ਜੂਨ 84 ਦਾ ਘੱਲੂਘਾਰਾ: ਸਰੀਰਕ ਤੇ ਬਿਰਤਾਂਤਕ ਹਿੰਸਾ ਨੂੰ ਸਮਝਦਿਆਂ

ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਸਿੱਖ ਮਸਲਿਆਂ ਬਾਰੇ ਨਿੱਠ ਕੇ ਟੱਪਣੀਆਂ ਕਰਦੇ ਰਹਿੰਦੇ ਹਨ। ਇਸ ਲੇਖ ਵਿਚ ਉਨ੍ਹਾਂ ਜੂਨ 1984 ਦੇ ਸਾਕੇ ਬਾਰੇ ਵਿਚਾਰ ਕੀਤੇ ਹਨ ਅਤੇ ਕੁਝ ਗੱਲਾਂ ਰਤਾ ਕੁ ਨਿਤਾਰ ਕੇ ਕੀਤੀਆਂ ਹਨ। ਉਨ੍ਹਾਂ ਦੀਆਂ ਟਿੱਪਣੀਆਂ ਨਾਲ ਤੁਹਾਡੀ ਸਹਿਮਤੀ ਹੋਵੇ ਜਾਂ ਨਾ ਹੋਵੇ, ਪਰ ਉਹ ਸਬੰਧਤ ਮਸਲੇ ਬਾਰੇ ਆਪਣੇ ਢੰਗ ਨਾਲ ਸਵਾਲ ਜ਼ਰੂਰ ਖੜ੍ਹੇ ਕਰਦੇ ਹਨ। ਇਸ ਲੇਖ ਵਿਚ ਉਨ੍ਹਾਂ ਭਾਰਤੀ ਸਟੇਟ ਤੇ ਸਰਕਾਰ ਦੇ ਨਾਲ-ਨਾਲ ਖੱਬੇ-ਪੱਖੀਆਂ ਨੂੰ ਆਪਣੀ ਕਲਮ ਦੀ ਨੋਕ ‘ਤੇ ਰੱਖਿਆ ਹੈ ਅਤੇ ਖੱਬੇ ਵਿਚਾਰਾਂ ਦੇ ਰਾਹੀ ਰਹੇ ਸਿੱਖ ਵਿਦਵਾਨਾਂ ‘ਤੇ ਵੀ ਤਨਜ਼ ਕੱਸੀ ਹੈ।

-ਸੰਪਾਦਕ

ਪ੍ਰਭਸ਼ਰਨਦੀਪ ਸਿੰਘ

ਜੂਨ 84 ਦੇ ਘੱਲੂਘਾਰੇ ਨੂੰ ਛੱਤੀ ਵਰ੍ਹੇ ਬੀਤ ਗਏ ਹਨ। ਇਸ ਅਰਸੇ ਦੌਰਾਨ ਬਹੁਤ ਕੁਝ ਵਾਪਰਿਆ ਹੈ। ਸਿੱਖਾਂ ਨੇ ਇਸ ਘੱਲੂਘਾਰੇ ਦਾ ਮੂੰਹ-ਤੋੜਵਾਂ ਜੁਆਬ ਦਿੱਤਾ ਹੈ। ਇਸ ਜੰਗ ਦੌਰਾਨ ਸਿੱਖਾਂ ਨੇ ਆਪਣਾ ਪੁਰਾਣਾ ਸ਼ਾਨਾਂਮੱਤਾ ਇਤਿਹਾਸ ਸੁਰਜੀਤ ਕੀਤਾ ਹੈ ਤੇ ਨਵਾਂ ਸਿਰਜਿਆ ਹੈ। ਇਹ ਜੁਆਬ ਜ਼ਰੂਰੀ ਸੀ, ਪਰ ਅਜਿਹੇ ਗੰਭੀਰ ਹਮਲੇ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸਿੱਖਾਂ ਨੇ ਭਾਵੇਂ ਇਸ ਘੱਲੂਘਾਰੇ ਦੇ ਪਿਛੋਕੜ, ਕਾਰਨ ਅਤੇ ਪ੍ਰਭਾਵ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ, ਤਾਂ ਵੀ ਇਸ ਦਿਸ਼ਾ ਵਿਚ ਅਜੇ ਹੋਰ ਕੰਮ ਦੀ ਲੋੜ ਹੈ।
ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਹੋਰ ਸਿੱਖ ਗੁਰਦੁਆਰਾ ਸਾਹਿਬਾਨ ‘ਤੇ ਹਮਲਾ ਕਰਨ ਦੇ ਦੋ ਮੁੱਖ ਕਾਰਨ ਦੱਸੇ ਹਨ-ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਹੱਦੋਂ ਵੱਧ ਵਿਗੜੀ ਹਾਲਤ, ਜਿਸ ‘ਤੇ ਪੁਲਿਸ ਨਹੀਂ, ਫੌਜ ਹੀ ਕਾਬੂ ਪਾ ਸਕਦੀ ਸੀ। ਭਾਰਤੀ ਹਕੂਮਤ ਦੇ ਉਪਰੋਕਤ ਦੋਵੇਂ ਦਾਅਵੇ ਨਿਰਾਧਾਰ ਹਨ। ਧਰਮ ਯੁੱਧ ਮੋਰਚੇ ਦੌਰਾਨ ਸਿੱਖਾਂ ਦਾ ਸਿਆਸੀ ਨਿਸ਼ਾਨਾ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਸੀ, ਜੋ ਭਾਰਤ ਅੰਦਰ ਰਹਿੰਦਿਆਂ ਖੁਦਮੁਖਤਾਰੀ ਦੀ ਮੰਗ ਸੀ। ਘੱਲੂਘਾਰੇ ਨੂੰ ਜਾਇਜ਼ ਠਹਿਰਾਉਣ ਲਈ ਜਾਰੀ ਹੋਏ ਸਰਕਾਰੀ ਵ੍ਹਾਈਟ ਪੇਪਰ ਵਿਚ ਦਿੱਤੇ ਅੰਕੜਿਆਂ ਅਨੁਸਾਰ ਪੰਜਾਬ ਦੀ ਉਸ ਵੇਲੇ ਦੀ ਅਮਨ ਕਾਨੂੰਨ ਦੀ ਹਾਲਤ ਬਾਕੀ ਸੂਬਿਆਂ ਵਿਚੋਂ ਬਹੁਤਿਆਂ ਤੋਂ ਬਿਹਤਰ ਸੀ। ਸਪਸ਼ਟ ਹੈ ਕਿ ਇਸ ਘੱਲੂਘਾਰੇ ਦੀ ਵਜ੍ਹਾ ਕਿਤੇ ਹੋਰ ਪਈ ਸੀ। ਤੱਤਕਾਲੀ ਕਾਰਨਾਂ ਦਾ ਤਾਂ ਮਹਿਜ਼ ਬਹਾਨਾ ਸੀ, ਜੋ ਸਰਕਾਰ ਨੇ ਆਪਣੀ ਸਹੂਲਤ ਲਈ ਵਰਤ ਲਿਆ।
ਜੂਨ 84 ਦਾ ਘੱਲੂਘਾਰਾ ਹਿੰਸਾ ਦੇ ਵਰਤਾਰੇ ਦੀ ਸਿਖਰ ਸੀ। ਇਸ ਘੱਲੂਘਾਰੇ ਲਈ ਜ਼ਿੰਮੇਵਾਰ ਧਿਰ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖੀ ਨਾਲ ਖੁਣਸ ਪਾਲ ਰੱਖੀ ਸੀ। 1947 ਤੱਕ ਉਨ੍ਹਾਂ ਕੋਲ ਸਿਆਸੀ ਤਾਕਤ ਨਹੀਂ ਸੀ, ਇਸ ਲਈ ਉਹ ਅਜਿਹੇ ਕਾਰੇ ਕਰਨ ਦੇ ਸਮਰੱਥ ਹੀ ਨਹੀਂ ਸਨ। ਉਸ ਪਿਛੋਂ ਉਨ੍ਹਾਂ ਨੇ 1955 ਵਿਚ ਜਵਾਹਰ ਲਾਲ ਨਹਿਰੂ ਦੇ ਹੁਕਮ ‘ਤੇ ਪਹਿਲਾ ਹਮਲਾ ਕਰ ਦਿੱਤਾ। ਭਾਰਤੀ ਹਕੂਮਤ ਨੂੰ 1965 ਤੇ 1971 ਵਿਚ ਪਾਕਿਸਤਾਨ ਹੱਥੋਂ ਮਿਲੀਆਂ ਵੱਡੀਆਂ ਚੁਣੌਤੀਆਂ ਸਦਕਾ ਉਨ੍ਹਾਂ ਨੂੰ ਇਸ ਹਮਲੇ ਲਈ ਲੋੜੀਂਦੇ ਹਾਲਾਤ ਪੈਦਾ ਕਰਨ ਲਈ ਸੰਨ 1984 ਤੱਕ ਉਡੀਕ ਕਰਨੀ ਪਈ। ਸਿੱਖ-ਵਿਰੋਧੀ ਹਿੰਸਾ, ਜੋ ਸਦੀਆਂ ਤੋਂ ਪਲਦੀ ਆ ਰਹੀ ਸੀ, ਇਸ ਮੌਕੇ ਲਾਵੇ ਵਾਂਗ ਫੁੱਟ ਕੇ ਬਾਹਰ ਆ ਗਈ।
ਜੂਨ 84 ਦਾ ਘੱਲੂਘਾਰਾ ਸਿੱਖ ਦੇ ਜਿਉਂਦੇ ਹੋਣ ਦੀ ਬੇਚੈਨੀ ਵਿਚੋਂ ਉਪਜਿਆ ਹਮਲਾ ਸੀ। ਸਿੱਖ ਦੇ ਜੀਵਨ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਹੈ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਇਸ ਜੀਵਨ ਸੋਮੇ ਦਾ ਖਾਸ ਕੇਂਦਰ ਹੈ, ਜਿਸ ਦੀ ਵੱਖਰੀ ਤੇ ਵਡੇਰੀ ਅਹਿਮੀਅਤ ਸਦਾ ਬਰਕਰਾਰ ਰਹੇਗੀ। ਸਿੱਖ ਦਾ ਜਿਉਂਦੇ ਹੋਣਾ ਭਾਰਤੀ ਹਕੂਮਤ ਦੇ ਸੰਚਾਲਕ ਉਚ-ਜਾਤੀ ਹਿੰਦੂਆਂ ਅੰਦਰ ਬੇਚੈਨੀ ਪੈਦਾ ਕਰਦਾ ਸੀ। ਇਸ ਬੇਚੈਨੀ ਦੀ ਵਜ੍ਹਾ ਸੀ ਕਿ ਸਿੱਖ ਮਨੁੱਖ ਦੀ ਪ੍ਰਭੂਸੱਤਾ ਸੰਪੰਨ ਹਸਤੀ ਦੀ ਜਿਉਂਦੀ ਮਿਸਾਲ ਸੀ। ਪ੍ਰਭੂਸੱਤਾ ਸੰਪੰਨ ਆਪੇ ਵਾਲਾ ਇਹ ਮਨੁੱਖ ਗੁਰੂ ਨਾਨਕ ਸਾਹਿਬ ਨੇ ਸਾਜਿਆ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਨੁੱਖ ਨੂੰ ਖਾਲਸਾ ਬਣਾਇਆ, ਜਿਸ ਨਾਲ ਇਸ ਅੰਦਰਲੀ ਪ੍ਰਭੂਸੱਤਾ ਨੇ ਨਿੱਗਰ ਸਰੂਪ ਹਾਸਲ ਕਰ ਲਿਆ। ਹਿੰਦੁਸਤਾਨ ਦੀ ਸਥਾਪਤੀ ਨੂੰ ਪ੍ਰਭੂਸੱਤਾ ਸੰਪੰਨ ਮਨੁੱਖ ਦੇ ਇਸ ਨਿੱਗਰ ਸਰੂਪ ਨੇ ਬੇਚੈਨ ਕੀਤਾ। ਇਸ ਹਿੰਦੁਸਤਾਨੀ ਸਥਾਪਤੀ ਦੀ ਸਹੀ ਨਿਸ਼ਾਨਦੇਹੀ ਕਿਵੇਂ ਕੀਤੀ ਜਾਵੇ?
ਅੱਜ ਹਿੰਦੁਸਤਾਨ ‘ਤੇ ਐਲਾਨੀਆ ਤੌਰ ‘ਤੇ ਹਿੰਦੂ ਫਾਸ਼ੀਵਾਦੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ, ਪਰ 1984 ਵਿਚ ਅਜਿਹੀ ਕੋਈ ਗੱਲ ਨਹੀਂ ਸੀ। ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਉਣ ਦੇ ਨੇੜੇ-ਤੇੜੇ ਵੀ ਨਹੀਂ ਸੀ। ਸੈਕੂਲਰ ਹੋਣ ਦੀ ਦਾਅਵੇਦਾਰ ਇੰਡੀਅਨ ਨੈਸ਼ਨਲ ਕਾਂਗਰਸ ਹਿੰਦੁਸਤਾਨ ‘ਤੇ ਰਾਜ ਕਰ ਰਹੀ ਸੀ। ਹਿੰਦੁਸਤਾਨ ਦੇ ਸਾਰੇ ਲਿਬਰਲ ਅਤੇ ਬਹੁਤੇ ਖੱਬੇ-ਪੱਖੀ ਕਾਂਗਰਸ ਦੇ ਪੱਕੇ ਹਮਾਇਤੀ ਸਨ। ਇਹ ਲਿਬਰਲ ਤੇ ਖੱਬੇ ਪੱਖੀ, ਕਾਂਗਰਸ ਅਤੇ ਭਾਰਤੀ ਹਕੂਮਤ ਦੀ ਅਸਲ ਤਾਕਤ ਸਨ। ਹਾਕਮ ਧਿਰ ਤੋਂ ਜ਼ਰਾ ਕੁ ਵਿੱਥ ‘ਤੇ ਵਿਚਰਨ ਵਾਲੀਆਂ ਇਹ ਦੋਵੇਂ ਧਿਰਾਂ ਹਕੂਮਤੀ ਮਨਸੂਬੇ ਸਿਰੇ ਚਾੜ੍ਹਨ ਲਈ ਲੋੜੀਂਦਾ ਮਾਹੌਲ ਤਿਆਰ ਕਰਦੀਆਂ ਸਨ।
1947 ਪਿਛੋਂ ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਦੀ ਭੂਮਿਕਾ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਦੋਹਾਂ ਧਿਰਾਂ ਨੇ ਪੰਜਾਬ ਦੀ ਧਰਤੀ ‘ਤੇ ਪਛਾਣ ਦਾ ਆਧਾਰ ਪੰਜਾਬੀਅਤ ਨੂੰ ਬਣਾਉਣ ‘ਤੇ ਜ਼ੋਰ ਦਿੱਤਾ। ਧਰਮ ਦੀ ਥਾਂ ਸਭਿਆਚਾਰ ਨੂੰ ਕੌਮੀ ਪਛਾਣ ਦਾ ਆਧਾਰ ਬਣਾਉਣ ਦੇ ਨਾਂ ‘ਤੇ ਸਿੱਖੀ ਨੂੰ ਨਿਸ਼ਾਨਾ ਬਣਾਇਆ। ਸੁਆਲ ਹੈ ਕਿ ਜੇ ਪੰਜਾਬੀਅਤ ਦੇ ਅਲੰਬਰਦਾਰ ਕਿਸੇ ਵੀ ਧਰਮ ਦੀ ਪੈਰਵਾਈ ਨਾ ਕਰ ਕੇ ਸਮੂਹ ਪੰਜਾਬੀਆਂ ਲਈ ਸਾਂਝੀ ਪਛਾਣ ਦਾ ਆਧਾਰ ਦੇ ਰਹੇ ਸਨ ਤਾਂ ਉਨ੍ਹਾਂ ਨੇ ਸਿਰਫ ਸਿੱਖੀ ਨੂੰ ਨਿਸ਼ਾਨਾ ਕਿਵੇਂ ਬਣਾਇਆ? ਪਹਿਲੀ ਗੱਲ, ਹਿੰਦੂ ਤੇ ਮੁਸਲਮਾਨਾਂ ਦੇ ਬੌਧਿਕ, ਸਾਹਿਤਕ ਅਤੇ ਸਿਆਸੀ ਕੁਲੀਨ ਵਰਗ ਪੰਜਾਬੀ ਨੂੰ ਲੱਗਭੱਗ ਇੱਕ ਸਦੀ ਪਹਿਲਾਂ ਸਿੱਧੀ ਤਿਲਾਂਜਲੀ ਦੇ ਚੁਕੇ ਸਨ। ਆਮ ਹਿੰਦੂਆਂ ਅਤੇ ਮੁਸਲਮਾਨਾਂ ਦਾ ਪੰਜਾਬੀ ਨਾਲ ਨਾਤਾ ਤਾਂ ਰਿਹਾ, ਪਰ ਉਹ ਇੰਨਾ ਮਜ਼ਬੂਤ ਨਹੀਂ ਸੀ ਕਿ ਇਨ੍ਹਾਂ ਦੋਹਾਂ ਭਾਈਚਾਰਿਆਂ ਵਿਚੋਂ ਪੰਜਾਬੀ ਦੇ ਹੱਕ ਵਿਚ ਕੋਈ ਲਹਿਰ ਖੜ੍ਹੀ ਹੋ ਜਾਂਦੀ; ਹਿੰਦੂ ਅਤੇ ਮੁਸਲਮਾਨ ਕੁਲੀਨ ਵਰਗ ਨੇ ਕ੍ਰਮਵਾਰ ਹਿੰਦੀ ਤੇ ਉਰਦੂ ਨੂੰ ਆਪਣੀਆਂ ਭਾਸ਼ਾਵਾਂ ਵਜੋਂ ਅਪਨਾ ਲਿਆ, ਜਿਸ ‘ਤੇ ਇਨ੍ਹਾਂ ਭਾਈਚਾਰਿਆਂ ਦੇ ਬਹੁਗਿਣਤੀ ਲੋਕਾਂ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਇਸ ਲਈ ਜਦੋਂ ਦੋ ਬਹੁਗਿਣਤੀ ਪੰਜਾਬੀ ਭਾਈਚਾਰੇ ਪੰਜਾਬੀ ਤੋਂ ਬੇਦਖਲੀ ਹੀ ਲੈ ਗਏ ਤਾਂ ਉਸ ਆਧਾਰ ‘ਤੇ ਸਿੱਖਾਂ ਦੇ ਸਿੱਖੀ ‘ਤੇ ਆਧਾਰਿਤ ਕੌਮੀ ਪਛਾਣ ਦੇ ਦਾਅਵੇ ਨੂੰ ਰੱਦ ਕਰਨ ਦੀ ਕੋਈ ਤੁਕ ਨਹੀਂ ਸੀ ਬਣਦੀ।
ਦੂਜੀ ਗੱਲ, ਸੰਤਾਲੀ ਦੀ ਵੰਡ ਪਿਛੋਂ ਹਿੰਦੂਆਂ ਅਤੇ ਮੁਸਲਮਾਨਾਂ ਕੋਲ ਤਾਂ ਪ੍ਰਭੂਸੱਤਾ ਸੰਪੰਨ ਮੁਲਕਾਂ ਦੇ ਰੂਪ ਵਿਚ ਸਿਆਸੀ ਤਾਕਤ ਆ ਗਈ, ਪਰ ਬੇਵਤਨੇ ਸਿੱਖ ਢੁਕਵੀਂ ਜਮਹੂਰੀ ਨੁਮਾਇੰਦਗੀ ਲਈ ਹੀ ਸੰਘਰਸ਼ ਕਰਨ ਲਈ ਮਜਬੂਰ ਹੋ ਗਏ। ਪੰਜਾਬੀਅਤ ਦੇ ਅਲੰਬਰਦਾਰਾਂ ਦਾ ਹਿੰਦੂਆਂ ਅਤੇ ਮੁਸਲਮਾਨਾਂ ‘ਤੇ ਤਾਂ ਕੋਈ ਜ਼ੋਰ ਚੜ੍ਹਦਾ ਨਹੀਂ ਸੀ, ਉਨ੍ਹਾਂ ਨੇ ਧਾਰਮਿਕ ਪਛਾਣ ਨੂੰ ਤਜਣ ਦਾ ਸਾਰਾ ਬੋਝ ਸਿੱਖਾਂ ਸਿਰ ਹੀ ਪਾ ਦਿੱਤਾ, ਅਖੇ ਧਾਰਮਿਕ ਪਛਾਣ ਦੀ ਪੈਰਵਾਈ ਨਾਲ ਫਿਰਕਾਪ੍ਰਸਤੀ ਫੈਲਦੀ ਹੈ। ਹਿੰਦੁਸਤਾਨੀ ਪ੍ਰਸੰਗ ਵਿਚ, ਹਿੰਦੂ ਬਹੁਗਿਣਤੀ ਤਾਂ ਰਾਜਸੱਤਾ ਰਾਹੀਂ ਆਪਣਾ ਫਿਰਕੂ ਏਜੰਡਾ ਧੱਕੇ ਨਾਲ ਸਿੱਖਾਂ ਜਿਹੀਆਂ ਘੱਟਗਿਣਤੀਆਂ ਸਿਰ ਮੜ੍ਹ ਰਹੀ ਸੀ, ਜਦੋਂ ਕਿ ਸਿੱਖ ਬਹੁਗਿਣਤੀ ਦੇ ਘੱਟਗਿਣਤੀਆਂ ਨੂੰ ਜਜ਼ਬ ਕਰਨ ਵਾਲੇ ਇਸ ਫਿਰਕੂ ਅਮਲ ਤੋਂ ਬਚਾਓ ਲਈ ਸਿੱਖੀ ਦੀ ਓਟ ਲੈ ਰਹੇ ਸਨ। ਪੰਜਾਬੀਅਤ ਦੇ ਅਲੰਬਰਦਾਰਾਂ ਨੇ ਸਿੱਖਾਂ ਤੋਂ ਸਿੱਖੀ ਦੀ ਆਸਰਾ ਖੋਹ ਕੇ ਉਨ੍ਹਾਂ ਨੂੰ ਸੈਕੂਲਰ ਭਾਰਤੀ ਰਾਸ਼ਟਰਵਾਦ ਦੀ ਜ਼ੱਦ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ, ਜੋ ਹਿੰਦੂਵਾਦ ਦਾ ਹੀ ਲੁਕਵਾਂ ਰੂਪ ਸੀ।
1947 ਦੀ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਸਿੱਖਾਂ ਨੂੰ ਝੱਲਣਾ ਪਿਆ। ਇੱਕ ਤਾਂ ਸਿੱਖਾਂ ਦਾ ਵੱਡਾ ਹਿੱਸਾ ਉਜਾੜੇ ਅਤੇ ਕਤਲੋਗਾਰਤ ਦਾ ਸ਼ਿਕਾਰ ਹੋਇਆ, ਦੂਜਾ ਸਿੱਖ ਆਪਣਾ ਮੁਲਕ ਹਾਸਲ ਨਾ ਕਰ ਸਕੇ। ਇਸ ਦੇ ਬਾਵਜੂਦ ਸੰਨ ਸੰਤਾਲੀ ਵਿਚ ਵੱਡੀ ਮਾਰ ਝੱਲਣ ਪਿਛੋਂ ਵੀ 1960ਵਿਆਂ ਤੱਕ ਸਿੱਖ ਪੈਰਾਂ ਸਿਰ ਹੋ ਗਏ। ਇਸ ਦੇ ਦੋ ਕਾਰਨ ਸਨ-ਪਹਿਲਾ, ਸਿੱਖਾਂ ਨੇ ਇੰਨੀ ਸਖਤ ਮਿਹਨਤ ਕੀਤੀ, ਜਿਸ ਦੀਆਂ ਮਿਸਾਲਾਂ ਲੱਭਣੀਆਂ ਵੀ ਔਖੀਆਂ ਹਨ ਅਤੇ ਦੂਜਾ, ਬਹੁਤੇ ਸਿੱਖ ਪਰਿਵਾਰਾਂ ਵਿਚ 5 ਤੋਂ 10 ਬੱਚੇ ਹੋਣੇ ਆਮ ਗੱਲ ਸੀ। ਇਸ ਮੌਕੇ ਭਾਰਤੀ ਹਕੂਮਤ ਨੇ ਦੋ ਮਨਸੂਬੇ ਬਣਾਏ: ਇੱਕ ਸਿੱਖਾਂ ਦੀ ਮਿਹਨਤ ਬਲਬੂਤੇ ਹਿੰਦੁਸਤਾਨ ‘ਤੇ ਛਾਏ ਅੰਨ ਦੇ ਸੰਕਟ ਨੂੰ ਦੂਰ ਕੀਤਾ ਜਾਵੇ, ਦੂਜਾ ਸਿੱਖਾਂ ਦੀ ਆਬਾਦੀ ਦੇ ਵਾਧੇ ‘ਤੇ ਜਿੰਨੀ ਸੰਭਵ ਹੋ ਸਕੇ ਰੋਕ ਲਾਈ ਜਾਵੇ। ਉਸ ਦੌਰ ਵਿਚ ਸਿੱਖ ਪੰਜਾਬੀ ਸੂਬਾ ਲਹਿਰ ਰਾਹੀਂ ਭਾਰਤੀ ਹਕੂਮਤ ਦੇ ਖਿਲਾਫ ਸੰਘਰਸ਼ ਕਰ ਰਹੇ ਸਨ, ਇਸ ਲਈ ਹਕੂਮਤ ਵਾਸਤੇ ਉਪਰੋਕਤ ਮਨਸੂਬਿਆਂ ਦੀ ਪੂਰਤੀ ਲਈ ਸਾਜ਼ਗਾਰ ਮਾਹੌਲ ਮੌਜੂਦ ਨਹੀਂ ਸੀ। ਲਿਬਰਲ ਅਤੇ ਖੱਬੇ ਪੱਖੀ ਧਿਰਾਂ ਨੇ ਭਾਰਤੀ ਹਕੂਮਤ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਦਾ ਕੰਮ ਕੀਤਾ। ਸਿੱਟੇ ਵਜੋਂ, ਹਿੰਦੁਸਤਾਨ ਲਈ ਚੌਲ ਪੈਦਾ ਕਰਦਾ-ਕਰਦਾ ਪੰਜਾਬ ਮਾਰੂਥਲ ਬਣਨ ਦੇ ਕੰਢੇ ਪਹੁੰਚ ਗਿਆ ਤੇ ਸਿੱਖਾਂ ਦੀ ਆਬਾਦੀ ਦੇ ਵਾਧੇ ਦੀ ਦਰ ਨਿਰੰਤਰ ਹੇਠਾਂ ਜਾਣੀ ਸ਼ੁਰੂ ਹੋ ਗਈ।
ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਨੇ ਪਹਿਲਾ ਕੰਮ ਕੀਤਾ ਕਿ ਸੰਨ ਸੰਤਾਲੀ ਦੀ ਵੰਡ ਦਾ ਵੱਧ ਤੋਂ ਵੱਧ ਦੋਸ਼ ਸਿੱਖਾਂ ਸਿਰ ਮੜ੍ਹਿਆ ਜਾਵੇ, ਜਿਸ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮ ਦੇ ਖਿਲਾਫ ਸਖਤ ਪੁਜ਼ੀਸ਼ਨ ਲੈਂਦਿਆਂ ਸਿੱਖੀ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਤੇ ਮਾਨਵਵਾਦੀ ਆਦਰਸ਼ਾਂ ਦਾ ਪ੍ਰਚਾਰ ਕੀਤਾ। ਇਹ ਮਾਨਵਵਾਦੀ ਆਦਰਸ਼ ਪਹਿਲਾਂ ਅੰਗਰੇਜ਼ ਬਸਤੀਵਾਦੀਆਂ ਨੇ ਬਸਤੀਆਂ ਦੇ ਮੂਲ-ਨਿਵਾਸੀਆਂ ਨੂੰ ਈਸਾਈ ਬਣਾਉਣ ਦੇ ਪਹਿਲੇ ਪੜਾਅ ਵਜੋਂ ਵਰਤੇ ਸਨ। 1947 ਤੋਂ ਬਾਅਦ ਭਾਰਤ ਦੀ ਹਿੰਦੂ ਸਥਾਪਤੀ ਲਈ ਕੰਮ ਕਰਦੇ ਲਿਬਰਲ ਅਤੇ ਖੱਬੇ-ਪੱਖੀ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨੂੰ ਹਿੰਦੂਵਾਦ ਵਿਚ ਜਜ਼ਬ ਕਰਨ ਲਈ ਮਾਨਵਵਾਦ ਨੂੰ ਪਹਿਲੇ ਪੜਾਅ ਵਜੋਂ ਵਰਤ ਰਹੇ ਸਨ।
ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਖੇਤਰ ‘ਤੇ ਗਲਬਾ ਪਾਇਆ। ਫਲਸਫਾਨਾ ਬਿਰਤਾਂਤ ‘ਤੇ ਲੋੜੀਂਦੀਆਂ ਬਹਿਸਾਂ ਨਾ ਹੋ ਸਕੀਆਂ। ਪੰਜਾਬ ਵਿਚ ਫਲਸਫਾਨਾ ਬਿਰਤਾਂਤ ਅਦਿੱਖ, ਪਰ ਕਾਇਨਾਤੀ ਵਰਤਾਰੇ ਵਾਂਗ ਪਿਛੋਕੜ ਵਿਚ ਕੰਮ ਕਰਦਾ ਰਿਹਾ। ਇਸ ਦੀ ਮੁੱਖ ਵਜ੍ਹਾ ਸੀ-ਸਿੱਖਾਂ ਨੇ ਇਸ ਆਧੁਨਿਕ/ਮਾਨਵਵਾਦੀ/ਮਾਰਕਸਵਾਦੀ ਬਿਰਤਾਂਤ ਨੂੰ ਪ੍ਰਭਾਵਕਾਰੀ ਚੁਣੌਤੀ ਨਹੀਂ ਦਿੱਤੀ। ਸਿੱਟੇ ਵਜੋਂ ਇਹ ਬਿਰਤਾਂਤ ਨਿਰਵਿਘਨ ਚੱਲਿਆ ਅਤੇ ਲਿਬਰਲ ਤੇ ਖੱਬੇ-ਪੱਖੀ ਧਿਰਾਂ ਪੰਜਾਬ ਦੇ ਵਿਦਿਆਰਥੀ ਵਰਗ ਦੇ ਵੱਡੇ ਹਿੱਸੇ ਨੂੰ ਆਪਣੇ ਪ੍ਰਭਾਵ ਵਿਚ ਲਿਆਉਣ ਵਿਚ ਕਾਮਯਾਬ ਹੋਏ। ਇਸ ਸਦਕਾ ਪੰਜਾਬ ਵਿਚ ਸਕੂਲ ਅਤੇ ਕਾਲਜ ਪੱਧਰ ਦੇ ਅਧਿਆਪਕਾਂ, ਪੱਤਰਕਾਰਾਂ, ਸਾਹਿਤਕਾਰਾਂ ਅਤੇ ਸਾਹਿਤ ਆਲੋਚਕਾਂ ਦੇ ਨਵੇਂ ਪੋਚ ਪੈਦਾ ਹੋਏ, ਜਿਨ੍ਹਾਂ ਨੂੰ ਸਿੱਖੀ ਤੋਂ ਅਲਹਿਦਗੀ ‘ਤੇ ਵਿਚਰਨ ਵਿਚ ਵਡਿਆਈ ਮਹਿਸੂਸ ਹੁੰਦੀ ਸੀ। ਇਹ ਵਰਤਾਰਾ ਅੱਜ ਤੱਕ ਜਾਰੀ ਹੈ ਤੇ ਸਿੱਖਾਂ ਦੇ ਅਲੱਗ-ਥਲੱਗ ਹੋਣ ਦਾ ਅਤੇ ਪੰਜਾਬ ਦੇ ਸਭਿਆਚਾਰਕ ਸੰਕਟ ਦਾ ਮੂਲ ਕਾਰਨ ਹੈ।
ਪੰਜਾਬ ਵਿਚ ਬਿਰਤਾਂਤ ਭਾਵੇਂ ਲਿਬਰਲ ਤੇ ਖੱਬੇ-ਪੱਖੀ ਧਿਰਾਂ ਦੇ ਪੂਰੇ ਕਾਬੂ ਵਿਚ ਸੀ, ਤਾਂ ਵੀ ਸਿਆਸੀ ਪਿੜ ਵਿਚ ਸਿੱਖਾਂ ਦਾ ਹੀ ਬੋਲਬਾਲਾ ਸੀ। 1970ਵਿਆਂ ਵਿਚ ਨਕਸਲੀ ਵਿਦਿਆਰਥੀ ਲਹਿਰਾਂ ਦੇ ਰੂਪ ਵਿਚ ਆਧੁਨਿਕ/ਮਾਨਵਵਾਦੀ/ਮਾਰਕਸਵਾਦੀ ਬਿਰਤਾਂਤ ਨੇ ਜਨਤਕ ਆਧਾਰ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿੱਖਾਂ ਦੇ ਸਿਆਸੀ ਪਿੜ ਵਿਚ ਵੀ ਹਾਸ਼ੀਏ ‘ਤੇ ਧੱਕੇ ਜਾਣ ਦੀ ਨੀਂਹ ਰੱਖੀ ਗਈ।
1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਨੂੰ ਅਗਵਾਈ ਦੇਣ ਵਾਲੇ ਬੁਲੰਦ ਪ੍ਰੇਰਨਾਦਾਇਕ ਕਿਰਦਾਰ ਵਜੋਂ ਉਭਰ ਕੇ ਸਾਹਮਣੇ ਆਏ। ਸੰਤਾਂ ਦੀ ਆਮਦ ਬਿਰਤਾਂਤਕ ਅਤੇ ਸਿਆਸੀ ਪਿੜਾਂ ਵਿਚ ਹਾਸ਼ੀਏ ਵੱਲ ਧੱਕੇ ਜਾ ਰਹੇ ਸਿੱਖਾਂ ਲਈ ਤਾਜ਼ੀ ਹਵਾ ਦਾ ਸੁਖਦ ਬੁੱਲਾ ਸਾਬਤ ਹੋਈ। ਸੰਤਾਂ ਨੇ ਸਿੱਖਾਂ ਨੂੰ ਧੁਰ ਅੰਦਰੋਂ ਟੁੰਬਿਆ ਅਤੇ ਇਹ ਪ੍ਰੇਰਨਾ ਨਾਲ ਦੀ ਨਾਲ ਹੀ ਜ਼ਬਰਦਸਤ ਲੋਕ ਲਹਿਰ ਵਿਚ ਰੁਪਾਂਤ੍ਰਿਤ ਹੋ ਗਈ। ਇਹ ਮਹਿਜ਼ ਸਿਆਸੀ ਲੋਕ ਲਹਿਰ ਨਹੀਂ ਸੀ। ਇਹ ਸਿੱਖੀ ਦਾ ਜ਼ੋਰਦਾਰ ਵੇਗ ਸੀ, ਜੋ ਆਧੁਨਿਕ/ਮਾਨਵਵਾਦੀ/ਮਾਰਕਸਵਾਦੀ ਬਿਰਤਾਂਤਾਂ ਦੇ ਗਲਬੇ ਤੋਂ ਮੁਕਤ ਸੀ। ਸੰਤਾਂ ਨੇ ਸਿੱਖਾਂ ਨੂੰ ਖਾਲਸੇ ਦੀ 300 ਸਾਲ ਪੁਰਾਣੀ ਰੂਹ ਨਾਲ ਨਵੀਂ ਸ਼ਿੱਦਤ ਨਾਲ ਜੋੜ ਦਿੱਤਾ। ਸਿੱਖ ਅਹਿਸਾਸ ਦੇ ਪੱਧਰ ‘ਤੇ ਭਾਰਤੀ ਰਾਸ਼ਟਰਵਾਦ ਦੇ ਚੱਕਰਵਿਊ ਵਿਚੋਂ ਬਾਹਰ ਹੋ ਗਏ। ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਦਾ ਆਪਣੇ ਕਾਇਨਾਤੀ ਦਾਅਵੇ ਵਾਲੇ ਮਾਨਵਵਾਦੀ ਮੁਹਾਵਰੇ ਨਾਲ ਸਿੱਖਾਂ ਨੂੰ ਹੌਲੀ-ਹੌਲੀ ਭਾਰਤੀ ਰਾਸ਼ਟਰਵਾਦ ਜਾਂ ਕਹਿ ਲਓ ਸੈਕੂਲਰ ਹਿੰਦੂਵਾਦ ਦੀ ਜ਼ੱਦ ਵਿਚ ਲਿਆਉਣ ਵਾਲਾ ਸੁਪਨਾ ਬੀਤੇ ਦੀ ਬਾਤ ਜਾਪਣ ਲੱਗ ਪਿਆ। ਭਾਰਤੀ ਸਥਾਪਤੀ ਪਹਿਲਾਂ ਹੀ ਸਿੱਖ ਦੇ ਜਿਉਂਦੇ ਹੋਣ ਤੋਂ ਬੇਚੈਨ ਸੀ। ਖਾਲਸੇ ਦੀ ਉਜਲ ਹਸਤੀ ਦੇ ਮੁੜ ਉਜਾਗਰ ਹੋਣ ਨਾਲ ਉਨ੍ਹਾਂ ਦੀ ਬੇਚੈਨੀ ਹੋਰ ਪ੍ਰਚੰਡ ਰੂਪ ਧਾਰ ਗਈ। ਭਾਰਤੀ ਸਥਾਪਤੀ ਵਿਚ ਸਿੱਖਾਂ ਦੀ ਰੂਹ ‘ਤੇ ਸਭ ਤੋਂ ਗਹਿਰਾ ਤੇ ਕੋਝਾ ਜ਼ਖਮ ਕਰਨ ਲਈ ਸਹਿਮਤੀ ਹੋ ਗਈ। ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਨੇ ਭਾਰਤੀ ਸਥਾਪਤੀ ਦੀ ਇਸ ਇੱਛਾ ਦੀ ਪੂਰਤੀ ਲਈ ਵੱਡੀ ਭੂਮਿਕਾ ਅਦਾ ਕੀਤੀ। ਪੰਜਾਬ ਵਿਚ ਸਿੱਖਾਂ ਦੀ ਲਹਿਰ ਮੁੱਖ ਤੌਰ ‘ਤੇ ਜਮਹੂਰੀ ਅਤੇ ਸ਼ਾਂਤਮਈ ਜੇਲ੍ਹ ਭਰੋ ਅੰਦੋਲਨ ਵਾਲੀ ਲਹਿਰ ਸੀ। ਹਥਿਆਰਬੰਦ ਲਹਿਰ ਸ਼ੁਰੂ ਹੋ ਚੁਕੀ ਸੀ, ਪਰ ਇਸ ਖੇਤਰ ਵਿਚ ਕਾਰਵਾਈਆਂ ਦੀ ਗਿਣਤੀ ਐਨੀ ਘੱਟ ਸੀ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦੋ-ਤਿੰਨ ਨੂੰ ਛੱਡ ਕੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਬਿਹਤਰ ਸੀ, ਪਰ ਹਿੰਦੂ ਕੱਟੜਵਾਦੀਆਂ ਨਾਲ ਰਲ ਕੇ ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਨੇ ਪੰਜਾਬ ਦੇ ਮਾਹੌਲ ਨੂੰ ਇੰਨਾ ਹੌਲਨਾਕ ਬਣਾ ਕੇ ਪੇਸ਼ ਕੀਤਾ ਕਿ ਹਕੂਮਤ ਦਾ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦਾ ਫੈਸਲਾ ਅਣਸਰਦੀ ਲੋੜ ਲੱਗਣ ਲੱਗ ਪਏ। ਅਸਲੀਅਤ ਭਾਵੇਂ ਇਸ ਦੇ ਐਨ ਉਲਟ ਸੀ, ਤਾਂ ਵੀ ਭਾਰਤੀ ਹਕੂਮਤ ਅਤੇ ਮੀਡੀਆ ਭਾਰਤੀ ਅਤੇ ਕੌਮਾਂਤਰੀ ਭਾਈਚਾਰਿਆਂ ਅੱਗੇ ਆਪਣੀ ਮਨਮਰਜ਼ੀ ਦਾ ਬਿੰਬ ਪੇਸ਼ ਕਰਨ ਵਿਚ ਕਾਮਯਾਬ ਹੋ ਗਏ।
ਜੂਨ ਚੁਰਾਸੀ ਵਿਚ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਅਨੇਕ ਹੋਰ ਸਿੱਖ ਗੁਰਦੁਆਰਿਆਂ ‘ਤੇ ਹਮਲਾ ਕਰ ਦਿੱਤਾ। ਇਹ ਸਿੱਖਾਂ ਦੀ ਰੂਹ ‘ਤੇ ਸਭ ਤੋਂ ਵੱਡਾ ਜ਼ਖਮ ਸੀ। ਇਸ ਜ਼ਖਮ ਨੂੰ ਹੋਰ ਡੂੰਘਾ ਕਰਨ ਲਈ ਭਾਰਤੀ ਹਕੂਮਤ ਨੇ ਪਹਿਲਾਂ ਹਮਲੇ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦਾ ਦਿਹਾੜਾ ਚੁਣਿਆ ਤਾਂ ਕਿ ਸਿੱਖਾਂ ਦੀ ਵੱਡੀ ਕਤਲੋਗਾਰਤ ਵੀ ਕੀਤੀ ਜਾ ਸਕੇ ਅਤੇ ਬਾਅਦ ਵਿਚ ਆਪਰੇਸ਼ਨ ਵੁੱਡਰੋਜ਼ ਦੇ ਨਾਮ ਹੇਠ ਸਿੱਖਾਂ ਦੀ ਨਸਲਕੁਸ਼ੀ ਦੀ ਮੁਹਿੰਮ ਚਲਾ ਦਿੱਤੀ, ਜੋ ਜੁਲਾਈ 1984 ਤੋਂ ਅਪਰੈਲ 1985 ਤੱਕ ਜਾਰੀ ਰਹੀ। ਇਸੇ ਦੌਰਾਨ ਇੰਦਰਾ ਗਾਂਧੀ ਨੂੰ ਉਸ ਦੇ ਜੁਰਮਾਂ ਦੀ ਸਜ਼ਾ ਦੇਣ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਪਿਛੋਂ ਸਰਕਾਰੀ ਤੰਤਰ ਦੀ ਸਿੱਧੀ ਹਮਾਇਤ ਨਾਲ ਹਿੰਦੂ ਭੀੜਾਂ ਨੇ ਸਿੱਖਾਂ ਦੀ ਹਿੰਦੁਸਤਾਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਨਸਲਕੁਸ਼ੀ ਕੀਤੀ। ਸਿੱਖਾਂ ਦੀ ਰੂਹ ‘ਤੇ ਵੱਡਾ ਅਤੇ ਡੂੰਘਾ ਜ਼ਖਮ ਪਾਉਣਾ ਭਾਰਤੀ ਸਥਾਪਤੀ ਦੇ ਵਡੇਰੇ ਮਨਸੂਬਿਆਂ ਦਾ ਹਿੱਸਾ ਸੀ। ਅਜਿਹੇ ਜ਼ਖਮ ਨੂੰ ਉਹ ਸਿੱਖਾਂ ਦਾ ਸਵੈਮਾਣ ਤੋੜਨ ਦੇ ਸਾਧਨ ਵਜੋਂ ਵਰਤਣਾ ਚਾਹੁੰਦੇ ਸਨ। ਸਿੱਖਾਂ ਨੂੰ ਪਹਿਲਾਂ ਘਸਿਆਰੇ ਤੇ ਫਿਰ ਧੁਰ ਅੰਦਰੋਂ ਗੁਲਾਮ ਬਣਾਉਣ ਦੇ ਅਮਲ ਦਾ ਇਹ ਪਹਿਲਾ ਕਦਮ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਗੱਲ ਦਾ ਤੀਖਣ ਅਹਿਸਾਸ ਰੱਖਦੇ ਸਨ ਕਿ ਸਿੱਖ ਲਈ ਆਪਣੇ ਪ੍ਰਭੂਸੱਤਾ ਸੰਪੰਨ ਆਪੇ ਨੂੰ ਬਰਕਰਾਰ ਰੱਖਣਾ ਸਭ ਤੋਂ ਬੁਨਿਆਦੀ ਗੱਲ ਹੈ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਹਰ ਹੀਲੇ ਕਾਇਮ ਰੱਖਣ ਦੇ ਅਹਿਸਾਸ ਨਾਲ ਜੁੜੀ ਸੰਵੇਦਨਸ਼ੀਲਤਾ ਜਿਉਂਦੀ ਰੱਖਣੀ ਸਿੱਖ ਦੇ ਪ੍ਰਭੂਸੱਤਾ ਸੰਪੰਨ ਆਪੇ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਸੀ। ਇਸ ਲਈ ਸੰਤਾਂ ਨੇ ਕਿਹਾ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੰਤਾਂ ਦੇ ਇਨ੍ਹਾਂ ਬੋਲਾਂ ਨਾਲ ਸਿੱਖਾਂ ਦੀ ਅੰਤਰੀਵ ਸਾਂਝ ਸੀ, ਜਿਸ ਸਦਕਾ ਜੂਨ ਚੁਰਾਸੀ ਦੇ ਘੱਲੂਘਾਰੇ ਪਿਛੋਂ ਸਿੱਖਾਂ ਨੇ ਖਾਲਿਸਤਾਨ ਦੀ ਕਾਇਮੀ ਲਈ ਭਾਰਤੀ ਹਕੂਮਤ ਨਾਲ ਵੱਡੀ ਇਤਿਹਾਸਕ ਲੜਾਈ ਲੜੀ।
ਜੂਨ ਚੁਰਾਸੀ ਉਪਰੰਤ ਜਦੋਂ ਪੰਜਾਬ ਵਿਚ ਜੁਝਾਰੂ ਲਹਿਰ ਚੱਲ ਰਹੀ ਸੀ ਤਾਂ ਲਿਬਰਲ ਅਤੇ ਖੱਬੇ-ਪੱਖੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਵਿਚ ਵੱਡੀ ਤੇਜ਼ੀ ਲੈ ਆਂਦੀ। ਹੁਣ ਉਨ੍ਹਾਂ ਕੋਲ ਪੰਜਾਬ ਦੇ ਫਿਰਕੂਕਰਨ ਦੇ ਖਤਰੇ ਦਾ ਚੰਗੀ ਤਰ੍ਹਾਂ ਨਾਲ ਘੜਿਆ ਹੋਇਆ ਬਹਾਨਾ ਸੀ। ਫਿਰਕੂਕਰਨ ਤੋਂ ਬਚਾਓ ਦਾ ਮੁਹਾਜ਼ ਖੜ੍ਹਾ ਕਰਨ ਦੇ ਬਹਾਨੇ ਉਨ੍ਹਾਂ ਨੇ ਭਾਰਤੀ ਹਕੂਮਤ ਦੇ ਹਿੰਦੂ ਫਿਰਕੂਵਾਦ ਦੇ ਤਾਂਡਵ ਨਾਚ ਲਈ ਸਾਜ਼ਗਾਰ ਹਾਲਾਤ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬ ਨੂੰ ਹਰ ਹਾਲਤ ਵਿਚ ਭਾਰਤ ਦੀ ਬਸਤੀ ਬਣਾਈ ਰੱਖਣਾ ਇਨ੍ਹਾਂ ਲਿਬਰਲ ਅਤੇ ਖੱਬੇ-ਪੱਖੀ ਹਲਕਿਆਂ ਦਾ ਮੁੱਖ ਮਕਸਦ ਸੀ। ਇਸ ਮਨਸੂਬੇ ਦੀ ਪੂਰਤੀ ਲਈ ਇਨ੍ਹਾਂ ਨੇ ਸਿੱਖਾਂ ਨੂੰ ਆਪਣੇ ਵੱਖਰੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ ਦੇ ਸੁਪਨੇ ਤੋਂ ਤੋੜਨ ਲਈ ਅੰਦਰੋਂ ਅਤੇ ਬਾਹਰੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਖਾਲਿਸਤਾਨ ਦੇ ਨਿਸ਼ਾਨੇ ਨੂੰ ਅੰਦਰੋਂ ਢਾਹ ਲਾਉਣ ਵਾਲੇ ਧੜੇ ਦਾ ਆਗੂ ਦਲਬੀਰ ਸਿੰਘ ਪੱਤਰਕਾਰ ਸੀ, ਜਿਸ ਦੇ ਸਾਥੀਆਂ ਵਿਚੋਂ ਮੁੱਖ ਕਾਮਰੇਡ ਗੱਜਾ ਸਿੰਘ ਅਤੇ ਨਕਸਲੀ ਆਗੂ ਅਜਮੇਰ ਸਿੰਘ ਸਨ। ਦਲਬੀਰ ਸਿੰਘ ਪੱਤਰਕਾਰ ਨੇ ਆਪਣੇ ਕੂਟਨੀਤਕ ਹੁਨਰ ਰਾਹੀਂ ਉਸ ਦੌਰ ਦੇ ਮੋਹਰੀ ਸਿੱਖ ਆਗੂਆਂ ਨੂੰ ਆਪਣੇ ਪ੍ਰਭਾਵ ਵਿਚ ਲੈ ਲਿਆ। 26 ਜਨਵਰੀ 1986 ਦੇ ਸਰਬੱਤ ਖਾਲਸਾ ਤੋਂ ਪਹਿਲਾਂ ਖਾਲਿਸਤਾਨ ਦੇ ਐਲਾਨ ਦੀ ਜ਼ੋਰਦਾਰ ਪੈਰਵਾਈ ਕਰਨ ਵਾਲੇ ਮੁੱਖ ਆਗੂ ਡਾ. ਸੋਹਣ ਸਿੰਘ ਸਨ। 25 ਜਨਵਰੀ 1986 ਨੂੰ ਸਰਬੱਤ ਖਾਲਸਾ ਦੇ ਮਤਿਆਂ ਬਾਰੇ ਹੋਈ ਬੈਠਕ ਵਿਚ ਡਾ. ਸੋਹਣ ਸਿੰਘ ਨੇ ਖਾਲਿਸਤਾਨ ਦਾ ਮਤਾ ਪੁਆ ਦਿੱਤਾ ਸੀ, ਪਰ ਅਗਲੇ ਦਿਨ ਜਦੋਂ ਸਰਬੱਤ ਖਾਲਸਾ ਦੇ ਮੰਚ ਤੋਂ ਮਤੇ ਪੜ੍ਹੇ ਗਏ ਤਾਂ ਖਾਲਿਸਤਾਨ ਦਾ ਮਤਾ ਗਾਇਬ ਸੀ। ਅਜਿਹਾ ਦਲਬੀਰ ਸਿੰਘ ਦੀ ਤਿਕੜਮਬਾਜ਼ੀ ਸਕਦਾ ਹੋਇਆ ਸੀ। ਇਸ ਪਿਛੋਂ 13 ਅਪਰੈਲ 1986 ਨੂੰ ਇੱਕ ਹੋਰ ਸਰਬੱਤ ਖਾਲਸਾ ਹੋਇਆ। ਡਾ. ਸੋਹਣ ਸਿੰਘ ਨੇ ਇਸ ਵਾਰ ਵੀ ਕੋਸ਼ਿਸ਼ ਕੀਤੀ ਕਿ ਸਰਬੱਤ ਖਾਲਸਾ ਦੇ ਮੰਚ ਤੋਂ ਖਾਲਿਸਤਾਨ ਦਾ ਐਲਾਨ ਕਰਵਾਇਆ ਜਾਵੇ, ਪਰ ਦਲਬੀਰ ਸਿੰਘ ਤੇ ਉਸ ਦੇ ਕਾਮਰੇਡ ਜੋਟੀਦਾਰ ਇੱਕ ਵਾਰ ਫਿਰ ਭਾਰੂ ਪੈ ਗਏ ਤੇ ਖਾਲਿਸਤਾਨ ਦਾ ਐਲਾਨ ਫਿਰ ਵੀ ਨਾ ਹੋਇਆ।
ਆਖਰ 29 ਅਪਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਡਾ. ਸੋਹਣ ਸਿੰਘ ਦੀ ਸਖਤ ਮਿਹਨਤ ਅਤੇ ਪ੍ਰਤੀਬੱਧਤਾ ਦੀ ਇਸ ਐਲਾਨ ਪਿੱਛੇ ਵੱਡੀ ਭੂਮਿਕਾ ਸੀ। ਖਾਲਿਸਤਾਨ ਦੇ ਨਿਸ਼ਾਨੇ ‘ਤੇ ਬਾਹਰੋਂ ਹਮਲੇ ਕਰਨ ਵਾਲਿਆਂ ਵਿਚ ਹਿੰਦੂ ਅਤੇ ਖੱਬੇ-ਪੱਖੀ ਧਿਰਾਂ ਦੇ ਅਨੇਕ ਜਥੇਬੰਦੀਆਂ ਅਤੇ ਅਦਾਰੇ ਸਰਗਰਮ ਸਨ। ਇਨ੍ਹਾਂ ਵਿਚ ਨਵਾਂ ਜ਼ਮਾਨਾ ਅਤੇ ਸੁਰਖ ਰੇਖਾ ਤੋਂ ਬਿਨਾ ਅਨੇਕ ਵੱਡੇ-ਛੋਟੇ ਅਖਬਾਰ ਤੇ ਰਸਾਲੇ ਇਸ ਪਾਸੇ ਲੱਗੇ ਹੋਏ ਸਨ। ਇਨ੍ਹਾਂ ਦਾ ਨਿਸ਼ਾਨਾ ਸਿੱਖ ਜਨਤਾ ਨੂੰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਾਸੇ ਲਿਜਾਣਾ ਸੀ। ਜਦੋਂ ਕਿ ਲਹਿਰ ਦੇ ਅੰਦਰ ਵੜੇ ਕਾਮਰੇਡਾਂ ਦਾ ਮਕਸਦ ਸਿੱਖ ਆਗੂਆਂ ਨੂੰ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕਾਉਣਾ ਸੀ।
ਸਿੱਖਾਂ ਦੀ ਘਾਟ ਇਹ ਰਹੀ ਕਿ ਉਨ੍ਹਾਂ ਨੇ ਇਨ੍ਹਾਂ ਬਿਰਤਾਂਤਕ ਹਮਲਿਆਂ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਕੀਤਾ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਵਲੋਂ ਲੱਗਭੱਗ ਕੋਈ ਕੋਸ਼ਿਸ਼ ਨਹੀਂ ਹੋਈ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਤੇ ਡਾ. ਗੁਰਭਗਤ ਸਿੰਘ ਵਰਗੇ ਦੋ ਮਹਾਨ ਚਿੰਤਕ, ਸਿੱਖਾਂ ਦੇ ਹੱਕ ਵਿਚ ਜ਼ਰੂਰ ਖੜ੍ਹੇ ਹੋਏ। ਇਨ੍ਹਾਂ ਦੋਹਾਂ ਵਿਦਵਾਨਾਂ ਦੇ ਕੰਮ ਦਾ ਸਿੱਖਾਂ ਨੂੰ ਲਾਭ ਵੀ ਬਹੁਤ ਹੋਇਆ, ਪਰ ਸਮੇਂ ਦੀ ਲੋੜ ਇਸ ਤੋਂ ਕਿਤੇ ਵਡੇਰੀ ਸੀ। ਸਿੱਖਾਂ ਨੂੰ ਇੱਕ-ਦੋ ਵਿਦਵਾਨ ਨਹੀਂ, ਦੋ ਵੱਡੀਆਂ ਲਹਿਰਾਂ ਦੀ ਲੋੜ ਸੀ-ਪਹਿਲੀ ਬੌਧਿਕ ਅਤੇ ਦੂਜੀ ਸਾਹਿਤਕ। ਇਹ ਖੱਪੇ ਭਰਨ ਵਿਚ ਸਿੱਖ ਅੱਜ ਤੱਕ ਕਾਮਯਾਬ ਨਹੀਂ ਹੋ ਸਕੇ। ਸਿੱਟੇ ਵਜੋਂ, ਦਰਮਿਆਨੀ ਪੁਜ਼ੀਸ਼ਨ ਦਾ ਪ੍ਰਭਾਵ ਦੇਣ ਵਾਲੇ ਲਿਬਰਲ ਅਤੇ ਖੱਬੇ-ਪੱਖੀ ਉਹ ਕੰਮ ਕਰ ਗਏ, ਜੋ ਸਿੱਖਾਂ ਨਾਲ ਸਿੱਧੀ ਲੜਾਈ ਵਿਚ ਉਲਝੀ ਭਾਰਤੀ ਹਕੂਮਤ ਕਦੇ ਨਹੀਂ ਸੀ ਕਰ ਸਕਦੀ।
ਅੱਜ ਉਸ ਘੱਲੂਘਾਰੇ ਤੋਂ ਛੱਤੀ ਵਰ੍ਹੇ ਬਾਅਦ ਸਿੱਖਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਬੌਧਿਕ ਅਗਵਾਈ ਬਿਨਾ ਸਿਆਸੀ ਅਗਵਾਈ ਨਿਤਾਣੀ ਹੋ ਕੇ ਰਹਿ ਜਾਂਦੀ ਹੈ। ਸਿੱਖਾਂ ਨੂੰ ਵਿਦਵਾਨਾਂ ਅਤੇ ਸਾਹਿਤਕਾਰਾਂ ਦੇ ਨਵੇਂ ਪੋਚ ਤਿਆਰ ਕਰਨੇ ਚਾਹੀਦੇ ਹਨ। ਸਿੱਖਾਂ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਪਾਵਨਤਾ ਨਾਲ ਜੁੜੇ ਅਹਿਸਾਸ ਅਤੇ ਉਨ੍ਹਾਂ ਉਤੇ ਪਏ ਜ਼ਖਮ ਅੱਜ ਵੀ ਤਾਜ਼ੇ ਹਨ। ਸਿੱਖਾਂ ਅੰਦਰੋਂ ਆਪਣਾ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਹਾਸਲ ਕਰਨ ਦਾ ਸੁਪਨਾ ਵੀ ਅਜੇ ਜਿਉਂਦਾ ਹੈ, ਪਰ ਦੁਸ਼ਮਣ ਸਾਨੂੰ ਇਨ੍ਹਾਂ ਅਹਿਸਾਸਾਂ ਤੋਂ ਵਿਰਵੇ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਨਵਉਦਾਰਵਾਦ ਤੇ ਸੰਸਾਰੀਕਰਨ ਪਿਛੋਂ ਆਈਆਂ ਸਭਿਆਚਾਰਕ ਤਬਦੀਲੀਆਂ ਵੀ ਸਾਡੇ ਵਿਰੋਧੀਆਂ ਨੂੰ ਹੀ ਰਾਸ ਆਉਂਦੀਆਂ ਹਨ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਸਿੱਖ ਸਾਹਿਤ ਅਤੇ ਫਲਸਫੇ ਰਾਹੀਂ ਆਪਣੇ ਅਹਿਸਾਸ ਤੇ ਖਿਆਲਾਂ ਦੀ ਪੇਸ਼ਕਾਰੀ ਖੁਦ ਕਰਨ। ਰਾਤ ਬਹੁਤ ਲੰਮੀ ਅਤੇ ਕਾਲੀ-ਬੋਲੀ ਹੈ, ਪਰ ਦਿਨ ਤਾਂ ਉਦੋਂ ਹੀ ਨਹੀਂ ਚੜ੍ਹਨਾ, ਜਦੋਂ ਪਰਲੋ ਆ ਕੇ ਦੁਨੀਆਂ ਖਤਮ ਹੋ ਗਈ। ਸੰਸਰ ਜਿਉਂਦਾ ਹੈ, ਜ਼ਿੰਦਗੀ ਧੜਕ ਰਹੀ ਹੈ, ਤੇ ਦਿਨ ਚੜ੍ਹਨਾ ਹੀ ਚੜ੍ਹਨਾ ਹੈ।