ਟੋਰਾਂਟੋ ਕਤਲ ਕਾਂਡ

ਪਰਦੇਸੀ ਧਰਤੀ ਉਤੇ ਵੱਖ-ਵੱਖ ਸਮਿਆਂ ਦੌਰਾਨ ਗੁਰਦੁਆਰਿਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਧੜੇਬੰਦੀਆਂ ਪੈਦਾ ਹੋਣ ਕਾਰਨ ਲੜਾਈ-ਝਗੜੇ ਵੀ ਹੁੰਦੇ ਰਹੇ। ਅਮਰੀਕਾ ਵੱਸਦੇ ਉਘੇ ਲਿਖਾਰੀ ਹਰਮਹਿੰਦਰ ਚਾਹਿਲ ਨੇ ਇਸ ਲੇਖ ਵਿਚ 1982 ਵਿਚ ਹੋਏ ਟੋਰਾਂਟੋ ਕਤਲ ਕਾਂਡ ਦੀ ਤਫਸੀਲ ਪੇਸ਼ ਕੀਤੀ ਹੈ, ਜਿਸ ਵਿਚ ਗੁਰਦੁਆਰਿਆਂ ਦੀ ਸਿਆਸਤ ਨਾਲ ਜੁੜੀਆਂ ਕੜੀਆਂ ਇਕ-ਇਕ ਕਰ ਕੇ ਖੁੱਲ੍ਹਦੀਆਂ ਜਾਂਦੀਆਂ ਹਨ।

-ਸੰਪਾਦਕ

ਹਰਮਹਿੰਦਰ ਚਾਹਿਲ
ਫੋਨ: 703-362-3239

1982 ਦੇ ਮਾਰਚ ਮਹੀਨੇ ਦੀ ਅਠਾਰਾਂ ਤਾਰੀਖ ਸੀ। ਟੋਰਾਂਟੋ ਡਾਊਨ-ਟਾਊਨ ਵਿਚ ਕੁਈਨ ਸਟਰੀਟ ਅਤੇ ਯੂਨੀਵਰਸਿਟੀ ਐਵੇਨਿਊ ‘ਤੇ ਪੈਂਦੀ ਚਾਰ ਮੰਜ਼ਿਲੀ ਲਾਲ ਰੰਗੀ ਇਮਾਰਤ, ਮਿੱਠੀ-ਮਿੱਠੀ ਧੁੱਪ ਵਿਚ ਗੂੜ੍ਹੀ ਲਾਲ ਦਿਸ ਰਹੀ ਸੀ। ਇਸ ਇਮਾਰਤ ਦੇ ਅੰਦਰ ਛੋਟੇ-ਵੱਡੇ ਅਨੇਕਾਂ ਕਮਰੇ ਸਨ। ਇਨ੍ਹਾਂ ਵਿਚੋਂ ਹੀ ਦੂਜੀ ਮੰਜ਼ਿਲ ‘ਤੇ ਸਥਿਤ, ਔਸਗੁੱਡ ਹਾਲ ਕੋਰਟ ਰੂਮ ਵਿਚ, ਓਂਟਾਰੀਓ ਸੁਪਰੀਮ ਕੋਰਟ ਦੇ ਜੱਜ ਜੌਹਨ ਔਸਲਰ ਦੀ ਅਦਾਲਤ ਲੱਗੀ ਹੋਈ ਸੀ।
ਉਨ੍ਹੀਂ ਦਿਨੀਂ ਸਿਕਿਉਰਿਟੀ ਦੀ ਕੋਈ ਜ਼ਿਆਦਾ ਲੋੜ ਨਹੀਂ ਸੀ ਹੁੰਦੀ। ਅਦਾਲਤਾਂ ਅੰਦਰ ਇਕ ਅੱਧ ਸਿਪਾਹੀ ਹੁੰਦਾ ਸੀ, ਉਹ ਵੀ ਬਿਨਾ ਕਿਸੇ ਹਥਿਆਰ ਦੇ। ਬਿਲਡਿੰਗ ਦੇ ਬਾਹਰ ਵੀ ਗਿਣਤੀ ਦੇ ਪੁਲਿਸ ਵਾਲੇ ਤੁਰੇ ਫਿਰਦੇ ਸਨ। ਉਨ੍ਹਾਂ ਕੋਲ ਵੀ ਹਥਿਆਰ ਵਗੈਰਾ ਘੱਟ ਹੀ ਹੁੰਦੇ ਸਨ। ਉਸ ਦਿਨ ਜੱਜ ਸਾਹਮਣੇ ਜੋ ਕੇਸ ਸੀ, ਉਹ ਕੋਈ ਵੱਡਾ ਮਾਮਲਾ ਨਹੀਂ ਸੀ। ਦਰਅਸਲ, ਟੋਰਾਂਟੋ ਦੇ ਪੇਪ ਐਵੇਨਿਊ ਵਾਲੇ ਗੁਰਦੁਆਰੇ ਦੀ ਚੋਣ ਦਾ ਮਸਲਾ ਸੀ। ਅੱਗੇ ਗੁਰਦੁਆਰਾ ਕਮੇਟੀ ਦੀ ਚੋਣ ਆ ਰਹੀ ਸੀ। ਇਕ ਧਿਰ ਨੇ ਇਹ ਚੋਣ ਰੋਕਣ ਲਈ ਜੱਜ ਦੇ ਪਟੀਸ਼ਨ ਪਾਈ ਹੋਈ ਸੀ। ਉਸ ਦਿਨ ਇਸੇ ਪਟੀਸ਼ਨ ਦਾ ਫੈਸਲਾ ਹੋਣਾ ਸੀ।
ਉਸ ਵੇਲੇ ਅਦਾਲਤ ਅੰਦਰ ਗਿਣਤੀ ਦੇ ਹੀ ਲੋਕ ਸਨ। ਕੁਝ ਕੁ ਤਾਂ ਇਸ ਕੇਸ ਨਾਲ ਸਬੰਧਤ ਸਨ। ਇਨ੍ਹਾਂ ਵਿਚ ਇਕ, ਗੁਰਦੁਆਰੇ ਦਾ ਮੌਜੂਦਾ ਪ੍ਰਧਾਨ (ਉਸ ਸਮੇਂ) ਅਮਰਜੀਤ ਸਿੰਘ ਤੱਤਲਾ ਸੀ, ਜਿਸ ਨੇ ਆਪਣੇ ਨਾਲ ਪ੍ਰਬੰਧਕੀ ਰਿਕਾਰਡ ਚੁੱਕਿਆ ਹੋਇਆ ਸੀ। ਉਸ ਨਾਲ ਉਸ ਦਾ ਵਕੀਲ ਔਸਕਾਰ ਫੌਨਸਿਕਾ ਸੀ। ਦੂਜੇ ਪਾਸੇ ਭੁਪਿੰਦਰ ਸਿੰਘ ਪੰਨੂ ਬੈਠਾ ਸੀ। ਪੰਨੂ ਦਾ ਇਸ ਕੇਸ ਨਾਲ ਕੋਈ ਲੈਣ-ਦੇਣ ਨਹੀਂ ਸੀ। ਉਸ ਦੀ ਕਿਸੇ ਹੋਰ ਅਦਾਲਤ ਵਿਚ ਸ਼ਾਮ ਵੇਲੇ ਸੁਣਵਾਈ ਹੋਣੀ ਸੀ। ਉਹ ਤਾਂ ਇਹ ਕੇਸ ਸੁਣਨ ਲਈ ਸਿਰਫ ਦਰਸ਼ਕ ਵਜੋਂ ਆ ਬੈਠਾ ਸੀ। ਕੁੱਲ ਮਿਲਾ ਕੇ ਛੇ-ਸੱਤ ਕੁ ਜਣੇ ਅਦਾਲਤ ਵਿਚ ਮੌਜੂਦ ਸਨ।
ਪਟੀਸ਼ਨ ਕਰਤਾ ਕੁਲਦੀਪ ਸਿੰਘ ਸਮਰਾ ਬੜਾ ਬੇਚੈਨ ਸੀ। ਉਹ ਕਦੇ ਉਠ ਕੇ ਬਾਹਰ ਚਲਾ ਜਾਂਦਾ ਤੇ ਫਿਰ ਅੰਦਰ ਆ ਬੈਠਦਾ। ਕਦੇ ਉਹ ਅੰਦਰ ਹੀ ਗੇੜੇ ਕੱਢਣ ਲੱਗਦਾ। ਇੰਨੇ ਨੂੰ ਪਿਛਲੇ ਦਰਵਾਜਿਉਂ ਜੱਜ ਜੌਹਨ ਔਸਲਰ ਅਦਾਲਤ ਅੰਦਰ ਆਇਆ। ਸਭ ਉਸ ਦੇ ਮਾਣ ‘ਚ ਉਠ ਕੇ ਖੜ੍ਹੇ ਹੋ ਗਏ। ਸਭ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਜੱਜ ਨੇ ਵੀ ਕੁਰਸੀ ਮੱਲ ਲਈ। ਕਲਰਕ ਨੇ ਉਸ ਦੇ ਸਾਹਮਣੇ ਫਾਈਲ ਲਿਆ ਰੱਖੀ। ਜੱਜ ਫਾਈਲ ‘ਤੇ ਸਰਸਰੀ ਜਿਹੀ ਨਜ਼ਰ ਮਾਰਨ ਲੱਗਾ। ਉਧਰ, ਕੁਲਦੀਪ ਸਿੰਘ ਸਮਰਾ ਜੱਜ ਵਲ ਬੜੇ ਗਹੁ ਨਾਲ ਵੇਖ ਰਿਹਾ ਸੀ। ਜੱਜ ਨੇ ਪੈੱਨ ਚੁੱਕਿਆ ਅਤੇ ਕੁਝ ਲਿਖਦਿਆਂ ਫਾਈਲ ਬੰਦ ਕਰ ਦਿੱਤੀ। ਐਨਕ ਲਾਹੁੰਦਿਆਂ ਫਾਈਲ ਪਾਸੇ ਸਰਕਾਈ ਤੇ ਸਾਹਮਣੇ ਬੈਠੇ ਬੰਦਿਆਂ ਵਲ ਦੇਖਿਆ। ਕੁਲਦੀਪ ਸਿੰਘ ਸਮਰਾ ਸਮਝ ਗਿਆ ਕਿ ਹੁਣ ਜੱਜ ਫੈਸਲਾ ਸੁਣਾਏਗਾ। ਉਹ ਸਾਹ ਰੋਕ ਕੇ ਜੱਜ ਵਲ ਦੇਖਣ ਲੱਗਾ। ਉਦੋਂ ਹੀ ਜੱਜ ਬੋਲਿਆ, “ਜੈਂਟਲਮੈਨ, ਮੈਂ ਇਹ ਪਟੀਸ਼ਨ ਰੱਦ ਕਰਦਾ ਹਾਂ। ਤੁਸੀਂ ਬਾਅਦ ਵਿਚ ਕੇਸ ਦੇ ਫੈਸਲੇ ਦੀ ਕਾਪੀ ਅਦਾਲਤ ਦੇ ਕਲਰਕ ਤੋਂ ਲੈ ਸਕਦੇ ਹੋ।”
ਸਾਹਮਣੇ ਬੈਠੇ ਕੁਲਦੀਪ ਸਿੰਘ ਸਮਰਾ ਦੇ ਮੱਥੇ ‘ਤੇ ਤਿਉੜੀ ਉਭਰੀ ਤੇ ਉਹ ਉਠ ਕੇ ਖੜ੍ਹਾ ਹੋ ਗਿਆ। ਜੱਜ ਐਨਕ ਲਾ ਕੇ ਉਠਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਸਾਹਮਣੇ ਖੜ੍ਹੇ ਕੁਲਦੀਪ ਸਿੰਘ ਸਮਰਾ ਵਲ ਗਈ। ਸਮਰਾ ਉਸ ਵੇਲੇ ਜੈਕਟ ਦੀ ਜੇਬ ਵਲ ਹੱਥ ਵਧਾ ਰਿਹਾ ਸੀ। ਅੱਖ ਝਪਕਦਿਆਂ ਹੀ ਸਮਰੇ ਨੇ ਤਿੰਨ ਸੌ ਪਚਵੰਜਾ ਬੋਰ ਦਾ ਪਿਸਤੌਲ ਕੱਢਿਆ ਅਤੇ ਜੱਜ ਵਲ ਸਿੱਧਾ ਕੀਤਾ, ਪਰ ਜਦੋਂ ਨੂੰ ਉਸ ਨੇ ਫਾਇਰ ਕੀਤਾ, ਜੱਜ ਨੀਵਾਂ ਹੁੰਦਾ ਕਾਊਂਟਰ ਦੇ ਹੇਠਾਂ ਹੋ ਗਿਆ। ਸਮਰੇ ਨੇ ਗੋਲੀ ਚਲਾਈ, ਇਹ ਜੱਜ ਦੇ ਨਾ ਲੱਗੀ। ਇਕ ਗੋਲੀ ਹੋਰ ਚੱਲੀ ਤਾਂ ਨੇੜੇ ਬੈਠਾ ਵਕੀਲ ਔਸਕਾਰ ਫੌਨਸਿਕਾ ਸਮਰੇ ਵਲ ਵਧਦਾ ਬੋਲਿਆ, “ਮਿਸਟਰ ਸਮਰਾ, ਪਲੀਜ਼ ਗੋਲੀ ਨਾ ਚਲਾ…ਹਟ ਜਾਹ, ਗੋਲੀ ਨਾ ਚਲਾ…।” ਪਰ ਸਮਰੇ ਨੇ ਰੁਕਣ ਦੀ ਥਾਂ ਗੋਲੀ ਸਿੱਧੀ ਫੌਨਸਿਕਾ ਦੇ ਹੀ ਸਿਰ ‘ਚ ਮਾਰੀ। ਇੱਕ ਗੋਲੀ ਉਸ ਨੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਤੱਤਲਾ ਵਲ ਚਲਾਈ। ਪਾਸੇ ਬੈਠੇ ਭੁਪਿੰਦਰ ਸਿੰਘ ਪੰਨੂੰ ਦੇ ਵੀ ਗੋਲੀ ਲੱਗ ਗਈ। ਵਕੀਲ ਔਸਕਾਰ ਫੌਨਸਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਭੁਪਿੰਦਰ ਸਿੰਘ ਪੰਨੂ ਦੋ ਘੰਟੇ ਪਿਛੋਂ ਦਮ ਤੋੜ ਗਿਆ। ਅਮਰਜੀਤ ਸਿੰਘ ਤੱਤਲਾ ਜ਼ਖਮੀ ਹੋਇਆ ਉਥੇ ਹੀ ਡਿੱਗ ਪਿਆ।
ਇਹ ਸਭ ਕੁਝ ਸੈਕਿੰਡਾਂ ਵਿਚ ਹੀ ਵਾਪਰ ਗਿਆ। ਕੁਲਦੀਪ ਸਿੰਘ ਸਮਰਾ ਆਪਣੀ ਖੂਨੀ ਖੇਡ ਖਤਮ ਕਰਦਿਆਂ ਬਾਹਰ ਨਿਕਲਿਆ। ਉਹ ਭੱਜਦਾ ਪੌੜੀਆਂ ਉਤਰ ਕੇ ਕੁਝ ਸੈਕਿੰਡਾਂ ਵਿਚ ਹੀ ਬਿਲਡਿੰਗ ‘ਚੋਂ ਬਾਹਰ ਨਿਕਲ ਗਿਆ। ਹੇਠਾਂ ਉਸ ਦਾ ਸਾਥੀ ਇਕ ਪਾਸੇ ਕਾਰ ਲਾ ਕੇ ਉਸ ਦੀ ਉਡੀਕ ਕਰ ਰਿਹਾ ਸੀ। ਸਮਰਾ ਉਸ ਨਾਲ ਕਾਰ ‘ਚ ਬੈਠਿਆ ਅਤੇ ਪਲਾਂ ਛਿਣਾਂ ਵਿਚ ਹੀ ਕਿਧਰੇ ਲੋਪ ਹੋ ਗਿਆ।
ਕੌਣ ਸੀ ਇਹ ਕੁਲਦੀਪ ਸਿੰਘ ਸਮਰਾ ਅਤੇ ਉਸ ਨੇ ਇੱਡਾ ਵੱਡਾ ਕਦਮ ਕਿਉਂ ਚੁੱਕਿਆ? ਆਉ ਇਸ ਬਾਰੇ ਜਾਣੀਏਂ…।
ਕੁਲਦੀਪ ਸਿੰਘ ਸਮਰਾ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਬੀ. ਐਸ਼ ਸੀ. ਦੀ ਪੜ੍ਹਾਈ ਕੀਤੀ। ਇਸ ਪਿੱਛੋਂ ਉਹ 1970 ‘ਚ ਕੈਨੇਡਾ ਆ ਗਿਆ। ਇੱਥੇ ਆ ਕੇ ਉਸ ਨੇ ਆਪਣੀ ਡਿਗਰੀ ਦੇ ਹਿਸਾਬ ਨਾਲ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਸ ਵਿਚ ਕਾਮਯਾਬੀ ਨਾ ਮਿਲੀ ਤਾਂ ਉਸ ਨੇ ਕਿਸੇ ਫੈਕਟਰੀ ‘ਚ ਜਾਬ ਸ਼ੁਰੂ ਕਰ ਦਿੱਤੀ। ਇਸ ਨੌਕਰੀ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਸ ਦਾ ਸੱਜੇ ਹੱਥ ਦਾ ਅੰਗੂਠਾ ਕੱਟਿਆ ਗਿਆ। ਇਸ ਪਿਛੋਂ ਉਹ ਬੇਰੁਜ਼ਗਾਰੀ ਭੱਤਾ ਲੈਂਦਿਆਂ ਗੁਜ਼ਾਰਾ ਕਰਨ ਲੱਗਾ। ਇਹ ਉਹ ਵੇਲਾ ਸੀ, ਜਦੋਂ ਕੈਨੇਡਾ ਵਿਚ ਨਸਲੀ ਵਿਤਕਰਾ ਜ਼ੋਰਾਂ ‘ਤੇ ਸੀ। ਸਥਾਨਕ ਬਾਸ਼ਿੰਦਿਆਂ ਵਲੋਂ ਏਸ਼ੀਅਨਜ਼, ਖਾਸ ਕਰ ਭਾਰਤੀ ਲੋਕਾਂ ਨੂੰ ‘ਪਾਕੀ’ ਕਹਿ ਕੇ ਗਾਲ੍ਹਾਂ ਦੇਣੀਆਂ ਨਿੱਤ ਦਾ ਕੰਮ ਸੀ। ਸਕੂਲਾਂ ਵਿਚ ਭਾਰਤੀ ਮੂਲ ਦੇ ਬੱਚਿਆਂ ਨੂੰ ਗਾਲ੍ਹਾਂ ਕੱਢਣੀਆਂ, ਦੇਸੀ ਢੰਗ ਨਾਲ ਕੱਪੜਾ ਪਹਿਨੇ ਲੋਕਾਂ ‘ਤੇ ਤਨਜ਼ਾਂ ਕੱਸਣੀਆਂ ਜਾਂ ਭੈੜੇ ਨਾਮਾਂ ਨਾਲ ਪੁਕਾਰਨਾ ਆਮ ਜਿਹੀ ਗੱਲ ਸੀ।
ਆਲੇ-ਦੁਆਲੇ ਵਾਪਰ ਰਹੇ ਇਸ ਨਸਲੀ ਵਿਤਕਰੇ ਨੇ ਕੁਲਦੀਪ ਸਿੰਘ ਸਮਰੇ ਨੂੰ ਵੀ ਬੇਚੈਨ ਕਰ ਦਿੱਤਾ। ਉਹ ਅਜਿਹੇ ਕੇਸਾਂ ਨੂੰ ਗਹੁ ਨਾਲ ਦੇਖਣ ਲੱਗਾ। ਉਸ ਦੇ ਅੰਦਰੋਂ ਖਿਆਲ ਉਠਿਆ ਕਿ ਇਸ ਬਾਰੇ ਉਸ ਨੂੰ ਵੀ ਕੁਝ ਕਰਨਾ ਚਾਹੀਦਾ ਹੈ। ਇਸ ਸੋਚ-ਵਿਚਾਰ ਦੌਰਾਨ ਹੀ ਉਸ ਦੀ ਨਜ਼ਰ ਆਲੇ-ਦੁਆਲੇ ਗਈ। ਉਥੇ ਖੱਬੇ ਪੱਖੀ ਵਿਚਾਰਾਂ ਵਾਲੀ ‘ਈਸਟ ਇੰਡੀਅਨ ਡਿਫੈਂਸ ਕਮੇਟੀ’ ਨਾਮੀ ਸੰਸਥਾ ਨਸਲੀ ਵਿਤਕਰੇ ਵਿਰੁਧ ਕੰਮ ਕਰ ਰਹੀ ਸੀ। ਕੁਲਦੀਪ ਸਿੰਘ ਸਮਰਾ ਪਹਿਲਾਂ ਤੋਂ ਹੀ ਖੱਬੇ ਪੱਖੀ ਵਿਚਾਰਧਾਰਾ ਦਾ ਹਮਾਇਤੀ ਸੀ। ਇਥੇ ਵੀ ਜਲਦੀ ਹੀ ਉਸ ਨੇ ਇਸ ਸੰਸਥਾ ਨਾਲ ਨਾਤਾ ਜੋੜ ਲਿਆ। ਉਸ ਨੇ ਆਪਣੇ ਘਰ ਅੰਦਰ ਹੀ ਫੋਨ ਲਾਈਨ ਸਥਾਪਤ ਕਰ ਲਈ, ਜਿਸ ਰਾਹੀਂ ਉਹ ਨਸਲੀ ਵਿਤਕਰੇ ਬਾਰੇ ਰਿਪੋਰਟਾਂ ਇਕੱਠੀਆਂ ਕਰਨ ਲੱਗਾ।
ਆਪਣੀ ਮਾਰਕਸਵਾਦੀ ਵਿਚਾਰਧਾਰਾ ਕਾਰਨ ਇਕ ਪੜਾਅ ‘ਤੇ ਜਾ ਕੇ ਇਸ ਸੰਸਥਾ ਨੇ ਹਿੰਸਾ ਦਾ ਜੁਆਬ ਹਿੰਸਾ ਨਾਲ ਦੇਣ ਦਾ ਤਹੱਈਆ ਕਰ ਲਿਆ, ਪਰ ਇਸ ਨਵੇਂ ਪੈਂਤੜੇ ਕਾਰਨ ਇਹ ਸੰਸਥਾ, ਪੁਲਿਸ ਅਤੇ ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਹੇਠ ਆ ਗਈ। ਲੋਕਲ ਪੁਲਿਸ ਤੋਂ ਲੈ ਕੇ ਨੈਸ਼ਨਲ ਪੁਲਿਸ ਤੱਕ ਇਸ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲੱਗ ਪਈ। ਨੇੜੇ ਤੋਂ ਘੋਖ-ਪੜਤਾਲ ਕਰਦਿਆਂ ਸਿਕਿਉਰਿਟੀ ਸਰਵਿਸਿਜ਼ ਨੂੰ ਪਤਾ ਲੱਗਾ ਕਿ ਸਮਰੇ ਨੇ ਆਪਣੇ ਆਲੇ-ਦੁਆਲੇ ਗਰਮ ਖਿਆਲ ਨੌਜਵਾਨਾਂ ਦਾ ਗਰੁੱਪ ਬਣਾਇਆ ਹੋਇਆ ਹੈ, ਜੋ ਉਸ ਦੇ ਇੱਕ ਇਸ਼ਾਰੇ ‘ਤੇ ਕੋਈ ਵੀ ਹਿੰਸਾ ਕਰਨ ਲਈ ਤਿਆਰ ਰਹਿੰਦੇ ਹਨ। ਰੋਸ ਮੁਜਾਹਰਿਆਂ ਦੌਰਾਨ ਆਲੇ-ਦੁਆਲੇ ਮਾਰ-ਧਾੜ ਕਰਨੀ ਇਨ੍ਹਾਂ ਨੌਜਵਾਨਾਂ ਦਾ ਆਮ ਜਿਹਾ ਕੰਮ ਬਣ ਗਿਆ। ਕਈ ਵਾਰੀ ਤਾਂ ਉਹ ਪੁਲਿਸ ਨਾਲ ਵੀ ਉਲਝ ਜਾਂਦੇ ਸਨ।
ਕਿਸੇ ਐਸੇ ਹੀ ਮੁਜਾਹਰੇ ਦੌਰਾਨ ਪੁਲਿਸ ਅਫਸਰ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਇਕ ਵਾਰ ਸਮਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਇਸ ਵਤੀਰੇ ਕਾਰਨ ਪੁਲਿਸ ਮਹਿਕਮਾ ਉਸ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਣ ਲੱਗਾ। ਇਸ ਦੌਰਾਨ ਹੀ ਸਮਰੇ ਦੀ ਜਾਣ-ਪਛਾਣ ਦਾ ਘੇਰਾ ਵਧ ਗਿਆ ਤੇ ਹੋਰਨਾਂ ਭਾਈਚਾਰਿਆਂ ‘ਚ ਵੀ ਉਸ ਦੀ ਚੰਗੀ ਸਾਖ ਬਣ ਗਈ। ਇਨ੍ਹਾਂ ਹਾਲਾਤ ਦਾ ਫਾਇਦਾ ਉਠਾਉਂਦਿਆਂ ਉਸ ਨੇ ਰੀਅਲ ਐਸਟੇਟ ਏਜੰਟ ਦਾ ਲਾਈਸੈਂਸ ਲੈ ਗਿਆ। ਇਸ ਖੇਤਰ ਵਿਚ ਉਸ ਦਾ ਕੰਮ ਬੜੀ ਛੇਤੀ ਚੱਲ ਪਿਆ ਤੇ ਉਹ ਵੱਡੇ-ਵੱਡੇ ਅਮੀਰ ਲੋਕਾਂ ਦੇ ਸੰਪਰਕ ਵਿਚ ਆ ਗਿਆ। ਇਨ੍ਹਾਂ ਲੋਕਾਂ ਨਾਲ ਨਿਤ ਦਿਨ ਪਾਰਟੀਆਂ ਕਰਨੀਆਂ, ਮਹਿੰਗੀਆਂ ਸ਼ਰਾਬਾਂ ਪੀਣੀਆਂ ਉਸ ਦਾ ਸ਼ੌਕ ਬਣ ਗਿਆ। ਅਜਿਹੇ ਹੀ ਕਿਸੇ ਮਿਲੀਅਨੇਅਰ ਦੋਸਤ ਰਾਹੀਂ ਉਸ ਦਾ ਸਬੰਧ ਦਵਿੰਦਰ ਸਿੰਘ ਆਹਲੂਵਾਲੀਆ ਨਾਲ ਬਣ ਗਿਆ। ਆਹਲੂਵਾਲੀਆ ਭਾਰਤੀ ਸਫਾਰਤਖਾਨੇ ਵਿਚ ਡਿਪਟੀ ਕੌਂਸਲਰ ਦੇ ਅਹੁਦੇ ‘ਤੇ ਤਾਇਨਾਤ ਸੀ। ਇਉਂ ਕੁਲਦੀਪ ਸਿੰਘ ਸਮਰਾ ਅੱਗੇ ਹੀ ਅੱਗੇ ਵਧਦਾ ਗਿਆ।
ਉਸ ਵੇਲੇ ਟੋਰਾਂਟੋ ਵਿਚ ਇਕੋ-ਇਕ ਗੁਰਦੁਆਰਾ ਸੀ, ਜੋ ਪੇਪ ਐਵੇਨਿਊ ‘ਤੇ ਸਥਿਤ ਸੀ। ਮੋਟੇ ਚੜ੍ਹਾਵੇ ਤੋਂ ਬਿਨਾ ਇਸ ਗੁਰਦੁਆਰੇ ਕੋਲ ਕਈ ਮਿਲੀਅਨ ਡਾਲਰ ਦੀ ਜਾਇਦਾਦ ਸੀ। ਇਲਾਕੇ ਦੀ ਸਾਰੀ ਸਿੱਖ ਰਾਜਨੀਤੀ ਵੀ ਇਸੇ ਗੁਰਦੁਆਰੇ ਤੋਂ ਚੱਲਦੀ ਸੀ। ਇਥੇ ਹੀ ਕਦੇ ਜਗਜੀਤ ਸਿੰਘ ਚੌਹਾਨ ਨੇ ਆ ਕੇ ਖਾਲਿਸਤਾਨ ਵਿਚਾਰਧਾਰਾ ਨੂੰ ਅੱਗੇ ਵਧਾਇਆ ਸੀ। ਇਸ ਪਿੱਛੋਂ ਹੌਲੀ-ਹੌਲੀ ਲੋਕ ਖਾਲਿਸਤਾਨੀ ਵਿਚਾਰਾਂ ਵਲ ਉਲਾਰ ਹੋਣ ਲੱਗ ਪਏ, ਪਰ ਸਮਰਾ ਖੱਬੇ ਪੱਖੀ ਸੀ; ਇਸ ਕਰਕੇ ਉਹ ਸ਼ੁਰੂ ਤੋਂ ਹੀ ਇਸ ਵਿਚਾਰਧਾਰਾ ਦਾ ਵਿਰੋਧੀ ਸੀ। ਉਸ ਦੇ ਇਸ ਵਿਰੋਧ ਵਿਚੋਂ ਹੀ ਭਾਰਤੀ ਅੰਬੈਸੀ ਨੂੰ ਆਪਣੇ ਹੱਕ ਦਾ ਬੰਦਾ ਦਿਸਿਆ। ਉਨ੍ਹਾਂ ਨੇ ਉਸ ਨੂੰ ਵਰਤਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਕੁਝ ਉਸ ਦੀ ਆਪਣੀ ਸੋਚ ਅਤੇ ਕੁਝ ਅੰਬੈਸੀ ਵਲੋਂ ਯਤਨਾਂ ਕਾਰਨ ਉਸ ਦੇ ਸਾਥੀਆਂ ਨੇ ਉਸ ਨੂੰ ਪੇਪ ਐਵੇਨਿਊ ਗੁਰਦੁਆਰੇ ਦੀ ਰਾਜਨੀਤੀ ਵਿਚ ਦਖਲ ਦੇਣ ਦਾ ਜ਼ੋਰ ਪਾਇਆ। ਅਣਮੰਨੇ ਜਿਹੇ ਮਨ ਨਾਲ ਉਹ ਅਗਾਂਹ ਵਧਿਆ, ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ 1975 ਵਿਚ ਉਹ ਸਕੱਤਰ ਅਤੇ ਖਜਾਨਚੀ ਦੀ ਚੋਣ ਜਿੱਤ ਗਿਆ। ਅੱਗੇ ਚੱਲ ਕੇ 1977 ਅਤੇ 1978 ਵਿਚ ਉਸ ਨੇ ਪ੍ਰਧਾਨਗੀ ਪਦ ਲਈ ਚੋਣ ਲੜੀ, ਪਰ ਦੋਨੋਂ ਵਾਰ ਉਹ ਚੋਣ ਹਾਰ ਗਿਆ। ਫਿਰ 1982 ਵਿਚ ਉਸ ਦਾ ਗਰੁੱਪ ਸਾਰੀਆਂ ਚੋਣਾਂ ਜਿੱਤ ਕੇ ਗੁਰਦੁਆਰੇ ‘ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ। ਉਂਜ ਇਹ ਸਾਰਾ ਗਰੁੱਪ ਖਾਲਿਸਤਾਨ ਵਿਰੋਧੀ ਸੀ। ਸਮਰੇ ਵਲੋਂ ਇਹ ਵਿਰੋਧ ਉਦੋਂ ਤੱਕ ਜਾਰੀ ਰਿਹਾ, ਜਦੋਂ ਤੱਕ ਉਹ ਖਾਲਿਸਤਾਨ ਦੇ ਆਪੇ ਬਣੇ ਰਾਸ਼ਟਰਪਤੀ ਜਗਜੀਤ ਸਿੰਘ ਚੌਹਾਨ ਨੂੰ ਨਹੀਂ ਮਿਲਿਆ।
ਉਦੋਂ ਜਗਜੀਤ ਸਿੰਘ ਚੌਹਾਨ ਖਾਲਿਸਤਾਨੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਕੈਨੇਡਾ ਆਇਆ ਸੀ। ਉਸ ਨੂੰ ਕੁਲਦੀਪ ਸਿੰਘ ਸਮਰੇ ਬਾਰੇ ਪਹਿਲਾਂ ਹੀ ਪਤਾ ਸੀ। ਫਿਰ ਵੀ ਉਸ ਨੇ ਆਪਣੇ ਸਥਾਨਕ ਦੋਸਤ ਅਤੇ ਰਾਜਨੀਤਕ ਸਲਾਹਕਾਰ, ਪ੍ਰੀਤਮ ਸਿੰਘ ਨਾਲ ਸਮਰੇ ਬਾਰੇ ਗੱਲਬਾਤ ਕੀਤੀ। ਪ੍ਰੀਤਮ ਸਿੰਘ ਨੇ ਦੱਸਿਆ ਕਿ ਜੇ ਸਮਰੇ ਦੀ ਖਾਲਿਸਤਾਨ ਵਿਰੋਧੀ ਵਿਚਾਰਧਾਰਾ ਨੂੰ ਛੱਡ ਦੇਈਏ ਤਾਂ ਉਹ ਚੰਗਾ ਸਮਾਜ ਸੇਵਕ ਹੈ। ਪ੍ਰੀਤਮ ਸਿੰਘ ਮੁਤਾਬਕ ਸਮਰਾ ਪਿਛਲੇ ਕਿੰਨੇ ਹੀ ਸਾਲਾਂ ਤੋਂ ਈਸਟ ਇੰਡੀਅਨ ਰਫਿਊਜ਼ੀ ਏਡ ਕਮੇਟੀ ਰਾਹੀਂ ਕਰੀਬ ਦੋ ਹਜ਼ਾਰ ਸਿੱਖਾਂ ਦੀ ਮਦਦ ਕਰ ਰਿਹਾ ਹੈ, ਜੋ ਸਿਆਸੀ ਪਨਾਹ ਲਈ ਲੜ ਰਹੇ ਹਨ। ਇਸ ਤੋਂ ਇਲਾਵਾ ਸਿੱਖਾਂ ਦੇ ਹਰ ਮਸਲੇ, ਭਾਵ ਇਮੀਗ੍ਰੇਸ਼ਨ, ਪਰਿਵਾਰਕ, ਵਿੱਤੀ ਆਦਿ ਸਮੱਸਿਆਵਾਂ ਵਿਚ ਖੁੱਲ੍ਹ ਕੇ ਮਦਦ ਕਰਦਾ ਹੈ। ਇਸ ਦੇ ਨਾਲ ਹੀ ਪ੍ਰੀਤਮ ਸਿੰਘ ਨੇ ਚੌਹਾਨ ਨੂੰ ਸਮਝਾਇਆ ਕਿ ਸਮਰਾ ਕਦੇ ਵੀ ਭਾਰਤ ਵਿਰੋਧੀ ਕਿਸੇ ਕੰਮ ਵਿਚ ਮਦਦਗਾਰ ਨਹੀਂ ਬਣ ਸਕਦਾ। ਪ੍ਰੀਤਮ ਸਿੰਘ ਦੀਆਂ ਗੱਲਾਂ ਸੁਣਨ ਪਿਛੋਂ ਜਗਜੀਤ ਸਿੰਘ ਚੌਹਾਨ ਨੇ ਕਿਸੇ ਹੋਰ ਹੀ ਤਰ੍ਹਾਂ ਸੋਚਿਆ। ਉਸ ਨੂੰ ਖਿਆਲ ਆਇਆ ਕਿ ਜੇ ਉਹ ਸਮਰੇ ਨੂੰ ਆਪਣੇ ਨਾਲ ਮਿਲਾ ਲਵੇ ਤਾਂ ਉਸ ਦੇ ਬੜੇ ਕੰਮ ਸੰਵਾਰੇਗਾ। ਪ੍ਰੀਤਮ ਸਿੰਘ ਨੂੰ ਕਹਿ ਕੇ ਉਸ ਨੇ ਕੁਲਦੀਪ ਸਿੰਘ ਸਮਰੇ ਨੂੰ ਮਿਲਣ ਦਾ ਇੰਤਜ਼ਾਮ ਕਰਵਾ ਲਿਆ।
ਪਹਿਲੀ ਮੁਲਾਕਾਤ ਉਨ੍ਹਾਂ ਖੁੱਲ੍ਹੇ ਵਿਚ ਕੀਤੀ। ਜਗਜੀਤ ਸਿੰਘ ਚੌਹਾਨ ਹੋਰਨਾਂ ਲੋਕਾਂ ਸਮੇਤ ਸਮਰੇ ਨੂੰ ‘ਪੰਜਾਬੀ ਵਿਲੇਜ’ ਨਾਮੀ ਰੈਸਟੋਰੈਂਟ ਵਿਚ ਮਿਲਿਆ। ਉਸ ਨੇ ਸਭ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਮੀਟਿੰਗ ਪਿੱਛੋਂ ਸਮਰੇ ਨੇ ਚੌਹਾਨ ਨੂੰ ਕਿਹਾ ਕਿ ਇਥੇ ਮੀਟਿੰਗ ਕਰਨਾ ਠੀਕ ਨਹੀਂ ਸੀ, ਕਿਉਂਕਿ ਇਥੇ ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਬੰਦੇ ਗੁਪਤ ਰੂਪ ‘ਚ ਘੁੰਮ ਰਹੇ ਸਨ। ਸਮਰੇ ਦੀ ਇਹ ਗੱਲ ਠੀਕ ਵੀ ਸੀ, ਕਿਉਂਕਿ ਅੰਬੈਸੀ ਦੇ ਸਬੰਧਾਂ ਕਾਰਨ ਉਹ ਸਭ ਨੂੰ ਜਾਣਦਾ ਸੀ, ਪਰ ਚੌਹਾਨ ਨੇ ਕਿਹਾ ਕਿ ਇਹ ਸਭ ਉਸ ਨੇ ਜਾਣ-ਬੁੱਝ ਕੇ ਇੰਡੀਅਨ ਏਜੰਸੀਆਂ ਦੇ ਅੱਖੀਂ ਘੱਟਾ ਪਾਉਣ ਲਈ ਕੀਤਾ ਹੈ ਅਤੇ ਅਸਲੀ ਮੁਲਾਕਾਤ ਤਾਂ ਉਹ ਕਿਧਰੇ ਹੋਰ ਕਰਨਗੇ। ਫਿਰ ਉਸੇ ਸ਼ਾਮ ਚੌਹਾਨ ਨੇ ਪ੍ਰੀਤਮ ਸਿੰਘ ਦੇ ਘਰ, ਇਕੱਲੇ ਸਮਰੇ ਨਾਲ ਮੁਲਾਕਾਤ ਕੀਤੀ। ਉਹ ਦੋ ਘੰਟੇ ਤੱਕ ਵਿਚਾਰ-ਚਰਚਾ ਕਰਦੇ ਰਹੇ। ਇਸ ਦੌਰਾਨ ਚੌਹਾਨ ਨੇ ਸਮਰੇ ਨੂੰ ਕਰੀਬ ਆਪਣੇ ਨਾਲ ਸਹਿਮਤ ਕਰ ਲਿਆ। ਮੁਲਾਕਾਤ ਪਿੱਛੋਂ ਸਮਰੇ ਨੇ ਕਿਹਾ ਕਿ ਹੁਣ ਉਹ ਬਿਲਕੁਲ ਬਦਲ ਗਿਆ। ਇਸ ਪਿੱਛੋਂ ਉਹ ਜੋ ਵੀ ਕਰੇਗਾ, ਖਾਲਸੇ ਦੀ ਸੇਵਾ ਲਈ ਕਰੇਗਾ। ਉਸ ਨੇ ਖਾਲਿਸਤਾਨ ਦੀ ਮਦਦ ਕਰਨ ਦੀ ਸਹੁੰ ਚੁੱਕੀ।
ਸਮਰੇ ਦੇ ਤੁਰ ਜਾਣ ਪਿਛੋਂ ਪ੍ਰੀਤਮ ਸਿੰਘ ਨੇ ਪੁੱਛਿਆ ਕਿ ਮੀਟਿੰਗ ਕਿਵੇਂ ਰਹੀ ਤਾਂ ਚੌਹਾਨ ਨੇ ਥੋੜ੍ਹਾ ਤੌਖਲਾ ਜਾਹਰ ਕੀਤਾ। ਉਸ ਮੁਤਾਬਕ ਉਸ ਨੇ ਸਮਰੇ ਨਾਲ ਗੱਲਬਾਤ ਦੌਰਾਨ ਅੰਦਾਜ਼ਾ ਲਾਇਆ ਕਿ ਇਹ ਬੰਦਾ ਭਰੋਸੇਯੋਗ ਨਹੀਂ ਹੈ। ਉਸ ਨੇ ਹੋਰ ਕਿਹਾ ਕਿ ਸਮਰੇ ਦੀ ਸ਼ਖਸੀਅਤ ਹਿੰਸਕ ਜਾਪਦੀ ਹੈ ਤੇ ਇਹ ਬੰਦਾ ਕਿਸੇ ਵੇਲੇ ਵੀ ਮਾਰ-ਧਾੜ ‘ਤੇ ਉਤਾਰੂ ਹੋ ਸਕਦਾ ਹੈ। ਚੌਹਾਨ ਮੁਤਾਬਕ ਕਿਉਂਕਿ ਸਮਰੇ ਦੀ ਹੁਣ ਤੱਕ ਦੀ ਜ਼ਿੰਦਗੀ ਖੱਬੇ ਪੱਖੀ ਵਿਚਾਰਧਾਰਕ ਹੈ, ਇਸ ਕਰ ਕੇ ਉਹ ਇਸ ਨੂੰ ਕਦੇ ਵੀ ਮਨ ‘ਚੋਂ ਨਹੀਂ ਕੱਢ ਸਕੇਗਾ; ਤੇ ਸਮਰੇ ਦੇ ਲੰਮੇ ਸਮੇਂ ਤੋਂ ਭਾਰਤੀ ਅੰਬੈਸੀ ਵਾਲਿਆਂ ਨਾਲ ਸਬੰਧ ਹਨ, ਇਸ ਕਰ ਕੇ ਉਹ ਕਦੇ ਵੀ ਇਸ ਨੂੰ ਨਹੀਂ ਛੱਡਣਗੇ। ਇਹ ਵੀ ਉਨ੍ਹਾਂ ਤੋਂ ਦੂਰ ਨਹੀਂ ਹੋਵੇਗਾ। ਉਧਰ, ਸਮਰਾ ਦੂਹਰੀ ਬਿਆਨਬਾਜ਼ੀ ਕਰਨ ਲੱਗ ਪਿਆ। ਖਾਲਿਸਤਾਨੀ ਲੋਕਾਂ ਸਾਹਮਣੇ ਉਹ ਉਨ੍ਹਾਂ ਜਿਹੀਆਂ ਗੱਲਾਂ ਕਰਦਾ ਤੇ ਆਪਣੇ ਸਮਰਥਕਾਂ ਮੂਹਰੇ ਉਹ ਖਾਲਿਸਤਾਨ ਦਾ ਕੱਟੜ ਵਿਰੋਧੀ ਬਣਿਆ ਰਹਿੰਦਾ।
ਸਮਰੇ ਦੇ ਇਸ ਦੂਹਰੇ ਸਟੈਂਡ ਕਾਰਨ ਉਸ ਦਾ ਅਕਸ ਖਰਾਬ ਹੋਣ ਲੱਗਾ। ਉਸ ਵੇਲੇ ਉਸ ਦੇ ਪੱਖ ਵਾਲੇ ਲੋਕ ਹੀ ਗੁਰਦੁਆਰੇ ‘ਤੇ ਕਾਬਜ਼ ਸਨ। ਉਸ ਦੀ ਸੋਚ ਸੀ ਕਿ ਜੇ ਚੋਣ ਹੋ ਗਈ ਤਾਂ ਉਸ ਦੇ ਹੱਥੋਂ ਗੁਰਦੁਆਰਾ ਨਿਕਲ ਜਾਵੇਗਾ। ਉਹ ਆਉਣ ਵਾਲੀ ਚੋਣ ਕਿਸੇ ਵੀ ਤਰੀਕੇ ਰੋਕਣਾ ਚਾਹੁੰਦਾ ਸੀ। ਉਂਜ ਉਹ ਕੈਨੇਡਾ ਦੇ ਅਦਾਲਤੀ ਸਿਸਟਮ ‘ਤੇ ਖਫਾ ਸੀ। ਪਹਿਲਾਂ ਇਕ ਵਾਰ ਗੁਰਦੁਆਰੇ ਕਾਰਨ ਹੋਈ ਲੜਾਈ ਦਰਮਿਆਨ ਉਹ ਅਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਏ ਸਨ। ਉਸ ਨੇ ਰਿਪੋਰਟ ਕੀਤੀ ਅਤੇ ਕੇਸ ਕੋਰਟ ‘ਚ ਲੈ ਕੇ ਗਿਆ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਹਿੰਦਿਆਂ ਦੋਸ਼ੀ ਬਰੀ ਕਰ ਦਿੱਤੇ। ਹੁਣ ਗੁਰਦੁਆਰੇ ਦੀ ਚੋਣ ਦੇ ਮਾਮਲੇ ‘ਚ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਸ ਨੇ ਕਾਫੀ ਸਾਰੇ ਸੰਭਵ ਸਬੂਤ ਇਕੱਠੇ ਕੀਤੇ ਅਤੇ ਹਰ ਕੋਸ਼ਿਸ਼ ਕੀਤੀ। ਕੋਰਟ ‘ਚ ਕੇਸ ਗਿਆ, ਪਰ ਉਸ ਦਿਨ, 18 ਮਾਰਚ 1982 ਦੇ ਦਿਨ ਜੱਜ ਜੌਹਨ ਔਸਲਰ ਨੇ ਉਸ ਵਲੋਂ ਫਾਈਲ ਕੀਤੀ ਪਟੀਸ਼ਨ ਰੱਦ ਕਰ ਦਿੱਤੀ। ਇਸ ਕਾਰਨ ਉਹ ਗੁੱਸੇ ਨਾਲ ਭਰ ਉਠਿਆ ਅਤੇ ਗੋਲੀਆਂ ਚਲਾਉਂਦਿਆਂ ਦੋ ਨੂੰ ਮਾਰ ਮੁਕਾਇਆ ਤੇ ਕਈ ਸਖਤ ਜ਼ਖਮੀ ਹੋ ਗਏ। ਇਸ ਪਿੱਛੋਂ ਉਹ ਆਪਣੇ ਦੋਸਤ ਨਾਲ ਕਾਰ ‘ਚ ਬਹਿੰਦਿਆਂ ਭੱਜ ਨਿਕਲਿਆ ਸੀ…।
ਜਿਸ ਬੰਦੇ ਨਾਲ ਸਮਰਾ ਭੱਜਿਆ, ਉਸ ਦਾ ਨਾਂ ਬਿੱਲਾ ਸੀ। ਬਿੱਲਾ ਪਹਿਲਾਂ ਤੋਂ ਹੀ ਇਸ ਸਭ ਲਈ ਤਿਆਰ ਸੀ। ਉਸ ਨੇ ਅਦਾਲਤ ਤੋਂ ਬਾਹਰ ਨਿਵੇਕਲੇ ਜਿਹੇ ਆਪਣੀ ਕਾਰ ਰੋਕੀ ਹੋਈ ਸੀ। ਸਮਰੇ ਨੂੰ ਪਤਾ ਸੀ ਕਿ ਕਾਰ ਕਿਥੇ ਹੈ। ਇਸੇ ਕਰ ਕੇ ਉਹ ਸਿੱਧਾ ਕਾਰ ‘ਚ ਜਾ ਬੈਠਾ ਸੀ। ਬਿੱਲੇ ਨੇ ਸਮਰੇ ਨੂੰ ਟੋਰਾਂਟੋ ਸ਼ਹਿਰ ਤੋਂ ਬਾਹਰ ਵਲ ਇਕ ਅਪਾਰਟਮੈਂਟ ਬਿਲਡਿੰਗ ਮੂਹਰੇ ਉਤਾਰ ਦਿੱਤਾ। ਇਥੇ ਲੁਕਣ ਦਾ ਪ੍ਰਬੰਧ ਵੀ ਸਮਰੇ ਨੇ ਪਹਿਲਾਂ ਹੀ ਕਰਵਾਇਆ ਹੋਇਆ ਸੀ। ਉਹ ਪੌੜੀਆਂ ਚੜ੍ਹਦਿਆਂ ਕਿਸੇ ਅਪਾਰਟਮੈਂਟ ‘ਚ ਜਾ ਕੇ ਛੁਪ ਗਿਆ, ਪਰ ਪੁਲਿਸ ਨੂੰ ਛੇਤੀ ਹੀ ਸਮਰੇ ਦੀ ਛੁਪਣਗਾਹ ਦਾ ਪਤਾ ਲੱਗ ਗਿਆ। ਪੁਲਿਸ ਨੇ ਛਾਪਾ ਮਾਰਿਆ ਤਾਂ ਉਦੋਂ ਨੂੰ ਸਮਰਾ ਇਥੋਂ ਨਿਕਲ ਚੁਕਾ ਸੀ। ਅੱਗੇ ਉਹ ਹੋਰ ਬਿਲਡਿੰਗ ‘ਚ ਜਾ ਲੁਕਿਆ ਤਾਂ ਉਥੇ ਵੀ ਪੁਲਿਸ ਅੱਪੜ ਗਈ, ਪਰ ਪੁਲਿਸ ਦੇ ਹੱਥ ਖਾਲੀ ਰਹੇ। ਅਸਲ ‘ਚ ਜਿੰਨੇ ਤੇਜ਼ ਪੁਲਿਸ ਸੂਤਰ ਸਮਰੇ ਦਾ ਪਿੱਛਾ ਕਰ ਰਹੇ ਸਨ, ਸਮਰਾ ਉਨ੍ਹਾਂ ਤੋਂ ਤੇਜ਼ ਸੀ। ਜਦੋਂ ਨੂੰ ਪੁਲਿਸ ਕਿਤੇ ਪਹੁੰਚਦੀ ਤਾਂ ਸਮਰਾ ਅੱਗੇ ਨਿਕਲ ਗਿਆ ਹੁੰਦਾ। ਇਸ ਤਰ੍ਹਾਂ ਲੁਕਾ-ਛੁਪੀ ਖੇਡਦਿਆਂ ਸਮਰਾ ਮੌਂਟਰੀਅਲ ਜਾ ਪਹੁੰਚਿਆ। ਕੁਝ ਦੇਰ ਇਥੇ ਰਹਿੰਦਿਆਂ ਸਮਰੇ ਨੇ ਵੈਨਕੂਵਰ ਲਈ ਫਲਾਈਟ ਫੜ ਲਈ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਸੇ ਫਲਾਈਟ ‘ਤੇ ਕੈਨੇਡਾ ਦਾ ਇਕ ਪੁਲਿਸ ਅਫਸਰ ਉਸੇ ਦਾ ਪਿੱਛਾ ਕਰਦਾ ਹੋਇਆ ਚੜ੍ਹ ਗਿਆ। ਖਾਨ ਨਾਮੀ ਇਹ ਪੁਲਿਸ ਅਫਸਰ ਉਦੋਂ ਅਚੰਭਿਤ ਰਹਿ ਗਿਆ, ਜਦੋਂ ਵੈਨਕੂਵਰ ਪਹੁੰਚਦਿਆਂ ਸਮਰਾ ਉਸ ਦੀਆਂ ਅੱਖਾਂ ਤੋਂ ਓਝਲ ਹੋ ਗਿਆ। ਖਾਨ ਖਾਲੀ ਹੱਥ ਟੋਰਾਂਟੋ ਵਾਪਸ ਮੁੜ ਗਿਆ।
ਉਧਰ, ਸਮਰਾ ਕਿਸੇ ਸੁਰੱਖਿਅਤ ਥਾਂ ਜਾ ਬੈਠਾ। ਬੜੀ ਭੱਜ-ਨੱਠ ਪਿਛੋਂ ਵੀ ਪੁਲਿਸ ਖਾਲੀ ਹੱਥ ਸੀ। ਫਿਰ ਪੁਲਿਸ ਮਹਿਕਮੇ ਨੂੰ ਸ਼ੱਕ ਹੋਇਆ ਕਿ ਕੁਲਦੀਪ ਸਿੰਘ ਸਮਰਾ ਕਿਧਰੇ ਅਮਰੀਕਾ ਨੂੰ ਹੀ ਨਾ ਭੱਜ ਜਾਵੇ। ਇਸ ਖਿਆਲ ਦੇ ਮੱਦੇਨਜ਼ਰ ਅਮਰੀਕਾ ਜਾਣ ਵਾਲੇ ਸਾਰੇ ਏਅਰਪੋਰਟ ਅਤੇ ਸੜਕੀ ਰਸਤੇ ਚੌਕਸ ਕਰ ਦਿੱਤੇ ਗਏ। ਥਾਂ ਪਰ ਥਾਂ ਬੜੀ ਸਖਤੀ ਨਾਲ ਸਮਰੇ ਨੂੰ ਲੱਭਿਆ ਜਾਣ ਲੱਗ ਪਿਆ, ਪਰ ਸਮਰਾ ਤਾਂ ਸ਼ਾਇਦ ਛਲੇਡਾ ਬਣ ਚੁਕਾ ਸੀ। ਕੈਨੇਡਾ ਪੁਲਿਸ ਏਅਰਪੋਰਟਾਂ ਜਾਂ ਸਰਹੱਦੀ ਰਸਤਿਆਂ ‘ਤੇ ਸਖਤੀ ਕਰਦੀ ਰਹਿ ਗਈ ਤੇ ਸਮਰਾ ਯੂਬਾ ਸਿਟੀ (ਅਮਰੀਕਾ) ਜਾ ਪਹੁੰਚਿਆ।
ਹੋਇਆ ਇਹ ਕਿ ਕੁਲਦੀਪ ਸਿੰਘ ਸਮਰਾ ਨੇ ਉਸ ਸਰਹੱਦ ਰਾਹੀਂ ਹੀ ਪਾਰ ਜਾਣ ਦਾ ਰਸਤਾ ਲੱਭਿਆ, ਜਿਸ ‘ਤੇ ਕੈਨੇਡਾ ਨੇ ਸਭ ਤੋਂ ਵੱਧ ਸਖਤੀ ਕੀਤੀ ਹੋਈ ਸੀ। ਉਸ ਦਿਨ ਦੋ ਵੈਨਾਂ ਵੈਨਕੂਵਰ ਡਾਊਨ ਟਾਊਨ ਤੋਂ ਸਰਹੱਦ ਵਲ ਤੁਰੀਆਂ। ਦੋਹਾਂ ਵੈਨਾਂ ਵਿਚ ਅੱਠ-ਅੱਠ ਬੰਦੇ ਬੈਠੇ ਸਨ। ਸਾਰੇ ਦੇ ਸਾਰੇ ਪੂਰਨ ਰੂਪ ‘ਚ ਸਿੱਖੀ ਪਹਿਰਾਵੇ ਵਿਚ ਸਨ। ਸਭ ਦੇ ਇਕੋ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਦੇ ਦਾੜ੍ਹੇ ਖੁੱਲ੍ਹੇ ਛੱਡੇ ਸਨ ਤੇ ਇਕੋ ਜਿਹੇ ਚਿੱਟੇ ਕੁੜਤੇ ਪਜ਼ਾਮੇ ਪਾਏ ਹੋਏ ਸਨ। ਸਮਰਾ, ਉਸ ਵੇਲੇ ਦੂਜੀ ਵੈਨ ਵਿਚ ਸੀ ਤੇ ਪਹਿਲੀ ਵੈਨ ਥੋੜ੍ਹਾ ਜਿਹਾ ਪਹਿਲਾਂ ਸਰੱਹਦੀ ਚੈਕ ਪੋਸਟ ਦੀ ਇਕ ਨੰਬਰ ਲਾਈਨ ਵਿਚ ਜਾ ਲੱਗੀ। ਇਮੀਗ੍ਰੇਸ਼ਨ ਵਾਲੇ ਨੇ ਪਹਿਲੀ ਵੈਨ ਵਾਲਿਆਂ ਦੇ ਪਾਸਪੋਰਟ ਵਗੈਰਾ ਚੈਕ ਕਰਕੇ ਅੱਗੇ ਤੁਰਨ ਦਾ ਇਸ਼ਾਰਾ ਕੀਤਾ। ਉਦੋਂ ਹੀ ਦੂਜੀ ਵੈਨ, ਨਾਲ ਵਾਲੀ ਦੋ ਨੰਬਰ ਲਾਈਨ ਵਲ ਆਈ। ਦੋ ਨੰਬਰ ਲਾਈਨ ‘ਚ ਅਜੇ ਕੋਈ ਹੋਰ ਕਾਰ ਖੜ੍ਹੀ ਸੀ। ਪਹਿਲਾਂ ਮਿੱਥੀ ਸਕੀਮ ਮੁਤਾਬਕ ਦੂਜੀ ਵੈਨ ਦੇ ਡਰਾਈਵਰ ਨੇ ਵੈਨ ਲਿਆ ਕੇ ਮੂਹਰੇ ਖੜ੍ਹੀ ਕਾਰ ਵਿਚ ਮਾਰੀ। ਐਕਸੀਡੈਂਟ ਹੋ ਗਿਆ ਤਾਂ ਥੋੜ੍ਹੀ ਭੱਜ-ਨੱਸ ਜਿਹੀ ਮੱਚ ਗਈ। ਇਮੀਗ੍ਰੇਸ਼ਨ ਵਾਲਿਆਂ ਆਪਣਾ ਕੰਮ ਰੋਕ ਕੇ ਉਧਰ ਦੇਖਿਆ। ਦੋ-ਚਾਰ ਪੁਲਿਸ ਵਾਲੇ ਐਕਸੀਡੈਂਟ ਵਾਲੀ ਥਾਂ ਪਹੁੰਚ ਗਏ। ਪਹਿਲੀ ਵੈਨ ਵਾਲਿਆਂ ਵੀ ਅੱਗੇ ਤੁਰਨ ਦੀ ਥਾਂ ਵੈਨ ਜਿੱਥੇ ਸੀ, ਉਥੇ ਹੀ ਰੋਕ ਦਿੱਤੀ। ਸਾਰੇ ਬੰਦੇ ਬਾਹਰ ਨਿਕਲੇ ਤੇ ਐਕਸੀਡੈਂਟ ਵਾਲੀ ਥਾਂ ਵਲ ਤੁਰ ਪਏ। ਉਧਰ, ਦੂਜੀ ਵੈਨ ‘ਚੋਂ ਪਹਿਲਾਂ ਹੀ ਸਾਰੇ ਬੰਦੇ ਬਾਹਰ ਆ ਗਏ ਸਨ। ਸਭ ਐਕਸੀਡੈਂਟ ਵਾਲੀ ਥਾਂ ਦੁਆਲੇ ਘੁੰਮਣ ਲੱਗੇ। ਉਦੋਂ ਹੀ ਦੂਜੀ ਵੈਨ ਵਾਲਿਆਂ ‘ਚੋਂ ਕੁਲਦੀਪ ਸਿੰਘ ਸਮਰਾ, ਹੌਲੀ-ਹੌਲੀ ਪਹਿਲੀ ਵੈਨ ਦੇ ਮੁਸਾਫਰਾਂ ‘ਚ ਰਲ ਗਿਆ ਤੇ ਪਹਿਲੀ ਵੈਨ ਦਾ ਇੱਕ ਜਣਾ ਦੂਜੀ ਵੈਨ ਵਲ ਹੋ ਗਿਆ। ਮੁਸਾਫਰਾਂ ਦਾ ਵਟਾਂਦਰਾ ਹੋਇਆ ਤੇ ਸਮਰਾ ਪਹਿਲੀ ਵੈਨ ‘ਚ ਜਾ ਬੈਠਾ। ਇਮੀਗ੍ਰੇਸ਼ਨ ਜਾਂ ਪੁਲਿਸ ਵਾਲਿਆਂ ਨੂੰ ਕੋਈ ਪਤਾ ਨਾ ਲੱਗਾ। ਉਨ੍ਹਾਂ ਨੂੰ ਤਾਂ ਸਾਰੇ ਇੱਕੋ ਜਿਹੇ ਹੀ ਲੱਗਦੇ ਸਨ। ਸਮਰੇ ਦੇ ਬਹਿੰਦਿਆਂ ਹੀ ਪਹਿਲੀ ਵੈਨ ਅਮਰੀਕਾ ਵਲ ਅੱਗੇ ਲੰਘ ਗਈ। ਉਧਰ, ਪਿਛਲੀ ਵੈਨ ਵਾਲੇ ਇਹ ਕਹਿੰਦਿਆਂ ਪਿਛਾਂਹ ਹੀ ਮੁੜ ਗਏ ਕਿ ਐਕਸੀਡੈਂਟ ਹੋ ਗਿਆ ਹੈ, ਇਸ ਹਾਲਤ ‘ਚ ਉਹ ਅੱਗੇ ਨਹੀਂ ਜਾਣਗੇ। ਸਮਰੇ ਦਾ ਡਰਾਮਾ ਕਾਮਯਾਬ ਰਿਹਾ ਤੇ ਉਹ ਅਮਰੀਕਾ ਦੇ ਯੂਬਾ ਸਿਟੀ ਪਹੁੰਚ ਕੇ ਕਿਸੇ ਦੇ ਘਰ ਜਾ ਛੁਪਿਆ।
ਅਗਲੇ ਦਿਨ ਤੱਕ ਕੈਨੇਡਾ ਪੁਲਿਸ ਦੇ ਸੂਤਰਾਂ ਨੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਸਮਰਾ ਯੂਬਾ ਸਿਟੀ ਪਹੁੰਚ ਗਿਆ ਹੈ। ਉਨ੍ਹਾਂ ਉਥੇ ਦੇ ਪੁਲਿਸ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ। ਅੱਗਿਓਂ ਯੂਬਾ ਸਿਟੀ ਪੁਲਿਸ ਮਹਿਕਮੇ ਨੇ ਦੱਸਿਆ ਕਿ ਜੇ ਸਮਰਾ ਇਥੇ ਹੈ ਤਾਂ ਇਹ ਭੁੱਲ ਜਾਵੋ ਕਿ ਉਹ ਲੱਭ ਜਾਵੇਗਾ। ਉਨ੍ਹਾਂ ਕਿਹਾ ਕਿ ਯੂਬਾ ਸਿਟੀ ਵਿਚ ਬਹੁਤੀ ਵਸੋਂ ਸਿੱਖਾਂ ਦੀ ਹੈ, ਤੇ ਪੁਲਿਸ ਨੂੰ ਉਹ ਸਭ ਇਕੋ ਜਿਹੇ ਜਾਪਦੇ ਹਨ। ਇਸ ਕਰਕੇ ਸਮਰੇ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ। ਅਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਸਮਰਾ ਅਮਰੀਕੀ ਸਰਹੱਦ ਦੇ ਉਸ ਪਾਰ, ਭਾਵ ਮੈਕਸੀਕੋ ਜਾ ਵੜਿਆ। ਹੁਣ ਉਸ ਨੂੰ ਲੱਭਣ ਦੀਆਂ ਸਭ ਉਮੀਦਾਂ ਕਰੀਬ ਨਾਂਹ ਦੇ ਬਰਾਬਰ ਸਨ। ਕੈਨੇਡਾ ਪੁਲਿਸ ਨੇ ਇੰਟਰਪੋਲ ਨਾਲ ਰਾਬਤਾ ਬਣਾਉਂਦਿਆਂ ਸਮਰੇ ਨੂੰ ਫੜਨ ਲਈ ਕਿਹਾ। ਇੰਟਰੋਪਲ ਨੇ ਸਭ ਏਅਰਪੋਰਟ ਅਲਰਟ ਕਰ ਦਿੱਤੇ, ਪਰ ਸਮਰੇ ਨੂੰ ਕੋਈ ਡਰ ਨਹੀਂ ਸੀ, ਕਿਉਂਕਿ ਉਸ ਕੋਲ ਕਿਸੇ ਹੋਰ ਨਾਂ ਹੇਠ ਬਣਿਆ ਪਾਸਪੋਰਟ ਸੀ। ਇਸੇ ਪਾਸਪੋਰਟ ‘ਤੇ ਉਹ ਮੈਕਸੀਕੋ ਤੋਂ ਦੁੱਬਈ ਚਲਾ ਗਿਆ। ਉਥੇ ਉਹ ਕੁਝ ਦੇਰ ਰੁਕਿਆ। ਅੱਗੇ ਉਸ ਨੇ ਭਾਰਤ ਵਿਚ ਦਾਖਲ ਹੋਣਾ ਸੀ, ਪਰ ਉਹ ਕਿਸੇ ਏਅਰਪੋਰਟ ਰਾਹੀਂ ਦਾਖਲ ਹੋਣ ਦਾ ਖਤਰਾ ਨਹੀਂ ਸੀ ਲੈਣਾ ਚਾਹੁੰਦਾ। ਸੂਤਰਾਂ ਮੁਤਾਬਕ ਅੱਗੇ ਉਸ ਦੀ ਮਦਦ ਹਾਜੀ ਮਸਤਾਨ ਨਾਂ ਦੇ ਵੱਡੇ ਸਮੱਗਲਰ ਨੇ ਕੀਤੀ। ਉਹ ਸਮਰੇ ਨੂੰ ਆਪਣੇ ਪ੍ਰਾਈਵੇਟ ਸ਼ਿਪ ਰਾਹੀਂ ਬੰਬਈ ਲੈ ਗਿਆ। ਬੰਬਈ ਤੋਂ ਸਮਰਾ ਪੰਜਾਬ ਪਹੁੰਚ ਗਿਆ। ਸਭ ਕੁਝ ਜਾਣਦਿਆਂ ਵੀ ਪੰਜਾਬ ਪੁਲਿਸ ਨੇ ਸਮਰੇ ਦੀ ਗ੍ਰਿਫਤਾਰੀ ਲਈ ਕੋਈ ਰੁਚੀ ਨਾ ਦਿਖਾਈ। ਇਸ ਤਰ੍ਹਾਂ ਕੁਲਦੀਪ ਸਿੰਘ ਸਮਰਾ ਆਪਣੀ ਸਭ ਤੋਂ ਸੁਰੱਖਿਅਤ ਜਗ੍ਹਾ, ਪੰਜਾਬ ਜਾ ਬੈਠਾ।
ਇੱਧਰ ਕੈਨੇਡਾ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਸਮਰਾ ਪੰਜਾਬ ਜਾ ਚੁਕਾ ਹੈ। ਕੈਨੇਡਾ ਸਰਕਾਰ ਇਸ ਗੱਲ ‘ਤੇ ਹੈਰਾਨ ਸੀ ਕਿ ਇੰਨੀ ਸਿਕਿਉਰਿਟੀ ਹੁੰਦਿਆਂ ਕਿਵੇਂ ਕੋਈ ਮੁਲਕ ਛੱਡ ਕੇ ਭੱਜ ਸਕਦਾ ਹੈ! ਹੌਲੀ-ਹੌਲੀ ਉਸ ਨੂੰ ਇਹ ਗੱਲ ਸਮਝ ਵਿਚ ਆਈ ਕਿ ਸਿੱਧੇ ਜਾਂ ਲੁਕਵੇਂ ਢੰਗ ਨਾਲ ਭਾਰਤੀ ਅੰਬੈਸੀ ਦੁਆਰਾ ਕੀਤੀ ਮਦਦ ਕਾਰਨ ਹੀ ਸਮਰਾ ਪੰਜਾਬ ਪਹੁੰਚਣ ਵਿਚ ਕਾਮਯਾਬ ਹੋਇਆ। ਫਿਰ ਕੈਨੇਡਾ ਸਰਕਾਰ ਨੇ ਰਾਜਨੀਤਕ ਤਰੀਕਾ ਅਪਨਾਉਣ ਦਾ ਕਦਮ ਚੁੱਕਿਆ। ਭਾਰਤੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧਦਿਆਂ ਉਸ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕੀਤੀ। ਪਹਿਲਾਂ ਤਾਂ ਭਾਰਤ ਸਰਕਾਰ ਨੇ ਕੋਈ ਲੜ ਹੀ ਨਾ ਫੜਾਇਆ, ਪਰ ਜਦੋਂ ਹੁੰਗਾਰਾ ਭਰਿਆ ਤਾਂ ਭਾਰਤ ਨੇ ਬੜੀ ਅਜੀਬ ਮੰਗ ਰੱਖੀ। ਉਦੋਂ ਖਾਲਿਸਤਾਨੀ ਸਮਰਥਕ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਵਿਚ ਸ਼ੱਰੇਆਮ ਵਿਚਰ ਰਿਹਾ ਸੀ। ਉਸ ‘ਤੇ ਪੰਜਾਬ ਵਿਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਚਾਰਜ ਵੀ ਲੱਗਾ ਹੋਇਆ ਸੀ। ਭਾਰਤ ਸਰਕਾਰ ਨੇ ਕਿਹਾ ਕਿ ਜੇ ਕੈਨੇਡਾ ਤਲਵਿੰਦਰ ਸਿੰਘ ਪਰਮਾਰ ਨੂੰ ਫੜ ਕੇ ਸਾਡੇ ਹਵਾਲੇ ਕਰੇ ਤਾਂ ਅਸੀਂ ਵੀ ਸਮਰੇ ਨੂੰ ਗ੍ਰਿਫਤਾਰ ਕਰਦਿਆਂ ਕੈਨੇਡਾ ਨੂੰ ਸੌਂਪ ਦੇਵਾਂਗੇ। ਕੈਨੇਡਾ ਨੇ ਇਹ ਮੰਗ ਠੁਕਰਾ ਦਿੱਤੀ। ਨਾਲ ਹੀ ਕੈਨੇਡੀਅਨ ਸਰਕਾਰ ਦਾ ਇਹ ਖਦਸ਼ਾ ਪੱਕਾ ਹੋ ਗਿਆ ਕਿ ਕੁਲਦੀਪ ਸਿੰਘ ਸਮਰਾ ਅਸਲ ਵਿਚ ਭਾਰਤੀ ਅੰਬੈਸੀ ਦੇ ਕਿਸੇ ਲੁਕਵੇਂ ਏਜੰਡੇ ਦਾ ਹਿੱਸਾ ਸੀ। ਸਮਰਾ ਉਦੋਂ ਤੱਕ ਪੰਜਾਬ ਵਿਚ ਹੀ ਸੀ। ਫਿਰ ਕੈਨੇਡਾ ਸਰਕਾਰ ਹੌਲੀ-ਹੌਲੀ ਢਿੱਲੀ ਪੈ ਗਈ। ਉਧਰ ਸਮਰੇ ਨੇ ਵੀ ਕੋਈ ਨਵੀਂ ਥਾਂ ਲੱਭ ਲਈ। ਮੁੜ ਕੇ ਕੋਈ ਉਘ-ਸੁਘ ਨਾ ਮਿਲੀ ਕਿ ਦੋ ਕਤਲਾਂ ਦਾ ਦੋਸ਼ੀ ਅਤੇ ਕੈਨੇਡਾ ਸਰਕਾਰ ਦਾ ਭਗੌੜਾ, ਕੁਲਦੀਪ ਸਿੰਘ ਸਮਰਾ ਇਸ ਭਰੀ ਦੁਨੀਆਂ ਵਿਚ ਕਿੱਧਰ ਲੋਪ ਹੋ ਗਿਆ? ਸਮਰਾ ਭਾਵੇਂ ਬਚ ਨਿਕਲਿਆ, ਪਰ ਉਸ ਦੇ ਕਾਰਿਆਂ ਨੇ ਸਿੱਖ ਭਾਈਚਾਰੇ ਨੂੰ ਬਦਨਾਮੀ ਦਿਵਾਈ। ਕੈਨੇਡੀਅਨ ਮੀਡੀਆ ਨੇ ਨਾਂਹ ਪੱਖੀ ਵਤੀਰਾ ਅਪਨਾਉਂਦਿਆਂ ਉਨ੍ਹਾਂ ਨੂੰ ਹਿੰਸਕ ਲੋਕ ਦੱਸਿਆ। ਕੈਨੇਡਾ ਵਿਚ ਹਰ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਅਤੇ ਇਸ ਵਰਤਾਰੇ ਨੇ ਅਗਾਂਹ ਸਿੱਖ ਭਾਈਚਾਰੇ ਨੂੰ ਵੱਡੀ ਢਾਹ ਲਾਈ।