ਸਿੱਖ ਬੁਧੀਜੀਵੀਆਂ ਵਿਚ ਪ੍ਰਭਸ਼ਰਨ-ਭਰਾਵਾਂ ਦਾ ਸਥਾਨ ਅਤੇ ਮਹੱਤਤਾ

ਪਿਛਲੇ ਕੁਝ ਸਮੇਂ ਤੋਂ ਪ੍ਰਭਸ਼ਰਨਦੀਪ ਸਿੰਘ ਅਤੇ ਪ੍ਰਭਸ਼ਰਨਬੀਰ ਸਿੰਘ ਸਿੱਖ ਹਲਕਿਆਂ ਅੰਦਰ ਆਪਣੀ ਗੰਭੀਰ ਹਾਜ਼ਰੀ ਲੁਆ ਰਹੇ ਹਨ। ਕਈਆਂ ਨੂੰ ਭਾਵੇਂ ਇਹ ਲੱਗ ਸਕਦਾ ਹੈ ਕਿ ਕਈ ਵਾਰ ਉਹ ਬਹਿਸ ਨੂੰ ਸਿਰਫ ਆਪਣੇ ਆਲੇ-ਦੁਆਲੇ ਤੱਕ ਹੀ ਸੀਮਤ ਕਰ ਲੈਂਦੇ ਹਨ, ਪਰ ਇਕ ਤੱਥ ਸਾਫ ਤੇ ਸਪਸ਼ਟ ਹੈ ਕਿ ਉਹ ਅਜਿਹੇ ਮੁੱਦਿਆਂ ਅਤੇ ਮਸਲਿਆਂ ਦੀ ਨਿਸ਼ਾਨਦੇਹੀ ਜ਼ਰੂਰ ਕਰ ਜਾਂਦੇ ਹਨ, ਜੋ ਸਮੇਂ ਦੇ ਹਾਣ ਮੁਤਾਬਿਕ ਬਹਿਸ ਅੰਦਰ ਸ਼ਾਮਿਲ ਹੋਣੇ ਬਹੁਤ ਜ਼ਰੂਰੀ ਹੁੰਦੇ ਹਨ।

ਅੱਜ ਕੱਲ੍ਹ ਉਹ ਸਿੱਖ ਵਿਦਵਾਨ ਅਜਮੇਰ ਸਿੰਘ ਦੇ ਖਿਆਲਾਂ ਨੂੰ ਭਰਵੀਂ ਚੁਣੌਤੀ ਦੇ ਰਹੇ ਹਨ ਅਤੇ ਉਨ੍ਹਾਂ ਕੋਲੋਂ ਜਾਂ ਉਨ੍ਹਾਂ ਦੇ ਸਮਰਥਕਾਂ ਕੋਲੋਂ ਜਵਾਬ ਮੰਗ ਰਹੇ ਹਨ। ਬਹਿਸ ਅਰੰਭ ਕਰਨ ਦਾ ਇਹ ਵੀ ਇਕ ਰੂਪ ਹੈ। ਇਨ੍ਹਾਂ ਦੋਹਾਂ ਭਰਾਵਾਂ ਦੀ ਇਸੇ ਵਿਲੱਖਣਤਾ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਇਹ ਲਿਖਤ ਭੇਜੀ ਹੈ, ਜੋ ਅਸੀਂ ਛਾਪਣ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: +91-99150-91063

ਹਾਲ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਪ੍ਰਭਸ਼ਰਨਦੀਪ ਸਿੰਘ ਨੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵਿਚ ਸਰਦਾਰ ਦਲਬੀਰ ਸਿੰਘ ਅਤੇ ਸਾਥੀਆਂ ਦੇ ਰੋਲ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ, ਜਿਸ ਉਤੇ ਕਾਫੀ ਲੰਮੀ ਚੌੜੀ ਬਹਿਸ ਹੋਈ। ਇਸ ਬਹਿਸ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਅਤੇ ਗੁਰਬਚਨ ਸਿੰਘ ਦੇਸ ਪੰਜਾਬ ਵੀ ਸ਼ਾਮਲ ਹੋਏ। ਬਹੁਤੇ ਸੱਜਣ ਜੋ ਉਸ ਦੌਰ ਵਿਚ ਉਮਰ ਵਿਚ ਛੋਟੇ ਸਨ ਪਰ ਹੁਣ ਧੜਿਆਂ ਨਾਲ ਮੋਹ ਪਾਲਦੇ ਹਨ ਲੇਕਿਨ ਉਨ੍ਹਾਂ ਦੀਆਂ ਟਿੱਪਣੀਆਂ ਵਿਚ ਉਸ ਦੌਰ ਨੂੰ ਜਾਨਣ ਦੀ ਇੱਛਾ ਵਿਚ ਨਿਰਪੱਖਤਾ ਤੇ ਜਗਿਆਸਾ ਘੱਟ ਅਤੇ ਹਰ ਹਾਲਤ ਵਿਚ ਧੜੇ ਨਾਲ ਹੀ ਖਲੋਣ ਦੀ ਪੈਰਵੀ ਕਰਦਿਆਂ ਉਨ੍ਹਾਂ ਦੀਆਂ ਦਲੀਲਾਂ ਦੀ ਉਡਾਨ ਭਰਪੂਰ ਅਤੇ ਸਰਬ ਪੱਖੀ ਨਹੀਂ ਸੀ।
ਪ੍ਰਭਸ਼ਰਨਦੀਪ ਸਿੰਘ ਦੀ ਪੋਸਟ ਵਿਚ ਸ਼ ਅਜਮੇਰ ਸਿੰਘ ਦੇ ਰੋਲ ਦਾ ਵੀ ਜ਼ਿਕਰ ਆਇਆ। ਜਦੋਂ ਵੀ ਇਸ ਦੌਰ ਜਾਂ ਪ੍ਰਭੂਤਾ ਸੰਪਨ ਸਿੱਖ ਸਟੇਟ ਬਾਰੇ ਬਹਿਸ ਚਲਦੀ ਹੈ ਤਾਂ ਮਿਹਣਿਆਂ ਕੁਮਿਹਣਿਆਂ ਦਾ ਰਸਤਾ ਅਖਤਿਆਰ ਕਰਦੀ ਹੋਈ ਬਹਿਸ ਨੂੰ ਕੜਿਤਣ ਦਾ ਰੰਗ ਦੇ ਕੇ ਖਤਮ ਹੋ ਜਾਂਦੀ ਹੈ। ਇਹ ਸਾਡੇ ਸਮਿਆਂ ਦਾ ਕੌੜਾ ਸੱਚ ਹੈ।
ਪਰ ਇਸ ਬਹਿਸ ਨਾਲ ਮੇਰੇ ਸਾਹਮਣੇ ਵੀ ਉਹ ਦੌਰ ਸਾਕਾਰ ਹੋ ਗਿਆ ਜਿਸ ਦਾ ਸਬੰਧ ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਤੁਰਤ ਪਿੱਛੋਂ ਵਾਪਰੀਆਂ ਕੁਝ ਅਹਿਮ ਘਟਨਾਵਾਂ ਅਤੇ ਵਰਤਾਰਿਆਂ ਨਾਲ ਹੈ। ਇਸ ਦੌਰ ਨੂੰ ਮੈਂ ਵੀ ਕਦੇ ਬਹੁਤ ਨੇੜੇ ਰਹਿ ਕੇ, ਕਦੇ ਦੂਰ ਰਹਿ ਕੇ ਵੇਖਿਆ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੇਰੇ ਲਈ ਇਸ ਦੌਰ ਨੂੰ ਸਮਝਣਾ ਕੋਈ ਬਹੁਤਾ ਔਖਾ ਵੀ ਨਹੀਂ ਸੀ ਕਿਉਂਕਿ ਜੂਨ-84 ਦੇ ਸਾਕੇ ਤੋਂ ਪਹਿਲਾਂ ਧਰਮ ਯੁੱਧ ਦੀਆਂ ਵਿਸ਼ੇਸ਼ ਘਟਨਾਵਾਂ ਨੂੰ ਵੀ ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰ ਵਜੋਂ ਕਵਰ ਕਰਦਾ ਰਿਹਾ ਹਾਂ ਅਤੇ ਧਰਮ ਯੁਧ ਵਿਚ ਸੰਤ ਜਰਨੈਲ ਸਿੰਘ ਦੀ ਚੜ੍ਹਤ ਦੇ ਕਾਰਨ ਵੀ ਮੇਰੇ ਵਿਸ਼ਲੇਸ਼ਣ ਦਾ ਆਧਾਰ ਬਣਦੇ ਰਹੇ ਹਨ। ਉਸ ਤੋਂ ਵੀ ਪਹਿਲਾਂ 1978 ਦੀ ਖੂਨੀ ਵਿਸਾਖੀ ਦਾ ਵਰਤਾਰਾ ਵੀ ਮੈਂ ਵੇਖਿਆ ਕਿਉਂਕਿ ਮੈਂ ਉਸ ਸਮੇਂ ਅੰਮ੍ਰਿਤਸਰ ਵਿਖੇ ਦੂਰਦਰਸ਼ਨ ਵਿਚ ਨਿਊਜ ਸੈਕਸ਼ਨ ਵਿਚ ਕੰਮ ਕਰਦਾ ਸੀ ਅਤੇ ਦਲਬੀਰ ਸਿੰਘ ਅੰਮ੍ਰਿਤਸਰ ਤੋਂ ਉਸ ਸਮੇਂ ਟ੍ਰਿਬਿਊਨ ਅਖਬਾਰ ਵਿਚ ਸਟਾਫ ਰਿਪੋਰਟਰ ਸਨ, ਤੇ ਸਾਡੇ ਨਿਊਜ਼ ਸੈਕਸ਼ਨ ਵਿਚ ਖਬਰਾਂ ਦਾ ਤਰਜਮਾ ਕਰਨ ਲਈ ਵੀ ਕਈ ਵਾਰ ਆ ਜਾਂਦੇ ਸਨ।
ਇਸੇ ਨਿਊਜ਼ ਸੈਕਸ਼ਨ ਵਿਚ ਉਹ ਜਦੋਂ ਇੱਕ ਦਿਨ ਸੰਤ ਜਰਨੈਲ ਸਿੰਘ ਦੀ ਲੰਮੀ ਇੰਟਰਵਿਊ ਕਰ ਕੇ ਆਏ ਤਾਂ ਮੇਰੇ ਨਾਲ ਗੱਲਾਂ ਕਰਦਿਆਂ ਉਨ੍ਹਾਂ ਭਵਿੱਖਬਾਣੀ ਕੀਤੀ ਕਿ ਇਹ ਸ਼ਖਸੀਅਤ ਸਿੱਖ ਇਤਿਹਾਸ ਵਿਚ ਕੋਈ ਵੱਡਾ ਰੋਲ ਅਦਾ ਕਰ ਸਕਦੀ ਹੈ।
ਉਸ ਦੀ ਪੇਸ਼ੀਨਗੋਈ ਸੱਚੀ ਹੋਈ।
ਇਤਫਾਕ ਵਸ ਜੂਨ 1984 ਤੋਂ ਪਿੱਛੋਂ ਚੱਲੀ ਹਥਿਆਰਬੰਦ ਜੁਝਾਰੂ ਲਹਿਰ ਦੀ ਚੜ੍ਹਤ ਅਤੇ ਪਤਨ ਨਾਲ ਜੁੜੀਆਂ ਕਈ ਇਤਿਹਾਸਕ ਘਟਨਾਵਾਂ ਦਾ ਵੀ ਮੈਂ ਗਵਾਹ ਹਾਂ। ਜੁਝਾਰੂ ਲਹਿਰ ਦੀਆਂ ਅਹਿਮ ਦਸਤਾਵੇਜ਼ਾਂ ਨੂੰ ਲੈ ਕੇ ਜੁਝਾਰੂ ਆਗੂ ਸਰਦਾਰ ਨਰੈਣ ਸਿੰਘ ਚੌੜਾ ਨਾਲ ਰਲ ਕੇ ਵੱਡ ਅਕਾਰੀ ਪੁਸਤਕ ‘ਪੰਥਕ ਦਸਤਾਵੇਜ਼’ ਦੇ ਨਾਂ ਥੱਲੇ ਵੀ ਜਾਰੀ ਕੀਤੀ ਗਈ ਹੈ। ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੇ ਧੁਰ ਅੰਦਰ ਖਾਲਸਾ ਪੰਥ ਲਈ ਦਰਦ, ਪੀੜ ਅਤੇ ਕੁਰਬਾਨੀਆਂ ਨੂੰ ਮੈਂ ਆਪਣੇ ਅੰਦਰ ਵਸਾਇਆ ਹੋਇਆ ਹੈ ਅਤੇ ਇਸ ਦੌਰ ਬਾਰੇ ਦਰਜਨਾਂ ਲੇਖ ਲਿਖੇ ਹਨ। ਸੱਚ ਤਾਂ ਇਹ ਹੈ ਕਿ ਕਈ ਪਾਸਿਆਂ ਤੋਂ ਫੈਲੇ ਹੋਏ ਇਸ ਇਤਿਹਾਸਕ ਦੌਰ ਦਾ ਬਹੁਤ ਭਰੋਸੇਯੋਗ ਅਤੇ ਨਿਰਪੱਖ ਕਿਸਮ ਦੇ ਵਿਸ਼ਲੇਸ਼ਣ ਦੀ ਅਜੇ ਵੀ ਉਡੀਕ ਬਣੀ ਹੋਈ ਹੈ।
ਲੇਕਿਨ ਹੁਣ ਜਦੋਂ ਪ੍ਰਭਸ਼ਰਨ-ਭਰਾ ਡਟ ਕੇ ਵੱਖਰੇ ਮੰਚ ‘ਤੇ ਖੜ੍ਹੇ ਨਜ਼ਰ ਆਉਂਦੇ ਹਨ ਤਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਉਹ ਵਿਚਾਰ ਤੇ ਵਿਹਾਰ ਪੱਖੋਂ ਆਪਣੇ ਸਮਕਾਲੀ ਵਿਦਵਾਨਾਂ ਨਾਲੋਂ ਕਿੰਨੇ ਕੁ ਵੱਖਰੇ ਅਤੇ ਵਿਸ਼ੇਸ਼ ਹਨ। ਦੂਜੇ ਸ਼ਬਦਾਂ ਵਿਚ ਦਲਬੀਰ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ ਦੇਸ ਪੰਜਾਬ, ਡਾ. ਗੁਰਭਗਤ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਦੇ ਵਿਚਾਰਾਂ, ਝੁਕਾਵਾਂ ਅਤੇ ਪਹੁੰਚ ਨਾਲ ਕਿੱਥੇ-ਕਿੱਥੇ ਮਿਲਦੇ ਤੇ ਕਿੱਥੇ ਟਕਰਾਉਂਦੇ ਹਨ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਦਰਬਾਰ ਸਾਹਿਬ ਦੇ ਸਾਕੇ ਕਾਰਨ ਉਨ੍ਹਾਂ ਦਿਨਾਂ ਵਿਚ ਹੋਰਨਾਂ ਅਨੇਕ ਲੋਕਾਂ ਵਾਂਗ ਬਹੁਤ ਉਦਾਸ ਹਾਲਤ ਵਿਚ ਵਿਚਰ ਰਹੇ ਸਨ ਪਰ ਉਂਜ ਅਜੇ ਮਾਰਕਸਵਾਦ ਦੇ ਜਾਲ ਵਿਚ ਰਹਿ ਕੇ ਹੀ ਸਿੱਖਾਂ ਦਾ ਭਵਿਖ ‘ਰੌਸ਼ਨ’ ਕਰਨਾ ਚਾਹੁੰਦੇ ਸਨ। ਹਾਲ ਵਿਚ ਹੀ ਉਨ੍ਹਾਂ ਦੀ ਇੱਕ ਇੰਟਰਵਿਊ ਇਸੇ ਤਰ੍ਹਾਂ ਦੀ ਕੈਦ ਵਿਚ ਰਹਿ ਕੇ ਹੀ ਪੰਜਾਬ ਮਸਲੇ ਨੂੰ ਵੇਖਦੀ ਤੇ ਪਰਖਦੀ ਹੈ। ਵੈਸੇ ਸਿੱਖ ਸਰਗਰਮੀਆਂ ਵਿਚ ਉਹ ਸਿੱਧੇ ਤੌਰ ‘ਤੇ ਘੱਟ ਹੀ ਹਿੱਸਾ ਲੈਂਦੇ ਹਨ ਅਤੇ ਸਿੱਖਾਂ ਦੇ ਅੰਤਰੀਵ ਦਰਦ ਨੂੰ ਉਸ ਸੁਰ ਵਿਚ ਪੇਸ਼ ਨਹੀਂ ਕਰ ਸਕੇ ਜਿਵੇਂ ਸਿੱਖਾਂ ਦੀ ਮੁੱਖ ਧਾਰਾ ਚਾਹੁੰਦੀ ਹੈ।
ਮੈਂ ਇੱਥੇ ਹਰਸਿਮਰਨ ਸਿੰਘ, ਗੁਰਤੇਜ ਸਿੰਘ ਆਈ.ਏ.ਐਸ਼ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਜ਼ਿਕਰ ਇਸ ਕਰ ਕੇ ਨਹੀਂ ਕਰ ਰਿਹਾ ਕਿਉਂਕਿ ਇਨ੍ਹਾਂ ਤਿੰਨਾਂ ਦਾ ਦਰਬਾਰ ਸਾਹਿਬ ਦੇ ਸਾਕੇ ਦੇ ਤੁਰਤ ਪਿੱਛੋਂ ਹੋਈਆਂ ਸਰਗਰਮੀਆਂ ਨਾਲ ਸਬੰਧ ਨਹੀਂ ਸੀ। ਹਰਸਿਮਰਨ ਸਿੰਘ ਜੇਲ੍ਹ ਵਿਚ ਨਜ਼ਰਬੰਦ ਸਨ, ਗੁਰਤੇਜ ਸਿੰਘ ਆਈ.ਏ.ਐਸ਼ ਰੂਪੋਸ਼ ਸਨ ਜਦਕਿ ਡਾ. ਗੁਰਦਰਸ਼ਨ ਸਿੰਘ ਛੇਤੀ ਹੀ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਜਾਣ ਵਿਚ ਸਫਲ ਹੋ ਗਏ। ਵੈਸੇ ਇਨ੍ਹਾਂ ਵਿਦਵਾਨਾਂ ਦੇ ਇਤਿਹਾਸਕ ਰੋਲ ਬਾਰੇ ਵੱਖਰਾ ਅਤੇ ਮਹੱਤਵਪੂਰਨ ਲੇਖ ਮੈਂ ਬਾਅਦ ਵਿਚ ਲਿਖਾਂਗਾ।
ਪ੍ਰਭਸ਼ਰਨ-ਭਰਾਵਾਂ ਬਾਰੇ ਸੰਖੇਪ ਜਾਣਕਾਰੀ ਵੀ ਮੇਰੇ ਇਸ ਲੇਖ ਦਾ ਅਹਿਮ ਹਿੱਸਾ ਬਣਦੀ ਹੈ। ਇਸ ਨਾਲ ਹੋਰਨਾਂ ਵਿਦਵਾਨਾਂ ਨਾਲੋਂ ਉਨ੍ਹਾਂ ਦੀ ਭਿੰਨਤਾ ਅਤੇ ਵਖਰੇਵੇਂ ਦਾ ਵੀ ਪਤਾ ਲੱਗੇਗਾ ਅਤੇ ਚੇਤਨ ਸਰਗਰਮੀ ਦੇ ਨਵੇਂ ਤੇ ਸਿਰਜਣਾਤਮਕ ਦੌਰ ਆਰੰਭ ਹੋਣਗੇ ਤਾਂ ਜੋ ਆਲੋਚਨਾ ਦੀ ਭਾਸ਼ਾ ਵਿਚ ਸ਼ਬਦਾਂ ਨੂੰ ਰੌਲਾ ਪਾਉਣ ਲਈ ਅਤੇ ਰੌਲੇ ਤੱਕ ਹੀ ਸੀਮਤ ਰੱਖਣ ਲਈ ਇਸਤੇਮਾਲ ਨਾ ਕੀਤਾ ਜਾ ਸਕੇ।
ਪ੍ਰਭਸ਼ਰਨਦੀਪ ਸਿੰਘ ਅੰਗਰੇਜ਼ੀ ਵਿਸ਼ੇ ਵਿਚ ਐਮ.ਏ. ਹਨ ਅਤੇ ਲੰਡਨ ਤੋਂ ਵੀ ਉਨ੍ਹਾਂ ਨੇ ਇੱਕ ਹੋਰ ਐਮ.ਏ. (ਧਰਮ) ਕੀਤੀ ਹੋਈ ਹੈ। ਆਕਸਫੋਰਡ ਯੂਨੀਵਰਸਿਟੀ ਵਿਚ ਉਨ੍ਹਾਂ ਨੇ ਆਪਣੇ ਵਿਸ਼ੇ ਬਾਰੇ ਡਾ. ਆਫ ਫਿਲਾਸਫੀ ਦਾ ਥੀਸਸ ਹਾਲ ਵਿਚ ਹੀ ਜਮ੍ਹਾਂ ਕਰਵਾ ਦਿੱਤਾ ਹੈ, ਜਦਕਿ ਛੋਟਾ ਭਰਾ ਪ੍ਰਭਸ਼ਰਨਬੀਰ ਸਿੰਘ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਲੈਕਚਰਾਰ ਹੈ। ਉਸ ਨੇ ਵੀ ਪੀ.ਐਚ.ਡੀ. ਕੀਤੀ ਹੋਈ ਹੈ। ਦੋਵਾਂ ਭਰਾਵਾਂ ਦੀ ਫਿਲਾਸਫੀ ਦੇ ਵਿਸ਼ੇ ਵਿਚ ਖਾਸ ਰੁਚੀ ਹੈ-ਇੱਕ ਅਜਿਹਾ ਵਿਸ਼ਾ ਜਿਸ ਨੂੰ ਸਾਰੇ ਵਿਸ਼ਿਆਂ ਦੀ ਮਾਂ ਕਿਹਾ ਜਾਂਦਾ ਹੈ। ਪ੍ਰਭਸ਼ਰਨਬੀਰ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਫਿਲਾਸਫੀ ਵਿਚ ਪੋਸਟ ਗਰੈਜੂਏਟ ਕਰਨ ਪਿੱਛੋਂ ਹੀ ਕੈਨੇਡਾ ਗਏ। ਪ੍ਰਭਸ਼ਰਨਦੀਪ ਸਿੰਘ ਆਦਰਸ਼ਵਾਦ ਨਾਲ ਜੁੜੇ ਜਰਮਨ ਫਿਲਾਸਫਰ ਹੀਗਲ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ ਜਿਨ੍ਹਾਂ ਨੇ ਸੰਸਾਰ ਨੂੰ ਇਹ ਦੱਸਿਆ ਸੀ ਕਿ ਇਤਿਹਾਸ ਅਤੇ ਵਿਚਾਰਾਂ ਦਾ ਸਫਰ ਥੀਸਸ, ਐਂਟੀਥੀਸਿਸ ਵਿਚੋਂ ਲੰਘਦਾ ਹੋਇਆ ਕਿਵੇਂ ਸਿੰਥੇਥਿਸ ਪੜਾਅ ਉਤੇ ਪਹੁੰਚਦਾ ਹੈ। ਦੂਜੇ ਪਾਸੇ ਪ੍ਰਭਸ਼ਰਨਬੀਰ ਸਿੰਘ ਨੇ ਵੀਹਵੀਂ ਸਦੀ ਦੇ ਪ੍ਰਸਿੱਧ ਫਿਲਾਸਫਰ ਮਾਰਟਨ ਹੈਡੇਗਰ ਦੇ ਦਰਸ਼ਨ ਨੂੰ ਆਪਣੇ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ ਹੋਇਆ ਹੈ ਅਤੇ ਇਸ ਦਿਸ਼ਾ ਵਿਚ ਉਸ ਦਾ ਖੋਜ ਪੱਤਰ ਇਕ ਕੌਮਾਂਤਰੀ ਜਰਨਲ ਵਿਚ ਛਪਣ ਲਈ ਵੀ ਚੁਣਿਆ ਗਿਆ ਹੈ। ਹੈਡੇਗਰ ਕੰਟੀਨੈਂਟਲ ਫਿਲਾਸਫੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਥੰਮ੍ਹ ਮੰਨਿਆ ਜਾ ਰਿਹਾ ਹੈ।
ਦੋਵੇਂ ਭਰਾਵਾਂ ਨੇ ਨਿੱਠ ਕੇ ਅਤੇ ਢੇਰਮ-ਢੇਰ ਪੰਜਾਬੀ ਸਾਹਿਤ ਪੜ੍ਹਿਆ ਹੋਇਆ ਹੈ ਅਤੇ ਖਾਸ ਕਰ ਕੇ ਸਿੱਖ ਇਤਿਹਾਸ, ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸਿਰਦਾਰ ਕਪੂਰ ਸਿੰਘ, ਡਾ. ਗੁਰਭਗਤ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ ਦੇ ਯੋਗਦਾਨ ਬਾਰੇ ਆਪਣਾ ਮੌਲਿਕ ਦ੍ਰਿਸ਼ਟੀਕੋਣ ਬਣਾਇਆ ਹੋਇਆ ਹੈ। ਮੈਂ ਇਹ ਤਾਂ ਅਜੇ ਨਹੀਂ ਕਹਿੰਦਾ ਕਿ ਉਹ ਸੰਸਥਾ ਬਣ ਚੁੱਕੇ ਹਨ, ਫਿਰ ਵੀ ਸਿੱਖ ਮਾਮਲਿਆਂ ਬਾਰੇ ਉਨ੍ਹਾਂ ਦੀ ਚੇਤਨਾ ਬਹੁਪਰਤੀ ਵਿਵੇਕ ਉਤੇ ਆਧਾਰਿਤ ਹੈ ਜਿਸ ਵਿਚ ਮੌਲਿਕਤਾ, ਸੁਤੰਤਰਤਾ ਅਤੇ ਗੰਭੀਰਤਾ ਹੈ। ਖਾਲਸਾ ਪੰਥ ਦੀ ਵਰਤਮਾਨ ਹਾਲਤ ਅਤੇ ਖਾਸ ਕਰ ਕੇ ਰਾਜਨੀਤੀ ਵਿਚ ਆ ਰਹੇ ਉਤਰਾਵਾਂ-ਚੜ੍ਹਾਵਾਂ ਅਤੇ ਪੰਥਕ ਖਿਲਾਅ ਉਤੇ ਵੀ ਉਨ੍ਹਾਂ ਦੀ ਖਾਸ ਨਜ਼ਰ ਰਹਿੰਦੀ ਹੈ।
ਸੰਸਾਰ ਪੱਧਰ ਉਤੇ ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਖੇਤਰਾਂ ਵਿਚ ਆ ਰਹੀਆਂ ਤਬਦੀਲੀਆਂ, ਉਭਰ ਰਹੇ ਨਵੇਂ ਰੁਝਾਨ, ਖਤਰੇ ਅਤੇ ਖਾਸ ਕਰ ਕੇ ਕਰੋਨਾ ਵਰਤਾਰੇ ਦੇ ਬੀਤ ਜਾਣ ਪਿੱਛੋਂ ਮਾਨਵਤਾ ਦੇ ਭਵਿੱਖ ਨੂੰ ਉਹ ੴ ਦੀ ਰੌਸ਼ਨੀ ਵਿਚ ਵੇਖਦੇ ਹਨ। ਇੰਜ ਇੱਕ ਨਿੱਕਾ ਜਿਹਾ ਵਰਤਾਰਾ ਤਾਂ ਵਜੂਦ ਵਿਚ ਆ ਹੀ ਰਿਹਾ ਹੈ ਜਿਸ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ ਪਰ ਇਹ ਸਮਾਂ ਹੀ ਦੱਸੇਗਾ ਕਿ ਉਹ ਇਸ ਵਰਤਾਰੇ ਨੂੰ ਕਿਸ ਗਹਿਰਾਈ ਤੇ ਬੁਲੰਦੀ ਉਤੇ ਲਿਜਾਂਦੇ ਹਨ। ਇਕ ਵੱਡੀ ਜ਼ਿੰਮੇਵਾਰੀ ਤਾਂ ਉਨ੍ਹਾਂ ਉਤੇ ਆ ਹੀ ਗਈ ਹੈ।
ਚਾਰ ਵੱਡੀਆਂ ਘਟਨਾਵਾਂ ਮੇਰੇ ਦਿਲ ਦਿਮਾਗ ਵਿਚ ਵੱਸ ਗਈਆਂ ਹਨ। ਇਹ ਨਿਕਲਣ ਦਾ ਨਾਂ ਹੀ ਨਹੀਂ ਲੈਂਦੀਆਂ। ਇਹ ਘਟਨਾਵਾਂ ਇਤਿਹਾਸ, ਗੁਰਬਾਣੀ ਅਤੇ ਵਿਅਕਤੀਆਂ ਨੂੰ ਅਸਲੋਂ ਹੀ ਨਵੇਂ ਸਿਰਿਓਂ ਵੇਖਣ ਤੇ ਸਮਝਣ ਦਾ ਇਲਾਹੀ ਪੈਗਾਮ ਦਿੰਦੀਆਂ ਹਨ।
ਕਿਹੜੀਆਂ ਹਨ ਇਹ ਘਟਨਾਵਾਂ?
1 ਧਰਮ ਯੁੱਧ ਮੋਰਚਾ
2 ਸੰਤ ਜਰਨੈਲ ਸਿੰਘ
3 ਜੂਨ ਚੁਰਾਸੀ: ਜੰਗ ਸਿੰਘਾਂ ਤੇ ਬਿਪਰਾਂ ਦੀ
4 ਜੁਝਾਰੂ ਲਹਿਰ।
ਵੀਹਵੀਂ ਸਦੀ ਵਿਚ ਹੋਰ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਹਨ ਜੋ ਅਲੌਕਿਕ ਹੋਣ ਦੇ ਵਰਗ ਵਿਚ ਰੱਖੀਆਂ ਜਾ ਸਕਦੀਆਂ ਹਨ। ਅਕਾਲੀਆਂ ਦੇ ਸ਼ਾਂਤਮਈ ਮੋਰਚਿਆਂ ਵਿਚ ਪੰਚਮ ਪਾਤਸ਼ਾਹ ਦੇ ਸ਼ਾਂਤਮਈ ਪੈਗਾਮ ਦੀ ਨੂਰੀ ਬਾਰਿਸ਼, ਗਦਰੀ ਬਾਬਿਆਂ ਤੇ ਬੱਬਰਾਂ ਦੀਆਂ ਸ਼ਹਾਦਤਾਂ ਦੇ ਰੋਸ ਅਤੇ ਉਲਾਂਭਿਆਂ ਦੀਆਂ ਆਵਾਜ਼ਾਂ ਦੀ ਸੱਚਖੰਡ ਤੱਕ ਪਹੁੰਚ ਤੇ ਹਿਲਜੁਲ। ਇਹ ਸਭ ਕਰਾਮਾਤਾਂ ਵਰਗੇ ਇਤਿਹਾਸਕ ਕਾਰਨਾਮੇ ਹੀ ਤਾਂ ਸਨ ਪਰ ਇਉਂ ਲੱਗਦਾ ਹੈ, ਜਿਵੇਂ ਇਨ੍ਹਾਂ ਘਟਨਾਵਾਂ ਦੀਆਂ ਯਾਦਾਂ ਉਪਰੋਕਤ ਚਾਰ ਘਟਨਾਵਾਂ ਵਿਚ ਇੱਕ ਮਿਕ ਹੋ ਗਈਆਂ ਸਨ, ਮੁਕੰਮਲ ਤੌਰ ਤੇ ਰਲ ਮਿਲ ਗਈਆਂ ਸਨ, ਨਵੇਂ ਅਰਥਾਂ ਵਿਚ ਅਗਵਾਈ ਕਰ ਰਹੀਆਂ ਸਨ।
ਇਨ੍ਹਾਂ ਚਾਰ ਘਟਨਾਵਾਂ ਨੇ ਹੀ ਇਹ ਫੈਸਲਾ ਕਰਨਾ ਹੈ ਕਿ ਭਾਰਤੀ ਸਟੇਟ ਨਾਲ ਭਵਿੱਖ ਵਿਚ ਸਾਡੇ ਰਿਸ਼ਤੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ? ਤੇ ਹੁਣ ਇਹ ਕਿਸ ਤਰ੍ਹਾਂ ਦੇ ਹਨ?
ਮੇਰਾ ਇਹ ਗਿਲਾ ਹੈ ਕਿ ਖਾਲਸਾ ਪੰਥ ਦੀਆਂ ਅਸਾਧਾਰਨ ਤੇ ਬੇਪਰਵਾਹ ਕਲਮਾਂ ਨੇ ਉਪਰੋਕਤ ਚਾਰ ਘਟਨਾਵਾਂ ਦੀ ਦਾਸਤਾਨ ਨੂੰ ਅਣਗੌਲਿਆਂ ਕਰ ਰੱਖਿਆ ਹੈ ਜਾਂ ਠੀਕ ਤਰ੍ਹਾਂ ਨਾਲ ਨਹੀਂ ਸਮਝਿਆ, ਜਾਂ ਅਜੇ ਸਮਝਣਾ ਹੈ। ਧਰਮ ਯੁੱਧ ਮੋਰਚੇ ਨੂੰ ਸੰਤ ਜਰਨੈਲ ਸਿੰਘ ਰਾਹੀਂ ਵੇਖਣ ਵਾਲੇ ਨਜ਼ਰੀਏ ਦੀ ਅਜੇ ਤੱਕ ਉਡੀਕ ਕੀਤੀ ਜਾ ਰਹੀ ਹੈ। ਮੇਰੀ ਇਹ ਚੰਗੀ ਕਿਸਮਤ ਹੀ ਸੀ ਕਿ ਮੇਰੇ ਰਿਸ਼ਤੇਦਾਰਾਂ ਦਾ ਘਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੀ ਇਮਾਰਤ ਦੀ ਪਿਛਲੀ ਦੀਵਾਰ ਨਾਲ ਲੱਗਦੀ ਗਲੀ ਵਿਚ ਸੀ ਜਿਸ ਨੂੰ ਬਾਗ ਵਾਲੀ ਗਲੀ ਕਿਹਾ ਜਾਂਦਾ ਸੀ। ਹਰ ਹਫਤੇ ਦਸ ਦਿਨ ਪਿੱਛੋਂ ਪੰਜਾਬੀ ਟ੍ਰਿਬਿਊਨ ਵਿਚੋਂ ਦੋ ਤਿੰਨ ਛੁੱਟੀਆਂ ਲੈ ਕੇ ਮੈਂ ਅੰਮ੍ਰਿਤਸਰ ਵੱਲ ਰਵਾਨਾ ਹੋ ਜਾਂਦਾ ਤੇ ਉਥੇ ਸਾਰਾ ਸਾਰਾ ਦਿਨ ਦਰਬਾਰ ਸਾਹਿਬ ਕੰਪਲੈਕਸ ਵਿਚ ਹੋ ਰਹੀਆਂ ਸਰਗਰਮੀਆਂ ਨੂੰ ਵੱਖ ਵੱਖ ਕੋਨਾਂ ਤੋਂ ਵੇਖਣ ਦੀ ਕੋਸ਼ਿਸ਼ ਕਰਦਾ ਪਰ ਗੱਭਰੂਆਂ ਤੇ ਬੀਬੀਆਂ ਦੇ ਕਦਮਾਂ ਦੀ ਇੱਕੋ ਇੱਕ ਮੰਜ਼ਿਲ ਸੰਤ ਜਰਨੈਲ ਸਿੰਘ ਨੂੰ ਜੀਅ ਭਰ ਕੇ ਦੇਖਣ ਤੇ ਸੁਣਨ ਦੀ ਰੀਝ ਹੁੰਦੀ ਸੀ। ਪਤਾ ਨਹੀਂ, ਤੁਸੀਂ ਮੰਨੋ ਜਾਂ ਨਾ ਮੰਨੋ ਪਰ ਦੂਰਅੰਦੇਸ਼ ਰਾਜਨੀਤੀ ਵਾਲੇ ਲੋਕ ਇਹ ਵੇਖ ਸਕਦੇ ਸਨ ਕਿ ‘ਸੁਕੇ ਪੱਤਿਆਂ’ ਦੇ ਹਾਣੀ ਸੰਤ ਲੌਂਗੋਵਾਲ ਵੱਲ ਜਾ ਰਹੇ ਸਨ ਜਦ ਕਿ ‘ਹਰੀਆਂ ਟਾਹਣੀਆਂ’ ਦੀ ਮੰਜ਼ਿਲ ਸੰਤ ਜਰਨੈਲ ਸਿੰਘ ਦਾ ਰਾਹ ਤੱਕਦੀ ਸੀ। ਦੇਸੀ ਵਿਦੇਸ਼ੀ ਪੱਤਰਕਾਰਾਂ ਦੀਆਂ ਟੋਲੀਆਂ ਵੀ ਜਾਣਦੀਆਂ ਸਨ ਕਿ ਉਨ੍ਹਾਂ ਦੀਆਂ ਖਬਰਾਂ ਦੀ ਪਹਿਲ ਤਾਜ਼ਗੀ ਦੇ ਦਰਸ਼ਨ ਦੀਦਾਰੇ ਵੀ ਗੁਰੂ ਨਾਨਕ ਨਿਵਾਸ ਦੀ ਛੱਤ ਉਤੇ ਹੀ ਹੋਣਗੇ। ਸੰਤ ਜਰਨੈਲ ਸਿੰਘ ਇਸ ਪੰਜਾਬ ਦੀ ਸ਼ਾਹਰਗ ਬਣ ਰਹੇ ਸਨ ਜਿੱਥੇ ਇਹ ਮਹਿਸੂਸ ਹੁੰਦਾ ਸੀ, ਜਿਵੇਂ ਦਰਬਾਰ ਸਾਹਿਬ ਕੰਪਲੈਕਸ ਵਿਚ ਹੋ ਰਹੇ ਇਕੱਠ ਖਾਲਸਾ ਪੰਥ ਦੀਆਂ ਰੀਝਾਂ ਦਾ ਅਨੁਵਾਦ ਹੋਵੇ।
ਮੇਰੀ ਕਲਮ ਏਨੀ ਜਾਨਦਾਰ ਤੇ ਜ਼ੋਰਾਵਰ ਤਾਂ ਨਹੀਂ ਕਿ ਉਹ ਉਸ ਦੌਰ ਦੇ ਭਰਪੂਰ ਨਜ਼ਾਰੇ ਇੰਨ ਬਿੰਨ ਪੇਸ਼ ਕਰ ਸਕੇ ਪਰ ਇਸਲਾਮ ਦੇ ਢਾਡੀ ਤੇ ਰੰਗ ਰੱਤੜੇ ਸ਼ਾਇਰ ਇਕਬਾਲ ਦੀ ਲੰਮੀ ਨਜ਼ਮ ‘ਤਾਲੂਏ ਇਸਲਾਮ’ ਵਿਚਲਾ ਇੱਕ ਸ਼ਿਅਰ ਉਸ ਦੌਰ ਦੇ ਰੂਹਾਨੀ ਦ੍ਰਿਸ਼ ਦੀ ਗਵਾਹੀ ਭਰੇਗਾ ਜੋ ਮੈਂ ਹਰਿੰਦਰ ਸਿੰਘ ਮਹਿਬੂਬ ਦੇ ਮਹਾਂਕਾਵਿ ‘ਇਲਾਹੀ ਨਦਰ ਦੇ ਪੈਂਡੇ’ ਵਿਚੋਂ ਲਿਆ ਹੈ ਅਤੇ ਜੋ ਕੁਝ ਇਸ ਤਰ੍ਹਾਂ ਤੁਹਾਡੀ ਰੂਹ ਨੂੰ ਵੀ ਸਰਸ਼ਾਰ ਕਰ ਦੇਵੇਗਾ:
‘ਸੰਸਾਰ ਵਿਚ ਈਮਾਨ ਦੇ ਰੌਸ਼ਨ ਮੁਨਾਰੇ ਸੂਰਜ ਵਾਂਗ ਜ਼ਿੰਦਾ ਹੁੰਦੇ ਹਨ। ਕਦੇ ਇਸ ਪਾਸੇ ਡੁੱਬ ਕੇ ਉਧਰ ਜਾ ਚੜ੍ਹਦੇ ਹਨ ਅਤੇ ਕਦੇ ਉਧਰ ਡੁੱਬ ਕੇ ਏਧਰ ਵੱਲ ਉਦੈ ਹੁੰਦੇ ਹਨ’।
ਮੰਜੀ ਸਾਹਿਬ ਦੀਵਾਨ ਹਾਲ, ਤੇਜਾ ਸਿੰਘ ਸਮੁੰਦਰੀ ਹਾਲ, ਲੰਗਰ ਦੀ ਇਮਾਰਤ, ਗੁਰੂ ਨਾਨਕ ਨਿਵਾਸ ਅਤੇ ਸਰਾਵਾਂ ਦੀਆਂ ਰੌਣਕਾਂ ਤੋਂ ਇਹੋ ਮਹਿਸੂਸ ਹੁੰਦਾ ਸੀ, ਜਿਵੇਂ ਇਮਾਨ ਦੇ ਰੌਸ਼ਨ ਮੁਨਾਰਿਆਂ ਦਾ ਸੂਰਜ ਇੱਥੇ ਚੜ੍ਹ ਗਿਆ ਹੋਵੇ। ਇਹ ਨਜ਼ਾਰੇ ਦੇਖ ਕੇ ਇਉਂ ਵੀ ਮਹਿਸੂਸ ਹੁੰਦਾ ਸੀ ਕਿ ਜਿਨ੍ਹਾਂ ਬੀਰ ਰਸੀ ਅੰਦਾਜ਼ ਵਿਚ ਫਿਰਦੇ ਗੱਭਰੂਆਂ ਨੂੰ ਅੱਜ ਅਸੀਂ ਵੇਖ ਰਹੇ ਹਾਂ, ਉਹ ਕੱਲ੍ਹ ਨੂੰ ਨਹੀਂ ਰਹਿਣਗੇ। ਦਿਬ ਦ੍ਰਿਸ਼ਟੀ ਵਾਲੇ ਲੋਕਾਂ ਕੋਲ ਇਹ ਸੌਗਾਤ ਹੁੰਦੀ ਹੈ ਕਿ ਉਹ ਯੂਨਾਨੀ ਦੁਖਾਂਤ ਵਰਗੇ ਦ੍ਰਿਸ਼ ਪਹਿਲਾਂ ਹੀ ਦੇਖ ਲੈਂਦੇ ਹਨ ਜਦੋਂ ਅਜੇ ਸ਼ਹਾਦਤਾਂ ਦੀ ਝੜੀ ਲੱਗਣੀ ਹੁੰਦੀ ਹੈ। ਯੂਨਾਨੀ ਦੁਖਾਂਤ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਨਾਇਕ ਬਿਨਾਂ ਕਿਸੇ ਦੁਬਿਧਾ ਤੋਂ ਲਗਾਤਾਰ ਸ਼ਹਾਦਤ ਵੱਲ ਸਫਰ ਕਰਦਾ ਹੈ ਪਰ ਗਿਣਤੀ ਦੇ ਸੂਰਮਿਆਂ ਵਲੋਂ ਜਿਸ ਸਿਦਕ ਦ੍ਰਿੜਤਾ ਅਤੇ ਬਹਾਦਰੀ ਨਾਲ ਜੰਗ ਲੜੀ ਗਈ, ਉਸ ਦਲੇਰੀ ਦੀਆਂ ਅਣਗਿਣਤ ਪਰਤਾਂ ਵੇਖ ਸਕਣ ਵਾਲਾ ਨਜ਼ਰੀਆ ਵੀ ਅਜੇ ਸਾਹਮਣੇ ਨਹੀਂ ਆਇਆ ਅਤੇ ਜੁਝਾਰੂ ਲਹਿਰ ਨੂੰ ਵੇਖਣ ਵਾਲੀਆਂ ਉਨ੍ਹਾਂ ਸੂਖਮ ਨਿਗਾਹਾਂ ਦੀ ਵੀ ਤਲਾਸ਼ ਹੈ ਜੋ ਇਤਿਹਾਸ ਦੀ ਚਾਲ ਦੀ ਕਿਸੇ ਹੇਠਲੀ ਪਰਤ ਵਿਚ ਲੁਕੇ ਰਾਜ਼ ਦੀਆਂ ਹਾਣੀ ਬਣਦੀਆਂ ਹਨ।
ਉਪਰੋਕਤ ਚਾਰ ਘਟਨਾਵਾਂ ਦੀ ਸਮਝ ਦਾ ਉਹੀ ਰਾਜ਼ਦਾਨ ਬਣ ਸਕਦਾ ਹੈ ਜਿਸ ਕੋਲ ਘਟਨਾਵਾਂ, ਚੀਜ਼ਾਂ ਤੇ ਵਰਤਾਰਿਆਂ ਨੂੰ ਵੇਖਣ ਵਾਲੀ ‘ਅਸਚਰਜ’ ਨਿਗਾਹ ਹੋਵੇ, ਉਹ ਦ੍ਰਿਸ਼ਟੀਕੋਣ ਹੋਵੇ ਜਿਸ ਨੂੰ ਗੁਰਬਾਣੀ ਵਿਚ ਵਿਸਮਾਦ ਦਾ ਨਾਂ ਦਿੱਤਾ ਗਿਆ ਹੈ। ਵਿਸਮਾਦ ਆਪਣੇ ਆਪ ਵਿਚ ਇੱਕ ਨਿਜ਼ਾਮ ਹੈ, ਇੱਕ ਪ੍ਰਬੰਧ ਹੈ, ਇਹ ਪ੍ਰਧਾਨ-ਸੁਰ ਹੈ ਅਤੇ ਕਈ ਵਾਰ ਕੌਮ ਦੀ ਮੁੱਖ ਧਾਰਾ ਵੀ ਬਣ ਜਾਂਦੀ ਹੈ। ਪ੍ਰਭਸ਼ਰਨ-ਭਰਾਵਾਂ ਕੋਲ ਵਰਤਾਰਿਆਂ ਨੂੰ ਵੇਖਣ ਵਾਲੀ ਵਿਸਮਾਦ-ਨਜ਼ਰ ਵੀ ਹੈ ਅਤੇ ਉਹ ਦੁਨੀਆਂ ਵਿਚ ਅਣਗਿਣਤ ਰਸਤਿਆਂ ਉਤੇ ਤੁਰੇ ਜਾ ਰਹੇ ਲੋਕਾਂ ਦੇ ਪ੍ਰਮੁੱਖ ਤੇ ਸਾਂਝੇ ਮੁਹਾਣ ਨਾਲ ਵੀ ਜੁੜੇ ਹੋਏ ਹਨ। ਸੰਸਾਰ ਦੇ ਆਰਥਿਕ, ਰਾਜਨੀਤਕ, ਰੂਹਾਨੀ ਕੇਂਦਰਾਂ ਅਤੇ ਰੁਝਾਨਾਂ ਵਿਚ ਚੱਲ ਰਹੀਆਂ ਬਹਿਸਾਂ ਵਿਚ ਖਾਲਸਾ ਪੰਥ ਦਾ ਸਥਾਨ ਨਿਸ਼ਚਿਤ ਕਰਨ ਦੀ ਉਨ੍ਹਾਂ ਅੰਦਰ ਰੀਝ ਤੇ ਤਮੰਨਾ ਹੈ। ਬੱਸ ਇੱਥੇ ਹੀ ਪ੍ਰਭਸ਼ਰਨ-ਭਰਾ ਹੋਰ ਬੁੱਧੀਜੀਵੀਆਂ ਨਾਲੋਂ ਵੱਖਰੇ ਅਤੇ ਨਿਵੇਕਲੇ ਹੋ ਜਾਂਦੇ ਹਨ ਅਤੇ ਅਸਹਿਮਤ ਕਲਮਾਂ ਨਾਲ ਸੰਵਾਦ ਰਚਾਉਂਦੇ ਹਨ। ਇਹ ਸੰਵਾਦ ਬਿਨਾਂ ਸ਼ੱਕ ਕਦੇ ਤੀਬਰ, ਕਦੇ ਤੇਜ਼, ਕਦੇ ਕੌੜਾ ਮਿੱਠਾ, ਕਦੇ ਸਜੱਗ, ਕਦੇ ਪ੍ਰਚੰਡ, ਕਦੇ ਅਤਿ ਬਰੀਕ, ਕਦੇ ਸੰਵੇਦਨਸ਼ੀਲ ਅਤੇ ਕਦੇ ਉਚੀ ਸੁਰ ਵਿਚ ਹੋ ਸਕਦਾ ਹੈ ਪਰ ਕਿਸੇ ਉਘੇ ਲੇਖਕ ਮੁਤਾਬਕ ਇਤਿਹਾਸ ਸਦਾ ਹੀ ਘਾਹ ਵਾਂਗ ਹੀ ਚੁੱਪ-ਚਾਪ ਨਹੀਂ ਵਧਦਾ ਰਹਿੰਦਾ, ਕਦੇ ਕਦੇ ਇਸ ਦੇ ਕਿਸੇ ਪੜਾਅ ਵਿਚ ਗਰਜਵਾਂ ਨਾਦ ਵੀ ਹੁੰਦਾ ਹੈ। ਪ੍ਰਭਸ਼ਰਨ-ਭਰਾ ਇਸ ਗਰਜਵੇਂ ਨਾਦ ਦੀਆਂ ਕਈ ਪਰਤਾਂ ਦੇ ਗੰਭੀਰ ਰਾਜ਼ਦਾਨ ਹਨ ਅਤੇ ਆਪਣੀ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਦੇ, ਜ਼ਿੰਦਗੀ ਨੂੰ ਵਿੱਥ ਤੋਂ ਵੇਖਣ ਦਾ ਸ਼ੌਕ ਵੀ ਰੱਖਦੇ ਹਨ ਅਤੇ ਆਪਣਿਆਂ ਵਿਚ ਰਹਿ ਕੇ ਵੀ ਆਪਣੇ ਆਪ ਨੂੰ ਅਲੱਗ ਕਰ ਸਕਦੇ ਹਨ।
ਵੈਸੇ ਮੰਜ਼ਿਲਾਂ ਵਲ ਜਾਣ ਵਾਲੇ ਰਾਹ ਬਹੁਤੀ ਵਾਰ ਵਿੰਗੇ ਟੇਢੇ ਹੀ ਹੁੰਦੇ ਹਨ ਅਤੇ ਤੁਹਾਨੂੰ ਕੰਡਿਆਲੀਆਂ ਝਾੜੀਆਂ ਨਾਲ ਉਲਝਣਾ ਵੀ ਪੈਂਦਾ ਹੈ। ਅੱਜਕੱਲ੍ਹ ਪ੍ਰਭੂਤਾ ਸੰਪੰਨ ਸਿੱਖ ਸਟੇਟ ਖਾਲਿਸਤਾਨ ਬਾਰੇ ਸੋਸ਼ਲ ਮੀਡੀਆ ਉਤੇ ਚੱਲ ਰਹੀ ਗਰਮਾ-ਗਰਮ ਬਹਿਸ ਵਿਚ ਉਹ ਸਰਗਰਮ ਹਨ, ਸੁਚੇਤ ਹਨ, ਚੌਕਸ ਹਨ। ਉਂਜ ਝਗੜਾਲੂ ਸੁਭਾਵਾਂ ਵਾਲੇ ਲੋਕ ਵੀ ਬਹਿਸ ਵਿਚ ਆਉਂਦੇ ਜਾਂਦੇ ਹਨ। ਉਨ੍ਹਾਂ ਕੋਲ ਵਧੀਆ ਹੁਨਰ ਹੁੰਦਾ ਹੈ। ਉਹ ਸੂਈ ਵਾਂਗ ਅਛੋਪਲੇ ਬਹਿਸ ਦੇ ਵਿਹੜੇ ਵਿਚ ਵੜਦੇ ਹਨ ਅਤੇ ਵੇਖਦਿਆਂ-ਵੇਖਦਿਆਂ ਬੋਹੜ ਦੇ ਦਰੱਖਤ ਵਾਂਗ ਫੈਲ ਜਾਂਦੇ ਹਨ। ਇਹੋ ਜਿਹੇ ਵੀਰਾਂ ਨਾਲ ਵੀ ਨਜਿੱਠਣਾ ਪੈਂਦਾ ਹੈ ਤਾਂ ਜੋ ਬਹਿਸ ਅਕਾਦਮਕ ਦਾਇਰੇ ਵਿਚ ਹੀ ਰਹੇ ਅਤੇ ਮੰਜ਼ਿਲ ਵੱਲ ਸੇਧਿਤ ਰਹੇ।
ਜਦੋਂ ਮੈਂ ਵਿਸਮਾਦ ਨੂੰ ਜ਼ਿੰਦਗੀ ਦੇ ਵਰਤਾਰਿਆਂ ਨੂੰ ਦਿਸ਼ਾ ਦੇਣ ਲਈ ਨਜ਼ਰੀਏ ਦੇ ਤੌਰ ਤੇ ਵੇਖਦਾ ਹਾਂ ਤਾਂ ਮੇਰਾ ਇਹ ਯਕੀਨ ਹੁਣ ਪੱਕਾ ਹੁੰਦਾ ਜਾ ਰਿਹਾ ਹੈ ਕਿ ਇਸ ਤੋਂ ਅਗਲੇ ਧਰਮ ਯੁੱਧ ਜਾਂ ਸਿੱਖ ਸੰਘਰਸ਼ ਦੀ ਅਗਵਾਈ ਅਖੰਡ ਕੀਰਤਨੀ ਜਥਾ ਜਾਂ ਦਮਦਮੀ ਟਕਸਾਲ ਵਿਚੋਂ ਹੀ ਕੋਈ ਯੋਧਾ ਕਰੇਗਾ। ਇਸ ਧਾਰਨਾ ਦੇ ਠੋਸ ਆਧਾਰ ਇਸ ਲਈ ਮੌਜੂਦ ਹਨ, ਕਿਉਂਕਿ ਇਨ੍ਹਾਂ ਦੋਵਾਂ ਸੰਸਥਾਵਾਂ ਨਾਲ ਸਿੱਧੇ ਅਸਿੱਧੇ ਤੌਰ ‘ਤੇ ਜੁੜੀਆਂ ਜਥੇਬੰਦੀਆਂ ਨੇ ਹੀ ਸਿੱਖ ਇਤਿਹਾਸ ਨੂੰ ਅਗਲੇ ਪੜਾਅ ਵਿਚ ਦਾਖਲ ਕੀਤਾ ਸੀ। ਇਨ੍ਹਾਂ ਹੀ ਜਥੇਬੰਦੀਆਂ ਕੋਲ ਉਸ ਡੂੰਘੀ ਪੀੜ ਅਤੇ ਦਰਦ ਦੇ ਵਿਸ਼ਾਲ ਅਨੁਭਵ ਅਤੇ ਤਜਰਬੇ ਹਨ ਜੋ ਇਨ੍ਹਾਂ ਨੇ ਹੱਡੀਂ ਹੰਢਾਏ ਹਨ। ਇਥੇ ਇਹ ਚੇਤੇ ਕਰਾਉਣਾ ਵੀ ਪ੍ਰਸੰਗ ਤੋਂ ਬਾਹਰਾ ਨਹੀਂ ਹੋਵੇਗਾ ਕਿ ਅਖੰਡ ਕੀਰਤਨੀ ਜਥਾ ਅਤੇ ਟਕਸਾਲ ਨਾਲ ਹਮਦਰਦੀ ਰੱਖਣ ਵਾਲੀਆਂ ਅਣਗਿਣਤ ਬੀਬੀਆਂ ਤੇ ਸਿੰਘ ਜਿੱਥੇ ਇੱਕ ਪਾਸੇ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਉਚੀਆਂ ਪੜ੍ਹਾਈਆਂ ਕਰ ਰਹੇ ਹਨ, ਉਥੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਅਤੇ ਪਿਛਲੇ ਸੰਘਰਸ਼ ਵਿਚ ਹੋਈਆਂ ਗੰਭੀਰ ਕਮੀਆਂ ਪੇਸ਼ੀਆਂ ਨੂੰ ਦੂਰ ਕਰ ਕੇ ਅਸਲੋਂ ਹੀ ਨਵੇਂ ਅੰਦਾਜ਼ ਵਿਚ ਨਵੀਂ ਰੌਸ਼ਨੀ ਵਿਚ ਸਿੱਖ ਕੌਮ ਦੀ ਅਗਵਾਈ ਕਰਨਗੇ ਅਤੇ ਆਜ਼ਾਦੀ ਲਈ ਪਹਿਰਾ ਦੇਣ ਵਾਲੀਆਂ ਤਮਾਮ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਇਨ੍ਹਾਂ ਸਿੰਘਾਂ ਦੀਆਂ ਸੰਗੀ ਸਾਥੀ ਹੋਣਗੀਆਂ। ਜਿੱਥੋਂ ਤੱਕ ਇਨ੍ਹਾਂ ਜਥੇਬੰਦੀਆਂ ਵਿਚ ਪਾਟੋ-ਧਾੜ ਦਾ ਮਸਲਾ ਹੈ, ਉਹ ਸਿਰਫ ਆਰਜ਼ੀ ਪੜਾਅ ਹੀ ਹੈ। ਜਿਵੇਂ ਖਾੜਕੂ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਭਾਈ ਅਨੋਖ ਸਿੰਘ ਦੀ ਗਲਵਕੜੀ ਨਾਲ ਨਵੀਂ ਪੰਥਕ ਕਮੇਟੀ ਨੇ ਨਵਾਂ ਇਤਿਹਾਸ ਸਿਰਜਿਆ ਸੀ, ਉਵੇਂ ਹੁਣ ਅਜਿਹੀ ਏਕਤਾ ਦੀਆਂ ਉਮੀਦਾਂ ਨੇ ਅਜੇ ਦਮ ਨਹੀਂ ਤੋੜਿਆ। ਮੈਨੂੰ ਉਮੀਦ ਹੈ ਕਿ ਇਨ੍ਹਾਂ ਜਥੇਬੰਦੀਆਂ ਨਾਲ ਜੁੜੇ ਦਾਨਿਸ਼ਵਰ ਸਮੇਂ ਦੀ ਨਬਜ਼ ਪਛਾਣ ਕੇ ਅਗੇ ਆਉਣਗੇ, ਕਿਉਂਕਿ ਉਹ ਜੁਝਾਰੂ ਲਹਿਰ ਦੀ ਵਿਰਾਸਤ ਹਨ।
ਇੱਕ ਹੋਰ ਗੱਲ ਵੀ ਹੋਰਨਾਂ ਬੁੱਧੀਜੀਵੀਆਂ ਨੂੰ ਪ੍ਰਭਸ਼ਰਨ-ਭਰਾਵਾਂ ਨਾਲੋਂ ਵੱਖ ਕਰਦੀ ਹੈ ਜਿਸ ਉਤੇ ਬਹਿਸ ਹੋ ਸਕਦੀ ਹੈ। ਜੇ ਇਨ੍ਹਾਂ ਬੁੱਧੀਜੀਵੀਆਂ ਦੀ ਸਿਧਾਂਤਕ ਜੜ੍ਹ ਨੂੰ ਫੜਿਆ ਜਾਵੇ ਅਤੇ ਪੱਤਿਆਂ ਤੇ ਟਾਹਣੀਆਂ ਤੋਂ ਹੀ ਆਪਣੀ ਅੰਤਿਮ ਰਾਏ ਨਾ ਬਣਾਈ ਜਾਵੇ ਤਾਂ ਪਤਾ ਲੱਗੇਗਾ ਕਿ ਸੁਖਦੇਵ ਸਿੰਘ, ਦਲਬੀਰ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਦਾ ਮਨ-ਮੰਦਰ ਘਟਨਾਵਾਂ ਅਤੇ ਵਰਤਾਰਿਆਂ ਨੂੰ ਵੇਖਣ ਵਿਚ ਬਾਹਰਮੁਖੀ ਦ੍ਰਿਸ਼ਟੀਕੋਣ ਹੀ ਅਪਣਾਉਂਦਾ ਹੈ ਅਤੇ ਇਹ ਦਾਨਿਸ਼ਵਰ ਅੰਤਰਮੁਖੀ ਦ੍ਰਿਸ਼ਟੀਕੋਣ ਵਲ ਕਦੇ-ਕਦੇ ਹੀ ਮੁੜਦੇ ਹਨ। ਜਦੋਂ ਕਦੇ ਕਿਤੇ ਮੁੜਦੇ ਵੀ ਹਨ ਤਾਂ ਮੁੜ ਕੇ ਵੀ ਬਾਹਰਮੁਖੀ ਦ੍ਰਿਸ਼ਟੀਕੋਣ ਦਾ ਪ੍ਰਭਾਵ ਵਧੇਰੇ ਕਬੂਲਦੇ ਹਨ। ਇਸ ਲਈ ਇਹ ਬੁੱਧੀਜੀਵੀ ਨਾ ਚਾਹੁੰਦਿਆਂ ਹੋਇਆਂ ਵੀ ਪਦਾਰਥਵਾਦ ਦੇ ਨਜ਼ਰੀਏ ਦੇ ਨਜ਼ਦੀਕ ਪਹੁੰਚ ਜਾਂਦੇ ਹਨ, ਭਾਵੇਂ ਉਸ ਨਜ਼ਰੀਏ ਪ੍ਰਤੀ ਉਲਾਰ ਵੀ ਨਹੀਂ ਹੁੰਦੇ। ਇਨ੍ਹਾਂ ਦੀ ਸਥਿਤੀ ਬਹੁਤ ਹੀ ਦੁਬਿਧਾ ਵਾਲੀ ਹੁੰਦੀ ਹੈ, ਕਿਉਂਕਿ ਇਹ ਸਿੱਖ ਘਟਨਾਵਾਂ ਅਤੇ ਵਰਤਾਰਿਆਂ ਨੂੰ ਵੀ ਬਾਹਰਮੁਖੀ ਨਜ਼ਰੀਏ ਤੋਂ ਹੀ ਪਰਖਦੇ ਹਨ। ਘਟਨਾਵਾਂ ਨੂੰ ਵਿਸਮਾਦ ਦੇ ਨਜ਼ਰੀਏ ਤੋਂ ਵੇਖਣਾ ਇਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਨਹੀਂ।
ਤੁਸੀਂ ਦੇਖਿਆ ਹੋਵੇਗਾ ਕਿ ਆਪਣੀ ਕਿਤਾਬ ‘ਜੂਨ ਚੁਰਾਸੀ ਦੀ ਪੱਤਰਕਾਰੀ’ ਵਿਚ ਜਸਪਾਲ ਸਿੰਘ ਸਿੱਧੂ ਘਟਨਾਵਾਂ ਦੇ ਇੰਨੇ ਨੇੜੇ ਹੁੰਦਿਆਂ ਹੋਇਆਂ ਵੀ ਘਟਨਾਵਾਂ ਵਿਚੋਂ ਵਿਸਮਾਦ ਜਾਂ ਅਸਚਰਜਤਾ ਦੀ ਖੁਸ਼ਬੂ ਦਾ ਅਨੁਭਵ ਨਹੀਂ ਕਰ ਸਕੇ ਅਤੇ ਨਾ ਹੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਦੂਰ ਦੀ ਅੱਖ ਨਾਲ ਵੇਖ ਸਕਣ ਦੀ ਰੀਝ ਪਾਲ ਸਕੇ। ਇਸੇ ਤਰ੍ਹਾਂ ਦਲਬੀਰ ਸਿੰਘ ‘ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ’ ਅਤੇ ਹੋਰ ਕਿਤਾਬਾਂ ਲਿਖ ਕੇ ਵੀ ਉਸ ਨੇੜਤਾ ਦੀ ਥਾਹ ਨਾ ਪਾ ਸਕੇ ਜਿੱਥੇ ਰਹੱਸਮਈ ਇਨਕਲਾਬ ਦੇ ਕਿੰਨੇ ਫੁੱਲ ਖਿੜਦੇ ਰਹੇ ਸਨ। ਸੁਖਦੇਵ ਸਿੰਘ ਦੀਆਂ ਰਿਪੋਰਟਾਂ ਵਿਚ ਵੀ ਉਹ ਦਾਰਸ਼ਨਿਕ ਨੀਝ ਨਜ਼ਰ ਨਹੀਂ ਆਉਂਦੀ ਜਿਸ ਵਿਚ ਇਤਿਹਾਸ ਦੇ ਅਮੂਰਤ ਤੇ ਸਮੂਰਤ ਦ੍ਰਿਸ਼ ਇੱਕ ਥਾਂ ਤੇ ਮਿਲ ਗਏ ਹੋਣ।
ਇਤਿਹਾਸ ਨੂੰ ਵੇਖਣ ਵਾਲੀ ਉਹ ਨਜ਼ਰ ਚਾਹੀਦੀ ਹੈ ਜੋ ਭਾਈ ਨੰਦ ਲਾਲ ਜੀ ਕੋਲ ਸੀ ਜਿਸ ਨਾਲ ਉਹ ਦਸਮੇਸ਼ ਪਿਤਾ ਨੂੰ ਵੇਖ ਸਕੇ, ਸਮਝ ਸਕੇ ਜਦਕਿ ਹੋਰ ਕਈ ਲੋਕ ਨੇੜੇ ਰਹਿ ਕੇ ਵੀ ਉਸ ਤਰ੍ਹਾਂ ਨਾਲ ਨਹੀਂ ਵੇਖ ਸਕੇ। ਭਾਈ ਨੰਦ ਲਾਲ ਜੀ ਦਾ ਇਹ ਸ਼ਿਅਰ ਦੇਖੋ:
ਨਾਜ਼ਰਾਨਿ ਰੁਇ ਗੁਰੂ ਗੋਬਿੰਦ ਸਿੰਘ॥
ਮਸਤ ਹੱਕ ਦਰ ਕੂਏ ਗੁਰੂ ਗੋਬਿੰਦ ਸਿੰਘ॥
ਅਰਥਾਤ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਮੁੱਖ ਇੱਕ ਵਾਰ ਵੇਖ ਲਿਆ ਉਹ ਸਾਰੇ (ਅਨੰਦਪੁਰ ਦੀਆਂ ਗਲੀਆਂ ਵਿਚ) ਮਸਤਾਨੇ ਹੋ ਕੇ ਫਿਰੇ।
ਗੁਰਬਚਨ ਸਿੰਘ ਦੇਸ ਪੰਜਾਬ ਸਿੱਖ ਬੁਧੀਜੀਵੀਆਂ ਦੀਆਂ ਦੋਵਾਂ ਧਾਰਾਵਾਂ ਨਾਲੋਂ ਕੁਝ ਵੱਖਰੇ ਹਨ ਪਰ ਕੁਝ-ਕੁਝ ਪ੍ਰਭਸ਼ਰਨ-ਭਰਾਵਾਂ ਦੀਆਂ ਧਾਰਨਾਵਾਂ ਨਾਲ ਵੀ ਸਾਂਝ ਪਾਉਂਦੇ ਹਨ, ਜਦਕਿ ਬੁੱਧੀਜੀਵੀਆਂ ਦੀ ਦੂਜੀ ਵੰਨਗੀ ਦੇ ਲੱਛਣਾਂ ਨਾਲ ਵੀ ਉਨ੍ਹਾਂ ਦੀ ਨੇੜਤਾ ਹੈ। ਜਿਸ ਨੁਕਤੇ ਤੋਂ ਉਹ ਉਪਰੋਕਤ ਦੋਵਾਂ ਧਾਰਾਵਾਂ ਨਾਲੋਂ ਪੂਰੀ ਤਰ੍ਹਾਂ ਵੱਖਰੇ ਅਤੇ ਨਿਵੇਕਲੇ ਹਨ ਅਤੇ ਜਿੱਥੇ ਉਨ੍ਹਾਂ ਦਾ ਇਤਿਹਾਸਕ, ਯਾਦਗਾਰੀ ਤੇ ਮਾਣ ਕਰਨ ਵਾਲਾ ਸਥਾਨ ਹੈ ਅਤੇ ਜਿਹੜਾ ਅਜੇ ਤੱਕ ਪੰਥਕ ਸਫਾਂ ਅੰਦਰ ਅਣਗੌਲਿਆ ਤੇ ਅਣਪਛਾਤਾ ਹੈ, ਉਹ ਹੈ ਦਲਿਤਾਂ ਤੇ ਸਿੱਖਾਂ ਦੀ ਗਵਾਚੀ ਤੇ ਖੁਰ ਰਹੀ ਸਾਂਝ ਤੇ ਸ਼ਾਨ ਨੂੰ ਮੁੜ ਬਹਾਲ ਕਰਨਾ। ਉਨ੍ਹਾਂ ਦੀ ਦ੍ਰਿੜ ਧਾਰਨਾ ਹੈ ਕਿ ਇਨ੍ਹਾਂ ਦੋਵਾਂ ਦੀ ਸਾਂਝ ਨਾਲ ਹੀ ਪੰਜਾਬ ਆਰਥਿਕ ਤੇ ਰੂਹਾਨੀ ਖੁਸ਼ਹਾਲੀ ਵਲ ਅੱਗੇ ਵਧ ਸਕਦਾ ਹੈ। ਇਸ ਮਕਸਦ ਲਈ ਸਿੱਖੀ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਲਈ ਪਿਛਲੇ ਕਈ ਦਹਾਕਿਆਂ ਤੋਂ ਦਿਨ ਰਾਤ ਸਰਗਰਮ ਰਹਿਣਾ ਉਨ੍ਹਾਂ ਦੀ ਇੱਕੋ ਇੱਕ ਮੰਜ਼ਿਲ ਹੈ। ਵੈਸੇ ਇਹ ਹੈਰਾਨੀ ਤੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਬੰਧੀ ਅਜੇ ਹੋਰ ਕੋਈ ਸਕੂਲ ਆਫ ਥਾਟ ਉਭਰ ਕੇ ਸਾਹਮਣੇ ਨਹੀਂ ਆਇਆ ਜਿਸ ਨੇ ਦਲਿਤਾਂ ਤੇ ਸਿੱਖਾਂ ਦੀ ਸਾਂਝ ਪਵਾਉਣ ਲਈ ਕਿਸੇ ਠੋਸ ਨੀਤੀ ਨੂੰ ਅਮਲ ਵਿਚ ਲਿਆਂਦਾ ਹੋਵੇ ਜਾਂ ਕੋਈ ਵ੍ਹਾਈਟ ਪੇਪਰ ਹੀ ਵਜੂਦ ਵਿਚ ਆਇਆ ਹੋਵੇ। ਫਿਰ ਵੀ ਬਲਵਿੰਦਰ ਪਾਲ ਸਿੰਘ ਇਸ ਕਾਰਜ ਨੂੰ ਸੋਸ਼ਲ ਮੀਡੀਏ ‘ਤੇ ਨੇਪਰੇ ਚਾੜ੍ਹਨ ਲਈ ਸੁਹਿਰਦ ਯਤਨ ਜ਼ਰੂਰ ਕਰ ਰਹੇ ਹਨ। ਉਂਜ ਸਰਦਾਰ ਜਗਜੀਤ ਸਿੰਘ (ਸਿੱਖ ਇਨਕਲਾਬ) ਦਾ ਸਿਧਾਂਤਕ ਪੱਖ ਤੋਂ ਇਸ ਮੁੱਦੇ ਤੇ ਵਿਸ਼ਲੇਸ਼ਣ ਕਮਾਲ ਦੀ ਹੱਦ ਤੱਕ ਪਹੁੰਚ ਗਿਆ ਹੈ।
ਗੁਰਬਚਨ ਸਿੰਘ ਦੇਸ ਪੰਜਾਬ ਜਿਸ ਨੁਕਤੇ ਤੋਂ ਪ੍ਰਭਸ਼ਰਨ-ਭਰਾਵਾਂ ਨਾਲ ਮਿਲਦੇ ਹਨ, ਉਹ ਹੈ ਖਾਲਿਸਤਾਨ ਪ੍ਰਤੀ ਉਨ੍ਹਾਂ ਦੀ ਵਿਚਾਰਧਾਰਕ ਹਮਦਰਦੀ ਤੇ ਪਿਆਰ। ਇਸ ਸਬੰਧ ਵਿਚ ਉਨ੍ਹਾਂ ਦੀ ਕਿਤਾਬ ‘ਸੰਤ ਭਿੰਡਰਾਂ ਵਾਲੇ ਤੇ ਖਾਲਿਸਤਾਨੀ ਲਹਿਰ’ ਵਿਚ ਬੇਗਮਪੁਰਾ ਤੇ ਹਲੀਮੀ ਰਾਜ ਦੀ ਵਿਆਖਿਆ ਕਰਨ ਵਿਚ ਉਨ੍ਹਾਂ ਦੇ ਯਤਨ ਭਾਵੇਂ ਮੁਕੰਮਲ ਤੇ ਬਹੁ-ਪਰਤੀ ਨਹੀਂ ਪਰ ਇਸ ਪਾਸੇ ਵੱਲ ਉਨ੍ਹਾਂ ਦਾ ਧਿਆਨ ਜਾਣਾ ਵੀ ਵਿਦਵਾਨਾਂ ਲਈ ਸ਼ੁਭ ਸ਼ਗਨ ਹੈ ਕਿਉਂਕਿ ਇਸ ਦਿਸ਼ਾ ਵਿਚ ਉਹ ਗੰਭੀਰ ਉਦਘਾਟਨ ਤਾਂ ਕਰ ਹੀ ਰਹੇ ਹਨ ਅਤੇ ਹੋਰ ਬੁੱਧੀਜੀਵੀਆਂ ਲਈ ਖਾਲਿਸਤਾਨ ਵਿਸ਼ੇ ਉਤੇ ਨਿੱਠ ਕੇ ਕੰਮ ਕਰਨ ਵਾਲੇ ਵਿਦਵਾਨਾਂ ਲਈ ਰਾਹ ਪੱਧਰਾ ਕਰ ਰਹੇ ਹਨ। ਗੁਰਬਚਨ ਸਿੰਘ ਦੀ ਪੁਸਤਕ ਰਾਜਨੀਤਕ ਸਮਝ ਨੂੰ ਆਪਣੇ ਹੀ ਢੰਗ ਨਾਲ ਖਾਲਿਸਤਾਨ ਵਲ ਲੈ ਕੇ ਜਾਂਦੀ ਹੈ। ਉਨ੍ਹਾਂ ਦੀ ਇਸ ਧਾਰਨਾ ਅੱਗੇ ਸਵਾਲ ਉਠਾਇਆ ਜਾ ਸਕਦਾ ਹੈ ਕਿ ਖਾਲਿਸਤਾਨੀ ਲਹਿਰ ਮਾਰਕਸਵਾਦੀ ਸ਼ਬਦਾਵਲੀ ਨਾਲ ਹੀ ਸੰਵਾਦ ਰਚਾ ਕੇ ਆਪਣੀ ਮੰਜ਼ਿਲ ਵਲ ਕਿਵੇ ਵਧ ਸਕਦੀ ਹੈ? ਇਸੇ ਤਰ੍ਹਾਂ ਕੁਦਰਤ ਦੇ ਸੰਕਲਪ ਅਤੇ ਇਸ ਦੀ ਮਹੱਤਤਾ ਬਾਰੇ ਵੀ ਉਨ੍ਹਾਂ ਦੇ ਵਿਚਾਰ ਗੰਭੀਰ ਬਹਿਸ ਦੀ ਮੰਗ ਕਰਦੇ ਹਨ। ਵੈਸੇ ਇਸ ਕਿਤਾਬ ਵਿਚ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਜਿਵੇਂ ਉਨ੍ਹਾਂ ਨੇ ਸੰਤ ਜੀ ਦੇ ਭਾਸ਼ਣਾਂ ਦੇ ਆਧਾਰ ‘ਤੇ ਸਿਰਜਿਆ ਹੈ, ਉਹ ਅਜੇ ਤੱਕ ਕਿਸੇ ਹੋਰ ਲੇਖਕ ਦੇ ਹਿੱਸੇ ਨਹੀਂ ਆਇਆ।
ਵੈਸੇ ‘ਹਿਸਟਰੀ ਆਫ ਸਿੱਖ ਸਟਰਗਲ’ ਦੇ ਚਰਚਿਤ ਲੇਖਕ ਗੁਰਮੀਤ ਸਿੰਘ ਨੇ ਖਾਲਿਸਤਾਨ ਦੇ ਮੁੱਦੇ ਤੇ ਤੱਥਾਂ ਅਤੇ ਦਸਤਾਵੇਜ਼ਾਂ ਦੇ ਹਵਾਲਿਆਂ ਨਾਲ ਮਿਹਨਤ ਵਾਲਾ ਕੰਮ ਕੀਤਾ ਹੈ ਪਰ ਉਹ ਇਸ ਮਹਾਨ ਕਾਰਜ ਨੂੰ ਮੁਕੰਮਲ ਕਰਨ ਤੋਂ ਪਹਿਲਾਂ ਹੀ ਗੁਰੂ ਨੂੰ ਪਿਆਰੇ ਹੋ ਗਏ। ਨਿਊ ਜਰਸੀ ਤੋਂ ਸਰਦਾਰ ਯਾਦਵਿੰਦਰ ਸਿੰਘ ਨੇ ਹੁਣ ਇਸ ਗੰਭੀਰ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨਾਲ ਇੱਕ ਮੁਲਾਕਾਤ ਤੋਂ ਪਤਾ ਲੱਗਦਾ ਹੈ ਕਿ ਇਸ ਵਿਸ਼ੇ ਉਤੇ ਪੁਸਤਕ ਛੇਤੀ ਹੀ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਆਵੇਗੀ।
ਡਾ. ਅਮਰਜੀਤ ਸਿੰਘ ਪੰਥਕ ਕਮੇਟੀ ਤੋਂ ਵੀ ਉਮੀਦ ਹੈ ਕਿ ਉਹ ਵੀ ਇਸ ਅਣਗੌਲੇ ਮੁੱਦੇ ‘ਤੇ ਵੱਡ ਆਕਾਰੀ ਪੁਸਤਕ ਪੰਥ ਨੂੰ ਭੇਟ ਕਰਨਗੇ, ਕਿਉਂਕਿ ਇਸ ਵਿਸ਼ੇ ਤੇ ਉਨ੍ਹਾਂ ਦਾ ਗੰਭੀਰ ਅਧਿਐਨ, ਵਿਸ਼ਾਲ ਅਨੁਭਵ ਤੇ ਅਣਥੱਕ ਘਾਲਣਾ ਦਾ ਸਫਰ ਬੇਹੱਦ ਪ੍ਰਸੰ.ਸਾਯੋਗ ਹੈ।
ਡਾ. ਗੁਰਮੀਤ ਸਿੰਘ ਔਲਖ ਦੀ ਕਿਤਾਬ ‘ਸਿੱਖ ਸਟਰਗਲ ਫਾਰ ਖਾਲਿਸਤਾਨ’ ਦੋ ਜਿਲਦਾਂ ਵਿਚ ਮੁਕੰਮਲ ਕੀਤੀ ਗਈ ਹੈ ਅਤੇ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਨੇ ਛਾਪੀ ਹੈ। ਡਾ. ਔਲਖ ਹਾਵਰਡ ਮੈਡੀਕਲ ਸਕੂਲ, ਬੋਸਟਨ ਵਿਖੇ ਰਿਸਰਚ ਵਿਗਿਆਨੀ ਦੀ ਉਚੀ ਪਦਵੀ ਉਤੇ ਸਨ ਜਦੋਂ ਦਰਬਾਰ ਸਾਹਿਬ ਉਤੇ ਹਮਲੇ ਪਿੱਛੋਂ ਉਹ ਆਪਣੀ ਇਸ ਪਦਵੀ ਨੂੰ ਛੱਡ ਕੇ ਸਿੱਖਾਂ ਲਈ ਵੱਖਰੇ ਰਾਜ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ। ਇਸ ਉਦੇਸ਼ ਲਈ ਉਨ੍ਹਾਂ ਦੇ ਇਰਾਦੇ ਦੀ ਦ੍ਰਿੜਤਾ, ਲਗਨ, ਸਿਦਕ ਤੇ ਕਰੜੀ ਘਾਲਣਾ ਸੀ ਕਿ ਉਨ੍ਹਾਂ ਨੇ ਖਾਲਿਸਤਾਨ ਲਈ ਅਜਿਹੀ ਰਚਨਾ ਖਾਲਸਾ ਪੰਥ ਨੂੰ ਭੇਟ ਕੀਤੀ ਜਿਸ ਵਿਚ ਉਨੀ ਸੌ ਚੁਰਾਸੀ ਤੋਂ ਲੈ ਕੇ ਦੋ ਹਜ਼ਾਰ ਸੱਤ ਤੱਕ ਉਹ ਸਾਰੇ ਕੀਮਤੀ ਦਸਤਾਵੇਜ਼ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਅਮਰੀਕਾ ਦੀ ਪਾਰਲੀਮੈਂਟ (ਕਾਂਗਰਸ) ਵਿਚ ਖਾਲਿਸਤਾਨ ਦੀ ਮੰਜ਼ਿਲ ਲਈ ਹਮਾਇਤ ਵਾਸਤੇ ਤਕੜੀ ਲਾਬੀ ਤਿਆਰ ਕਰਨਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ ਪ੍ਰਭੂਤਾ ਸੰਪੰਨ ਖਾਲਿਸਤਾਨ ਨਾਲ ਹੀ ਸਿੱਖ ਆਪਣੀ ਤਕਦੀਰ ਦੇ ਮਾਲਕ ਬਣ ਸਕਦੇ ਹਨ। ਇਹ ਰਚਨਾ ਖੋਜ ਵਿਦਿਆਰਥੀਆਂ ਅਤੇ ਅਮਰੀਕੀ ਕਾਂਗਰਸ ਵਿਚ ਪੇਸ਼ ਮਤਿਆਂ ਦਾ ਅਧਿਐਨ ਕਰਨ ਲਈ ਬੇਹੱਦ ਲਾਹੇਵੰਦ ਹੈ। ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਡਾ. ਔਲਖ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਨੋਬਲ ਅਮਨ ਇਨਾਮ ਦੇਣ ਦੀ ਸਿਫਾਰਸ਼ ਕਰਦਾ ਮਤਾ ਵੀ ਅਮਰੀਕੀ ਕਾਂਗਰਸ ਵਿਚ ਪੇਸ਼ ਹੋਇਆ ਸੀ।
ਜਗਤਾਰ ਸਿੰਘ ਉਨ੍ਹਾਂ ਉਚ ਕੋਟੀ ਦੇ ਚੰਦ ਸੀਨੀਅਰ ਪੱਤਰਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਕਾਫੀ ਲੰਮਾ ਅਰਸਾ ‘ਇੰਡੀਅਨ ਐਕਸਪ੍ਰੈੱਸ’ ਵਿਚ ਕੰਮ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸਿੱਖ ਮਾਮਲਿਆਂ ਨਾਲ ਬਾਕਾਇਦਾ ਜੁੜੇ ਆ ਰਹੇ ਹਨ। ਉਨ੍ਹਾਂ ਦੀ ਪੁਸਤਕ ‘ਖਾਲਿਸਤਾਨ ਸਟਰੱਗਲ-ਏ ਨਾਨ ਮੂਵਮੈਂਟ’ ਅਸਲ ਵਿਚ ਉਨ੍ਹਾਂ ਦੇ ਨਿੱਜੀ ਅਨੁਭਵਾਂ ਅਤੇ ਖਾੜਕੂ ਲਹਿਰ ਦੀਆਂ ਘਟਨਾਵਾਂ ਦਾ ਸੰਗਮ ਹੈ। ਉਨ੍ਹਾਂ ਨੇ ਧਰਮ ਯੁੱਧ ਮੋਰਚੇ ਦੇ ਅਸਲ ਕੇਂਦਰ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਬਹੁਪਰਤੀ ਨਜ਼ਰੀਏ ਤੋਂ ਵੇਖਿਆ ਤੇ ਸਮਝਿਆ। ਇਸ ਤੋਂ ਇਲਾਵਾ ਉਹ ਸਰਦਾਰ ਗੁਰਚਰਨ ਸਿੰਘ ਟੌਹੜਾ ਦੇ ਵੀ ਨਜ਼ਦੀਕ ਰਹੇ ਹਨ ਜੋ ਖਾਲਿਸਤਾਨ ਦੇ ਨਿਸ਼ਾਨੇ ਤੋਂ ਦੂਰ ਰਹਿ ਕੇ ਵੀ ਅਤਿ ਨੇੜੇ ਸਨ। ਖਾੜਕੂ ਲਹਿਰ ਬਾਰੇ ਜਗਤਾਰ ਸਿੰਘ ਦੀ ਤਾਜ਼ਾ ਪੁਸਤਕ ਕਿਸੇ ਸਮੇਂ ਵੀ ਪਾਠਕਾਂ ਦੇ ਹੱਥਾਂ ਵਿਚ ਆ ਸਕਦੀ ਹੈ ਜਿਸ ਵਿਚ ਇਸ ਲਹਿਰ ਦੇ ਅਣਫੋਲੇ ਅਤੇ ਅਣਗੌਲੇ ਵਰਕੇ ਸਾਹਮਣੇ ਆਉਣਗੇ।
ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਦੀ ਪੁਸਤਕ ‘ਨੀਂਹ ਰੱਖੀ ਗਈ’ ਉਸ ਦੌਰ ਦੀਆਂ ਅਹਿਮ ਘਟਨਾਵਾਂ ਨਾਲ ਸਬੰਧਿਤ ਹੈ। ਇਹ ਪੱਤਰਕਾਰ ਜਲੰਧਰ ਸਥਿਤ ਅਕਾਲੀ ਪੱਤ੍ਰਿਕਾ ਅਖਬਾਰ ਨਾਲ ਜੁੜਿਆ ਹੋਇਆ ਸੀ ਜਿਸ ਵਿਚ ਧਰਮ ਯੁੱਧ ਮੋਰਚਾ ਅਤੇ ਵਿਸ਼ੇਸ਼ ਕਰ ਕੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਅਤੇ ਉਨ੍ਹਾਂ ਨਾਲ ਜੁੜੀਆਂ ਸਰਗਰਮੀਆਂ ਨੂੰ ਪ੍ਰਮੁੱਖ ਸਥਾਨ ਮਿਲਦਾ ਸੀ।
ਗੁਰਭਗਤ ਸਿੰਘ ਚਿੰਤਨ ਦੀ ਵਿਆਖਿਆ ਅਤੇ ਇਸ ਚਿੰਤਨ ਦਾ ਵੰਨ-ਸਵੰਨਾ ਸਫਰ ਬਿਆਨ ਕਰ ਸਕਣਾ ਵੀ ਦਿਲਚਸਪ ਅਤੇ ਮੁਸ਼ਕਿਲ ਕਾਰਜ ਹੈ। ਮੇਰਾ ਖਿਆਲ ਹੈ ਕਿ ਪੁਸਤਕ ‘ਵਿਸਮਾਦੀ ਪੂੰਜੀ’ ਉਨ੍ਹਾਂ ਦੇ ਚਿੰਤਨ ਦੀ ਸਿਖਰ ਹੈ। ਇਉਂ ਲੱਗਦਾ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਨ ਸਮੇਂ ਉਹ ‘ਅੰਦਰ’ ਵੱਲ ਮੁੜੇ ਅਤੇ ‘ਅੰਤਰਿ ਬਾਹਰਿ ਏਕੁ ਦਿਖਾਇਆ’ ਦੀ ਤਹਿ-ਦਰ-ਤਹਿ ਅਵਸਥਾ ਦੀ ਯਾਤਰਾ ਕਰਦਿਆਂ ਵਿਸਮਾਦ ਦੀ ਅਵਸਥਾ ਤੱਕ ਪਹੁੰਚ ਗਏ ਅਤੇ ਇੰਜ ‘ਵਿਸਮਾਦੀ ਪੂੰਜੀ’ ਪੁਸਤਕ ਉਨ੍ਹਾਂ ਦੇ ਚਿੰਤਨ ਦੀ ਅਭੁੱਲ ਯਾਦਗਾਰ ਹੋ ਨਿੱਬੜੀ। ਜੇ ਪੂੰਜੀ (ਕੈਪੀਟਲ) ਦਾ ਰਿਸ਼ਤਾ ਨਫੇ ਦੀ ਥਾਂ ਕਿਤੇ ਵਿਸਮਾਦ ਨਾਲ ਜੁੜ ਜਾਵੇ ਤਾਂ ਇਸ ਨਾਲ ਹੈਰਾਨਗੀ ਦਾ ਆਲਮ ਸਮਾਜਿਕ ਤੇ ਰਾਜਨੀਤਕ ਰਿਸ਼ਤਿਆਂ ਵਿਚ ਚਮਤਕਾਰ ਵਾਪਰਨ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ। ਸਿੱਖੀ ਦੇ ਆਰਥਕ ਤੇ ਰਾਜਨੀਤਕ ਸਫਰ ਨੂੰ ਜਿਵੇਂ ਉਨ੍ਹਾਂ ਨੇ ਵੇਖਣ ਦਾ ਨਿਵੇਕਲਾ ਵਿਚਾਰ ਸਾਹਮਣੇ ਲਿਆਂਦਾ ਅਤੇ ਇਸ ਉਦੇਸ਼ ਨੂੰ ਵਿਸ਼ੇਸ਼ ਤਰਜੀਹ ਦਿੱਤੀ, ਉਸ ਵਲ ਭਾਈ ਵੀਰ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ ਦਾ ਧਿਆਨ ਵੀ ਨਹੀਂ ਗਿਆ। ਦਰਬਾਰ ਸਾਹਿਬ ਦੇ ਸਾਕੇ ਦੇ ਨੇੜਲੇ ਦੌਰ ਵਿਚ ਉਹ ‘ਪੰਜਾਬੀ ਕੌਮ’ ਦੇ ਸੰਕਲਪ ਨੂੰ ਉਭਾਰ ਕੇ ਸਾਹਮਣੇ ਲਿਆ ਰਹੇ ਸਨ ਪਰ ਮਗਰਲੀਆਂ ਰਚਨਾਵਾਂ ਵਿਚ ਉਹ ਕਨਫੈਡਰੇਸ਼ਨ ਦੇ ਨਜ਼ਦੀਕ ਜਾਪਦੇ ਹਨ ਅਤੇ ਸਿੱਖ ਸਾਵਰਨ ਸਟੇਟ ਖਾਲਿਸਤਾਨ ਉਨ੍ਹਾਂ ਦੀ ਮੰਜ਼ਿਲ ਦਾ ਹਿੱਸਾ ਅਜੇ ਸ਼ਾਇਦ ਨਹੀਂ ਸੀ ਬਣੀ। ਵੈਸੇ ‘ਅੰਮ੍ਰਿਤਸਰ ਐਲਾਨਨਾਮੇ’ ਦਾ ਖਰੜਾ ਉਨ੍ਹਾਂ ਨੇ ਹੀ ਤਿਆਰ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਉਤਰੀ ਭਾਰਤ ਵਿਚ ਸਿੱਖਾਂ ਲਈ ਵਿਸ਼ੇਸ਼ ਸਥਾਨ ਦੇਣ ਦੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਤਾਂ ਸਿੱਖ ਕੌਮ ਸਾਵਰਨ ਸਿੱਖ ਸਟੇਟ ਦੀ ਮੰਗ ਕਰੇਗੀ।
ਅਜਮੇਰ ਸਿੰਘ ਬਹਿਸ ਵਿਚ ਆਏ ਬੁੱਧੀਜੀਵੀਆਂ ਨਾਲੋਂ ਅਸਲੋਂ ਹੀ ਵੱਖਰੇ ਧਰਾਤਲ ‘ਤੇ ਖਲੋਤੇ ਨਜ਼ਰ ਆਉਂਦੇ ਹਨ। ਉਹ ਰੂਹਾਨੀਅਤ ਦਾ ਵਿਸ਼ਾ ਲੈ ਕੇ ਅੱਜਕੱਲ੍ਹ ਮੈਦਾਨ ਵਿਚ ਉਤਰੇ ਹਨ ਜਦਕਿ ਪਹਿਲੀਆਂ ਕਿਤਾਬਾਂ ਵਿਚ ਇਹ ਵਿਸ਼ਾ ਉਨ੍ਹਾਂ ਦੇ ਵਿਸ਼ਲੇਸ਼ਣ ਵਿਚ ਕਰੀਬ ਕਰੀਬ ਅਛੋਹ ਹੀ ਰਿਹਾ। ਉਨ੍ਹਾਂ ਦੀ ਧਾਰਨਾ ਹੈ ਕਿ ਸਿੱਖ ਸੰਘਰਸ਼ ਵਿਚ ਇਸ ਮਹਾਨ ਬਰਕਤ ਦੀ ਅਣਹੋਂਦ ਹੀ ਰਹੀ। ਵੈਸੇ ਰੂਹਾਨੀਅਤ ਦੀਆਂ ਡੂੰਘੀਆਂ ਰਮਜ਼ਾਂ ਨਾਲ ਨਾ ਤਾਂ ਉਨ੍ਹਾਂ ਨੇ ਲੈਕਚਰਾਂ ਰਾਹੀਂ ਕਿਤੇ ਸਾਂਝ ਪੁਆਈ ਅਤੇ ਨਾ ਹੀ ਜੁਝਾਰੂ ਲਹਿਰ ਵਿਚ ਕਈ ਥਾਵਾਂ ਤੇ ਵਾਪਰੇ ਅਲੌਕਿਕ ਨਜ਼ਾਰੇ ਉਨ੍ਹਾਂ ਦੇ ਵਿਸ਼ਲੇਸ਼ਣ ਵਿਚ ਹਾਜ਼ਰ ਨਾਜ਼ਰ ਰਹੇ। ਖੈਰ, ਰੂਹਾਨੀਅਤ ਸਿੱਖ ਸੰਘਰਸ਼ ਵਿਚ ਕਿਵੇਂ ਅਦਿਸ ਤੇ ਪ੍ਰਤੱਖ ਰੂਪ ਵਿਚ ਸਹਿਜ ਸੁਭਾਅ ਹੀ ਪ੍ਰਵੇਸ਼ ਕਰਦੀ ਹੈ, ਇਸ ਗੁੰਝਲਦਾਰ ਵਿਸ਼ੇ ਨੂੰ ਕਿਸੇ ਹੋਰ ਥਾਂ ‘ਤੇ ਗੰਭੀਰ ਬਹਿਸ ਵਿਚ ਲਿਆਂਦਾ ਜਾਵੇਗਾ।
ਪਰ ਕੀ ਅਜਮੇਰ ਸਿੰਘ ਦੀਆਂ ਲਿਖਤਾਂ ਪਾਠਕਾਂ ਦੇ ਦਿਲਾਂ ਵਿਚ ਕੋਈ ਥਾਂ ਹੀ ਨਹੀਂ ਬਣਾਉਂਦੀਆਂ? ਕੀ ਇਤਿਹਾਸ ਵਿਚ ਉਨ੍ਹਾਂ ਦਾ ਕੋਈ ਸਥਾਨ ਹੀ ਨਹੀਂ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਪੂਰਾ ਚੌਕਸ ਰਹਿਣਾ ਪਵੇਗਾ, ਬੜੀ ਸਾਵਧਾਨੀ ਵਰਤਣੀ ਪਵੇਗੀ- ਅਜਿਹੀ ਸਾਵਧਾਨੀ ਜਿਸ ਵਿਚ ਸੁਹਿਰਦਤਾ ਵੀ ਹੋਵੇ, ਤੱਥ ਆਧਾਰਿਤ ਸ਼ੰਕੇ ਵੀ ਹੋਣ ਅਤੇ ਵੱਖ-ਵੱਖ ਪਾਠਕਾਂ ਦੀ ਸੋਚ-ਪੱਧਰ ਦੀਆਂ ਵੰਨਗੀਆਂ ਨੂੰ ਵੀ ਵਿਸ਼ਲੇਸ਼ਣ ਵਿਚ ਸ਼ਾਮਿਲ ਕੀਤਾ ਜਾਵੇ।
ਅਜਮੇਰ ਸਿੰਘ ਕੋਲ ਤੱਥਾਂ ਦੀ ਚੋਣ ਅਤੇ ਉਨ੍ਹਾਂ ਤੱਥਾਂ ਨੂੰ ਆਪਣੇ ਹੱਕ ਵਿਚ ਭਗਤਾਉਣ ਦਾ ਬਾਰੀਕ ਹੁਨਰ ਹੈ। ਇਸ ਹੁਨਰ ਨਾਲ ਉਹ ਜਜ਼ਬਿਆਂ ਦਾ ਮਾਹੌਲ ਸਿਰਜ ਕੇ ਹਰ ਵੰਨਗੀ ਦੇ ਪਾਠਕ ਨੂੰ ਆਪਣੇ ਵਲ ਖਿੱਚਦੇ ਹਨ ਅਤੇ ਇਸ ਹਦ ਤਕ ਖਿੱਚ ਲੈਂਦੇ ਹਨ ਕਿ ਆਪਣਾ ਹੀ ਬਣਾ ਲੈਂਦੇ ਹਨ ਪਰ ਉਚੀ ਪੱਧਰ ਦੀ ਰਾਜਨੀਤਕ ਵੰਨਗੀ ਨਾਲ ਜੁੜੇ ਸੁਘੜ ਸਿਆਣੇ ਇਨ੍ਹਾਂ ਜਜ਼ਬਿਆਂ ਤੋਂ ਅਣਭਿੱਜ ਵੀ ਰਹਿੰਦੇ ਹਨ। ਪ੍ਰਭਸ਼ਰਨ-ਭਰਾ ਇਸ ਵੰਨਗੀ ਨਾਲ ਜੁੜੇ ਹੋਏ ਹਨ ਅਤੇ ਆਪਣੇ ਢੰਗ ਨਾਲ ਅਗਵਾਈ ਵੀ ਕਰ ਰਹੇ ਹਨ। ਉਹ ਉਸ ਥਾਂ ਦੀ ਪੈੜ ਕੱਢ ਲੈਂਦੇ ਹਨ, ਜਿਥੋਂ ਸ਼ ਅਜਮੇਰ ਸਿੰਘ ਦਾ ਇਨ੍ਹਾਂ ਜਜ਼ਬਿਆਂ ਨੂੰ ਅੰਤਿਮ ਸੇਧ ਦੇਣ ਦਾ ਪ੍ਰਾਜੈਕਟ ਹੈ, ਜਿਸ ਬਾਰੇ ਪ੍ਰਭਸ਼ਰਨ-ਭਰਾਵਾਂ ਦੀ ਧਾਰਨਾ ਹੈ ਕਿ ਉਹ ਮਿਸ਼ਨ ਪਹਿਲੀ ਕਿਤਾਬ ਤੋਂ ਹੀ ਮਿਥਿਆ ਹੋਇਆ ਸੀ, ਹਾਲਾਂਕਿ ਮੈਂ ਇਸ ਧਾਰਨਾ ਨਾਲ ਅਜੇ ਪੂਰੀ ਤਰ੍ਹਾਂ ਸਹਿਮਤ ਨਹੀਂ। ਇਹ ਭਰਾ ਗੱਜ ਵੱਜ ਕੇ ਇਸੇ ਨੁਕਤੇ ਨੂੰ ਐਨ ਕੇਂਦਰ ਵਿਚ ਰੱਖ ਕੇ ਡਿਬੇਟ ਵਿਚ ਸਰਗਰਮ ਹਨ ਅਤੇ ਨਿਰਮਲ ਚੇਤਨਾ ਦਾ ਅਜਿਹਾ ਸੰਸਾਰ ਸਿਰਜਣਾ ਚਾਹੁੰਦੇ ਹਨ ਜਿਥੇ ਪਾਠਕ ਖੁੱਲ੍ਹੀਆਂ ਅੱਖਾਂ ਨਾਲ ਉਨ੍ਹਾਂ ਤਮਾਮ ਲਿਖਤਾਂ, ਸੁਭਾਵਾਂ, ਝੁਕਾਵਾਂ, ਬੰਦਿਆਂ ਅਤੇ ਵਰਤਾਰਿਆਂ ਨੂੰ ਪੜ੍ਹ ਸਕਣ, ਬੁਝ ਸਕਣ ਜੋ ਖੁਣਸੀ ਚੇਤਨਾ ਰਾਹੀਂ ਸਿੱਖ ਕੌਮ ਨੂੰ ਸਾਵਰਨ ਸਿੱਖ ਸਟੇਟ ਖਾਲਿਸਤਾਨ ਤੋਂ ਦੂਰ-ਦੂਰ ਰੱਖ ਰਹੇ ਹਨ। ਇਨ੍ਹਾਂ ਦੀ ਇਹ ਧਾਰਨਾ ਵੀ ਹੈ ਕਿ ਅਜਮੇਰ ਸਿੰਘ ਨੇ ਆਪਣੇ ਸਮਰਥਕਾਂ ਨੂੰ ਹੁਣ ਇਸ ਅਵਸਥਾ ‘ਤੇ ਪੁਚਾ ਦਿੱਤਾ ਹੈ ਜਿਥੇ ਉਨ੍ਹਾਂ ਨੂੰ ਆਪਣੇ ਆਪ ਨੂੰ ਨਫਰਤ ਕਰਨ ਵਿਚ ਅਜੀਬ ਕਿਸਮ ਦਾ ਸਕੂਨ ਮਿਲਦਾ ਹੈ। ਪ੍ਰਭਸ਼ਰਨ-ਭਰਾ ਅਜਮੇਰ ਸਿੰਘ ਦੇ ਸਮਰਥਕਾਂ ਨੂੰ ਵੀ ਖੁੱਲ੍ਹੀ ਚੁਣੌਤੀ ਦੇ ਰਹੇ ਹਨ ਅਤੇ ਇਲਜ਼ਾਮ-ਤਰਾਸ਼ੀ ਦਾ ਸ਼ੌਕ ਪਾਲਣ ਵਾਲੇ ਭਰਾਵਾਂ ਨੂੰ ਵੀ ਮੁੱਦੇ ਉਤੇ ਲਿਆਉਣ ਅਤੇ ਮੁੱਦੇ ਉਤੇ ਗੰਭੀਰ ਬਹਿਸ ਕਰਨ ਦਾ ਸੱਦਾ ਦਿੰਦੇ ਹਨ। ਵੈਸੇ ਅਜੇ ਤੱਕ ਅਜਮੇਰ ਸਿੰਘ ਦਾ ਇੱਕ ਵੀ ਸਮਰਥਕ ਉਨ੍ਹਾਂ ਦੀਆਂ ਲਿਖਤਾਂ ਦੇ ਆਧਾਰ ‘ਤੇ ਕੋਈ ਅਜਿਹੀ ਲਿਖਤ ਪੇਸ਼ ਨਹੀਂ ਕਰ ਸਕਿਆ ਜਿਸ ਵਿਚ ਉਨ੍ਹਾਂ ਵਲੋਂ ਖਾਲਿਸਤਾਨ ਤੋਂ ਦੂਰੀ ਬਣਾਉਣ ਦੇ ਠੋਸ ਆਧਾਰ ਸਿਰਜੇ ਹੋਣ ਅਤੇ ਨਾ ਹੀ ਉਨ੍ਹਾਂ ਦੀ ਸੁਨਹਿਰੀ ਚੁੱਪ ਨੂੰ ਅਜੇ ਕਿਸੇ ਨੇ ਢੁੱਕਵੇਂ ਸ਼ਬਦ ਦਿੱਤੇ ਹਨ।
ਗੁਰਬਚਨ ਸਿੰਘ ਦੇਸ਼ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਦਾਨਿਸ਼ਵਰ ਸਿੱਖ ਵਿਵੇਕ ਦੇ ਵੱਖ-ਵੱਖ ਪੜਾਵਾਂ ਉਤੇ ਖੜ੍ਹੇ ਹਨ। ਇਹ ਸਾਰੇ ਸੁਹਿਰਦ ਅਤੇ ਸੰਜੀਦਾ ਹਨ ਪਰ ਇਨ੍ਹਾਂ ਸਭਨਾਂ ਦੀ ਰਾਜਨੀਤਕ ਚੇਤਨਤਾ ਦਾ ਵਿਵੇਕ ਭਾਰਤ ਦੀ ਬਹੁ ਗਿਣਤੀ ਦੇ ਗਿਆਨ-ਪ੍ਰਬੰਧ ਦੇ ਪ੍ਰਭਾਵ/ਦਬਾਅ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ, ਭਾਵੇਂ ਇਹ ਵੀ ਹਕੀਕਤ ਹੈ ਕਿ ਸਿੱਖੀ ਦੇ ਨਿਰਮਲ ਸਰੂਪ ਨੂੰ ਤਰੋਤਾਜ਼ਾ ਰੱਖਣ ਲਈ ਉਹ ਪੰਥ ਦੀ ਵੱਖਰੀ ਹੋਂਦ ਨੂੰ ਵਾਰ-ਵਾਰ ਜਤਲਾਉਂਦੇ ਰਹਿੰਦੇ ਹਨ ਪਰ ਖਿੰਡੇ ਰੂਪ ਵਿਚ ਅਤੇ ਅੰਤ ਨੂੰ ਬਹੁ ਗਿਣਤੀ ਦੀ ਤਰਜ਼ੇ-ਜ਼ਿੰਦਗੀ ਦੇ ਵੱਡੇ ਬੋਹੜ ਹੇਠ ਹੀ ਵੱਡੇ ਹੋਣਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਦਰਦਨਾਕ ਸੀਮਾ ਅਤੇ ਬੇਵਸੀ ਹੈ ਅਤੇ ਇਹ ਵੀ ਦਿਲਚਸਪ ਹਕੀਕਤ ਹੈ ਕਿ ਆਪਣੀ ਇਸ ਸੀਮਾ ਅਤੇ ਬੇਵਸੀ ਨੂੰ ਸਿੱਧ ਕਰਨ ਲਈ ਉਨ੍ਹਾਂ ਕੋਲ ਵੰਨ-ਸਵੰਨੀਆਂ ਦਲੀਲਾਂ ਦੀ ਭਰਮਾਰ ਹੁੰਦੀ ਹੈ।
ਬਸ, ਇਥੇ ਹੀ ਪ੍ਰਭਸ਼ਰਨ-ਭਰਾ ਸਿੱਖ ਦਾਨਿਸ਼ਵਰਾਂ ਨਾਲੋਂ ਵਖਰੇ ਅਤੇ ਨਿਵੇਕਲੇ ਨਜ਼ਰ ਆਉਂਦੇ ਹਨ ਪਰ ਦਾਨਿਸ਼ਵਰਾਂ ਵਿਚਕਾਰ ਸਿਹਤਮੰਦ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਹਨ। ਬਹਿਸ ਦੀ ਅੰਤਿਮ ਸਿਖਰ ਨੂੰ ਛੂਹਣ ਵਾਲੇ ਦੌਰ ਆਉਣੇ ਚਾਹੀਦੇ ਹਨ। ਸਿਰਫ ਅਜਿਹਾ ਕਰਨ ਨਾਲ ਹੀ ਮਨੁੱਖਾਂ ਦੇ ਸੂਖਮ ਗੁਣ ਬਾਹਰ ਆ ਸਕਣਗੇ।