ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਸਾਹਿਬ ਵਾਰ ਵਾਰ ਇਹੀ ਸਮਝਾਉਂਦੇ ਹਨ ਕਿ ਕੁਦਰਤ ਬੜੀ ਬੇਅੰਤ ਹੈ। ਇਸ ਬਾਰੇ ਮਨੁੱਖ ਦੀ ਸਮਝ ਬਹੁਤ ਘੱਟ ਹੈ। ਜੇ ਕੋਈ ਵਿਅਕਤੀ ਇਸ ਵਿਚ ਜੀਵਨ ਬਿਤਾ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਨੂੰ ਜਾਣ ਗਿਆ। ਇੰਨੀ ਥੋੜੀ ਸਮਝ ਹੁੰਦਿਆਂ ਵੀ ਜੇ ਕੋਈ ਆਪਣੇ ਬ੍ਰਹਮ ਗਿਆਨੀ ਹੋਣ ਦੀਆਂ ਡੀਂਗਾਂ ਮਾਰੇ ਤਾਂ ਕੀ ਉਸ ਨੂੰ ਆਪਣਾ ‘ਗਿਆਨ’ ਵੰਡਣ ਦਾ ਹੱਕ ਹੈ? ਜਾਣਕਾਰੀ ਹੋਵੇ ਜਾਂ ਨਾ ਹੋਵੇ, ਬੋਲਣ ਦਾ ਹੱਕ ਤਾਂ ਸਭ ਨੂੰ ਹੈ। ਜੇ. ਐਸ਼ ਮਿੱਲ ਅਨੁਸਾਰ ਕੋਈ ਕੁਝ ਵੀ ਕਹੇ, ਉਸ ਨੂੰ ਆਪਣਾ ਅਨੁਭਵ ਦੱਸਣ ਤੋਂ ਰੋਕਿਆ ਨਹੀਂ ਜਾ ਸਕਦਾ।
ਪਰ ਗੁਰੂ ਸਾਹਿਬ ਅਨੁਸਾਰ ਜੇ ਕਿਸੇ ਕੋਲ ਪ੍ਰਮਾਣਿਤ ਜਾਣਕਾਰੀ ਨਾ ਹੋਵੇ ਤਾਂ ਉਹ ਬੋਲੇਗਾ ਕੂੜ ਹੀ, ਜੋ ਅੱਗੇ ਜਾ ਕੇ ਨਹੀਂ ਸੋਂਹਦਾ। “ਅੱਗੈ” ਦਾ ਅਰਥ ਕੋਈ ਅਸਮਾਨੀ ਦਰਗਾਹ ਨਹੀਂ ਹੈ। ਇਸ ਉਤੇ ਤਰਕ, ਪ੍ਰਮਾਣ, ਗਣਿਤ ਤੇ ਵਿਗਿਆਨ ਦੀਆਂ ਕਸੌਟੀਆਂ ਇੱਥੇ ਹੀ ਲੱਗਦੀਆਂ ਹਨ। ਇਸ ਦੀ ‘ਕੱਚ ਪਕਾਈ’ ਘਰਾਂ, ਗਲੀਆਂ, ਮੁਹੱਲਿਆਂ, ਗੋਸ਼ਟੀਆਂ, ਸੈਮੀਨਾਰਾਂ, ਲੈਕਚਰਾਂ, ਦੀਵਾਨਾਂ, ਬਹਿਸਾਂ, ਅਖਬਾਰਾਂ, ਚੈਨਲਾਂ, ਅਦਾਲਤਾਂ, ਸਦਨਾਂ ਆਦਿ ਵਿਚ ਇੱਥੇ ਹੀ ਪਰਖੀ ਜਾਂਦੀ ਹੈ। ਗਿਆਨ ਦੀ ਮੁੱਖ ਧਾਰਾ ਇੱਥੇ ਹੀ ਸਿਰਜੀ ਜਾਂਦੀ ਹੈ ਤੇ ਫਲਸਫੇ ਦਾ ਇਤਿਹਾਸ ਇੱਥੇ ਹੀ ਘੜ੍ਹਿਆ ਜਾਂਦਾ ਹੈ। ਕੂੜ ਤੇ ਅਤਿਕਥਨੀਆਂ ਇਸ ਪ੍ਰੀਖਿਆ ਵਿਚੋਂ ਪਾਸ ਨਹੀਂ ਹੁੰਦੀਆਂ। ਅੰਤ ਸੱਚ ਹੀ ਸੱਚ ਵਿਚ ਸਮਾਉਂਦਾ ਹੈ ਤੇ ਕੂੜ ਨਕਾਰਿਆ ਜਾਂਦਾ ਹੈ। ਆਧੁਨਿਕ ਵਿਗਿਆਨ ਵਿਚ ਕੂੜ ਦੇ ਭਸਮ ਹੋਣ ਅਤੇ ਸੱਚ ਦੇ ਨਿਖਰਣ ਨੂੰ ਨਿਖੇਧ ਦਾ ਨਿਖੇਧ (ਂeਗਅਟਿਨ ਾ ਂeਗਅਟਿਨ) ਕਹਿੰਦੇ ਹਨ।
ਕੂੜ ਸਭ ਕੁਝ ਹੋ ਸਕਦਾ ਹੈ, ਵਿਆਖਿਆ ਵੀ ਹੋ ਸਕਦੀ ਹੈ। ਫਿਰ ਜਪੁਜੀ ਦੀ ਅਜਿਹੀ ਪ੍ਰਮਾਣਿਤ ਵਿਆਖਿਆ ਕਿਵੇਂ ਹੋਵੇ ਜੋ ਸੱਚ ਦੇ ਨੇੜੇ ਹੋਵੇ? ਸਭ ਤੋਂ ਵਧੀਆ ਤਾਂ ਇਹ ਹੋਵੇ, ਜੇ ਗੁਰੂ ਸਾਹਿਬ ਮੁੜ ਆ ਕੇ ਆਪਣੇ ਲਿਖੇ ਨੂੰ ਆਪ ਹੀ ਸਮਝਾ ਜਾਣ; ਪਰ ਕੁਦਰਤ ਦਾ ਅਜਿਹਾ ਕੋਈ ਨਿਯਮ ਨਹੀਂ, ਜੋ ਉਨ੍ਹਾਂ ਦੀ ਮੁੜ ਫੇਰੀ ਸੰਭਵ ਕਰੇ। ਦੂਜੀ ਵਧੀਆ ਗੱਲ ਇਹ ਹੈ ਕਿ ਸ਼ਰਧਾਲੂ ਉਨ੍ਹਾਂ ਦੀ ਲਿਖੀ ਰਚਨਾ ਨੂੰ ਆਪ ਹੀ ਪੜ੍ਹ ਕੇ ਸਮਝ ਲੈਣ; ਪਰ ਇੱਦਾਂ ਕਿਵੇਂ ਹੋਵੇ? ਜਿਸ ਸੰਵੇਦਨਸ਼ੀਲ ਤੇ ਜਿਗਿਆਸੂ ਸਿੱਖ ਲਈ ਇਹ ਲਿਖਿਆ ਗਿਆ ਸੀ, ਅੱਜ ਉਹ ਇੱਥੇ ਨਹੀਂ ਹੈ। ਜਪੁਜੀ ਨੂੰ ਲਿਖਿਆਂ ਸਦੀਆਂ ਲੰਘ ਗਈਆਂ। ਜ਼ਮਾਨਾ ਬਦਲ ਗਿਆ, ਲੋਕਾਂ ਦੇ ਪਹਿਰਾਵੇ ਬਦਲ ਗਏ, ਰਸਮੋ ਰਿਵਾਜ਼ ਬਦਲ ਗਏ, ਰੁਝਾਨ ਬਦਲ ਗਏ, ਸਮਾਜਕ ਸਮੀਕਰਣ ਬਦਲ ਗਏ, ਬੋਲੀਆਂ ਬਦਲ ਗਈਆਂ, ਗੁਰਬਾਣੀ ਵਿਆਕਰਣਾਂ ਲਿਖੀਆਂ ਗਈਆਂ ਅਤੇ ਸ਼ਬਦਾਂ ਦੇ ਅਰਥ ਉਪਰ-ਥੱਲੇ ਹੋ ਗਏ। ਅਜੋਕੇ ਸਿੱਖਾਂ ਕੋਲ ਇੰਨੀ ਸਬਰ-ਸਮਰੱਥਾ ਕਿੱਥੇ ਕਿ ਉਹ ਇਸ ਨੂੰ ਪੜ੍ਹ ਕੇ ਸਮਝਣ? ਅੱਜ ਦਾ ਮਨੁੱਖ ਵਪਾਰੀ ਹੈ, ਸਾਮਾਨ ਨੂੰ ਬਿਨਾ ਖੋਲ੍ਹੇ ਅੱਗੇ ਫਰੋਖਤ ਕਰਦਾ ਹੈ। ਜਿਨ੍ਹਾਂ ਨੇ ਮੁਨਾਫੇ ਖਾਤਰ ਇਸ ਨੂੰ ਪੜ੍ਹਿਆ, ਦੂਜਿਆਂ ਨੂੰ ਪੜ੍ਹ ਕੇ ਸੁਣਾਇਆ ਤੇ ਤਰਜਮੇ ਕੀਤੇ, ਉਨ੍ਹਾਂ ਨੇ ਵਣਜੀ ਦ੍ਰਿਸ਼ਟੀਕੋਣ ਤੋਂ ਇਹੀ ਦੱਸਿਆ ਹੈ ਕਿ ਲਿਖਤ ਮਹਾਨ ਹੈ, ਹਰ ਰੋਜ਼ ਸਵੇਰੇ ਉਠ ਕੇ ਜਪੋ। ਸ਼ਰਧਾਲੂਆਂ ਨੇ ਵੀ ਇਹੋ ਗੱਲ ਪੱਲੇ ਬੰਨ੍ਹ ਲਈ। ਡਾਕੀਏ ਤੋਂ ਪੜ੍ਹਾਈ ਚਿੱਠੀ ਵਾਂਗ ਅਸਲ ਨੂੰ ਰੁਮਾਲੇ ਲੜ ਬੰਨ ਲਿਆ ਤੇ ਸੁਣੀ-ਸੁਣਾਈ ‘ਤੇ ਅਮਲ ਕਰਨ ਲੱਗੇ।
ਜਦੋਂ ਅਸਲ ਤੇ ਨਕਲ ਦਾ ਨਿਰਣਾ ਵਿਸ਼ਵਾਸ ਅਨੁਸਾਰ ਹੋਣ ਲੱਗੇ ਤਾਂ ਅਸਲੀਅਤ ਧੁੰਦਲਾ ਜਾਂਦੀ ਹੈ। ਸਥਿਤੀ ਨੂੰ ਮੁੜ ਸਾਫ ਕਰਨ ਲਈ ਇਸ ਦਾ ਪੁਨਰ-ਸਿਰਜਣ (੍ਰe-ਚਰeਅਟe) ਕਰਨਾ ਪੈਂਦਾ ਹੈ। ਇਹ ਸਿੱਖੀ ਦਾ ਹੀ ਅਸੂਲ ਹੈ, ਜਿਸ ਨੂੰ ਅਪਨਾ ਕੇ ਗੁਰੂ ਸਾਹਿਬ ਨੇ ਸਦੀਆਂ ਤੋਂ ਪ੍ਰਚਲਿਤ ਫੋਕੇ ਗਿਆਨਾਂ ‘ਤੇ ਲੀਕ ਮਾਰੀ ਅਤੇ ਸਭ ਕੁਝ ਨੂੰ ੴ ਦੇ ਗੁਰ ਅਨੁਸਾਰ ਮੁੜ ਘੋਖਣ ਦਾ ਉਪਦੇਸ਼ ਦਿੱਤਾ। ਇਸ ਸਿਖਿਆ ਨੂੰ ਮੁੱਖ ਰੱਖ ਕੇ ਜਪੁਜੀ ਦੇ ਅਜੋਕੇ ਜਿਗਿਆਸੂਆਂ ਨੂੰ 15ਵੀਂ ਸਦੀ ਵਿਚ ਉਤਰਨਾ ਪਵੇਗਾ ਤੇ ਉਦੋਂ ਦੇ ਸਮਾਜਕ, ਸਭਿਆਚਾਰਕ ਤੇ ਰਾਜਨੀਤਕ ਜੀਵਨ ਦਾ ਜਾਇਜ਼ਾ ਲੈਣਾ ਪਵੇਗਾ। ਉਨ੍ਹਾਂ ਨੂੰ ਸਹੀ ਸਹੀ ਅਨੁਮਾਨ ਲਾਉਣਾ ਪਵੇਗਾ ਕਿ ਗੁਰੂ ਸਾਹਿਬ ਨੇ ਜੋ ਲਿਖਿਆ, ਕਿਉਂ ਲਿਖਿਆ! ਗੁਰਬਾਣੀ ਦੀ ਗਵਾਹੀ ਦੇ ਨਾਲ ਨਾਲ ਇਤਿਹਾਸ ਦੇ ਹੋਰ ਸੋਮਿਆਂ ਨੂੰ ਵੀ ਦੇਖਣਾ ਪਵੇਗਾ। ਇਬਨ ਬਤੂਤਾ (ੀਬਨ ਭਅਟੁਟਟਅ) ਜਿਹੇ ਸਮਕਾਲੀ ਸੈਲਾਨੀਆਂ ਦੇ ਸੈਰਨਾਮੇ ਤੇ ਯਥਾਰਥਕ ਹਾਲਾਤ ਵਰਣਨ ਕਰਦੀਆਂ ਡਾਇਰੀਆਂ ਜਿਵੇਂ ਤਾਜ਼ੁਕਿ-ਬਾਬੁਰੀ ਤੇ ਆਈਨੇ ਅਕਬਰੀ ਅਤੇ ਤਮਾਮ ਜਨਮ ਸਾਖੀਆਂ ਘੋਖਣੀਆਂ ਪੈਣਗੀਆਂ। ਇਸ ਦੇ ਨਾਲ ਨਾਲ ਅਜੋਕੇ ਸਮਾਜ ਦੇ ਪੱਛੜੇ ਪੇਂਡੂ ਇਲਾਕਿਆਂ ਦਾ ਸਭਿਆਚਾਰ ਤੇ ਹਾਲੋ-ਬਸਰ ਵੀ ਦੇਖਣਾ ਪਵੇਗਾ, ਜੋ ਸਦੀਆਂ ਤੋਂ ਉਸੇ ਪੁਰਾਣੀ ਅਵਸਥਾ ਵਿਚ ਚੱਲਿਆ ਆ ਰਿਹਾ ਹੈ। ਗੱਲ ਕੀ, ਉਨ੍ਹਾਂ ਨੂੰ ਆਪਣੇ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੀ ਅਣਗਹਿਲੀ ਦਾ ਪੂਰਾ ਮੁੱਲ ਉਤਾਰਨਾ ਪਵੇਗਾ, ਜਿਸ ਤੋਂ ਬਿਨਾ ਇਸ ਬਾਣੀ ਦੀ ਪੂਰੀ ਸਮਝ ਨਹੀਂ ਪਵੇਗੀ।
ਮਿਸਾਲ ਵਜੋਂ ਜੇ ਗੁਰੂ ਸਾਹਿਬ ਤੀਰਥ ਅਸ਼ਨਾਨ ਦੀ ਵਿਰੋਧਤਾ ਕਰਦੇ ਹਨ, ਤਾਂ ਕੋਈ ਕਾਰਨ ਤਾਂ ਹੋਵੇਗਾ, ਜੋ ਉਨ੍ਹਾਂ ਨੇ ਇੱਦਾਂ ਕੀਤਾ। ਸਬੰਧਤ ਸੋਮਿਆਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ 15ਵੀਂ-16ਵੀਂ ਸਦੀ ਦੇ ਸਮਾਜ ਵਿਚ ਜਨਤਾ ਗਰੀਬ, ਅਨਪੜ੍ਹ, ਬੀਮਾਰ, ਅਲਪ-ਆਯੂ, ਅੰਧ-ਵਿਸ਼ਵਾਸੀ, ਲਾਈਲੱਗ ਤੇ ਕਰਮਕਾਂਡੀ ਸੁਭਾਅ ਦੀ ਸੀ। ਉਸ ਦੇ ਸੁਸਤ ਚਾਲੀ ਜੀਵਨ ਵਿਚ ਹੱਡ-ਭੰਨਵੀਂ ਮੁਸ਼ੱਕਤ, ਕੱਚੇ ਰਸਤੇ, ਪੈਦਲ ਵਾਟ, ਕਾਠ ਦੀਆਂ ਖੜਾਵਾਂ, ਵਾਣ ਦੀਆਂ ਮੰਜੀਆਂ ਤੇ ਗੋਦੜੀਆਂ ਤੋਂ ਵਧ ਕੁਝ ਨਹੀਂ ਸੀ। ਖਾਣ ਲਈ ਕੋਧਰੇ ਦੀ ਰੋਟੀ, ਛੋਲਿਆਂ ਦੀ ਦਾਲ, ਤੁੱਕਿਆਂ ਦਾ ਆਚਾਰ, ਲੂਣ-ਮਿਰਚ, ਭੁੰਨੇ ਛੋਲੇ, ਗੁੜ, ਬੇਰ, ਗੰਢਾ, ਚਿੱਭੜ੍ਹ, ਖੱਖੜੀਆਂ, ਖੂਹਾਂ-ਛੱਪੜਾਂ ਦਾ ਪਾਣੀ ਅਤੇ ਮੰਗਵੀਂ ਲੱਸੀ ਤੋਂ ਵੱਧ ਬਹੁਤਾ ਕੁਝ ਨਹੀਂ ਸੀ। ਬਾਬਰ ਹੈਰਾਨੀ ਪ੍ਰਗਟ ਕਰਦਾ ਹੈ ਕਿ ਇਹ ਲੋਕ ਅਨਾਜ ਨਾਲ ਹੀ ਅਨਾਜ ਨੂੰ ਖਾਈ ਜਾਂਦੇ ਸਨ। ਪਹਿਨਣ ਲਈ ਹੱਥੀਂ ਸੀਤੇ ਝੱਗੇ, ਚੋਗੇ, ਖੱਦਰ ਦੇ ਲੰਗੋਟ ਤੇ ਮਾੜੇ ਮੋਟੇ ਧੋਤੀ ਪਰਨੇ ਹੀ ਹੁੰਦੇ ਸਨ, ਜਿਨ੍ਹਾਂ ਨੂੰ ਅੰਗ ਲਾਉਣ ਤੋਂ ਫਟਣ ਤੀਕ ਸ਼ਾਇਦ ਹੀ ਕਦੇ ਧੋਇਆ ਜਾਂਦਾ ਹੋਵੇ। ਧੋਣ ਲਈ ਵੀ ਲੱਸੀ, ਗਾਚੀ, ਉਬਲੇ ਰੀਠੇ ਜਾਂ ਫੋਕਾ ਪਾਣੀ ਵਰਤਿਆ ਜਾਂਦਾ ਸੀ। ਮੱਧ ਵਰਗੀ ਪੈਲੀਦਾਰਾਂ ਤੇ ਹੱਟਵਾਣੀਏਂ ਭਾਵੇਂ ਇੰਨੀ ਥੁੜ੍ਹ ਦਾ ਸਾਹਮਣਾ ਨਾ ਕਰਦੇ ਹੋਣ, ਪਰ ਆਮ ਜੀਵਨ ਪੱਧਰ ਉਨ੍ਹਾਂ ਦਾ ਵੀ ਇਹੋ ਸੀ। ਮਹਿੰਗੇ ਵਸਤਰ, ਆਭੂਸਨ, ਦਾਖਾਂ ਮੇਵੇ, ਫਲ, ਬਹੁਭਾਂਤੀ ਪਕਵਾਨ, ਮਾਸ-ਮਦੁਰਾ ਤੇ ਘੋੜ ਸਵਾਰੀ ਸਿਰਫ ਉਚ ਸ਼੍ਰੇਣੀਆਂ ਦੀ ਪਹੁੰਚ ਵਿਚ ਹੀ ਸਨ। ਮੱਧ ਕਾਲੀ ਰਜਵਾੜਾਸ਼ਾਹੀ ਗਰੀਬਾਂ ਨੂੰ ਵਗਾਰ ਤੇ ਕਾਮਿਆਂ ਨੂੰ ਮਾਰ ਦਿੰਦੀ ਸੀ। ਕੀ ਹਿੰਦੂ ਤੇ ਕੀ ਮੁਸਲਮਾਨ, ਆਮ ਹਾਲਤ ਸਭ ਦੀ ਇਕੋ ਜਿਹੀ ਸੀ।
ਪਿੰਡਾਂ ਵਿਚ ਗਾਰੇ ਦੇ ਘਰ, ਧੂੜ ਭਰੀਆਂ ਗਲੀਆਂ, ਗੰਦੀਆਂ ਨਾਲੀਆਂ, ਮੁਸ਼ਕਦੀਆਂ ਰੂੜੀਆਂ, ਉਚੇ ਗੋਹਾਰੇ, ਕੰਡਿਆਲੀਆਂ ਥੋਹਰਾਂ ਅਤੇ ਬਰਸਾਤੀ ਪਾਣੀ ਨਾਲ ਅਧਭਰੇ ਟੋਭੇ ਤੇ ਟੋਏ ਹੁੰਦੇ ਸਨ। ਸੜਕਾਂ ਦੀ ਥਾਂ ਕੱਚੇ ਪਹੇ ਤੇ ਵੱਟਾਂ ਦੇ ਰਾਹ ਹੁੰਦੇ ਸਨ, ਜਿਨ੍ਹਾਂ ਉਤੇ ਚਲਦੇ ਰਾਹੀ ਇਕ ਦੂਜੇ ਨੂੰ ਨਗਰ ਖੇੜੇ ਦੀ ਸੁੱਖ-ਸਾਂਤ ਪੁੱਛਦੇ ਹੋਏ ‘ਰਾਮ ਰਾਮ’ ਕਹਿ ਕੇ ਲਾਂਘਾ ਦਿੰਦੇ ਸਨ। ਡੰਗਰ-ਵੱਛੇ ਦੀ ਭਰਮਾਰ ਸੀ, ਇਸ ਲਈ ਹਰ ਇਕ ਦਾ ਜੀਵਨ ਮੱਝਾਂ-ਗਾਵਾਂ ਚਾਰਨ ਤੋਂ ਅਰੰਭ ਹੁੰਦਾ ਸੀ। ਪਾਲੀਪੁਣੇ ਵਿਚ ਬੱਚਾ ਜਵਾਨ ਹੁੰਦਾ ਸੀ ਤੇ ਪਾਲੀਪੁਣੇ ਵਿਚ ਹੀ ਜਵਾਨ ਵਿਦਵਾਨ ਬਣਦੇ ਸਨ। ਬੜੇ ਬੜੇ ਪੀਰ ਪੈਗੰਬਰ, ਗੁਰੂ ਗਿਆਨੀ ਤੇ ਸੰਤ ਮਹਾਤਮਾ ਸ਼ੁਰੂ ਵਿਚ ਕੋਈ ਨਾ ਕੋਈ ਜਾਨਵਰ ਜਰੂਰ ਚਰਾਉਂਦੇ ਸਨ। ਪਿੰਡ ਪਿੰਡ ਸਾਧਾਂ ਸੰਤਾਂ ਦੇ ਡੇਰੇ ਸਨ, ਜਿੱਥੇ ਲੰਗੋਟਧਾਰੀ ਸਾਧੂ ਭੰਗਾਂ, ਸੁਲਫਿਆਂ ਦੇ ਸੂਟੇ ਲਾਉਂਦੇ ਰਹਿੰਦੇ ਸਨ। ਪੈਰੋਂ ਨੰਗੇ, ਸਿਰੀਂ ਜਟਾਵਾਂ, ਬਦਨ ‘ਤੇ ਰੰਗੀਨ ਲੀਰਾਂ ਪਟੋਲੇ, ਰੱਸੀਆਂ ਨਾਲ ਨੂੜੀ ਛਾਤੀ, ਤਨ ‘ਤੇ ਖੇਹ, ਲੱਕ ਦੁਆਲੇ ਮੋਟੇ ਘੁੰਗਰੂ; ਇਕ ਮੋਢੇ ਭਿਖਿਆ ਦੀ ਝੋਲੀ, ਦੂਜੇ ਸਵਾਹ ਦੀ ਪੋਟਲੀ; ਇਕ ਹੱਥ ਸਿੱਪੀ, ਦੂਜੇ ਡੰਡਾ; ਮੂੰਹ ਤੋਂ ‘ਅਲੱਖ ਨਿਰੰਜਣ’ ਦੀ ਪੁਕਾਰ ਆਦਿ ਨਾਲ ਲੈਸ ਹੋਏ ਕੰਨ-ਪਟੇ ਸਾਧਾਂ ਦੀਆਂ ਡਾਰਾਂ ਸਾਰਾ ਦਿਨ ਆਟਾ, ਦੁੱਧ, ਰੋਟੀ ਅਤੇ ਗੁੜ ਮੰਗਣ ਤੁਰੀਆਂ ਰਹਿੰਦੀਆਂ ਸਨ। ਲੰਘਦੇ ਵੜਦੇ ਰਾਹੀ ਤੇ ਭੁੱਖੇ ਲੋੜਵੰਦ ਵੀ ਪਿੰਡਾਂ ਵਿਚੋਂ ਰੋਟੀ ਪਾਣੀ ਛਕਣ ਲਈ ਲੋਕਾਂ ਦੇ ਬੂਹੇ ਖੜਕਾਉਂਦੇ ਰਹਿੰਦੇ ਸਨ। ਆਮ ਆਦਮੀ ਦੇ ਦੇਵਤੇ ਭਾਵ ਬ੍ਰਾਹਮਣ, ਸਾਹੂਕਾਰ, ਜਿਮੀਂਦਾਰ ਅਤੇ ਸਿਕਦਾਰ ਵੀ ਉਥੇ ਹੀ ਵਸਦੇ ਸਨ ਤੇ ਉਸ ਦੇ ਜੀਵਨ ਨੂੰ ਸੀਮਾਬਧ ਕਰਦੇ ਸਨ।
ਪਿੰਡਾਂ ਦੇ ਹਿੰਦੂ ਭਾਈਚਾਰੇ ਵਿਚ ਬ੍ਰਾਹਮਣ ਦੀ ਅਹਿਮ ਭੂਮਿਕਾ ਸੀ। ਤਿੱਥ ਵਾਰ ਦਾ ਗਿਆਨ ਰੱਖਣ ਦੇ ਨਾਲ ਨਾਲ ਉਹ ਮਰਨਿਆਂ ਪਰਨਿਆਂ, ਭੰਡਾਰਿਆਂ, ਦਸਵੀਆਂ, ਤੇਹਰਵੀਆਂ, ਸ਼ਰਾਧਾਂ ਆਦਿ ‘ਤੇ ਮੰਤਰ ਪੜ੍ਹਦਾ ਅਤੇ ਵਿਆਹਾਂ ਸ਼ਾਦੀਆਂ, ਛੱਠਾਂ, ਮੁੰਡਣਾਂ, ਜੱਗਾਂ, ਨਾਮਕਰਨਾਂ ਆਦਿ ਦੀਆਂ ਰਸਮਾਂ ਨੂੰ ਸੰਪੰਨ ਕਰਵਾਉਂਦਾ। ਹੱਥ ਦੇਖਣਾ, ਜੋਤਿਸ਼ ਲਾ ਕੇ ਭਾਗ ਦੱਸਣਾ, ਬੀਮਾਰਾਂ ਨੂੰ ਜੜ੍ਹੀ ਬੂਟੀ ਦੇਣਾ, ਵਿਹਲੇ ਵੇਲੇ ਰਮਾਇਣ ਗੀਤਾ ਦਾ ਪਾਠ ਸੁਣਾਉਣਾ, ਰਾਮ ਲੀਲਾ ਕਰਵਾਉਣਾ, ਮੇਲਿਆਂ, ਗ੍ਰਹਿਣਾਂ, ਮੌਸਮਾਂ, ਮਹੂਰਤਾਂ ਦੀ ਜਾਣਕਾਰੀ ਦੇਣਾ, ਜਜਮਾਨਾਂ ਘਰ ਭੋਜਨ ਛਕਣਾ ਤੇ ਦਾਨ-ਦੱਖਣਾ ਨੂੰ ਵਿਧੀਪੂਰਵਕ ਸਵੀਕਾਰ ਕਰਨਾ ਉਸ ਦੇ ਕੁਝ ਹੋਰ ਕਾਰਜ ਸਨ; ਪਰ ਬ੍ਰਾਹਮਣ ਦੀ ਖਾਸ ਭੂਮਿਕਾ ਜਨ ਸਾਧਾਰਨ ਨੂੰ ਤੀਰਥਾਂ ਦੀ ਜਾਣਕਾਰੀ ਦੇਣਾ ਤੇ ਉਨ੍ਹਾਂ ਨੂੰ ਭਰਮਾ ਕੇ ਉਥੇ ਲਿਜਾਣਾ ਸੀ। ਉਹ ਮਹੀਨਿਆਂ ਬੱਧੀ ਤੀਰਥ ਅਸ਼ਨਾਨ ਦੇ ਲਾਭ ਦੱਸ ਕੇ ਉਨ੍ਹਾਂ ਨੂੰ ਜਾਣ ਲਈ ਤਿਆਰ ਕਰਦਾ ਰਹਿੰਦਾ। ਹਰਿਦਵਾਰ, ਰਿਸ਼ੀਕੇਸ਼, ਮਥਰਾ, ਬਿੰਦਰਾਬਨ, ਪ੍ਰਯਾਗ, ਕਪਾਲਮੋਚਨ, ਪਿਹੋਵਾ, ਨੈਣਾਂ ਦੇਵੀ, ਵੈਸ਼ਨੋ ਦੇਵੀ ਤੇ ਰਾਮ ਦਰਬਾਰ ਆਦਿ ਕਿੰਨੇ ਹੀ ਤੀਰਥ ਮੇਲੇ ਲਗਦੇ ਸਨ, ਜਿੱਥੇ ਉਨ੍ਹਾਂ ਦੀ ਅਗਵਾਈ ਵਿਚ ਸ਼ਰਧਾਲੂ ਅਸ਼ਨਾਨ ਕਰਨ ਜਾਂਦੇ। ਕਈ ਕਈ ਦਿਨ ਦਾ ਪੈਦਲ ਸਫਰ ਹੁੰਦਾ, ਰਸਤੇ ਵਿਚ ਕਈ ਕਈ ਪੜਾਉ ਹੁੰਦੇ, ਆਟਾ, ਦਾਲਾਂ ਤੇ ਬਰਤਨਾਂ ਦੀਆਂ ਗਠੜੀਆਂ ਚੁੱਕੀ ਸ਼ਰਧਾਲੂ ਚਾਅ ਨਾਲ ਭੱਜੇ ਜਾਂਦੇ। ਉਹ ਰਸਤੇ ਵਿਚ ਆਉਂਦੇ ਪਿੰਡਾਂ ਵਿਚ ਪੜਾਅ ਕਰਦੇ, ਕਿਤੇ ਆਪ ਭੋਜਨ ਬਣਾਉਂਦੇ, ਕਿਤੇ ਪਿੰਡਾਂ ‘ਚੋਂ ਇੱਕਠਾ ਕਰ ਕੇ ਖਾਂਦੇ, ਰਾਹ ਲਈ ਘਰੋਂ ਲਿਆਂਦੇ ਭੁੱਜੇ ਛੋਲੇ, ਸੱਤੂ, ਪੰਜੀਰੀ, ਗੁੜ ਖੋਆ ਤੇ ਪਿੰਨੀਆਂ ਖਾਂਦੇ। ਜਿਨ੍ਹਾਂ ਨੂੰ ਬ੍ਰਾਹਮਣ ਨੇ ਗਊ ਦਾ ਦਾਨ ਕਰਨ ਲਈ ਕਿਹਾ ਹੁੰਦਾ, ਉਹ ਗਊਆਂ ਵੀ ਨਾਲ ਹੱਕ ਕੇ ਲਿਜਾਂਦੇ।
ਅਜਿਹੀ ਕਠਿਨ ਤੇ ਇਕਹਿਰੀ ਜ਼ਿੰਦਗੀ ਵਿਚ ਪੰਡਿਤ ਹੀ ਜੀਵਨ ਦੇ ਅਰਥ ਦੱਸਦਾ ਸੀ ਤੇ ਉਹੀ ਕਸ਼ਟਾਂ ਦਾ ਨਿਵਾਰਣ ਕਰਦਾ ਸੀ। ਗਊ ਦਾਨ ਨੂੰ ਉਹ ਸਭ ਸਮੱਸਿਆਵਾਂ ਦਾ ਸਮਾਧਾਨ ਤੇ ਸੋਨੇ-ਚਾਂਦੀ ਦੇ ਦਾਨ ਨੂੰ ਸਰਵੋਤਮ ਦਾਨ ਦੱਸਦਾ ਸੀ। ਅੱਜ ਦੇ ਪੁਜਾਰੀ ਵਾਂਗ ਦਾਨ ਹੀ ਉਸ ਦੀ ਗੋਲਕ ਸੀ ਤੇ ਇਸ ਨੂੰ ਇੱਕਠਾ ਕਰਨਾ ਹੀ ਉਸ ਦਾ ਕਾਰੋਬਾਰ ਸੀ। ਗੱਲ ਕੀ ਉਸ ਸਮਾਜ ਵਿਚ ਤੀਰਥ ਅਸ਼ਨਾਨ ਇਕ ਕਰਮਕਾਂਡ ਬਣ ਚੁਕਾ ਸੀ। ਇਸੇ ਪਿਛੋਕੜ ਵਿਚ ਗੁਰੂ ਸਾਹਿਬ ਨੇ 21ਵੀਂ ਪਉੜੀ ਦੀ ਰਚਨਾ ਕੀਤੀ ਸੀ ਤੇ ਇਸੇ ਵਿਚ ਇਹ ਸਮਝਣੀ ਬਣਦੀ ਹੈ,
ਤੀਰਥੁ ਤਪੁ ਦਇਆ ਦਤੁ ਦਾਨੁ॥
ਜੇ ਕੋ ਪਾਵੈ ਤਿਲ ਕਾ ਮਾਨੁ॥
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥
ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥
ਸੁਅਸਤਿ ਆਥਿ ਬਾਣੀ ਬਰਮਾਉ॥
ਸਤਿ ਸੁਹਾਣੁ ਸਦਾ ਮਨਿ ਚਾਉ॥
ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ
ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ
ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ
ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ
ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ
ਆਪੇ ਜਾਣੈ ਸੋਈ॥
ਕਿਵ ਕਰਿ ਆਖਾ ਕਿਵ ਸਾਲਾਹੀ
ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ
ਇਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ
ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ
ਅਗੈ ਗਇਆ ਨ ਸੋਹੈ॥੨੧॥
ਇਸ ਪਉੜੀ ਨੂੰ ਧਿਆਨ ਨਾਲ ਪੜ੍ਹਿਆਂ ਪਤਾ ਚਲਦਾ ਹੈ ਕਿ ਇਸ ਦੇ ਦੋ ਹਿੱਸੇ ਹਨ। ਪਹਿਲੇ ਹਿੱਸੇ ਦੀਆਂ ਤੁਕਾਂ ਛੋਟੀਆਂ ਹਨ ਤੇ ਦੂਜੇ ਦੀਆਂ ਵੱਡੀਆਂ। ਪ੍ਰਤੀਤ ਹੁੰਦਾ ਹੈ ਕਿ ਇਹ ਦੋ ਵੱਖ ਵੱਖ ਮੁਢਲੀਆਂ ਰਚਨਾਵਾਂ ਨੂੰ ਜੋੜ ਕੇ ਬਣੀ ਹੈ। ਦੋਹਾਂ ਦੇ ਥੀਮ ਵੱਖੋ ਵੱਖ ਲਗਦੇ ਹਨ, ਪਰ ਇਹ ਉਚਲੇ ਪੱਧਰ ‘ਤੇ ਪੂਰਾ ਮੇਲ ਖਾਂਦੇ ਹਨ। ਕਈ ਦੂਜੀਆਂ ਪਉੜੀਆਂ ਵਾਂਗ ਗੁਰੂ ਸਾਹਿਬ ਨੇ ਇਸ ਨੂੰ ਵੀ ਆਪਣੇ ਵਿਲੱਖਣ ਤਰੀਕੇ ਨਾਲ ਲਿਖਿਆ ਹੈ। ਪਹਿਲੇ ਹਿੱਸੇ ਵਿਚ ਕਿਸੇ ਸਮਾਜਕ ਵਰਤਾਰੇ ਦਾ ਅਨੁਭਵੀ ਵਰਣਨ ਕੀਤਾ ਹੈ ਤੇ ਦੂਜੇ ਵਿਚ ਇਸ ਪ੍ਰਤੀ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਦੀ ਭਾਵਮਈ ਵਿਆਖਿਆ ਹੇਠ ਲਿਖੇ ਅਨੁਸਾਰ ਹੈ,
“(ਪੰਡਿਤ ਨੇ ਦੱਸਿਆ) ਤੀਰਥ ਨਹਾਉਣ ਨਾਲ ਇਕ ਤਪੱਸਿਆ ਕਰਨ ਜਿੰਨਾ ਫਲ (ਚਰeਦਟਿ) ਮਿਲਦਾ ਹੈ, ਭਾਵ ਪਾਪ ਉਤਰਦੇ ਹਨ। ਉਥੇ ਆਪਣੇ ਹੱਥੀਂ ਤਿਲ ਮਾਤਰ ਦਾਨ ਪਾਉਣ ਨਾਲ ਵੀ ਦਿਆਲਤਾ ਭਾਵ ਸੁਖ ਸਮਰਿਧੀ ਬਰਸਦੀ ਹੈ। ‘ਉਸ ਦੀ ਗੱਲ ਸੁਣ ਕੇ’ ਮਨ ਵਿਚ ਭਾਉ ਕੀਤਾ ਅਰਥਾਤ ਦਾਨ ਪੁੰਨ ਸਮੇਤ ਤੀਰਥ ਯਾਤਰਾ ‘ਤੇ ਹੋਣ ਵਾਲੇ ਖਰਚੇ ਅਤੇ ਮਿਲਣ ਵਾਲੇ ਲਾਭ ਦਾ ਹਿਸਾਬ ਲਾਇਆ। ਫਿਰ ਮਨ ਬਣਾਇਆ ਕਿ ਤੀਰਥ ਜਾ ਕੇ ਮਲ ਮਲ ਨਹਾਇਆ ਜਾਵੇ। ਜਦੋਂ ਕੋਈ ਲਾਭ ਨਾ ਹੋਇਆ ਤਾਂ (ਪ੍ਰੋਹਿਤ ਤੋਂ) ਪੁੱਛਿਆ, ‘ਤੇਰੇ ਦੱਸਿਆਂ ਵਿਚੋਂ ਮੈਨੂੰ ਤਾਂ ਇਕ ਵੀ ਫਾਇਦਾ ਨਹੀਂ ਮਿਲਿਆ। ਗੁਣ ਪੈਦਾ ਕੀਤੇ ਬਿਨਾ ਭਗਤੀ ਕਰਨ ਦਾ ਅਰਥ ਹੀ ਕੋਈ ਨਹੀਂ।’ (ਉਸ ਨੇ) ਬ੍ਰਹਮਾ ਦੀ ਭਾਸ਼ਾ ਭਾਵ ਸੰਸਕ੍ਰਿਤ ਵਿਚ ਇਹ ਕਹਿ ਕੇ ਟਾਲ ਦਿੱਤਾ, ਜਾਓ ਤੁਹਾਡੀ ਜੈ ਹੋ, ਸਦਾ ਖੁਸ਼-ਚਿਤ ਰਹੋ।”
ਗੁਰੂ ਸਾਹਿਬ ਪੁੱਛਦੇ ਹਨ, “ਕੀ ਤੀਰਥ ਅਸ਼ਨਾਨਾਂ ਦੇ ਗੁਣ ਦੱਸਣ ਵਾਲੇ ਨੂੰ, ਇਹ ਪਤਾ ਹੈ ਕਿ ਇਹ ਸ੍ਰਿਸ਼ਟੀ ਕਦੋਂ ਬਣੀ, ਕਿਹੜੇ ਵੇਲੇ ਤੇ ਕਿਹੜੇ ਤਿੱਥ ਵਾਰ ਨੂੰ ਬਣੀ ਅਤੇ ਇਸ ਦੇ ਬਣਨ ਵੇਲੇ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ? ਇਹ ਵੇਲਾ ਤਾਂ ਉਨ੍ਹਾਂ ਪੰਡਿਤਾਂ ਨੂੰ ਵੀ ਮਾਲੂਮ ਨਹੀਂ, ਜਿਨ੍ਹਾਂ ਕੋਲ ਪੁਰਾਣਾਂ ਦੀਆਂ ਲਿਖਤਾਂ ਪਈਆਂ ਹਨ। ਇਹ ਵੇਲਾ ਤਾਂ ਕਾਜ਼ੀ ਵੀ ਨਹੀਂ ਲੱਭ ਸਕੇ, ਜੋ ਕੁਰਾਨ ਦੀਆਂ ਕਾਪੀਆਂ ਲਿਖਦੇ ਹਨ। ਬ੍ਰਹਿਮੰਡ ਉਤਪਤੀ ਦੇ ਰੁੱਤ ਮਹੀਨੇ ਤੇ ਤਿੱਥ ਵਾਰ ਦਾ ਪਤਾ ਤਾਂ ਜੋਗ-ਧਿਆਨੀਆਂ ਨੂੰ ਵੀ ਨਹੀਂ। ਇਸ ਜਾਣਕਾਰੀ ਦਾ ਪਤਾ ਸਿਰਫ ਜੱਗ ਦੇ ਸਾਜਦਾਰ ਨੂੰ ਹੀ ਹੈ। ਫਿਰ ਇਹ ਉਸ ਵੱਡੇ ਪ੍ਰਭੁਤਵ ਵਾਲੇ ਸ੍ਰਿਸ਼ਟੀ ਦੇ ਰਚਣਹਾਰ ਦੀ ਕਾਰਜਸ਼ੈਲੀ ਨੂੰ ਆਪੇ ਕਿਵੇਂ ਦੱਸੀ ਜਾਂਦੇ ਹਨ, ਸਲਾਹੀ ਜਾਂਦੇ ਹਨ ਤੇ ਵਰਣਨ ਕਰੀ ਜਾਂਦੇ ਹਨ? ਹੇ ਨਾਨਕ, ਕੁਝ ਪਤਾ ਨਾ ਹੋਣ ‘ਤੇ ਵੀ ਇਹ ਕੁਝ ਨਾ ਕੁਝ ਕਹੀ ਜਾਂਦੇ ਹਨ ਤੇ ਇਕ ਦੂਜੇ ਤੋਂ ਸਿਆਣੇ ਬਣੀ ਜਾਂਦੇ ਹਨ, ਪਰ ਅਗਲੇਰੀ ਪੜਤਾਲ ਵਿਚ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਨਿਤਰੇਗਾ।”
ਸੋ ਗੁਰੂ ਸਾਹਿਬ ਦਾ ਤਰਕ ਹੈ ਕਿ ਜੇ ਇਸ ਸੰਸਾਰ ਬਾਰੇ ਕਿਸੇ ਨੂੰ ਮੁਢਲੀ ਜਾਣਕਾਰੀ ਵੀ ਨਹੀਂ ਹੈ ਤਾਂ ਕੋਈ ਕਿਵੇਂ ਕਹਿ ਸਕਦਾ ਹੈ ਕਿ ਕਿਸੇ ਖਾਸ ਥਾਂ ਨਹਾਉਣ ਨਾਲ ਕੋਈ ਖਾਸ ਫਲ ਪ੍ਰਾਪਤ ਹੋਵੇਗਾ? ਤੀਰਥ ਅਸ਼ਨਾਨ ਦਾ ਇਹ ਸੰਕਲਪ ਹਉਮੈ ਆਧਾਰਤ ਤੇ ਮਨਘੜ੍ਹਤ ਹੈ। ਇਹ ਆਪੂੰ ਬਣੇ ਸਿਆਣਿਆਂ ਦੀ ਕੂੜੀ ਆਸਥਾ ਹੈ। ਜਿਸ ਭਗਤੀ ਕਾਰਜ ਦਾ ਕੋਈ ਲਾਭ ਨਹੀਂ, ਉਹ ਅੰਧਵਿਸ਼ਵਾਸ ਰਾਹੀਂ ਸਹੇੜੀ ਗੁਲਾਮੀ ਹੈ। ਇਸ ਲਈ ਇਸ ਬੇਬੁਨਿਆਦ ਭੇਡ ਚਾਲ ਨੂੰ ਨਕਾਰਨਾ ਚਾਹੀਦਾ ਹੈ। ਇਹ ਵਿਆਖਿਆ ਗੁਰੂ ਸਾਹਿਬ ਦੀ ਪ੍ਰਤਿਭਾ, ਇਤਿਹਾਸਕ ਪਰੀਪੇਖ ਤੇ ਦਾਰਸ਼ਨਿਕ ਨਜ਼ਰੀਏ ਅਨੁਸਾਰ ਸਹੀ ਬੈਠਦੀ ਹੈ।
ਇਸ ਦੇ ਉਲਟ ਅਜੋਕੇ ਸਿੱਖ ਵਿਦਵਾਨ ਇਸ ਪਉੜੀ ਨੂੰ ਇਸ ਦੇ ਪਿਛੋਕੜ ਤੋਂ ਨਿਖੇੜਦਿਆਂ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਦੇਖਦੇ ਹਨ। ਉਨ੍ਹਾਂ ਅਨੁਸਾਰ ਤੀਰਥ ਅਸ਼ਨਾਨ ਦਾ ਅਰਥ ਤੀਰਥਾਂ ‘ਤੇ ਜਾ ਕੇ ਨਹਾਉਣਾ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਵਿਚ ਲੀਨ ਹੋਣਾ ਹੈ। ਇਸ ਲਈ ਉਹ ਇਸ ਪਉੜੀ ਨੂੰ ਤੀਰਥ ਅਸ਼ਨਾਨਾਂ ਦੀ ਪ੍ਰਥਾ ਦੇ ਖੰਡਨ ਵਜੋਂ ਨਹੀਂ ਦੇਖਦੇ, ਸਗੋਂ ਵਿਸ਼ਾਲ ਸ੍ਰਿਸ਼ਟੀ ਦੇ ਮਾਲਕ ਦੀ ਪ੍ਰਸੰ.ਸਾ ਵਿਚ ਸੁਰਤ ਜੋੜਨ ਦੀ ਪ੍ਰਾਪਤੀ ਵਜੋਂ ਦੇਖਦੇ ਹਨ। ਮਿਸਾਲ ਵਜੋਂ ਪ੍ਰੋ. ਸਾਹਿਬ ਸਿੰਘ ਲਿਖਦੇ ਹਨ,
“ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਨ੍ਹਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ। (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)। (ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। (ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ), ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।”
“ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਤਿੱਥ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ? (ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਿਤਾਂ ਨੂੰ ਭੀ ਪਤਾ ਨਾ ਲੱਗਾ, ਤਾਂ (ਇਸ ਮਜ਼ਮੂਨ ਉਤੇ ਭੀ) ਇਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਨਾ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦਿੰਦੇ ਜਿਵੇਂ ਉਨ੍ਹਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)। (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)। ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਯਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)। ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਆਦਰ ਨਹੀਂ ਪਾਉਂਦਾ, ਭਾਵ ਜਿਸ ਮਨੁੱਖ ਨੇ ‘ਨਾਮ ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦੀ ਆਤਮਾ ਸ਼ੁੱਧ ਪਵਿੱਤਰ ਹੋ ਜਾਂਦੀ ਹੈ; ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ, ਜਗਤ ਕਦੋਂ ਬਣਿਆ? ਨਾ ਪੰਡਿਤ, ਨਾ ਕਾਜ਼ੀ, ਨਾ ਜੋਗੀ-ਕੋਈ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ। ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ।”
ਇਸ ਵਿਦਵਾਨ ਦੀ ਵਿਆਖਿਆ ‘ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੀਆਂ ਜੜ੍ਹਾਂ ਹੀ ਜਮੀਨ ‘ਤੇ ਨਹੀਂ ਹਨ। ਸਾਰੀ ਪਉੜੀ ਵਿਚ ਗੁਰੂ ਸਾਹਿਬ ਨੇ ਪ੍ਰਭੂ ਭਗਤੀ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਵਿਦਵਾਨ ਇਸ ਨੂੰ ਇਸ ਦਾ ਕੇਂਦਰੀ ਮੁੱਦਾ ਬਣਾਈ ਬੈਠਾ ਹੈ। ਪ੍ਰਭੂ ਭਗਤੀ ਵਿਚ ਲੀਨ ਹੋਣ ਦੀ ਇਹ ਤੀਰਥ ਅਸ਼ਨਾਨ ਨਾਲ ਤੁਲਨਾ ਕਰਦਾ ਹੈ। ਇਸ ਲਈ ਇਹ ਤੀਰਥ ਅਸ਼ਨਾਨਾਂ ਦੀ ਕਦਰ ਕਰਦਾ ਹੈ, ਦਾਨ ਦਾ ਫਲ ਮੰਨਦਾ ਹੈ ਤੇ ਬ੍ਰਹਮਾ ਦੀ ਹੋਂਦ ਵਿਚ ਯਕੀਨ ਬੰਨਾਉਂਦਾ ਹੈ। ਇਹ ਵਿਦਵਾਨ ਟੀਕਾ ਕਰਨ ਲੱਗਿਆਂ ਉਥੇ ਵੀ ਪਰਮਾਤਮਾ ਲਿਖ ਦਿੰਦਾ ਹੈ, ਜਿੱਥੇ ਗੁਰੂ ਸਾਹਿਬ ਨੇ ਕੁਝ ਵੀ ਨਾ ਲਿਖਿਆ ਹੋਵੇ। ਗੁਰੂ, ਕਰਤਾਰ, ਨਿਰੰਕਾਰ ਜਾਂ ਬੇਅੰਤ ਲਿਖਿਆ ਕਿਤੇ ਮਿਲ ਜਾਵੇ ਸਹੀ, ਇਹ ਝੱਟ ਆਪਣੀ “ਪਾਇਆਂ” ਪਰਖਣ ਲਗ ਜਾਂਦਾ ਹੈ!
ਜੇ ਅਜਿਹੇ ਵਿਦਵਾਨਾਂ ਨੂੰ ਦਇਆ, ਦਾਨ, ਭਗਤਿ, ਤੀਰਥ, ਤਪ, ਗੁਣ, ਸਤਿ, ਅਗੈ, ਸੋਹੈ, ਆਦਿ ਕਿਸੇ ਸ਼ਬਦ ਵਾਲੀ ਤੁਕ ਮਿਲ ਜਾਵੇ, ਤਾਂ ਇਹ ਪ੍ਰਭੂ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਕੋਲੋਂ ਹੀ ਜੋੜ ਲੈਂਦੇ। ਗੁਰਬਾਣੀ ਦੀ ਇਬਾਰਤ ਤੇ ਇਸ ਦੀ ਸਮਾਜਕ ਪ੍ਰਸੰਗਤਾ ਵੱਲ ਇਨ੍ਹਾਂ ਦਾ ਧਿਆਨ ਘੱਟ ਹੀ ਜਾਂਦਾ ਹੈ। ਸਿੱਟਾ ਸਾਹਮਣੇ ਹੈ ਕਿ ਜਿਸ ਤੀਰਥ ਅਸ਼ਨਾਨ ਨੂੰ ਗੁਰੂ ਸਾਹਿਬ ਨੇ ਅੰਧਕਾਰਮਈ ਮੱਧ ਕਾਲ ਵਿਚ ਵੀ ਅਰਥਹੀਣ ਕਹਿ ਕੇ ਨਕਾਰਿਆ, ਉਸ ਨੂੰ ਇਹ ਵਿਗਿਆਨਕ ਯੁਗ ਵਿਚ ਵੀ ਪ੍ਰਭੂ ਭਗਤੀ ਦੇ ਤੁੱਲ ਦੱਸ ਰਹੇ ਹਨ!