ਉਰਦੂ ਨਾਲ ਮੇਰਾ ਪਿਆਰ ਅਤੇ ਕੈਫੀ ਆਜ਼ਮੀ

ਕਮਲਜੀਤ ਸਿੰਘ ਫਰੀਮਾਂਟ
ਸਾਲ 1966 ਵਿਚ ਮੈਂ ਨੌਵੀਂ ਜਮਾਤ ਦਾ ਵਿਦਿਆਰਥੀ ਸਾਂ। ਸਾਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਦੇ ਦਿੱਤਾ ਗਿਆ। ਵਿਦਿਆਰਥੀਆਂ ਦੇ ਢਿੱਡਾਂ ਵਿਚ ਗੁਦਗੁਦੀਆਂ ਹੋ ਰਹੀਆਂ ਸਨ ਕਿ ਕਿਵੇਂ ਦੋ ਮਹੀਨੇ ਮੌਜਾਂ ਮਸਤੀਆਂ ਕਰਨੀਆਂ ਹਨ! ਕਲਾਸ ਵਿਚ ਬਹੁਤ ਖੱਪ ਪੈ ਰਹੀ ਸੀ। ਛੁੱਟੀ ਹੁੰਦੇ ਸਾਰ ਸਭ ਨੇ ਘਰ ਵੱਲ ਸ਼ੂਟਾਂ ਵੱਟ ਲਈਆਂ।

ਮੇਰਾ ਘਰ ਸਕੂਲ ਤੋਂ ਕੋਈ 5-6 ਕਿਲੋਮੀਟਰ ਦੂਰ ਸੀ। ਮੈਂ ਆਪਣੇ ਸਾਈਕਲ ‘ਤੇ ਸਵਾਰ ਹੁੰਦਿਆਂ ਹੀ ਛੁੱਟੀਆਂ ਦੇ ਕੰਮ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਦੀਆਂ ਸਕੀਮਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਪਿਛੋਂ ਮਨ ਦੀਆਂ ਮੌਜਾਂ ਵੱਧ ਤੋਂ ਵੱਧ ਕੀਤੀਆਂ ਜਾ ਸਕਣ।
ਮੇਰੇ ਬਾਬਾ ਜੀ ਉਰਦੂ ਸ਼ਿਅਰੋ-ਸ਼ਾਇਰੀ ਦੇ ਬੜੇ ਸ਼ੌਕੀਨ ਸਨ। ਮੇਰਾ ਅਤੇ ਉਨ੍ਹਾਂ ਦਾ ਸਾਥ ਦੋਸਤਾਂ ਜਿਹਾ ਸੀ। ਮੈਂ ਹਰ ਵਕਤ ਉਨ੍ਹਾਂ ਦੇ ਅੱਗੇ-ਪਿੱਛੇ ਹੀ ਰਹਿੰਦਾ ਹੁੰਦਾ ਸਾਂ ਅਤੇ ਉਹ ਬੁਢਾਪੇ ਕਾਰਨ ਘੱਟ-ਵੱਧ ਹੀ ਘਰੋਂ ਬਾਹਰ ਜਾਂਦੇ ਹੁੰਦੇ ਸਨ। ਉਨ੍ਹਾਂ ਦੀ ਲਾਇਬਰੇਰੀ ਵਿਚ ਗਾਲਿਬ, ਇਕਬਾਲ ਤੋਂ ਇਲਾਵਾ ਸੌਦਾ, ਮੀਰ ਤਕੀ ਮੀਰ, ਜ਼ੌਕ ਅਤੇ ਹੋਰ ਦਰਜਨਾਂ ਉਰਦੂ ਸ਼ਾਇਰਾਂ ਦੇ ਦੀਵਾਨ ਜਾਂ ਉਨ੍ਹਾਂ ਦੇ ਕਲਾਮ ਸਨ। ਜਦ ਵੀ ਉਹ ਆਪਣੇ ਕਮਰੇ ਤੋਂ ਬਾਹਰ ਬੈਠੇ ਹੁੰਦੇ ਤਾਂ ਉਨ੍ਹਾਂ ਨੂੰ ਕਿਸੇ ਸ਼ਾਇਰ ਦੀ ਯਾਦ ਆ ਜਾਂਦੀ ਤਾਂ ਮੈਂ ਜਿਲਦ ਦੇ ਬਾਹਰ ਲੱਗੀ ਤਸਵੀਰ ਤੋਂ ਪਛਾਣ ਕੇ ਉਨ੍ਹਾਂ ਨੂੰ ਲੋੜੀਦਾ ਦੀਵਾਨ ਫੜਾ ਦਿੰਦਾ।
ਮੈਂ ਛੁੱਟੀਆਂ ਦੇ ਕੰਮ ਨੂੰ ਉਨ੍ਹਾਂ ਦੀ ਨਿਗਰਾਨੀ ਵਿਚ 20 ਕੁ ਦਿਨਾਂ ਵਿਚ ਮੁਕਾ ਲਿਆ। ਮੇਰੀ ਤਮੰਨਾ ਸੀ ਕਿ ਮੈਂ ਬਾਕੀ ਦੀਆਂ ਛੁੱਟੀਆਂ ਆਪਣੇ ਨਾਨਕੇ ਗੁਜ਼ਾਰ ਕੇ ਆਵਾਂ। ਜਦ ਮੈਂ ਆਪਣੀ ਇਹ ਖਾਹਿਸ਼ ਆਪਣੇ ਬਾਬਾ ਜੀ ਨੂੰ ਦੱਸੀ ਤਾਂ ਉਹ ਕਹਿਣ ਲੱਗੇ, “ਕਾਕਾ, ਤੇਰੇ ਨਾਨਕੇ ਨਾ ਬਿਜਲੀ ਹੈ, ਨਾ ਹੀ ਬਿਜਲੀ ਦਾ ਪੱਖਾ ਅਤੇ ਨਾ ਹੀ ਰੇਡੀਓ। ਤੂੰ ਉਥੇ ਕਿਵੇਂ ਮੌਜ ਕਰੇਂਗਾ।” ਗੱਲ ਵੀ ਠੀਕ ਸੀ, ਇਹ ਸਹੂਲਤਾਂ ਸਾਡੇ ਘਰ ਵਿਚ ਮੌਜੂਦ ਸਨ। ਮੈਨੂੰ ਉਨ੍ਹਾਂ ਦੀ ਇਹ ਗੱਲ ਪਸੰਦ ਆ ਗਈ ਅਤੇ ਮੈਂ ਪੁੱਛਿਆ, “ਫਿਰ ਦੱਸੋ ਬਾਬਾ ਜੀ, ਮੈਂ ਹੁਣ ਕੀ ਕਰਾਂ?” ਉਹ ਕਹਿਣ ਲੱਗੇ, “ਤੂੰ ਮੇਰੇ ਪਾਸੋਂ ਉਰਦੂ ਸਿੱਖ ਲੈ।” ਮੈਂ ਝੱਟ ‘ਹਾਂ’ ਕਰ ਦਿੱਤੀ। ਉਰਦੂ ਦੀ ਲਿਖਾਈ ਸਿਖਣ ਦਾ ਸਮਾਨ ਤਖਤੀ, ਪੀਲੀ ਮਿੱਟੀ ਅਤੇ ਰੋਸ਼ਨਾਈ (ਕਾਲੀ ਸਿਆਹੀ) ਅਗਲੇ ਦਿਨ ਹੀ ਮੈਂ ਲੈ ਆਇਆ। ਉਰਦੂ ਲਿਖਣ ਵਾਲੀ ਕਲਮ ਜੋ ਕਾਨੇ ਤੋਂ ਘੜ ਕੇ ਤਿਆਰ ਕੀਤੀ ਜਾਂਦੀ ਸੀ, ਉਹ ਬਾਬਾ ਜੀ ਨੇ ਘੜ ਦਿੱਤੀ। ਉਰਦੂ ਲਿਖਣ ਵਾਲੀ ਕਲਮ ਨੂੰ ਕੱਟਣ ਦਾ ਇਕ ਖਾਸ ਢੰਗ ਹੁੰਦਾ ਹੈ। ਇਸ ਦੀ ਕਾਟ ਦਾ ਕੋਣ ਟੇਡਾ ਅਤੇ ਹਿੰਦੀ ਦੀ ਕਲਮ ਦੇ ਉਲਟ ਹੁੰਦਾ ਹੈ। ਕਲਮ ਦੀ ਜੀਭੀ ਦੇ ਦਰਮਿਆਨ ਚਾਕੂ ਖੁਭੋ ਕੇ ਉਸ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਨਰਮ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਰੋਸ਼ਨਾਈ ਨੂੰ ਚੁੱਕਦੀ ਰਹੇ।
ਇਸ ਤਰ੍ਹਾਂ ਮੇਰਾ ਉਰਦੂ ਸਿੱਖਣ ਦਾ ਅਮਲ ਸ਼ੁਰੂ ਹੋ ਗਿਆ। ਉਰਦੂ ਦਾ ਕਾਇਦਾ ਵੀ ਮੈਂ ਲੈ ਆਇਆ ਤੇ ਆਪਣੇ ਬਾਬਾ ਜੀ ਦੀ ਨਿਗਰਾਨੀ ਵਿਚ ਮੈਂ ਇਕ ਮਹੀਨੇ ਵਿਚ ਹੀ ਉਰਦੂ ਦੀ ਇਬਾਰਤ ਉਠਾਲਣ ਲੱਗ ਪਿਆ।
ਇਕ ਦਿਨ ਮੈਂ ਪਿੰਡ ਦੇ ਡਾਕਖਾਨੇ ਵਿਚੋਂ ਇਕ ਆਨੇ ਵਾਲਾ ਕਾਰਡ ਲੈ ਕੇ ਉਰਦੂ ਵਿਚ ਲਿਖ ਕੇ ਆਪਣੇ ਬਾਬਾ ਜੀ ਦੇ ਨਾਮ ਰਸਾਲ ਕਰ ਆਇਆ। ਜਦ ਇਹ ਕਾਰਡ ਅਗਲੇ ਦਿਨ ਘਰ ਪਹੁੰਚਿਆ ਤਾਂ ਮੇਰੇ ਬਾਬਾ ਜੀ ਬਹੁਤ ਖੁਸ਼ ਅਤੇ ਹੈਰਾਨ ਵੀ ਹੋਏ। ਉਸ ਉਪਰੰਤ ਘਰ ਲੱਗੀ ਉਰਦੂ ਦੀ ਅਖਬਾਰ ‘ਪ੍ਰਤਾਪ’ ਜਾਂ ‘ਹਿੰਦ ਸਮਾਚਾਰ’ ਦੀਆਂ ਸੁਰਖੀਆਂ ਪੜ੍ਹਨ ਲੱਗ ਪਿਆ। ਘਰ ਵਿਚ ਅਦਬੀ ਮਾਹੌਲ ਹੋਣ ਕਰ ਕੇ ਮੇਰਾ ਉਰਦੂ ਨਾਲ ਪਿਆਰ ਵਧਦਾ ਗਿਆ। ਬਾਬਾ ਜੀ ਦੇ ਦੋਸਤ ਕਦੇ-ਕਦੇ ਅਦਬੀ ਮਹਿਫਿਲਾਂ ਕਰਦੇ ਸਨ, ਮੈਂ ਵੀ ਉਨ੍ਹਾਂ ਨੂੰ ਸੁਣ ਕੇ ਉਰਦੂ ਸ਼ਾਇਰੀ ਵਲ ਖਿੱਚੀਂਦਾ ਚਲਾ ਗਿਆ।
ਬਾਬਾ ਜੀ 1968 ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਪਰ ਮੈਨੂੰ ਉਹ ਅਦਬ, ਅਦਾਬ ਦਾ ਅਨਮੋਲ ਖਜਾਨਾ ਅਤੇ ਤਾ-ਜ਼ਿੰਦਗੀ ਰਹਿਣ ਵਾਲੀ ਰੂਹ ਦੀ ਖੁਰਾਕ ਦੇ ਗਏ।
ਸੰਨ 2000 ਦੇ ਜਨਵਰੀ ਮਹੀਨੇ ਹੁਸ਼ਿਆਰਪੁਰ ਵਿਚ ਉਰਦੂ ਸ਼ਾਇਰ ਫਿਰਾਕ ਗੋਰਖਪੁਰੀ (ਰਘੁਪਤੀ ਸਹਾਏ) ਦੀ ਯਾਦ ਵਿਚ ਮੁਸ਼ਾਇਰਾ ਹੋ ਰਿਹਾ ਸੀ। ਇਹ ਮੁਸ਼ਾਇਰਾ ਫਿਰਾਕ ਗੋਰਖਪੁਰੀ ਦੇ ਭਾਣਜੇ ਕੇ. ਕੇ. ਸ੍ਰੀਵਾਸਤਵਾ (ਆਈ. ਏ. ਐਸ਼, ਕਮਿਸ਼ਨਰ ਜਲੰਧਰ ਡਿਵੀਜ਼ਨ) ਨੇ ਮੁਨੱਕਦ ਕਰਵਾਇਆ ਸੀ। ਸਰਵਿਸਿਜ਼ ਕਲੱਬ ਦੇ ਬਾਹਰ ਲੱਗਾ ਬੈਨਰ ਦੇਖ ਕੇ ਮੈਂ ਵੀ ਮੁਸ਼ਾਇਰੇ ਵਿਚ ਸ਼ਾਮਲ ਹੋ ਗਿਆ। ਜਿਥੇ ਡਿਵੀਜ਼ਨਲ ਕਮਿਸ਼ਨਰ ਹਾਜ਼ਰ ਹੋਵੇ, ਉਸ ਮਹਿਫਿਲ ਵਿਚ ਡੀ. ਸੀ. ਜਾਂ ਹੋਰ ਵੱਡੇ-ਵੱਡੇ ਅਫਸਰਾਂ ਦਾ ਮੌਜੂਦ ਹੋਣਾ ਕੁਦਰਤੀ ਹੀ ਸੀ। ਅਫਸਰਾਂ ਤੋਂ ਇਲਾਵਾ ਉਰਦੂ ਜਾਣਨ ਵਾਲੇ ਜੋ ਉਸ ਵਕਤ 70ਵਿਆਂ ਵਿਚ ਹੋਣਗੇ, ਕਾਫੀ ਤਾਦਾਦ ਵਿਚ ਮੌਜੂਦ ਸਨ। ਆਪਣੀ ਉਮਰ ਦਾ ਖਿਆਲ ਕਰਦਿਆਂ ਮੈਂ ਪੰਡਾਲ ਦੇ ਅਖੀਰ ਵਿਚ ਜਾ ਬੈਠਾ। ਮੈਂ ਉਸ ਵਕਤ ਨੀਲੀ ਪੱਗ ਬੰਨ੍ਹੀ ਹੋਈ ਸੀ, ਜੋ ਮੇਰੀ ਕਾਲੀ ਦਾੜ੍ਹੀ ਅਤੇ ਨੀਲੇ ਬਲੇਜ਼ਰ ਨਾਲ ਬਹੁਤ ਫਬਦੀ ਸੀ।
ਸਟੇਜ ‘ਤੇ ਮਿਸਟਰ ਸ੍ਰੀਵਾਸਤਵਾ ਤੋਂ ਇਲਾਵਾ ਉਸ ਸਮੇਂ ਦੇ ਨਾਮੀ ਅਦੀਬ, ਸ਼ਾਇਰ ਪ੍ਰੇਮ ਕੁਮਾਰ ਨਜ਼ਰ, ਤਸਨੀਮ, ਬਸ਼ੀਰ ਬਦਰ, ਗੋਪੀ ਚੰਦ ਨਾਰੰਗ ਅਤੇ ਹੋਰ ਕਈ ਨਾਮਵਰ ਹਸਤੀਆਂ ਮੌਜੂਦ ਸਨ।
ਇਸ ਮੁਸ਼ਾਇਰੇ ਦੀ ਸਦਾਰਤ ਉਰਦੂ ਅਦਬ ਦੀ ਨਾਮਵਰ ਹਸਤੀ ਕੈਫੀ ਆਜ਼ਮੀ (ਅਦਾਕਾਰਾ ਸ਼ਬਾਨਾ ਆਜ਼ਮੀ ਦੇ ਅੱਬਾ) ਕਰ ਰਹੇ ਸਨ ਅਤੇ ਸਟੇਜ ਸੈਕਟਰੀ ਸਨ, ਜਨਾਬ ਪ੍ਰੇਮ ਕੁਮਾਰ ਨਜ਼ਰ।
ਸ਼ਮਾਂ ਜਲਾ ਕੇ ਕੈਫੀ ਆਜ਼ਮੀ ਨੇ ਮੁਸ਼ਾਇਰੇ ਦਾ ਆਗਾਜ਼ ਕਰਵਾਇਆ। ਪਹਿਲੇ ਦੌਰ ਪਿਛੋਂ ਵਕਫੇ ਦੌਰਾਨ ਚਾਹ-ਪਾਣੀ ਦਾ ਇੰਤਜ਼ਾਮ ਸੀ। ਮੁੜ ਕੇ ਜਦ ਸਭ ਲੋਕ ਆਪੋ-ਆਪਣੀਆਂ ਸੀਟਾਂ ‘ਤੇ ਬੈਠ ਗਏ ਤਾਂ ਮੈਂ ਵੀ ਆਖਰੀ ਕੁਰਸੀਆਂ ਦੀ ਲਾਈਨ ‘ਤੇ ਜਾ ਬੈਠਾ। ਅਗਲਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਜਨਾਬ ਸ੍ਰੀਵਾਸਤਵਾ ਮੇਰੇ ਪਾਸ ਆ ਕੇ ਪੁੱਛਣ ਲੱਗੇ, “ਸਰਦਾਰ ਸਾਹਿਬ, ਆਪਕੋ ਉਰਦੂ ਕਾ ਸ਼ੌਕ ਕੈਸੇ ਹੋ ਗਿਆ? ਆਪ ਕੇ ਵਕਤੋਂ ਮੇਂ ਤੋਂ ਪੰਜਾਬ ਮੇਂ ਉਰਦੂ ਕੀ ਤਾਲੀਮ ਬੰਦ ਹੋ ਗਈ ਥੀ।”
ਮੈਂ ਜਵਾਬ ਦਿੱਤਾ, “ਬੱਸ ਮੇਰੇ ਦਾਦਾ ਜੀ ਕੀ ਨੇਅਮਤ ਹੈ। ਤਦ ਉਨ੍ਹਾਂ ਮੈਨੂੰ ਆਪਣੀ ਬਗਲ ਵਿਚ ਲਿਆ ਤੇ ਧੁਰ ਸਟੇਜ ਉਪਰ ਲੈ ਗਏ ਅਤੇ ਮੇਰਾ ਤੁਆਰਫ ਕੈਫੀ ਆਜ਼ਮੀ ਤੇ ਜਨਾਬ ਪ੍ਰੇਮ ਕੁਮਾਰ ਨਜ਼ਰ ਨਾਲ ਕਰਵਾਇਆ। ਮੈਂ ਝੁਕ ਕੇ ਜਨਾਬ ਪ੍ਰੇਮ ਕੁਮਾਰ ਨਜ਼ਰ ਦੇ ਗੋਡਿਆਂ ਨੂੰ ਹੱਥ ਲਾਇਆ ਤਾਂ ਉਨ੍ਹਾਂ ਨੇ ਵੀ ਮੈਥੋਂ ਪੁਛਿਆ, “ਉਰਦੂ ਦਾ ਸ਼ੌਕ ਕਿਵੇਂ ਹੋਇਆ?” ਜਦ ਮੈਂ ਦੱਸਿਆ ਕਿ ਮੈਂ ਉਰਦੂ ਆਪਣੇ ਬਾਬਾ ਜੀ ਤੋਂ ਸਿੱਖਿਆ ਹੈ ਤਾਂ ਉਨ੍ਹਾਂ ਨੇ ਮੈਨੂੰ ਦਰੁਸਤ ਕੀਤਾ ਕਿ ਉਰਦੂ ਸੀਖੀ ਜਾਤੀ ਹੈ, ਸਬੱਬ ਨਾਲ ਜਨਾਬ ਪ੍ਰੇਮ ਕੁਮਾਰ ਨਜ਼ਰ ਸਕੂਲ ਵਿਚ ਮੇਰੇ ਅਧਿਆਪਕ ਵੀ ਰਹਿ ਚੁਕੇ ਸਨ।
ਮੁਸ਼ਾਇਰਾ ਦੋ ਦਿਨ ਚੱਲਿਆ ਅਤੇ ਮੈਨੂੰ ਦੋਨੋਂ ਦਿਨ ਉਰਦੂ ਅਦਬ ਦੀਆਂ ਇਨ੍ਹਾਂ ਵੱਡੀਆਂ ਸ਼ਖਸੀਅਤਾਂ ਨਾਲ ਬੈਠਣ ਦੀ ਖੁਸ਼ਕਿਸਮਤੀ ਹਾਸਲ ਹੋ ਗਈ।
ਮੁਸ਼ਾਇਰੇ ਦੀ ਆਖਰੀ ਸ਼ਬ (ਰਾਤ) ਨੂੰ ਮੈਨੂੰ ਚਿੱਟੇ ਪਸ਼ਮੀਨੇ ਦੀ ਲੋਈ ਅਤੇ ਹਾਥੀ ਦੰਦ ਨਾਲ ਖੁਦਾਈ ਨਾਲ ਬਣਾਈ ਫਿਰਾਕ ਗੋਰਖਪੁਰੀ ਦੀ ਤਸਵੀਰ ਦੀ ਪਲੇਕ ਨਾਲ ਨਿਵਾਜਿਆ ਗਿਆ। ਮੈਂ ਜਿਵੇਂ ਜਨਾਬ ਕੈਫੀ ਆਜ਼ਮੀ ਦਾ ਸ਼ੁਕਰੀਆ ਅਦਾ ਕਰ ਰਿਹਾ ਸਾਂ, ਉਵੇਂ ਹੀ ਆਪਣੇ ਬਾਬਾ ਜੀ ਨੂੰ ਨਮਸਕਾਰ ਕਰ ਰਿਹਾ ਸਾਂ।