ਚਿੱਠੀਆਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ

ਗੁਲਜ਼ਾਰ ਸਿੰਘ ਸੰਧੂ
ਮੈਂ ਚੰਗਾ ਪਾੜ੍ਹਾ ਨਹੀਂ, ਪਰ ਪਿਛਲੇ ਦਿਨੀਂ ਮੇਰੀ ਨਜ਼ਰ ਸਰਬਜੀਤ ਸਿੰਘ ਵਿਰਕ ਰਚਿਤ ‘ਲਿਖਤਮ ਭਗਤ ਸਿੰਘ: ਸ਼ਹੀਦ-ਏ-ਆਜ਼ਮ ਦੀ ਕਹਾਣੀ ਚਿੱਠੀਆਂ ਦੀ ਜੁਬਾਨੀ’ ਉਤੇ ਪਈ ਤਾਂ ਮੈਂ ਫਟਾ ਫਟ ਪੜ੍ਹ ਗਿਆ। ਇਸ ਵਿਚ ਪਿਛਲੀ ਸਦੀ ਦੇ ਅਰੰਭਕ ਵਰ੍ਹਿਆਂ ਦੀ ਦਾਸਤਾਨ ਦੇ ਪੱਕੇ ਸਬੂਤ ਹਨ। ਸਿਰਫ ਚਿੱਠੀਆਂ ਹੀ ਨਹੀਂ, ਭਗਤ ਸਿੰਘ ਦੇ ਅਦਾਲਤੀ ਬਿਆਨ ਅਤੇ ਵਕਤ ਦੀਆਂ ਦੀਵਾਰਾਂ ਉਤੇ ਚਿਪਕਾਏ ਇਸ਼ਤਿਹਾਰ ਵੀ ਬਾਤਾਂ ਪਾਉਂਦੇ ਹਨ। ਸੱਚੀਆਂ ਤੇ ਸੁੱਚੀਆਂ ਬਾਤਾਂ। ਇਨ੍ਹਾਂ ਵਿਚ ਬਾਲਕ ਭਗਤ ਸਿੰਘ ਦੇ ਤੋਤਲੇ ਬੋਲ ਵੀ ਹਨ, ਜਵਾਨੀ ਮੌਕੇ ਦਾ ਪ੍ਰੀਤ ਫਲਸਫਾ ਵੀ ਤੇ ਸਿਖਰ ਜਵਾਨੀ ਦਾ ਇਨਕਲਾਬੀ ਜੋਸ਼ ਵੀ। ਸਰਬਜੀਤ ਦੀ ਖੋਜ ਅਨੁਸਾਰ ਹੁਣ ਤੱਕ ਭਗਤ ਸਿੰਘ ਵਲੋਂ ਵੱਖ ਵੱਖ ਵਿਅਕਤੀਆਂ ਤੇ ਸੰਸਥਾਵਾਂ ਨੂੰ ਚਾਰ ਦਰਜਨ ਤੋਂ ਵੱਧ ਖਤ ਸਾਹਮਣੇ ਆ ਚੁਕੇ ਹਨ।

ਇਹ ਖਤ ਸਿਰਫ ਮਿੱਤਰ ਪਿਆਰਿਆਂ ਨੂੰ ਹੀ ਨਹੀਂ ਲਿਖੇ ਗਏ; ਉਸ ਸਮੇਂ ਦੇ ਨਿਆਇਕ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਸ ਦੇ ਨਿਸ਼ਾਨੇ ਉਤੇ ਹਨ। ਫਾਂਸੀ ਲੱਗਣ ਸਮੇਂ ਭਾਵੇਂ ਰਾਜਗੁਰੂ ਵੀ ਭਗਤ ਸਿੰਘ ਦਾ ਸਾਥੀ ਸੀ, ਪਰ ਖਤਾਂ ਤੋਂ ਪਤਾ ਲਗਦਾ ਹੈ ਕਿ ਪਿਆਰ, ਕ੍ਰਾਂਤੀ ਜਾਂ ਦਾਰਸ਼ਨਿਕ ਮਸਲਿਆਂ ਬਾਰੇ ਭਗਤ ਸਿੰਘ ਦੀ ਸਾਂਝ ਸੁਖਦੇਵ ਨਾਲ ਸੀ। ਸੁਖਦੇਵ ਨੂੰ ਲਿਖੇ ਖਤਾਂ ਵਿਚ ਪਿਆਰ ਤੇ ਦਰਸ਼ਨ ਤਾਂ ਕੀ, ਖੁਦਕੁਸ਼ੀ ਵਰਗੇ ਸੰਵੇਦਨਸ਼ੀਲ ਮਸਲਿਆਂ ਉਤੇ ਵੀ ਖੂਬ ਚਰਚਾ ਮਿਲਦੀ ਹੈ।
ਗੁਰਮੁਖੀ ਲਿਪੀ ਵਿਚ ਲਿਖੀ ਭਗਤ ਸਿੰਘ ਵਲੋਂ ਆਪਣੀ ਚਾਚੀ ਹੁਕਮ ਕੌਰ ਨੂੰ ਪੋਸਟ ਕਾਰਡ ਉਤੇ ਲਿਖੀ ਦੋ ਸਤਰੀ ਚਿੱਠੀ ਬਹੁਤ ਕੱਝ ਕਹਿ ਜਾਂਦੀ ਹੈ। ਆਪਣੀ ਪਰਮ ਪਿਆਰੀ ਚਾਚੀ ਜੀ ਨੂੰ ਨਮਸਤੇ ਲਿਖਣ ਪਿੱਛੋਂ ਸਿਰਫ ਏਨਾ ਹੀ ਲਿਖਦਾ ਹੈ, “ਮੈਨੂੰ ਖਤ ਲਿਖਣ ਵਿਚ ਦੇਰੀ ਹੋ ਗਈ। ਉਮੀਦ ਹੈ ਤੁਸੀਂ ਮੁਆਫ ਕਰੋਗੇ। ਭਾਈਆ ਜੀ ਦਿੱਲੀ ਨੂੰ ਗਏ ਹੋਏ ਹਨ। ਬੇਬੇ ਮੋਰਾਂਵਾਲੀ (ਬੇਬੇ ਦੇ ਪੇਕੇ) ਨੂੰ ਗਈ ਹੋਈ ਹੈ। ਬਾਕੀ ਸਭ ਰਾਜੀ ਖੁਸ਼ੀ ਹੈ। ਵੱਡੀ ਚਾਚੀ ਜੀ ਨੂੰ ਮੱਥਾ ਟੇਕਣਾ। ਮਾਤਾ ਜੀ ਨੂੰ ਮੱਥਾ ਟੇਕਣਾ। ਕੁਲਤਾਰ ਤੇ ਕੁਲਬੀਰ ਸਿੰਘ (ਦੋਵੇਂ ਭਰਾ) ਨੂੰ ਸਤਿ ਸਿਰੀ ਅਕਾਲ ਜਾਂ ਨਮਸਤੇ।” ਇਸ ਤੋਂ ਪਿੱਛੋਂ ਆਪਣੇ ਆਪ ਨੂੰ ‘ਆਗਿਆਕਾਰੀ ਪੁੱਤਰ’ ਲਿਖ ਕੇ ਦਸਤਖਤ ਕੀਤੇ ਹੋਏ ਹਨ। ਆਮ ਤੌਰ ‘ਤੇ ਭਗਤ ਸਿੰਘ ਵਡਿਆਂ ਨੂੰ ਮੱਥਾ ਟੇਕਣਾ ਤੇ ਹਾਣੀਆਂ ਨੂੰ ਨਮਸਤੇ ਲਿਖਦਾ ਸੀ, ਪਰ ਇਹ ਚਿੱਠੀ ਗੁਰਮੁਖੀ ਵਿਚ ਲਿਖੀ ਹੋਣ ਕਾਰਨ, ਸ਼ਾਇਦ, ਉਸ ਨੇ ਸਤਿ ਸਿਰੀ ਅਕਾਲ ਜਾਂ ਨਮਸਤੇ ਲਿਖਿਆ ਜਾਪਦਾ ਹੈ। ਸਤਿ ਸਿਰੀ ਅਕਾਲ ਪਹਿਲਾਂ ਤੇ ਨਮਸਤੇ ਪਿੱਛੋਂ।
ਇੱਕ ਪੜਾਅ ਉਤੇ ਨਾਮਧਾਰੀ ਬਾਬਾ ਰਾਮ ਸਿੰਘ ਵਲੋਂ ਇਨਕਲਾਬ ਦਾ ਝੰਡਾ ਚੁੱਕਣ ਸਮੇਂ 1928 ਦੇ ਫਰਵਰੀ ਮਹੀਨੇ ਜੋ ਚਿੱਠੀ ਦੇਵਨਾਗਰੀ ਅੱਖਰਾਂ ਵਿਚ ਹਿੰਦੀ ਰਸਾਲੇ ‘ਮਹਾਂਰਥੀ’ ਨੂੰ ਲਿਖੀ, ਉਸ ਦੇ ਸ਼ੁਰੂ ਵਿਚ ‘ਲਾਹੋਰੇ’ ਅਤੇ ਅੰਤ ਵਿਚ ‘ਬੀ ਐਸ ਸੰਧੂ’ (ਦਸਤਖਤ) ਹੀ ਰੋਮਨ ਅੱਖਰਾਂ ਵਿਚ ਹਨ, ਵਰਨਾ ਇਸ ਵਿਚ ਸ਼੍ਰੀਮਾਨ ਮਹੋਦਯਾ, ਸੌਂਦਰਯ, ਸ਼ੋਰਯ, ਮਹਾਸ਼ਯ, ਯਥਾ, ਨਿਵੇਦਕ ਆਦਿ ਸ਼ਬਦ ਸ਼ੁਧ ਹਿੰਦੀ ਦੇ ਹਨ। ਪਤਾ ਲਗਦਾ ਹੈ ਕਿ ਭਗਤ ਸਿੰਘ ਨੂੰ ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ ਲਈ ਵਰਤੀ ਜਾਂਦੀ ਲਿਪੀ ਵੀ ਆਉਂਦੀ ਸੀ ਤੇ ਭਾਸ਼ਾ ਉਤੇ ਵੀ ਅਬੂਰ ਹਾਸਲ ਸੀ।
ਹੁਣ ਇਕ ਚਿੱਠੀ ਵਿਚ ਭਗਤ ਸਿੰਘ ਦਾ ਪ੍ਰੀਤ ਫਲਸਫਾ: ‘ਪਿਆਰ ਆਪਣੇ ਆਪ ਵਿਚ ਇਕ ਉਤਸ਼ਾਹੀ ਜਜ਼ਬਾ ਹੈ। ਇਹ ਪਸੂ-ਬਿਰਤੀ ਨਹੀਂ, ਬਹੁਤ ਮਿੱਠੀ ਮਨੁੱਖੀ ਭਾਵਨਾ ਹੈ। ਪਿਆਰ ਹਮੇਸ਼ਾ ਬੰਦੇ ਦੇ ਚਰਿਤਰ ਨੂੰ ਉਚਾ ਚੁੱਕਦਾ ਹੈ, ਕਦੇ ਵੀ ਹੇਠਾਂ ਨਹੀਂ ਸੁੱਟਦਾ, ਬਸ਼ਰਤੇ ਪਿਆਰ ਪਿਆਰ ਹੋਵੇ।’ ਇਹੀਓ ਕਾਰਨ ਹੈ ਕਿ ਜਦੋਂ ਭਗਤ ਸਿੰਘ ਦੇ ਵਿਆਹ ਦੀ ਗੱਲ ਤੁਰੀ ਤਾਂ ਉਹ ਹੇਠ ਲਿਖੀ ਚਿੱਠੀ ਪਿਤਾ ਕਿਸ਼ਨ ਸਿੰਘ ਦੇ ਕਮਰੇ ਵਿਚ ਛੱਡ ਕੇ ਆਪਣੇ ਸਾਥੀਆਂ ਦਾ ਸਾਥ ਦੇਣ ਲਈ ਕਾਨਪੁਰ ਨੂੰ ਤੁਰ ਗਿਆ ਸੀ,
“ਮੇਰੀ ਜ਼ਿੰਦਗੀ ਵੱਡੇ ਉਦੇਸ਼, ਭਾਵ ਹਿੰਦੁਸਤਾਨ ਦੀ ਆਜ਼ਾਦੀ ਲਈ ਦਾਨ ਹੋ ਚੁੱਕੀ ਹੈ। ਮੈਨੂੰ ਜੀਵਨ ਦੇ ਆਰਾਮ ਤੇ ਦੁਨਿਆਵੀ ਖਾਹਿਸ਼ਾਂ ਨਾਲ ਕੋਈ ਲਗਾਓ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਨਿੱਕਾ ਜਿਹਾ ਸਾਂ ਤਾਂ ਬਾਪੂ ਜੀ ਨੇ ਮੇਰੀ ਯਗੋਪਵੀਤ ਦੀ ਰਸਮ ਵੇਲੇ ਐਲਾਨ ਕੀਤਾ ਸੀ ਕਿ ਮੈਨੂੰ ਦੇਸ਼ ਸੇਵਾ ਲਈ ਅਰਪਿਤ ਕਰ ਦਿੱਤਾ ਗਿਆ ਹੈ। ਮੈਂ ਉਸ ਦੀ ਪ੍ਰਤਿਗਿਆ ਕਰ ਰਿਹਾ ਹਾਂ। ਆਸ ਹੈ, ਤੁਸੀਂ ਮੈਨੂੰ ਮੁਆਫ ਕਰੋਗੇ।”
ਫਿਰ ਇਕ ਪੜਾਅ ਉਤੇ ਸੁਖਦੇਵ ਦੇ ਮਨ ਵਿਚ ਆਏ ਸੰਕਿਆਂ ਦੀ ਨਵਿਰਤੀ ਲਈ ਲਿਖਦਾ ਹੈ, ”ਸਾਡਾ ਮੋਟੋ ਸੇਵਾ ਭਾਵਨਾ ਨਾਲ ਮੁਸੀਬਤ ਤੇ ਕੁਰਬਾਨੀ ਸਹਿਣਾ ਹੈ।…ਜਿਹੜੇ ਲੋਕ ਮੌਤ ਦੀ ਸਜ਼ਾ ਤੋਂ ਡਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਇਹ ਮੌਤ ਕਿੰਨੀ ਖੂਬਸੂਰਤ ਹੋਵੇਗੀ…ਮੁਸੀਬਤ ਹੀ ਮਨੁੱਖ ਨੂੰ ਮੁਸ਼ਕਿਲ ਬਣਾਉਂਦੀ ਹੈ। ਸਾਡੇ ਵਿਚੋਂ ਕਿਸੇ ਨੇ ਵੀ ਹਾਲੇ ਤੱਕ ਕਸ਼ਟ ਨਹੀਂ ਭੋਗਿਆ। ਜੇਲ੍ਹ ਤਾਂ ਕੁੱਝ ਵੀ ਨਹੀਂ। ਸਾਡੀ ਜ਼ਿੰਦਗੀ ਦਾ ਉਹ ਹਿੱਸਾ ਤਾਂ ਏਥੋਂ ਸ਼ੁਰੂ ਹੋਵੇਗਾ?” ਇੱਕ ਥਾਂ ਉਸ ਨੇ ਇਹ ਵੀ ਲਿਖਿਆ ਕਿ ਉਹ ਤਾਂ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਮੁੱਲ ਵੱਟਣਾ ਚਾਹੁੰਦਾ ਹੈ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਹ ਆਪਣੇ ਸਾਥੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਦਾ ਸੀ। 24 ਫਰਵਰੀ 1930 ਨੂੰ ਆਪਣੇ ਸਾਥੀ ਜੈਦੇਵ ਗੁਪਤਾ ਨੂੰ ਲਿਖੀ ਚਿੱਠੀ ਵਿਚ ਉਹਦੇ ਕੋਲੋਂ ਸੰਗਤਰੇ, ਰਸਗੁੱਲੇ ਅਤੇ ਘਿਓ ਦੀ ਪੀਪੀ ਹੀ ਨਹੀਂ ਮੰਗਦਾ। ਇਥੇ ਡੱਬਾ ‘ਕੇਵਲ-ਏ’ ਸਿਗਰਟਾਂ ਵੀ ਮੰਗਦਾ ਹੈ, ਜਿਸ ਲਈ ਬੁਟੇਕਸ਼ਵਰ ਦੱਤ ਬੇਜ਼ਾਰ ਸੀ। ਉਸ ਤੋਂ ਸਾਥੀ ਦੀ ਤਲਬ ਦੇਖੀ ਨਹੀਂ ਸੀ ਜਾਂਦੀ।
ਜੈਦੇਵ ਨੂੰ ਲਿਖੀ ਇਕ ਹੋਰ ਚਿੱਠੀ ਵਿਚ ਉਹ ਆਪਣੇ ਮਿੱਤਰ ਨੂੰ ਇਸ ਤਰ੍ਹਾਂ ਦਾ ਆਦੇਸ਼ ਦਿੰਦਾ ਕਿ ਉਹ ਭਗਤ ਸਿੰਘ ਦੇ ਪਿਤਾ ਨੂੰ ਸਮਝਾਵੇ ਕਿ ਕੇਸ ਵਿਚ ਬਚਾਅ ਲਈ ਸਮਾਂ ਬਰਬਾਦ ਕਰਨ ਦੀ ਥਾਂ ਉਹ ਜੇਲ੍ਹ ਵਿਚ ਬੇਟੇ ਦੀ ਚੜ੍ਹਦੀ ਕਲਾ ਦੇਖਦਾ ਰਹੇ ਤਾਂ ਉਸ ਨੂੰ ਵਧੇਰੇ ਤਸੱਲੀ ਹੋਵੇਗੀ। ਇੱਕ ਹੋਰ ਚਿੱਠੀ ਵਿਚ ਆਪਣੇ ਭਰਾ ਕੁਲਬੀਰ ਸਿੰਘ ਦੀ ਮਿਲਣੀ ਲਈ ਤਾਂ ਉਸ ਦਾ ਸ਼ੁਕਰਗੁਜ਼ਾਰ ਹੈ, ਪਰ ਚਾਹੁੰਦਾ ਹੈ ਕਿ ਅੱਗੇ ਤੋਂ ਬੇਬੇ ਨੂੰ ਨਾਲ ਨਾ ਲਿਆਵੇ ਕਿਉਂਕਿ ਉਹ ਮਾਂ ਦੇ ਹੰਝੂ ਵੇਖ ਕੇ ਖੁਦ ਵੀ ਉਦਾਸ ਹੋ ਜਾਂਦਾ ਹੈ।
ਇਕ ਪੜਾਅ ਉਤੇ ਪਿਤਾ ਨੂੰ ਡੋਲਿਆ ਵੇਖ ਉਹ ਇਥੋਂ ਤੱਕ ਵੀ ਲਿਖ ਦਿੰਦਾ ਹੈ, “ਜੇ ਕੋਈ ਹੋਰ ਸ਼ਖਸ ਤੁਹਾਡੇ ਵਾਂਗ ਮੇਰੇ ਸਾਹਮਣੇ ਆਉਂਦਾ ਤਾਂ ਮੈਂ ਉਸ ਨੂੰ ਗੱਦਾਰੀ ਤੋਂ ਘੱਟ ਖਿਆਲ ਨਾ ਕਰਦਾ, ਪਰ ਹਾਲ ਦੀ ਘੜੀ ਇਹੀ ਕਹਾਂਗਾ ਕਿ ਇਹ ਕਮਜ਼ੋਰੀ ਹੈ, ਬਦਤਰੀਨ ਕਿਸਮ ਦੀ ਕਮਜ਼ੋਰੀ। ਤੁਸੀਂ ਖੁਦ ਆਪਣੀ ਸਾਰੀ ਜ਼ਿੰਦਗੀ ਸੁਤੰਤਰਤਾ ਲਈ ਲੜਦਿਆਂ ਲੰਘਾ ਦਿੱਤੀ ਤੇ ਹੁਣ ਇਸ ਮੋੜ ‘ਤੇ ਏਨੇ ਕਮਜ਼ੋਰ ਕਿਉਂ ਹੋ।”
ਅੰਤ ਵਿਚ ਫਾਂਸੀ ਤੋਂ ਪਹਿਲਾਂ 22 ਮਾਰਚ 1931 ਵਾਲੀ ਉਸ ਚਿੱਠੀ ਦੇ ਕੁੱਲ ਅੰਸ਼, ਜੋ ਉਸ ਨੇ ਸਾਥੀਆਂ ਨੂੰ ਲਿਖੀ, “ਜਿਉਂਦੇ ਰਹਿਣ ਦੀ ਖਾਹਿਸ਼ ਕੁਦਰਤੀ ਹੈ। ਮੈਨੂੰ ਵੀ ਹੈ, ਪਰ ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਉਣਾ ਨਹੀਂ ਚਾਹੁੰਦਾ। ਇਨਕਲਾਬੀਆਂ ਦੀਆਂ ਕੁਰਬਾਨੀਆਂ ਨੇ ਮੈਨੂੰ ਬਹੁਤ ਉਚਾ ਕਰ ਦਿੱਤਾ ਹੈ, ਏਨਾ ਉਚਾ ਕਿ ਜਿਉਂਦੇ ਰਹਿਣ ਦੀ ਸੂਰਤ ਵਿਚ ਮੈਂ ਇਸ ਤੋਂ ਉਚਾ ਕਦੀ ਨਹੀਂ ਹੋ ਸਕਦਾ।…ਮੇਰੇ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹਨ ਨਾਲ ਹਿੰਦੁਸਤਾਨੀ ਮਾਂਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਕਾਮਨਾ ਕਰਨਗੀਆਂ ਅਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਕੁੱਲ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗਾ…ਮੈਥੋਂ ਵੱਧ ਖੁਸ਼ ਕਿਸਮਤ ਕੌਣ ਹੈ? ਮੈਨੂੰ ਅੱਜ ਆਪਣੇ ਆਪ ਉਤੇ ਬਹੁਤ ਨਾਜ਼ ਹੈ। ਬਹੁਤ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ। ਆਰਜ਼ੂ ਹੈ ਕਿ ਇਹ ਹੋਰ ਨੇੜੇ ਹੋ ਜਾਏ।”
ਚਿੱਠੀਆਂ ਵਿਚ ਹੋਰ ਵੀ ਬਹੁਤ ਕੁਝ ਹੈ। ਕਦੀ ਫਿਰ ਸਹੀ। ਮੈਂ ਸਰਬਜੀਤ ਸਿੰਘ ਵਿਰਕ ਦੇ ਸਬਦਾਂ ਨਾਲ ਬੰਦ ਕਰਦਾ ਹਾਂ, “ਸਮੇਂ ਨੇ ਹੋਰ ਤੇਜ਼ੀ ਫੜ ਲਈ ਹੈ। ਭਗਤ ਸਿੰਘ ਦੇ ਵਕੀਲ ਪ੍ਰਾਣ ਨਾਥ ਆਖਰੀ ਮੁਲਾਕਾਤ ਕਰਨ ਲਈ ਭਗਤ ਸਿੰਘ ਵਲੋਂ ਮੰਗਵਾਈ ਲੈਨਿਨ ਦੀ ਜੀਵਨੀ ਲੈ ਕੇ ਪਹੁੰਚ ਗਏ ਹਨ, ਭਾਵਕ ਹਨ, ਅੱਖਾਂ ਵਿਚ ਅੱਥਰੂ ਹਨ, ਸ਼ਬਦ ਨਹੀਂ ਅਹੁੜ ਰਹੇ। ਭਗਤ ਸਿੰਘ ਜਵਾਂ-ਦਿਲੀ ਨਾਲ ਕੇਸ ਲੜਨ ਲਈ ਧੰਨਵਾਦ ਕਰਦਾ ਹੈ।”
ਉਸ ਪਿਛੋਂ ਜੋ ਹੋਇਆ, ਜਗ ਜਾਣਦਾ ਹੈ। ਜ਼ਿੰਦਾਬਾਦ!
ਅੰਤਿਕਾ: ਰਾਮ ਪ੍ਰਸਾਦ ਬਿਸਮਿਲ
ਸਤਾਏ ਤੁਝ ਕੋ ਜੋ ਕੋਈ ਬੇਵਫਾ, ਬਿਸਮਿਲ,
ਤੋ ਮੂੰਹ ਸੇ ਕੁਛ ਨਾ ਕਹਿਨਾ, ਆਹ! ਕਰ ਲੇਨਾ।
ਹਮ ਸ਼ਹੀਦੋਂ ਕੇ ਵਤਨ ਕਾ ਦੀਨ-ਓ-ਈਸਾ ਔਰ ਹੈ,
ਸਿਜਦੇ ਕਰਤੇ ਹੈਂ ਹਮੇਸ਼ਾ ਪਾਓਂ ਪਰ ਜੱਲਾਦ ਕੇ।