ਮੌਲਿਕਤਾ ਦਾ ਮੰਤਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੇਸ਼ਰਮੀ ਨੂੰ ਸ਼ਰਮਸਾਰ ਕਰਦਿਆਂ ਕਿਹਾ ਸੀ, “ਸ਼ਰਮ ਜਦ ਬੇਸ਼ਰਮੀ ਵੱਲ ਅਹੁਲਦੀ ਤਾਂ ਇਸ ਦੀ ਕੋਈ ਹੱਦ ਨਹੀਂ ਰਹਿੰਦੀ। ਇਹ ਨਿਵਾਣ ਵੱਲ ਖਿਸਕਦੀ, ਗਰਕਣੀ ਭਰੇ ਜੀਵਨ-ਰਾਹ ਨੂੰ ਚੁਣਨ ਲਈ ਮਜਬੂਰ ਹੋ ਜਾਂਦੀ, ਜੋ ਸਿਰਫ ਨਰਕ ਵੰਨੀਂ ਜਾਂਦਾ।

ਇਸ ਤੋਂ ਪਹਿਲਾਂ ਕਿ ਸਾਡੇ ਪੈਰ ਬੇਸ਼ਰਮੀ ਵੱਲ ਵੱਧਣ, ਲੋੜ ਹੈ ਕਿ ਬੇਸ਼ਰਮੀ ਦੀਆਂ ਅਲਾਮਤਾਂ ਤੋਂ ਜਾਣੂ ਜਰੂਰ ਹੋਈਏ।” ਹਥਲੇ ਲੇਖ ਵਿਚ ਉਨ੍ਹਾਂ ਮੌਲਿਕਤਾ ਦੇ ਮੌਲਦੇ ਬੂਟੇ ਦੀ ਬਾਤ ਪਾਈ ਹੈ। ਡਾ. ਭੰਡਾਲ ਨੇ ਕਿਆ ਖੂਬ ਕਿਹਾ ਹੈ, “ਮੌਲਿਕਤਾ ਸਦਾ ਜਿਉਂਦੀ। ਹਾਜ਼ਰ-ਨਾਜਰ। ਕਦੇ ਨਹੀਂ ਮਰਦੀ ਅਤੇ ਨਾ ਹੀ ਇਸ ਨੂੰ ਕੋਈ ਮਾਰ ਸਕਦਾ। ਚਾਹੇ ਹਾਲਾਤ, ਸਮਾਜ ਜਾਂ ਚੌਗਿਰਦਾ ਮੌਲਿਕਤਾ ਦੀ ਸੰਘੀ ਘੁੱਟਣ ਲਈ ਪੂਰੀ ਵਾਹ ਲਾਵੇ।” ਉਹ ਆਖਦੇ ਹਨ, “ਮੌਲਿਕਤਾ ਦੇ ਮਾਲਕ ਖੁਦ ਨੂੰ ਰਹੁਰੀਤਾਂ, ਮਰਿਆਦਾਵਾਂ, ਬੰਧਨਾਂ ਜਾਂ ਬੰਦਿਸ਼ਾਂ ਵਿਚ ਨਹੀਂ ਜਕੜਦੇ, ਸਗੋਂ ਉਹ ਆਜ਼ਾਦ ਪਰਿੰਦੇ ਹੁੰਦੇ। ਆਪਣੇ ਹਿੱਸੇ ਦੀ ਉਡਾਣ ਭਰਦੇ ਤੇ ਅੰਬਰ ਗਾਹੁੰਦੇ। ਤਾਰਿਆਂ ਨਾਲ ਗੱਲਾਂ ਕਰਦੇ, ਚਾਨਣਾਂ ਦੀ ਬਾਤ ਫਿਜ਼ਾ ਦੇ ਪਿੰਡੇ ‘ਤੇ ਉਕਰਾਉਂਦੇ।” ਤਾਂ ਹੀ ਡਾ. ਭੰਡਾਲ ਨਸੀਹਤ ਕਰਦੇ ਹਨ, “ਮੌਲਿਕਤਾ ਨੂੰ ਮੌਲਣ ਦਿਓ। ਇਸ ਦੀ ਉਡਾਣ ਨੂੰ ਸੀਮਤ ਨਾ ਕਰੋ। ਨਾ ਹੀ ਇਸ ਦੇ ਜਗਦੇ ਚਿਰਾਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੋ, ਸਗੋਂ ਹਵਾ ਦੀ ਰੁਮਕਣੀ ਇਸ ਦੇ ਨਾਮ ਕਰੋ ਤਾਂ ਕਿ ਮੌਲਿਕਤਾ ਦਾ ਦੀਵਾ ਹਮੇਸ਼ਾ ਜਗਦਾ ਰਹੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਮੌਲਿਕਤਾ, ਅੱਡਰਾਪਣ, ਵਿਲੱਖਣਤਾ, ਵਿਕੋਲਿਤਰਾਪਣ, ਨਿਵੇਕਲਾਪਣ, ਨਿੱਗਰਤਾ ਅਤੇ ਨਵੀਨਤਮ ਮੁਹਾਂਦਰਾ। ਮੌਲਿਕਤਾ, ਵਿਸ਼ੇਸ਼ ਤੇ ਵੱਖਰੇ ਕੋਣ ਤੋਂ ਕਿਸੇ ਵਸਤ, ਵਰਤਾਰੇ ਜਾਂ ਵਿਅਕਤੀ ਨੂੰ ਵਾਚਣ, ਸੋਚਣ, ਸਮਝਣ ਅਤੇ ਬਹੁ-ਪਰਤਾਂ ਨੂੰ ਫਰੋਲਣ ਦਾ ਨਾਮ।
ਮੌਲਿਕਤਾ, ਵਿਚਾਰ, ਸੋਚ, ਸਮਝ, ਸੰਵੇਦਨਾ, ਸਾਧਨਾ, ਸੰਭਾਵਨਾਵਾਂ ਅਤੇ ਸੁਪਨਿਆਂ ਨੂੰ ਵੱਖਰੀ ਤਰ੍ਹਾਂ ਵਿਉਂਤਣ ਅਤੇ ਪੂਰਨਤਾ ਦੇ ਆਖਰੀ ਅੰਜ਼ਾਮ ਤੀਕ ਪਹੁੰਚਾਉਣ ਦਾ ਰੂਪ।
ਮੌਲਿਕਤਾ, ਮੂਲਿਕ ਤੇ ਮੌਖਿਕ ਵੀ, ਸ਼ਾਬਦਿਕ ਤੇ ਸੰਕੇਤਕ ਵੀ ਅਤੇ ਕਲਾਮਈ ਤੇ ਕਿਰਤਕਾਰੀ ਵੀ। ਜੀਵਨ-ਜਾਚ ਦਾ ਨਿਵੇਕਲਾ ਰੰਗ-ਢੰਗ, ਚਾਲ-ਢਾਲ ਅਤੇ ਦਿੱਖ-ਦ੍ਰਿਸ਼ਟੀਕੋਣ। ਬਹੁਤ ਸਾਰੇ ਨੇ ਇਸ ਦੇ ਰੂਪ ਤੇ ਪ੍ਰਤੀਰੂਪ। ਮੌਲਿਕਤਾ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਅਤੇ ਇਸ ‘ਚੋਂ ਪਨਪਦੇ ਨਿੱਘ ਨਾਲ ਕੋਸੇ ਪਲਾਂ ਦਾ ਵਣਜ ਕਿਵੇਂ ਕਰਨਾ, ਇਹ ਤਾਂ ਹਰ ਮਨੁੱਖ ਦੀ ਨਿੱਜਤਾ ‘ਤੇ ਨਿਰਭਰ।
ਮੌਲਿਕਤਾ ਭੀੜ ਦਾ ਹਿੱਸਾ ਨਹੀਂ ਹੁੰਦੀ, ਸਗੋਂ ਅੱਡਰੀ ਹੁੰਦੀ; ਭਾਵੇਂ ਇਸ ‘ਚ ਬੰਦਾ ਖੁਦ ਹੀ ਹਾਜ਼ਰ ਹੋਵੇ। ‘ਕੱਲਾ ਬੰਦਾ ਹੀ ਕਾਫਲਿਆਂ ਦਾ ਜਨਮਦਾਤਾ ਹੁੰਦਾ। ਮੌਲਿਕਤਾ ਨਵੀਆਂ ਪ੍ਰਾਪਤੀਆਂ, ਨਰੋਈ ਪਛਾਣ, ਨਵੇਂ ਸਿਰਲੇਖਾਂ, ਸ਼ਿਲਾਲੇਖਾਂ ਤੇ ਸਿਰਨਾਵਿਆਂ ਦਾ ਸੰਗਮ। ਇਸ ਵਿਚੋਂ ਹੀ ਅਜਿਹੇ ਸੁਪਨਿਆਂ ਨੂੰ ਪਰਵਾਜ਼ ਤੇ ਪਛਾਣ ਮਿਲਦੀ, ਜੋ ਆਮ ਲੋਕਾਂ ਦੇ ਚਿੱਤ-ਚੇਤਿਆਂ ਵਿਚ ਵੀ ਨਹੀਂ ਹੁੰਦੀ।
ਮੌਲਿਕਤਾ ਨੂੰ ਜਿਉਣ ਸਾਧਨ ਤੇ ਸਾਧਨਾ ਬਣਾਉਣ ਵਾਲੇ ਲੋਕ ਹੀ ਲੋਕ-ਚੇਤਿਆਂ ਵਿਚ ਚਿਰੰਜੀਵ ਰਹਿੰਦੇ ਅਤੇ ਇਤਿਹਾਸ ਨੂੰ ਨਵੀਆਂ ਬੁਲੰਦੀਆਂ ਦੀ ਵਰਣਮਾਲਾ ਬਣਾਉਂਦੇ।
ਮੌਲਿਕਤਾ ਸਦਾ ਜਿਉਂਦੀ। ਹਾਜ਼ਰ-ਨਾਜਰ। ਕਦੇ ਨਹੀਂ ਮਰਦੀ ਅਤੇ ਨਾ ਹੀ ਇਸ ਨੂੰ ਕੋਈ ਮਾਰ ਸਕਦਾ। ਚਾਹੇ ਹਾਲਾਤ, ਸਮਾਜ ਜਾਂ ਚੌਗਿਰਦਾ ਮੌਲਿਕਤਾ ਦੀ ਸੰਘੀ ਘੁੱਟਣ ਲਈ ਪੂਰੀ ਵਾਹ ਲਾਵੇ। ਮੌਲਿਕਤਾ ਵੱਖਰੀ ਅਤੇ ਨਰੋਈ ਪਛਾਣ ਦੀ ਪ੍ਰਤੀਕ। ਮਨੁੱਖ ਨੂੰ ਨਵੀਂ ਪ੍ਰੇਰਨਾ ਤੇ ਪ੍ਰਾਪਤੀ ਦਾ ਅਭਾਸ ਅਤੇ ਅਹਿਸਾਸ ਹੁੰਦਾ।
ਮੌਲਿਕਤਾ ਨੂੰ ਮਾਣਨ ਵਾਲੇ ਲੋਕ ਮਹਾਨ, ਮਾਣਮੱਤੇ, ਮਨ-ਮੌਜੀ ਅਤੇ ਮਸਤੀ ਦਾ ਮਾਣ ਹੁੰਦੇ। ਉਹ ਸਵੈ-ਸਿਰਜੇ ਸੰਸਾਰ ਵਿਚ ਜਿਉਂਦੇ। ਆਪਣੀ ਮਾਨਸਿਕ ਉਡਾਣ, ਉਮੀਦ, ਉਮੰਗ ਤੇ ਉਸਾਰੂਪਣ ਨੂੰ ਸੁਹਜ ਅਤੇ ਸਹਿਜ ਨਾਲ ਪਛਾਣਨ ਤੇ ਪਰਖਣ ਦੇ ਯੋਗ ਹੁੰਦੇ।
ਮੌਲਿਕਤਾ ਦੇ ਬਹੁਤ ਸਾਰੇ ਰੂਪ, ਪਰਤਾਂ ਅਤੇ ਪਰਖਾਂ। ਇਸ ਦੀ ਬਾਰੀਕ-ਬੀਨੀ ਵਿਚੋਂ ਮਨੁੱਖੀ ਸੋਚਾਂ, ਖਿਆਲ ਅਤੇ ਖੁਆਬ ਨਵੇਂ ਅੰਬਰਾਂ ਵਿਚ ਉਡਾਣ ਭਰਦੇ। ਮਨ ਵਿਚ ਲੁਤਫ-ਲੋਚਾ ਦੀ ਚਾਹਨਾ ਪੈਦਾ ਹੁੰਦੀ।
ਮੌਲਿਕਤਾ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਨਾ ਹੀ ਇਸ ਦਾ ਕੋਈ ਕੋਰਸ, ਪੜ੍ਹਾਈ ਜਾਂ ਤਕਨੀਕ। ਇਹ ਤਾਂ ਮਨ ਦਾ ਆਵੇਸ਼। ਇਸ ਵਿਚੋਂ ਹੀ ਨਵੇਂ ਪੈਂਡੇ ਸਰ ਹੁੰਦੇ ਅਤੇ ਪਗਡੰਡੀਆਂ, ਪਹਿਆਂ ਦਾ ਰੂਪ ਧਾਰਦੀਆਂ। ਫਿਰ ਆਉਣ ਵਾਲੀਆਂ ਨਸਲਾਂ ਉਨ੍ਹਾਂ ਰਾਹਾਂ ਦੀਆਂ ਮਾਰਗ-ਦਰਸ਼ਨਾ ਵਿਚੋਂ ਆਪਣੇ ਜੀਵਨ ਨੂੰ ਸਾਰਥਿਕ ਕਰਨ ਦੀ ਕੋਸ਼ਿਸ਼ ਕਰਦੀਆਂ।
ਮੌਲਿਕਤਾ ਨੂੰ ਸੀਮਤ ਦਾਇਰਿਆਂ, ਵਿਗੜੀ ਵਿਚਾਰਧਾਰਾ, ਤੰਗ ਵਲਗਣਾਂ, ਪ੍ਰਚਲਿਤ ਸਿਧਾਤਾਂ ਅਤੇ ਰੂੜੀਵਾਦ ਵਿਚੋਂ ਨਹੀਂ ਦੇਖਿਆ ਜਾ ਸਕਦਾ। ਇਸ ਨੂੰ ਸਮਝਣ ਅਤੇ ਅਪਨਾਉਣ ਲਈ ਨਵੇਂ ਸਿਧਾਂਤ, ਨਵਾਂ ਸ਼ਾਸ਼ਤਰ ਅਤੇ ਨਵਾਂ ਵਿਧਾਨ ਸਿਰਜਣਾ ਪੈਂਦਾ। ਇਹ ਭਾਵੇਂ ਕੋਈ ਲਿਖਤ, ਕਵਿਤਾ, ਕਲਾ-ਕਿਰਤ, ਖੋਜ ਜਾਂ ਵਿਚਾਰਧਾਰਾ ਹੋਵੇ। ਬੰਦਿਆਈ ਤੇ ਭਲਿਆਈ ਨੂੰ ਨਵੀਂ ਤਸ਼ਬੀਹ ਦੇਣੀ ਹੋਵੇ ਜਾਂ ਸਮਾਜ ਨੂੰ ਕਿਸੇ ਹੋਰ ਨਜ਼ਰੀਏ ਤੋਂ ਸਮਝਣ, ਵਿਚਾਰਨ ਜਾਂ ਘੋਖਣ ਦੀ ਤਾਂਘ ਹੋਵੇ।
ਮੌਲਿਕਤਾ ਦੇ ਮਾਲਕ ਖੁਦ ਨੂੰ ਰਹੁਰੀਤਾਂ, ਮਰਿਆਦਾਵਾਂ, ਬੰਧਨਾਂ ਜਾਂ ਬੰਦਿਸ਼ਾਂ ਵਿਚ ਨਹੀਂ ਜਕੜਦੇ, ਸਗੋਂ ਉਹ ਆਜ਼ਾਦ ਪਰਿੰਦੇ ਹੁੰਦੇ। ਆਪਣੇ ਹਿੱਸੇ ਦੀ ਉਡਾਣ ਭਰਦੇ, ਆਪਣੇ ਹਿੱਸੇ ਦਾ ਅੰਬਰ ਗਾਹੁੰਦੇ। ਤਾਰਿਆਂ ਨਾਲ ਗੱਲਾਂ ਕਰਦੇ, ਚਾਨਣਾਂ ਦੀ ਬਾਤ ਫਿਜ਼ਾ ਦੇ ਪਿੰਡੇ ‘ਤੇ ਉਕਰਾਉਂਦੇ।
ਮੌਲਿਕਤਾ ਨੂੰ ਜੀਵਨ-ਆਧਾਰ ਬਣਾਉਣ ਵਾਲੇ ਲੋਕ ਹੀ ਮਹਾਨ ਵਿਗਿਆਨੀ, ਭਗਤ, ਯੋਗੀ, ਪ੍ਰਚਾਰਕ, ਧਰਮ ਦੇ ਬਾਨੀ, ਬਹਾਦਰ ਯੋਧੇ, ਲੋਕ-ਪੱਖੀ ਨਾਇਕ ਜਾਂ ਜਨਤਾ ਦੇ ਪਾਲਕ ਹੁੰਦੇ। ਨਵੇਂ ਸਮਾਜ ਦੇ ਸਿਰਜਣਹਾਰੇ ਬਣ ਕੇ ਤਵਾਰੀਖ ਨੂੰ ਆਪਣੇ ਨਾਮ ਕਰਦੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਦੇਣ ਨੂੰ ਨਤਮਸਤਕ ਹੁੰਦੀਆਂ।
ਮੌਲਿਕਤਾ ਜੀਵਨ ਦੇ ਹਰ ਪੜਾਅ, ਜੀਵਨੀ-ਸਫਰ ਦੇ ਹਰ ਮੋੜ ‘ਤੇ ਜੀਵਨ-ਜਾਚ ਨੂੰ ਨਿਰਧਾਰਤ ਕਰਦੀ। ਇਹ ਮੌਲਿਕਤਾ ਹੀ ਹੁੰਦੀ, ਜੋ ਦੂਰੋਂ ਪਛਾਣੀ ਜਾਂਦੀ, ਜਿਸ ਦੇ ਮੁਖੜੇ ‘ਚੋਂ ਕਿਰਨਾਂ ਦਾ ਪਹੁ-ਫੁਟਾਲਾ ਹੁੰਦਾ। ਇਹ ਰੌਸ਼ਨ-ਆਭਾ ਬਣ ਕੇ ਜੀਵਨ-ਬਗੀਚੇ ਨੂੰ ਬਹਾਰ ਅਤੇ ਬੰਦਗੀ ਨਾਲ ਲਬਰੇਜ਼ ਕਰਦੀ।
ਮੌਲਿਕਤਾ ਹਰ ਇਕ ਦੇ ਹਿੱਸੇ ਨਹੀਂ ਆਉਂਦੀ। ਬਹੁਤ ਘੱਟ ਲੋਕ ਇਸ ਦੇ ਆਗੋਸ਼ ਦਾ ਨਿੱਘ ਮਾਣਦੇ। ਇਹ ਕੁਦਰਤੀ ਦਾਤ ਅਤੇ ਅਨਾਇਤ। ਮਨੁੱਖ ਇਸ ਮੌਲਿਕਤਾ ਨੂੰ ਉਸਾਰੂ ਜਾਂ ਨਕਾਰਾਤਮਕ ਪਾਸੇ ਮੋੜਦਾ, ਇਹ ਮਨੁੱਖੀ ਸ਼ਖਸੀਅਤ ਅਤੇ ਦਿੱਬ-ਦ੍ਰਿਸ਼ਟੀ ‘ਤੇ ਨਿਰਭਰ।
ਮੌਲਿਕਤਾ ਨੂੰ ਮੌਲਣ ਦਿਓ। ਇਸ ਦੀ ਉਡਾਣ ਨੂੰ ਸੀਮਤ ਨਾ ਕਰੋ। ਨਾ ਹੀ ਇਸ ਦੇ ਜਗਦੇ ਚਿਰਾਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੋ, ਸਗੋਂ ਹਵਾ ਦੀ ਰੁਮਕਣੀ ਇਸ ਦੇ ਨਾਮ ਕਰੋ ਤਾਂ ਕਿ ਮੌਲਿਕਤਾ ਦਾ ਦੀਵਾ ਹਮੇਸ਼ਾ ਜਗਦੇ ਰਹੇ।
ਮੌਲਿਕਤਾ ਉਮੀਦ, ਉਦਾਸੀ, ਉਮਾਹ ਅਤੇ ਉਗਮਣ ਵਿਚ ਵੀ ਹੁੰਦੀ, ਜੋ ਜੀਵਨ ਨੂੰ ਨਵੀਂ ਤਰਤੀਬ ਦੇ ਕੇ ਇਸ ਦੀ ਸਾਰਥਕਤਾ ਨੂੰ ਪਰਿਭਾਸ਼ਤ ਕਰਦੀ। ਮੌਲਿਕਤਾ, ਉਸਾਰੂ, ਉਜਵਲ ਅਤੇ ਉਤਮ ਵੀ।
ਮੌਲਿਕਤਾ ਤਾਂ ਆਸ, ਅਰਦਾਸ, ਅੰਦਾਜ਼, ਅਪਣੱਤ, ਅਜ਼ੀਮਤਾ, ਅਰਪਿਤਾ, ਆਸਥਾ, ਆਗਮਨ, ਆਤਮਿਕ ਗਿਆਨ ਜਾਂ ਅੰਤਰੀਵਤਾ ਵਿਚ ਵੀ ਹੁੰਦੀ; ਇਸ ਨੂੰ ਕੀ ਅਰਥ ਦੇਣੇ, ਇਹ ਮਨੁੱਖੀ ਸੰਵੇਦਨਾ ‘ਤੇ ਨਿਰਭਰ।
ਮੌਲਿਕਤਾ ਸ਼ਬਦ, ਸ਼ਬਦ-ਸੰਚਾਰ, ਸੰਵੇਦਨਾ, ਸਿਰਜਣਾ, ਸੁਪਨਾ, ਸਫਲਤਾ, ਸਰੋਕਾਰ, ਸੰਗੀਤ, ਸੁਰ, ਸਿਆਣਪ, ਸਾਂਝੀਵਾਲਤਾ ਅਤੇ ਸਮਝਦਾਰੀ ਵਿਚ ਹੋਵੇ ਤਾਂ ਜਿੰ.ਦਗੀ ਨੂੰ ਨਵੀਆਂ ਉਪਲਬਧੀਆਂ ਦਾ ਮਾਣ ਬਣਾਇਆ ਜਾ ਸਕਦਾ।
ਮੌਲਿਕਤਾ ਹਾਸੇ, ਹਾਵੇ, ਹਾਣ, ਹਰਫਨਮੌਲਤਾ, ਹਾਜ਼ਰ-ਜਵਾਬੀ, ਹਾਸਲਤਾ, ਹੁੰਗਾਰੇ ਜਾਂ ਹਮਸਫਰੀ ਵਿਚ ਹੋਵੇ ਤਾਂ ਮਨੁੱਖ ਦਾ ਵਡੱਪਣ, ਵੰਨਗੀਆਂ ਦੀ ਲੋਕਧਾਰਾ ਸਿਰਜਦਾ।
ਮੌਲਿਕਤਾ ਕਲਮ, ਕਵਿਤਾ, ਕਿਤਾਬ, ਕਲਾ, ਕਿਰਤ, ਕਰਮ, ਕਹਾਣੀ, ਕਹਿਣੀ, ਕਥਨੀ ਕਰਨੀ, ਕਰਮਯੋਗਤਾ, ਕਮਾਈ ਜਾਂ ਕੀਰਤੀ ਵਿਚ ਹੋਵੇ ਤਾਂ ਕਰਮਾਂ ਦੀਆਂ ਰੇਖਾਵਾਂ ਵਿਚੋਂ ਸਤਰੰਗੀ ਫੁੱਟਦੀ। ਮੌਲਿਕਤਾ ਖਿਆਲ, ਖੁਆਬ, ਖਬਤ, ਖੁਸ਼ੀ, ਖੇੜੇ, ਖਾਣ, ਖਲਬਲੀ, ਖੇਡ ਜਾਂ ਖਿਡਾਰੀ ਵਿਚ ਹੋਵੇ ਤਾਂ ਸੋਚ ਨੂੰ ਖੰਭ ਲੱਗਦੇ, ਜਿਨ੍ਹਾਂ ਨਾਲ ਅੰਬਰਾਂ ਨੂੰ ਗਾਹਿਆ ਜਾ ਸਕਦਾ।
ਮੌਲਿਕਤਾ ਗਿਆਨ, ਗੋਸ਼ਟਿ, ਗ੍ਰੰਥ, ਗੁਰ-ਸ਼ਬਦ, ਗੁਰ-ਮੰਤਰ, ਗੁਰ-ਦੱਖਣਾ, ਗੁਰ-ਜੋਦੜੀ, ਗੱਲਬਾਤ, ਗਲੱਵਕੜੀ, ਗੰਭੀਰਤਾ, ਗਮ, ਗਰੀਬੀ ਜਾਂ ਗਹਿਰਾਈ ਵਿਚ ਹੋਵੇ ਤਾਂ ਜ਼ਿੰਦਗੀ ਦੇ ਅੰਦਰੂਨੀ ਅਰਥਾਂ ਵਿਚੋਂ ਹੀ ਜੀਵਨ ਨੂੰ ਪਰਿਭਾਸ਼ਤ ਕੀਤਾ ਜਾ ਸਕਦਾ ਅਤੇ ਮੁਹਾਂਦਰੇ ਨੂੰ ਰੁਸ਼ਨਾਇਆ ਜਾ ਸਕਦਾ।
ਮੌਲਿਕਤਾ ਘਰ, ਘਟਨਾਵਾਂ, ਘਾਲਣਾ, ਘੁੰਮਣ, ਘਣਘੋਰਤਾ, ਘਰ ਵਾਲੀ ਜਾਂ ਘਰ ਵਾਲਿਆਂ ਵਿਚ ਹੋਵੇ ਤਾਂ ਇਹ ਮਨੁੱਖ ਨੂੰ ਆਪਣੇ ਕਲਾਵੇ ਵਿਚ ਲੈਂਦੀ ਅਤੇ ਅਛੋਹ ਸਿੱਖਰਾਂ ਉਸ ਦਾ ਹਾਣ ਲੋਚਦੀਆਂ।
ਮੌਲਿਕਤਾ ਚਾਅ, ਚਹਿਕਣੀ, ਚਾਹਨਾ, ਚੋਭ, ਚਮਕ, ਚਿਰਾਗ, ਚੰਗਿਆਈ, ਚੰਗੇਰ, ਚੁਲਬੁਲੇਪਣ, ਚੌਧਰ ਜਾਂ ਚਮਨ ਵਿਚ ਹੋਵੇ ਤਾਂ ਵਿਅਕਤੀ ਨੂੰ ਵਸਤ-ਵਰਤਾਰਿਆਂ ਨੂੰ ਵੱਖਰੀ ਦ੍ਰਿਸ਼ਟੀ ਤੋਂ ਦੇਖਣ ਦੀ ਆਦਤ ਪੈ ਜਾਂਦੀ।
ਮੌਲਿਕਤਾ ਜਿਗਿਆਸਾ, ਜਜ਼ਬਾ, ਜਜ਼ਬਾਤ, ਜਾਗਰੂਕਤਾ, ਜਾਗਣ, ਜਗਾਉਣ, ਜੁਬਾਨ, ਜੁ.ਰਅਤ, ਜੁਗਲਬੰਦੀ, ਜਸ਼ਨ, ਜ਼ਬਤ ਜਾਂ ਜਨੂੰਨ ਵਿਚ ਹੋਵੇ ਤਾਂ ਮਨੁੱਖੀ ਮਿਕਨਾਤੀਸੀ ਨੂੰ ਮਾਣ ਮਿਲਦਾ।
ਮੌਲਿਕਤਾ ਝੂਮਣ, ਝੁਕਣ, ਝੁਕਾਉਣ, ਝੁਰਮਟ, ਝਮਕਣ, ਝਾਂਜਰ, ਝਕਾਨੀ ਜਾਂ ਝੁੰਡ ਵਿਚ ਹੋਵੇ ਤਾਂ ਵਿਅਕਤੀ ਵਿਚਲੀ ਨਰਮਾਈ ਤੇ ਕੋਮਲਤਾ ਉਸ ਨੂੰ ਆਪਣੀ ਆਪਣੀ ਲੱਗਦੀ ਅਤੇ ਉਸ ਦੇ ਮੁਖਾਰਬਿੰਦ ਵਿਚੋਂ ਝਰਦੀ।
ਮੌਲਿਕਤਾ ਟਹਿਲਣ, ਟਹਿਕਣ, ਟੁਣਕਾਰ, ਟਿਮਕਣ ਅਤੇ ਟੌਹਰ ਵਿਚ ਹੋਵੇ ਤਾਂ ਸ਼ਖਸੀਅਤ ਵਿਚਲੇ ਮੀਰੀ ਗੁਣਾਂ ਨੂੰ ਪ੍ਰਗਟਾਉਣ ਦਾ ਵੱਲ ਆਉਂਦਾ।
ਮੌਲਿਕਤਾ ਠਹਿਰ, ਠੁਮਕਣਾ, ਠਰੰਮਾ, ਠੰਢ-ਠੰਡੋਰਾ, ਠਕੋਰਨ ਜਾਂ ਠਾਣ ਲੈਣ ਵਿਚ ਹੋਵੇ ਤਾਂ ਮਨੁੱਖ ਨੂੰ ਆਪਣੇ ਕੋਲ ਜਾਣ ਦਾ ਮੌਕਾ ਮਿਲਦਾ, ਕਿਉਂਕਿ ਬਹੁਤ ਚੰਗਾ ਹੁੰਦਾ ਏ, ਕਿਸੇ ਚੰਗੇਰੇ ਕਾਰਜ ਲਈ ਖੁਦ ਨੂੰ ਠਕੋਰਨਾ।
ਮੌਲਿਕਤਾ ਡਰ, ਡਹਿਲ, ਡਗਮਗਾਉਣ, ਡੇਰੇਦਾਰ, ਡਗਰ, ਡੰਗਣ ਜਾਂ ਡੰਗੋਰੀ ਵਿਚ ਹੋਵੇ ਤਾਂ ਨੇਕ ਸਲਾਹਾਂ ਦੀ ਵਗਦੀ ਨਦੀ ਵਿਚ ਖੁਦ ਨੂੰ ਪਾਕ ਕਰਨ ਦਾ ਮੌਕਾ ਮਿਲਦਾ। ਅਕਸਰ ਮਨੁੱਖ ਤਾਂ ਸਾਰੀ ਉਮਰ ਹੀ ਪਲੀਤਪੁਣਾ ਢੋਂਦਾ।
ਮੌਲਿਕਤਾ ਢਲਣ, ਢਲਕਣਾ, ਢੋਲ ਵਜਾਉਣਾ, ਢੋਲ ਜਾਂ ਢਿਮਰੀ ਵਿਚ ਹੋਵੇ ਤਾਂ ਬੋਲੇ ਕੰਨ ਵੀ ਸੁਣਨ ਲਈ ਉਚੇਚ ਕਰਦੇ, ਸ਼ੁਭ ਬੋਲਾਂ ਵਿਚੋਂ ਤਰਕ-ਸੰਗਤਾ ਭਾਲ, ਜਿਉਣਾ ਸਫਲ ਕਰਦੇ।
ਮੌਲਿਕਤਾ ਬਹੁਤ ਜਰੂਰੀ ਏ-ਤੜਫ, ਤਾਂਘ, ਤੋਰ, ਤੋਲਣ, ਤਰਸ, ਤਮੰਨਾ, ਤਕਦੀਰ, ਤਲਿੱਸਮ, ਤਾਸੀਰ, ਤਹਿਜ਼ੀਬ, ਤਵਾਰੀਖ, ਤਰਜ਼ੀਹ, ਤਕੜਾਈ, ਤਕਦੀਰ ਜਾਂ ਤਸ਼ਬੀਹ ਵਿਚ ਹੋਵੇ ਤਾਂ ਹੀ ਕੁਝ ਚੰਗੇਰਾ ਤੇ ਉਸਾਰੂ ਸਮਾਜ ਦੇ ਨਾਮ ਕੀਤਾ ਜਾ ਸਕਦਾ।
ਮੌਲਿਕਤਾ ਬਹੁਤ ਹੀ ਅਹਿਮ ਹੈ-ਥਰਕਣ, ਥਪਕੀ, ਥੰਮਣ, ਥਕਾਵਟ, ਥਰਥਰਾਹਟ ਜਾਂ ਥੰਧਿਆਈ ਵਿਚ ਤਾਂ ਕਿ ਜੀਵਨ ਦੀਆਂ ਤਰਜ਼ੀਹਾਂ ਨੂੰ ਨਵੇਂ ਸਿਰੇ ਤੋਂ ਵਿਉਂਤਿਆ ਜਾ ਸਕੇ।
ਮੌਲਿਕਤਾ ਦਿੱਖ, ਦਰਦ, ਦਰਿਆ-ਦਿਲੀ, ਦੀਘਰ, ਦੀਰਘ, ਦੀਪਕ, ਦਿੱਬ-ਦ੍ਰਿਸ਼ਟੀ, ਦੇਖਣ, ਦਸਤੂਰ, ਦਿਸਹੱਦੇ, ਦਕਸ਼ਣਾ ਜਾਂ ਦੂਰ-ਅੰਦੇਸ਼ੀ ਵਿਚ ਹੋਵੇ ਤਾਂ ਹੀ ਭਵਿੱਖ ਨੂੰ ਸੁਚੱਜੇ ਅਤੇ ਸੁੰਦਰ ਰੂਪ ਨਾਲ ਵਿਉਂਤਣ ਵੰਨੀਂ ਪਹਿਲ ਕਰ ਸਕਦੇ ਹਾਂ।
ਮੌਲਿਕਤਾ ਜੇ ਧਰਮ, ਧੜਕਣ, ਧਮਕਾਰ, ਧਮਕੀ ਜਾਂ ਧਰਾਤਲ ਵਿਚ ਹੋਵੇ ਤਾਂ ਜੀਵਨ ਨੂੰ ਧਰਤੀ ਜਿਹੀ ਹੋਣ ਅਤੇ ਇਸ ਦੀ ਤਾਸੀਰ ਨੂੰ ਆਪਣੇ ਵਿਚ ਰਮਾਉਣ ਦੀ ਸੋਝੀ ਮਿਲਦੀ।
ਮੌਲਿਕਤਾ ਨਿਮਰਤਾ, ਨਰਮਾਈ, ਨੇਕਨੀਤੀ, ਨਿੱਤਨੇਮ, ਨਿਰਮੋਹੇਪਣ, ਨਰੋਏਪਣ, ਨਿੱਗਰਤਾ, ਨਿਆਰੇਪਣ, ਨਿਵੇਕਲੇਪਣ ਜਾਂ ਨਵੀਨਤਾ ਵਿਚ ਹੋਵੇ ਤਾਂ ਨਵੇਂ ਸੁਪਨ-ਸੰਸਾਰ ਦੀ ਉਸਾਰੀ ਪ੍ਰਤੀ ਰੁਚੀ ਅਤੇ ਪ੍ਰੇਰਨਾ ਉਤਪੰਨ ਹੁੰਦੀ।
ਮੌਲਿਕਤਾ ਪਿਆਰ, ਪਾਕੀਜ਼ਗੀ, ਪਾਹੁਲ, ਪਗਡੰਡੀ, ਪਹਿਰਾਵੇ, ਪਵਿੱਤਰਤਾ, ਪਹੇ, ਪਕੜ, ਪਲੋਸਣ, ਪ੍ਰਗਟਾਅ, ਪਸੰਦ ਜਾਂ ਪਛਾਣ ਵਿਚ ਹੋਵੇ ਤਾਂ ਭੀੜ ਵਿਚੋਂ ਵੀ ਪਛਾਣਿਆ ਜਾਂਦਾ ਏ ਵਿਅਕਤੀ।
ਮੌਲਿਕਤਾ ਫਰਮਾਇਸ਼, ਫਰਾਖਦਿਲੀ, ਫੱਕਰਤਾ, ਫੁੱਲ, ਫਰਮਾਬਰਦਾਰੀ ਜਾਂ ਫੈਲਾਅ ਵਿਚ ਹੋਏ ਤਾਂ ਅੰਬਰ ਦਾ ਹਾਣ ਮਿਲਦਾ। ਇਸ ਦੇ ਸਾਥ ਵਿਚੋਂ ਜੀਵਨ ਨੂੰ ਨਵੇਂ ਸਿਰਨਾਵਿਆਂ ਦੀ ਸੇਧ ਮਿਲਦੀ।
ਮੌਲਿਕਤਾ ਬੰਦਗੀ, ਬੰਦਿਆਈ, ਬਗਲਗੀਰੀ, ਬੁੱਕਲ, ਬਹਾਦਰੀ, ਬਾਦਸ਼ਾਹੀ, ਬੇਤਾਬੀ, ਬੇਫਿਕਰੀ, ਬੇਗਾਨਗੀ, ਬਖਸ਼ਿਸ਼, ਬਹੁਲਤਾ ਜਾਂ ਬੰਦੇ ਵਿਚ ਹੋਵੇ ਤਾਂ ਰੂਹ ਵਿਚ ਸ਼ੁਕਰਗੁਜਾਰੀ ਦਾ ਨਾਦ ਗੂੰਜਦਾ।
ਮੌਲਿਕਤਾ ਭਲਿਆਈ, ਭਰਮਣ, ਭਗਤੀ, ਭੈਅ, ਭਰਾਤਰੀ-ਭਾਵ, ਭੈਅਭੀਤੀ, ਭਰਮ ਜਾਂ ਭਜਨ ਵਿਚ ਹੋਵੇ ਤਾਂ ਸੁੱਚਮ, ਸੁੱਚਿਆਰੇਪਣ ਦਾ ਸਾਥ ਮਾਣਦਾ।
ਮੌਲਿਕਤਾ ਮਾਣ, ਮੁਹੱਬਤ, ਮਰਦਾਨਗੀ, ਮਲੂਕਤਾ, ਮਿਕਨਾਤੀਸੀ, ਮਰਿਆਦਾ, ਮਾਨਤਾ, ਮਦਦ ਜਾਂ ਮਿਹਨਤਾਨੇ ਵਿਚ ਹੋਵੇ ਤਾਂ ਜੀਵਨ-ਮੁਹਾਂਦਰੇ ਦੀ ਦਿੱਖ ਆਲੇ-ਦੁਆਲੇ ਨੂੰ ਚੁੰਧਿਆਉਂਦੀ। ਮੌਲਿਕਤਾ ਕਦੇ ਵੀ ਮੰਗਵੀਂ, ਮਿਹਰਬਾਨੀ ਜਾਂ ਮਿੰਨਤ ਨਹੀਂ ਹੁੰਦੀ।
ਮੌਲਿਕਤਾ ਯਾਰੀ, ਯਾਦਦਾਸ਼ਤ, ਯੁੱਧ ਜਾਂ ਯੋਜਨਾਬੰਦੀ ਵਿਚ ਹੋਵੇ ਤਾਂ ਭਵਿੱਖੀ ਚੁਣੌਤੀਆਂ ਨੂੰ ਸਮਝਣ, ਇਨ੍ਹਾਂ ਦਾ ਮੁਕਾਬਲਾ ਕਰਨ ਅਤੇ ਇਨ੍ਹਾਂ ਵਿਚੋਂ ਉਭਰਨ ਦਾ ਵੱਲ, ਮਨੁੱਖ ਦਾ ਹਾਸਲ ਹੁੰਦਾ।
ਮੌਲਿਕਤਾ ਰੂਹ, ਰਵਾਨਗੀ, ਰਾਜ਼ਦਾਰੀ, ਰਜ਼ਾਮੰਦੀ, ਰਮਜ਼, ਰੰਗਰੇਜ਼ਤਾ, ਰੂਹਾਨੀਅਤ, ਰੁਮਕਣ, ਰੀਝ, ਰੀਤ, ਰੰਗ, ਰਾਗ, ਰਾਜ਼, ਰਮਣੀਕਤਾ ਜਾਂ ਰੰਗ-ਸਾਜ਼ੀ ਵਿਚ ਹੋਵੇ ਤਾਂ ਸੁਰਖ ਤੇ ਸੰਦਲੀ ਰੰਗਾਂ ਵਿਚ ਭਿੱਜ ਕੇ ਜੀਵਨ ਰੰਗੀਨੀਆਂ ਨੂੰ ਮਾਣਦੇ ਹਾਂ। ਫਿਰ ਅੰਤਰੀਵੀ ਸੰਵਾਦ ਨਾਲ ਰੂਹੀ ਖੇੜਿਆਂ ਨੂੰ ਹਾਸਲ ਕੀਤਾ ਜਾ ਸਕਦਾ।
ਮੌਲਿਕਤਾ ਲਗਨ, ਲੱਜ਼ਤਾ, ਲੱਜਾ, ਲੈਅ, ਲਿਆਕਤ, ਲੇਖਣੀ, ਲਿਖਤ, ਲੇਖਕ ਜਾਂ ਲਬਰੇਜ਼ਤਾ ਵਿਚ ਹੋਵੇ ਤਾਂ ਹੋਠਾਂ ‘ਤੇ ਥਰਥਰਾਉਂਦੀ ਏ ਮੁਸਕਾਨ, ਜਿਉਣਾ ਹੁੰਦਾ ਏ ਪ੍ਰਮਾਣ, ਪ੍ਰਾਪਤੀਆਂ ਬਣਦੀਆਂ ਨੇ ਮਨੁੱਖ ਦੀ ਸ਼ਾਨ ਅਤੇ ਹਮਜੋਲਤਾ ਬਣਦੀ ਏ ਪਛਾਣ।
ਮੌਲਿਕਤਾ ਵਿਚਾਰ, ਵਿਹਾਰ, ਵੈਰਾਗ, ਵੀਰਾਨਗੀ, ਵਿੰਨਣ, ਵਡੱਤਣ, ਵੰਨਗੀ, ਵੰਗਾਰ ਜਾਂ ਵੱਖਰਤਾ ਵਿਚ ਹੋਵੇ ਤਾਂ ਅਣਛੋਹੇ ਸਿਖਰਾਂ ਨੂੰ ਛੂੰਹਦਿਆਂ, ਕੁਝ ਪਾਉਣਾ ਤੇ ਕੁਝ ਅਪਨਾਉਣਾ ਪੈਂਦਾ। ਕੁਝ ਵਿਚੋਂ ਸਕੂਨ, ਸਹਿਜ ਤੇ ਸੁਖਨਤਾ ਦਾ ਅਹਿਸਾਸ ਮਨ ਵਿਚ ਪੈਦਾ ਹੁੰਦਾ।
ਮੌਲਿਕਤਾ ਅਹਿਮ, ਮੂਲ-ਭਾਵੀ, ਮਨੋਭਾਵਾਨਾਵਾਂ ਦਾ ਰੂਪ। ਪ੍ਰਾਪਤੀਆਂ ਲਈ ਮੂਲ-ਮੰਤਰ। ਇਸ ਦੇ ਜਾਪ ਵਿਚੋਂ ਹੀ ਜੀਵਨ ਵਿਚ ਨਾਦ ਗੂੰਜਦਾ। ਸੁਰ-ਸਾਹ ਵਿਚਲੀ ਸੰਗੀਤਕਤਾ, ਸਦੀਵਤਾ ਅਤੇ ਸੰਜੀਵਤਾ ਪ੍ਰਦਾਨ ਕਰਦੀ।
ਮੌਲਿਕਤਾ, ਮਨ ਦੀ ਮੌਜ, ਅਮੋੜ ਮੁਹਾਰਾਂ, ਮਨ ਦੀ ਤੀਖਣਤਾ ਤੇ ਤੀਬਰਤਾ। ਤਾਂਘ ਵਿਚਲਾ ਸਮਤੋਲ। ਕੁਝ ਅਚੰਭਿਤ, ਅਣ-ਕਿਆਸਿਆ, ਅਣ-ਲਿਖਤ ਅਤੇ ਅਣ-ਬੋਲਿਆ ਕਰਨ ਦੀ ਲੋਚਾ।
ਮੌਲਿਕਤਾ ਨੂੰ ਮਰੋੜਿਆ ਜਾਂ ਮਰੁੰਡਿਆ ਨਹੀਂ ਜਾ ਸਕਦਾ। ਮਿਣੀ ਨਹੀਂ ਜਾਂਦੀ। ਮਿਆਰ ਵੀ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਦੀ ਮਨਮਰਜੀ ਚੱਲਦੀ। ਮੁਰੰਮਤ ਨਹੀਂ ਕੀਤੀ ਜਾ ਸਕਦੀ। ਇਸ ਨੂੰ ਮੰਗਵਾਂ ਨਹੀਂ ਲਿਆ ਜਾ ਸਕਦਾ, ਮੁੱਲ ਵੀ ਨਹੀਂ ਮਿਲਦੀ। ਇਹ ਤਾਂ ਮਨੁੱਖੀ ਜ਼ੀਨਜ਼, ਮਾਨਸਿਕਤਾ ਤੇ ਵਿਰਸੇ ‘ਚੋਂ ਮਿਲਦੀ। ਕੁਦਰਤੀ ਦਾਤ, ਰੱਬ ਦੀ ਜਾਤ ਅਤੇ ਮਨੁੱਖ ਦੀ ਅਮੁੱਲ ਔਕਾਤ ਜਿਸ ਵਿਚੋਂ ਉਦੈ ਹੁੰਦੀ ਜੀਵਨ-ਬਰੂਹਾਂ ‘ਤੇ ਪ੍ਰਭਾਤ।
ਮੌਲਿਕਤਾ ਮੰਨਤਾਂ, ਮੁਰਾਦਾਂ, ਮੱਥੇ ਰਗੜਨ, ਮੰਤਰ ਉਚਾਰਨ ਜਾਂ ਮੂਕਤਾ ਵਿਚੋਂ ਵੀ ਨਸੀਬ ਨਹੀਂ ਹੁੰਦੀ। ਧੁਰ-ਦਰਗਾਹੋਂ ਹੀ ਨਸੀਬਾਂ ‘ਤੇ ਖੁਣੀ ਹੁੰਦੀ। ਮੌਲਿਕਤਾ ਦੇ ਆੜੀਆਂ ਲਈ ਕਿਸੇ ਵੀ ਘਾਟ, ਊਣਤਾਈ, ਅਪੰਗਤਾ ਜਾਂ ਆਰਥਕ ਕਮਜੋਰੀ ਜਾਂ ਸਮਾਜਕ ਨੀਚਤਾ ਦੇ ਕੋਈ ਮਾਅਨੇ ਨਹੀਂ। ਇਹ ਤਾਂ ਰਾਖ ਵਿਚੋਂ ਵੀ ਕੁਕਨੂਸ ਬਣ ਕੇ ਉਗ ਪੈਂਦੀ।
ਮੌਲਿਕਤਾ ਕਾਰਨ ਮਨੁੱਖੀ ਚੇਤਨਾ,
ਅੰਬਰ ਗਾਹੁੰਦੀ ਜਾਵੇ।
ਕਦੇ ਤਾਰਿਆਂ ਦੀ ਝਾਂਜਰ ਬਣਾ,
ਰਿਸ਼ਮ-ਬੋਲੀਆਂ ਪਾਵੇ।
ਮੌਲਿਕਤਾ ਕਦੇ ਬਰੇਤੇ ਵਿਚ
ਪਾਣੀ ਸਿੰਮਣ ਲਾਵੇ।
ਤੇ ਕਦੇ ਮਾਰੂਥਲ ਦੀ ਹਿੱਕੜੀ ਨੂੰ,
ਜ਼ੱਨਤ ਦਾ ਬਾਗ ਬਣਾਵੇ।
ਮੌਲਿਕਤਾ ਮਨ ਦੀ ਤਿੱੜਕੀ ਸੋਚੇ,
ਸੁਪਨ-ਕਲਮਾਂ ਲਗਾਵੇ।
ਤੇ ਕੋਰੀ ਆਸ ਦੀ ਚੌੜੀ ਹਿੱਕੇ,
ਚਾਅ ਮੇਲਦਾ ਆਵੇ।
ਮੌਲਿਕਤਾ ਆ ਕੇ ਮਨ ਦੀ ਜੂਹੇ,
ਸੱਧਰਾਂ ਨੂੰ ਸੱਧਰਾਵੇ।
ਤਾਂ ਭਾਵਾਂ ਦੀ ਖਿੱਸਕੀ ਕੰਨੀਂ,
ਸੰਦਲੀ ਹੱਥੀਂ ਆਵੇ।
ਮੌਲਿਕਤਾ ਜਦ, ਉਮੀਦ-ਬਰੂਹੀਂ,
ਆਪਣਾ ਕਦਮ ਟਿਕਾਵੇ।
ਤਾਂ ਸੂਰਜ ਦੀ ਸੁਰਖ ਰੰਗਤ,
ਜੀਵਨ ਨੂੰ ਰੰਗ ਜਾਵੇ।
ਮੌਲਿਕਤਾ ਕਦੇ ਵੀ ਨਕਲ ਨਹੀਂ ਹੁੰਦੀ। ਮੌਲਿਕਤਾ ਦੀ ਨਕਲ ਕਰਨ ਲਈ ਸਾਰੇ ਹੀ ਉਤਾਵਲੇ ਹੁੰਦੇ, ਪਰ ਨਕਲ ਕਦੇ ਵੀ ਮੌਲਿਕਤਾ ਦੇ ਬਰਾਬਰ ਨਹੀਂ ਹੋ ਸਕਦੀ।
ਮੌਲਿਕਤਾ ਕਦੇ ਬੋਲਾਂ ਨੂੰ ਸੁਗੰਧਤ ਕਰਦੀ, ਕਦੇ ਹਰਫਾਂ ਵਿਚ ਮੌਲਦੀ। ਕਦੇ ਸਫਿਆਂ ‘ਤੇ ਫੈਲਦੀ, ਕਦੇ ਬੁਰਸੀ ਛੋਹਾਂ ਰਾਹੀ ਆਪੇ ਨੂੰ ਪ੍ਰਗਟਾਉਂਦੀ। ਕਦੇ ਇਸ ਦੀ ਝਲਕ ਨੂੰ ਕੀਰਤੀਆਂ ਵਿਚੋਂ ਮਾਣਿਆ ਜਾ ਸਕਦਾ। ਮੌਲਿਕਤਾ ਕਿਹੜੇ ਰੂਪ ਵਿਚ, ਕਿਸ ਅਦਾ ਅਤੇ ਅੰਦਾਜ਼ ਨਾਲ ਪ੍ਰਗਟ ਹੁੰਦੀ, ਇਹ ਮੌਲਿਕਤਾ ਨੂੰ ਮਿਲੇ ਮੌਕੇ ‘ਤੇ ਨਿਰਭਰ।
ਮੌਲਿਕਤਾ ਡਿਗਰੀਆਂ, ਤਮਗਿਆਂ, ਤਰੱਕੀਆਂ, ਮਾਣ-ਸਨਮਾਨਾਂ ਜਾਂ ਸਿਰੋਪਿਆਂ ਦੀ ਰਖੇਲ ਨਹੀਂ। ਇਹ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਹੀਣੀ ਹੋ ਕੇ ਵੀ ਉਤਮ ਹੁੰਦੀ, ਜਦੋਂ ਕਿ ਇਸ ਦੀ ਨੁਕਤਾਚੀਨੀ ਕਰਨ ਵਾਲੇ ਕਾਮਯਾਬ ਹੋ ਕੇ ਵੀ ਅਸਫ਼ਲ ਹੀ ਰਹਿੰਦੇ। ਮੌਲਿਕਤਾ ਤਾਂ ਰੂਹ ਦਾ ਰੱਜ, ਅੰਤਰੀਵ ਨਾਲ ਗੁਫਤਗੂ ਕਰਦਾ ਰੱਬ, ਆਪਣੀ ਸੰਗਤ ਮਾਣਨ ਦਾ ਪੱਜ ਅਤੇ ਬੀਤ ਚੁਕੇ ਕੱਲ ਦਾ, ਸੱਜਰਾ ਤੇ ਸੂਹਾ ਅੱਜ।
ਮੌਲਿਕਤਾ ਘਰਾਣਿਆਂ, ਧਨਾਢਾਂ, ਮਹਿਲਾਂ, ਮੁਨਾਰਿਆਂ ਦੀ ਮੁਥਾਜ ਨਹੀਂ। ਇਹ ਕਿਸੇ ਵੀ ਕੁੱਖ, ਕਿਸੇ ਵੀ ਜਗਾ ਅਤੇ ਕਿਸੇ ਵੀ ਘਰ ਪੈਦਾ ਹੋ ਸਕਦੀ। ਫਿਰ ਆਪਣੀ ਹੋਂਦ ਨਾਲ ਸਮੇਂ ਦੇ ਨਕਸ਼ਾਂ ਨੂੰ ਵਿਉਂਤਦੀ।
ਮੌਲਿਕ ਕਿਰਤਾਂ, ਕਵਿਤਾਵਾਂ, ਲੋਕ, ਵਿਚਾਰਧਾਰਾ ਅਤੇ ਲਿਖਤਾਂ ਬਹੁਤ ਹੀ ਘੱਟ। ਜ਼ਿਆਦਾਤਰ ਲਿਖਤਾਂ/ਕਿਰਤਾਂ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਹੋਰ ਲਿਖਤ ਦਾ ਬਦਲਿਆ ਰੂਪ।
ਮੌਲਿਕਤਾ, ਪ੍ਰਤਿਭਾਸ਼ਾਲੀ ਲੋਕਾਂ ਦੀ ਮਲਕੀਅਤ। ਉਹ ਸੰਪੂਰਨ ਭਾਵੇਂ ਨਾ ਹੋਣ, ਪਰ ਵਿਲੱਖਣ ਅਤੇ ਵਿਕੋਲਿਤਰੇ ਜਰੂਰ ਹੁੰਦੇ। ਇਸੇ ਲਈ ਪ੍ਰਤਿਭਾਸ਼ਾਲੀ ਲੋਕ ਆਪਣੀ ਮੌਲਿਕਤਾ ਦੀ ਬੋਲੀ ਨਹੀਂ ਲਾਉਂਦੇ। ਨਾ ਹੀ ਨਿਜੀ ਮੁਫਾਦ ਜਾਂ ਲਾਲਚ ਕਾਰਨ ਮੌਲਿਕਤਾ ਦਾ ਸੌਦਾ ਕਰਦੇ। ਮੌਲਿਕਤਾ ਦਾ ਮਾਨਵੀਕਰਨ ਵੀ ਸਿਰਫ ਪ੍ਰਤਿਭਾਸ਼ਾਲੀ ਵਿਅਕਤੀ ਹੀ ਕਰ ਸਕਦਾ।
ਮੌਲਿਕਤਾ ਹੀ ਰੋਦਿਆਂ ਨੂੰ ਹਸਾਉਣ ਅਤੇ ਹੱਸਦਿਆਂ ਨੂੰ ਰੁਆਉਣ ਦੀ ਯੋਗਤਾ ਰੱਖਦੀ। ਇਹ ਮਰ ਕੇ ਵੀ ਜਿਉਂਦੀ। ਜਿਉਂਦਿਆਂ ਮਰਨ ਤੋਂ ਜਰਾ ਵੀ ਤ੍ਰਹਿੰਦੀ ਨਹੀਂ, ਕਿਉਂਕਿ ਇਸ ਨੇ ਸਦਾ ਚਿਰੰਜੀਵ ਰਹਿਣਾ ਹੁੰਦਾ।
ਮੌਲਿਕਤਾ ਤਾਂ ਅਜ਼ਾਦੀ ਹੈ ਖਿਆਲਾਂ ਤੇ ਖੁਆਬਾਂ ਦੀ, ਪਰ ਬਗਾਵਤ ਨਹੀਂ। ਇਹ ਸਵੈ-ਵਿਸ਼ਵਾਸ ਦਾ ਪ੍ਰਗਟਾਵਾ, ਨਾ ਕਿ ਹੰਕਾਰ ਦਾ ਦਿਖਾਵਾ। ਇਹ ਨਿਜਤਾ ਵਿਚੋਂ ਪੈਦਾ ਹੋਈ ਸਰਬ-ਸੁਖਨਤਾ ਅਤੇ ਸਰਬੱਤ ਦੇ ਭਲੇ ਦੀ ਅਰਜੋਈ। ਸਰਬ-ਸਾਂਝੀਵਾਲਤਾ ਦਾ ਪੈਗਾਮ।
ਮੌਲਿਕਤਾ, ਕੁਦਰਤ ਦੇ ਕਣ ਕਣ ਵਿਚ ਵੱਸਦੀ। ਸੂਰਜ ਦਾ ਚੜ੍ਹਨਾ, ਰਾਤ ਦਾ ਉਤਰਨਾ, ਮੱਸਿਆ ਦੀ ਰਾਤ, ਅੱਠਖੇਲੀਆਂ ਕਰਦੀਆਂ ਸਮੁੰਦਰ ਦੀਆਂ ਲਹਿਰਾਂ, ਦਰਿਆਵਾਂ ਦਾ ਵਹਾਅ ਅਤੇ ਫੁੱਲਾਂ ਭਰੀ ਕਾਇਨਾਤ ਦੇ ਸਮੁੱਚ ਵਿਚ ਹਾਜ਼ਰ-ਨਾਜ਼ਰ। ਕੁਦਰਤੀ ਵਰਤਾਰਿਆਂ ਵਿਚ ਮੌਲਿਕਤਾ ਵੱਸਦੀ। ਇਕ ਪਲ ਨੂੰ ਦੂਜੇ ਪਲ ਵਿਚੋਂ ਨਹੀਂ ਦੇਖ ਸਕਦੇ। ਕੁਝ ਨਾ ਕੁਝ ਹਰੇਕ ਪਲ ਵਿਚ ਹੀ ਬਦਲ ਜਾਂਦਾ। ਜਰੂਰੀ ਹੈ ਕਿ ਕਦੇ ਕਦਾਈਂ ਇਸ ਕਾਇਨਾਤੀ ਮੌਲਿਕਤਾ ਨੂੰ ਆਪਣੇ ਅੰਦਰ ਜਰੂਰ ਉਤਾਰਨਾ।