ਮਾਪੇ-ਕੁਮਾਪੇ ਅਤੇ ਧੀ-ਪੁੱਤ ਦਾ ਫਰਕ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਕਹਿੰਦੇ ਹਨ ਕਿ ਪੁੱਤ ਕੁਪੁੱਤ ਹੋ ਜਾਂਦੇ ਹਨ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਗੱਲ ਕਹਿਣ ਨੂੰ ਹੀ ਹੈ। ਅਸਲ ਵਿਚ ਮਾਪੇ ਵੀ ਕੁਮਾਪੇ ਹੋ ਜਾਂਦੇ ਹਨ ਤੇ ਜੇ ਹੋ ਜਾਣ ਤਾਂ ਫਿਰ ਹੋਏ ਹੀ ਰਹਿੰਦੇ ਹਨ। ਜੇ ਕਿਸ ਦੇ ਮਾਪੇ ਕੁਮਾਪੇ ਹੋ ਜਾਣ ਫਿਰ ਉਹਦਾ ਰੱਬ ਹੀ ਰਾਖਾ। ਸਾਡੇ ਘਰਾਂ ਵਿਚ ਪੁੱਤਰ ਨੂੰ ਦਾਤ ਸਮਝਿਆ ਜਾਂਦਾ ਤੇ ਧੀ ਨੂੰ ਨਿਰੀ ਕਰਜ਼ੇ ਦੀ ਪੰਡ। ਪੁੱਤਰ ਦੇ ਜਨਮ ਦੀ ਸੂਚਨਾ ਸ਼ੁਭ ਹੁੰਦੀ ਹੈ, ਪਰ ਧੀ ਦੇ ਜਨਮ ਦੀ ਖਬਰ ਸੋਗਵਾਰ। ਪੁੱਤਾਂ ਦੇ ਜਨਮ ਦਿਨ ਜਸ਼ਨ ਹੁੰਦੇ ਹਨ ਤੇ ਸਾਡੇ ਸਦੀਵੀ ਚੇਤਿਆਂ ਵਿਚ ਦਰਜ ਹੋ ਜਾਂਦੇ ਹਨ। ਧੀ ਦਾ ਜਨਮ ਤਾਂ ਹੁੰਦਾ ਹੈ, ਪਰ ਜਨਮ ਦਿਨ ਦਾ ਦਰਜਾ ਹਾਸਲ ਨਹੀਂ ਕਰਦਾ ਤੇ ਨਾ ਹੀ ਧੀ ਦੇ ਜਨਮ ਦਿਨ ਲਈ ਸਾਡੇ ਚੇਤਿਆਂ ਵਿਚ ਕੋਈ ਥਾਂ ਹੁੰਦੀ ਹੈ।

ਮੱਤ ਸਮਝੋ ਕਿ ਪੁੱਤਾਂ ਨਾਲ ਵੀ ਮਾਪੇ ਇੱਕੋ ਜਿਹਾ ਸਲੂਕ ਕਰਦੇ ਹੋਣਗੇ। ਜੇਠੇ ਤੇ ਪਲੇਠੇ ਪੁੱਤ ਦੀ ਬਾਤ ਹੀ ਕੁਝ ਹੋਰ ਹੁੰਦੀ ਹੈ। ਇਨ੍ਹਾਂ ਦੇ ਪਾਲਣ ਪੋਸ਼ਣ ਵਿਚ ਮਾਪੇ ਕੋਈ ਕਸਰ ਨਹੀਂ ਛੱਡਦੇ, ਪਰ ਸਭ ਤੋਂ ਆਖਰੀ ਤੇ ਛੋਟੇ ਪੁੱਤ ਨੂੰ ‘ਪੇਟ ਘਰੋੜੀ ਦਾ’ ਕਿਹਾ ਜਾਂਦਾ ਹੈ ਅਤੇ ਉਹ ਆਪੇ ਹੀ ਰੁਲ ਖੁਲ ਕੇ ਪਲਦਾ ਹੈ। ਗੁਸੈਲ ਮਾਪਿਆਂ ਤੋਂ ਕੁੱਟ ਦੇ ਸ਼ਿਕਾਰ ਵੀ ਛੋਟੇ ਪੁੱਤ ਵਧੇਰੇ ਹੁੰਦੇ ਹਨ, ਵੱਡੇ ਤਾਂ ਛਿੰਦੇ ਪੁੱਤ ਅਤੇ ਲਾਟ ਸਾਹਬ ਹੁੰਦੇ ਹਨ।
ਇਹ ਦੁਫਰਕੀ ਸਾਡੇ ਜੀਣ ਥੀਣ ਦਾ ਅਟੁੱਟ ਅੰਗ ਬਣੀ ਹੋਈ ਹੈ ਤੇ ਸਾਡੇ ਰਗੋਰੇਸ਼ੇ ਵਿਚ ਇਸ ਤਰ੍ਹਾਂ ਸਮਾਈ ਹੋਈ ਹੈ ਕਿ ਥੋੜ੍ਹੇ ਕੀਤੇ ਸਾਨੂੰ ਨਜ਼ਰ ਵੀ ਨਹੀਂ ਆਉਂਦੀ। ਸਾਡੀ ਜ਼ਿੰਦਗੀ ਦਾ ਕੋਈ ਗੋਸ਼ਾ ਅਜਿਹਾ ਨਹੀਂ ਹੈ, ਜਿੱਥੇ ਦੁਫਰਕੀ ਨੇ ਆਪਣਾ ਸਦੀਵੀ ਘਰ ਨਾ ਬਣਾ ਲਿਆ ਹੋਵੇ।
ਛੋਟੇ ਹੁੰਦਿਆਂ ਸਕੂਲ ਵਿਚ ਸਾਡੇ ਕਈ ਮਾਸਟਰਾਂ ਨੂੰ ਵਿਦਿਆਰਥੀਆਂ ਦੀਆਂ ਜਾਤਾਂ ਜਾਣਨ ਦਾ ਭੁਸ ਹੁੰਦਾ ਸੀ, ਕਿਉਂਕਿ ਉਨ੍ਹਾਂ ਦੇ ਅੰਦਰ ਵੱਸੀ ਹੋਈ ਦੁਫਰਕੀ ਉਨ੍ਹਾਂ ਨੂੰ ਮਜਬੂਰ ਕਰਦੀ ਸੀ। ਕਈ ਮਾਸਟਰ ਤਾਂ ਸਿੱਧਾ ਹੀ ਪੁੱਛ ਲੈਂਦੇ ਸਨ ਤੇ ਕਈ ਘੁਮਾ ਫਿਰਾ ਕੇ ਪੁੱਛਦੇ ਸਨ। ਦੂਜੀ ਕਿਸਮ ਦੇ ਮਾਸਟਰ ਪੁੱਛਦੇ ਸਨ, “ਤੁਹਾਡੇ ਘਰਦੇ ਕੀ ਕਰਦੇ ਹਨ?”
ਪੈਂਤੀ-ਚਾਲੀ ਵਿਦਿਆਰਥੀਆਂ ਵਿਚੋਂ ਕੋਈ ਦੋ ਤਿੰਨ ਅਜਿਹੇ ਹੁੰਦੇ ਸਨ, ਜੋ ਬੜੀ ਸ਼ਾਨ ਨਾਲ ਦੱਸਦੇ ਸਨ ਕਿ ਉਨ੍ਹਾਂ ਦੇ ਬਾਪ ਨੌਕਰੀ ਕਰਦੇ ਹਨ। ਕਿਸੇ ਫੌਜੀ ਦੇ ਬੱਚੇ ਤਾਂ ਬਾਹਲੇ ਫਖਰ ਨਾਲ ਦੱਸਦੇ ਸਨ, “ਫੌਜੀ ਜੀ।” ਕਈ ਵਿਦਿਆਰਥੀ ਬੜੇ ਅਰਾਮ ਨਾਲ ਕਹਿ ਦਿੰਦੇ ਸਨ, “ਜੀ ਖੇਤੀ-ਬਾੜੀ ਕਰਦੇ।” ਬਹੁਤੇ ਵਿਦਿਆਰਥੀ ਅਜਿਹੇ ਸਨ, ਜਿਨ੍ਹਾਂ ਦੇ ਜਵਾਬ ਅਲੱਗ ਅਲੱਗ ਹੁੰਦੇ ਸਨ, ਪਰ ਉਨ੍ਹਾਂ ਦਾ ਮਤਲਬ ਇਕ ਹੀ ਹੁੰਦਾ ਸੀ। ਮਸਲਨ ਕਿਸੇ ਨੇ ਕਹਿਣਾ ‘ਦਿਹਾੜੀ ਜੀ’, ਤੇ ਕਿਸੇ ਨੇ ਕਹਿਣਾ, ‘ਮਜਦੂਰੀ ਜੀ।’ ਮੇਰੇ ਜਮਾਤੀ ਸ਼ਿੰਗਾਰੇ ਨੇ ਦੱਸਿਆ, “ਮਿਹਨਤ ਜੀ।” ਇਹ ਜਵਾਬ ਸੁਣ ਕੇ ਮਾਸਟਰ ਜੀ ਸਾਰਾ ਪੀਰੀਅਡ ਹੱਸਦੇ ਰਹੇ ਤੇ ਵਾਰ ਵਾਰ ਕਹੀ ਜਾਣ, “ਅੱਛਾ ਅੱਛਾ ਮਿਹਨਤ ਕਰਦੇ ਆ।”
ਕਈ ਕਿੱਤੇ ਅਜਿਹੇ ਸਨ, ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗਦਾ ਕਿ ਉਹ ਕੀ ਕਹਿਣ। ਇਕ ਮੁੰਡੇ ਨੇ ਦੱਸਣਾ, “ਜੀ ਗੱਡੀ ਜੀ।” ਮਾਸਟਰ ਨੂੰ ਸਮਝ ਨਾ ਲੱਗਣੀ ਕਿ ਗੱਡੀ ਕਿਹੜਾ ਕੰਮ ਹੋਇਆ! ਬਾਅਦ ‘ਚ ਪਤਾ ਲੱਗਣਾ ਕਿ ਉਹ ਟਰੱਕ ਚਲਾਉਂਦੇ ਹਨ। ਕਿਸੇ ਨੇ ਕਹਿਣਾ, ‘ਗ੍ਰੰਥੀ’ ਅਤੇ ਕਿਸੇ ਨੇ ਕਹਿਣਾ, ‘ਪਾਠੀ।’ ਇਕ ਮੁੰਡੇ ਨੇ ਆਖਿਆ, “ਜੀ ਭੱਠੀ।” ਮਾਸਟਰ ਫਿਰ ਸੋਚੀਂ ਪੈ ਗਿਆ। ਦਰਅਸਲ ਉਸ ਮੁੰਡੇ ਦਾ ਬਾਪ ਸਾਧ ਬਣ ਗਿਆ ਸੀ ਤੇ ਉਹਦੀ ਮਾਂ ਭੱਠੀ ‘ਤੇ ਦਾਣੇ ਭੁੰਨਦੀ ਹੁੰਦੀ ਸੀ।
ਮੈਨੂੰ ਯਾਦ ਨਹੀਂ ਹੈ ਕਿ ਸ਼ੇਖੂਪੁਰ ਦੇ ਨਾਈਆਂ ਤੇ ਘੁਮਾਰਾਂ ਦੇ ਨਿਆਣਿਆਂ ਨੇ ਕੀ ਦੱਸਿਆ ਸੀ। ਜੋ ਵੀ ਦੱਸਿਆ ਹੋਵੇਗਾ, ਜ਼ਰੂਰ ਹਾਸਾ ਛਿੜਿਆ ਹੋਵੇਗਾ ਤੇ ਬੇਮਤਲਬ ਨਮੋਸ਼ੀ ਝੱਲਣੀ ਪਈ ਹੋਵੇਗੀ। ਦੇਖੋ ਸਾਡਾ ਪੰਜਾਬ ਕਿਸ ਕਦਰ ਗੁਰਾਂ ਦੇ ਨਾਂ ‘ਤੇ ਵਸਦਾ ਹੈ ਕਿ ਇੱਥੇ ਕਿਰਤ ਨਾਲ ਵੀ ਜਾਤ-ਪਾਤ ਦੀ ਨਮੋਸ਼ੀ ਜੁੜੀ ਹੋਈ ਹੈ।
ਇਕ ਮੁੰਡੇ ਨੇ ਆਪਣੇ ਘਰਦਿਆਂ ਦਾ ਪੇਸ਼ਾ ‘ਗਜਾ’ ਦੱਸਿਆ ਸੀ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਗਜਾ ਕਿਹਨੂੰ ਕਹਿੰਦੇ ਹਨ। ਪਿੱਛੇ ਜਿਹੇ ਕਿਸੇ ਟਕਸਾਲੀ ਸਿੱਖ ਨਾਲ ਚਰਚਾ ਛਿੜ ਪਈ। ਉਹ ਕਹਿਣ ਲੱਗਾ, “ਮੈਂ ਜਿਮੀਂਦਾਰਾਂ ਦਾ ਪੁੱਤ ਹਾਂ।” ਮੈਂ ਪੁੱਛਿਆ ਕਿ ਤੂੰ ਫਿਰ ਖੇਤੀ ਕਿਉਂ ਨਹੀਂ ਕਰਦਾ? ਉਹਨੇ ਜੋ ਕਿਹਾ, ਉਹਤੋਂ ਮੈਨੂੰ ਗਜਾ ਦੇ ਅਰਥ ਸਮਝ ਲੱਗ ਗਏ। ਕਹਿਣ ਲੱਗਾ, “ਜੀ ਗਜਾ ਮਜ਼ਾ, ਵਾਹੀ ਫਾਹੀ।”
ਮੈਂ ਸਮਝ ਗਿਆ ਕਿ ਟਕਸਾਲਾਂ ਅਤੇ ਤਮਾਮ ਡੇਰੇ ਗਜਾ ਦੇ ਸਿਰ ‘ਤੇ ਚੱਲਦੇ ਹਨ ਤੇ ਗਜਾ ਵਿਚ ਹੀ ਉਹ ਮਜ਼ਾ ਲੁੱਟਦੇ ਹਨ। ਵਾਹੀ ਨੂੰ ਤਾਂ ਉਹ ਨਿਰੀ ਫਾਹੀ ਸਮਝਦੇ ਹਨ ਤੇ ਗਜਾ ਵਿਚ ਨਾ ਹਿੰਗ ਲੱਗੇ ਨਾ ਫਟਕੜੀ।
ਸਾਰੀ ਰਾਮ ਕਹਾਣੀ ਦੱਸਣ ਦਾ ਮਕਸਦ ਇਹ ਹੈ ਕਿ ਉਦੋਂ ਖੇਤੀ-ਬਾੜੀ ਦੇ ਧੰਦੇ ਨੂੰ ਕੋਈ ਵੀ ਕਿਸਾਨੀ ਨਹੀਂ ਸੀ ਕਹਿੰਦਾ ਤੇ ਨਾ ਹੀ ਇਹ ਧੰਦਾ ਕਰਨ ਵਾਲੇ ਨੂੰ ਕੋਈ ਕਿਸਾਨ ਕਹਿੰਦਾ ਸੀ। ਬਹੁਤੇ ਲੋਕ ਉਹਨੂੰ ਜਿਮੀਂਦਾਰ ਕਹਿੰਦੇ ਸਨ।
ਖੇਤੀ-ਬਾੜੀ ਸ਼ਬਦ ਜਾਹਰਾ ਤੌਰ ‘ਤੇ ਦੋ ਸ਼ਬਦਾਂ-ਖੇਤੀ ਅਤੇ ਬਾੜੀ ਦਾ ਸੁਮੇਲ ਹੈ। ਪੰਜਾਬ ਵਿਚ ਖੇਤੀ-ਬਾੜੀ ਦੋ ਤਰ੍ਹਾਂ ਦੀ ਹੁੰਦੀ ਹੈ-ਖੇਤੀ ਅਤੇ ਬਾੜੀ। ਖੇਤੀ ਖੇਤਾਂ ਵਿਚ ਹੁੰਦੀ ਹੈ ਤੇ ਬਾੜੀ ਵਾੜਿਆਂ ਵਿਚ।
ਖੇਤ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਵਾੜੇ ਛੋਟੇ। ਖੇਤ ਵੱਡੇ ਹੋਣ ਕਾਰਣ ਅਕਸਰ ਅਣ-ਵਲੇ ਰਹਿੰਦੇ ਹਨ ਤੇ ਵਾੜਿਆਂ ਦੇ ਚਾਰੇ ਪਾਸੇ ਵਾੜ ਕੀਤੀ ਹੁੰਦੀ ਹੈ। ਵਾੜ, ਬਾੜੇ ਅਤੇ ਬਾੜੀ ਦਾ ਵੀ ਆਪਸ ਵਿਚ ਕੋਈ ਸਬੰਧ ਹੋ ਸਕਦਾ ਹੈ।
ਖੇਤ ਵਿਚ ਕਣਕ, ਝੋਨਾ, ਕਮਾਦ ਤੇ ਕਪਾਹ ਆਦਿ ਬੀਜੀ ਜਾਂਦੀ ਹੈ। ਜਦਕਿ ਵਾੜੇ ਅੰਦਰ ਹਦਵਾਣੇ, ਖਰਬੂਜ਼ੇ, ਤਰਾਂ, ਖੀਰੇ, ਗੋਭੀ, ਸ਼ਲਗਮ, ਮੂਲੀਆਂ ਤੇ ਮਟਰ ਆਦਿ ਵੀਹ ਕਿਸਮ ਦੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ।
ਖੇਤੀ ਨਾਲ ਸਬੰਧਤ ਸਾਰੇ ਕਿਸਾਨ ਕਦੇ ਸੱਚਮੁਚ ਕਿਸਾਨ ਹੁੰਦੇ ਸਨ। ਜਦ ਉਹ ਸਾਰਾ ਕੰਮ ਆਪ ਕਰਦੇ ਸਨ ਤੇ ਕਿਸੇ ਬੇਜ਼ਮੀਨੇ ਦਾ ਇੱਕ ਟੱਬਰ ਸੀਰੀ ਵਜੋਂ ਨਾਲ ਰਲਾ ਲੈਂਦੇ ਸਨ। ਹੁਣ ਅਜਿਹੇ ਕਿਸਾਨ ਬਹੁਤੇ ਹਨ, ਜੋ ਸਿਰਫ ਜ਼ਮੀਨ ਦੇ ਮਾਲਕ ਹੋਣ ਕਰਕੇ ਸਾਰੀ ਕਮਾਈ ਖਾਂਦੇ ਹਨ, ਖੇਤਾਂ ਵਿਚ ਕਦੀ ਕੋਈ ਕੰਮ ਨਹੀਂ ਕਰਦੇ।
ਕਈ ਕਿਸਾਨ ਅਜਿਹੇ ਹਨ, ਜੋ ਖੇਤਾਂ ਵਿਚ ਖੁਦ ਖੇਤੀ ਕਰਦੇ ਹਨ ਤੇ ਅਣਸਰਦੇ ਨੂੰ ਮਜ਼ਦੂਰ ਵੀ ਲਾ ਲੈਂਦੇ ਹਨ। ਇਨ੍ਹਾਂ ਕੋਲ ਮੰਡੀਆਂ ਜੋਗਾ ਅਨਾਜ ਬਹੁਤ ਘੱਟ ਹੁੰਦਾ ਹੈ ਤੇ ਇੱਥੇ ਹੀ ਇਧਰ-ਉਧਰ ਆਪਣੇ ਲਿਹਾਜ਼ੀ ਤੇ ਵਾਕਿਫਕਾਰਾਂ ਨੂੰ ਵੇਚ ਲੈਂਦੇ ਹਨ।
ਪਰ ਬਾੜੀ ਨਾਲ ਸਬੰਧਤ ਕਿਸਾਨ ਨਿੱਕੇ ਨਿੱਕੇ ਖੇਤਾਂ ਵਿਚ ਆਪਣੇ ਪਰਿਵਾਰਾਂ ਸਮੇਤ ਸਾਰਾ ਸਾਰਾ ਦਿਨ ਅਤੇ ਸਾਰਾ ਸਾਲ ਜਾਨ ਹੂਲਦੇ ਹਨ। ਇਨ੍ਹਾਂ ਨੂੰ ਬੇਹੱਦ ਚੇਤੰਨ ਰਹਿਣਾ ਪੈਂਦਾ ਹੈ। ਇਨ੍ਹਾਂ ਦਾ ਹਰੇਕ ਦਿਨ ਅਹਿਮ ਹੁੰਦਾ ਹੈ ਤੇ ਹਮੇਸ਼ਾ ਫਿਕਰ ਵਿਚ ਰਹਿਣਾ ਪੈਂਦਾ ਹੈ। ਸਬਜ਼ੀਆਂ ਬੀਜਣ, ਵੱਢਣ ਤੇ ਵੇਚਣ ਵਿਚ ਦੋ ਦਿਨ ਦੀ ਦੇਰੀ ਜਾਂ ਢਿੱਲ ਵੀ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੰਦੀ ਹੈ।
ਜੇ ਖੇਤੀ ਪੁੱਤ ਪਾਲਣ ਦੇ ਸਮਾਨ ਹੈ ਤਾਂ ਬਾੜੀ ਧੀਆਂ ਸੰਭਾਲਣ ਜਿਹੀ ਹੈ। ਕਣਕ-ਝੋਨਾ ਬੀਜਣ ਵਾਲੇ ਕਿਸਾਨ ਕਾਫੀ ਸਮਾਂ ਵਿਹਲ ਮਾਣ ਲੈਂਦੇ ਹਨ, ਪਰ ਸਬਜ਼ੀਆਂ ਵਾਲੇ ਨੂੰ ਕਦੀ ਵੀ ਵਿਹਲ ਨਹੀਂ ਮਿਲਦੀ। ਉਹਨੇ ਹਰ ਰੋਜ ਕੁਝ ਨਾ ਕੁਝ ਬੀਜਣਾ ਹੁੰਦਾ ਹੈ ਤੇ ਤੋੜਨਾ/ਵੱਢਣਾ ਹੁੰਦਾ ਹੈ। ਉਹਨੇ ਹਰ ਰੋਜ ਮੰਡੀ ਵਿਚ ਕੁਝ ਵੇਚ ਕੇ ਆਉਣਾ ਹੁੰਦਾ ਹੈ ਤੇ ਕੁਝ ਖਰੀਦ ਕੇ ਲਿਆਉਣਾ ਹੁੰਦਾ ਹੈ।
ਜਿਵੇਂ ਪੁੱਤ ਦਾ ਕੋਈ ਫਿਕਰ ਨਹੀਂ ਹੁੰਦਾ ਕਿ ਕਿੱਥੋਂ ਆਇਆ ਤੇ ਕਿੱਥੇ ਗਿਆ ਸੀ, ਪਰ ਧੀਆਂ ਦੇ ਫਿਕਰ ਡਾਢੇ ਹੁੰਦੇ ਹਨ, ਪਲ ਪਲ ਦਾ ਡਰ ਰਹਿੰਦਾ ਹੈ ਤੇ ਖਬਰ ਰੱਖਣੀ ਪੈਂਦੀ ਹੈ। ਜਿਵੇਂ ਪੁੱਤਾਂ ਦਾ ਮਾਪਿਆਂ ਨੂੰ ਮਾਣ ਹੁੰਦਾ ਹੈ ਤੇ ਧੀਆਂ ਦੀ ਚਿੰਤਾ ਲੱਗੀ ਰਹਿੰਦੀ ਹੈ। ਇਵੇਂ ਖੇਤੀ ਵਾਲੇ ਕਣਕਾਂ ਦੇਖ-ਦੇਖ ਫੁੱਲਦੇ ਹਨ, ਪਰ ਬਾੜੀ ਵਾਲੇ ਸਬਜ਼ੀਆਂ ਦੇਖ ਦੇਖ ਸੁੱਕਣੇ ਪਏ ਰਹਿੰਦੇ ਹਨ। ਖੇਤੀ ਅਤੇ ਬਾੜੀ ਵਿਚ ਘੋੜੀ ਤੇ ਸੁਹਾਗ ਜਿਹਾ ਫਰਕ ਹੁੰਦਾ ਹੈ। ਇਕ ‘ਚ ਉਤਸ਼ਾਹ ਹੁੰਦਾ ਹੈ ਤੇ ਇਕ ‘ਚ ਉਦਾਸੀ।
ਕਣਕਾਂ ਵਾਲਿਆਂ ਦੀਆਂ ਮੋਟੀਆਂ ਰਕਮਾਂ ਜਾਂਦੀਆਂ ਹਨ ਤੇ ਡਬਲ ਹੋ ਕੇ ਮੁੜਦੀਆਂ ਹਨ। ਇਸੇ ਲਈ ਕਣਕਾਂ ਵਾਲੇ ਥੋਕ ਦੀ ਤਰ੍ਹਾਂ ਵਿਚਰਦੇ ਹਨ ਤੇ ਸਬਜ਼ੀਆਂ ਵਾਲੇ ਦੀ ਮਸਾਂ ਆਈ ਚਲਾਈ ਹੁੰਦੀ ਹੈ। ਇਸੇ ਲਈ ਉਹ ਪਰਚੂਨ ਦੀ ਤਰ੍ਹਾਂ ਰਹਿੰਦੇ ਹਨ।
ਉਹ ਖੁੱਲ੍ਹ ਖੇਲ੍ਹ ਨਹੀਂ ਕਰਦੇ, ਸੰਭਲ ਕੇ ਰਹਿੰਦੇ ਹਨ ਤੇ ਚਾਦਰ ਦੇਖ ਕੇ ਪੈਰ ਪਸਾਰਦੇ ਹਨ। ਵਿਆਹ ਸ਼ਾਦੀਆਂ ਲਈ ਗੁਰਦੁਆਰਿਆਂ ਦੀ ਓਟ ਲੈਂਦੇ ਹਨ, ਜਿਵੇਂ ਕਿਸੇ ਬੁੜ੍ਹੇ-ਬੁੜ੍ਹੀ ਦਾ ਭੋਗ ਹੋਵੇ। ਪਰ ਕਣਕਾਂ ਵਾਲੇ ਹਰ ਸਮਾਗਮ ‘ਤੇ ਵੱਡੇ ਵੱਡੇ ਪੈਲੇਸ ਬੁੱਕ ਕਰਦੇ ਹਨ ਤੇ ਬੁੜ੍ਹੇ-ਬੁੜ੍ਹੀ ਦੇ ਭੋਗ ਵੀ ਇੰਜ ਪਾਉਂਦੇ ਹਨ, ਜਿਵੇਂ ਮੁੰਡੇ/ਕੁੜੀ ਦਾ ਵਿਆਹ ਹੋਵੇ।
ਸੇਕ ਤਾਂ ਸਭ ਨੂੰ ਲੱਗਦਾ ਹੈ। ਜੇ ਰੋਟੀ ਤਵੇ ‘ਤੇ ਸ਼ੱਰੇਆਮ ਰੜ੍ਹਦੀ ਹੈ ਤਾਂ ਸਬਜ਼ੀ ਪਤੀਲੇ ‘ਚ ਲੁਕ ਲੁਕ ਕੇ ਸੜਦੀ ਹੈ। ਨਾ ਰੋਟੀ ਬਿਨਾ ਸਰਦਾ ਹੈ, ਨਾ ਸਬਜ਼ੀ ਬਿਨਾ। ਰੋਟੀ ਬਿਨਾ ਸਬਜ਼ੀ ਨਹੀਂ ਖਾਧੀ ਜਾਂਦੀ ਤੇ ਸਬਜ਼ੀ ਬਿਨਾ ਰੋਟੀ ਨਹੀਂ ਲੰਘਦੀ। ਫਿਰ ਵੀ ਕੋਈ ਇਹ ਨਹੀਂ ਕਹਿੰਦਾ, “ਸਬਜ਼ੀ ਖਾਣੀ ਹੈ।” ਇਹੀ ਸੁਣਦੇ ਹਾਂ, “ਰੋਟੀ ਖਾਣੀ ਹੈ।”
ਪੰਜਾਬ ਅੰਦਰ ਖੇਤੀ ਵਾਲੇ ਕਿਸਾਨ ਅਸਲ ਵਿਚ ਜਿਮੀਂਦਾਰ ਸਮਝੇ ਜਾਂਦੇ ਹਨ, ਜਿਨ੍ਹਾਂ ਦੀ ਫਸਲ ਦਾ ਬੀਜਣ ਸਮੇਂ ਹੀ ਪੱਕਾ ਸਰਕਾਰੀ ਭਰੋਸਾ ਹੁੰਦਾ ਕਿ ਇਹ ਫਸਲ ਦਾ ਇੱਕ ਇੱਕ ਦਾਣਾ ਵਿੱਕ ਜਾਣਾ ਹੈ ਤੇ ਉਹਦੀ ਕੀਮਤ ਦਾ ਵੀ ਪਤਾ ਹੁੰਦਾ ਹੈ ਕਿ ਆਮਦਨ ਕਿੰਨੀ ਕੁ ਹੋਵੇਗੀ।
ਇਹਦੀ ਥਾਂ ਬਾੜੀ ਵਾਲਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਵੇਗਾ ਕਿ ਨਹੀਂ, ਵਿਕੇਗੀ ਕਿ ਨਹੀਂ; ਜੇ ਵਿਕੇਗੀ ਤਾਂ ਕਿਸ ਭਾਅ?
ਦੇਖੋ ਨਾ, ਜਦ ਗੋਭੀ ਹਾਲੇ ਵੱਢਣ ਜੋਗੀ ਨਹੀਂ ਹੁੰਦੀ ਤਾਂ ਨੱਬੇ ਨੱਬੇ ਰੁਪਏ ਕਿੱਲੋ ਵਿਕਦੀ ਹੈ, ਜਦ ਫਸਲ ਤਿਆਰ ਬਰ ਤਿਆਰ ਹੁੰਦੀ ਹੈ ਤਾਂ ਗੋਭੀ ਅੱਠ ਦਸ ਰੁਪਏ ਕਿੱਲੋ ‘ਤੇ ਆ ਡਿਗਦੀ ਹੈ ਅਤੇ ਜਦ ਖਤਮ ਹੋਣ ਕਿਨਾਰੇ ਹੁੰਦੀ ਹੈ ਤਾਂ ਫਿਰ ਪੰਜਾਹ-ਸੱਠ ਤੱਕ ਚੜ੍ਹ ਜਾਂਦੀ ਹੈ। ਸਬਜ਼ੀ ਤਾਂ ਖੁੰਬਾਂ ਵਾਂਗ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਵਾਲੀ ਗੱਲ ਹੁੰਦੀ ਹੈ।
ਹੁਣ ਸਾਡੀ ਕੇਂਦਰ ਸਰਕਾਰ ਨੇ ਖੇਤੀ ਵਾਲੇ ਕਿਸਾਨ ਅਰਥਾਤ ਕਣਕ, ਝੋਨਾ, ਕਮਾਦ ਅਤੇ ਕਪਾਹ ਬੀਜਣ ਵਾਲੇ ਵੱਡੇ ਜਿਮੀਂਦਾਰ ਨੂੰ ਦਿੱਤੀ ਹੋਈ ਵੱਡੀ ਸਹੂਲਤ ਵਾਪਸ ਲੈ ਲਈ ਹੈ। ਕਿਸਾਨ ਜਥੇਬੰਦੀਆਂ ਲੋਹੇ ਲਾਖੀਆਂ ਹੋਈਆਂ ਪਈਆਂ ਹਨ ਤੇ ਧਰਨਿਆਂ ਦੀਆਂ ਧਮਕੀਆਂ ਦੇ ਰਹੀਆਂ ਹਨ।
ਰਾਜਸੀ ਦਲ ‘ਕਿਸਾਨ ਬਚਾਓ ਪੰਜਾਬ ਬਚਾਓ’ ਦੇ ਨਾਅਰੇ ਮਾਰ ਰਹੇ ਹਨ। ਪੰਜਾਬ ਸਰਕਾਰ ਨੂੰ ਪਦੀੜ੍ਹ ਪਈ ਹੋਈ ਹੈ ਕਿ ਕਿਵੇਂ ਨਾ ਕਿਵੇਂ ਐਮ. ਐਸ਼ ਪੀ. ਖਾਰਜ ਕਰਨ ਵਾਲਾ ਫੈਸਲਾ ਰੱਦ ਹੋ ਜਾਵੇ।
ਸਾਡੇ ਅਰਥ-ਸ਼ਾਸ਼ਤਰੀ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਦੀਆਂ ਖੁੱਡਾਂ ਵਿਚੋਂ ਕੱਛੂਕੁੰਮਿਆਂ ਵਾਂਗ ਸਿਰੀਆਂ ਕੱਢ ਕੱਢ ਕੇ ਲੰਮੇ ਲੰਮੇ ਲੇਖ ਲਿਖ ਰਹੇ ਹਨ ਕਿ ਕਿਸਾਨ ਲੁੱਟੇ ਜਾਣਗੇ, ਪੁੱਟੇ ਜਾਣਗੇ, ਲਿਤਾੜੇ ਜਾਣਗੇ।
ਮੈਂ ਅਜਿਹੀ ਇਕ ਅਰਥ-ਸ਼ਾਸ਼ਤਰਣ ਨੂੰ ਫੋਨ ਕੀਤਾ, “ਮੈਡਮ ਜੀ, ਖੇਤੀ ਦਾ ਏਨਾ ਹੇਜ ਰੱਖਦੇ ਹੋ, ਕਦੀ ਬਾੜੀ ਦੀ ਵੀ ਖਬਰ ਲੈ ਲਿਆ ਕਰੋ।” ਉਹ ਕਹਿਣ ਲੱਗੀ, “ਇਕ ਵਾਰੀ ਸਬਜ਼ੀ ਵਾਲਿਆਂ ਬਾਬਤ ਲਿਖਿਆ ਸੀ ਤਾਂ ਵੱਡੇ ਅਰਥ-ਸ਼ਾਸ਼ਤਰੀਆਂ ਨੇ ਰੋਕ ਦਿੱਤਾ ਕਿ ਇਸ ਤਰ੍ਹਾਂ ਕਿਸਾਨਾਂ ਵਿਚ ਪਾੜਾ ਪੈਂਦਾ ਹੈ।”
ਮੈਂ ਕਿਹਾ, “ਮੈਡਮ, ਪਾੜਾ ਤਾਂ ਪਿਆ ਹੋਇਆ ਹੈ ਤੇ ਇਸ ਪਾੜੇ ਦੀ ਗੱਲ ਕਰਨ ਨਾਲ ਪਾੜਾ ਮਿਟਣ ਦੀ ਸੰਭਾਵਨਾ ਬਣਦੀ ਹੈ।” ਉਹ ਕਹਿਣ ਲੱਗੀ, “ਨਹੀਂ, ਇਸੇ ਤਰ੍ਹਾਂ ਹੀ ਚੱਲਦਾ ਹੈ, ਮਾੜੇ ਦੀ ਕੋਈ ਨਹੀਂ ਸੁਣਦਾ।”
ਮੈਂ ਸਮਝ ਗਿਆ, ‘ਜਿਹਦੀ ਕੋਠੀ ਵਿਚ ਦਾਣੇ ਉਹਦੇ ਕਮਲੇ ਵੀ ਸਿਆਣੇ’ ਅਤੇ ‘ਤਕੜੇ ਦਾ ਸੱਤੀਂ ਵੀਹੀਂ ਸੌ।’ ‘ਸੌ ਗਜ਼ ਰੱਸਾ ਤੇ ਸਿਰੇ ‘ਤੇ ਗੰਢ’ ਇਹ ਹੈ ਕਿ ‘ਜਿਹਦੀ ਲਾਠੀ ਉਹਦੀ ਮੱਝ।’
ਜੇ ਸਰਕਾਰ ਨੂੰ ਇੱਕ ਲਾਠੀ ਮੰਨ ਲਿਆ ਜਾਵੇ ਤਾਂ ਦੇਖ ਲਉ ਉਹ ਕਿਹਦੇ ਹੱਥ ਵਿਚ ਹੈ ਅਤੇ ਆਰਥਕਤਾ ਦੀ ਮੱਝ ਕਿਹਦੀ ਖੁਰਲੀ ‘ਤੇ ਬੱਝੀ ਖੜ੍ਹੀ ਹੈ ਤੇ ਉਹਦਾ ਦੁੱਧ ਕਿਹਦੇ ਮੂੰਹ ‘ਚ ਪੈਂਦਾ ਹੈ।
ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੀ ਆਰਥਕਤਾ ਦੀ ਮੱਝ ਦਾ ਦੁੱਧ ਸਿਰਫ ਤੇ ਸਿਰਫ ਕਣਕਾਂ ਵਾਲੇ ਕਿਸਾਨ ਦੇ ਹਿੱਸੇ ਆਉਂਦਾ ਹੈ ਅਤੇ ਸਬਜ਼ੀਆਂ ਵਾਲੇ ਤਾਂ ਇਸ ਪੰਜ ਕਲਿਆਣੀ ਮੱਝ ਦਾ ਗੋਹਾ ਕੂੜਾ ਕਰਨ ਦੀ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਦੇ ਪੱਲੇ ਇਸ ਮੱਝ ਦੇ ਮੂਤ ਪਰਾਲ ਦੇ ਬਿਨਾ ਕੁਝ ਨਹੀਂ ਪੈਂਦਾ।
ਨਾ ਉਨ੍ਹਾਂ ਨੂੰ ਕੋਈ ਦੇਖਦਾ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਗੱਲ ਕਰਦਾ ਹੈ। ਜੇ ਕਿਤੇ ਉਸ ਅਰਥ-ਸ਼ਾਸ਼ਤਰਣ ਜਿਹਾ ਕੋਈ ਹੌਸਲਾ ਕਰੇ ਵੀ ਤਾਂ ਉਹਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਇੱਥੋਂ ਇਹ ਵੀ ਅੰਦਾਜ਼ਾ ਲਗਦਾ ਹੈ ਕਿ ਸਾਡੀਆਂ ਵਿਦਵਾਨ ਕੁੜੀਆਂ ਨੂੰ ਯੂਨੀਵਰਸਿਟੀ ਵਿਚ ਪੁੱਜ ਕੇ ਵੀ ਮਨ ਭਾਉਂਦੇ ਵਿਸ਼ੇ ‘ਤੇ ਲਿਖਣ ਦੀ ਇਜਾਜ਼ਤ ਨਹੀਂ ਹੈ।
ਲੱਗਦਾ ਹੈ ਕਿ ਧੀ ਤੇ ਪੁੱਤ ਵਿਚਲਾ ਪਾੜਾ ਇਵੇਂ ਹੀ ਬਰਕਰਾਰ ਰਹੇਗਾ। ਗੁਰੂ, ਪੀਰ, ਸੰਤ, ਮਹਾਤਮਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅਸੀਂ ਕਿਸੇ ਨੂੰ ਕੀ ਸਮਝਦੇ ਹਾਂ, “ਖੇਤੀ ਖਸਮਾਂ ਸੇਤੀ” ਅਤੇ ਸਬਜ਼ੀ “ਵੀਚਾਰੀ ਤਾਂ ਪਰਉਪਕਾਰੀ।”
ਝੋਨੇ, ਪੋਨੇ ਤੇ ਕਣਕ ਦੀ ਖੇਤੀ ਨੇ ਸਾਰੇ ਵਿਸ਼ਵ ਨੂੰ ਸ਼ੂਗਰ ਦੀ ਲਾਇਲਾਜ ਬਿਮਾਰੀ ਨਾਲ ਭਰ ਦਿੱਤਾ ਹੈ। ਬਹੁਤ ਹੋ ਗਿਆ। ਆਉ, ਹੁਣ ਮੋੜਾ ਕੱਟੀਏ ਤੇ ਸਬਜ਼ੀਆਂ ਦੀ ਸਾਰ ਲਈਏ। ਖੇਤੀ ਦਾ ਨਹੀਂ, ਹੁਣ ਬਾੜੀ ਦਾ ਯੁੱਗ ਹੈ।