ਭਾਰਤੀ ਨਸਲਵਾਦ ਗੋਰੇ ਨਸਲਵਾਦ ਤੋਂ ਵੀ ਭੈੜਾ: ਅਰੁੰਧਤੀ

ਅਮਰੀਕਾ ਵਿਚ ਸਿਆਹਫਾਮ ਵਿਅਕਤੀ ਜੌਰਜ ਫਲਾਇਡ ਦੇ ਕਤਲ ਤੋਂ ਬਾਅਦ ਸਮੁੱਚੇ ਸੰਸਾਰ ਨੇ ਅਮਰੀਕਾ ਅੰਦਰ ਰੋਸ ਵਿਖਾਵੇ ਦੇਖੇ। ਇਸ ਪ੍ਰਸੰਗ ਵਿਚ ‘ਦਲਿਤ ਕੈਮਰਾ’ ਨੇ ਈਮੇਲ ਜ਼ਰੀਏ ਉਘੀ ਅਤੇ ਧੜੱਲੇਦਾਰ ਵਿਦਵਾਨ ਲੇਖਕਾ ਅਰੁੰਧਤੀ ਰਾਏ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿਚ ਅਰੁੰਧਤੀ ਰਾਏ ਨੇ ਅਮਰੀਕਾ ਵਿਚ ਹੋ ਰਹੇ ਨਸਲਵਾਦੀ ਕਤਲਾਂ ਵਿਰੁਧ ਉਠੇ ਜ਼ਬਰਦਸਤ ਰੋਹ ਉਪਰ ਵਿਚਾਰ ਪੇਸ਼ ਕਰਨ ਦੇ ਨਾਲ-ਨਾਲ ਭਾਰਤ ਦੇ ਬਿਮਾਰ ਸਮਾਜ ਦੇ ਹੱਡਾਂ ‘ਚ ਰਚੇ ਇਸ ਤੋਂ ਵੀ ਭੈੜੇ ਨਸਲਵਾਦ ਬਾਰੇ ਗੱਲਾਂ ਪੂਰੀ ਬੇਬਾਕੀ ਨਾਲ ਕੀਤੀਆਂ ਹਨ। ‘ਦਲਿਤ ਕੈਮਰਾ’ ਵਾਲੀ ਇਸ ਅਹਿਮ ਗੱਲਬਾਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਸ ਦੀ ਪਹਿਲੀ ਕਿਸ਼ਤ ਪੇਸ਼ ਹੈ।

-ਸੰਪਾਦਕ

ਸਵਾਲ: ਅਸੀਂ ਅਮਰੀਕਾ ਵਿਚ ਚੱਲ ਰਹੇ ਅੰਦੋਲਨ ਦੀ ਹਮਾਇਤ ਕਿਸ ਤਰ੍ਹਾਂ ਕਰੀਏ ਅਤੇ ਭਾਰਤ ਵਿਚ ਵਿਰੋਧ ਕਰ ਰਹੇ ਲੋਕਾਂ ਨਾਲ ਕਿਵੇਂ ਇਕਮੁੱਠਤਾ ਦਿਖਾਈਏ?
ਜਵਾਬ: ਮੇਰੇ ਖਿਆਲ ‘ਚ ਤੁਹਾਡੀ ਮੁਰਾਦ ਗੋਰੇ ਅਮਰੀਕਨ ਪੁਲਿਸ ਵਾਲੇ ਵਲੋਂ ਅਫਰੀਕੀ ਅਮਰੀਕਨਾਂ ਦੇ ਕਤਲਾਂ ਦੀ ਲੰਮੀ ਲੜੀ ਵਿਚ ਜੌਰਜ ਫਲਾਇਡ ਦੇ ਕਤਲ ਤੋਂ ਬਾਅਦ ਭੜਕੇ ਵਿਰੋਧ ਪ੍ਰਦਰਸ਼ਨਾਂ ਤੋਂ ਹੈ। ਇਸ ਅੰਦੋਲਨ ਦੀ ਹਮਾਇਤ ਦਾ ਸਭ ਤੋਂ ਵਧੀਆ ਤਰੀਕਾ ਸਭ ਤੋਂ ਪਹਿਲਾਂ ਇਹ ਸਮਝਣਾ ਹੈ ਕਿ ਇਸ ਦੀ ਜੜ੍ਹ ਕੀ ਹੈ? ਗੁਲਾਮੀ ਦਾ ਇਤਿਹਾਸ, ਨਸਲਵਾਦ, ਨਾਗਰਿਕ ਹੱਕਾਂ ਦੀ ਲਹਿਰ – ਇਨ੍ਹਾਂ ਸਭ ਦੀਆਂ ਕਾਮਯਾਬੀਆਂ ਅਤੇ ਨਾਕਾਮੀਆਂ ਦੀਆਂ ਜੜ੍ਹਾਂ ਕਿਥੇ ਹਨ? ਬਾਰੀਕੀ ਨਾਲ ਘੋਖਣਾ ਜ਼ਰੂਰੀ ਹੈ ਕਿ ਉਤਰੀ ਅਮਰੀਕਾ ਵਿਚ ਅਫਰੀਕੀ ਅਮਰੀਕਨਾਂ ਨੂੰ Ḕਲੋਕਤੰਤਰ’ ਦੇ ਢਾਂਚੇ ਅੰਦਰ ਆਖਰ ਐਨੀ ਕਰੂਰਤਾ, ਜੇਲ੍ਹਾਂ ਵਿਚ ਸੜਨ ਅਤੇ ਸਮਾਜ ‘ਚੋਂ ਛੇਕੇ ਜਾਣ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਇਸ ਤੋਂ ਪਹਿਲਾਂ ਇਹ ਵੀ ਸਮਝਣਾ ਪਵੇਗਾ ਕਿ ਅਮਰੀਕਾ ਵਿਚ ਭਾਰਤੀ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਦੀ ਇਸ ਵਿਚ ਕੀ ਭੂਮਿਕਾ ਹੈ? ਭਾਰਤੀ ਭਾਈਚਾਰਾ ਰਵਾਇਤੀ ਤੌਰ ‘ਤੇ ਕਿਸ ਦੇ ਨਾਲ ਖੜ੍ਹਦਾ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਸਮਾਜ ਬਾਰੇ ਬਹੁਤ ਕੁਝ ਦੱਸਣਗੇ। ਵੱਖ-ਵੱਖ ਸੰਸਕ੍ਰਿਤੀਆਂ ਅਤੇ ਭਾਈਚਾਰਿਆਂ ਦੇ ਸਮੂਹਿਕ ਰੋਹ ਅਤੇ ਮੁਜ਼ਾਹਰਿਆਂ ਦੀ ਹਮਾਇਤ ਅਸੀਂ ਫਿਰ ਹੀ ਕਰ ਸਕਦੇ ਹਾਂ, ਜੇ ਅਸੀਂ ਥੋੜ੍ਹਾ ਇਮਾਨਦਾਰੀ ਨਾਲ ਆਪਣੀਆਂ ਕਦਰਾਂ-ਕੀਮਤਾਂ ਅਤੇ ਕੰਮਾਂ ਦੀ ਪੜਚੋਲ ਕਰਾਂਗੇ। ਅਸੀਂ ਖੁਦ ਅਜਿਹੇ ਬਿਮਾਰ ਸਮਾਜ ਵਿਚ ਰਹਿੰਦੇ ਹਾਂ ਜਿਸ ਵਿਚ ਭਾਈਚਾਰੇ ਅਤੇ ਇਕਮੁੱਠਤਾ ਦੀਆਂ ਭਾਵਨਾਵਾਂ ਦੇ ਲਈ ਕੋਈ ਥਾਂ ਨਹੀਂ ਹੈ।
ਸਵਾਲ: ਕੀ ਅਮਰੀਕਾ ਦੇ Ḕਕੂ ਕਲਕਸ ਕਲਾਨ’ (ਕੇ.ਕੇ.ਕੇ.) ਅਤੇ ਭਾਰਤ ਦੇ Ḕਗਊ ਰੱਖਿਅਕ ਹਿੰਦੂਆਂ’ ਦੀ ਵਿਚਾਰਧਾਰਾ ਅਤੇ ਅਮਲਾਂ ਵਿਚ ਕੋਈ ਸਮਾਨਤਾਵਾਂ ਹਨ?
ਜਵਾਬ: ਨਿਸ਼ਚੇ ਹੀ ਇਨ੍ਹਾਂ ‘ਚ ਸਮਾਨਤਾਵਾਂ ਹਨ। ਫਰਕ ਏਨਾ ਕੁ ਹੈ ਕਿ Ḕਕੂ ਕਲਕਸ ਕਲਾਨ’ ਜਦ ਕਤਲ ਕਰਦਾ ਸੀ ਤਾਂ ਉਸ ਦੀ ਸ਼ੈਲੀ ਥੋੜ੍ਹੀ ਵੱਖਰੀ ਸੀ। ਆਰ.ਐਸ਼ਐਸ਼ ਵਾਂਗ, ਇਕ ਜ਼ਮਾਨੇ ‘ਚ ਕੇ.ਕੇ.ਕੇ. ਅਮਰੀਕਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਜਥੇਬੰਦੀਆਂ ਵਿਚੋਂ ਇਕ ਰਿਹਾ ਹੈ। ਇਸ ਦੇ ਮੈਂਬਰ ਪੁਲਿਸ ਅਤੇ ਨਿਆਂਪਾਲਿਕਾ ਸਮੇਤ ਤਮਾਮ ਪਬਲਿਕ ਸੰਸਥਾਵਾਂ ਵਿਚ ਵੜ ਗਏ ਸਨ। ਕੇ.ਕੇ.ਕੇ. ਵਲੋਂ ਕੀਤੇ ਕਤਲ ਮਹਿਜ਼ ਕਤਲ ਨਹੀਂ ਸਨ – ਉਹ ਇਕ ਤਰ੍ਹਾਂ ਨਾਲ ਦਸਤੂਰ ਦੀ ਨੁਮਾਇਸ਼ ਸਨ ਜੋ ਦਹਿਸ਼ਤ ਪਾਉਣ ਅਤੇ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤੇ ਜਾਂਦੇ ਸਨ। Ḕਕੇ.ਕੇ.ਕੇ.’ ਵੱਲੋਂ ਸਿਆਹਫਾਮ ਲੋਕਾਂ ਦੇ ਹਜੂਮੀ ਕਤਲ ਉਨਾ ਹੀ ਸੱਚ ਹੈ, ਜਿੰਨਾ ਹਿੰਦੂ ਚੌਕਸੀ ਗਰੋਹਾਂ ਵਲੋਂ ਦਲਿਤਾਂ ਅਤੇ ਮੁਸਲਮਾਨਾਂ ਦੇ ਹਜੂਮੀ ਕਤਲ।
ਜ਼ਰਾ ਸੁਰੇਖਾ ਭੋਤਮਾਂਗੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੋ ਹੋਇਆ, ਉਸ ਨੂੰ ਯਾਦ ਕਰੋ। ਬੇਸ਼ੱਕ ਸੁਰੇਖਾ ਭੋਤਮਾਂਗੇ ਅਤੇ ਜੌਰਜ ਫਲਾਇਡ ਦੇ ਪਿਛੋਕੜ ਅਤ ਸੰਘਰਸ਼ ਵੱਖਰੇ-ਵੱਖਰੇ ਹਨ। ਸੁਰੇਖਾ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਲੋਕਾਂ ਨੇ ਕਤਲ ਕੀਤਾ। ਪੁਲਿਸੀਏ ਡੈਰਿਕ ਚਾਓਵਿਨ ਨੇ ਪੂਰੀ ਤਰ੍ਹਾਂ ਠੰਡੇ ਦਿਮਾਗ ਨਾਲ ਜੌਰਜ ਫਲਾਇਡ ਦਾ ਨੁਮਾਇਸ਼ੀ ਕਤਲ ਕੀਤਾ। ਉਸ ਦਾ ਇਕ ਹੱਥ ਜੇਬ ਵਿਚ ਸੀ ਅਤੇ ਇਕ ਗੋਡਾ ਫਲਾਇਡ ਦੀ ਧੌਣ ਉਪਰ ਸੀ। ਉਸ ਦੇ ਨਾਲ ਉਸ ਦੀ ਮਦਦ ਕਰਨ ਵਾਲੇ ਸਨ। ਉਸ ਦੇ ਕਾਰੇ ਦੀ ਨਜ਼ਰਸਾਨੀ ਲਈ ਉਸ ਦੇ ਨਾਲ ਹੋਰ ਪੁਲਿਸ ਵਾਲੇ ਮੌਜੂਦ ਸਨ। ਉਸ ਦੇ ਆਸ-ਪਾਸ ਦਰਸ਼ਕ ਵੀ ਸਨ। ਉਹ ਇਹ ਵੀ ਜਾਣਦਾ ਸੀ ਕਿ ਉਸ ਨੂੰ ਫਿਲਮਾਇਆ ਜਾ ਰਿਹਾ ਹੈ। ਇਸ ਸਭ ਦਰਮਿਆਨ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਉਸ ਦਾ ਮੰਨਣਾ ਸੀ ਕਿ ਇਸ ਦੇ ਬਾਵਜੂਦ ਉਹ ਸੁਰੱਖਿਅਤ ਹੈ ਅਤੇ ਸਜ਼ਾ-ਮੁਕਤ ਹੈ।
ਸਵਾਲ: ਇਕ ਪਾਸੇ ਅਸੀਂ ਭਾਰਤੀਆਂ ਨੂੰ ਵੀ ਟਰੈਂਡ ਕਰਦੇ ਹੋਏ ਦੇਖਦੇ ਹਾਂ ਲੇਕਿਨ ਇਸੇ ਮੁਲਕ ਵਿਚ ਸਾਨੂੰ ਲਗਾਤਾਰ ਕਾਲੇ ਲੋਕਾਂ ਉਪਰ ਹਮਲੇ ਦੇਖਣ ਨੂੰ ਮਿਲਦੇ ਹਨ। ਕਾਲੇ ਲੋਕਾਂ ਨੂੰ ਭਾਰਤੀ ਕਿਸ ਰੂਪ ‘ਚ ਦੇਖਦੇ ਹਨ ਜਾਂ ਉਨ੍ਹਾਂ ਬਾਰੇ ਸਾਡੀ ਭਾਰਤੀਆਂ ਦੀ ਰਵਾਇਤੀ ਰਾਇ ਕੀ ਹੈ?
ਜਵਾਬ: ਗੋਰੀ ਚਮੜੀ ਪ੍ਰਤੀ ਭਾਰਤੀ ਜਨੂਨ ਨੂੰ ਦੇਖੋ। ਇਹ ਸਾਡੀਆਂ ਸਭ ਤੋਂ ਜ਼ਿਆਦਾ ਘਿਨਾਉਣੀਆਂ ਚੀਜ਼ਾਂ ਵਿਚੋਂ ਇਕ ਹੈ। ਜੇ ਤੁਸੀਂ ਹਿੰਦੀ ਫਿਲਮਾਂ ਦੇਖਦੇ ਹੋ ਤਾਂ ਤੁਹਾਨੂੰ ਲੱਗੇਗਾ, ਜਿਵੇਂ ਭਾਰਤ ਗੋਰੇ ਲੋਕਾਂ ਦਾ ਮੁਲਕ ਹੋਵੇ। ਕਾਲੇ ਲੋਕਾਂ ਬਾਰੇ ਭਾਰਤੀਆਂ ਦਾ ਨਸਲਵਾਦ ਗੋਰਿਆਂ ਦੇ ਨਸਲਵਾਦ ਨਾਲੋਂ ਕਿਤੇ ਜ਼ਿਆਦਾ ਬਦਤਰ ਹੈ। ਇਹ ਦੇਖ ਕੇ ਯਕੀਨ ਨਹੀਂ ਆਉਂਦਾ। ਮੈਂ ਆਪਣੇ ਕਾਲੇ ਮਿੱਤਰਾਂ ਨਾਲ ਇਸ ਤਰ੍ਹਾਂ ਸੜਕਾਂ ਉਪਰ ਹੁੰਦਾ ਖੁਦ ਦੇਖਿਆ ਹੈ। ਕਦੇ-ਕਦੇ ਇਹ ਰੁਝਾਨ ਐਸੇ ਲੋਕਾਂ ਵਿਚ ਵੀ ਨਜ਼ਰ ਆਉਂਦੀ ਹੈ ਜਿਨ੍ਹਾਂ ਦੀ ਚਮੜੀ ਦਾ ਰੰਗ ਹਕੀਕਤ ‘ਚ ਕਾਲਿਆਂ ਨਾਲੋਂ ਬਹੁਤਾ ਵੱਖਰਾ ਨਹੀਂ ਹੈ। ਸ਼ਾਇਦ ਹੀ ਮੈਂ ਕਦੇ ਐਨਾ ਗੁੱਸਾ ਅਤੇ ਸ਼ਰਮਿੰਦਗੀ ਮਹਿਸੂਸ ਕੀਤੀ ਹੋਵੇ। ਇਹ ਨਸਲਵਾਦ ਅਚਾਨਕ ਹਮਲਿਆਂ ਦੇ ਰੂਪ ‘ਚ ਵੀ ਪ੍ਰਗਟ ਹੁੰਦਾ ਰਿਹਾ ਹੈ।
2014 ‘ਚ ਆਮ ਆਦਮੀ ਪਾਰਟੀ ਵਲੋਂ ਦਿੱਲੀ ਚੋਣਾਂ ਵਿਚ ਵੱਡਾ ਫਤਵਾ ਮਿਲਣ ਤੋਂ ਬਾਅਦ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਅੱਧੀ ਰਾਤ ਨੂੰ ਲੋਕਾਂ ਦੇ ਇਕ ਸਮੂਹ ਦੀ ਅਗਵਾਈ ਕਰਦੇ ਹੋਏ ਛਾਪੇ ਮਾਰੇ। ਦਿੱਲੀ ਦੇ ਖਿੜਕੀ ਖੇਤਰ ਵਿਚ ਇਸ ਸਮੂਹ ਨੇ ਅਨੈਤਿਕ ਅਤੇ ਗੈਰਕਾਨੂੰਨੀ ਕਾਰਵਾਈਆਂ ਵਿਚ ਸ਼ਾਮਲ ਕਾਂਗੋ ਅਤੇ ਯੁਗਾਂਡਾ ਦੀਆਂ ਔਰਤਾਂ ਉਪਰ ਸਰੀਰਕ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਬੇਇਜ਼ਤ ਕੀਤਾ।
ਇਸੇ ਤਰ੍ਹਾਂ 2017 ‘ਚ ਅਫਰੀਕੀ ਵਿਦਿਆਰਥੀਆਂ ਉਪਰ ਨਸ਼ੀਲੇ ਪਦਾਰਥ ਵੇਚਣ ਦੇ ਇਲਜ਼ਾਮ ਲਗਾਉਂਦੇ ਹੋਏ ਗ੍ਰੇਟਰ ਨੋਇਡਾ ਵਿਚ ਹਜੂਮ ਵਲੋਂ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ; ਲੇਕਿਨ ਭਾਰਤ ਵਿਚ ਮੌਜੂਦ ਨਸਲਵਾਦ ਵਿਸ਼ਾਲ ਅਤੇ ਵੰਨ-ਸਵੰਨਾ ਹੈ। ਨੋਇਡਾ ਹਮਲੇ ਤੋਂ ਬਾਅਦ ਸੰਸਦ ਮੈਂਬਰ ਅਤੇ ਭਾਜਪਾ ਆਗੂ ਤਰੁਣ ਵਿਜੈ ਦੇ ਨਸਲਵਾਦ ਦੇ ਹੱਕ ਵਿਚ ਦਿੱਤੇ ਬਿਆਨ ਨੂੰ ਕੌਣ ਭੁੱਲ ਸਕਦਾ ਹੈ – “ਜੇ ਅਸੀਂ ਨਸਲਵਾਦੀ ਹੁੰਦੇ ਤਾਂ ਪੂਰੇ ਦੱਖਣੀ ਭਾਰਤ – ਤਾਮਿਲਾਂ ਨੂੰ ਤੁਸੀਂ ਜਾਣਦੇ ਹੋ, ਤੁਸੀਂ ਕੇਰਲ, ਕਰਨਾਟਕ ਤੇ ਆਂਧਰਾ ਨੂੰ ਜਾਣਦੇ ਹੋ – ਅਸੀਂ ਫਿਰ ਉਨ੍ਹਾਂ ਨਾਲ ਕਿਉਂ ਰਹਿੰਦੇ ਹਾਂ? ਉਹ ਸਾਡੇ ਨਾਲ ਕਿਉਂ ਰਹਿੰਦੇ ਹਨ?”
ਉਹ ਸਾਨੂੰ ਕਾਲੇ ਦੱਖਣ ਭਾਰਤੀ ਲੋਕਾਂ ਬਾਰੇ ਦੱਸ ਰਿਹਾ ਸੀ। ਮੈਂ ਉਸ ਤੋਂ ਇਸ ਦੇ ਕਾਰਨ ਜਾਨਣਾ ਚਾਹੁੰਦੀ ਹਾਂ।
ਸਵਾਲ: ਜਦ ਅਫਰੀਕੀ ਅਮਰੀਕਨ #ਬਲੈਕਲਾਈਵਜ਼ਮੈਟਰ, ਏਸ਼ੀਆਈ #ਏਸ਼ੀਅਨਲਾਈਵਜ਼ਮੈਟਰ ਅਤੇ ਗੋਰੇ #ਆਲਲਾਈਵਜ਼ਮੈਟਰ ਦੇ ਹੱਕ ਵਿਚ ਦਲੀਲਾਂ ਦਿੰਦੇ ਹਨ ਤਾਂ…
ਜਵਾਬ: ਇਹ ਫਜ਼ੂਲ ਦਲੀਲਾਂ ਦਾ ਸਹਾਰਾ ਲੈ ਕੇ ਅਸਲ ਮੁੱਦੇ ਨੂੰ ਖਤਮ ਕਰਨ ਦਾ ਸ਼ਾਤਰ ਤਰੀਕਾ ਹੈ। ਏਸ਼ੀਆਈ ਅਮਰੀਕਨਾਂ ਅਤੇ ਗੋਰਿਆਂ ਦੇ ਕਤਲ ਨਹੀਂ ਹੋ ਰਹੇ ਜਾਂ ਉਨ੍ਹਾਂ ਉਪਰ ਉਸ ਤਰ੍ਹਾਂ ਜ਼ੁਲਮ ਨਹੀਂ ਹੋ ਰਹੇ ਜਿਨ੍ਹਾਂ ਦਾ ਸਾਹਮਣਾ ਅਕਸਰ ਅਮਰੀਕਾ ਵਿਚ ਅਫਰੀਕੀ-ਅਮਰੀਕਨ ਲੋਕਾਂ ਨੂੰ ਕਰਨਾ ਪੈਂਦਾ ਹੈ। ਜਦ ਤੋਂ ਅਮਰੀਕਾ ਵਿਚ ਗੁਲਾਮ ਪ੍ਰਥਾ ਖਤਮ ਹੋਈ ਹੈ, ਅਫਰੀਕੀ ਅਮਰੀਕਨਾਂ ਨੂੰ ਹੋਰ ਤਮਾਮ ਤਰੀਕਿਆਂ, ਹਿੰਸਕ ਤਰੀਕਿਆਂ, ਜੋ ਲੋਕਤੰਤਰ ਦੇ ਸਮਾਜਿਕ ਇਕਰਾਰਨਾਮੇ ਅਤੇ ਕਾਨੂੰਨੀ ਢਾਂਚੇ ਵਿਚ ਫਿੱਟ ਹੁੰਦੇ ਹਨ, ਨਾਲ ਗੁਲਾਮ ਬਣਾਈ ਰੱਖਣ ਦੇ ਠੋਸ ਯਤਨ ਕੀਤੇ ਜਾਂਦੇ ਰਹੇ ਹਨ। ਅਮਰੀਕਨ ਸਾਮਰਾਜਵਾਦ ਅਤੇ ਉਸ ਦੇ ਯੁੱਧਾਂ ਦੀਆਂ ਕੌਮਾਂਤਰੀ ਕਹਾਣੀਆਂ – ਵੀਅਤਨਾਮ, ਜਪਾਨ, ਇਰਾਕ, ਅਫਗਾਨਿਸਤਾਨ ਵਿਚ ਕਤਲੇਆਮ ਦੀਆਂ ਕਹਾਣੀਆਂ – ਮੈਨੂੰ ਨਹੀਂ ਲੱਗਦਾ ਕਿ #ਏਸ਼ੀਅਨਲਾਈਵਜ਼ਮੈਟਰ ਅਤੇ #ਆਲਲਾਈਵਜ਼ਮੈਟਰ ਵਿਚ ਇਨ੍ਹਾਂ ਕਹਾਣੀਆਂ ਦਾ ਕੋਈ ਵੀ ਜ਼ਿਕਰ ਹੈ।
ਸਵਾਲ: ਜਦ ਦਲਿਤ ਕਹਿੰਦੇ ਹਨ ਕਿ #ਦਲਿਤਲਾਈਵਜ਼ਮੈਟਰ, ਤਾਂ ਕੀ ਇਹ ਸਦੀਆਂ ਤੋਂ ਚਲੇ ਆ ਰਹੇ ਕਾਲੇ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਨਹੀਂ ਕਰਦਾ? ਕੀ #ਦਲਿਤਲਾਈਵਜ਼ਮੈਟਰ ਨਸਲਵਾਦ ਤੋਂ ਉਪਰ ਹੈ?
ਜਵਾਬ: ਜਾਤੀਵਾਦ ਅਤੇ ਨਸਲਵਾਦ ਦਾ ਇਤਿਹਾਸ ਵੱਖਰਾ-ਵੱਖਰਾ ਹੋਣ ਦੇ ਬਾਵਜੂਦ ਵੀ ਇਹ ਦੋਨੋਂ ਬਹੁਤੇ ਵੱਖਰੇ ਨਹੀਂ ਹਨ, ਸਿਵਾਏ ਇਸ ਦੇ ਕਿ ਜਾਤੀਵਾਦ ਕਿਸੇ ਦੈਵੀ ਆਦੇਸ਼ ਦਾ ਦਾਅਵਾ ਕਰਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਥੋੜ੍ਹਾ ਸਖਤ ਹੋਵੇਗਾ ਕਿ ?? ਅੰਦੋਲਨ ਸਦੀਆਂ ਤੋਂ ਚੱਲ ਰਹੇ ਕਾਲੇ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ Ḕਬਲੈਕ ਲਾਈਵਜ਼ ਮੈਟਰ’ ਨਾਲ ਸਾਂਝਾ ਉਦੇਸ਼ ਸਥਾਪਤ ਕਰਨ, ਇਕਮੁੱਠਤਾ ਬਣਾਉਣ ਅਤੇ ਉਸ ਤੋਂ ਰੋਸ਼ਨੀ ਲੈਣ ਦਾ ਯਤਨ ਹੈ।
ਜੋ ਅੰਦੋਲਨ ਅਮਰੀਕਾ ਵਿਚ ਹੋ ਰਿਹਾ ਹੈ, ਉਹ ਕਿਸੇ ਵੀ ਹੋਰ ਅੰਦੋਲਨ ਦੀ ਤੁਲਨਾ ਵਿਚ ਜ਼ਿਆਦਾ ਸ਼ਕਤੀਸ਼ਾਲੀ ਅਤੇ ਉਘੜਵਾਂ ਹੈ। ਭਾਰਤ ਦਾ ਜਾਤੀਵਾਦ ਲੰਮੇ ਸਮੇਂ ਤੋਂ ਕੌਮਾਂਤਰੀ ਜਾਂਚ ਦੀ ਰਾਡਾਰ ਦੇ ਦਾਇਰੇ ਤੋਂ ਬਾਹਰ ਚਲਾ ਗਿਆ ਹੈ। ਤੇ ਇਸ ਨੂੰ ਇਸ ਹਾਲਤ ਤੱਕ ਪਹੁੰਚਾਉਣ ਲਈ ਕਈ ਉਘੇ, ਸਨਮਾਨਿਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਵੀ ਹੱਥ ਵਟਾਇਆ ਹੈ।
ਕੋਈ ਵੀ ਜਾਤੀਵਾਦ ਤੋਂ ਉਪਰ ਨਹੀਂ ਹੈ। ਵੱਖ-ਵੱਖ ਥਾਵਾਂ ਉਪਰ ਇਸ ਦੇ ਰੂਪ ਵੱਖਰੇ-ਵੱਖਰੇ ਹਨ। ਮਿਸਾਲ ਵਜੋਂ ਦੱਖਣੀ ਅਫਰੀਕਾ ਵਿਚ ਬਲੈਕ ਸਾਊਥ ਅਫਰੀਕੀ, ਨਾਈਜੀਰੀਆਈ ਅਤੇ ਹੋਰ ਅਫਰੀਕੀ ਮੁਲਕਾਂ ਦੇ ਅਫਰੀਕੀਆਂ ਨੂੰ ਘ੍ਰਿਣਾ ਕਰਦੇ ਹਨ। ਭਾਰਤ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ ਕਿ ਜਾਤਪਾਤੀ ਦਾਬਾ ਅਤੇ ਬ੍ਰਾਹਮਣਵਾਦ ਹਰ ਉਸ ਜਾਤੀ ਵਿਚ ਪ੍ਰਚਲਤ ਹੈ ਜਿਸ ਵਿਚ ਆਪਣੇ ਤੋਂ ਹੇਠਲੀ ਜਾਤੀ ਉਪਰ ਜ਼ੁਲਮ ਕੀਤੇ ਜਾਂਦੇ ਹਨ। ਇਹ ਰੁਝਾਨ ਸਮਾਜ ਦੇ ਸਭ ਤੋਂ ਹੇਠਲੇ ਪੌਡੇ ਤੱਕ ਜਾਂਦਾ ਹੈ, ਇਥੋਂ ਤੱਕ ਕਿ Ḕਦਲਿਤ’ ਨਾਂਅ ਦੀ ਰਾਜਨੀਤਕ ਸ਼੍ਰੇਣੀ ਵਿਚ ਵੀ। ਤੁਸੀਂ ਵੀ ਆਪਣੇ ਸੰਘਰਸ਼ਾਂ ਵਿਚ ਇਸ ਨੂੰ ਮਹਿਸੂਸ ਕੀਤਾ ਹੋਵੇਗਾ। ਤੁਸੀਂ ਕਿਸੇ ਵੀ ਚੀਜ਼ ਨੂੰ ਲੰਮੇ ਸਮੇਂ ਤੱਕ ਘੂਰਦੇ ਰਹੋ ਤਾਂ ਉਹ ਚੀਜ਼ ਆਪਣੇ ਚਾਰ ਚੁਫੇਰੇ ਦੇ ਸ਼ਬਦ-ਆਡੰਬਰ ਦੀ ਤੁਲਨਾ ਵਿਚ ਹੋਰ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ; ਲੇਕਿਨ ਸ਼ਬਦ-ਆਡੰਬਰ ਦਾ ਵੀ ਆਪਣਾ ਮਹੱਤਵ ਹੈ। ਇਹ ਲੋਕਾਂ ਨੂੰ ਆਪਣੇ ਵਿਚਾਰਾਂ ਨੂੰ ਸਿਲਸਿਲੇਵਾਰ ਬਣਾਉਣ ਦੇ ਲਈ ਇਕ ਢਾਂਚਾ ਦਿੰਦਾ ਹੈ।
ਸਵਾਲ: ਭਾਰਤ ਦੇ ਲੋਕ, ਸਮਾਚਾਰ ਅਤੇ ਮਨੋਰੰਜਨ ਮੀਡੀਆ ਵਿਚ ਕਾਲੇ ਲੋਕਾਂ ਦੀ ਤਸਵੀਰ ਅੱਜ ਵੀ ਨਸ਼ੀਲੇ ਪਦਾਰਥਾਂ ਦੇ ਵਣਜਾਰੇ, ਵਹਿਸ਼ੀ ਅਤੇ ਆਦਮਖੋਰ ਵਜੋਂ ਕਿਉਂ ਪੇਸ਼ ਕੀਤੀ ਜਾਂਦੀ ਹੈ?
ਜਵਾਬ: ਕਿਉਂਕਿ ਅਸੀਂ ਨਸਲਵਾਦੀ ਸੰਸਕ੍ਰਿਤੀ ਹਾਂ। ਪਿਛਲੇ ਸਾਲ ਮੈਂ ਮਲਿਆਲਮ ਫਿਲਮ Ḕਅਬ੍ਰਾਹਮਿੰਦੇ ਸੰਥਾਥਿਕਲḔ (ਦਿ ਸੰਨਜ਼ ਆਫ ਅਬਰਾਹਮ) ਦੇਖੀ। ਇਸ ਫਿਲਮ ਦੇ ਸਾਰੇ ਸ਼ਾਤਰ, ਬੇਵਕੂਫ-ਮੁਜਰਿਮ ਖਲਨਾਇਕ, ਸਾਰੇ ਹੀ ਬਲੈਕ ਅਫਰੀਕਨ ਸਨ – ਤੇ ਜ਼ਾਹਰਾ ਤੌਰ ‘ਤੇ ਮਲਿਆਲੀ ਸੁਪਰ ਹੀਰੋ ਅੰਤ ਵਿਚ ਸਭ ਦਾ ਸਰਬਨਾਸ਼ ਕਰ ਦਿੰਦਾ ਹੈ। ਕੇਰਲ ਵਿਚ ਅਫਰੀਕੀਆਂ ਦਾ ਕੋਈ ਭਾਈਚਾਰਾ ਨਹੀਂ ਰਹਿੰਦਾ। ਫਿਰ ਵੀ ਫਿਲਮ ਨਿਰਮਾਤਾ ਨੇ ਨਸਲਵਾਦ ਨੂੰ ਦਿਖਾਉਣ ਲਈ ਕਾਲਪਨਿਕ ਕਹਾਣੀ ਖਿੱਚ ਲਿਆਂਦੀ। ਇਹ ਕੋਈ ਸਟੇਟ ਦਾ ਜ਼ੁਲਮ ਨਹੀਂ ਹੈ। ਇਹ ਸਾਡਾ ਸਮਾਜ ਹੈ। ਇਹ ਸਾਰੇ ਇਥੋਂ ਦੇ ਲੋਕ ਹਨ। ਇਹ ਉਹੀ ਦੱਖਣੀ ਅਫਰੀਕੀ ਕਲਾਕਾਰ, ਫਿਲਮ ਨਿਰਮਾਤਾ, ਅਭਿਨੇਤਾ ਅਤੇ ਲੇਖਕ ਹਨ ਜਿਨ੍ਹਾਂ ਦੀ ਕਾਲੀ ਚਮੜੀ ਲਈ ਉਤਰ ਭਾਰਤੀਆਂ ਵਲੋਂ ਸਦਾ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਠੀਕ ਇਨ੍ਹਾਂ ਕਾਰਨਾਂ ਕਰ ਕੇ ਦੱਖਣੀ ਭਾਰਤੀ ਅਫਰੀਕੀਆਂ ਨੂੰ ਅਪਮਾਨਿਤ ਕਰਦੇ ਹਨ। ਇਹ ਅਜਿਹੇ ਬੋਰ ਵਿਚ ਡਿਗਣ ਵਾਂਗ ਹੈ ਜਿਸ ਦਾ ਕੋਈ ਥੱਲਾ ਨਹੀਂ ਹੈ।
ਸਵਾਲ: ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗਾਂਧੀ ਦਾ ਬੁੱਤ ਤੋੜ ਦਿੱਤਾ ਗਿਆ, ਇਸ ਦੀ ਕੀ ਵਜਾ੍ਹ ਹੋ ਸਕਦੀ ਹੈ?
ਜਵਾਬ: ਇਹ ਸਮਝਣਾ ਮੁਸ਼ਕਿਲ ਹੈ। ਅਖਬਾਰੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬੁੱਤ ਤੋੜ ਕੇ ਉਸ ਉਪਰ ਸਪਰੇਅ-ਪੇਂਟ ਨਾਲ ਟਿੱਪਣੀਆਂ ਲਿਖ ਦਿੱਤੀਆਂ ਗਈਆਂ, ਲੇਕਿਨ ਤਸਵੀਰਾਂ ਵਿਚ ਬੁੱਤ ਨੂੰ ਲਪੇਟਿਆ ਹੋਇਆ ਦਿਖਾਇਆ ਗਿਆ ਹੈ। ਇਸ ਲਈ ਕਿਸੇ ਨੂੰ ਪਤਾ ਨਹੀਂ ਹੈ ਕਿ ਉਸ ਉਪਰ ਕੀ ਲਿਖ ਦਿੱਤਾ ਗਿਆ ਸੀ।
ਕੀ ਇਹ ਕਾਰਾ ਉਨ੍ਹਾਂ ਲੋਕਾਂ ਨੇ ਕੀਤਾ ਜੋ ਗਾਂਧੀ ਦੇ ਦੱਖਣੀ ਅਫਰੀਕਾ ਵਿਚ ਪਰਵਾਸ ਦੌਰਾਨ ਕਾਲੇ ਅਫਰੀਕੀਆਂ ਦੇ ਖਿਲਾਫ ਗਾਂਧੀ ਦੀਆਂ ਨਸਲਵਾਦੀ ਟਿੱਪਣੀਆਂ ਅਤੇ ਭਾਰਤ ਵਿਚ ਜਾਤੀ ਵਿਵਸਥਾ ਉਪਰ ਉਸ ਦੀ ਪੁਜੀਸ਼ਨ ਜਾਣਦੇ ਹਨ? ਕੀ ਇਹ ਘਾਨਾ ਅਤੇ ਹੋਰ ਮੁਲਕਾਂ ਵਿਚ ਗਾਂਧੀ ਦੇ ਬੁੱਤ ਤੋੜਨ ਦੇ ਸਿਲਸਿਲੇ ਦਾ ਹਿੱਸਾ ਸੀ? ਜਾਂ ਇਹ ਉਨ੍ਹਾਂ ਲੋਕਾਂ ਦਾ ਕੰਮ ਸੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਉਸ ਵਲੋਂ ਟਰੰਪ ਦੇ ਸਨਮਾਨ ਵਿਚ ਹਾਓਡੀ ਮੋਦੀ ਅਤੇ ਨਮਸਤੇ ਟਰੰਪ ਵਰਗੇ ਵਿਸ਼ਾਲ ਨੁਮਾਇਸ਼ੀ ਸਮਾਗਮਾਂ ਦੇ ਪ੍ਰਤੀ ਆਪਣੀ ਨਫਰਤ ਪ੍ਰਗਟਾਉਣਾ ਚਾਹੁੰਦੇ ਸਨ। ਮੈਨੂੰ ਦਰਅਸਲ ਇਸ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਵੀ ਸੱਚ ਹੈ ਕਿ ਕਈ ਮੁਜ਼ਾਹਰਕਾਰੀਆਂ ਨੇ ਗਾਂਧੀ ਦੀਆਂ ਤਸਵੀਰਾਂ ਨਾਲ, ਉਨ੍ਹਾਂ ਨੂੰ ਆਪਣੀ ਪ੍ਰੇਰਨਾ ਦੱਸਦੇ ਹੋਏ, ਇਕ ਅਧਿਆਪਕ ਅਤੇ ਗੁਰੂ ਦੇ ਰੂਪ ‘ਚ ਅਤੇ ਅਹਿੰਸਕ ਸਿਵਲ ਨਾਫਰਮਾਨੀ ਵਰਗੀ ਉਸ ਦੀ ਰਣਨੀਤੀ ਦੇ ਹੱਕ ਵਿਚ ਟਵੀਟ ਕੀਤੇ। ਇਸ ਲਈ ਗਾਂਧੀ ਆਪਣੇ ਕਈ ਰੂਪਾਂ ਵਿਚ ਉਨ੍ਹਾਂ ਸੜਕਾਂ ਉਪਰ ਮੌਜੂਦ ਰਿਹਾ ਹੈ।
ਜਿਸ ਬੁੱਤ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ ਸੀ। ਹੋਰ ਕਈ ਅਫਰੀਕੀ ਮੁਲਕਾਂ ਵਿਚ ਵੀ ਉਨ੍ਹਾਂ ਦੇ ਬੁੱਤਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਰਹੀ ਹੈ। ਭਾਰਤ ਸਰਕਾਰ ਗਾਂਧੀ ਦੇ ਬੁੱਤ ਲਗਾਏ ਜਾਣ ਦੀ ਸਰਪ੍ਰਸਤੀ ਕਿਉਂ ਕਰਦੀ ਹੈ? ਇਹੀ ਭਾਰਤ ਸਰਕਾਰ ਵਿਦੇਸ਼ਾਂ ਵਿਚ ਗਾਂਧੀ ਦੇ ਬੁੱਤ ਲਗਾਏ ਜਾਣ ਨੂੰ ਹੱਲਾਸ਼ੇਰੀ ਦਿੰਦੀ ਹੈ ਜਦਕਿ ਭਾਰਤ ਵਿਚ ਹੀ ਇਸ ਨੇ ਸਭ ਤੋਂ ਬੜਾ ਖੇਤਰ ਫੌਜ ਦੇ ਹਵਾਲੇ ਕੀਤਾ ਹੋਇਆ ਹੈ ਅਤੇ ਨਾਲ ਹੀ ਅਜੋਕਾ ਭਾਰਤੀ ਸਮਾਜ ਹੋਰ ਜ਼ਿਆਦਾ ਅਸਹਿਣਸ਼ੀਲ ਹੋ ਗਿਆ ਹੈ। ਇਸ ਨੂੰ ਕਿਵੇਂ ਸਮਝਿਆ ਜਾਵੇ?
ਚੰਗੇ ਲਈ ਜਾਂ ਫਿਰ ਬੁਰੇ ਲਈ, ਗਾਂਧੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਨਿਰਯਾਤ ਹੈ। ਗਾਂਧੀ ਦਾ ਅਹਿੰਸਾ ਦਾ ਸੰਦੇਸ਼ ਅਤੇ ਭਾਰਤ ਸਰਕਾਰ ਵਲੋਂ ਮੁਲਕ ਦੇ ਲਗਭਗ ਹਰ ਹਿੱਸੇ ਵਿਚ ਕੀਤੀ ਜਾਂਦੀ ਘੋਰ ਹਿੰਸਾ ਅਤੇ ਫੌਜੀਵਾਦ, ਇਹ ਦੋਨੋਂ ਚੀਜ਼ਾਂ ਬਹੁਤ ਹੀ ਅਰਾਮ ਨਾਲ ਨਾਲੋ-ਨਾਲ ਚੱਲਦੀਆਂ ਹਨ। ਉਨ੍ਹਾਂ ਦੇ ਲਈ ਗਾਂਧੀ ਵਰਤੋਂ ਦਾ ਸੰਦ ਹੈ, ਧੂੰਏਂ ਦਾ ਪਰਦਾ ਹੈ। ਸ਼ਾਇਦ ਅੱਥਰੂ ਗੈਸ। ਇਥੋਂ ਤੱਕ ਕਿ ਸਮਾਜੀ ਅਤੇ ਬੌਧਿਕ ਤੌਰ ‘ਤੇ ਖੁਦ ਨੂੰ ਗਾਂਧੀਵਾਦੀ ਕਹਿਣ ‘ਚ ਉਨ੍ਹਾਂ ਲੋਕਾਂ ਨੂੰ ਵੀ ਕੋਈ ਵਿਰੋਧਾਭਾਸ ਮਹਿਸੂਸ ਨਹੀਂ ਹੁੰਦਾ ਜੋ ਤਾਕਤਵਰ ਜਾਤਾਂ ਦੇ ਹਨ, ਜਾਤੀ ਵਿਵਸਥਾ ਨੂੰ ਮੰਨਦੇ ਹਨ ਅਤੇ ਉਸ ਉਪਰ ਚੱਲਦੇ ਹਨ। ਜਿਸ ਵਿਵਸਥਾ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਸਿਰਫ ਉਸੇ ਮਾਹੌਲ ਵਿਚ ਜਿਊਂਦੀ ਰਹਿ ਸਕਦੀ ਹੈ ਜਿਸ ਵਿਚ ਇਸ ਵਿਵਸਥਾ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਹਿੰਸਾ ਦੀਆਂ ਧਮਕੀਆਂ ਅਤੇ ਬੇਕਿਰਕ ਸਰੀਰਕ ਹਿੰਸਾ ਸਥਾਈ ਰੂਪ ‘ਚ ਮੌਜੂਦ ਰਹਿੰਦੀ ਹੈ। ਇਸ ਪਾਖੰਡ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ।
ਸਵਾਲ: ਬਹੁਤ ਸਾਰੇ ਭਾਰਤੀ ਬ੍ਰਿਸਟਨ ਵਿਚ ਗ਼ੁਲਾਮਾਂ ਦੇ ਵਪਾਰ ਦੇ ਮਾਲਿਕ ਐਡਵਰਡ ਕੌਲਸਟਨ ਦੇ ਬੁੱਤ ਨੂੰ ਉਖਾੜਦੇ ਹੋਏ Ḕਬੀ.ਐਲ਼ਐਮ.’ (ਬਲੈਕਲਾਈਵਜ਼ਮੈਟਰ) ਅੰਦੋਲਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਅਤੇ ਜਸ਼ਨ ਮਨਾ ਰਹੇ ਹਨ। ਲੇਕਿਨ ਭਾਰਤ ਵਿਚ ਹੀ ਰਾਜਸਥਾਨ ਹਾਈਕੋਰਟ ਦੇ ਐਨ ਸਾਹਮਣੇ ਮਨੂ ਦਾ ਬੁੱਤ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ Ḕਸਿਰਫ ਬ੍ਰਾਹਮਣਾਂ ਦੇ’ ਘਰਾਂ ਵਰਗੇ ਕਈ ਹੋਰ ਪ੍ਰਤੀਕ ਮੌਜੂਦ ਹਨ ਜੋ ਜਾਤੀਵਾਦ ਨੂੰ ਉਤਸ਼ਾਹਤ ਕਰਦੇ ਹਨ। ਫਿਰ ਵੀ ਅਸੀਂ ਉਨ੍ਹਾਂ ਨੂੰ ਡੇਗਣਾ ਤਾਂ ਦੂਰ ਉਨ੍ਹਾਂ ਨੂੰ ਰੱਦ ਕਰਨ ਤੱਕ ਵਿਚ ਭੋਰਾ ਰੁਚੀ ਨਹੀਂ ਲੈਂਦੇ, ਇਸ ‘ਤੇ ਤੁਹਾਡੀ ਕੀ ਟਿੱਪਣੀ ਹੈ?
ਜਵਾਬ: ਅਸੀਂ ਇਕ ਜਾਤੀਵਾਦੀ, ਹਿੰਦੂ ਰਾਸ਼ਟਰਵਾਦੀ ਰਾਜ ਵਿਚ ਰਹਿੰਦੇ ਹਾਂ। ਅਸੀਂ ਉਸ ਦਿਨ ਤੋਂ ਅਜੇ ਬਹੁਤ ਦੂਰ ਹਾਂ ਜਦ ਸਾਡੇ ਇਥੇ ਬੁੱਤਾਂ ਨੂੰ ਹਟਾਇਆ ਜਾਂ ਡੇਗਿਆ ਜਾਵੇਗਾ। ਅਸੀਂ ਤਾਂ ਉਸ ਪੜਾਅ ‘ਚ ਹਾਂ ਜਦ ਐਸੇ ਬੁੱਤ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਜਸ਼ਨ ਮਨਾਏ ਜਾ ਰਹੇ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਦੇ ਦਲਿਤ ਪੈਂਥਰਜ਼ ਵਰਗੇ ਤਿੱਖੇ ਅੰਦੋਲਨਾਂ ਦਾ ਹਿੱਸਾ ਰਹੇ ਲੋਕਾਂ ਨੇ ਵੀ ਇਨ੍ਹਾਂ ਨਵੇਂ ਹੁਕਮਰਾਨਾਂ ਨਾਲ ਜੋਟੀ ਜਾ ਲਈ ਹੈ। ਅੱਜ ਜਿਸ ਤਰ੍ਹਾਂ ਦਾ ਵਿਦਰੋਹ ਅਸੀਂ ਅਮਰੀਕਾ ਵਿਚ ਦੇਖ ਰਹੇ ਹਾਂ ਉਹ ਦਰਅਸਲ ਅਰਸੇ ਤੋਂ ਸੰਘਰਸ਼ ਅਤੇ ਜਥੇਬੰਦੀ ਦੇ ਨਾਲ-ਨਾਲ ਕਵਿਤਾ, ਕਲਾ, ਸੰਗੀਤ, ਸਾਹਿਤ ਦੇ ਉਨ੍ਹਾਂ ਪ੍ਰੋਗਰਾਮਾਂ ਅਤੇ ਯਾਦਾਂ ਦਾ ਨਤੀਜਾ ਹੈ ਜਿਨ੍ਹਾਂ ਦੇ ਜ਼ਰੀਏ ਅਫਰੀਕੀ ਅਮਰੀਕਨ ਆਪਣੀ ਦਾਸਤਾਨ ਸੁਣਦੇ-ਸੁਣਾਉਂਦੇ ਰਹਿੰਦੇ ਹਨ। ਨਸਲੀ ਵੰਡ ਦੀ ਜਿਊਂਦੀ-ਜਾਗਦੀ ਮੌਜੂਦਗੀ ਨੂੰ ਲੈ ਕੇ ਅਮਰੀਕਨਾਂ ਦੀ ਨਵੀਂ ਪੀੜ੍ਹੀ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਅਤੇ ਕੁੜ੍ਹਦੀ ਹੈ। ਇਕਜੁੱਟਤਾ ਦਾ ਐਸਾ ਮੁਜ਼ਾਹਰਾ ਅਚੰਭੇ ਵਾਲੀ ਘਟਨਾ ਹੈ।
(ਚਲਦਾ)