ਯਾਰਾਂ ਦੀ ਮਸੀਤ ਵੱਖਰੀ

ਪੰਜਾਬ ਦੇ ਜੰਮੇ-ਪਲੇ ਅਤੇ ਲੰਡਨ (ਵਲਾਇਤ) ਵਿਚ ਵੱਸਣ ਵਾਲੇ ਅਮੀਨ ਮਲਿਕ ਦਾ ਸਦੀਵੀ ਵਿਛੋੜਾ ਦੁੱਖ ਦੇਣ ਵਾਲਾ ਹੈ। ਉਹਦੇ ਅੰਦਰ ਆਪਣਾ ਪੰਜਾਬ ਆਬਾਦ ਸੀ ਅਤੇ ਇਹ ਹਰ ਵਕਤ ਮੌਲਦਾ-ਵਿਗਸਦਾ ਰਹਿੰਦਾ ਸੀ। ਉਹਨੇ ਆਪਣੀਆਂ ਕਹਾਣੀਆਂ ਦੇ ਹਰ ਕਿਰਦਾਰ ਨੂੰ ਅੰਦਰੋਂ-ਬਾਹਰੋਂ ਇਸ ਤਰ੍ਹਾਂ ਫਰੋਲਿਆ ਕਿ ਪਾਠਕ ਨੂੰ ਇਸ ਕਿਰਦਾਰ ਨਾਲ ਅਪਣੱਤ ਹੋ ਜਾਂਦੀ ਹੈ। ਉਸ ਨੂੰ ਯਾਦ ਕਰਦਿਆਂ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਦਾ ਇਕ ਲੰਮਾ ਲੇਖ ਛਾਪ ਰਹੇ ਹਾਂ, ਜਿਸ ਦੀ ਪਹਿਲੀ ਕਿਸ਼ਤ ਹਾਜ਼ਰ ਹੈ।

-ਸੰਪਾਦਕ

ਅਮੀਨ ਮਲਿਕ

ਨਾਂ ਤਾਂ ਉਸ ਦਾ ਕੁਝ ਹੋਰ ਸੀ, ਪਰ ਪਿਉ ਲਾਡ ਨਾਲ ਮੋਮੀ ਆਖਦਾ ਸੀ। ਬੜੀ ਹੀ ਭੋਲੀ, ਬੁਜ਼ਦਿਲ, ਮਾਸੂਮ ਅਤੇ ਰੱਜ ਕੇ ਖੂਬਸੂਰਤ ਸੀ ਉਹ। ਪਤਾ ਨਹੀਂ ਉਹਦੇ ਕੰਨ ਵਿਚ ਰੱਬ ਨੇ ਕਿਹੜਾ ਸੁਨੇਹਾ ਦੇ ਛੱਡਿਆ ਸੀ ਕਿ ਉਹ ਸ਼ਰਾਫਤ ਦੀਆਂ ਬਾਹਵਾਂ ਉਤੇ ਨੀਵੀਆਂ ਅੱਖਾਂ ਕਰ ਕੇ ਹਜ਼ਰਤ ਮਰੀਅਮ ਵਾਂਗ ਹੀ ਤੁਰਦੀ ਰਹੀ।
ਲੰਦਨ ਵਿਚ ਹੀ ਉਹਨੇ ਅੱਵਲ ਨੰਬਰ (ਜੀ. ਸੀ. ਐਸ਼ ਈ.) ਕੀਤੀ ਤੇ ਇਥੇ ਹੀ ਜਵਾਨੀ ਦੇ ਦੰਦੇ ਉਤੇ ਪੈਰ ਰੱਖਿਆ। ਇਸ ਦੇਸ਼ ਵਿਚ ਹਰ ਪਾਸੇ ਬਲਦੇ ਭਾਂਬੜ ਵਿਚੋਂ ਲੰਘਦੇ ਹੋਏ ਉਸ ਦੀ ਠੰਢੀ ਠਾਰ ਰੂਹ ਨੂੰ ਕੋਈ ਵੀ ਸੇਕ ਨਾ ਲੱਗਾ। ਅੱਜ ਦੇ ਵਗਦੇ ਬੇਰਹਿਮ ਝੱਖੜ ਨੂੰ ਕਦੀ ਵੀ ਹਿੰਮਤ ਨਾ ਹੋਈ ਕਿ ਉਹਦੇ ਸਿਰ ਤੋਂ ਪੰਜਾਬੀ ਸਮਾਜ ਦੀ ਮਾਣਯੋਗ ਚੁੰਨੀ ਉਡਾ ਕੇ ਲੈ ਜਾਂਦਾ। ਇਸ ਪੱਛਮੀ ਬੇਗੈਰਤ ਸਮਾਜ ਦੇ ਵਰ੍ਹਦੇ ਫਾਂਡੇ ਨੇ ਉਸ ਨੂੰ ਕਦੀ ਵੀ ਗੁੱਚ ਨਾ ਕੀਤਾ ਅਤੇ ਨਾ ਹੀ ਬੇਹਯਾਈ ਦੇ ਚਿੱਕੜ ਵਿਚ ਉਸ ਦਾ ਕਦੀ ਪੈਰ ਤਿਲਕਿਆ। ਕੋਈ ਰੱਬ ਦਾ ਆਸਰਾ ਹੀ ਸੀ ਕਿ ਉਹ ਘੁੱਗੀ ਹਰ ਪਾਸੇ ਉਡਦੇ ਸ਼ਿਕਰਿਆਂ ਵਿਚ ਵੀ ਸ਼ਿਕਾਰ ਨਾ ਹੋਈ। ਇਕ ਵੱਖਰੀ ਜਿਹੀ ਆਦਤ ਅਤੇ ਇਰਾਦੇ ਦੀ ਬੇੜੀ ‘ਤੇ ਸਵਾਰ ਹੋ ਕੇ ਜ਼ਿੰਦਗੀ ਦਾ ਦਰਿਆ ਪਾਰ ਕਰ ਰਹੀ ਸੀ ਕਿ ਅਚਾਨਕ ਹਾਦਸਾ ਹੋ ਗਿਆ।
ਉਸ ਨੇ ਜੀ. ਸੀ. ਐਸ਼ ਈ. ਪਾਸ ਕੀਤੀ ਅਤੇ ਮਾਪਿਆਂ ਨੂੰ ਇਕੋ ਹੀ ਤਰਲਾ ਮਾਰਿਆ ਕਿ ਮੈਨੂੰ ਕਿਸੇ ਧਰਮੀ ਜਿਹੇ ਕਾਲਜ ਵਿਚ ਦਾਖਲ ਕਰਾ ਦਿਉ, ਜਿਥੇ ਬਹੁਤੀਆਂ ਖਰ-ਮਸਤੀਆਂ ਅਤੇ ਸ਼ਰਮ-ਹਿਆ ਨੂੰ ਅੱਗ ਨਾ ਲੱਗਦੀ ਹੋਵੇ। ਇਸ ਦੇਸ਼ ਵਿਚ ਇੰਜ ਦੇ ਅਦਾਰੇ ਬੜੇ ਹੀ ਘੱਟ ਹਨ, ਜਿਥੇ ਕੁੜੀਆਂ-ਮੁੰਡੇ ਸ਼ਰਮ ਦੀ ਲਕੀਰ ਦਾ ਇਹਤਰਾਮ ਕਰ ਕੇ ਆਪੋ-ਆਪਣੀ ਵਲਗਣ ਦੀ ਹੱਦ ਪਛਾਣਦੇ ਹੋਣ। ਕੁਝ ਲੋਕ ਇਥੇ ਅਜਿਹੇ ਵੀ ਹਨ, ਜੋ ਕਿਸੇ ਪਰੰਪਰਾ, ਰਵਾਇਤ ਅਤੇ ਮਜ਼ਹਬੀ ਕਦਰਾਂ ਦੀ ਕੁਝ ਨਾ ਕੁਝ ਅੱਜ ਵੀ ਦੀਦ ਕਰਦੇ ਨੇ।
ਮਾਪਿਆਂ ਨੇ ਧੀ ਦੀ ਸ਼ਰਾਫਤ ਅਤੇ ਉਹਦੀ ਮਰਜ਼ੀ ਦੀ ਪਾਲਣਾ ਕਰਦਿਆਂ ਉਹਨੂੰ ਹੋਲੀ ਫੈਮਲੀ ਕਾਲਜ ਵਿਚ ਦਾਖਲ ਕਰਵਾ ਦਿੱਤਾ। ਪਾਕਿਸਤਾਨੀ ਜਾਂ ਇੰਡੀਅਨ ਮਾਪੇ ਇਸ ਕਾਲਜ ਵਿਚ ਆਪਣੇ ਬਾਲਾਂ ਨੂੰ ਇਸ ਕਰ ਕੇ ਦਾਖਲ ਨਹੀਂ ਕਰਵਾਉਂਦੇ ਕਿ ਉਥੇ ਇਸਾਈ ਮਜ਼ਹਬ ਵਿਚ ਰੰਗ ਦਿੰਦੇ ਹਨ। ਮੈਂ ਤਾਂ ਇਹੀ ਆਖਾਂਗਾ ਕਿ ਰੰਗ ਪੱਕਾ ਹੋਵੇ, ਤਾਂ ਨਾ ਉਹ ਖੁਰਦਾ ਏ ਤੇ ਨਾ ਹੀ ਕੋਈ ਦੂਜਾ ਰੰਗ ਚੜ੍ਹਦਾ ਏ। ਕਾਲੇ ਨੂੰ ਸੌ ਰੰਗ ਚੜ੍ਹਾਉ, ਫਿਰ ਵੀ ਕਾਲੇ ਦਾ ਕਾਲਾ।
ਰਾਹ ਕਿੰਨੇ ਵੀ ਪੱਧਰੇ ਹੋਣ, ਰਾਹੀ ਕਿੰਨੇ ਵੀ ਮੁਹਤਾਤ ਹੋ ਕੇ ਪੈਰ ਪੁੱਟਣ, ਪਰ ਇਸ ਟੋਏ ਟਿੱਬੇ ਭਰੀ ਉਚੀ ਨੀਵੀਂ ਹਯਾਤੀ ਦੀ ਭੋਇੰ ਉਤੇ ਖਤਾਨ ਵੀ ਹੁੰਦੇ ਨੇ ਅਤੇ ਔਖੀਆਂ ਘਾਟੀਆਂ ਵੀ। ਇਰਾਦਿਆਂ ਵਿਚ ਭਾਵੇਂ ਕੋਈ ਵੀ ਖੋਟ ਨਾ ਹੋਵੇ, ਪਰ ਕੁਦਰਤ ਦੀ ਮਰਜ਼ੀ ਨਾਲ ਨਾ ਕੋਈ ਮੱਥਾ ਲਾ ਸਕਿਆ ਅਤੇ ਨਾ ਹੀ ਕਿਸੇ ਹੋਣੀ ਨੂੰ ਹੱਥ ਦੇ ਕੇ ਡੱਕ ਸਕਿਆ ਹੈ। ਕੁਦਰਤ ਦੇ ਵਗਦੇ ਦਰਿਆ ਆਪਣੇ ਵਹਿਣ ਆਪ ਬਣਾ ਕੇ ਆਪਣੇ ਮਰਜ਼ੀ ਦੇ ਰਾਹਾਂ ਉਤੇ ਤੁਰਦੇ ਨੇ। ਕਿਸੇ ਨੇ ਕਦੀ ਬੀਜੀਆਂ ਨਹੀਂ, ਪਰ ਮੌਸਮ ਆਉਂਦਾ ਏ ਤਾਂ ਖੁੰਬਾਂ ਆਪ ਹੀ ਉਗ ਆਉਂਦੀਆਂ ਨੇ।
ਕਾਲਜ ਵਿਚ ਛੁੱਟੀ ਹੋਈ ਤਾਂ ਮੋਮੀ ਆਪਣੇ ਲੀੜੇ ਸਿੱਧੇ ਸਵਾਰ ਕਰ ਕੇ ਸਿਰ ਢਕਦੀ-ਢਕਦੀ ਕਾਲਜ ਵਿਚੋਂ ਬਾਹਰ ਨਿਕਲੀ। ਅੱਖਾਂ ਉਤੇ ਲੱਗੀ ਨਜ਼ਰ ਦੀ ਐਨਕ ਨਾਲ ਘਰ ਦੇ ਰਾਹ ਦੀ ਸੀਧ ਵੇਖੀ, ਪਰ ਜੇ ਬੰਦਾ ਆਪਣੇ ਰਾਹ ਆਪਣੀ ਮਰਜ਼ੀ ਨਾਲ ਚੁਣ ਸਕਦਾ ਹੁੰਦਾ ਤਾਂ ਨਾ ਗਵਾਚਣ ਵਾਲੇ ਗਵਾਚਦੇ ਤੇ ਨਾ ਕਿਸੇ ਨੂੰ ਠੇਡਾ ਲੱਗਦਾ!
ਮੰਜ਼ਿਲ ਅਤੇ ਇਰਾਦੇ ਤਾਂ ਬੰਦੇ ਦੇ ਆਪਣੇ ਹੁੰਦੇ ਹਨ, ਪਰ ਫੈਸਲੇ ਕਰਨ ਵਾਲਾ ਕਿਧਰੇ ਹੋਰ ਬੈਠਾ ਚੁਪ-ਚਾਪ ਆਪਣੀਆਂ ਮਰਜ਼ੀਆਂ ਕਰਦਾ ਰਹਿੰਦਾ ਏ।
ਮੋਮੀ ਨੇ ਵੇਖਿਆ, ਸੜਕੋਂ ਪਾਰ ਕਾਲਜ ਦੇ ਕੁਝ ਮੁੰਡੇ-ਕੁੜੀਆਂ ਇਕੱਠੇ ਹੋ ਕੇ ਇਕ ਹਾਦਸੇ ਨੂੰ ਤਮਾਸ਼ਾ ਬਣਾ ਕੇ ਮੌਜੂ ਲਾਈ ਬੈਠੇ ਨੇ। ਵਾਕਿਆ ਜਾਂ ਹਾਦਸਾ ਤਾਂ ਇਕ ਹੀ ਹੁੰਦਾ ਹੈ, ਪਰ ਕੋਈ ਉਸ ਨੂੰ ਤਮਾਸ਼ਾ ਜਾਣ ਕੇ ਸਵਾਦ ਲੈਂਦਾ ਏ ਤੇ ਕਿਸੇ ਦੀਆਂ ਅੱਖਾਂ ਰੋ ਪੈਂਦੀਆਂ ਨੇ। ਬਸ ਨਜ਼ਰ ਬਦਲੇ ਤਾਂ ਨਜ਼ਾਰਾ ਬਦਲ ਜਾਂਦਾ ਏ। ਮਲਾਹ ਦੀ ਨੀਅਤ ਬਦਲ ਜਾਏ ਤਾਂ ਕਿਨਾਰਾ ਬਦਲ ਜਾਂਦਾ ਹੈ। ਹਰ ਕੋਈ ਵੱਖਰੀ-ਵੱਖਰੀ ਅੱਖ ਅਤੇ ਵੱਖਰੀ ਫਿਤਰਤ ਲਈ ਫਿਰਦਾ ਏ। ਕੋਈ ਮੂਸਾ ਤੇ ਕੋਈ ਫਿਰਔਨ; ਕੋਈ ਭਗਤ ਸਿੰਘ ਤੇ ਕੋਈ ਜ਼ਾਲਮ ਡਾਇਰ।
ਇਕ ਨਾਜ਼ੁਕ ਜਿਹੇ ਡਿੱਗੇ ਹੋਏ ਸ਼ਰੀਫ ਗੋਰੇ ਮੁੰਡੇ ਨੂੰ ਢਾਹ ਕੇ ਦੋ ਕਾਲੇ ਠੁੱਡੇ ਮਾਰ ਰਹੇ ਸਨ। ਉਹ ਬੇਵਸ ਅੱਗਿਓਂ ਤਰਲੇ ਲੈਂਦਾ ਆਪਣੇ ਮੂੰਹ ਨੂੰ ਹੱਥਾਂ ਨਾਲ ਢਕ ਕੇ ਬਚਾ ਰਿਹਾ ਸੀ। ਆਲੇ-ਦੁਆਲੇ ਕਾਲਜ ਦੇ ਬਾਕੀ ਵਿਦਿਆਰਥੀ ਮਾਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ।
ਇਥੇ ਆ ਕੇ ਜ਼ਿੰਦਗੀ ਵਿਚ ਬੜਾ ਵੱਡਾ ਮੋੜ ਆਉਂਦਾ ਏ ਤੇ ਰਾਹ ਬਦਲਦੇ ਨੇ। ਮੋਮੀ ਆਪਣੇ ਘਰ ਨੂੰ ਜਾਣ ਵਾਲਾ ਰਾਹ ਛੱਡ ਕੇ ਮਾਰ ਖਾਂਦੇ ਕਮਜ਼ੋਰ ਜਿਹੇ ਗੋਰੇ ਨੂੰ ਆਪਣੀ ਕਮਜ਼ੋਰ ਜਿਹੀ ਮਦਦ ਦੇਣ ਲਈ ਸੜਕ ਟੱਪ ਗਈ। ਜਦੋਂ ਉਹਦਾ ਮਿੰਨਤ ਤਰਲਾ ਕਿਸੇ ਕੰਮ ਨਾ ਆਇਆ ਤਾਂ ਉਹ ਮਾਰ ਖਾਂਦੇ ਮੁੰਡੇ ਉਤੇ ਲੇਟ ਗਈ। ਮੋਮੀ ਲਈ ਇਹ ਬੜਾ ਹੀ ਅਨੋਖਾ ਕਾਰਾ ਸੀ, ਜੋ ਉਹਦੀ ਆਦਤ, ਫਿਤਰਤ ਅਤੇ ਸ਼ਖਸੀਅਤ ਨਾਲ ਬਿਲਕੁਲ ਵੀ ਮੇਲ ਨਹੀਂ ਸੀ ਖਾਂਦਾ। ਸ਼ਾਇਦ ਉਹਦੀ ਇਨਸਾਨੀਅਤ ਅਤੇ ਨੇਕੀ ਕਰਨ ਦਾ ਇਹ ਜਜ਼ਬਾ ਹੀ ਸੀ, ਜੋ ਉਸ ਨੂੰ ਇਸ ਹੱਦ ਤੱਕ ਲੈ ਗਿਆ। ਮੱਛਰੇ ਹੋਏ ਕਾਲੇ ਮੁੰਡੇ ਹੋਰ ਵੀ ਅੱਥਰੇ ਹੋ ਗਏ ਤੇ ਮੋਮੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਦੀ ਗੱਡੀ ਤਾਂ ਅੱਪੜ ਗਈ, ਪਰ ਕਾਲੇ ਮੁੰਡੇ ਨੱਸ ਭੱਜ ਗਏ। ਜ਼ਖਮੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ।
ਕੋਈ ਹਫਤਾ ਕੁ ਟੱਪਿਆ ਤਾਂ ਇਕ ਗੋਰੀ ਜ਼ਨਾਨੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੋਮੀ ਦੇ ਘਰ ਆ ਗਈ। ਉਹ ਗੋਰੀ ਔਰਤ ਵਿਚ-ਵਿਚ ਕਈ ਸ਼ਬਦ ਉਰਦੂ ਪੰਜਾਬੀ ਦੇ ਵੀ ਬੋਲ ਸਕਦੀ ਸੀ। ਉਸ ਨੇ ਹੰਝੂ ਭਰੀਆਂ ਅੱਖੀਆਂ ਨਾਲ ਮੋਮੀ ਅਤੇ ਉਹਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਮਿੰਨਤ ਕੀਤੀ ਕਿ ਉਹਦੇ ਪੁੱਤਰ ਨੂੰ ਮਾਰਨ ਵਾਲੇ ਮੁੰਡੇ ਤਾਂ ਫੜੇ ਗਏ ਨੇ, ਪਰ ਗਵਾਹੀ ਦੇਣ ਵਾਲਾ ਕੋਈ ਨਹੀਂ। ਜੇ ਮੌਕੇ ਦਾ ਗਵਾਹ ਉਨ੍ਹਾਂ ਮੁੰਡਿਆਂ ਖਿਲਾਫ ਗਵਾਹੀ ਦੇ ਦੇਵੇ ਤਾਂ ਮਾਰਨ ਵਾਲਿਆਂ ਨੂੰ ਸਜ਼ਾ ਤੋਂ ਇਲਾਵਾ ਉਹਦੇ ਪੁੱਤਰ ਨੂੰ ਹਰਜਾਨੇ ਦੀ ਥੋੜ੍ਹੀ ਬਹੁਤ ਰਕਮ ਵੀ ਮਿਲ ਸਕਦੀ ਏ।
ਸੱਚੀ ਗਵਾਹੀ ਦੇਣੀ ਇਖਲਾਕੀ ਫਰਜ਼ ਅਤੇ ਸਮਾਜੀ ਭਲਾਈ ਵੀ ਹੈ, ਪਰ ਪਾਕਿਸਤਾਨੀ ਮਾਪਿਆਂ ਲਈ ਕਾਲੇ ਮੁੰਡਿਆਂ ਖਿਲਾਫ ਗਵਾਹੀ ਦੇ ਕੇ ਆਪਣੇ ਗਲ ਮੁਸੀਬਤ ਪਾਉਣ ਵਾਲੀ ਗੱਲ ਸੀ। ਉਂਜ ਵੀ ਨਾਜ਼ੁਕ ਜਿਹੀ ਸ਼ਰੀਫ ਕੁੜੀ ਵਾਸਤੇ ਇਹ ਬੜੀ ਹੀ ਖਤਰਨਾਕ ਗਵਾਹੀ ਸੀ। ਉਤੋਂ ਗਲੇਡੂ ਭਰੀਆਂ ਅੱਖਾਂ ਨਾਲ ਮੋਮੀ ਦੇ ਜਜ਼ਬਾਤੀ ਪਿਉ ਦਾ ਦਿਲ ਧੁੱਪ ਵਿਚ ਪਏ ਗੋਕੇ ਘਿਉ ਵਾਂਗ ਪਿਘਲ ਗਿਆ ਸੀ। ਗੋਰੀ ਜ਼ਨਾਨੀ ਨੇ ਦੱਸਿਆ, “ਅੱਜ ਤੋਂ ਸੋਲ੍ਹਾਂ ਵਰ੍ਹੇ ਪਹਿਲਾਂ ਪਾਕਿਸਤਾਨ ਜਿਲਾ ਸਾਹੀਵਾਲ ਦੇ ਇਕ ਬੰਦੇ ਵਸੀਮ ਨਾਲ ਸ਼ਾਦੀ ਕਰਾਈ। ਮੇਰੇ ਇਹ ਦੋ ਬਾਲ ਅਜੇ ਨਿੱਕੇ-ਨਿੱਕੇ ਹੀ ਸਨ, ਜਦੋਂ ਰੇਲ ਹਾਦਸੇ ਵਿਚ ਵਸੀਮ ਦੀ ਮੌਤ ਹੋ ਗਈ। ਮੇਰੇ ਪਿਉ ਨੇ ਪਹਿਲਾਂ ਹੀ ਮੁਸਲਮਾਨ ਨਾਲ ਸ਼ਾਦੀ ਕਰਾਉਣ ਦੀ ਵਜ੍ਹਾ ਨਾਲ ਮੈਨੂੰ ਤਿਆਗ ਛੱਡਿਆ ਸੀ। ਨਾ ਇਨ੍ਹਾਂ ਬਾਲਾਂ ਦੇ ਨਾਨਕੇ ਰਹੇ, ਨਾ ਦਾਦਕੇ। ਪਾਕਿਸਤਾਨੀਆਂ ਨੇ ਮੇਰੇ ਬਾਲਾਂ ਨੂੰ ਗੋਰੇ ਆਖਿਆ ਅਤੇ ਗੋਰਿਆਂ ਦੇ ਬਾਲ ਪਾਕਿਸਤਾਨੀ ਆਖ ਕੇ ਆਪਣੀ ਖੇਡ ਵੱਖਰੀ ਕਰ ਲੈਂਦੇ ਰਹੇ। ਸਾਥੋਂ ਦੋਨੋਂ ਹੀ ਸਾਂਝਾਂ ਛੁੱਟ ਗਈਆਂ ਤੇ ਕਿਸੇ ਪਾਸੇ ਦੇ ਨਾ ਰਹੇ। ਵਸੀਮ ਨੇ ਬੜੇ ਚਾਅ ਨਾਲ ਪੁੱਤਰ ਦਾ ਨਾਂ ਮੁਨੀਰ ਰੱਖਿਆ ਸੀ, ਪਰ ਅੱਖ ਖੁੱਲ੍ਹੀ ਤਾਂ ਪਿਉ ਅੱਖ ਮੀਟ ਗਿਆ ਸੀ। ਉਤੋਂ ਇਹ ਜ਼ੁਲਮ ਵੀ ਹੋਇਆ ਕਿ ਧੀ ਦਿਮਾਗੀ ਤੌਰ ‘ਤੇ ਜਮਾਂਦਰੂ ਮਾਅਜ਼ੂਰ (ਅਪਾਹਜ) ਹੋ ਗਈ। ਮੈਂ ਕੋਸ਼ਿਸ਼ ਕੀਤੀ ਕਿ ਮੇਰੇ ਬਾਲ ਵੀ ਇਸ ਜ਼ਾਲਮ ਸਮਾਜ ਦੇ ਕੰਡਿਆਲੀ ਰੁੱਖ ਦੀ ਕਿਸੇ ਟਹਿਲੀ ‘ਤੇ ਬੈਠਣ ਯੋਗ ਹੋ ਜਾਣ। ਇਸ ਕਰ ਕੇ ਮੈਂ ਵਸੀਮ ਦੇ ਮਾਪਿਆਂ ਨਾਲ ਸਾਹੀਵਾਲ ਰਾਬਤਾ ਕੀਤਾ, ਪਰ ਉਨ੍ਹਾਂ ਮੋੜਵਾਂ ਜਵਾਬ ਘੱਲਿਆ, ‘ਇਹ ਕੁੱਤੀ ਗੋਰੀ ਸਾਡੇ ਮੁੰਡੇ ਨੂੰ ਖਾ ਗਈ ਹੈ, ਸਾਡੀ ਕੀ ਲੱਗਦੀ ਏ!’
ਮੈਂ ਕਲਮਾ ਸੁਣਾ ਕੇ ਮੁਸਲਮਾਨ ਹੋ ਜਾਣ ਦਾ ਸਬੂਤ ਵੀ ਦਿੱਤਾ, ਪਰ ਮੇਰਾ ਗੋਰਾ ਰੰਗ ਕਿਸੇ ਦੇ ਵੀ ਕਾਲਜੇ ਨੂੰ ਨਾ ਧੋ ਸਕਿਆ। ਇਸੇ ਤਰ੍ਹਾਂ ਮੁਨੀਰ ਦਾ ਬਚਪਨ ਚੁਪ-ਚਾਪ ਜਿਹਾ ਗਿਆ ਤੇ ਖਾਮੋਸ਼ ਜਿਹੀ ਜਵਾਨੀ ਆ ਗਈ। ਨਾ ਮੇਰੇ ਪੁੱਤਰ ਦਾ ਕੋਈ ਦੋਸਤ ਹੈ ਤੇ ਨਾ ਹੀ ਕਿਸੇ ਨਾਲ ਹੱਸਦਾ ਬੋਲਦਾ ਹੈ। ਇਸ ਮੁਲਕ ਦੇ ਫਿੱਟੇ ਹੋਏ ਬਾਲ ਅਜਿਹੇ ਬੱਚੇ ਨੂੰ ਛੇੜ ਕੇ ਮੌਜੂ ਲਾਉਂਦੇ ਨੇ ਤੇ ਇਹ ਵਿਚਾਰਾ ਅੱਜ ਤੱਕ ਬੁਲੀ (ਧੱਕੇਸ਼ਾਹੀ) ਹੀ ਹੁੰਦਾ ਆਇਆ ਹੈ। ਰੱਬ ਦਾ ਸ਼ੁਕਰ ਹੈ ਕਿ ਦਿਮਾਗ ਚੰਗਾ ਸੀ ਤੇ ਕਲਾਸ ਵਿਚ ਟਾਪ ਕਰਦਾ ਗਿਆ। ਇਸ ਵਜ੍ਹਾ ਨਾਲ ਵੀ ਇਹਨੂੰ ਕਲਾਸ ਵਿਚ ਮੁੰਡਿਆਂ ਠੂੰਗੇ ਮਾਰੇ ਤਾਂ ਇਹ ਰੋ ਕੇ ਘਰ ਆ ਜਾਂਦਾ। ਅਗਲੇ ਮਹੀਨੇ ਯੂਨੀਵਰਸਿਟੀ ਜਾ ਰਿਹਾ ਏ, ਜਿਥੇ ਕੋਈ ਬੁਲੀ ਨਹੀਂ ਕਰਦਾ। ਆਪਣੇ ਘਰ ਦਾ ਇਕ ਕਮਰਾ ਕਿਰਾਏ ‘ਤੇ ਚਾੜ੍ਹ ਕੇ ਇਨ੍ਹਾਂ ਬਾਲਾਂ ਨੂੰ ਇਥੋਂ ਤੱਕ ਤਾਂ ਲੈ ਆਈ ਹਾਂ। ਯੂਨੀਵਰਸਿਟੀ ਲਈ ਆਪਣੇ ਘਰ ਦਾ ਅੱਧਾ ਗਾਰਡਨ ਵੇਚਣਾ ਪਿਆ ਹੈ ਤਾਂ ਕਿ ਮੁਨੀਰ ਬੀ. ਏ. ਕਰ ਕੇ ਆਪਣਾ ਭਾਰ ਆਪ ਚੁੱਕਣ ਜੋਗਾ ਹੋ ਜਾਏ।”
ਇਹ ਦੁੱਖ ਭਰੀ ਕਹਾਣੀ ਸੁਣਾ ਕੇ ਉਸ ਨੇ ਆਪਣੀਆਂ ਅੱਖਾਂ ਵਿਚ ਉਹੀ ਗਵਾਹੀ ਦੇਣ ਵਾਲੇ ਸਵਾਲ ਦਾ ਅਕਸ ਵਾਹ ਕੇ ਮੋਮੀ ਦੇ ਮਾਪਿਆਂ ਵਲ ਵੇਖਿਆ। ਮੋਮੀ ਦਾ ਪਿਉ ਜਜ਼ਬਾਤੀ ਜਿਹਾ ਬੰਦਾ ਸੀ, ਜਿਸ ਨੇ ਹਾਮੀ ਭਰਨ ਦਾ ਅਜੇ ਇਸ਼ਾਰਾ ਹੀ ਕੀਤਾ ਸੀ, ਪਰ ਮਾਂ ਦੀ ਜਾਨ ਮੁੱਠ ਵਿਚ ਆ ਗਈ। ਕਾਲਿਆਂ ਖਿਲਾਫ ਗਵਾਹੀ ਦੇਣਾ ਮੌਤ ਸਹੇੜਨ ਵਾਲੀ ਗੱਲ ਸੀ। ਕੋਲ ਬੈਠੀ ਮੋਮੀ ਕੋਲੋਂ ਪੁੱਛਿਆ ਤਾਂ ਉਸ ਨੇ ਉਸੇ ਹੀ ਭੋਲੇਪਨ ਵਿਚ ਆਖਿਆ, “ਜਿਸ ਤਰ੍ਹਾਂ ਵੀ ਆਖੋਗੇ, ਮੈਂ ਕਰ ਲਵਾਂਗੀ।” ਮੋਮੀ ਦੇ ਮਾਂ-ਪਿਉ ਵਿਚ ਗਵਾਹੀ ਦੇਣ ਵਾਲੇ ਮਾਮਲੇ ਵਿਚ ਇਖਤਲਾਫ ਪੈਦਾ ਹੋ ਗਿਆ ਤਾਂ ਮੋਮੀ ਦੇ ਪਿਉ ਆਰਿਫ ਨੇ ਮੁਨੀਰ ਦੀ ਮਾਂ ਨੂੰ ਆਖਿਆ ਕਿ ਤੈਨੂੰ ਕੱਲ੍ਹ ਤੱਕ ਫੈਸਲਾ ਕਰ ਕੇ ਦੱਸਾਂਗੇ।
ਮੋਮੀ ਦੇ ਪਿਉ ਆਰਿਫ ਨੂੰ ਮੁਨੀਰ ਦੀ ਕਮਜ਼ੋਰ ਜਿਹੀ ਮਾਂ ਦੇ ਹੰਝੂਆਂ ਨੇ ਸਾਰੀ ਰਾਤ ਦੁੱਖ ਦਰਦ ਵਿਚ ਡੋਬੀ ਰੱਖਿਆ। ਜੇ ਮੁਨੀਰ ਦੀ ਗਵਾਹੀ ਦਾ ਖਤਰਾ ਆਰਿਫ ਦੀ ਆਪਣੀ ਜਾਤ ਨੂੰ ਹੁੰਦਾ ਤਾਂ ਉਹ ਹੱਸ ਕੇ ਸੱਚ ਦੀ ਸੂਲੀ ਚੜ੍ਹ ਜਾਂਦਾ, ਪਰ ਮਾਮਲਾ ਨਾਜ਼ੁਕ ਜਿਹੀ ਖੂਬਸੂਰਤ ਧੀ ਦਾ ਸੀ। ਉਤੋਂ ਮੋਮੀ ਦੀ ਮਾਂ ਜਮੀਲਾ ਦੀ ਜਾਨ ਆਪਣੀ ਧੀ ਵਿਚ ਸੀ। ਇਸ ਮੁਕਾਮ ‘ਤੇ ਆ ਕੇ ਸੱਚਾਈ, ਜੁਰਅਤ, ਹਿੰਮਤ, ਖੌਫ, ਖੁਦਗਰਜ਼ੀ ਅਤੇ ਦੁਨੀਆਂਦਾਰੀ ਆਪੋ-ਆਪਣੀ ਲੜਾਈ ਲੜ ਕੇ ਹਰ ਕੋਈ ਆਪੋ-ਆਪਣਾ ਮੁਕੱਦਮਾ ਲੜਦਾ ਏ।
ਜਦੋਂ ਕਿਸੇ ਚੌਰਾਹੇ ਵਿਚੋਂ ਬੜੇ ਹੀ ਰਸਤੇ ਨਿਕਲਦੇ ਹੋਣ ਤਾਂ ਪੈਰ ਪੁੱਟਣ ਲੱਗਿਆਂ ਬੜੀਆਂ ਹੀ ਸੋਚਾਂ ਜੱਫਾ ਪਾ ਕੇ ਅਕਲ ਦਿੰਦੀਆਂ ਹਨ। ਅਕਲ ਆਪਣੇ ਵੱਲ ਖਿੱਚਦੀ ਏ, ਸੱਚਾਈ ਅੱਖਾਂ ਵਿਖਾਉਂਦੀ ਏ ਅਤੇ ਗਰਜ਼ਾਂ-ਲੋੜਾਂ ਵੱਖ ਫੜ-ਫੜ ਕੇ ਮੱਤਾਂ ਦਿੰਦੀਆਂ ਹਨ। ਇਕ ਬੰਨੇ ਬੇਵਾ ਔਰਤ ਦੇ ਯਤੀਮ ਪੁੱਤਰ ਦੀ ਗਵਾਹੀ ਦਾ ਪੁੰਨ ਅਤੇ ਦੂਜੇ ਪਾਸੇ ਲੁੱਚੇ-ਲਫੰਗੇ ਕਾਲਿਆਂ ਖਿਲਾਫ ਗਵਾਹੀ ਦੇ ਕੇ ਧੀ ਨੂੰ ਖਤਰੇ ਦੀ ਅੱਗ ਵਿਚ ਧੱਕਾ ਦੇਣਾ। ਖੁਦਗਰਜ਼ੀ ਤੇ ਖੁਦਾਪ੍ਰਸਤੀ ਹੱਥੋਪਾਈ ਹੁੰਦੀਆਂ ਰਹੀਆਂ। ਫੈਸਲਾ ਕੋਈ ਵੀ ਨਾ ਹੋਇਆ ਤੇ ਦੂਜਾ ਦਿਨ ਚੜ੍ਹ ਆਇਆ।
ਪਿਉ ਕਿੱਡਾ ਵੀ ਬਾਲਾਂ ਦਾ ਸੱਜਣ ਹੋਵੇ, ਪਰ ਉਹ ਮਾਂ ਨਹੀਂ ਬਣ ਸਕਦਾ। ਮੋਮੀ ਦੇ ਪਿਉ ਆਰਿਫ ਨੇ ਆਪਣੀ ਬੀਵੀ ਜਮੀਲਾ ਨੂੰ ਫੈਸਲਾ ਸੁਣਾ ਦਿੱਤਾ, ਜੇ ਮੋਮੀ ਰਾਜ਼ੀ ਹੈ ਤਾਂ ਗੁਨਾਹਗਾਰਾਂ ਖਿਲਾਫ ਗਵਾਹੀ ਦੇ ਕੇ ਰੱਬ ਨੂੰ ਰਾਜ਼ੀ ਕਰ ਲੈਣਾ ਚਾਹੀਦਾ ਏ। ਸਿਰਫ ਆਪਣੀਆਂ ਹੀ ਗਰਜ਼ਾਂ-ਖਾਹਿਸ਼ਾਂ ਲਈ ਜੀਣਾ ਵੀ ਕੋਈ ਜ਼ਿੰਦਗੀ ਹੈ? ਮੋਮੀ ਦੀ ਮਾਂ ‘ਤੇ ਇਹ ਫੈਸਲਾ ਪਹਾੜ ਬਣ ਕੇ ਡਿੱਗਾ ਅਤੇ ਉਹ ਆਖਣ ਲੱਗੀ, “ਮੋਮੀ ਦੇ ਅੱਬੂ, ਇਹ ਤੇਰੇ ਜਜ਼ਬਾਤ ਦੀ ਘੜੀ ਹੋਈ ਕੋਈ ਕਹਾਣੀ ਜਾਂ ਦਰਦ ਭਰਿਆ ਸ਼ਿਅਰ ਨਹੀਂ। ਇਹ ਧੀ ਦਾ ਮਾਮਲਾ ਹੈ ਤੇ ਇਸ ਹਕੀਕਤ ਨੂੰ ਅਫਸਾਨਾ ਬਣਾ ਕੇ ਭੋਰਾ ਭਰ ਬੱਚੀ ਨੂੰ ਮੁਸੀਬਤਾਂ ਵਿਚ ਧੱਕਾ ਨਾ ਦੇਹ।”
ਮਾਂ ਦੇ ਜਜ਼ਬਾਤ ਅਤੇ ਅਕਲ ਦੀ ਠੋਸ ਦਲੀਲ ਨੇ ਆਰਿਫ ਦੇ ਜੋਸ਼ ਜਜ਼ਬੇ ਨੂੰ ਅਜਿਹੀ ਫੂਕ ਮਾਰੀ ਕਿ ਉਹ ਬੁਝਦਾ-ਬੁਝਦਾ ਬਚਿਆ। ਆਰਿਫ ਨੇ ਜਮੀਲਾ ਦੇ ਮੋਢੇ ‘ਤੇ ਹੱਥ ਰੱਖ ਕੇ ਅਸਮਾਨ ਵਲ ਵੇਖਦਿਆਂ ਆਖਿਆ, “ਜਮੀਲ, ਜੇ ਹਰ ਕੋਈ ਇਸ ਜਹਾਨ ਵਿਚ ਆਪਣੀ ਹੀ ਜਾਨ ਸੰਭਾਲਦਾ ਰਿਹਾ ਤਾਂ ਨਾ ਕੋਈ ਰੁੜ੍ਹਦੇ ਹੋਏ ਲਈ ਦਰਿਆ ਵਿਚ ਛਾਲ ਮਾਰੇਗਾ, ਤੇ ਨਾ ਹੀ ਅੱਗ ਲੱਗੇ ਘਰ ਵਿਚ ਫਸੇ ਲੋਕਾਂ ਲਈ ਕੋਈ ਅੱਗ ਵਿਚ ਕੁੱਦੇਗਾ। ਨਾਲੇ ਇਕ ਪਾਸੇ ਤਾਂ ਹਰ ਬੰਦਾ ਇਹ ਆਖੀ ਜਾ ਰਿਹੈ ਕਿ ਮੌਤ ਦਾ ਇਕ ਦਿਨ ਮਿਥਿਆ ਗਿਆ ਹੈ। ਜੇ ਇਹ ਗੱਲ ਸੱਚੀ ਹੈ ਤਾਂ ਫਿਰ ਕਿਸੇ ਮਜ਼ਲੂਮ ਦੀ ਮਦਦ ਕਰਨ ਲੱਗਿਆਂ ਰੱਬ ਵਾਲਾ ਯਕੀਨ ਡਾਵਾਂਡੋਲ ਕਿਉਂ ਹੁੰਦਾ ਏ?”
ਕੁਝ ਤਾਂ ਆਰਿਫ ਨੂੰ ਵੀ ਜਜ਼ਬਾਤ ਦੀ ਬੀਨ ਚੰਗੀ ਵਜਾਉਣੀ ਆਉਂਦੀ ਸੀ ਤੇ ਕੁਝ ਜਮੀਲਾ ਵੀ ਆਰਿਫ ਨੂੰ ਦੇਵਤਾ ਜਾਣ ਕੇ ਪੂਜਦੀ ਸੀ। ਆਰਿਫ ਨੇ ਸ਼ਬਦਾਂ ਦਾ ਜਾਲ ਸੁਟਿਆ ਤੇ ਜਮੀਲਾ ਕੀਲੇ ਗਏ ਮਸਾਣ ਵਾਂਗ ਸਿਰ ਮਾਰਦੀ-ਮਾਰਦੀ ਤਾਬਿਦਾਰੀ ਨਾਲ ਫਸ ਗਈ। ਆਰਿਫ ਬੜਾ ਖੁਸ਼ ਸੀ ਕਿ ਜਮੀਲਾ ਨੂੰ ਚੰਗੇ ਕੰਮ ਲਈ ਮਨਾ ਕੇ ਰੱਬ ਰਾਜ਼ੀ ਕਰ ਲਿਆ ਹੈ।
ਆਰਿਫ ਦਾਤਰੀ ਨਾਲ ਆਪਣੇ ਲਾਨ ਵਿਚ ਵਧਿਆ ਹੋਇਆ ਘਾਹ ਕੱਟ ਰਿਹਾ ਸੀ ਕਿ ਮੁਨੀਰ ਦੀ ਮਾਂ ਆਪਣੇ ਪੁੱਤਰ ਨਾਲ ਅੰਦਰ ਵੜੀ। ਉਹਨੂੰ ਪਤਾ ਹੀ ਨਹੀਂ ਸੀ ਕਿ ਹੱਥ ਨਾਲ ਵੀ ਕੋਈ ਘਾਹ ਵੱਢਦਾ ਏ। ਉਹ ਹੱਕੀ-ਬੱਕੀ ਜਿਹੀ ਹੋ ਕੇ ਅੰਗਰੇਜ਼ੀ ਵਿਚ ਆਖਣ ਲੱਗੀ, “ਮਿਸਟਰ ਆਰਿਫ, ਇਹ ਬੜਾ ਖਤਰਨਾਕ ਕੰਮ ਕਰ ਰਹੇ ਹੋ। ਮੇਰੇ ਘਰ ਮਸ਼ੀਨ ਹੈ, ਮੈਂ ਕੱਲ੍ਹ ਲਿਆ ਕੇ ਕੱਟ ਦੇਵਾਂਗੀ।” ਉਸ ਵਿਚਾਰੀ ਨੂੰ ਕੀ ਪਤਾ ਏ ਕਿ ਇਹ ਲੋਕ ਗੰਡਾਸੇ ਨਾਲ ਵੀ ਸਾਰੇ ਡੰਗਰਾਂ ਦੇ ਪੱਠੇ ਕੁਤਰ ਲੈਂਦੇ ਨੇ। ਆਰਿਫ ਨੇ ਦਾਤਰੀ ਸੁੱਟ ਕੇ ਮੁਨੀਰ ਦੀ ਮਾਂ ਨੂੰ ਖੁਸ਼ਖਬਰੀ ਸੁਣਾ ਦਿੱਤੀ ਕਿ ਮੋਮੀ ਇਸ ਕੇਸ ਦੀ ਗਵਾਹੀ ਦੇਵੇਗੀ।

ਅੱਜ ਮੁਨੀਰ ਦੇ ਕੇਸ ਦੀ ਤਰੀਕ ਸੀ। ਵੇਟਿੰਗ ਰੂਮ ਦੇ ਇਕ ਪਾਸੇ ਆਰਿਫ ਨਾਲ ਲੱਗ ਕੇ ਸਹਿਮੀ ਹੋਈ ਮੋਮੀ ਬੈਠੀ ਸੀ ਤੇ ਨਾਲ ਹੀ ਜਮੀਲਾ ਚਿਹਰੇ ਉਤੇ ਫਿਕਰਾਂ ਦੀ ਘਟਾ ਚੜ੍ਹਾ ਕੇ ਮੂੰਹ ਵਿਚ ਕੁਝ ਪੜ੍ਹ ਰਹੀ ਸੀ। ਕੋਲ ਹੀ ਪੁੱਤਰ ਦਾ ਹੱਥ ਫੜ ਕੇ ਮੁਨੀਰ ਦੀ ਮਾਂ ਆਸਾਂ ਦੇ ਡੁੱਬਦੇ ਤਰਦੇ ਜਹਾਜ ‘ਤੇ ਸਵਾਰ ਹੋ ਕੇ ਕੰਢੇ ਲੱਗਣ ਦੀ ਦੁਆ ਮੰਗ ਰਹੀ ਸੀ। ਉਸੇ ਹੀ ਕਮਰੇ ਵਿਚ ਥੋੜ੍ਹੇ ਜਿਹੇ ਹਟਵੇਂ ਹਾਸਾ-ਠੱਠਾ ਕਰਦੇ ਹੋਏ ਤਿੰਨ ਕਾਲੇ ਸਿਗਰਟਾਂ ਦੇ ਧੂੰਏਂ ਵਿਚ ਸਾਰਾ ਕੁਝ ਘੋਲ ਕੇ ਪੀਤੀ ਬੈਠੇ ਸਨ। ਨਾ ਉਨ੍ਹਾਂ ਨੂੰ ਗਏ ਵੇਲੇ ਦਾ ਗਮ ਅਤੇ ਨਾ ਹੀ ਆਉਣ ਵਾਲੀ ਘੜੀ ਦਾ ਕੋਈ ਫਿਕਰ ਸੀ। ਅਹਿਸਾਸ ਜਾਂ ਹਿੱਸ ਮਰ ਜਾਏ ਤਾਂ ਇਨਸਾਨ ਨੂੰ ਹੱਸ ਕੇ ਜੀਵਨ ਦੀ ਜਾਚ ਆ ਜਾਂਦੀ ਏ। ਇਨਸਾਨ ਤਾਂ ਇਕੋ ਜਿਹੇ ਹੁੰਦੇ ਨੇ, ਪਰ ਸੋਚਾਂ ਦਾ ਢੰਗ ਬਦਲ ਜਾਏ ਤਾਂ ਕਰਤਬਾਂ ਦਾ ਰੰਗ ਹੋਰ ਦਾ ਹੋਰ ਹੋ ਜਾਂਦਾ ਏ। ਬਾਰਿਸ਼ ਦਾ ਕਤਰਾ ਸੱਪ ਦੇ ਮੂੰਹ ਵਿਚ ਜ਼ਹਿਰ ਅਤੇ ਸਿੱਪ ਦੇ ਮੂੰਹ ਵਿਚ ਮੋਤੀ ਬਣ ਜਾਂਦਾ ਏ। ਗਵਾਹੀਆਂ ਭੁਗਤੀਆਂ, ਡਾਕਟਰੀ ਰਿਪੋਰਟ ਵੇਖੀ ਗਈ ਅਤੇ ਵਕੀਲਾਂ ਨੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੇ ਯਤਨ ਕੀਤੇ। ਏਨਾ ਕੁ ਹੈ ਕਿ ਇਸ ਦੇਸ਼ ਵਿਚ ਰਿਸ਼ਵਤਾਂ, ਸਿਫਾਰਸ਼ਾਂ, ਧੌਂਸ, ਧਾਂਦਲੀ ਅਤੇ ਧੋਲ-ਧੱਫੇ ਦੀ ਅਦਾਲਤ ਵਿਚ ਵਰਤੋਂ ਨਹੀਂ ਹੁੰਦੀ। ਨਾ ਹੀ ਲੋਕਾਂ ਨੂੰ ਤਾਰੀਖਾਂ ਪਾ-ਪਾ ਕੇ ਹਫਾਉਂਦੇ ਨੇ। ਸਾਰੀ ਕਥਾ ਸੁਣ ਕੇ ਜੱਜ ਅੰਦਰ ਚਲੇ ਗਏ ਅਤੇ ਫੈਸਲੇ ਦੀ ਘੜੀ ਨੇੜੇ ਆ ਗਈ। ਆਰਿਫ, ਜਮੀਲਾ, ਮੁਨੀਰ ਅਤੇ ਉਹਦੀ ਮਾਂ ਇਕ ਨੁਕਰੇ ਲੱਗ ਕੇ ਇਹ ਸੋਚ ਰਹੇ ਸਨ ਕਿ ਇਨਸਾਫ ਹੋਇਆ ਤਾਂ ਕਾਲਿਆਂ ਦਾ ਖੌਫ, ਤੇ ਜੇ ਬੇਇਨਸਾਫੀ ਹੋ ਗਈ ਤਾਂ ਬੇਵਸੀ ਦਾ ਭਾਰ ਚੁੱਕ ਕੇ ਘਰ ਕਿਵੇਂ ਜਾਵਾਂਗੇ?
ਅਖੀਰ ਉਹ ਘੜੀ ਆ ਗਈ। ਸਾਫ-ਸੁਥਰੇ ਬੇਦਾਗ ਚਿਹਰਿਆਂ ਵਾਲੇ ਜੱਜ ਕੁਰਸੀਆਂ ‘ਤੇ ਮੁੜ ਆ ਬੈਠੇ। ਕਾਲਿਆਂ ਨੂੰ ਕੈਦ ਦਾ ਹੁਕਮ ਹੋਇਆ ਤਾਂ ਮੁਨੀਰ ਦੀ ਮਾਂ ਆਪਣੇ ਅੱਥਰੂ ਪੂੰਝਣ ਲੱਗ ਪਈ। ਉਹਨੂੰ ਧੱਕੋ-ਧੱਕੀ ਰੋਣ ਆਈ ਜਾਂਦਾ ਸੀ, ਇਨ੍ਹਾਂ ਹੰਝੂਆਂ ਨੂੰ ਭਾਵੇਂ ਕੋਈ ਕੈਸਾ ਵੀ ਰੰਗ ਦੇ ਲਵੇ। ਇਹ ਅਫਸੋਸ ਸੀ ਜਾਂ ਖੁਸ਼ੀ, ਇਹ ਦੁੱਖ ਸੀ ਜਾਂ ਅਤੀਤ ਦੇ ਕਿਸੇ ਸੁੱਖ ਦਾ ਚੇਤਾ! ਹੰਝੂਆਂ ਦਾ ਵੀ ਅੱਜ ਤੀਕ ਨਾ ਕੋਈ ਮਜ਼ਹਬ ਜਾਣ ਸਕਿਐ ਅਤੇ ਨਾ ਹੀ ਇਨ੍ਹਾਂ ਦੀ ਨਸਲ ਪਛਾਣੀ ਗਈ ਹੈ। ਮੁਨੀਰ ਦੀ ਮਾਂ ਨੇ ਮੋਮੀ ਅਤੇ ਉਹਦੇ ਮਾਪਿਆਂ ਦਾ ਧੰਨਵਾਦ ਕੀਤਾ। ਆਰਿਫ ਤੇ ਜਮੀਲਾ ਉਨ੍ਹਾਂ ਨੂੰ ਆਪਣੇ ਘਰ ਲੈ ਗਏ ਤੇ ਰੋਟੀ ਪਾਣੀ ਖਵਾ ਕੇ ਪਿਆਰ ਨਾਲ ਟੋਰ ਦਿੱਤਾ। ਇਸ ਦੇਸ਼ ਦੀ ਜੰਮਪਲ ਗੋਰੀ ਨੂੰ ਇੰਜ ਦਾ ਸਲੂਕ ਅਤੇ ਵਰਤਾਰਾ ਕਿਸੇ ਅਸਮਾਨੀ ਮਖਲੂਖ ਦਾ ਲੱਗਿਆ। ਬੂਹੇ ਤੋਂ ਨਿਕਲਣ ਲੱਗੀ ਉਹ ਇਕ ਵਾਰ ਫਿਰ ਰੋ ਪਈ। ਉਸ ਦੀ ਅਵਾਜ਼ ਵੀ ਠੋਲਰ ਲੱਗੇ ਭਾਂਡੇ ਜਿਹੀ ਹੋ ਗਈ। ਸਾਹ ਉਖੜਿਆ-ਉਖੜਿਆ ਜਿਹਾ ਲੱਗਿਆ ਤੇ ਉਸ ਨੇ ਛੇਤੀ ਨਾਲ ਡੱਬੀ ਵਿਚੋਂ ਲਾਲ ਰੰਗ ਦੀ ਗੋਲੀ ਕੱਢ ਕੇ ਖਾ ਲਈ। ਨਾਲ ਹੀ ਮੁਨੀਰ ਨੇ ਹੌਲੇ ਜਿਹੇ ਮੋਮੀ ਦੇ ਕੰਨ ਵਿਚ ਕੋਈ ਗੱਲ ਸੁਣਾਈ ਤਾਂ ਮੋਮੀ ਦੇ ਮੂੰਹ ‘ਤੇ ਅਫਸੋਸ ਦਾ ਜਾਲਾ ਤਣਿਆ ਗਿਆ। ਜਦੋਂ ਉਹ ਚਲੇ ਗਏ ਤਾਂ ਮੋਮੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਮੁਨੀਰ ਦੀ ਮਾਂ ਨੂੰ ਕੈਂਸਰ ਹੈ। ਇਹ ਗੱਲ ਸੁਣ ਕੇ ਆਰਿਫ ਨੇ ਜਮੀਲਾ ਨੂੰ ਆਖਿਆ, “ਇਹ ਦੁੱਖ ਮੁਸੀਬਤਾਂ ਵੀ ਪਾਣੀ ਵਾਂਗ ਨੀਵੀਂ ਥਾਂ ਵੱਲ ਹੀ ਜਾਂਦੇ ਨੇ। ਕੁੱਤੇ ਵੀ ਉਸੇ ਬੰਦੇ ਨੂੰ ਹੀ ਭੌਂਕਦੇ ਹਨ, ਜਿਸ ਦੇ ਲੀੜੇ ਪਾਟੇ ਹੋਣ। ਰੁੱਖ ਸੁੱਕ ਜਾਏ ਤਾਂ ਉਸ ਉਤੇ ਪੰਛੀ ਵੀ ਆਲ੍ਹਣਾ ਨਹੀਂ ਪਾਉਂਦੇ।
(ਅਗਲੀ ਵਾਰ ਪੜ੍ਹੋ ਦੋਹਾਂ ਪਰਿਵਾਰਾਂ ਦੀ ਅਗਲੀ ਕਹਾਣੀ)