ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਰਥਿਕ ਬੋਝ ਥੱਲੇ ਹੇਠ ਦੱਬੀ ਅਕਾਲੀ-ਭਾਜਪਾ ਸਰਕਾਰ ਹੁਣ ਘੋੜਿਆਂ ‘ਤੇ ਸੱਟੇ ਨਾਲ ਖ਼ਜ਼ਾਨਾ ਭਰੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਹਿਲਾ ਰੇਸ ਕੋਰਸ ਲੁਧਿਆਣਾ ਜ਼ਿਲ੍ਹੇ ਵਿਚ ਸਥਾਪਤ ਕਰਨ ਦੀ ਯੋਜਨਾ ਹੈ ਜਿਸ ਲਈ ਕਿਸਾਨਾਂ ਤੋਂ 1200 ਏਕੜ ਜ਼ਮੀਨ ਖੋਹੀ ਜਾਵੇਗੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਲੁਧਿਆਣਾ ਨੇੜੇ ਸਥਾਪਤ ਹੋਣ ਵਾਲੇ ਸੈਲਾਨੀ ਕੇਂਦਰ ਵਿਚ ਕੈਸੀਨੋ ਖੋਲ੍ਹਣ ਦੀ ਵੀ ਯੋਜਨਾ ਹੈ। ਸਰਕਾਰ ਵੱਲੋਂ ਰੇਸ ਕੋਰਸ ਕਲੱਬ ਸਥਾਪਤ ਕਰਨ ਲਈ ਪਿਛਲੇ ਡੇਢ ਦਹਾਕੇ ਤੋਂ ਯਤਨ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਇਹ ਮਾਮਲਾ ਉਠਿਆ ਸੀ ਪਰ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਸਰਕਾਰ ਨੇ ਫ਼ੈਸਲਾ ਵਾਪਸ ਲੈ ਲਿਆ ਸੀ।
ਹੁਣ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਲਾਟਰੀਆਂ ਖੇਡਣ ਤੇ ਸੱਟੇ ਨਾਲ ਜੋੜਨ ਲਈ ਦੋ ਵੱਡੇ ਫ਼ੈਸਲੇ ਲਏ ਗਏ ਹਨ। ਇਕ ਫੈਸਲਾ ਆਨਲਾਈਨ ਲਾਟਰੀ ਦਾ ਹੈ ਜਿਸ ਤੋਂ ਮੁੱਢਲੇ ਤੌਰ ‘ਤੇ 200 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋਵੇਗੀ। ਇਸੇ ਤਰ੍ਹਾਂ ਰੇਸ ਕੋਰਸ ਦੇ ਸਥਾਪਤ ਹੋਣ ਨੂੰ ਬੇਸ਼ੱਕ ਤਿੰਨ ਸਾਲ ਲੱਗ ਸਕਦੇ ਹਨ ਪਰ ਸਰਕਾਰ ਵੱਲੋਂ ਇਹ ਫ਼ੈਸਲਾ ਮਾਲੀ ਹਾਲਤ ਸੁਧਾਰਨ ਲਈ ਲਿਆ ਗਿਆ ਹੈ। ਸਰਕਾਰ ਵੱਲੋਂ ਪਹਿਲੀ ਵਾਰੀ ਘੋੜਿਆਂ ‘ਤੇ ਸੱਟੇ ਨੂੰ ਕਾਨੂੰਨੀ ਰੂਪ ਦੇਣ ਦਾ ਰਾਹ ਖੋਲ੍ਹਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਪਹਿਲਾ ਰੇਸ ਕੋਰਸ ਲੁਧਿਆਣਾ ਜ਼ਿਲ੍ਹੇ ਵਿਚ ਬਣਾਉਣ ਦੀ ਯੋਜਨਾ ਹੈ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਦਾ ਜ਼ਿੰਮਾ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਨੂੰ ਦਿੱਤਾ ਗਿਆ ਹੈ। ਬੋਰਡ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਾਛੀਵਾੜਾ ਨੇੜੇ ਹੈਦਰ ਨਗਰ, ਮੱਤੇਵਾੜਾ, ਸੇਖੂਵਾਲ ਆਦਿ ਅੱਧੀ ਦਰਜਨ ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ।
ਬੋਰਡ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਪਿੰਡਾਂ ਵਿਚ ਪੰਚਾਇਤਾਂ ਤੇ ਹੋਰ ਸਰਕਾਰੀ ਵਿਭਾਗਾਂ ਦੀ ਕਰੀਬ 1200 ਏਕੜ ਜ਼ਮੀਨ ਹੈ ਜਿੱਥੇ ਰੇਸ ਕੋਰਸ ਤੇ ਸੈਰ ਸਪਾਟੇ ਦੀਆਂ ਹੋਰ ਥਾਵਾਂ ਨੂੰ ਵਿਕਸਤ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਵੱਲੋਂ ਰੇਸ ਕੋਰਸ ਐਕਟ ਦੇ ਖ਼ਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਖ਼ਰੜੇ ‘ਤੇ ਵਿਧਾਨ ਸਭਾ ਦੀ ਮੋਹਰ ਲੱਗਣ ਤੋਂ ਬਾਅਦ ਘੋੜਿਆਂ ਦੀ ਦੌੜ ‘ਤੇ ਸੱਟਾ ਲਾਉਣਾ ਪੰਜਾਬ ਵਿਚ ਕਾਨੂੰਨੀ ਤੌਰ ‘ਤੇ ਜਾਇਜ਼ ਮੰਨਿਆ ਜਾਵੇਗਾ। ਮੰਤਰੀ ਮੰਡਲ ਵਿਚ ਕਾਨੂੰਨ ਦੇ ਖ਼ਰੜੇ ਦਾ ਏਜੰਡਾ ਗ੍ਰਹਿ ਵਿਭਾਗ ਵੱਲੋਂ ਪੇਸ਼ ਕੀਤਾ ਗਿਆ ਸੀ ਜਦਕਿ ਰੇਸ ਕੋਰਸ ਤੇ ਸੈਲਾਨੀ ਕੇਂਦਰ ਪੀਆਈਡੀਬੀ ਨੇ ਬਣਾਉਣਾ ਹੈ।
ਵਿੱਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਨੇੜਲੇ ਸੈਲਾਨੀ ਕੇਂਦਰ ਤੇ ਰੇਸ ਕੋਰਸ ਤੋਂ ਸਰਕਾਰ ਨੂੰ ਮੁੱਢਲੇ ਤੌਰ ‘ਤੇ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੋਣ ਦਾ ਅਨੁਮਾਨ ਹੈ। ਲੁਧਿਆਣਾ ਜ਼ਿਲ੍ਹੇ ਦੇ ਹੈਦਰ ਨਗਰ, ਮੱਤੇਵਾੜਾ, ਸੇਖੂਵਾਲ ਆਦਿ ਪਿੰਡਾਂ ਦੀ ਜ਼ਮੀਨ ‘ਤੇ ਬਣਨ ਵਾਲੇ ਇਸ ਵਿਸ਼ਵ ਪੱਧਰੀ ਸੈਲਾਨੀ ਕੇਂਦਰ ਵਿਚ ਰੇਸ ਕੋਰਸ, ਗੋਲਫ਼ ਕੋਰਸ, ਪੰਜ ਤਾਰਾ ਹੋਟਲ, ਐਮਿਊਜ਼ਮੈਂਟ ਪਾਰਕ, ਜੰਗਲਾਤ ਹੱਬ ਤੇ ਹੋਰ ਅਤਿ ਆਧੁਨਿਕ ਸਹੂਲਤਾਂ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸੈਲਾਨੀ ਕੇਂਦਰ ਸਥਾਪਤ ਕਰਨ ਲਈ ਜ਼ਮੀਨ ਦੇਣ ਲਈ ਹਾਮੀ ਭਰ ਦਿੱਤੀ ਹੈ।
ਇਨ੍ਹਾਂ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਦੇ ਬਾਗਬਾਨੀ ਵਿਭਾਗਾਂ ਦੀਆਂ ਜ਼ਮੀਨਾਂ ਵੀ ਹਨ। ਇਹ ਵਿਭਾਗ ਵੀ ਜ਼ਮੀਨ ਦੇਣ ਲਈ ਰਾਜ਼ੀ ਹੈ। ਇਸ ਪ੍ਰਾਜੈਕਟ ਲਈ ਸਰਕਾਰ ਵੱਲੋਂ ਨਿੱਜੀ ਭਾਈਵਾਲਾਂ ਨੂੰ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ ਤੇ ਉਸਾਰੀ ‘ਤੇ ਖਰਚਾ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤਾ ਜਾਵੇਗਾ। ਲੁਧਿਆਣਾ ਦੀ ਹੱਦ ਦੁਆਬੇ ਨਾਲ ਲੱਗਦੀ ਹੋਣ ਕਾਰਨ ਐਨਆਰਆਈ ਯਾਤਰੀਆਂ ਲਈ ਵੀ ਇਲਾਕਾ ਖਿੱਚ ਦਾ ਕੇਂਦਰ ਹੋਵੇਗਾ। ਅਧਿਕਾਰੀਆਂ ਦਾ ਦੱਸਣਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੀ ਚੋਣ ਇਸ ਕਰਕੇ ਕੀਤੀ ਗਈ ਕਿਉਂਕਿ ਇਨ੍ਹਾਂ ਪਿੰਡਾਂ ਵਿਚ ਪੰਚਾਇਤਾਂ ਤੇ ਸਰਕਾਰੀ ਵਿਭਾਗਾਂ ਦੀ ਵਾਧੂ ਜ਼ਮੀਨ ਪਈ ਹੈ। ਸਤਲੁਜ ਦਰਿਆ ਦੇ ਕੰਢੇ ‘ਤੇ ਪਿੰਡ ਵਸੇ ਹੋਣ ਕਾਰਨ ਸੈਲਾਨੀ ਕੇਂਦਰ ਦੀ ਦਿੱਖ ਪ੍ਰਭਾਵਸ਼ਾਲੀ ਤੇ ਕੁਦਰਤੀ ਹੋਵੇਗੀ। ਇਹ ਇਲਾਕਾ ਪੰਜਾਬ ਦੇ ਐਨ ਵਿਚਾਲੇ ਵੀ ਪੈਂਦਾ ਹੈ।
Leave a Reply