ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-98152-53245
ਖੁਦਕੁਸ਼ੀ ਦੇ ਫੈਸਲੇ ਵਿਚ ਮੌਤ ਪਿਆਰੀ ਨਹੀਂ ਹੁੰਦੀ, ਜ਼ਿੰਦਗੀ ਅਤਿ ਕੌੜੀ-ਕੁਸੈਲੀ ਹੋ ਜਾਂਦੀ ਹੈ। ਜਦੋਂ ਜੀਵਨ ਮਨੋਰਥ-ਹੀਣ ਹੋ ਜਾਵੇ ਜਾਂ ਦੁਸ਼ਵਾਰੀਆਂ ਦੇ ਅੰਬਾਰ ਸਭ ਪਾਸਿਓਂ ਘੇਰ ਲੈਣ; ਜਦੋਂ ਉਹ ਕੁਝ ਪ੍ਰਾਪਤ ਨਾ ਹੋ ਸਕੇ, ਜਿਸ ਨੂੰ ਜ਼ਿੰਦਗੀ ਦਾ ਇਕਲੌਤਾ ਮਨੋਰਥ ਸਮਝ ਰੱਖਿਆ ਹੋਵੇ; ਜਦੋਂ ਵਿਅਕਤੀ ਆਪੇ ਸਿਰਜੇ ਮੱਕੜ-ਜਾਲ ਵਿਚ ਉਲਝ ਜਾਵੇ ਤੇ ਜਿਉਂ ਜਿਉਂ ਹੱਥ-ਪੈਰ ਮਾਰੇ, ਹੋਰ ਉਲਝਦਾ ਜਾਵੇ; ਜਦੋਂ ਬੰਦਾ ਹੰਭ-ਹੁੱਟ ਜਾਵੇ ਤੇ ਕਿਸੇ ਪਾਸੇ ਰਾਹਤ ਦਾ ਦਰਵਾਜਾ ਨਾ ਦਿਸੇ; ਜਦੋਂ ਦੋਸਤਾਂ-ਮਿੱਤਰਾਂ ਰਿਸ਼ਤੇਦਾਰਾਂ ਤੋਂ ਮਨ ਉਚਾਟ ਹੋ ਜਾਵੇ; ਜਦੋਂ ਸਭ ਕੁਝ ਦਾਅ ‘ਤੇ ਲਾਉਣ ਦੇ ਬਾਵਜੂਦ ਮਨ-ਇੱਛਤ ਫਲ ਕੋਈ ਹੋਰ ਖੋਹ ਲੈ ਜਾਵੇ; ਜਦੋਂ ਇੱਕ ਵੀ ਨਾ ਰਹੇ, ਜਿਸ ਨਾਲ ਦਰਦੇ-ਦਾਸਤਾਂ ਸਾਂਝੀ ਕੀਤੀ ਜਾ ਸਕੇ;
ਜਦੋਂ ਸੁਹਿਰਦਤਾ ਤੇ ਸਮਰਪਣਾ ਨੂੰ ਦੰਭ ਅਤੇ ਵਿਭਚਾਰ ਨਾਲ ਨਜਿੱਠਣਾ ਪੈ ਜਾਵੇ; ਜਦੋਂ ਕੋਈ ਜਾਬਰ ਲਾਲਸਾ-ਅਧੀਨ ਚਾਅਵਾਂ ਮਲਾਰਾਂ ਦਾ ਘਾਣ ਕਰ ਜਾਵੇ; ਜਦੋਂ ਆਸਾਂ ਉਮੀਦਾਂ ਦੇ ਸਾਰੇ ਦਰ ਬੰਦ ਹੋ ਜਾਣ; ਜਦੋਂ ਹਰ ਪਗਡੰਡੀ ਅੰਨੇ ਖੂਹ ਵਿਚ ਜਾ ਉਤਰੇ ਅਤੇ ਜਦੋਂ ਕੋਈ ਕਾਮਯਾਬੀਆਂ ਦੀਆਂ ਮੱਮਟੀਆਂ ਤੋਂ ਡੂੰਘੀਆਂ ਖੱਡਾਂ ਵਿਚ ਜਾ ਡਿੱਗੇ ਤਾਂ ਖੁਦਕੁਸ਼ੀ ਦੇ ਅਤਿ ਕਠਿਨ ਤੇ ਅੰਧਕਾਰੇ ਰਸਤੇ ਬਾਰੇ ਸੋਚ ਭਾਰੂ ਹੋਣ ਲੱਗਦੀ ਹੈ। ਇਹ ਰਸਤਾ ਵੀ ਅਤਿ ਦੁਬਿਧਾਵਾਂ-ਭਰਪੂਰ ਹੁੰਦੈ, ਪਰ ਸਮਝਿਆ ਜਾਂਦਾ ਹੈ ਕਿ ਇਹ ਰਸਤਾ ਅਖਤਿਆਰ ਕਰਨ ਨਾਲ ਸ਼ਾਇਦ ਸਭ ਚਿੰਤਾਵਾਂ ਤੋਂ ਮੁਕਤੀ ਮਿਲ ਜਾਵੇਗੀ।
ਮਾਯੂਸੀ ਦੇ ਮੌਜੂਦਾ ਦੌਰ ਵਿਚ ਖੁਦਕੁਸ਼ੀਆਂ ਦੀਆਂ ਖਬਰਾਂ ਪੜ੍ਹਦਿਆਂ ਮੈਨੂੰ ਪੰਜਾਬੀ ਦਾ ਇੱਕ ਲੋਕ-ਗੀਤ ਇਨ੍ਹੀਂ ਦਿਨੀਂ ਵਾਰ ਵਾਰ ਯਾਦ ਆਉਂਦਾ ਰਿਹਾ,
ਕੱਛੇ ਮਾਰ ਲੈ ਬਤਾਊਂਆਂ ਵਾਲੀ ਤੌੜੀ
ਵੇ ਚੱਲ ਕਿਤੇ ਤੁਰ ਚੱਲੀਏ।
ਕੱਛੋਂ ਡਿੱਗ ਪਈ ਬਤਾਊਂਆਂ ਵਾਲੀ ਤੌੜੀ
ਨੀ ਚੱਲ ਪਿੱਛੇ ਤੁਰ ਚੱਲੀਏ।
ਕੱਛੇ ਮਾਰ ਲੈ ਬਤਾਊਂਆਂ ਵਾਲੀ ਤੌੜੀ
ਵੇ ਆਪਾਂ ਕਿਤੇ ਤੁਰ ਚੱਲੀਏ।
ਪਿੱਛੇ ਰੋਣ ਜੰਮਣ ਵਾਲੇ ਮਾਪੇ
ਵੇ ਜਿਨ੍ਹਾਂ ਦੀ ਮੈਂ ਧੀ ਲੱਗਦੀ।
ਨਾਲੇ ਰੋਣ ਵੇ ਨਿੱਕੇ ਨਿੱਕੇ ਵੀਰੇ
ਜਿਨ੍ਹਾਂ ਦੀ ਮੈਂ ਭੈਣ ਲੱਗਦੀ।
ਮਗਰੋਂ ਰੋਣਗੇ ਸਹੇੜਨ ਵਾਲੇ ਆਪੇ
ਵੇ ਜਿਨ੍ਹਾਂ ਦੀ ਮੈਂ ਨੂੰਹ ਲੱਗਦੀ।
ਕਿੱਲੀ ਟੰਗੀਆਂ ਕਮੀਜਾਂ ਮੇਰੀਆਂ
ਵੇ ਵੇਖ ਵੇਖ ਰੋਇਆ ਨਾ ਕਰੀਂ।
ਮੇਰਾ ਪੁੱਤਰ ਹਿਰਖ ਨਾਲ ਪਾਲੀਂ
ਵੇ ਮੇਰੇ ਨਾਲ ਧਰਮ ਕਰੀਂ।
ਮੇਰੇ ਫੁੱਲ ਗੰਗਾ ਵਿਚ ਤਾਰੀਂ,
ਵੇ ਮੇਰੇ ਨਾਲ ਧਰਮ ਕਰੀਂ
ਮੁੰਡਿਆ ਸਾਧੋ ਵੇ ਮੇਰੇ ਨਾਲ ਧਰਮ ਕਰੀਂ।
ਇਹ ਬੜੀ ਦੁੱਖਦਾਈ ਰੂਹ ਦੀ ਅਵਾਜ਼ ਹੈ। ਆਤਮਘਾਤ ਦਾ ਰਾਹ ਚੁਣਨ ਵਾਲੀ ਹਰ ਰੂਹ ਦੀ ਅਵਾਜ਼ ਹੀ ਇੱਕ ਹੁੰਦੀ ਹੈ, ਇੱਕ ਸਿਸਕੜੀ ਹੁੰਦੀ ਹੈ। ਇਸ ਗੀਤ ਵਿਚ ਹਉਕੇ ਲੈਂਦੀ ਅਵਾਜ਼ ਸਾਡੇ ਮਨਾਂ ਵਿਚ ਕਈ ਸੁਆਲ ਖੜੇ ਕਰ ਦਿੰਦੀ ਹੈ। ਔਰਤ ਆਪਣੇ ਪਤੀ ਨਾਲ ਸੰਵਾਦ ਰਚਾਉਂਦੀ ਹੈ, ਪਰ ਦੋ-ਤਿੰਨ ਸਤਰਾਂ ਪਿਛੋਂ ਹੀ ਸੰਵਾਦ ਇਕਹਿਰਾ ਹੋ ਜਾਂਦਾ ਹੈ। ਔਰਤ ਵੱਲੋਂ ਆਖਰੀ ਖਾਹਿਸ਼ਾਂ ਦਾ ਕੀਤਾ ਗਿਆ ਬਿਰਤਾਂਤ ਬੜਾ ਦੁਖਦਾਈ ਹੈ। ਮਰਨ ਦੀ ਖਾਹਿਸ਼ ਕਰਦਿਆਂ ਆਪਣੇ ਸਾਰੇ ਸੰਗੀਆਂ-ਸਾਥੀਆਂ, ਸਾਕਦਾਰੀਆਂ ਨੂੰ ਯਾਦ ਕਰਨ ਦਾ ਅਰਥ ਨਿਕਲਦਾ ਹੈ ਕਿ ਉਹ ਖੁਦਕੁਸ਼ੀ ਦੀ ਸੋਚ ਦੇ ਬਾਵਜੂਦ ਅਜੇ ਮੋਹ-ਮੁਕਤ ਨਹੀਂ ਹੋਈ। ਇਹ ਲੋਕ-ਗੀਤ ਇਹ ਸ਼ਾਹਦੀ ਵੀ ਭਰਦੈ ਕਿ ਹਰ ਵਿਅਕਤੀ ‘ਇਹ ਜੱਗ ਮਿੱਠਾ, ਅਗਲਾ ਕਿੰਨ ਡਿੱਠਾ’ ਤੋਂ ਰੁਖਸਤ ਹੋਣ ਪਿਛੋਂ ਵੀ ਜਿਉਣਾ ਲੋਚਦੈ। ਉਹ ਚਾਹੁੰਦੈ ਕਿ ਉਸ ਦਾ ਮਰਣਾ ਖਰਾਬ ਨਾ ਹੋਵੇ। ਉਸ ਦੀਆਂ ਆਖਰੀ ਰਸਮਾਂ ਮਰਿਆਦਾ ਸਹਿਤ ਨਿਭਾਈਆਂ ਜਾਣ। ਇਸ ਲੋਕ-ਗੀਤ ਦੀ ਕਿਰਦਾਰ ਇੱਕ ਧੀ ਹੈ, ਨੂੰਹ ਹੈ, ਭੈਣ ਹੈ, ਪਤਨੀ ਹੈ ਅਤੇ ਸਭ ਤੋਂ ਉਪਰ ਉਹ ਇੱਕ ਪੁੱਤਰ ਦੀ ਮਾਂ ਹੈ। ਆਪਣੇ ਮਲੂਕੜਾ ਜਿਹੇ ਬਲੂੰਗੜੇ ਪੁੱਤਰ ਨੂੰ ਪਿੱਛੇ ਛੱਡ ਜਾਣਾ ਅਤੇ ਉਹ ਵੀ ਆਪਣੀ ਇੱਛਾ ਨਾਲ, ਬੜਾ ਦੁਖਦਾਈ ਤੇ ਰਹੱਸਮਈ ਹੈ। ਸਵਾਲ ਹੈ ਕਿ ਅਜਿਹੇ ਫੈਸਲੇ ਦੇ ਕੀ ਕਾਰਨ ਹੋ ਸਕਦੇ ਹਨ? ਕਾਰਨ ਸੂਖਮ ਵੀ ਹੋ ਸਕਦੇ ਹਨ ਤੇ ਸਥੂਲ ਵੀ, ਸਰੀਰਕ ਵੀ ਹੋ ਸਕਦੇ ਹਨ ਅਤੇ ਮਾਨਸਿਕ ਵੀ, ਸਮਾਜਕ ਵੀ ਹੋ ਸਕਦੇ ਹਨ ਜਾਂ ਮਨੋਵਿਗਿਆਨਕ ਵੀ-ਨਿਸ਼ਚਿਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਅਸਲ ਵਿਚ ਖੁਦਕੁਸ਼ੀ ਦਾ ਕਾਰਨ ਬਹੁਤੀ ਵਾਰ ਇੱਕੋ-ਇੱਕ ਨਹੀਂ ਹੁੰਦਾ।
ਕਈ ਵਾਰ ਅਜਿਹੀ ਖਾਹਸ਼ ਕਰਨ ਵਾਲਿਆਂ ਨੂੰ ਬੁਝਦਿਲ ਅਤੇ ਭਾਂਜਵਾਦੀ ਕਰਾਰ ਦਿੱਤਾ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਆਪਣਾ ਘਰ, ਆਪਣਾ ਕੁਨਬਾ, ਆਪਣਾ ਪਿੰਡ, ਆਪਣਾ ਸਾਂਝਾਂ ਭਰਿਆ ਸੰਸਾਰ, ਆਪਣੀ ਹੋਂਦ ਦਾ ਸਬੱਬ ਇਹ ਸਰੀਰ, ਆਪਣੇ ਹੱਥੀ ਫਨਾਹ ਕਰ ਲੈਣਾ ਏਨਾ ਸੌਖਾ ਵੀ ਨਹੀਂ ਹੁੰਦਾ। ਆਪਣੀ ਜੀਵਨ-ਲੀਲਾ ਖਤਮ ਕਰਨ ਦੀ ਸੋਚ ਕਿਸੇ ਘੋਰ ਨਿਰਾਸ਼ਾ ਦੇ ਆਲਮ ਵਿਚੋਂ ਉਪਜਦੀ ਹੈ।
ਅਸਲੀਅਤ ਤਾਂ ਸਗੋਂ ਇਹ ਹੈ ਕਿ ਹਰੇਕ ਖੁਦਕੁਸ਼ੀ ਇਕ ਚੀਕਵਾਂ ਸੁਨੇਹਾ ਦਿੰਦੀ ਹੈ ਕਿ ਪਰਮਾਤਮਾ ਵੱਲੋਂ ਭੇਜੇ ਜੀਅ ਲਈ ਸਮਾਂ, ਸਮਾਜ ਤੇ ਸੱਤਾਧਾਰੀ ਉਹ ਸੁਖਾਵਾਂ ਮਾਹੌਲ ਨਹੀਂ ਸਿਰਜ ਸਕੇ, ਜਿਸ ਦੀ ਘੋਰ ਨਿਰਾਸ਼ਾ ਹੰਢਾ ਰਹੇ ਵਿਅਕਤੀ ਨੂੰ ਸਾਹਾਂ ਦਾ ਸਿਲਸਿਲਾ ਨਿਰੰਤਰ ਚੱਲਦੇ ਰੱਖਣ ਲਈ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ ‘ਤੇ ਅੱਜ ਦੇ ਫੇਸਬੁੱਕੀਏ ਸੰਸਾਰ ਵਿਚ, ਜਿੱਥੇ ਹਜ਼ਾਰਾਂ ‘ਫਰੈਂਡ’ ਤਾਂ ਹੋਣ, ਪਰ ਇੱਕ ਵੀ ਰਾਜ਼ਦਾਂ ਨਾ ਹੋਵੇ, ਮਾਰੂ ਘੜੀਆਂ ਦੇ ਭਵ-ਸਾਗਰ ਨੂੰ ਪਾਰ ਕਰਨਾ ਕਈ ਵਾਰ ਅਸੰਭਵ ਹੋ ਜਾਂਦਾ ਹੈ।