ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਨਿਊ ਯਾਰਕ ਵਿਚ ਐਮ. ਟੀ. ਏ. ਅਧੀਨ ਪੈਂਦੇ ਸਾਰੇ ਆਵਾਜਾਈ ਦੇ ਸਿਸਟਮਾਂ ਵਿਚ ਇਕ ਗੱਲ ਜੋ ਤੁਹਾਨੂੰ ਵਾਰ-ਵਾਰ ਨਜ਼ਰ ਪੈਂਦੀ ਹੈ, ਉਹ ਹੈ, “ਾ ੁ ਸee ਸੋਮeਟਹਨਿਗ, ਸਅੇ ਸੋਮeਟਹਨਿਗ।” ਅਰਥ ਬਹੁਤ ਹੀ ਸੌਖੇ ਹਨ, “ਜੇ ਤੁਸੀਂ ਕੁਝ ਵੀ ਸ਼ੱਕੀ ਵੇਖੋ, ਤਾਂ ਕੁਝ ਜਰੂਰ ਬੋਲੋ ਯਾਨਿ ਰਿਪੋਰਟ ਕਰੋ।” ਇਹ ਸਭ ਤਾਜਾ ਵਰਤਾਰਾ ਹੈ, ਪਰ ਗੁਰੂ ਨਾਨਕ ਨੇ 550 ਸਾਲ ਪਹਿਲਾਂ ਹੀ ਉਸ ਵੇਲੇ ਦੇ ਸਮਾਜ ਵਿਚ ਕਿਤੇ ਗਲਤ ਹੁੰਦਾ ਵੇਖਿਆ, ਉਨ੍ਹਾਂ ਨੇ ਨਿਰਭਉ ਹੋ ਕੇ ਉਸ ਖਿਲਾਫ ਆਪਣੀ ਅਵਾਜ਼ ਬੁਲੰਦ ਕੀਤੀ। ਇਹ ਵਰਤਾਰਾ ਇਕ ਵਾਰ ਨਹੀਂ, ਸਗੋਂ ਕਈ ਵਾਰ ਦੁਹਰਾਇਆ ਗਿਆ। ਅੱਜ ਗੁਰੂ ਨਾਨਕ ਦੇ ਸਿੱਖਾਂ ਨੂੰ ਆਪਣੇ ਹੀ ਸਮਕਾਲੀ ਸਿੱਖਾਂ ਦੇ ਗਲਤ ਕਦਮਾਂ ਵਿਰੁਧ ਅਵਾਜ਼ ਉਠਾਉਣੀ ਮੁਸ਼ਕਿਲ ਲੱਗ ਰਹੀ ਹੈ।
ਇਹ ਘਟਨਾ ਸਾਲ 1978 ਦੀ ਹੈ, ਮੈਂ ਉਸ ਵਕਤ ਕਲਕੱਤੇ ਤੋਂ ਛਪਦੀ ਰੋਜ਼ਾਨਾ ਅਖਬਾਰ ‘ਨਵੀਂ ਪ੍ਰਭਾਤ’ ਵਿਚ ਸਬ-ਐਡੀਟਰ ਵਜੋਂ ਕੰਮ ਕਰਦਾ ਹੁੰਦਾ ਸਾਂ। ਮੇਰੀ ਉਮਰ ਕੋਈ 24 ਸਾਲ ਦੀ ਸੀ। ਅਖਬਾਰ ਛੋਟੀ ਸੀ, ਇਸ ਕਰਕੇ ਉਥੇ ਐਡੀਟੋਰੀਅਲ ਵਿਭਾਗ ਵਿਚ ਹਰ ਕਿਸੇ ਨੂੰ ਖਬਰ ਲਿਖਣ, ਟਰਾਂਸਲੇਟ ਕਰਨ ਤੇ ਸੰਪਾਦਕੀ ਲਿਖਣ ਤਕ-ਹਰ ਕਿਸਮ ਦਾ ਕੰਮ ਕਰਨਾ ਪੈਂਦਾ ਸੀ। ਭਾਵੇਂ ਕਲਕੱਤੇ ਦਾ ਵੱਡਾ ਤੇ ਪੁਰਾਣਾ ਗੁਰਦੁਆਰਾ ਜਗਤ ਸੁਧਾਰ, ਰਾਸ ਬਿਹਾਰੀ ਬਹੁਤਾ ਦੂਰ ਨਹੀਂ ਸੀ, ਪਰ ਮਿੰਟ ਕਾਲੋਨੀ ਵਿਚ ਰਹਿਣ ਕਾਰਨ ਸਾਡੀ ਮੁਹਾੜ ਸਥਾਨਕ ਗੁਰਦੁਆਰਾ ਸਾਹਿਬ ਬਿਹਾਲਾ ਵੱਲ ਨੂੰ ਵੱਧ ਸੀ। ਉਨ੍ਹੀਂ ਦਿਨੀਂ ਪੰਜਾਬ ਦੇ ਜਿਲਾ ਰੋਪੜ ਅਧੀਨ ਪੈਂਦੇ ਪਿੰਡ ਦੁਹੂਰੀਆ ਤੋਂ ਇਕ ਸਾਧ, ਜਿਸ ਦਾ ਨਾਮ ਸੰਤ ਬਖਸ਼ੀਸ਼ ਸਿੰਘ ਸੀ, ਕਲਕੱਤੇ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਆਪਣੀ ਗੁਰਬਾਨੀ ਵਿਦਵਤਾ ਦਾ ਪ੍ਰਚਾਰ ਕਰ ਰਿਹਾ ਸੀ। ਉਹ ਇਕ ਹਫਤੇ ਲਈ ਗੁਰਦੁਆਰਾ ਬਿਹਾਲਾ ਵਿਖੇ ਕਥਾ ਦੇ ਪ੍ਰਵਾਹ ਚਲਾ ਰਿਹਾ ਸੀ।
ਇਸੇ ਦੌਰਾਨ ਇਕ ਸਥਾਨਕ ਸਿੱਖ ਕਾਰੋਬਾਰੀ ਸੋਹਨ ਸਿੰਘ ਸੀਹਰਾ ਨੇ ਸ਼ਰਧਾ ਵੱਸ ਸੰਤ ਬਖਸ਼ੀਸ਼ ਸਿੰਘ ਨੂੰ ਆਪਣੇ ਘਰ ਦੁਪਹਿਰ ਦਾ ਪ੍ਰਸ਼ਾਦਾ ਛਕਣ ਲਈ ਸੱਦਾ ਦਿੱਤਾ। ਮੇਰੇ ਮਿੱਤਰ ਹੋਣ ਕਾਰਨ ਸ਼ ਸੀਹਰਾ ਨੇ ਮੈਨੂੰ ਵੀ ਆਉਣ ਲਈ ਕਿਹਾ। ਮੈਂ ਜਦੋਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਿਆ ਕਿ ਸੰਤ ਜੀ ਕੁਝ ਬੀਬੀਆਂ ਦੀ ਸੰਗਤ ਵਿਚ ਕ੍ਰਿਸ਼ਨ ਵਾਂਗ ਵਾਰਤਾਲਾਪ ਕਰ ਰਹੇ ਹਨ, ਜੋ ਮੇਰੇ ਅਨੁਸਾਰ ਸੰਤ ਦਾ ਲਕਬ ਧਾਰਨ ਕਰਨ ਵਾਲੇ ਕਿਸੇ ਪੁਰਸ਼ ਲਈ ਵਾਜਿਬ ਨਹੀਂ। ਮੈਨੂੰ ਸੰਤ ਦੇ ਲੱਛਣ ਚੰਗੇ ਨਾ ਲੱਗੇ।
ਇਸ ਘਟਨਾ ਪਿਛੋਂ ਪੈਂਦੇ ਐਤਵਾਰ ਨੂੰ ਸੰਤ ਬਖਸ਼ੀਸ਼ ਸਿੰਘ ਦੇ ਆਚਰਣ ਬਾਰੇ, ਜੋ ਕੁਝ ਮੈਨੂੰ ਨਾ-ਗਵਾਰ ਗੁਜ਼ਰਿਆ ਸੀ, ਬਾਰੇ ਮੈਂ ‘ਨਵੀਂ ਪ੍ਰਭਾਤ’ ਵਿਚ ਸੰਪਾਦਕੀ ਲਿਖ ਦਿੱਤਾ। ਇਸ ਲੇਖ ਦਾ ਸੰਤ ਦੇ ਪ੍ਰੇਮੀਆਂ ਨੇ ਕਾਫੀ ਗੁੱਸਾ ਮਨਾਇਆ। ਮੈਂ ਜਦੋਂ ਗੁਰਦੁਆਰੇ ਤੋਂ ਦੀਵਾਨ ਦੀ ਸਮਾਪਤੀ ਉਪਰੰਤ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਕਾਫੀ ਲੋਕਾਂ ਨੇ ਘੇਰ ਲਿਆ ਤੇ ਮੇਰੇ ਉਪਰ ਪੰਥ ਦੇ ਪ੍ਰਸਿੱਧ ਸੰਤ ਦੇ ਚਰਿੱਤਰ ਹਨਨ ਦਾ ਦੋਸ਼ ਲਾਇਆ। ਮੇਰੇ ਲਈ ਇਹ ਸਥਿਤੀ ਕਾਫੀ ਔਖੀ ਬਣ ਗਈ। ਮੈਂ ਆਪਣੀ ਤਰਫੋਂ ਬਥੇਰੀ ਸਫਾਈ ਦਿੱਤੀ ਕਿ ਜੋ ਮੈਂ ਅੱਖੀਂ ਡਿੱਠਾ ਹੈ ਤੇ ਜੋ ਮੈਨੂੰ ਠੀਕ ਨਹੀਂ ਲੱਗਾ, ਉਹੋ ਲਿਖਿਆ ਹੈ; ਪਰ ਕੁਝ ਅੰਧ ਭਗਤ ਤਾਂ ਇਹ ਮੰਨਣ ਲਈ ਹੀ ਤਿਆਰ ਨਹੀਂ ਸਨ ਕਿ ‘ਸੰਤ ਜੀ ਇੰਜ ਵੀ ਕਰ ਸਕਦੇ ਹਨ।’ ਅਜਿਹੇ ਭੇਡੂਆਂ ਨੂੰ ਕੌਣ ਸਮਝਾਵੇ?
ਮੈਂ ਤਾਂ ਸੋਚਿਆ ਸੀ ਕਿ ਮੈਂ ਗੁਰੂ ਨਾਨਕ ਦੇਵ ਦਾ ਸਿੱਖ ਹੋਣ ਦਾ ਫਰਜ਼ ਨਿਭਾਇਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਧਰਮ ਅਤੇ ਸਮਾਜ ਵਿਚ ਕਿਤੇ ਵੀ ਗਲਤ ਹੁੰਦਾ ਵੇਖਿਆ, ਉਨ੍ਹਾਂ ਨਿਸੰਗ ਅਵਾਜ਼ ਉਠਾਈ ਹੈ। ਮੈਂ ਤਾਂ ਸੋਚਿਆ ਸੀ ਕਿ ਮੇਰੇ ਇਸ ਕਦਮ ਦੀ ਸ਼ਲਾਘਾ ਹੋਏਗੀ, ਪਰ ਹੋ ਰਿਹਾ ਸੀ ਬਿਲਕੁਲ ਉਲਟ। ਮੈਂ ਅਜੇ ਸ਼ਸ਼ੋਪੰਜ ਵਿਚ ਹੀ ਸਾਂ ਕਿ ਇਸ ਅਣਕਿਆਸੀ ਸਥਿਤੀ ਵਿਚੋਂ ਕਿਵੇਂ ਨਿਕਲਿਆ ਜਾਵੇ ਕਿ ਅਚਾਨਕ ‘ਨਵੀਂ ਪ੍ਰਭਾਤ’ ਵਿਚ ਕੰਮ ਕਰਨ ਵਾਲਾ ਮੇਰਾ ਸਹਿਕਰਮੀ ਸੁਰਜੀਤ ਸਿੰਘ ਆ ਗਿਆ ਤੇ ਉਸ ਨੇ ਸੰਤ ਦੇ ਭਗਤਾਂ ਨੂੰ ਕਿਹਾ, “ਜੋ ਮੁਲਤਾਨੀ ਨੂੰ ਠੀਕ ਲੱਗਾ, ਉਸ ਨੇ ਲਿਖਿਆ, ਇਹ ਉਸ ਦਾ ਹੱਕ ਹੈ। ਤੁਹਾਨੂੰ ਉਹ ਸਭ ਚੰਗਾ ਨਹੀਂ ਲੱਗਾ, ਤੁਸੀਂ ਉਸ ਨੂੰ ਨਾ ਮੰਨੋ; ਇਹ ਤੁਹਾਡਾ ਹੱਕ ਹੈ। ਕਿਸੇ ਨੂੰ ਵੀ ਜਬਰੀ ਇਕ ਦੂਜੇ ‘ਤੇ ਕੁਝ ਥੋਪਣ ਦਾ ਹੱਕ ਨਹੀਂ ਹੈ।” ਇੰਨੀ ਗੱਲ ਕਰਕੇ ਸੁਰਜੀਤ ਮੈਨੂੰ ਬਾਹੋਂ ਫੜ ਕੇ ਦੂਜੇ ਪਾਸੇ ਨੂੰ ਲੈ ਗਿਆ ਤੇ ਸੰਤ ਦੇ ਚੇਲਿਆਂ ਤੋਂ ਬਚਾਇਆ।
ਸੁਰਜੀਤ ਨੇ ਮੈਨੂੰ ਦੱਸਿਆ ਕਿ ਮੈਂ ਜਦੋਂ ਸਵੇਰੇ ਸੰਪਾਦਕੀ ਪੜ੍ਹਿਆ ਤਾਂ ਸਮਝ ਗਿਆ ਸਾਂ, ਅੱਜ ਤੇਰੀ ਕੁੱਤੇ ਖਾਣੀ ਹੋਣੀ ਨਿਸ਼ਚਿਤ ਹੈ, ਕਿਉਂਕਿ ਮੁਲਤਾਨੀ ਨੇ ਸੋਚਣਾ ਹੈ ਕਿ ਉਸ ਨੇ ਸੰਤ ਬਾਰੇ ਲੋਕਾਂ ਨੂੰ ਸਚੇਤ ਕਰ ਕੇ ਬੜਾ ਵੱਡਾ ਕੰਮ ਕੀਤਾ ਹੈ, ਪਰ ਸਿੱਖਾਂ ਦੀ ਸੌੜੀ ਤੇ ਜੰਗਾਲੀ ਮਾਨਸਿਕਤਾ ਨੂੰ ਇਹ ਸਭ ਮਨਜ਼ੂਰ ਨਹੀਂ। ਜੋ ਤੇਰੇ ਨਾਲ ਹੋਇਆ, ਮੈਨੂੰ ਇਸ ਸਭ ਦਾ ਅੰਦੇਸ਼ਾ ਸੀ। ਮੈਂ ਵੀ ਜਦੋਂ ਤੇਰੇ ਵਾਂਗ ਨਵਾਂ ਸਾਂ, ਮੈਂ ਵੀ ਇੰਜ ਹੀ ਲਿਖਿਆ ਸੀ। ਮੇਰੇ ਨਾਲ ਵੀ ਇਹ ਸਭ ਹੋਇਆ ਸੀ। (ਸੁਰਜੀਤ ਸਿੰਘ ਹੁਣ ਕੈਲੀਫੋਰਨੀਆ ਰਹਿੰਦਾ ਹੈ)। ਇਸ ਘਟਨਾ ਦੇ ਕਰੀਬ ਇਕ ਮਹੀਨਾ ਬਾਅਦ ਖਬਰ ਮਿਲੀ ਕਿ ਉਹੀ ਸੰਤ ਬਖਸ਼ੀਸ਼ ਸਿੰਘ ਦੁਹੂਰੀਆ ਕਲਕੱਤਾ ਅਤੇ ਆਸਨਸੋਲ ਦੇ ਦਰਮਿਆਨ ਪੈਂਦੇ ਬਰਦਮਾਨ ਤੋਂ ਕਿਸੇ ਆਪਣੇ ਅੰਧ ਭਗਤ ਦੀ ਘਰ ਵਾਲੀ ਨੂੰ ਲੈ ਕੇ ਤਿੱਤਰ ਹੋ ਗਿਆ ਹੈ।
1977 ਤੋਂ ਲੈ ਕੇ 2020 ਤੱਕ ਸਿੱਖਾਂ ਦੇ ਧਾਰਮਿਕ ਆਚਾਰ ਵਿਹਾਰ ਵਿਚ ਸੁਧਾਰ ਤਾਂ ਕੀ ਹੋਣਾ ਸੀ, ਹੁਣ ਤਾਂ ਹਾਲਾਤ ਇਹ ਹਨ ਕਿ ‘ਜੇ ਤੂੰ ਹੈਂ ਨਾਨਕ ਦਾ ਸਿੱਖ ਤਾਂ ਦੜ ਵੱਟ, ਜ਼ਮਾਨਾ ਕੱਟ!’ ਬਾਬੇ ਨਾਨਕ ਦੇ ਸਿੱਖਾਂ ਵਾਲੇ ਦਿਨ ਸ਼ਾਇਦ ਹੀ ਹੁਣ ਆਉਣਗੇ। ਪੁਜਾਰੀਆਂ (ਗ੍ਰੰਥੀਆਂ) ਨੇ ਹੌਲੀ-ਹੌਲੀ ਮਰਿਆਦਾਵਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਜਿਹੇ ਸਮਰੱਥ ਨੂੰ ਵੀ ਬ੍ਰਾਹਮਣਾਂ ਦੇ ਠਾਕਰ ਜਿਹਾ ਬਣਾ ਲਿਆ ਹੈ, ਜਿਸ ਨੂੰ ਪੁਜਾਰੀ ਆਪਣੇ ਜਿਹੀ ਹੀ ਬੋਲੀ ਬੁਲਵਾ ਲੈਂਦੇ ਹਨ। ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਗੁਰਦੁਅਰਿਆਂ ਦੇ ਗ੍ਰੰਥੀਆਂ ਤੱਕ ਦੀਆਂ ਦਸਤਾਰਾਂ ‘ਤੇ ਨਜ਼ਰ ਮਾਰੋ, ਕਿਵੇਂ ਲੜ ਚਿਣੇ ਹੁੰਦੇ ਹਨ। ਉਹ ਸਭ ਵੱਖਰੇ ਹੀ ਨਜ਼ਰ ਆਉਂਦੇ ਹਨ। ਹਰ ਗਲੀ, ਮੁਹੱਲੇ ਵਿਚ ਫਿਰਕੇ ਅਤੇ ਜਾਤਾਂ ਦੇ ਨਾਮ ‘ਤੇ ਗੁਰਦੁਆਰਿਆਂ ਦੀ ਧੜਾਧੜ ਉਸਾਰੀਆਂ ਹੋ ਰਹੀਆਂ ਹਨ।
ਪਿਛਲੇ ਦਿਨੀਂ ਨਵੀਂ ਦਿੱਲੀ ਸਥਿਤ ਸਿੱਖ ਗੁਰਮਤਿ ਕਾਲਜ ਦੇ ਮੁਖੀ ਹਰਿੰਦਰਪਾਲ ਸਿੰਘ ਨਾਲ ਜੋ ਹੋਇਆ ਹੈ, ਬੇਹੱਦ ਗਲਤ ਤੇ ਉਦਾਸ ਕਰਨ ਵਾਲਾ ਹੈ। ਅੱਜ ਸਿੱਖ ਅਖਵਾਉਣ ਵਾਲੇ ਲੋਕ ਕਿੰਨੇ ਅੰਧ ਵਿਸ਼ਵਾਸੀ ਬਣ ਗਏ ਹਨ, ਸੋਚ ਕੇ ਖਰਾਬ ਲੱਗਦਾ ਹੈ। ਵਧੇਰੇ ਸਿੱਖ ਹੁਣ ਸ਼ੋਸ਼ਲ ਮੀਡੀਆ ਦੀ ਬਦੌਲਤ ਆਪਣੇ ਆਪ ਵਿਚ ਅਖੌਤੀ ਗਿਆਨੀ ਬਣ ਬੈਠੇ ਹਨ। ਇਨ੍ਹਾਂ ਨੂੰ ਗੋਲ ਪੱਗਾਂ ਵਾਲੇ ਸ਼ੋਸ਼ਲ ਮੀਡੀਆ ਵਾਲੇ ਗਿਆਨੀ ਵਧੇਰੇ ਗਿਆਨਵਾਨ ਲੱਗਦੇ ਹਨ। ਆਮ ਸਵਰੂਪ ਵਾਲੇ ਵਿਦਵਾਨ ਸਿੱਖ ਇਨ੍ਹਾਂ ਨੂੰ ਐਵੇਂ ਦੇ ਹੀ ਲੱਗਦੇ ਹਨ। ਚੁੱਪ ਚੁਪੀਤੇ ਧਰਮ ਸੰਸਕਾਰਾਂ ਦੇ ਨਾਮ ‘ਤੇ ਬਹੁਤਾਤ ਵਿਚ ਹਨੇਰੇ ਵੱਲ ਨੂੰ ਧੱਕਣ ਵਾਲੇ ਇਹ ਗੋਲ ਪੱਗਾਂ ਵਾਲੇ ਗੱਗੜ ਗਿਆਨੀ ਸਿੱਖਾਂ ਨੂੰ ਬਹੁਤ ਆਪਣੇ ਲੱਗਦੇ ਹਨ। ਸੱਚ ਦੱਸਣ ਵਾਲੇ, ਭੇਖਾਂ ਤੋਂ ਮੁਕਤ ਆਮ ਵਿਦਵਾਨ ਸਿੱਖ ਅਤੇ ਉਨ੍ਹਾਂ ਦੇ ਵਿਚਾਰ ਸਿੱਖਾਂ ਨੂੰ ਸੁਆਦੀ ਨਹੀਂ ਲੱਗਦੇ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਮੈਂ ਸੋਚਦਾਂ, ਗੁਰੂ ਨਾਨਕ ਸਾਹਿਬ ਵੇਲੇ ਹੋਰਨਾਂ ਧਰਮਾਂ, ਜਿਨ੍ਹਾਂ ਦੀਆਂ ਊਣਤਾਈਆਂ ‘ਤੇ ਗੁਰੂ ਸਾਹਿਬ ਨੇ ਸਵਾਲ ਖੜੇ ਕੀਤੇ ਸਨ, ਦੇ ਲੋਕ ਅੱਜ ਦੇ ਸਿੱਖਾਂ ਨਾਲੋਂ ਮਾਨਸਿਕ ਤੇ ਬੌਧਿਕ ਤੌਰ ‘ਤੇ ਕਿਤੇ ਵੱਧ ਠਰੰਮੇ ਵਾਲੇ ਹੋਣਗੇ, ਜਿਨ੍ਹਾਂ ਨੇ ਆਪਣੇ ਧਰਮ ਪ੍ਰਤੀ ਅਸੁਖਾਂਵੀਆਂ ਗੱਲਾਂ ਸੁਣ ਕੇ ਵੀ ਸੰਵਾਦ ਰਚਨ ਤੇ ਸੰਵਾਦ ਵਿਚ ਹਿੱਸਾ ਲੈਣ ਨੂੰ ਵਧੇਰੇ ਤਰਜੀਹ ਦਿੱਤੀ ਅਤੇ ਸੱਚ ਨੂੰ ਮੰਨਿਆ ਤੇ ਗੁਰੂ ਨਾਨਕ ਸਾਹਿਬ ਦੀ ਅਗਵਾਈ ਕਬੂਲੀ। ਜੇ ਉਹ ਲੋਕ ਵੀ ਮੌਜੂਦਾ ਦੌਰ ਦੇ ਅਖੌਤੀ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਹੋਰਨਾਂ ਵਾਂਗ ਅੰਧ ਧਰਮੀ ਹੁੰਦੇ ਤਾਂ ਗੁਰੂ ਨਾਨਕ ਦੀਆਂ ਉਦਾਸੀਆਂ ਦਾ ਸਵਰੂਪ ਸ਼ਾਇਦ ਕੁਝ ਹੋਰ ਹੀ ਹੁੰਦਾ!