ ਨਫਰਤ ਆਰ ਐਸ ਐਸ ਦੀ ਸਿਧਾਂਤਕ ਬੁਨਿਆਦ ਵੀ ਹੈ ਅਤੇ ਵਿਰਾਸਤ ਵੀ। ਸ਼ੁਰੂ ਤੋਂ ਹੀ ਇਸ ਦੇ ਸਿਧਾਂਤਕਾਰ ਨਿਰੰਕੁਸ਼ ਰਾਜ ਦੀ ਵਕਾਲਤ ਕਰ ਰਹੇ ਹਨ। ਸੰਘ ਦੇ ਮੁੱਖ ਸਿਧਾਂਤਕਾਰ ਐਮ.ਐਸ਼ ਗੋਲਵਲਕਰ, ਜੋ Ḕਨਫਰਤ ਦੇ ਗੁਰੂ’ ਵਜੋਂ ਬਦਨਾਮ ਹੈ, ਨੇ 1940 ਵਿਚ ਆਰ ਐਸ ਐਸ ਦੇ 1350 ਮੁੱਖ ਕਾਡਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ- Ḕਆਰ ਐਸ ਐਸ ਜਿਸ ਦੀ ਪ੍ਰੇਰਨਾ ਇਕ ਨਿਸ਼ਾਨ, ਇਕ ਪ੍ਰਧਾਨ ਅਤੇ ਇਕ ਵਿਚਾਰਧਾਰਾ ਹੈ, ਇਸ ਮਹਾਨ ਧਰਤੀ ਦੇ ਕੋਨੇ-ਕੋਨੇ ਵਿਚ ਹਿੰਦੂਤਵ ਦੀ ਮਸ਼ਾਲ ਬਾਲ ਰਹੀ ਹੈ।’ 1961 ‘ਚ ਗੋਲਵਲਕਰ ਨੇ ਐਲਾਨ ਕੀਤਾ, Ḕਸਰਕਾਰ ਦਾ ਅਜੋਕਾ ਸੰਘੀ ਸਰੂਪ ਨਾ ਸਿਰਫ ਵੱਖਵਾਦ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਸਗੋਂ ਇਨ੍ਹਾਂ ਦਾ ਪਾਲਣ-ਪੋਸ਼ਣ ਵੀ ਕਰਦਾ ਹੈ, ਇਹ ਇਕ ਤਰੀਕੇ ਨਾਲ ਇਕ ਰਾਸ਼ਟਰ ਦੀ ਸਚਾਈ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਇਸ ਨੂੰ ਨਸ਼ਟ ਕਰਦਾ ਹੈ। ਇਸ ਨੂੰ ਪੂਰੀ ਤਰ੍ਹਾਂ ਜੜ੍ਹੋਂ ਉਖਾੜਨਾ, ਸੰਵਿਧਾਨ ਦਾ ਸ਼ੁੱਧੀਕਰਨ ਕਰਨਾ ਅਤੇ ਇਕਹਿਰੇ ਸਰੂਪ ਵਾਲੀ ਸਰਕਾਰ ਸਥਾਪਤ ਕਰਨਾ ਜ਼ਰੂਰੀ ਹੈ।’
ਹਿੰਦੂ ਰਾਸ਼ਟਰ ਦੇ ਇਸ ਏਜੰਡੇ ਵਿਚ ਲੋਕਤੰਤਰੀ ਮੁੱਲਾਂ ਲਈ ਕੋਈ ਜਗਾ੍ਹ ਨਹੀਂ ਹੈ। ਇਸ ਨੂੰ ਆਰ ਐਸ ਐਸ ਅਤੇ ਭਾਜਪਾ ਦੇ ਪਿਛਲੇ ਛੇ ਸਾਲਾ ਰਾਜ ਦੇ ਵਿਹਾਰ ਅੰਦਰ ਬੁੱਧੀਜੀਵੀਆਂ, ਪੱਤਰਕਾਰਾਂ ਸਮੇਤ ਜਮਹੂਰੀ ਵਿਰੋਧ ਦੀ ਜ਼ੁਬਾਨਬੰਦੀ, ਵੱਖਰੇ ਧਾਰਮਿਕ ਅਕੀਦੇ ਵਾਲੇ ਮੁਸਲਿਮ ਫਿਰਕੇ ਪ੍ਰਤੀ ਵਤੀਰੇ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਸ਼ਰੇਆਮ ਤਾਨਾਸ਼ਾਹ ਰਾਜ ਥੋਪੇ ਜਾਣ ਤੋਂ ਸਾਫ ਦੇਖਿਆ ਜਾ ਸਕਦਾ ਹੈ।
ਸਵਾਲ ਇਹ ਹੈ ਕਿ ਐਮਰਜੈਂਸੀ ਦੌਰਾਨ ਆਰ ਐਸ ਐਸ ਤੇ ਜਨ ਸੰਘ ਦੀ ਭੂਮਿਕਾ ਕੀ ਰਹੀ? ਕੀ ਇਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ, ਇਸ ਦੇ ਖਿਲਾਫ ਕੋਈ ਅੰਦੋਲਨ ਕੀਤਾ? ਇਤਿਹਾਸ ਦੇ ਤੱਥ ਤੋਂ ਉਲਟ ਹਨ। ਇਹ ਸੱਚ ਹੈ ਕਿ ਇੰਦਰਾ ਗਾਂਧੀ ਨੇ ਹਰ ਤਰ੍ਹਾਂ ਦੇ ਰਾਜਨੀਤਕ ਵਿਰੋਧੀਆਂ ਨੂੰ ਦਬਾਉਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਸੀ। ਇਸ ਵਿਚ ਆਰ ਐਸ ਐਸ ਤੇ ਜਨ ਸੰਘ ਦੇ ਲੋਕ ਵੀ ਸਨ। ਸੋਵੀਅਤ ਯੂਨੀਅਨ ਦੀ ਅੰਨ੍ਹੀ ਸ਼ਰਧਾਲੂ ਸੀ.ਪੀ.ਆਈ. ਨੇ ਸ਼ਰੇਆਮ ਐਮਰਜੈਂਸੀ ਦੀ ਹਮਾਇਤ ਕੀਤੀ, ਬਾਕੀ ਰਾਜਨੀਤਕ ਤਾਕਤਾਂ ਨੇ ਐਮਰਜੈਂਸੀ ਦਾ ਜਬਰ ਵੀ ਝੱਲਿਆ ਅਤੇ ਇਸ ਵਿਰੁਧ ਸੰਘਰਸ਼ ਵੀ ਕੀਤਾ। ਜਿਥੋਂ ਤੱਕ ਆਰ ਐਸ ਐਸ ਦਾ ਸਵਾਲ ਹੈ, ਇਸ ਦੀ ਚੋਟੀ ਦੀ ਲੀਡਰਸ਼ਿਪ ਨੇ ਵਿਰੋਧ ਦੀ ਬਜਾਏ ਆਪਣੀ ਚਮੜੀ ਬਚਾਉਣ ਲਈ ਆਪਣੇ ਮੋਢੀ ਸਾਵਰਕਰ ਵਾਲੀ ਮੁਆਫੀਨਾਮਿਆਂ ਦੀ ਨੀਤੀ ਅਖਤਿਆਰ ਕੀਤੀ। ਸੰਘ ਦੇ ਮੁਖੀ ਨੇ ਇੰਦਰਾ ਗਾਂਧੀ ਦੀਆਂ ਤਾਰੀਫਾਂ ਕਰਦੇ ਹੋਏ ਉਸ ਨੂੰ ਚਿੱਠੀਆਂ ਲਿਖ ਕੇ ਹਮਾਇਤ ਦਿੱਤੀ ਅਤੇ ਆਰ ਐਸ ਐਸ ਦੇ ਜੇਲ੍ਹਬੰਦ ਕਾਰਕੁਨ ਮੁਆਫੀਨਾਮੇ ਲਿਖ ਕੇ ਬਾਹਰ ਆਏ। ਹੇਠ ਦਿੱਤੇ ਹਵਾਲੇ ਉਸ ਦੌਰ ਵਿਚ ਆਰ ਐਸ ਐਸ ਦੀ ਘਿਨਾਉਣੀ ਭੂਮਿਕਾ ਨੂੰ ਬਾਖੂਬੀ ਬੇਨਕਾਬ ਕਰਦੇ ਹਨ।
ਉਘੇ ਪੱਤਰਕਾਰ ਪ੍ਰਭਾਸ਼ ਜੋਸ਼ੀ ਅਨੁਸਾਰ ਆਰ ਐਸ ਐਸ ਦੇ ਐਮਰਜੈਂਸੀ ਵਿਰੋਧੀ ਸੰਘਰਸ਼ ਵਿਚ ਸ਼ਾਮਲ ਹੋਣ ਨੂੰ ਲੈ ਕੇ ਸਦਾ ਹੀ ਸੰਦੇਹ, ਵਿੱਥ, ਗੰਭੀਰ ਬੇਭਰੋਸਗੀ ਬਣੀ ਰਹੀ। ਐਮਰਜੈਂਸੀ ਦੀ 25ਵੀਂ ਵਰ੍ਹੇਗੰਢ ਮੌਕੇ ਜੋਸ਼ੀ ਲਿਖਦੇ ਹਨ, “ਆਰ ਐਸ ਐਸ ਦੇ ਤੱਤਕਾਲੀ ਮੁਖੀ ਬਾਲਾ ਸਾਹਬ ਦੇਵਰਸ ਨੇ ਸੰਜੇ ਗਾਂਧੀ ਦੇ ਬਦਨਾਮ 20-ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ‘ਚ ਹੱਥ ਵਟਾਉਣ ਦਾ ਯਕੀਨ ਦਿਵਾਉਂਦੇ ਹੋਏ ਇੰਦਰਾ ਗਾਂਧੀ ਨੂੰ ਚਿੱਠੀ ਲਿਖੀ। ਇਹ ਹੈ ਆਰ ਐਸ ਐਸ ਦਾ ਅਸਲ ਕਿਰਦਾਰ। … ਤੁਹਾਨੂੰ ਇਕ ਕਾਰਵਾਈ ਦੀ ਦਿਸ਼ਾ, ਇਕ ਨਮੂਨਾ ਸਾਫ ਨਜ਼ਰ ਆਉਂਦਾ ਹੈ। ਐਮਰਜੈਂਸੀ ਦੌਰਾਨ ਵੀ ਜੋ ਬਹੁਤ ਸਾਰੇ ਆਰ ਐਸ ਐਸ ਅਤੇ ਜਨ ਸੰਘੀ ਜੇਲ੍ਹਾਂ ‘ਚੋਂ ਬਾਹਰ ਆਏ, ਉਨ੍ਹਾਂ ਨੇ ਮੁਆਫੀਨਾਮੇ ਲਿਖੇ। ਉਹ ਮੁਆਫੀ ਮੰਗਣ ਵਾਲੇ ਪਹਿਲੇ ਲੋਕ ਸਨ। ਸਿਰਫ ਉਨ੍ਹਾਂ ਦੇ ਆਗੂ ਜੇਲ੍ਹ ਵਿਚ ਰਹੇ: ਅਟਲ ਬਿਹਾਰੀ ਵਾਜਪਾਈ (ਜੋ ਜ਼ਿਆਦਾਤਰ ਹਸਪਤਾਲ ਰਹੇ) ਅਤੇ ਐਲ਼ਕੇ. ਅਡਵਾਨੀ ਤੇ ਅਰੁਨ ਜੇਤਲੀ; ਲੇਕਿਨ ਆਰ ਐਸ ਐਸ ਨੇ ਐਮਰਜੈਂਸੀ ਵਿਰੁਧ ਕੋਈ ਲੜਾਈ ਨਹੀਂ ਲੜੀ।” ਪ੍ਰਭਾਸ਼ ਜੋਸ਼ੀ ਨਿਚੋੜ ਕੱਢਦੇ ਹਨ, “ਇਹ ਕੋਈ ਲੜਾਕੂ ਤਾਕਤ ਨਹੀਂ ਹੈ ਅਤੇ ਇਹ ਕਦੇ ਵੀ ਲੜਨ ਦੇ ਇੱਛਕ ਨਹੀਂ ਹੁੰਦੇ। ਇਹ ਮੂਲ ਰੂਪ ‘ਚ ਸਮਝੌਤੇਬਾਜ਼ ਸਮੂਹ ਹੈ।”
ਇਸੇ ਤੱਥ ਦੀ ਇਕ ਹੋਰ ਤਸਦੀਕ ਆਈ.ਬੀ. (ਇੰਟੈਲੀਜੈਂਸ ਬਿਊਰੋ) ਦੇ ਸਾਬਕਾ ਮੁਖੀ ਟੀ.ਵੀ. ਰਾਜੇਸ਼ਵਰ ਦਾ ਖੁਲਾਸਾ ਹੈ ਜੋ ਯੂ.ਪੀ. ਅਤੇ ਸਿੱਕਮ ਦੇ ਗਵਰਨਰ ਵੀ ਰਹੇ। ਆਪਣੀ ਕਿਤਾਬ Ḕਇੰਡੀਆ: ਦਿ ਕਰੂਸ਼ਲ ਈਅਰਜ਼’ ਵਿਚ ਉਹ ਲਿਖਦੇ ਹਨ, “ਉਹ (ਆਰ ਐਸ ਐਸ) ਨਾ ਸਿਰਫ ਇਸ (ਐਮਰਜੈਂਸੀ) ਦੇ ਹਮਾਇਤੀ ਸਨ, ਉਹ ਸ੍ਰੀਮਤੀ ਗਾਂਧੀ ਤੋਂ ਇਲਾਵਾ ਸੰਜੇ ਗਾਂਧੀ ਨਾਲ ਵੀ ਰਾਬਤਾ ਬਣਾਉਣਾ ਚਾਹੁੰਦੇ ਸਨ। … ਐਮਰਜੈਂਸੀ ਲੱਗਣ ‘ਤੇ ਆਰ ਐਸ ਐਸ ਉਪਰ ਪਾਬੰਦੀ ਲਾ ਦਿੱਤੀ ਗਈ ਸੀ ਲੇਕਿਨ ਇਸ ਦੇ ਮੁਖੀ ਬਾਲਾਸਾਹਬ ਦੇਵਰਸ ਨੇ ਚੋਰੀ-ਛਿਪੇ ਪ੍ਰਧਾਨ ਮੰਤਰੀ ਹਾਊਸ ਨਾਲ ਸੰਪਰਕ ਕਰਕੇ ਫਰਮਾਨ ਅਤੇ ਅਨੁਸ਼ਾਸਨ ਥੋਪਣ ਦੇ ਬਹੁਤ ਸਾਰੇ ਕਦਮਾਂ ਦੀ ਡਟਵੀਂ ਹਮਾਇਤ ਕੀਤੀ। ਸੰਜੇ ਗਾਂਧੀ ਵਲੋਂ ਥੋਪੀ ਪਰਿਵਾਰ ਨਿਯੋਜਨ ਦੀ ਮੁਹਿੰਮ, ਖਾਸ ਕਰ ਕੇ ਮੁਸਲਮਾਨਾਂ ਉਪਰ, ਦੀ ਦੇਵਰਸ ਨੇ ਖੂਬ ਤਾਰੀਫ ਕੀਤੀ।” ਇਸ ਦਾ ਖੁਲਾਸਾ ਰਾਜੇਸ਼ਵਰ ਨੇ ਮਸ਼ਹੂਰ ਪੱਤਰਕਾਰ ਕਰਨ ਥਾਪਰ ਨਾਲ ਆਪਣੀ ਇੰਟਰਵਿਊ ਵਿਚ ਵੀ ਕੀਤਾ। ਉਸ ਨੇ ਦੱਸਿਆ, “… ਨੇ ਪ੍ਰਧਾਨ ਮੰਤਰੀ ਹਾਊਸ ਨਾਲ ਚੁੱਪ-ਚੁਪੀਤੇ ਸੰਪਰਕ ਕਰ ਕੇ ਬਹੁਤ ਸਾਰੇ ਕਦਮਾਂ ਦੀ ਹਮਾਇਤ ਕਰਨ ਦੀ ਇੱਛਾ ਪ੍ਰਗਟਾਈ। ਦੇਵਰਸ ਸ੍ਰੀਮਤੀ ਗਾਂਧੀ ਅਤੇ ਸੰਜੇ ਨੂੰ ਮਿਲਣ ਲਈ ਤਤਪਰ ਸੀ ਲੇਕਿਨ ਸ੍ਰੀਮਤੀ ਗਾਂਧੀ ਨੇ ਇਨਕਾਰ ਕਰ ਦਿੱਤਾ।’ ਰਾਜੇਸ਼ਵਰ ਨੇ ਇਹ ਤੱਥ ਵੀ ਸਾਂਝਾ ਕੀਤਾ ਕਿ ਐਮਰਜੈਂਸੀ ਤੋਂ ਪਿੱਛੋਂ ਵੀ Ḕਜਥੇਬੰਦੀ (ਆਰ ਐਸ ਐਸ) ਨੇ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਆਪਣੀ ਹਮਾਇਤ ਉਚੇਚੇ ਤੌਰ ‘ਤੇ ਦਿੱਤੀ ਸੀ।’ ਭਾਜਪਾ ਦੇ ਬੜਬੋਲੇ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਕਿਹਾ ਹੈ ਕਿ ਐਮਰਜੈਂਸੀ ਦੌਰਾਨ ਆਰ ਐਸ ਐਸ ਦੇ ਜ਼ਿਆਦਾਤਰ ਸੀਨੀਅਰ ਆਗੂਆਂ ਨੇ ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਗੱਦਾਰੀ ਕੀਤੀ ਸੀ।
ਕੀ ਪ੍ਰਭਾਸ਼ ਜੋਸ਼ੀ ਅਤੇ ਟੀ.ਵੀ. ਰਾਜੇਸ਼ਵਰ ਦੇ ਦਾਅਵਿਆਂ ਦੀ ਪ੍ਰਮਾਣਿਕਤਾ ਦਾ ਕੋਈ ਅਧਿਕਾਰਕ ਸਬੂਤ ਵੀ ਹੈ? ਜੀ ਹਾਂ, ਖੁਦ ਮਧੂਕਰ ਦੱਤਾਤ੍ਰੇਆ ਉਰਫ ਬਾਲਾ ਸਾਹਬ ਦੇਵਰਸ ਦੀਆਂ ਲਿਖਤਾਂ ਦਾ ਅਧਿਕਾਰਕ ਸੰਗ੍ਰਹਿ Ḕਹਿੰਦੂ ਸੰਗਠਨ ਔਰ ਸੱਤਾਵਾਦੀ ਰਾਜਨੀਤੀ’ ਇਸ ਦੀ ਤਸਦੀਕ ਕਰਦਾ ਹੈ। ਜਾਗ੍ਰਿਤੀ ਪ੍ਰਕਾਸ਼ਨ ਨੋਇਡਾ ਵਲੋਂ ਛਾਪੇ ਇਸ ਸੰਗ੍ਰਹਿ ਦੀ ਅੰਤਿਕਾ ਵਜੋਂ ਉਪਰੋਕਤ ਚਿੱਠੀਆਂ ਸ਼ਾਮਲ ਕੀਤੀਆਂ ਗਈਆਂ ਹਨ। 22 ਅਗਸਤ 1975 ਨੂੰ ਯੇਰਵੜਾ ਜੇਲ੍ਹ ਤੋਂ ਇੰਦਰਾ ਗਾਂਧੀ ਨੂੰ ਲਿਖੀ ਪਹਿਲੀ ਚਿੱਠੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, Ḕਮੈਂ 15 ਅਗਸਤ 1975 ਨੂੰ ਰੇਡੀਓ ਉਪਰ ਲਾਲ ਕਿਲ੍ਹੇ ਤੋਂ ਰਾਸ਼ਟਰ ਦੇ ਨਾਮ ਤੁਹਾਡੇ ਸੰਬੋਧਨ ਨੂੰ ਇਥੋਂ ਜੇਲ੍ਹ (ਯੇਰਵੜਾ ਜੇਲ੍ਹ) ਵਿਚ ਸੁਣਿਆ ਸੀ। ਤੁਹਾਡਾ ਇਹ ਸੰਬੋਧਨ ਸੰਤੁਲਿਤ ਅਤੇ ਸਮੇਂ ਦੇ ਅਨੁਕੂਲ ਸੀ। ਇਸ ਲਈ ਮੈਂ ਤੁਹਾਨੂੰ ਇਹ ਚਿੱਠੀ ਲਿਖਣ ਦਾ ਫੈਸਲਾ ਕੀਤਾ।’
ਇੰਦਰਾ ਗਾਂਧੀ ਨੇ ਦੇਵਰਸ ਦੀ ਇਸ ਚਿੱਠੀ ਦਾ ਜਵਾਬ ਨਹੀਂ ਦਿੱਤਾ। ਫਿਰ 10 ਨਵੰਬਰ 1975 ਨੂੰ ਦੇਵਰਸ ਨੇ ਇੰਦਰਾ ਗਾਂਧੀ ਨੂੰ ਇਕ ਚਿੱਠੀ ਹੋਰ ਲਿਖ ਕੇ ਸੁਪਰੀਮ ਕੋਰਟ ਵਲੋਂ ਉਸ ਦੇ ਹੱਕ ਵਿਚ ਦਿੱਤੇ ਫੈਸਲੇ (ਇਲਾਹਾਬਾਦ ਹਾਈਕੋਰਟ ਨੇ ਇੰਦਰਾ ਗਾਂਧੀ ਨੂੰ ਚੋਣਾਂ ਵਿਚ ਭ੍ਰਿਸ਼ਟ ਸਾਧਨ ਇਸਤੇਮਾਲ ਕਰਨ ਦੀ ਦੋਸ਼ੀ ਕਰਾਰ ਦੇ ਕੇ ਅਹੁਦੇ ਦੇ ਅਯੋਗ ਕਰਾਰ ਦੇ ਦਿੱਤਾ ਸੀ। ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਹਾਈਕੋਰਟ ਦਾ ਫੈਸਲਾ ਉਲਟਾ ਦਿੱਤਾ ਅਤੇ ਇੰਦਰਾ ਗਾਂਧੀ ਦੀ ਚੋਣ ਸੰਵਿਧਾਨਕ ਕਰਾਰ ਦੇ ਦਿੱਤੀ ਸੀ) ਲਈ ਵਧਾਈ ਇਹਨਾਂ ਸ਼ਬਦਾਂ ਵਿਚ ਦਿੱਤੀ: Ḕਸੁਪਰੀਮ ਕੋਰਟ ਦੇ ਪੰਜ ਜੱਜਾਂ ਨੇ ਤੁਹਾਡੀ ਚੋਣ ਨੂੰ ਸੰਵਿਧਾਨਕ ਕਰਾਰ ਦਿੱਤਾ ਹੈ, ਇਸ ਦੇ ਲਈ ਹਾਰਦਿਕ ਵਧਾਈ।’ ਉਸ ਨੇ ਇਥੋਂ ਤੱਕ ਸਫਾਈ ਪੇਸ਼ ਕੀਤੀ, Ḕਆਰ ਐਸ ਐਸ ਦਾ ਨਾਮ ਜੈਪ੍ਰਕਾਸ਼ ਨਰਾਇਣ ਦੇ ਅੰਦੋਲਨ ਨਾਲ ਖਾਹ-ਮ-ਖਾਹ ਜੋੜ ਦਿੱਤਾ ਗਿਆ ਹੈ। ਸਰਕਾਰ ਨੇ ਅਕਾਰਨ ਹੀ ਗੁਜਰਾਤ ਅੰਦੋਲਨ ਅਤੇ ਬਿਹਾਰ ਅੰਦੋਲਨ ਦੇ ਨਾਲ ਵੀ ਆਰ ਐਸ ਐਸ ਨੂੰ ਜੋੜ ਦਿੱਤਾ ਹੈ … ਸੰਘ ਦਾ ਇਨ੍ਹਾਂ ਅੰਦੋਲਨਾਂ ਨਾਲ ਕੋਈ ਸੰਬੰਧ ਨਹੀਂ ਹੈ।’
ਇੰਦਰਾ ਗਾਂਧੀ ਵਲੋਂ ਇਸ ਚਿੱਠੀ ਦਾ ਕੋਈ ਜਵਾਬ ਨਾ ਦੇਣ ਕਾਰਨ ਦੇਵਰਸ ਨੇ 12 ਜਨਵਰੀ 1976 ਨੂੰ ਚਿੱਠੀ ਲਿਖ ਕੇ ਵਿਨੋਭਾ ਭਾਵੇ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਇੰਦਰਾ ਗਾਂਧੀ ਨੂੰ ਆਰ ਐਸ ਐਸ ਉਪਰੋਂ ਪਾਬੰਦੀ ਹਟਾਉਣ ਦਾ ਸੁਝਾਅ ਦੇਵੇ। ਗਾਂਧੀਵਾਦੀ ਵਿਨੋਭਾ ਭਾਵੇ ਨੇ ਐਮਰਜੈਂਸੀ ਨੂੰ Ḕਅਨੁਸ਼ਾਸਨ ਉਤਸਵ’ ਨਾਂ ਦੇ ਕੇ ਇਸ ਦੀ ਹਮਾਇਤ ਕੀਤੀ ਸੀ। ਉਸ ਨੇ ਵੀ ਦੇਵਰਸ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬੇਚੈਨ ਹੋ ਕੇ ਦੇਵਰਸ ਨੇ ਉਸ ਨੂੰ ਇਕ ਚਿੱਠੀ ਹੋਰ ਲਿਖੀ, ਜਿਸ ਉਪਰ ਤਾਰੀਕ ਨਹੀਂ ਹੈ। ਉਸ ਨੇ ਲਿਖਿਆ, Ḕਅਖਬਾਰਾਂ ਵਿਚ ਛਪੀਆਂ ਖਬਰਾਂ ਅਨੁਸਾਰ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) 24 ਜਨਵਰੀ ਨੂੰ ਵਰਧਾ, ਪਵਨਾਰ ਆਸ਼ਰਮ ਵਿਚ ਤੁਹਾਨੂੰ ਮਿਲਣ ਆ ਰਹੇ ਹਨ। … ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪ੍ਰਧਾਨ ਮੰਤਰੀ ਦੇ ਮਨ ਵਿਚ ਆਰ ਐਸ ਐਸ ਦੇ ਬਾਰੇ ਜੋ ਗਲਤ ਧਾਰਨਾ ਬਣ ਗਈ ਹੈ, ਤੁਸੀਂ ਕ੍ਰਿਪਾ ਕਰ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਆਰ ਐਸ ਐਸ ਉਪਰ ਲੱਗੀ ਪਾਬੰਦੀ ਹਟਾਈ ਜਾ ਸਕੇ ਅਤੇ ਜੇਲ੍ਹਾਂ ਵਿਚ ਬੰਦ ਆਰ ਐਸ ਐਸ ਦੇ ਲੋਕ ਰਿਹਾਅ ਹੋ ਕੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਮੁਲਕ ਦੀ ਤਰੱਕੀ ਲਈ ਸਾਰੇ ਖੇਤਰਾਂ ਵਿਚ ਆਪਣਾ ਯੋਗਦਾਨ ਦੇ ਸਕਣ।’ ਵਿਨੋਭਾ ਨੇ ਇਸ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਦਿੱਤਾ।
ਰਿਹਾਈ ਨਾ ਹੁੰਦੀ ਦੇਖ ਕੇ ਜੇਲ੍ਹਾਂ ਵਿਚ ਬੰਦ ਸੰਘੀਆਂ ਨੇ ਵਿਅਕਤੀਗਤ ਤੌਰ ‘ਤੇ ਮੁਆਫੀਨਾਮੇ ਦੇ ਕੇ ਜੇਲ੍ਹ ਵਿਚੋਂ ਬਾਹਰ ਆਉਣ ਦਾ ਰਾਹ ਅਖਤਿਆਰ ਕੀਤਾ। ਇਹ ਉਸੇ ਤਰ੍ਹਾਂ ਇੰਦਰਾ ਦੀ ਤਾਨਾਸ਼ਾਹ ਸਰਕਾਰ ਲਈ ਕੰਮ ਕਰਨ ਦਾ ਇਕਰਾਰ ਸੀ, ਜਿਵੇਂ ਹਿੰਦੂਤਵ ਦੇ ਮੋਢੀ ਸਿਧਾਂਤਕਾਰ ਵੀ.ਡੀ. ਸਾਵਰਕਰ ਨੇ ਅੰਗਰੇਜ਼ ਹਕੂਮਤ ਪ੍ਰਤੀ ਵਫਾਦਾਰ ਰਹਿਣ ਅਤੇ ਕਿਸੇ ਰਾਜਨੀਤਕ ਸਰਗਰਮੀ ਵਿਚ ਹਿੱਸਾ ਨਾ ਲੈਣ ਦਾ ਮੁਆਫੀਨਾਮਾ ਲਿਖ ਕੇ ਕਾਲੇ ਪਾਣੀ ਜੇਲ੍ਹ ਤੋਂ ਆਪਣੀ ਬੰਦਖਲਾਸੀ ਕਰਵਾਈ ਸੀ। ਝੂਠ ਨੂੰ ਸੱਚ ਬਣਾਉਣ ਦੇ ਮਾਹਰ ਆਰ ਐਸ ਐਸ-ਭਾਜਪਾ ਆਗੂ ਸਾਵਰਕਰ ਨੂੰ ਦੇਸ਼ਭਗਤ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹਨ।
ਲੇਕਿਨ ਇਤਿਹਾਸ ਬਹੁਤ ਬੇਰਹਿਮ ਹੈ। ਮੁਆਫੀਨਾਮਿਆਂ ਦੀ ਇਸ ਵਿਰਾਸਤ ਉਪਰ ਕੋਈ ਵੀ ਪਰਦਾਪੋਸ਼ੀ ਅਤੇ ਆਪਣੀ ਪਿੱਠ ਥਾਪੜਨ ਦੀ ਕਵਾਇਦ ਇਸ ਇਤਿਹਾਸਕ ਸਚਾਈ ਨੂੰ ਮਿਟਾ ਨਹੀਂ ਸਕਦੀ ਕਿ ਆਰ ਐਸ ਐਸ-ਭਾਜਪਾ ਉਸ ਕਾਲੇ ਦੌਰ ਦੀ ਹਮਾਇਤੀ ਤਾਕਤ ਹੈ।