ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ ‘ਚ ਜੁਲਾਈ ਮਹੀਨੇ ਦੇ ਸੰਗਰਾਮੀ ਅਤੇ ਸ਼ਹੀਦ ਯੋਧੇ

ਹਮਾਰਾ ਹਿੰਦ ਭੀ ਫੂਲੇਗਾ ਫਲੇਗਾ ਏਕ ਦਿਨ ਲੇਕਿਨ,
ਮਿਲੇਂਗੇ ਖਾਕ ਮੇਂ ਲਾਖੋਂ ਹਮਾਰੇ ਗੁਲਬਦਨ ਪਹਿਲੇ।
ਹਮੇ ਦੁਖ ਭੋਗਨਾ, ਲੇਕਿਨ ਹਮਾਰੀ ਨਸਲ ਸੁੱਖ ਪਾਏ,
ਯੇਹ ਦਿਲ ਮੇਂ ਠਾਨ ਲੋ ਅਪਨੇ, ਏਹ ਹਿੰਦੀ ਮਾਦੇਜਨ ਪਹਿਲੇ।

ਹਿੰਦੋਸਤਾਨ ਦੀ ਅੰਗਰੇਜ਼ ਵਿਰੁੱਧ ਆਜ਼ਾਦੀ ਦੀ ਲੜਾਈ ‘ਚ ਵੱਖ-ਵੱਖ ਪਾਰਟੀਆਂ, ਲਹਿਰਾਂ, ਨੌਜਵਾਨ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਸੰਪਤੀਆਂ ਅਤੇ ਸਮੂਹ ਆਵਾਮ ਨੇ ਆਪਣੇ ਜਾਨ-ਮਾਲ ਦੀ ਪ੍ਰਵਾਹ ਕੀਤੇ ਬਿਨਾ ਹਿੱਸਾ ਪਾਇਆ। ਸ਼ਹੀਦੀਆਂ, ਜਾਇਦਾਦਾਂ ਦੀਆਂ ਕੁਰਕੀਆਂ, ਅਣਮਨੁੱਖੀ ਤਸ਼ੱਦਦ, ਲੰਬੀਆਂ ਸਜ਼ਾਵਾਂ, ਘਰੋਂ ਬੇਘਰ ਹੋਣ ਦੀਆਂ ਕਹਾਣੀਆਂ ਸੋਚਾਂ ‘ਚ ਪਾਉਂਦੀਆਂ ਹਨ ਕਿ ਉਹ ਲੋਕ ਕਿਹੋ ਜਿਹੇ ਹੋਣਗੇ, ਜਿਨ੍ਹਾਂ ਨੇ ਇਹ ਸਭ ਕੁਝ ਆਪਣੇ ਪਿੰਡੇ ‘ਤੇ ਹੰਢਾਇਆ।
ਜਦੋਂ ਜੱਜ ਆਪਣਾ ਫੈਸਲਾ ਸੁਣਾਉਂਦੇ ਹਨ ਤਾਂ ਆਜ਼ਾਦੀ ਦੇ ਪਰਵਾਨੇ ਆਪਣੀ ਆਖਰੀ ਇੱਛਾ ਪੁੱਛਣ ਉਪਰੰਤ ਇਹ ਕਹਿੰਦੇ ਕਿ ਅਸੀਂ ਉਸ ਸਮੇਂ ਤੱਕ ਹਿੰਦੋਸਤਾਨ ਦੀ ਧਰਤੀ ਮਾਂ ਦੀ ਗੋਦ ‘ਚ ਜੰਮਦੇ ਰਹੀਏ ਤੇ ਫਾਂਸੀ ਦੇ ਰੱਸੇ ਚੁੰਮਦੇ ਰਹੀਏ, ਜਦੋਂ ਤੱਕ ਅੰਗਰੇਜ਼ ਸਾਮਰਾਜ ਤੋਂ ਦੇਸ਼ ਆਜ਼ਾਦ ਨਹੀਂ ਕਰਵਾ ਲੈਂਦੇ।
ਸ਼ਹੀਦਾਂ ਨੂੰ ਯਾਦਾਂ ‘ਚ ਸਮੋਅ ਕੇ ਰੱਖਣ ਅਤੇ ਅਣਖੀ ਵਿਰਸੇ ਨਾਲ ਜੋੜਨ ਲਈ ਯਤਨ ਤੇ ਜਾਣਕਾਰੀ ਬਤੌਰ ਸ਼ਰਧਾਂਜਲੀ ਸਮਰਪਿਤ ਹੈ:
2 ਜੁਲਾਈ 1923 ਨੂੰ ਚੌਰਾ ਚੌਰੀ ਕਾਂਡ ‘ਚ ਦਰਾਵੜ, ਆਦਿਵਾਸੀ ਆਜ਼ਾਦੀ ਪਸੰਦ 19 ਯੋਧਿਆਂ ਨੂੰ ਫਾਂਸੀ ਹੋਈ।
2 ਜੁਲਾਈ 1924 ਨੂੰ ਸੁੱਚਾ ਸਿੰਘ ਪਿੰਡ ਮਾਨੇਵਾਲ (ਹੁਸ਼ਿਆਰਪੁਰ) ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਹਿੱਸਾ ਲਿਆ।
2 ਜੁਲਾਈ 1924 ਨੂੰ ਸੁੱਚਾ ਸਿੰਘ ਪੁੱਤਰ ਰਾਮ ਸਿੰਘ ਪਿੰਡ ਪੱਡੇਵਾਲ, ਊਨਾ (ਹੁਸ਼ਿਆਰਪੁਰ) ਪੁਲਿਸ ਤਸ਼ੱਦਦ ਦੀ ਤਾਬ ਨਾ ਸਹਿੰਦੇ ਹੋਏ ਨਾਭਾ ਬੀੜ ਜੇਲ੍ਹ ‘ਚ ਦਮ ਤੋੜ ਗਏ। ਉਹ ਸ਼੍ਰੋਮਣੀ ਕਮੇਟੀ ਦੇ ਮਰਜੀਵੜੇ ਜਥੇ ‘ਚ ਸ਼ਾਮਲ ਸਨ।
2 ਜੁਲਾਈ 1924 ਨੂੰ ਸਾਧੂ ਸਿੰਘ ਪੁੱਤਰ ਜੀਤ ਸਿੰਘ ਪਿੰਡ ਸੰਗਰੂਰ, ਤਰਨਤਾਰਨ (ਅੰਮ੍ਰਿਤਸਰ) ਜੈਤੋਂ ਮੋਰਚੇ ਦੇ ਸ਼ਹੀਦ ਸਨ। ਉਨ੍ਹਾਂ ਅੱਠ ਮਹੀਨੇ ਜੇਲ੍ਹ ਯਾਤਰਾ ਕੀਤੀ।
3 ਜੁਲਾਈ 1924 ਨੂੰ ਕਪੂਰ ਸਿੰਘ (ਬਾਬੂ) ਪੁੱਤਰ ਵਿਧਾਵਾ ਸਿੰਘ ਪਿੰਡ ਬਸਡੇਰਾ, ਊਨਾ (ਹੁਸ਼ਿਆਰਪੁਰ) ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਮੋਰਚੇ ‘ਚ ਹਿੱਸਾ ਲਿਆ।
3 ਜੁਲਾਈ 1947 ਨੂੰ ਸਦਾ ਸਿੰਘ ਪੁੱਤਰ ਕਰਮ ਸਿੰਘ ਪਿੰਡ ਹਰੌਲੀ, ਊਨਾ (ਹੁਸ਼ਿਆਰਪੁਰ) ਚੜ੍ਹਾਈ ਕਰ ਗਏ। ਜੈਤੋਂ ਮੋਰਚੇ ਦੌਰਾਨ ਉਨ੍ਹਾਂ 20 ਮਹੀਨੇ ਜੇਲ੍ਹ ਕੱਟੀ।
3 ਜੁਲਾਈ 1950 ਨੂੰ ਮੱਟੂ ਧਨ ਪੁੱਤਰ ਨੱਥਾ ਰਾਮ ਪਿੰਡ ਬਪਰੋਲੀ (ਮਹਿੰਦਰਗੜ੍ਹ) ਸ਼ਹੀਦੀ ਪਾ ਗਏ। ਉਹ ਆਈ. ਐਨ. ਏ. ਦੇ ਚਾਰ ਗੁਰੀਲਾ ਰੈਜੀਮੈਂਟ ‘ਚ ਹੌਲਦਾਰ ਸਨ।
4 ਜੁਲਾਈ 1927 ਨੂੰ ਕਰਮ ਸਿੰਘ ਪਿੰਡ ਚੱਕ ਕਲਾਂ, ਨਕੋਦਰ (ਜਲੰਧਰ) ਤੀਜੇ ਜੈਤੋਂ ਮੋਰਚੇ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਸੱਤ ਮਹੀਨੇ ਜੇਲ੍ਹ ਵੀ ਕੱਟੀ।
4 ਜੁਲਾਈ 1939 ਨੂੰ ਹਜ਼ਾਰਾ ਸਿੰਘ ਜਮਸ਼ੈਦਪੁਰ ਪੁੱਤਰ ਰਾਜਾ ਸਿੰਘ, ਟਾਟਾ ਨਗਰ ‘ਚ ਕਾਰ ਥੱਲੇ ਆ ਕੇ ਫੌਤ ਹੋ ਗਏ।
5 ਜੁਲਾਈ 1856 ਨੂੰ ਭਾਈ ਮਹਾਰਾਜ ਸਿੰਘ ਸਦੀਵੀ ਵਿਛੋੜਾ ਦੇ ਗਏ। ਸ਼ਾਹੀ ਕੈਦੀ ਵਜੋਂ ਸਿੰਘਾਪੁਰ ਜੇਲ੍ਹ ‘ਚ ਬੰਦ ਰਹੇ।
5 ਜੁਲਾਈ 1951 ਨੂੰ ਆਈ. ਐਨ. ਏ. ਦੇ ਪੀ. ਓ. ਡਬਲਿਊ. ਕੇਸ਼ੋ ਰਾਮ ਪੁੱਤਰ ਬਿਹਾਰੀ ਲਾਲ ਪਿੰਡ ਲੀਲੋਧ ਤਹਿਸੀਲ ਜਿਗਰ (ਰੋਹਤਕ) ਸ਼ਹੀਦੀ ਪਾ ਗਏ।
5 ਜੁਲਾਈ 1958 ਨੂੰ ਜਵਾਲਾ ਸਿੰਘ ਪੁੱਤਰ ਲੀਕਰ ਸਿੰਘ ਪਿੰਡ ਅੱਤੋਵਾਲ (ਹੁਸ਼ਿਆਰਪੁਰ) ਅਕਾਲ ਚਲਾਣਾ ਕਰ ਗਏ। ਉਹ ਗੁਰੂ ਕੇ ਬਾਗ ਤੇ ਜੈਤੋਂ ਮੋਰਚੇ ‘ਚ ਸ਼ਾਮਲ ਸਨ ਤੇ ਤਿੰਨ ਸਾਲ ਨਾਭਾ ਬੀੜ ਜੇਲ੍ਹ ‘ਚ ਰਹੇ।
5 ਜੁਲਾਈ 1971 ਨੂੰ ਕੁੰਦਨ ਸਿੰਘ ਪਿੰਡ ਮਰਗਿੰਡ ਪੁਰ, ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਸਿਵਲ ਨਾ ਫੁਰਮਾਨੀ ਤੇ ਅਕਾਲੀ ਮੂਵਮੈਂਟ ‘ਚ ਸਨ।
6 ਜੁਲਾਈ 1980 ਨੂੰ ਉਜਾਗਰ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਬੱਬਰ ਅਕਾਲੀ ਸਨ, ਲੰਬਾ ਸਮਾਂ ਜੇਲ੍ਹ ਯਾਤਰਾ ਕੀਤੀ।
7 ਜੁਲਾਈ 1931 ਨੂੰ ਬੇਦੋਸ਼ ਦਿਨੇਸ਼ ਗੁਪਤਾ ਨੂੰ ਫਾਂਸੀ ਦੇ ਦਿੱਤੀ ਗਈ। ਕਲਕੱਤਾ ਰਾਈਟਰ ਕਲੱਬ ਲਾਗੇ ਜੇਲ੍ਹ ਇੰਸਪੈਕਟਰ ਦਾ ਕਤਲ ਹੋਇਆ ਸੀ।
7 ਜੁਲਾਈ 1943 ਨੂੰ ਆਈ. ਏ., ਆਈ. ਐਨ. ਏ. ਦੇ ਪਹਿਲੇ ਬਹਾਦਰ ਗਰੁੱਪ ਦੇ ਹਵਾਲਦਾਰ ਨਗਿੰਦਰ ਸਿੰਘ ਪਿੰਡ ਰਾਮ ਗੜ੍ਹ ਡਾਕਖਾਨਾ ਸਿੱਧਵਾਂ (ਲੁਧਿਆਣਾ) ਫਾਂਸੀ ਦਿੱਤੀ ਗਈ।
8 ਜੁਲਾਈ 1924 ਨੂੰ ਉਤਮ ਸਿੰਘ ਪਿੰਡ ਬੇਲਾ ਸ਼ਗਿਰਦ (ਹੁਸ਼ਿਆਰਪੁਰ) ਦਾ ਜੈਤੋਂ ਮੋਰਚੇ ਦੌਰਾਨ ਨਾਭਾ ਜੇਲ੍ਹ ‘ਚ ਸਦੀਵੀ ਵਿਛੋੜਾ।
8 ਜੁਲਾਈ 1924 ਨੂੰ ਊਧਮ ਸਿੰਘ ਪੁੱਤਰ ਭਾਈ ਦਸੋਂਦਾ ਸਿੰਘ ਪਿੰਡ ਬੇਲਾ ਝਿੰਗੜ, ਦਸੂਹਾ (ਹੁਸ਼ਿਆਰਪੁਰ) ਸ਼ਹੀਦੀ ਹੋ ਗਏ। ਉਹ ਸਾਧੂਆਂ ਵਾਲੇ ਜਥੇ ਨਾਲ ਜੈਤੋਂ ਮੋਰਚਾ-8 ‘ਚ ਸ਼ਾਮਲ ਸਨ ਤੇ ਨਾਭਾ ਜੇਲ੍ਹ ਯਾਤਰਾ ਵੀ ਕੀਤੀ।
8 ਜੁਲਾਈ 1924 ਨੂੰ ਜੈਤੋਂ ਮੋਰਚਾ-4 ਦੇ ਮੈਂਬਰ ਉਤਮ ਸਿੰਘ ਪੁੱਤਰ ਦਸੋਂਦਾ ਸਿੰਘ ਪਿੰਡ ਚਗਾਰਤ ਡਾਕਖਾਨਾ ਭੱਲਾਂ (ਹੁਸ਼ਿਆਰਪੁਰ) ਸ਼ਹੀਦੀ ਪਾ ਗਏ।
8 ਜੁਲਾਈ 1951 ਨੂੰ ਲਾਭ ਸਿੰਘ ਪੁੱਤਰ ਸ਼ਰਮ ਸਿੰਘ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਦੇ ਸਦੀਵੀ ਵਿਛੋੜਾ ਦੇ ਗਏ।
8 ਜੁਲਾਈ 1987 ਨੂੰ ਗੁਰਨਾਮ ਸਿੰਘ ਉਪਲ ਨੂੰ ਸਮਾਜ ਵਿਰੋਧੀਆਂ ਨੇ ਗੋਲੀਆਂ ਮਾਰ ਹਲਾਕ ਕਰ ਦਿੱਤਾ। ਉਹ ਮਜ਼ਦੂਰ ਕਿਸਾਨਾਂ ਦੇ ਆਗੂ ਸਨ।
11 ਜੁਲਾਈ 1957 ਨੂੰ ਮਿਹਰ ਸਿੰਘ ਪੁੱਤਰ ਜੋਧ ਸਿੰਘ ਪਿੰਡ ਸੈਦੋ, ਮੋਗਾ (ਫਿਰੋਜ਼ਪੁਰ) ਫੌਤ ਹੋ ਗਏ। ਉਹ ਜੈਤੋਂ ਮੋਰਚਾ-6 ‘ਚ ਹਿੱਸਾ ਲਿਆ ਤੇ 14 ਮਹੀਨੇ ਨਾਭਾ ਜੇਲ੍ਹ ‘ਚ ਕੈਦ ਕੱਟੀ।
11 ਜੁਲਾਈ 1981 ਨੂੰ ਸਾਥੀ ਪ੍ਰੀਤਮ ਸਿੰਘ ‘ਸਰਗੋਧਾ’ ਦਿਲ ਦੇ ਦੌਰੇ ਨਾਲ ਅੰਤਿਮ ਸਾਹ ਪੂਰਾ ਕਰ ਗਏ। 10 ਸਾਲ ਜੇਲ੍ਹ ਯਾਤਰਾ ਕੀਤੀ।
11 ਜੁਲਾਈ 1990 ਨੂੰ ਪੰਡਿਤ ਕਿਸ਼ੋਰੀ ਲਾਲ ਸਦੀਵੀ ਵਿਛੋੜਾ ਦੇ ਗਏ। ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਰਾਂ ਦੇ ਸਾਥੀ ਸਨ। ਆਖਰੀ ਸਾਹ ਤੱਕ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਰਹੇ।
12 ਜੁਲਾਈ 1925 ਨੂੰ ਜੈਤੋਂ ਮੋਰਚਾ-16 ਦੇ ਮੈਂਬਰ ਤੇ ਨਾਭਾ ਬੀੜ ਜੇਲ੍ਹ ‘ਚ ਕੈਦ ਕੱਟਣ ਵਾਲੇ ਮਹਾਂ ਸਿੰਘ ਸਦਾ ਲਈ ਵਿਛੜ ਗਏ।
13 ਜੁਲਾਈ 1948 ਨੂੰ ਗੋਬਿੰਦਾ ਪੁੱਤਰ ਵਿਠੋਲਾ ਰਾਵਟੇ ਤੇ ਪੰਜ ਹੋਰ ਹਿੰਦੋਸਤਾਨ ਹਿਤੈਸ਼ੀਆਂ ਨੂੰ ਰਾਜਕਾਰਾਂ ਨੇ ਮਾਰ ਦਿੱਤਾ। ਉਹ ਪਿੰਡ ਵਾਕੋਡੀ ਜਿਲਾ ਪ੍ਰਥਾਨੀ (ਮਹਾਰਾਸ਼ਟਰ) ਤੋਂ ਸਨ।
13 ਜੁਲਾਈ 1977 ਨੂੰ ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰ ਬਾਬਾ ਗੁਰਮੁਖ ਸਿੰਘ ਲਲਤੋਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ।
15 ਜੁਲਾਈ 1923 ਨੂੰ ਹਜ਼ਾਰਾ ਸਿੰਘ ਪੁੱਤਰ ਰਤਨ ਸਿੰਘ, ਪਿੰਡ ਰੁੜਕੀ ਖਾਸ (ਹੁਸ਼ਿਆਰਪੁਰ) ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ।
15 ਜੁਲਾਈ 1932 ਨੂੰ ਬੱਬਰ ਅਕਾਲੀ ਰਤਨ ਸਿੰਘ ਪੁੱਤਰ ਜਵਾਹਰ ਸਿੰਘ ਪਿੰਡ ਰੱਕੜਾਂ ਬੇਟ (ਹੁਸ਼ਿਆਰਪੁਰ) ਪੁਲਿਸ ਮੁਕਾਬਲੇ ‘ਚ ਸ਼ਹੀਦ ਹੋ ਗਏ।
15 ਜੁਲਾਈ 1948 ਨਾਜ਼ਰ ਸਿੰਘ ਪੁੱਤਰ ਵਜ਼ੀਰ ਸਿੰਘ ਪਿੰਡ ਇੰਦਰਗੜ੍ਹ, ਜ਼ੀਰਾ (ਫਿਰੋਜ਼ਪੁਰ) ਸ਼ਹੀਦੀ ਪਾ ਗਏ। ਉਹ ਆਈ. ਐਨ. ਓ. ਦੇ ਸਿਪਾਹੀ ਸਨ ਤੇ ਬਰਮਾ ਦੀ ਲੜਾਈ ਲੜੇ।
15 ਜੁਲਾਈ 1987 ਨੂੰ ਦੇਸ਼ ਹਿਤੈਸ਼ੀ ਸਵਾਮੀ ਪੂਰਨਾ ਨੰਦ ਨੇ ਫਗਵਾੜਾ ‘ਚ ਆਖਰੀ ਸਾਹ ਲਿਆ।
17 ਜੁਲਾਈ 1924 ਨੂੰ ਵਿਧਾਵਾ ਸਿੰਘ, ਪਿੰਡ ਲੀਲ (ਲਾਇਲਪੁਰ) ਚਲਾਣਾ ਕਰ ਗਏ। ਉਨ੍ਹਾਂ ਜੈਤੋਂ ਮੋਰਚਾ-5 ‘ਚ ਨਾਭਾ ਬੀੜ ਜੇਲ੍ਹ ਯਾਤਰਾ ਕੀਤੀ।
17 ਜੁਲਾਈ 1926 ਨੂੰ ਕੌਮੀ ਲੀਡਰ ਤੇਜਾ ਸਿੰਘ ਸਮੁੰਦਰੀ ਆਪਣੀ ਜੀਵਨ ਯਾਤਰਾ ਲਾਹੌਰ ਜੇਲ੍ਹ ‘ਚ ਪੂਰੀ ਕਰ ਗਏ।
17 ਜੁਲਾਈ 1927 ਨੂੰ ਜੈ ਮੱਲ ਪੁੱਤਰ ਭੂਪ ਸਿੰਘ ਪਿੰਡ ਕੋਠਾਲਾ, ਮਲੇਰ ਕੋਟਲਾ (ਸੰਗਰੂਰ) ‘ਕੋਠਾਲਾ ਘਟਨਾ’ ‘ਚ ਗੋਲੀ ਦਾ ਨਿਸ਼ਾਨਾ ਬਣੇ।
17 ਜੁਲਾਈ 1927 ਨੂੰ ਕਾਕਾ ਸਿੰਘ ਪੁੱਤਰ ਰੂੜ ਸਿੰਘ, ਪਿੰਡ ਕੋਠਾਲਾ, ਮਲੇਰਕੋਟਲਾ (ਸੰਗਰੂਰ) ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।
17 ਜੁਲਾਈ 1969 ਨੂੰ ਪਿੰਡੀ ਦਾਸ (ਲਾਲਾ) ਚੜ੍ਹਾਈ ਕਰ ਗਏ। ਉਹ ਨਾ-ਫੁਰਮਾਨੀ ਲਹਿਰ ਦੇ ਆਗੂਆਂ ‘ਚ ਸ਼ਾਮਲ ਸਨ ਅਤੇ 16 ਸਾਲ ਕੈਦ ਕੱਟੀ।
18 ਜੁਲਾਈ 1962 ਨੂੰ ਅਖਬਾਰ ਦੇ ਸੰਪਾਦਕ ਵਿਦਿਆਲੰਕਰ ਭੀਮ ਸੈਨ ਪੁੱਤਰ ਬਿਸ਼ਨ ਦਾਸ ਵਿਛੋੜਾ ਦੇ ਗਏ। ਉਹ ਅੰਗਰੇਜ਼ ਵਿਰੋਧੀ ਲੇਖ ਲਿਖਦੇ ਸਨ।
20 ਜੁਲਾਈ 1933 ਨੂੰ ਸਵਾਮੀ ਅਛੂਤਾ ਨੰਦ ਕਾਨਪੁਰ ਦੇ ਬੇਂਝਾਵਰ ਮੁਹੱਲੇ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੱਬੇ ਕੁੱਚਲੇ ਲੋਕਾਂ ਨੂੰ ਆਜ਼ਾਦੀ ਲਈ ਜਾਗ੍ਰਿਤ ਕੀਤਾ।
20 ਜੁਲਾਈ 1950 ਨੂੰ ਮਨੋਹਰ ਲਾਲ ਪੁੱਤਰ ਟਿੱਕਨ ਲਾਲ ਚੱਲ ਵਸੇ। ਉਨ੍ਹਾਂ 6 ਮਹੀਨੇ ਕਾਂਗਰਸ ਮੂਵਮੈਂਟ ‘ਚ ਜੇਲ੍ਹ ਯਾਤਰਾ ਕੀਤੀ।
20 ਜੁਲਾਈ 1961 ਨੂੰ ਆਈ. ਐਨ. ਓ. ਦੇ ਲੈਫਟੀਨੈਂਟ ਕਰਮ ਸਿੰਘ ਪੁੱਤਰ ਕਿਸ਼ਨ ਸਿੰਘ ਸ਼ਹੀਦੀ ਪਾ ਗਏ। ਉਨ੍ਹਾਂ ਬਰਮਾ ਦੀ ਲੜਾਈ ਲੜੀ।
20 ਜੁਲਾਈ 2005 ਨੂੰ ਆਜ਼ਾਦੀ ਘੁਲਾਟੀਏ ਤੇ ਕਿਸਾਨ ਮਜ਼ਦੂਰ ਆਗੂ ਸੇਵਾ ਸਿੰਘ ਪਿੰਡ ਡੱਫਰ, ਦਸੂਹਾ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ।
21 ਜੁਲਾਈ 1971 ਨੂੰ ਭਾਈ ਨਰੰਜਣ ਸਿੰਘ ਸਦੀਵੀ ਅਲਵਿਦਾ ਕਹਿ ਗਏ। ਉਹ 1906 ‘ਚ ਕਮਾਈ ਲਈ ਕੈਨੇਡਾ ਪਹੁੰਚੇ, ਜੋ ਬਾਅਦ ‘ਚ ਗਦਰੀ ਆਗੂ ਬਣੇ।
22 ਜੁਲਾਈ 1960 ਨੂੰ ਆਈ. ਐਨ. ਓ. ਦੇ ਸਿਪਾਹੀ ਜੈ ਚੰਦ ਪੁੱਤਰ ਤਾਰਾ ਚੰਦ ਪਿੰਡ ਝੋਜੂ ਕਲਾਂ (ਮਹਿੰਦਰਗੜ੍ਹ) ਚੱਲ ਵਸੇ।
23 ਜੁਲਾਈ 1943 ਨੂੰ ਕਰਮ ਸਿੰਘ ਬੱਬਰ ਪੁੱਤਰ ਮੇਲਾ ਸਿੰਘ, ਪਿੰਡ ਮਾਹਿਲ ਵਲਟੋਹਾ (ਹੁਸ਼ਿਆਰਪੁਰ) ਪੁਲੀ ਮੁਕਾਬਲੇ ‘ਚ ਦਮ ਤੋੜ ਗਏ ਉਨ੍ਹਾਂ 7 ਸਾਲ ਜੇਲ੍ਹ ਯਾਤਰਾ ਵੀ ਕੀਤੀ।
23 ਜੁਲਾਈ 1944 ਨੂੰ ਰਾਮ ਸਿੰਘ ਪੁੱਤਰ ਰਤਨ ਸਿੰਘ ਵਾਸੀ ਬੱਸੀ, ਜਗਰਾਉਂ (ਲੁਧਿਆਣਾ) ਸਦਾ ਲਈ ਵਿਛੜ ਗਏ। ਉਨ੍ਹਾਂ ਜੈਤੋਂ ਮੋਰਚੇ ‘ਚ ਡੇਢ ਸਾਲ ਨਾਭਾ ਬੀੜ ਜੇਲ੍ਹ ਦੀ ਯਾਤਰਾ ਕੀਤੀ।
23 ਜੁਲਾਈ 1975 ਨੂੰ ਬਾਬਾ ਅਮਰ ਸਿੰਘ ਸੰਧਵਾਂ ਪ੍ਰਧਾਨ ਦੇਸ਼ ਭਗਤ ਯਾਦਗਰ ਹਾਲ, ਜਲੰਧਰ ਸਦੀਵੀ ਵਿਛੋੜਾ ਦੇ ਗਏ।
24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਨਾਂ ਕਾਮਾਗਾਟਾ ਮਾਰੂ ਇਤਿਹਾਸ ਨਾਲ ਸਦਾ ਜੁੜਿਆ ਰਹੇਗਾ।
24 ਜੁਲਾਈ 1993 ਨੂੰ ਭਾਗ ਸਿੰਘ ਸੱਜਣ ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦੀ ਘੁਲਾਟੀਏ, ਦੇਸ਼ ਭਗਤ ਅਤੇ ਅਗਾਂਹ ਵਧੂ ਸੋਚ ਦੇ ਅਧਿਆਪਕ ਸਨ।
26 ਜੁਲਾਈ 1924 ਨੂੰ ਪ੍ਰਤਾਪ ਸਿੰਘ ਪੁੱਤਰ ਚੇਤ ਸਿੰਘ ਵਾਸੀ ਈਸ਼ਰਕੇ, ਸ਼ੇਖੂਪੁਰਾ (ਹੁਣ ਪਾਕਿਸਤਾਨ) ਚੱਲ ਵਸੇ। ਉਨ੍ਹਾਂ ਜੈਤੋਂ ਮੋਰਚੇ ‘ਚ ਨਾਭਾ ਜੇਲ੍ਹ ਯਾਤਰਾ ਕੀਤੀ।
27 ਜੁਲਾਈ 1948 ਨੂੰ ਸੁੱਚਾ ਸਿੰਘ ਪੁੱਤਰ ਸ਼ਮੀਰ ਸਿੰਘ, ਜਿਲਾ ਸ਼ੇਖੁਪੁਰਾ ਸਦੀਵੀ ਵਿਛੋੜਾ ਦੇ ਗਏ। ਉਹ ਗੁਰੂ ਕੇ ਬਾਗ ਮੋਰਚੇ ‘ਚ ਸ਼ਾਮਲ ਹੋਏ, ਸੀ. ਡੀ. ਐਮ.ਲਹਿਰ ‘ਚ ਹਿੱਸਾ ਲਿਆ ਤੇ ਦੋ ਸਾਲ ਜੇਲ੍ਹ ਯਾਤਰਾ ਕੀਤੀ।
27 ਜੁਲਾਈ 1970 ਨੂੰ ਬੂਝਾ ਸਿੰਘ ਨੂੰ ਪੰਜਾਬ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਉਹ ਅਰਜਨਟਾਈਨਾ ਤੋਂ ਗਦਰ ਪਾਰਟੀ ਦੇ ਮਾਸਕੋ ਪੜ੍ਹਾਈ ਕਰਨ ਵਾਲੇ ਪਹਿਲੇ ਯੂਨਿਟ ‘ਚ ਸਨ।
28 ਜੁਲਾਈ 1959 ਨੂੰ ਮੰਗਲ ਸਿੰਘ ਪੁੱਤਰ ਰਲਾ ਸਿੰਘ, ਪਿੰਡ ਰਾਮ ਪੁਰ ਸੁੰਨੜਾ, ਫਗਵਾੜਾ (ਕਪੂਰਥਲਾ) ਚੱਲ ਵਸੇ। ਉਹ ਬੱਬਰ ਅਕਾਲੀ ਸਨ ਤੇ ਇੱਕ ਸਾਲ ਜਲੰਧਰ ਜੇਲ੍ਹ ਦੀ ਯਾਤਰਾ ਕੀਤੀ।
29 ਜੁਲਾਈ 1965 ਨੂੰ ਬੀ. ਕੇ. ਦੱਤ (ਬੁੱਟਕੇਸ਼ਵਰ ਦੱਤ) ਕੈਂਸਰ ਦੀ ਨਾਲ ਸਦੀਵੀ ਵਿਛੋੜਾ ਦੇ ਗਏ। ਸ੍ਰੀ ਦੱਤ ਅਤੇ ਸ਼ਹੀਦ ਭਗਤ ਸਿੰਘ ਨੇ 1929 ਨੂੰ ਅਸੈਂਬਲੀ ਹਾਲ ‘ਚ ਬੰਬ ਸੁੱਟਿਆ ਸੀ।
29 ਜੁਲਾਈ 1982 ਨੂੰ ਸੋਹਨ ਸਿੰਘ ਜੋਸ਼ ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦੀ ਘੁਲਾਟੀਏ ਸਨ। ਗਦਰ ਲਹਿਰ ਲਈ ਲਿਖਿਆ। ਖੱਬੀ ਧਿਰ ਨਾਲ ਆਖਰੀ ਦਮ ਤੱਕ ਰਹੇ।
31 ਜੁਲਾਈ 1940 ਨੂੰ ਊਧਮ ਸਿੰਘ ਇੰਗਲੈਂਡ ਪਹੁੰਚ ਕੇ ਜਲਿਆਂਵਾਲਾ ਬਾਗ ਦਾ ਬਦਲਾ ਲੈ ਕੇ ਸ਼ਹੀਦ ਹੋ ਗਏ।
ਜੁਲਾਈ ਮਹੀਨੇ ਦੇ ਹੋਰ ਸ਼ਹੀਦ:
1921 ਵਿਚ ਭਾਈ ਵਤਨ ਸਿੰਘ ਬੱਬਰ ਇੱਕ ਬੀਬੀ ਨੂੰ ਹਲਕੇ ਕੁੱਤੇ ਤੋਂ ਬਚਾਉਣ ਲਈ ਮੋਹਰੇ ਹੋ ਗਏ, ਪਰ ਆਪ ਸ਼ਿਕਾਰ ਹੋ ਗਏ।
1937 ਵਿਚ ਹਜ਼ਾਰਾ ਸਿੰਘ ਪੁੱਤਰ ਰਾਜਾ ਸਿੰਘ, ਪਿੰਡ ਭਲੇਰੀ, ਨੂਰਪੁਰ, ਊਨਾ (ਹੁਸ਼ਿਆਰਪੁਰ) ਨੂੰ ਟਾਟਾ ਨਗਰ ‘ਚ ਫੈਕਟਰੀ ਮਾਲਕਾਂ ਨੇ ਕਾਰ ਥੱਲੇ ਕੁੱਚਲ ਦਿੱਤਾ।
1944 ਵਿਚ ਉਜਾਗਰ ਸਿੰਘ ਪਿੰਡ ਨੰਗਲ (ਹੁਸ਼ਿਆਰਪੁਰ) ਸ਼ਹੀਦੀ ਜਾਮ ਪੀ ਗਏ। ਉਹ ਆਈ. ਏ. ਤੇ ਆਈ. ਐਨ. ਏ. ਦੀ ਗੁਰੀਲਾ ਰੈਜੀਮੈਂਟ ‘ਚ ਸਨ ਅਤੇ ਕਲੇਵਾ ਐਕਸ਼ਨ ‘ਚ ਹਿੱਸਾ।
1944 ਵਿਚ ਮੰਗਤ ਸਿੰਘ ਪਿੰਡ ਕਮੋਨ (ਰੋਹਤਕ) ਚੱਲ ਵਸੇ। ਉਨ੍ਹਾਂ ਕਲੇਵਾ ਐਕਸ਼ਨ ‘ਚ ਹਿੱਸਾ ਲਿਆ।
1944 ਵਿਚ ਆਈ. ਏ. ਤੇ ਆਈ. ਐਨ. ਏ. ਦੇ ਫੌਜੀ ਮਹਿਬੂਬ ਬਖਸ਼ (ਜੇਹਲਮ); ਮੁਹੰਮਦ ਅਕਬਰ ਬਸਾਰਤ (ਜੇਹਲਮ); ਮੁਹੰਮਦ ਬਵ, ਪਿੰਡ ਖਾਈ (ਜੇਹਲਮ); ਮੁਹੰਮਦ ਜ਼ਾਨਿਲ (ਰਾਵਲਪਿੰਡੀ) ਅਤੇ ਮੁਹੰਮਦ ਖਾਨ (ਜੇਹਲਮ) ਸ਼ਹੀਦੀ ਪ੍ਰਾਪਤ ਕਰ ਗਏ।
1946 ਵਿਚ ਪੂਰਨ ਸਿੰਘ ਪੁੱਤਰ ਵਲਾਇਤੀ ਰਾਮ, ਪਿੰਡ ਜਗਰਾਉਂ (ਲੁਧਿਆਣਾ) ਚੱਲ ਵਸੇ। ਉਨ੍ਹਾਂ ਵਲਾਇਤੀ ਸਮਾਨ ਦੇ ਵਿਰੋਧ ‘ਚ 5 ਸਾਲ ਤੋਂ ਵੱਧ ਜੇਲ੍ਹ ਯਾਤਰਾ ਕੀਤੀ।
1946 ਵਿਚ ਆਈ. ਏ. ‘ਚ ਹੌਲਦਾਰ ਅਤੇ ਆਈ. ਐਨ. ਓ. ‘ਚ ਲੈਫਟੀਨੈਂਟ ਰਹੇ ਸ਼ੀਬ ਲਾਲ ਪੁੱਤਰ ਬਖਤਾਬਰ ਪਿੰਡ ਨਯਾ ਵਾਸ (ਰੋਹਤਕ) ਚੱਲ ਵਸੇ।
1955 ਵਿਚ ਡੱਸਕੇ ਤੇ ਜੈਤੋਂ ਮੋਰਚੇ ਦੇ ਜੁਝਾਰੂ ਜਵਾਹਰ ਸਿੰਘ, ਪਿੰਡ ਤਰਸਿੱਕਾ (ਅੰਮ੍ਰਿਤਸਰ) ਚਲਾਣਾ ਕਰ ਗਏ।
1958 ਵਿਚ ਡੱਸਕਾ ਮੋਰਚੇ ‘ਚ ਛੇ ਮਹੀਨੇ ਗੁਜਰਾਤ ਤੇ ਅੱਟਕ ਜੇਲ੍ਹ ਕੱਟਣ ਵਾਲੇ ਪਿੰਡ ਧੁੱਲਕਾ ਤੋਂ ਗ੍ਰੰਥੀ ਸਾਧੂ ਸਿੰਘ ਚੱਲ ਵਸੇ।
1970 ਵਿਚ ਨਿਹਾਲ ਸਿੰਘ ਪੁੱਤਰ ਬਿਸ਼ਨ ਸਿੰਘ, ਪਿੰਡ ਦੌਲਤਪੁਰ, ਗੌਸਲ (ਸੰਗਰੂਰ) ਫੌਤ ਹੋ ਗਏ। ਉਨ੍ਹਾਂ ਪਰਜਾਪਤ ਤੇ ਮੁਜਾਰਾ ਲਹਿਰ ‘ਚ ਹਿੱਸਾ ਲਿਆ।
1982 ਵਿਚ ਆਜ਼ਾਦੀ ਘੁਲਾਟੀਏ ਦਲੀਪ ਸਿੰਘ (ਚਾਚਾ) ਪਿੰਡ ਮੇਘੋਵਾਲ ਗੰਜੀਆਂ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ।

ਸ਼ਹੀਦ, ਦਰੱਖਤਾਂ ਵਰਗੇ ਹੁੰਦੇ ਹਨ, ਜੋ ਖੁਸ਼ਹਾਲ ਸਮਾਜ ਬਣਾਉਣ ਲਈ ਆਕਸੀਜਨ ਦਿੰਦੇ ਹਨ।

ਕੌਮਾਂ ਦੇ ਮਰਜੀਵੜੇ, ਜਾਪਣ ਜੀਕਣ ਰੁੱਖ
ਝੱਖੜ ਸਿਰਾਂ ‘ਤੇ ਝੱਲ ਕੇ, ਦਿੰਦੇ ਛਾਂ ਦੇ ਸੁੱਖ।

ਬਹਾਦਰਾਂ ਦੀਆਂ ਬਹਾਦਰੀਆਂ, ਸ਼ਹੀਦਾਂ ਦੀਆਂ ਸ਼ਹੀਦੀਆਂ ਤੋਂ ਬਿਨਾ ਪਰ-ਉਪਕਾਰ ਅਤੇ ਸੇਵਾ ਦੀ ਹੋਂਦ ਬਹੁਤ ਦੇਰ ਨਹੀਂ ਰਹਿ ਸਕਦੀ। (ਭਾਈ ਸੰਤੋਖ ਸਿੰਘ ਧਰਦਿਉ)
ਜਿਨ੍ਹਾਂ ਸੰਗਰਾਮੀਆਂ ਅਤੇ ਸ਼ਹੀਦਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਅਤੇ ਖੁਸ਼ਹਾਲ ਜੀਵਨ ਲਈ ਆਪਾ ਨਿਸ਼ਾਵਰ ਕੀਤਾ, ਉਨ੍ਹਾਂ ਨੂੰ ਯਾਦ ਕਰਨਾ ਮਨੁੱਖੀ ਫਰਜ਼ ਹੈ। ਆਓ, ਗਦਰੀ ਬਾਬਿਆਂ ਨੂੰ ਸਮਰਪਿਤ ਹੋ ਕੇ ਦੁਸ਼ਵਾਰੀਆਂ ਨੂੰ ਦੂਰ ਕਰਨ ਲਈ ਵਿਰਸੇ ਨੂੰ ਯਾਦ ਕਰੀਏ। ਜੇ ਤੁਹਾਡੇ ਕੋਲ ਭੁੱਲੇ ਵਿਸਰੇ ਆਜ਼ਾਦੀ ਦੇ ਸੰਗਰਾਮੀ ਅਤੇ ਸ਼ਹੀਦਾਂ ਦੀ ਜਾਣਕਾਰੀ ਹੋਵੇ ਤਾਂ ਫੋਨ: 1-347-753-5940 ‘ਤੇ ਸੰਪਰਕ ਕਰੋ ਜਾਂ ਮੈਸੇਜ਼ ਕਰੋ ਤਾਂ ਕਿ ਉਨ੍ਹਾਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀ ਦਾ ਰਿਣ ਉਤਾਰਿਆ ਜਾ ਸਕੇ।
ਸੰਗਰਾਮੀ ਅਤੇ ਸ਼ਹੀਦਾਂ ਦੀ ਜਾਣਕਾਰੀ ਪੇਸ਼ ਕਰਨ ਲਈ ਜਿਨ੍ਹਾਂ ਸੱਜਣਾਂ ਨੇ ਉਤਸ਼ਾਹਿਤ ਕੀਤਾ, ਅਸੀਂ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਾਂ।
ਵਲੋਂ: ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ