ਨਹੀਂਓਂ ਰੀਸਾਂ ਸੇਖੇ ਦੀਆਂ!

ਨਿੰਦਰ ਘੁਗਿਆਣਵੀ
ਫੋਨ: 91-94174-21700
ਬਲਜਿੰਦਰ ਸੇਖਾ ਮੇਰਾ ਉਦੋਂ ਦਾ ਆੜੀ ਹੈ, ਜਦੋਂ ਨਿੱਕਾ ਹੁੰਦਾ ਮੈਂ ਤਾਏ ਸ਼ ਫੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਨਾਲ ਸਾਹਿਤ ਸਭਾਵਾਂ ਵਿਚ ਜਾਇਆ ਕਰਦਾ ਸਾਂ ਤੇ ਬਲਜਿੰਦਰ ਆਪਣੇ ਤਾਏ ਜਰਨੈਲ ਸੇਖਾ ਨਾਲ ਆਉਂਦਾ ਹੁੰਦਾ ਸੀ। ਪਹਿਲੀ ਵਾਰ ਅਸੀਂ ਜੈਤੋ ਦੇ ਸਰਕਾਰੀ ਕੰਨਿਆ ਸਕੂਲ ਵਿਚ ਮਿਲੇ। ਮੈਂ ਤੂੰਬੀ ਨਾਲ ਗੀਤ ਗਾਏ। ਸੇਖਾ ਮੇਰਾ ਆੜੀ ਬਣ ਗਿਆ ਓਦਣ ਤੋਂ। ਇਉਂ ਅਸੀਂ ਗਾਹੇ-ਬਗਾਹੇ ਇਕੱਠੇ ਹੁੰਦੇ ਰਹਿੰਦੇ। ਉਦੋਂ ਇਹਦੇ ਘਰੇਲੂ ਨਿੱਕੇ ਨਾਂ ਬਾਰੇ ਵੀ ਪਤਾ ਲੱਗਾ ਕਿ ਇਹ ‘ਟੀਟੂ’ ਹੈ। ਕਦੇ ਉਹ ਭੰਡਾਂ ਦੀਆਂ ਨਕਲਾਂ ਲਾਉਦਾ, ਕਦੇ ਗਾਉਂਦਾ ਤੇ ਕਦੇ ਕਵਿਤਾ ਪੜ੍ਹਦਾ। ਮੈਂ ਉਹਦੇ ਨਾਲ ਪਿੰਡ ਵੀ ਗਿਆ, ਸੇਖੇ। ਸਮਾਂ ਬਦਲਿਆ। ਕਹਾਣੀਕਾਰ ਹਰਪ੍ਰੀਤ ਸੇਖਾ ਤੇ ਨਾਵਲਕਾਰ ਦਵਿੰਦਰ ਸੇਖਾ ਦੇ ਚਚੇਰੇ ਭਰਾ ਬਲਜਿੰਦਰ ਸੇਖੇ ਦੇ ਤਾਏ ਮਾਸਟਰ ਹਰਚੰਦ ਸਿੰਘ ਤੇ ਤਾਈ ਜਗਦੀਸ਼ ਕੌਰ ਨੇ ਉਸ ਦਾ ਵਿਆਹ ਕਰਕੇ ਉਹਨੂੰ ਟੋਰਾਂਟੋ ਬੁਲਾ ਲਿਆ।

ਜਦੋਂ ਮੈਂ 2001 ਵਿਚ ਪਹਿਲੀ ਵਾਰੀ ਟੋਰਾਂਟੋ ਗਿਆ ਤਾਂ ਬਲਜਿੰਦਰ ਸੇਖਾ ਚਾਅ ਨਾਲ ਮਿਲਿਆ। ਉਦੋਂ ਉਹਨੇ ਆਪਣੀ ਕਲਾ ਨੂੰ ਪ੍ਰਫੁਲਿਤ ਕਰਨ ਲਈ ਯਤਨ ਅਰੰਭਣੇ ਸ਼ੁਰੂ ਕੀਤੇ ਹੋਏ ਸਨ। ‘ਅਜੀਤ ਵੀਕਲੀ’ ਵਾਲਿਆਂ ਆਪਣਾ 24 ਘੰਟੇ ਰੇਡੀਓ ਪ੍ਰੋਗਰਾਮ ਚਲਾਇਆ ਤਾਂ ਇਕਬਾਲ ਰਾਮੂਵਾਲੀਆ ਤੇ ਰਛਪਾਲ ਰਾਮੂਵਾਲੀਆ ਆਥਣੇ ‘ਸ਼ੌਂਕੀ ਦੀ ਮਹਿਫਿਲ’ ਪ੍ਰੋਗਰਾਮ ਵਿਚ ਇਕੱਠੇ ਬੋਲਦੇ ਅਤੇ ਬਲਜਿੰਦਰ ਵੀ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਦਾ। ਉਹ ਨਕਲਾਂ ਲਾਉਂਦਾ, ਵੰਨ-ਸੁਵੰਨਾ ਮੂੰਹ ਬਣਾਉਂਦਾ ਤੇ ਖਾਸਾ ਹਸਾਉਂਦਾ।
ਹੈਰਾਨੀ ਤੇ ਮਾਣ ਵਾਲੀ ਗੱਲ ਇਹ ਹੈ ਕਿ ਉਹ ਉਨ੍ਹਾਂ ਵੇਲਿਆਂ ਵਿਚ ਵੀ ਕਈ ਪਾਸਿਓਂ ਸੰਘਰਸ਼ ਕਰ ਰਿਹਾ ਸੀ। ਨਵਾਂ ਨਵਾਂ ਆਇਆ ਸੀ। ਅਨੇਕਾਂ ਔਕੜਾਂ ਤੇ ਦੂਜੇ ਬੰਨੇ ਕਲਾਕਾਰੀ ਵਾਸਤੇ ਵਕਤ ਕੱਢਣਾ ਕੋਈ ਸੌਖਾ ਨਹੀਂ ਸੀ ਉਸ ਵਾਸਤੇ। ਮੈਂ ਉਹਦੇ ਸਿਦਕ ਨੂੰ ਸਜਦਾ ਕਰਦਿਆਂ ਆਖਿਆ ਸੀ ਕਿ ਤੇਰੀ ਮਿਹਨਤ ਰੰਗ ਲਿਆਊ। ਉਹਦਾ ਸਾਰਾ ਪਰਿਵਾਰ ਉਸ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਿਹਾ ਸੀ। ਬਲਜਿੰਦਰ ਤੇ ਲਖਵਿੰਦਰ ਸੰਧੂ ਨੇ ਭੰਡਾਂ ਦੀ ਜੋੜੀ ਬਣਾ ਲਈ। ਕੈਨੇਡਾ-ਅਮਰੀਕਾ ਦੇ ਟੀ. ਵੀ. ਪ੍ਰੋਗਰਾਮਾਂ ਵਿਚ ਆਉਣ ਲੱਗੇ।
ਸਾਹਿਬ ਥਿੰਦ ਹੋਰਾਂ ਦੇ ਯਤਨਾਂ ਨਾਲ ਸਰੀ ਗਦਰੀ ਬਾਬਿਆਂ ਦਾ ਮੇਲਾ ਸੀ। ਚਾਲੀ ਹਜ਼ਾਰ ਤੋਂ ਵੀ ਵੱਧ ਪੰਜਾਬੀਆਂ ਦਾ ਇਕੱਠ। ਗਿੱਲ ਹਰਦੀਪ ਦੇ ਗੀਤ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ’ ਉਤੇ ਸਵਰਗੀ ਕੁਲਦੀਪ ਮਾਣਕ ਤੇ ਸ਼ੌਕਤ ਅਲੀ ਨੇ ਗਾਉਂਦਿਆ ਗਾਉਂਦਿਆਂ ਪੱਗਾਂ ਵਟਾਈਆਂ। ਮੈਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਪੁਰਸਕਾਰ ਨਾਲ ਨਿਵਾਜਿਆ ਸੀ। ਇਥੇ ਬਲਜਿੰਦਰ ਨੇ ਖੂਬ ਰੰਗ ਬੰਨਿਆ।
ਅੱਜ ਕਲ ਪੰਜਾਬ ਦਾ ਮਾਣ ਬਲਜਿੰਦਰ ਸੇਖਾ ਆਪਣੇ ਕਲਾਮਈ ਕਾਰਜਾਂ ਕਰ ਕੇ ਕੈਨੇਡਾ ਵਿਚ ਛਾਇਆ ਹੋਇਆ ਹੈ ਤੇ ਮੈਨੂੰ ਆਪਣੇ ਪੁਰਾਣੇ ਆੜੀ ‘ਤੇ ਮਾਣ ਮਹਿਸੂਸ ਹੁੰਦੈ। ਆਓ ਹੁਣ ਉਹਦੇ ਕੀਤੇ ਸਮਾਜਕ, ਸਭਿਆਚਾਰਕ ਤੇ ਕਲਾਮਈ ਕਾਰਜਾਂ ਉਤੇ ਪੰਛੀ ਝਾਤ ਪਾਈਏ।
ਬਲਜਿੰਦਰ ਸਿੰਘ ਸੇਖਾ ਦਾ ਜਨਮ ਸ਼ ਗੁਰਦੇਵ ਸਿੰਘ ਸਰਾਂ ਦੇ ਘਰ ਮਾਤਾ ਚਰਨਜੀਤ ਕੌਰ (ਸਵਰਗੀ) ਦੀ ਕੁੱਖੋਂ ਜਿਲਾ ਮੋਗਾ ਦੇ ਪਿੰਡ ਸੇਖਾ ਕਲਾਂ ਵਿਚ ਹੋਇਆ। ਬਲਜਿੰਦਰ ਸੇਖਾ ਬੁਹਪੱਖੀ ਸ਼ਖਸੀਅਤ ਦਾ ਮਾਲਕ ਹੈ। ਹੁਣ ਵੀ ਆਏ ਦਿਨ ਕੋਈ ਨਾ ਕੋਈ ਵਿਲੱਖਣ ਚੀਜ ਆਪਣੇ ਚਾਹੁੰਣ ਵਾਲਿਆਂ ਲਈ ਜਰੂਰ ਲੈ ਕੇ ਆਉਂਦਾ ਹੈ। ਪੜ੍ਹਾਈ ਦੇ ਸਫਰ ਦੌਰਾਨ ਹੀ ਇਹ ਗਾਇਕ ਰਾਜ ਬਰਾੜ ਦਾ ਬਹੁਤ ਕਰੀਬੀ ਦੋਸਤ ਬਣ ਗਿਆ ਸੀ। ਰਾਜ ਬਰਾੜ ਨੇ ਉਸ ਦੀ ਪਲੇਠੀ ਕਾਮੇਡੀ ਕੈਸੇਟ ‘ਛਿੱਤਰੋ ਛਿੱਤਰੀ’ ਦਾ ਕੰਮ ਬਿਨਾ ਕਿਸੇ ਸਵਾਰਥ ਦੇ, ਆਪਣੀ ਦੇਖ-ਰੇਖ ਵਿਚ ਕੀਤਾ ਸੀ।
ਪੰਜਾਬ ਵਿਚ ਰਹਿੰਦਿਆਂ ਵਿਆਹਾਂ ਤੇ ਕਦੇ ਮੇਲਿਆਂ ‘ਤੇ ਵੱਖ-ਵੱਖ ਕਲਾਕਾਰਾਂ ਨਾਲ ਕੰਮ ਕਰਕੇ ਆਪਣੀਆਂ ਫੀਸਾਂ ਅਤੇ ਖਰਚੇ ਪੂਰੇ ਕੀਤੇ, ਪਰ ਕੋਈ ਵੀ ਮਜਬੂਰੀ ਬਲਜਿੰਦਰ ਸੇਖਾ ਨੂੰ ਆਪਣੀ ਮੰਜ਼ਿਲ ਵੱਲ ਜਾਣ ਤੋਂ ਨਾ ਰੋਕ ਸਕੀ।
ਓਂਟਾਰੀਓ ਸਰਕਾਰ ਵੱਲੋਂ 13 ਅਪਰੈਲ 2013 ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਮਾਨਤਾ ਦਿੱਤੀ ਗਈ। ਇਸ ਮੌਕੇ ਸੇਖਾ ਵੱਲੋਂ ਦੁਨੀਆਂ ਦਾ ਸਿੱਖ ਹੈਰੀਟੇਜ ਬਟਨ ਤਿਆਰ ਕਰਕੇ ਵਿਧਾਨ ਸਭਾ ਵਿਚ ਪਾਸ ਕਰਵਾਇਆ ਗਿਆ, ਕੈਨੇਡਾ ਦੀ ਪਾਰਲੀਮੈਂਟ ਵਿਚ ਵਿਸਾਖੀ ਦੇ ਮੌਕੇ ਕੈਨੇਡਾ ਦੇ ਮੈਂਬਰ ਪਾਰਲੀਮੈਂਟਾਂ ਦੇ ਕੋਟ ਦੇ ਕਾਲਰ ਦਾ ਸ਼ਿੰਗਾਰ ਬਣਿਆ, ਜਿਸ ਦੇ ਡਿਜ਼ਾਈਨ ਦੀ ਕੈਨੇਡਾ, ਅਮਰੀਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਪੂਰ ਸ਼ਲਾਘਾ ਕੀਤੀ। ਸੇਖਾ ਨੇ ਗਦਰੀ ਬਾਬਿਆਂ ਦੇ ਮੇਲੇ ‘ਤੇ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸਾਹਿਬ ਥਿੰਦ ਨਾਲ ਮਿਲ ਕੇ ਕਾਮਾਗਾਟਾ ਮਾਰੂ ਤ੍ਰਾਸਦੀ ਦਾ ਚਿੱਤਰ ਤਿਆਰ ਕਰਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭੇਟ ਕੀਤਾ। 2018 ਵਿਚ ਕੈਨੇਡਾ ਡੇਅ ਮੌਕੇ ਕੈਨੇਡਾ ਪੋਸਟ ਰਾਹੀਂ ਡਾਕ ਟਿਕਟ ਤਿਆਰ ਕੀਤੀ ਗਈ। ਕੈਨੇਡਾ ਡੇਅ ‘ਤੇ 2017 ਨੂੰ ‘ਗੋ ਕੈਨੇਡਾ’ ਗੀਤ ਗਾ ਕੇ ਬੱਲੇ ਬੱਲੇ ਕਰਵਾਈ। ਇਸ ਗੀਤ ਨੂੰ ਰਿਕਾਰਡ ਤੋੜ ਸਫਲਤਾ ਪ੍ਰਾਪਤ ਹੋਈ, ਇੰਡੀਆ ਅਤੇ ਕੈਨੇਡਾ ਦੇ ਵੱਖ-ਵੱਖ ਇੰਗਲਿਸ਼ ਨਿਊਜ਼ ਚੈਨਲਾਂ ਨੇ ਲਗਾਤਾਰ ਦਿਖਾਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ।
11 ਨਵੰਬਰ 2018 ਨੂੰ 100ਵੇਂ ਰੀਮੈਂਬਰਜ਼ ਡੇਅ ‘ਤੇ ਸੰਸਾਰ ਯੁੱਧ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਵਧੀਆ ਚਿੱਤਰ ਪੰਜਾਬੀ ਵਿਚ ਤਿਆਰ ਕੀਤਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ‘ਤੇ ਕਮਾਲ ਦਾ ਚਿੱਤਰ ਡਿਜ਼ਾਈਨ ਕੀਤਾ। 2019 ਵਿਚ ਕੈਨੇਡਾ ਡੇਅ ‘ਤੇ ਸੇਖਾ ਨੇ ਕੈਨੇਡਾ ਦਾ ਝੰਡਾ ਮੋਤੀਆਂ ਨਾਲ ਤਿਆਰ ਕੀਤਾ। ਬਰੈਂਪਟਨ ਸਿਟੀ ਵੱਲੋਂ ਉਸ ਦਾ ਬੈਸਟ ਸਿਟੀਜ਼ਨ ਅਵਾਰਡ ਨਾਲ ਸਨਮਾਨ ਕੀਤਾ ਗਿਆ। ਬਲਜਿੰਦਰ ਸੇਖਾ ਨੇ ਗਾਇਕੀ ਦੇ ਖੇਤਰ ਵਿਚ ਵੀ ਪ੍ਰਸ਼ੰਸਾ ਯੋਗ ਮੱਲਾਂ ਮਾਰੀਆਂ ਅਤੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਖਾਨ, ਜਿਨ੍ਹਾਂ ਦੀ ਸ਼ਾਇਰੀ ਪੜ੍ਹਨੀ ਸੁਖਾਲੀ ਤੇ ਗਾਉਣੀ ਬੜੀ ਔਖੀ ਹੈ (ਵਤਨ ਦੀਆਂ ਤਾਂਘਾਂ ਤੇ ਮੇਰੇ ਦਸ਼ਮੇਸ਼ ਗੁਰੂ) ਅਤੇ ਸੰਤ ਰਾਮ ਉਦਾਸੀ ਦੀ ਕਵਿਤਾ (ਚਮਕੌਰ ਦੀ ਗੜੀ ਦੇ ਦ੍ਰਿਸਟਾਂਤ ਨੂੰ ਸਿੰਘਾਂ ਦਾ ਜੇਰਾ) ਗੀਤ ਵਿਚ ਗਾ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ‘ਗੋ ਕੈਨੇਡਾ’, ‘ਹੈਪੀ ਨਿਊ ਯੀਅਰ’ ਅਤੇ ‘ਮਾਂ’ ਗੀਤ ਕੈਰੀਅਰ ਦੇ ਸੁਨਹਿਰੀ ਗੀਤ ਹਨ। ਸੰਗੀਤਕਾਰ ਦਿਲਖੁਸ ਥਿੰਦ, ਰਣਜੀਤ ਸਿੰਘ ਬਰਨਾਲਾ ਨੇ ਸੰਗੀਤ ਵਿਚ ਉਸ ਦਾ ਸਾਥ ਦਿੱਤਾ। ਬਲਜਿੰਦਰ ਨੇ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿਚ ਬਹੁਤ ਨਾਮਣਾ ਖੱਟਿਆ ਹੈ। ਸੇਖਾ ਨੇ ਆਪਣੀ ਸਵਰਗੀ ਮਾਤਾ ਚਰਨਜੀਤ ਕੌਰ ਦੀਆਂ ਅੱਖਾਂ ਦਾਨ ਕਰਕੇ ਸ਼ਲਾਘਾ ਯੋਗ ਕੰਮ ਕੀਤਾ, ਜਿਸ ਨਾਲ ਦੋ ਲੋੜਵੰਦਾਂ ਨੂੰ ਦਿਸਣ ਲੱਗਿਆ ਤੇ ‘ਕੈਨੇਡਾ ਆਈ ਬੈਂਕ’ ਨੇ ਪ੍ਰਸ਼ੰਸਾ ਪੱਤਰ ਭੇਟ ਕੀਤਾ। ਇਸ ਦੇ ਕੰਮਾਂ ਲਈ ਯੂ. ਐਨ. ਓ. ਨੇ ਵੀ ਪ੍ਰਸੰ.ਸਾ ਪੱਤਰ ਭੇਟ ਕੀਤਾ ਹੈ।
ਮੈਨੂੰ ਆਪਣੇ ਦੋਸਤ ਅਤੇ ਪੰਜਾਬ ਦੇ ਪੁੱਤਰ ‘ਤੇ ਮਾਣ ਹੈ। ਇਹ ਇੱਥੇ ਹੀ ਰੁਕਣ ਵਾਲਾ ਜਾਂ ਹਾਰ ਹੰਭ ਕੇ ਬੈਠਣ ਵਾਲਾ ਨਹੀਂ। ਲੰਮੀ ਰੇਸ ਦਾ ਘੋੜਾ ਹੈ ਮੇਰਾ ਮਿੱਤਰ!