ਚਾਰ ਜੁਲਾਈ ਅਤੇ ਅਮਰੀਕਾ ਸਾਡੇ ਕੀ ਲੱਗਦੇ ਨੇ?

4 ਜੁਲਾਈ 1776 ਨੂੰ ਆਜ਼ਾਦੀ ਦੇ ਐਲਾਨਨਾਮੇ ਵਾਲਾ ਦਸਤਾਵੇਜ਼ ਜਾਰੀ ਕੀਤਾ ਗਿਆ ਸੀ। ਐਤਕੀਂ ਅਮਰੀਕਾ ਦੇ ਇਸ ਆਜ਼ਾਦੀ ਦਿਵਸ ਮੌਕੇ ਉਘੇ ਵਿਦਵਾਨ ਡਾ. ਸੁਖਪਾਲ ਸੰਘੇੜਾ ਨੇ ਇਸ ਲੇਖ ਵਿਚ ਆਪਣੇ ਪੰਜਾਬੀ ਭਾਈਚਾਰੇ ਨਾਲ ਕੁਝ ਗੱਲਾਂ ਕੀਤੀਆਂ ਹਨ ਅਤੇ ਕੁਝ ਅਹਿਮ ਸਵਾਲ ਵੀ ਸਾਂਝੇ ਕੀਤੇ ਹਨ। ਇਹ ਉਹ ਸਵਾਲ ਹਨ, ਜੋ ਅਮਰੀਕਾ ਵਿਚ ਵੱਸਦੀਆਂ ਸਾਡੀਆਂ ਵਖ-ਵਖ ਪੀੜ੍ਹੀਆਂ ਵਿਚਾਲੇ ਪਏ ਪਾੜੇ ਦੂਰ ਕਰ ਸਕਦੇ ਹਨ; ਇਹ ਉਹ ਸਵਾਲ ਹਨ, ਜਿਨ੍ਹਾਂ ਵਲ ਆਪਣੇ ਲੋਕ ਬਹੁਤਾ ਧਿਆਨ ਨਹੀਂ ਦਿੰਦੇ, ਪਰ ਮੁੱਕਦੀ ਗੱਲ ਇਹ ਹੈ ਕਿ ਇਨ੍ਹਾਂ ਸਵਾਲਾਂ ਨੂੰ ਗੌਲੇ ਬਿਨਾ ਨਾ ਮਾਪੇ ਅਤੇ ਨਾ ਬੱਚੇ ਉਚੀ ਉਡਾਣ ਭਰ ਸਕਦੇ ਹਨ।

-ਸੰਪਾਦਕ

ਡਾ. ਸੁਖਪਾਲ ਸੰਘੇੜਾ
ਦਰ।ਸੁਕਹਪਅਲ।ਸਅਨਗਹeਰਅ@ਗਮਅਲਿ।ਚੋਮ

ਅਮਰੀਕੀ ਲੋਕਾਂ ਵਲੋਂ ਹਰ ਵਰ੍ਹੇ ਮਨਾਇਆ ਜਾਣ ਵਾਲਾ ਦਿਵਸ, 4 ਜੁਲਾਈ, ਇਸ ਸਾਲ ਸ਼ਨਿਚਰਵਾਰ ਨੂੰ ਪੈਂਦਾ ਹੈ। ਆਮ ਹਾਲਾਤ ਵਿਚ ਇਹ ਸ਼ੁੱਕਰਵਾਰ ਤੋਂ ਐਤਵਾਰ ਤੱਕ ਲੰਮੇ ਵੀਕਐਂਡ ਦੇ ਤੌਰ ‘ਤੇ ਮਨਾਇਆ ਜਾਣਾ ਸੀ; ਪਰੇਡਾਂ, ਆਤਿਸਬਾਜ਼ੀਆਂ, ਬਾਰਬਿਕਯੂ ਪਿਕਨਿਕਾਂ, ਪਾਰਕਾਂ ਤੇ ਬੀਚਾਂ ‘ਤੇ ਲੱਗੀਆਂ ਰੌਣਕਾਂ ਅਤੇ ਚਮਕਦੇ ਤਾਰਿਆਂ ਨਾਲ ਸਜੇ ਲਾਲ-ਚਿੱਟੇ-ਨੀਲੇ ਫਰੇਰਿਆਂ ਤੇ ਉਨ੍ਹਾਂ ਦੇ ਨਿਸ਼ਾਨਾਂ ਦੇ ਆਏ ਹੜ੍ਹ ਸੰਗ। ਇਸ ਵਰ੍ਹੇ ਕਰੋਨਾ ਵਾਇਰਸ ਦੌਰਾਨ, ਜਦੋਂ ਆਲਮ ਵੀਕਐਂਡ ਤੇ ਵੀਕਡੇਜ਼, ਲੌਕਡਾਊਨ ਤੇ ਲੌਕਓਪਨ, ਮਾਸਕ ਤੇ ਨੋ-ਮਾਸਕ, ਸੋਸ਼ਲ ਡਿਸਟੈਂਸ ਤੇ ਨੋ-ਡਿਸਟੈਂਸ ਆਦਿ ਦੇ ਮਿਲਗੋਭੇ ਦੀ ਅਨਿਸ਼ਚਿਤਤਾ ਨਾਲ ਭਰਭੂਰ ਹੈ, ਇਹ ਦੇਖਣਾ ਬਾਕੀ ਹੈ ਕਿ 4 ਜੁਲਾਈ ਕਿੰਜ ਮਨਾਇਆ ਜਾਂਦਾ ਹੈ।
ਅਮਰੀਕਾ ਵਿਚ 4 ਜੁਲਾਈ 1776 ਨੂੰ ‘ਆਜ਼ਾਦੀ ਦਾ ਐਲਾਨਨਾਮਾ’ ਦਸਤਾਵੇਜ਼ ਜਾਰੀ ਕਰ ਕੇ ਇੰਗਲੈਂਡ ਤੋਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦਸਤਾਵੇਜ਼ ਦੇ ਸ਼ੁਰੂ ਵਿਚ ਹੀ ਇਹ ਮਸ਼ਹੂਰ ਲਾਈਨ ਦਰਜ ਹੈ, “ਅਸੀਂ ਇਹ ਸੱਚਾਈ ਆਪਣੇ ਆਪ ਵਿਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਮਨੁੱਖ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖਾਸ ਅਟੱਲ ਹੱਕਾਂ ਨਾਲ ਨਿਵਾਜੇ ਗਏ ਨੇ, ਜਿਨ੍ਹਾਂ ਵਿਚੋਂ ਕੁਝ ਹਨ-ਜ਼ਿੰਦਗੀ, ਸੁਤੰਤਰਤਾ ਤੇ ਖੁਸ਼ੀ ਦੀ ਭਾਲ।”
ਆਜ਼ਾਦੀ ਦਾ ਇਹ ਐਲਾਨਨਾਮਾ ਆਜ਼ਾਦੀ ਘੁਲਾਟੀਏ ਥੌਮਸ ਜੈਫਰਸਨ ਵਲੋਂ ਹੋਰ ਆਜ਼ਾਦੀ ਘੁਲਾਟੀਆਂ ਦੀ ਸਲਾਹ ਨਾਲ ਲਿਖਿਆ ਗਿਆ ਸੀ। ਇਹਨੂੰ ਜਾਰੀ ਕਰਨ ਵੇਲੇ ਆਜ਼ਾਦੀ ਦਾ ਯੁੱਧ, ਜਿਸ ਨੂੰ ਇਨਕਲਾਬੀ ਯੁੱਧ ਵੀ ਕਿਹਾ ਜਾਂਦਾ ਹੈ, ਪਹਿਲਾਂ ਹੀ ਸ਼ੁਰੂ ਹੋ ਚੁਕਾ ਸੀ, ਅਮਰੀਕੀ ਫੌਜ ਦੇ ਕਮਾਂਡਰ ਜੌਰਜ ਵਾਸ਼ਿੰਗਟਨ ਦੀ ਅਗਵਾਈ ਵਿਚ। ਯੁੱਧ ਜਿੱਤਣ ਪਿਛੋਂ ਆਪਣੇ ਆਪ ਨੂੰ ਬਾਦਸ਼ਾਹ ਐਲਾਨਣ ਦੀ ਥਾਂ ਜੌਰਜ ਵਾਸ਼ਿੰਗਟਨ ਨੇ ਜਮਹੂਰੀਅਤ (ਲੋਕਤੰਤਰ) ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਉਹ (ਜੌਰਜ ਵਾਸ਼ਿੰਗਟਨ) ਇਸ ਦੇਸ਼ ਦੇ ਪਹਿਲੇ (1788-89) ਅਤੇ ਥੌਮਸ ਜੈਫਰਸਨ ਤੀਜੇ (1800) ਪ੍ਰਧਾਨ (ਰਾਸ਼ਟਰਪਤੀ) ਚੁਣੇ ਗਏ।
ਇਸ ਲੇਖ ਦੇ ਸ਼ੁਰੂ ਵਿਚ ਜਦੋਂ ਮੈਂ ਕਿਹਾ ਕਿ “ਅਮਰੀਕੀ ਲੋਕਾਂ ਵਲੋਂ ਹਰ ਵਰ੍ਹੇ ਮਨਾਇਆ ਜਾਣ ਵਾਲਾ ਦਿਵਸ, 4 ਜੁਲਾਈ, ਇਸ ਸਾਲ ਸ਼ਨਿਚਰਵਾਰ ਨੂੰ ਪੈਂਦਾ ਹੈ”, ਤਾਂ ਅਮਰੀਕਾ ਵਿਚ ਵਸਦੇ ਪੰਜਾਬੀਆਂ ‘ਚੋਂ ਭਾਰੀ ਬਹੁ-ਗਿਣਤੀ ਨੇ ਆਪਣੇ ਆਪ ਨੂੰ “ਅਮਰੀਕੀ ਲੋਕਾਂ” ਵਿਚ ਸ਼ਾਮਲ ਨਹੀਂ ਕੀਤਾ ਹੋਵੇਗਾ। ਇਸ ਲੇਖ ਵਿਚ ਮੈਂ ਖਾਸ ਕਰ ਉਨ੍ਹਾਂ ਪੰਜਾਬੀਆਂ ਨਾਲ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁਕੀ ਹੈ। ਆਓ, ਉਸ ਦਿਨ ਤੋਂ ਹੀ ਸ਼ੁਰੂ ਕਰੀਏ, ਜਿਸ ਦਿਨ ਨਾਗਰਿਕਤਾ (ਸਿਟੀਜ਼ਨਸ਼ਿਪ) ਮਿਲੀ ਸੀ। ਮਿਸਾਲ ਵਜੋਂ, ਜਦੋਂ ਮੈਨੂੰ ਅਮਰੀਕੀ ਨਾਗਰਿਕਤਾ ਮਿਲਣੀ ਤਾਂ ਮੈਂ ਉਸ ਦਿਨ, ਜਦ ਅਮਰੀਕੀ ਨਾਗਰਿਕਤਾ ਦੀ ਸਹੁੰ ਖਾਣ ਦੀ ਰਸਮ ਵਿਚ ਹਾਜ਼ਰੀ ਭਰੀ ਸੀ, ਤਾਂ ਸਹੁੰ ਚੁਕਾਉਣ ਵਾਲੇ ਜੱਜ ਨੇ ਸਾਨੂੰ ਸਾਰੇ ਸਹੁੰ-ਖਾਣਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ, “ਹੁਣ ਤੋਂ ਤੁਸੀਂ ਸਾਰੇ ਅਮਰੀਕੀ ਹੋ; ਯੂਰਪੀਅਨ-ਅਮਰੀਕੀ, ਇੰਡੀਅਨ-ਅਮਰੀਕੀ, ਇਟੈਲੀਅਨ-ਅਮਰੀਕੀ, ਚਾਇਨੀਜ਼-ਅਮਰੀਕੀ ਆਦਿ ਨਹੀਂ, ਸਗੋਂ ਅਮਰੀਕੀ।”
ਇਸ ਪਿਛੋਂ ਉਸ ਸਮੇਂ ਦੇ ਅਮਰੀਕਨ ਪ੍ਰਧਾਨ ਦਾ ਰਸਮੀ ਖਤ ਮਿਲਿਆ, ਜਿਸ ਵਿਚ ਪ੍ਰਧਾਨ ਨੇ ਮੈਨੂੰ ‘ਮੇਰਾ ਸੰਗੀ ਅਮਰੀਕੀ’ (ਮਾਈ ਫੈਲੋ ਅਮੈਰਿਕਨ) ਕਹਿ ਕੇ ਸੰਬੋਧਨ ਕੀਤਾ ਸੀ। ਮੈਂ ਸ਼ਰਤ ਲਾ ਕੇ ਕਹਿ ਸਕਦਾਂ ਕਿ ਸਿਰਫ ਬਾਕੀ ਪੰਜਾਬੀਆਂ ਦਾ ਹੀ ਨਹੀਂ, ਸਗੋਂ ਅਮਰੀਕੀ ਨਾਗਰਿਕਤਾ ਦੀ ਸਹੁੰ ਚੁੱਕਣ ਵਾਲੇ ਹਰ ਬੰਦੇ ਦਾ ਤਜਰਬਾ ਉਨੀ-ਇੱਕੀ ਦੇ ਫਰਕ ਨਾਲ ਇਹੀ ਹੋਵੇਗਾ। ਅਸੀਂ ਅਮਰੀਕੀ ਨਾਗਰਿਕਤਾ ਦਾ ਕਾਰਡ/ਸਰਟੀਫਿਕੇਟ ਅਤੇ ਉਸ ਉਪਰ ਆਧਾਰਿਤ ਸੋਸ਼ਲ ਸਿਕਿਓਰਿਟੀ ਕਾਰਡ ਤੇ ਪਾਸਪੋਰਟ ਤਾਂ ਸਾਂਭ-ਸਾਂਭ ਰੱਖਦੇ ਹਾਂ, ਪਰ ਸਾਡੇ ਵਿਚੋਂ ਬਹੁਤੇ ਸਾਨੂੰ ਦੱਸੀ ਇਹ ਗੱਲ ਭੁੱਲ ਜਾਂਦੇ ਨੇ ਜਾਂ ਨਜ਼ਰ-ਅੰਦਾਜ਼ ਕਰ ਜਾਂਦੇ ਨੇ ਕਿ ਅਮਰੀਕੀ ਨਾਗਰਿਕ ਬਣਨ ਦੇ ਰਸਮੀ ਜਸ਼ਨ ਪਿਛੋਂ ਅਸੀਂ ਵੀ ਅਮਰੀਕਨ ਹਾਂ। ਅਸੀਂ ਜੋ ਇਸ ਦੇਸ਼ ਵਿਚ ਨਹੀਂ ਜੰਮੇ, ਇਸ ਦੇਸ਼ ਵਿਚ ਆਪਣੇ ਖਾਨਦਾਨ ਵਿਚ ਪਹਿਲੀ ਪੀੜ੍ਹੀ ਦੇ ਅਮਰੀਕੀ ਹਾਂ ਅਤੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਇਸ ਦੇਸ਼ ਦੇ ਪ੍ਰਧਾਨ ਤੇ ਉਪ-ਪ੍ਰਧਾਨ ਤੋਂ ਸਿਵਾਏ ਕੁਝ ਵੀ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ; ਪਰ ਅਸੀਂ ਅਮਰੀਕੀ ਨਾਗਰਿਕ ਹੁੰਦੇ ਹੋਏ ਵੀ ‘ਅਮਰੀਕੀ ਲੋਕਾਂ’ ਦਾ ਹਵਾਲਾ ‘ਇਥੋਂ ਦੇ ਲੋਕ’ ਜਾਂ ‘ਅਮੈਰਿਕਨ’ ਆਦਿ ਨਾਂਵਾਂ ਨਾਲ ਦਿੰਦੇ ਹਾਂ, ਜਿਨ੍ਹਾਂ ਵਿਚ ਅਸੀਂ ਆਪਣੇ ਆਪ ਨੂੰ ਤਾਂ ਕੀ, ਆਪਣੇ ਇਧਰ ਜੰਮੇ-ਪਲੇ ਬੱਚਿਆਂ ਨੂੰ ਵੀ ਸ਼ਾਮਲ ਨਹੀਂ ਕਰਦੇ। ਆਪਾਂ ਵਿਚੋਂ ਕੁਝ ਤਾਂ ਸਿਰਫ ‘ਗੋਰੇ’, ਭਾਵ ਯੂਰਪੀਅਨ ਮੂਲ ਵਾਲੇ, ਲੋਕਾਂ ਨੂੰ ਹੀ ਅਮਰੀਕਨ ਸਮਝਦੇ ਨੇ। ਇਸ ਤਰ੍ਹਾਂ ਦਾ ਰਵੱਈਆ ਆਮ ਪੰਜਾਬੀ ਅਮਰੀਕਨਾਂ ਤੱਕ ਸੀਮਤ ਨਾ ਰਹਿ ਕੇ ਪੰਜਾਬੀ ਅਮਰੀਕਨਾਂ ਦੇ ਬੁੱਧੀਜੀਵੀ/ਲੇਖਕ ਤਬਕੇ ਦੇ ਵੱਡੇ ਹਿੱਸੇ ਵਿਚ ਵੀ ਘਰ ਕਰ ਚੁਕਾ ਹੈ; ਇਸ ਹਿੱਸੇ ਦੇ ਲੇਖਕ ਆਪਣੀਆਂ ਰਚਨਾਵਾਂ ਵਿਚ ਇਸ ਰਵੱਈਏ ਨੂੰ ਖੂਬ ਪੱਠੇ ਪਾਉਂਦੇ ਰਹਿੰਦੇ ਨੇ।
ਅਸਲ ਵਿਚ ਜੇ ਹਕੀਕਤ ਦਾ ਪੱਲਾ ਫੜੀ ਰੱਖੀਏ ਤਾਂ ਇਹ ਵਿਸ਼ਾ ਜਾਂ ਮੁੱਦਾ ਇੰਨਾ ਜਟਿਲ ਵੀ ਨਹੀਂ। ਜਦੋਂ ਬੰਦਾ ਇਕ ਦੇਸ਼ ਵਿਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿਚ ਆਣ ਵਸੇ, ਤੇ ਉਹਦੀ ਨਾਗਰਿਕਤਾ ਹਾਸਲ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼ (ਕੰਟਰੀ ਆਫ ਚੁਆਇਸ) ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇਕ ਪਿੱਛੇ ਰਹਿ ਗਿਆ ਜਨਮ-ਦੇਸ਼, ਤੇ ਇਕ ਹੁਣ ਦਾ ਦੇਸ਼; ਪਰਦੇਸ ਕੋਈ ਨਹੀਂ। ਇਹ ਇਸ ਹਾਲਤ ਪ੍ਰਤੀ ਵਾਜਬ ਤੇ ਸਹਿਜ ਪਹੁੰਚ ਹੈ, ਜੋ ਹਕੀਕਤ ‘ਤੇ ਆਧਾਰਿਤ ਹੈ, ਪਰ ਇਸ ਪਹੁੰਚ ਦੇ ਸਮਰਥਕ ਪੰਜਾਬੀ ਲੋਕਾਂ ਤੇ ਲੇਖਕਾਂ ਵਿਚ ਬਹੁਤ ਘੱਟ ਗਿਣਤੀ ਵਿਚ ਨੇ, ਆਟੇ ਵਿਚ ਲੂਣ ਬਰਾਬਰ। ਬਾਹਲੇ ਪੰਜਾਬ ‘ਚ ਜੰਮੇ ਤੇ ਦੂਜੇ ਦੇਸ਼ਾਂ ਵਿਚ ਆ ਵਸੇ ਪੰਜਾਬੀ, ਦੂਜੇ ਨੂੰ ਵਿਦੇਸ਼ ਸਮਝ ਕੇ ਆਪੇ ਸਿਰਜਿਆ ਪਰਵਾਸੀ/ਵਿਦੇਸ਼ੀ ਹੋਣੇ ਦਾ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ। ਆਪਣੀ ਚੋਣ ਦੇ ਦੇਸ਼ ਵਿਚ ਪਰਵਾਸੀ, ਉਸ ਦੇਸ਼ ਦੇ ਸਿਸਟਮ ਦੇ ਪਲਦੇ, ਪੜ੍ਹਦੇ, ਨੌਕਰੀਆਂ ਕਰਦੇ ਆਪਣੇ ਬੱਚਿਆਂ ਵਿਚਕਾਰ ਪਰਵਾਸੀ।
ਉਧਰ ਪੰਜਾਬ ਵਿਚ ਰਹਿੰਦੇ ਬਾਹਲੇ ਲੇਖਕ ਤੇ ਆਲੋਚਕ ਦੂਜੇ ਦੇਸ਼ੀਂ ਆਣ ਵਸੇ ਲੇਖਕਾਂ ਨੂੰ ਪਰਵਾਸੀ/ਵਿਦੇਸ਼ੀ ਹੋਣ ਦਾ ਖਿਤਾਬ ਦੇ ਦੇ ਕੇ ਉਨ੍ਹਾਂ ਦੀਆਂ ਰਚਨਾਵਾਂ ‘ਚੋਂ ਉਨ੍ਹਾਂ ਦਾ ਪਿਛੋਕੜ ਲੱਭਦੇ ਰਹਿੰਦੇ ਹਨ, “ਇਸ ਰਚਨਾ ‘ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ।” ਪੰਜਾਬ ਵਿਚ ਇਕ ਦੂਜੇ ਦੀਆਂ ਰਚਨਾਵਾਂ ਨੂੰ ਦੇਖ ਕੇ ਵਾਰਿਸ਼ ਸ਼ਾਹ ਅਤੇ ਸ਼ਿਵ ਵਰਗਿਆਂ ਨੂੰ ਹਾਕਾਂ ਮਾਰਨ ਲੱਗਦੇ ਨੇ। ਸ਼ਾਇਦ ਸਾਡੀ ਮਹਿਕ ਜਾਂ ਗਿਆਨ ਇੰਦਰੀ ਵਿਚੋਂ ‘ਹੁਣ’ ਦੀ ਮਹਿਕ ਜਾਂ ਸੋਚ ਦਾ ਸੈਂਸਰ ਗਾਇਬ ਹੈ। ਇਹ ਹਕੀਕਤ ਸ਼ਾਇਦ ਇਸ ਗੱਲ ਦੀ ਹੀ ਤਰਜਮਾਨੀ ਕਰਦੀ ਹੈ ਕਿ ਅਸੀਂ ਪੰਜਾਬੀ ਲੋਕ ਕਿੰਜ ਅੱਜ ਜਾਂ ਭਲਕ ਦੇ ਵਿਚਾਰਾਂ ਅਤੇ ਸੋਚ ਤੋਂ ਕੰਨੀ ਕਤਰਾ ਕੇ ਭੂਤ-ਮੁਖੀ ਸੋਚ ਤੇ ਪਹੁੰਚ ਅਪਨਾਉਂਦਿਆਂ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਆਪਣੇ ਪਿਛੋਕੜ ਵਿਚੋਂ ਲੱਭਣ ਤੁਰ ਪੈਂਦੇ ਹਾਂ। ਮੁੱਕਦੀ ਗੱਲ, ਬਾਹਲੇ ਪੰਜਾਬ ਵਿਚਲੇ ਅਤੇ ਪੰਜਾਬੋਂ ਬਾਹਰ ਦੂਜੇ ਦੇਸ਼ਾਂ ਵਿਚ ਆ ਵਸੇ ਪੰਜਾਬੀ ਲੇਖਕਾਂ ਵਲੋਂ ‘ਪਰਵਾਸੀ’ ਸ਼ਬਦ ਦਾ ਅਰਥ ਕੁਝ ਇਸ ਤਰ੍ਹਾਂ ਦਾ ਚਿਤਰਿਆਂ ਤੇ ਉਭਾਰਿਆਂ ਜਾਂਦਾ ਹੈ: ਵਿਦੇਸ਼ੀ, ਨਾ ਘਰ ਦੇ ਨਾ ਘਾਟ ਦੇ, ਖਾਨਾ-ਬਦੋਸ਼, ਵਿਚਾਰੇ, ਇਨ੍ਹਾਂ ਵਲੋਂ ਖੁਦ ਚੁਣਿਆ ਹੋਇਆ ਦੇਸ਼ ਇਨ੍ਹਾਂ ਦਾ ਦੇਸ਼ ਨਹੀਂ, ਇਨ੍ਹਾਂ ਨੂੰ ਮਿਲੀ ਸਜ਼ਾ ਵਾਂਗੂ ਜੱਗੋਂ ਬਾਹਰੀ ਸਖਤ ਮਿਹਨਤ ਕਰਨੀ ਪੈਂਦੀ ਹੈ, ਵਗੈਰਾ-ਵਗੈਰਾ।
ਪਰਵਾਸੀ ਸ਼ਬਦ ਦਫਤਰੀ ਤੌਰ ‘ਤੇ ਅੰਗਰੇਜ਼ੀ ਦੇ ਸ਼ਬਦ ਇਮੀਗਰੈਂਟ ਦਾ ਉਲਥਾ ਹੈ, ਪਰ ਜਿਵੇਂ ਉਪਰ ਬਿਆਨ ਕੀਤਾ ਹੈ, ਅਸੀਂ ਇਹਦਾ ਹੋਰ ਹੀ ਕੁਝ ਬਣਾ ਛੱਡਿਆ ਹੈ। ਇਹ ਵਿਗੜਿਆ ਅਰਥ ਅਸੀਂ ਆਪਣੇ ਜਨਮ ਦੇਸ਼ ਤੋਂ ਹੀ ਲੈ ਆਉਂਦੇ ਹਾਂ, ਜਿਥੇ ਬਿਹਾਰ ਤੋਂ ਪੰਜਾਬ ਕੰਮ ਕਰਨ ਪੁੱਜਿਆ ਬੰਦਾ ਆਪਣੇ ਹੀ ਦੇਸ਼ ਵਿਚ ‘ਬਿਹਾਰ ਦਾ ਪਰਵਾਸੀ ਭਈਆ’ ਬਣ ਜਾਂਦਾ ਹੈ। ਤੁਸੀਂ ਇਧਰ ਅਮਰੀਕਾ (ਜਾਂ ਕੈਨੇਡਾ) ਵਿਚ ਕੰਮ ਜਾਂ ਕਿਸੇ ਹੋਰ ਕਾਰਨ ਇੱਕ ਤੋਂ ਦੂਜੇ ਸੂਬੇ ਨੂੰ ਜਾਣ ਵਾਲੇ ਬੰਦੇ ਜਾਂ ਪਰਿਵਾਰ ਉਤੇ ਕੀ ਕਦੀ ਪਰਵਾਸੀ ਹੋਣ ਦਾ ਠੱਪਾ ਲੱਗਦਿਆਂ ਦੇਖਿਆ ਹੈ?
ਅੱਜ ਜਿਸ ਤਰ੍ਹਾਂ ਦਾ ਵੀ ਹੈ, ਇਹ ਦੇਸ਼ (ਅਮਰੀਕਾ) ਇਮੀਗਰੈਂਟਾਂ ਨੇ ਸ਼ੁਰੂ ਕੀਤਾ ਅਤੇ ਉਸਾਰਿਆ ਹੈ। ਆਦਿਵਾਸੀ ਅਮਰੀਕੀਆਂ ਤੋਂ ਇਲਾਵਾ, ਅੱਜ ਵੀ ਇਸ ਦੇਸ਼ ਦਾ ਹਰ ਵਿਅਕਤੀ ਜਾਂ ਟੱਬਰ ਜਾਂ ਤਾਂ ਇਮੀਗਰੈਂਟ ਹੈ, ਤੇ ਜਾਂ ਉਹਦੀਆਂ ਜੜ੍ਹਾਂ ਇਸ ਦੇਸ਼ ਵਿਚ ਇਮੀਗਰੈਂਟ ਵਿਅਕਤੀ ਜਾਂ ਟੱਬਰ ਤੱਕ ਪਹੁੰਚਦੀਆਂ ਹਨ। ਇਥੇ ਪਹਿਲੇ ਇਮੀਗਰੈਂਟ ਲੜਾਈਆਂ ਦੇ ਨੋਚੇ ਹੋਏ ਯੂਰਪ ਵਿਚੋਂ ਚੰਗੇਰੀ ਜ਼ਿੰਦਗੀ ਦੀ ਭਾਲ ਕਰਦੇ ਸੰਨ 1620 ਵਿਚ ਆਉਣੇ ਸ਼ੁਰੂ ਹੋਏ, ਜਦੋਂ ‘ਮੇਅ ਫਲਾਵਰ’ ਨਾਂ ਦੇ ਸਮੁੰਦਰੀ ਜਹਾਜ ‘ਤੇ ਪਹਿਲੇ 102 ਯਾਤਰੀ ਅਮਰੀਕਾ ਦੇ ਪੂਰਬੀ ਤੱਟ ‘ਤੇ ਉਤਰੇ, ਜਿਨ੍ਹਾਂ ਨੂੰ ਅਮਰੀਕੀ ਇਤਿਹਾਸ ਵਿਚ ਸਤਿਕਾਰ ਨਾਲ ਫਸਟ ਸੈਟਲਰਜ਼ ਜਾਂ ਪਿਲਗਰਿਮਜ਼ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਜ਼ਮੀਨ ਨੂੰ ਆਪਣੀ ਸਮਝ ਕੇ ਪਿਛਲ-ਝਾਤ ਦੀ ਥਾਂ ਅਗਾਂਹ-ਮੁਖੀ ਸੋਚ ਅਪਨਾਉਂਦਿਆਂ ਇਥੇ ਆਪਣੇ ਪਰਿਵਾਰ ਵਸਾਏ ਅਤੇ ਇਸ ਦੇਸ਼ ਦੀ ਉਸਾਰੀ ਅਰੰਭੀ। ਫਿਰ ਉਨ੍ਹਾਂ ਪਿਛੋਂ ਹੌਲੀ-ਹੌਲੀ ਸੰਸਾਰ ਦੇ ਵਖ-ਵਖ ਭਾਗਾਂ ‘ਚੋਂ ਆਉਣ ਵਾਲੇ ਇਮੀਗਰੈਂਟਾਂ ਤੇ ਇਮੀਗਰੈਂਟਾਂ ਦੀ ਔਲਾਦ ਦੀਆਂ ਪੀੜ੍ਹੀਆਂ ਨੇ ਇਹ ਉਸਾਰੀ ਜਾਰੀ ਰੱਖੀ। ਇਹ ਕੰਮ ਇਮੀਗਰੈਂਟਾਂ ਨੇ ਅਕਸਰ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਕੇ ਭਵਿਖ-ਮੁਖੀ ਪਹੁੰਚ ਅਪਨਾਉਂਦਿਆਂ ਕੀਤਾ।
ਯਾਦ ਰਹੇ, ਇਮੀਗਰੈਂਟਾਂ, ਭਾਵ ਪਹਿਲੀ ਪੀੜ੍ਹੀ ਅਮਰੀਕੀਆਂ ਨੇ ਅਮਰੀਕੀ ਆਜ਼ਾਦੀ ਦੇ ਇਨਕਲਾਬੀ ਯੁੱਧ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦੇਸ਼ ਵਿਚ ਇਮੀਗਰੈਂਟਾਂ ਦਾ ਇਹ ਅਰਥ ਅਤੇ ਰੋਲ ਰਿਹਾ ਹੈ। ਇਹ ਅਰਥ ਪਰਵਾਸੀ ਸ਼ਬਦ ਉਪਰ ਚਰਚਿਤ ਉਨ੍ਹਾਂ ਅਰਥਾਂ ਤੋਂ ਵੱਖਰੇ ਹਨ, ਜੋ ਸਾਡੇ ਵਿਚੋਂ ਬਾਹਲੇ ਪੰਜਾਬੀ ਅਮਰੀਕਨ ਲੇਖਕ ਵਰਤਦੇ ਤੇ ਹੰਢਾਉਂਦੇ ਨੇ। ਇਹ ਅਰਥ ਸਾਡੇ ਵਿਚੋਂ ਬਾਹਲੇ ਪੰਜਾਬੀ ਅਮਰੀਕਨਾਂ ਦੇ ‘ਅਮਰੀਕਾ’ ਤੇ ‘ਅਮਰੀਕਨ’ ਪ੍ਰਤੀ ਧਾਰੇ ਜਾਂ ਅਪਨਾਏ ਰਵੱਈਏ ਤੋਂ ਵੀ ਵੱਖਰੇ ਨੇ, ਜਿਸ ਰਵੱਈਏ ਦੀ ਮੈਂ ਹਥਲੇ ਲੇਖ ਵਿਚ ਗੱਲ ਕਰ ਰਿਹਾਂ। ਇਥੇ ਮੈਂ ਇਹ ਗੱਲ ਸਪਸ਼ਟ ਕਰ ਦਿਆਂ ਕਿ ਮੇਰੇ ਮਨ ਵਿਚ ਭੋਰਾ ਭਰ ਵੀ ਸ਼ੱਕ ਨਹੀਂ ਕਿ ਅਸੀਂ ਪੰਜਾਬੀ ਇਮੀਗਰੈਂਟਾਂ ਨੇ ਇਥੇ ਆਪਣੇ ਸੌ ਸਾਲਾਂ ਤੋਂ ਵੀ ਲੰਮੇ ਇਤਿਹਾਸ ਦੌਰਾਨ ਇਸ ਦੇਸ਼ ਦੀ ਉਸਾਰੀ ਵਿਚ ਆਪਣਾ ਅਹਿਮ ਹਿੱਸਾ ਪਾਇਆ ਹੈ, ਹੋਰਨਾਂ ਭਾਈਚਾਰਿਆਂ ਵਾਂਗੂ ਹੀ; ਪਰ ਇਸ ਲੇਖ ਵਿਚ ਮੈਂ ਇਸ ਰਵੱਈਏ ਦੀ ਗੱਲ ਤਾਂ ਕਰ ਰਿਹਾਂ, ਕਿਉਂਕਿ ਇਸ ਰਵੱਈਏ ਦੇ ਵੀ ਅਮਲੀ ਨਤੀਜੇ ਨਿਕਲਦੇ ਹਨ, ਜੋ ਸਾਡੀ ਜ਼ਿੰਦਗੀ ‘ਤੇ ਮਾਰੂ ਅਸਰ ਪਾਉਂਦੇ ਹਨ।
ਇਹ ਮਾਰੂ ਅਸਰ ਘਰ ਤੋਂ ਸ਼ੁਰੂ ਹੁੰਦੇ ਨੇ। ਜਦੋਂ ਅਸੀਂ ਇਸ ਦੇਸ਼ ਨੂੰ ਆਪਣਾ ਨਾ ਸਮਝਦਿਆਂ ਇਹਦੇ ਵਿਸ਼ਾਲ ਵਿਭਿੰਨਤਾ ਵਾਲੇ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਦਿਲਚਸਪੀ ਨਹੀਂ ਲੈਂਦੇ ਅਤੇ ਆਪਣੇ ਤੰਗ ਭਾਈਚਾਰੇ ਤੱਕ ਹੀ ਸੀਮਿਤ ਰਹਿੰਦੇ ਹਾਂ, ਤਾਂ ਇਸ ਦੇਸ਼ ਦੇ ਸਿਸਟਮ ਵਿਚ ਪਲਦੀ, ਪੜ੍ਹਦੀ ਤੇ ਨੌਕਰੀਆਂ ਕਰਦੀ ਆਪਣੀ ਔਲਾਦ ਦੀ ਸਮਝ ਤੇ ਆਪਣੀ ਸਮਝ ਵਿਚਾਲੇ ਬੇਸਮਝੀ ਦੀ ਖਾਈ ਪੁੱਟ ਲੈਂਦੇ ਹਾਂ। ਸਾਡੇ ਵਿਚੋਂ ਚੋਖੀ ਗਿਣਤੀ ਵਿਚ ਕਈ ਆਪਣੀ ਰਹਿੰਦੀ ਉਮਰ ਖਾਈ ਦੇ ਇਸ ਪਾਰ ਖੜ੍ਹੋ, ਖਾਈ ਦੇ ਉਸ ਪਾਰ ਖੜ੍ਹੀ ਆਪਣੀ ਔਲਾਦ ਨਾਲ ਖਹਿਬੜਦੇ ਬਿਤਾ ਦਿੰਦੇ ਨੇ, ਜਾਂ ਕੁਝ ਦਬਾਅ ਪਾ ਕੇ ਔਲਾਦ ਨੂੰ ਆਪਣੇ ਪਾਸੇ ਧੂਹਣ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਕਾਮਯਾਬੀ ‘ਤੇ ਚਾਹੇ ਅਸੀਂ ਲੱਖ ਪਿੱਠਾਂ ਜਾਂ ਹਿੱਕਾਂ ਥਾਪੜਦੇ ਜੇਤੂ ਬਣ-ਬਣ ਫਿਰੀਏ, ਕੌੜਾ ਸੱਚ ਤਾਂ ਇਹ ਹੈ ਕਿ ਸਾਡੀ ਇਹ ‘ਜਿੱਤ’ ਬੇਸਮਝੀ ਦੀ ਖਾਈ ਨੂੰ ਧੱਕ ਕੇ ਸਾਡੀ ਔਲਾਦ ਅਤੇ ਬਾਹਰਲੇ ਵਿਸ਼ਾਲ ਸਮਾਜ ਵਿਚਾਲੇ ਕਰ ਦਿੰਦੀ ਹੈ, ਇੰਜ ਔਲਾਦ ਦੇ ਭਵਿਖ ਵਿਚ ਕੰਡੇ ਬੀਜ ਦਿੰਦੀ ਹੈ। ਔਲਾਦ ਨੂੰ ਇਹ ਖਾਈ ਬਾਅਦ ਦੀ ਜ਼ਿੰਦਗੀ ਦੇ ਧੌਲ-ਧੱਫੇ ਖਾ ਕੇ ਹੌਲੀ-ਹੌਲੀ ਆਪ ਹੀ ਪਾਰ ਕਰਨੀ ਪੈਂਦੀ ਹੈ ਜਾਂ ਸਾਰੀ ਜ਼ਿੰਦਗੀ ਇਸ ਖਾਈ ਦੀ ਸਜ਼ਾ ਅਸਫਲਤਾਵਾਂ ਦੇ ਰੂਪ ਵਿਚ ਭੁਗਤਣੀ ਪੈਂਦੀ ਹੈ।
ਮੈਂ ਇਸ ਗੱਲ ਤੋਂ ਵੀ ਭਲੀਭਾਂਤ ਜਾਣੂ ਹਾਂ ਕਿ ਇਮੀਗਰੈਂਟਾਂ, ਭਾਵ ਪਹਿਲੀ ਪੀੜ੍ਹੀ ਦੇ ਅਮੈਰਿਕਨਾਂ ਦੇ ਕੁਝ ਆਪਣੇ ਹੀ ਅਲੱਗ ਮੁੱਦੇ ਅਤੇ ਮਸਲੇ ਹੁੰਦੇ ਨੇ, ਜਿਵੇਂ ਪਿੱਛੇ ਰਹਿ ਗਏ ਜਨਮ ਦੇਸ਼ ਦਾ ਹੇਰਵਾ ਤੇ ਆਪਣੇ ਨਵੇਂ ਦੇਸ਼ ਵਿਚ ਵਸਣ ਦੀ ਪ੍ਰਕ੍ਰਿਆ ਦੌਰਾਨ ਆਉਂਦੀਆਂ ਮੁਸ਼ਕਿਲਾਂ; ਪਰ ਜਿਸ ਰਵੱਈਏ ਦੀ ਮੈਂ ਉਪਰ ਗੱਲ ਕੀਤੀ ਹੈ, ਉਹ ਰਵੱਈਆ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਕੱਢਣ ਵਿਚ ਮਦਦ ਕਰਨ ਦੀ ਥਾਂ ਇਨ੍ਹਾਂ ਮੁਸ਼ਕਿਲਾਂ ਨੂੰ ਵਧਾਉਂਦਾ ਹੀ ਹੈ। ਇਹ ਵੀ ਸੱਚ ਕਿ ਹੋਰ ਦੇਸ਼ਾਂ ਵਾਂਗ ਇਸ ਦੇਸ਼ ਦੇ ਇਤਿਹਾਸ ਵਿਚ ਵੀ ਹਮੇਸ਼ਾ ਸਭ ਕੁਝ ਠੀਕ ਨਹੀਂ ਰਿਹਾ। ਸਮੇਂ ਸਮੇਂ ਵਖ-ਵਖ ਇਮੀਗਰੈਂਟ ਗਰੁੱਪਾਂ ਨਾਲ ਵਿਤਕਰੇ ਹੁੰਦੇ ਰਹੇ ਅਤੇ ਅੱਜ ਵੀ ਹੋ ਰਹੇ ਨੇ, ਪਰ ਇਹ ਸਮੱਸਿਆਵਾਂ ਵੀ ਇਸ ਲੇਖ ਵਿਚ ਚਰਚਿਤ ਰਵੱਈਆ ਅਪਨਾ ਕੇ ਨਹੀਂ, ਸਗੋਂ ਇਸ ਦੇਸ਼ ਦੇ ਸਮਾਜਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਹੱਲ ਕੀਤੀਆਂ ਜਾਂਦੀਆਂ ਨੇ। ਇਸ ਦੇਸ਼ ਨੂੰ ਆਪਣਾ ਸਮਝ ਕੇ, ਨਾ ਅਪਨਾਉਣਾ ਤਾਂ ਮੁੱਢੋਂ ਢੇਰੀ ਢਾਹੁਣ ਵਾਲੀ ਗੱਲ ਹੈ।
ਇਸ ਲੇਖ ਵਿਚ ਜੋ ਮੈਂ ਹੁਣ ਤੱਕ ਕਿਹਾ, ਉਹਦੇ ਪ੍ਰਸੰਗ ਵਿਚ ਇੱਕ ਲੇਖਕ ਹੋਣ ਦੇ ਨਾਤੇ ਮੇਰਾ ਬਹੁਤ ਜੀਅ ਕਰਦਾ ਹੈ, ਜਾਂ ਇੰਜ ਸਮਝੋ ਕਿ ਜੇ ਮੇਰਾ ਵੱਸ ਚੱਲੇ ਤਾਂ ਮੈਂ ਆਪਣੇ ਸੰਗੀ ਪੰਜਾਬੀ ਅਮਰੀਕਨ ਲੇਖਕਾਂ ਨੂੰ ਕਹਾਂ, “ਆਓ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਦੀ ਜ਼ਮੀਨ ਉਪਰ ਆਪੇ ਰਚੀ ਵਿਦੇਸ਼ੀ/ਪਰਵਾਸੀ ਸੋਗ ਸਭਾ ਦੀ ਵਿਛਾਈ ਦਰੀ ਲਪੇਟ ਲਈਏ।” ਪੰਜਾਬੀ ਬੰਦਾ ਹੋਣ ਦੇ ਨਾਤੇ ਮੇਰਾ ਬਹੁਤ ਜੀਅ ਕਰਦਾ ਹੈ ਕਿ ਮੈਂ ਆਪਣੇ ਸੰਗੀ ਪੰਜਾਬੀ ਅਮਰੀਕਨਾਂ ਨੂੰ ਕਹਾਂ, “ਆਓ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਅਮਰੀਕਾ, ਇਹਦੇ ਕੌਮੀ ਤਿਉਹਾਰਾਂ ਤੇ ਇਹਦੇ ਹੋਰ ਲੋਕਾਂ ਨੂੰ ਸੌਕਣਾਂ ਵਾਂਗ ਦੇਖਣ ਦੀ ਥਾਂ ਉਨ੍ਹਾਂ ਨੂੰ ਅਸਲ ਵਿਚ ਅਪਨਾਈਏ।”
ਅਪਨਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਣਾ ਸਭ ਕੁਝ ਛੱਡ ਦੇਈਏ। ਇਥੇ ਅਪਨਾਉਣ ਦਾ ਮਤਲਬ ਹੈ, ਇਹਦੀਆਂ ਵਾਦੀਆਂ, ਪਹਾੜਾਂ, ਰੁੱਤਾਂ, ਬਰਫਾਂ, ਧੁੰਦਾਂ ਤੇ ਬਾਰਿਸ਼ਾਂ ਸਮੇਤ ਅਮਰੀਕਾ ਨੂੰ ਆਪਣਾ ਦੇਸ਼ ਸਮਝੀਏ; ਤੇ ਇਥੇ ਰਹਿਣ ਵਾਲੇ ਹੋਰ ਲੋਕਾਂ ਨੂੰ ਆਪਣੇ ਦੇਸ਼ ਵਾਸੀ। ਅਪਨਾਉਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਬਾਹਰਲੇ ਆਪਣੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ, ਰਿਵਾਜ਼, ਤਿਉਹਾਰ ਆਦਿ ਸਾਂਝੇ ਕਰੀਏ ਅਤੇ ਉਨ੍ਹਾਂ ਦੇ ਵਿਚਾਰਾਂ, ਰਿਵਾਜ਼ਾਂ, ਤਿਉਹਾਰਾਂ ਆਦਿ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਪਨਾਉਣ ਦਾ ਮਤਲਬ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਿਲਾਂ, ਹੋਰ ਭਾਈਚਾਰਿਆਂ ਦੀਆਂ ਮੁਸ਼ਕਿਲਾਂ ਤੇ ਆਪਣੇ ਦੇਸ਼ ਅਮਰੀਕਾ ਦੀਆਂ ਕੌਮੀ ਮੁਸ਼ਕਿਲਾਂ ਤੋਂ ਜਾਣੂ ਰਹੀਏ ਅਤੇ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਆਪਣੇ ਵਿੱਤ ਮੂਜਬ ਇਸ ਦੇਸ਼ ਦੇ ਸਮਾਜਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿਚ ਹਿੱਸਾ ਲਈਏ। ਇਹੋ ਜਿਹਾ ਆਪਣੇਪਣ ਦਾ ਰਵੱਈਆ ਸਾਨੂੰ ਆਪਣੀ ਇਥੇ ਜੰਮੀ/ਪਲੀ ਔਲਾਦ ਨੂੰ ਵੀ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਉਸ ਨਾਲ ਨੇੜਤਾ ਵਧਾਉਣ ਵਿਚ ਵੀ ਸਹਾਈ ਹੋਏਗਾ।
ਅਮਰੀਕਾ ਵਿਚ 4 ਜੁਲਾਈ ਵਰਗੇ ਦਿਨਾਂ-ਸੁਦਾਂ ਉਪਰ ਆਮ ਗਾਇਆ ਜਾਣ ਵਾਲਾ ਗੀਤ ਹੈ, ਜੋ ਇਸ ਦੇਸ਼ ਵਿਚ ਸਦਾ ਬਹਾਰ, ਪ੍ਰਸਿੱਧ ਤੇ ਮਨਭਾਉਂਦੇ ਗੀਤਾਂ ਵਿਚੋਂ ਕੌਮੀ ਗੀਤ ਦੇ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਇਹ ਗੀਤ ਅਮਰੀਕੀ ਲੋਕ ਗੀਤਕਾਰ ਤੇ ਗਾਇਕ ਵੂਡੀ ਗੱਥਰੀ (14 ਜੁਲਾਈ 1912-3 ਅਕਤੂਬਰ 1967) ਨੇ ਲਿਖਿਆ ਤੇ ਪਹਿਲੀ ਵਾਰ ਗਾਇਆ। ਇਹ ਗੀਤ ਇਨ੍ਹਾਂ ਸਤਰਾਂ ਨਾਲ ਸ਼ੁਰੂ ਹੁੰਦਾ ਹੈ,
ਠਹਸਿ ਲਅਨਦ ਸਿ ੁਰ ਲਅਨਦ, ਟਹਸਿ ਲਅਨਦ ਸਿ ਮੇ ਲਅਨਦ।
ਾਂਰੋਮ ਟਹe ਛਅਲੋਰਨਅਿ ਟੋ ਟਹe ਂeੱ ੋਰਕ ਸਿਲਅਨਦ।
ਾਂਰੋਮ ਟਹe ੍ਰeਦੱੋਦ ਾਂੋਰeਸਟ, ਟੋ ਟਹe ਗੁਲਾ ਸਟਰeਅਮ ੱਅਟeਰਸ
ਠਹਸਿ ਲਅਨਦ ੱਅਸ ਮਅਦe ੋਰ ੁ ਅਨਦ ਮe।
ਹੇਠਾਂ ਇਨ੍ਹਾਂ ਸਤਰਾਂ ਦਾ ਮੈਂ ਇੰਜ ਉਲਥਾ ਕਰਦਾ ਹਾਂ,
ਕੈਲੀਫੋਰਨੀਆ ਤੋਂ ਨਿਊ ਯਾਰਕ ਦੀਪ ਤੱਕ
ਇਹ ਜੋ ਬਥੇਰੀ ਹੈ:
ਇਹ ਜ਼ਮੀਂ ਤੇਰੀ ਹੈ,
ਇਹ ਜ਼ਮੀਂ ਮੇਰੀ ਹੈ।
ਰੈੱਡਵੁੱਡ ਜੰਗਲ ਤੋਂ ਖਾੜੀ ਦੇ ਪਾਣੀ ਤੱਕ
ਬਣਾਈ ਗਈ ਸੀ:
ਇਹ ਜ਼ਮੀਂ ਤੇਰੇ ਲਈ,
ਇਹ ਜ਼ਮੀਂ ਮੇਰੇ ਲਈ।
ਫੋਰਥ ਆਫ ਜੁਲਾਈ ਦੇ ਇਸ ਲੰਮੇ ਵੀਕਐਂਡ ‘ਤੇ ਇਸ ਗੀਤ ਦੀ ਰੂਹ ਨਾਲ ਕੈਲੀਫੋਰਨੀਆ ਦੀ ਸਿਲੀਕਾਨ ਵਾਦੀ ਤੇ ਕੇਂਦਰੀ ਵਾਦੀ (ਯੂਬਾ ਸਿਟੀ, ਸੈਕਰਾਮੈਂਟੋ, ਫਰਿਜ਼ਨੋ, ਬੇਕਰਜ਼ਫੀਲਡ) ਤੋਂ ਜੈਕਸਨ ਹਾਈਟ/ਨਿਊ ਯਾਰਕ ਅਤੇ ਸ਼ਾਂਤ ਮਹਾਂਸਾਗਰ ਤੋਂ ਐਟਲਾਂਟਿਕ ਮਹਾਂਸਾਗਰ ਤੱਕ ਖਿੱਚੀ ਇਸ ਲਕੀਰ ਦੇ ਉਤਰ ਤੋਂ ਦੱਖਣ ਤੱਕ ਇਸ ਦੇਸ਼ ਵਿਚ ਵਸੇ ਆਪਣੇ ਸੰਗੀ ਪੰਜਾਬੀਆਂ ਨੂੰ ਮੈਂ ਕਹਿੰਦਾ ਹਾਂ: ਚਾਰ ਜੁਲਾਈ ਮੁਬਾਰਕ। ਆਓ, ਆਪਾਂ ਸਾਰੇ ਸ਼ਬਦ ਦੇ ਸਹੀ ਅਰਥਾਂ ਵਿਚ ਇਸ ਦੇਸ਼ ਨੂੰ ਆਪਣਾ ਦੇਸ਼ ਸਮਝੀਏ, ਕਿਉਂਕਿ ਇਹ ਦੇਸ਼ ਜਿੰਨਾ ਹੋਰ ਦੇਸ਼ ਵਾਸੀਆਂ ਦਾ ਹੈ, ਓਨਾ ਆਪਣਾ ਵੀ ਹੈ; ਇਸ ਦੇਸ਼ ਵਿਚ ਵਿਦੇਸ਼ੀ ਬਣ ਕੇ ਨਹੀਂ, ਸਗੋਂ ਦੇਸ਼-ਵਾਸੀਆਂ ਭਾਵ ਨਾਗਰਿਕਾਂ ਵਾਂਗ ਰਹੀਏ, ਕਿਉਂਕਿ ਅਸੀਂ ਨਾਗਰਿਕ ਹਾਂ; ਬਾਕੀ ਦੇਸ਼ਾਂ ਵਾਂਗ ਇਸ ਦੇਸ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ ਤੇ ਇਸ ਦੇਸ਼ ਵਿਚ ਵਸਦੇ ਹੋਰ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਨੂੰ ਵੀ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ ਤੇ ਆਉਂਦੀਆਂ ਨੇ; ਉਨ੍ਹਾਂ ਮਸ਼ਕਿਲਾਂ ਨੂੰ ਨਜਿੱਠੀਏ, ਨਾਗਰਿਕਾਂ ਵਾਂਗ ਇਸ ਦੇਸ਼ ਦੇ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਹਿੱਸਾ ਲੈ ਕੇ; ਜਦੋਂ ਅਸੀਂ ਨਾਗਰਿਕ, ਭਾਵ ਅਮਰੀਕਨ ਬਣ ਕੇ ਪੇਸ਼ ਆਉਣ ਦੀ ਥਾਂ ਇਹ ਮਿੱਥ ਕੇ ਤੁਰਦੇ ਹਾਂ ਕਿ ਅਸੀਂ ਅਮਰੀਕਨ ਨਾ ਹੋ ਕੇ ਵਿਦੇਸ਼ੀ ਜਿਹੇ ਹਾਂ, ਤਾਂ ਅਸੀਂ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਹੀ ਹਾਰ ਜਾਂਦੇ ਹਾਂ। ਸੋ, ਆਓ ਚਾਰ ਜੁਲਾਈ, ਥੈਂਕਸਗਿਵਿੰਗ, ਸਟੇਟ ਫੇਅਰ, ਕਾਊਂਟੀ ਫੇਅਰਜ਼ ਤੇ ਇਸ ਦੇਸ਼ ਦੇ ਹੋਰ ਤਿਓਹਾਰ ਇਸ ਦੇ ਨਾਗਰਿਕਾਂ ਵਾਂਗ ਮਨਾਈਏ; ਓਨੇ ਹੀ ਉਤਸ਼ਾਹ ਨਾਲ, ਜਿੰਨੇ ਉਤਸ਼ਾਹ ਨਾਲ ਅਸੀਂ ਭਾਰਤ ਦਾ ਆਜ਼ਾਦੀ ਦਿਵਸ 15 ਅਗਸਤ, ਲੋਹੜੀ, ਹੋਲੀ ਤੇ ਦੀਵਾਲੀ ਆਦਿ ਮਨਾਉਂਦੇ ਹਾਂ।
ਇਸ ਸਾਲ ਕਰੋਨਾ ਦੇ ਦੌਰ ਵਿਚ ਆਪੋ-ਆਪਣੇ ਹਾਲਾਤ ਅਨੁਸਾਰ, ਚਾਰ ਜੁਲਾਈ ਜਿਵੇਂ ਕਿਵੇਂ ਵੀ ਮਨਾਈਏ, ਪਰ ਚਾਰ ਜੁਲਾਈ ਦਾ ਮੂਲ-ਮੰਤਰ ਹਮੇਸ਼ਾ ਯਾਦ ਰੱਖੀਏ: ਥੌਮਸ ਜੈਫਰਸਨ ਦੇ ਸ਼ਬਦਾਂ ਵਿਚ “ਸਾਰੇ ਮਨੁੱਖ ਬਰਾਬਰ ਹਨ”, ਭਗਤ ਕਬੀਰ ਦੇ ਕਹੇ ਅਨੁਸਾਰ “ਏਕ ਨੂਰ ਤੇ ਸਭੁ ਜਗੁ ਉਪਜਿਆ ਕੁਦਰਤਿ ਕੇ ਸਭ ਬੰਦੇ” ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿਚ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।”