ਸਾਬਕਾ ਪੁਲਿਸ ਮੁਖੀ ਨੇ ਖੋਲ੍ਹੀ ਨਸ਼ਿਆਂ ਦੇ ਸੌਦਾਗਰਾਂ ਦੀ ਪੋਲ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਪੁਲਿਸ ਦੇ ਸੇਵਾਮੁਕਤ ਡਾਇਰੈਕਟਰ ਜਨਰਲ ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਕਾਰਨ ਚਰਚਾ ਵਿਚ ਰਹੇ ਸ਼ਸ਼ੀ ਕਾਂਤ ਨੇ ਨਸ਼ਿਆਂ ਦੇ ਸੌਦਾਗਰਾਂ ਦੀ ਪੋਲ ਖੋਲ੍ਹੀ ਹੈ। ਸਿਆਸੀ ਆਗੂਆਂ ਦੀ ਨਸ਼ਿਆਂ ਦੀ ਤਸਕਰੀ ਵਿਚ ਸ਼ਮੂਲੀਅਤ ਦੇ ਖੁਲਾਸੇ ਨੇ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਹਨ। ਸ੍ਰੀ ਸ਼ਸ਼ੀ ਕਾਂਤ ਨੇ ਅਹਿਮ ਖ਼ੁਲਾਸੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਤਸਕਰੀ ਨਾਲ ਕੁਝ ਅਹਿਮ ਸਿਆਸੀ ਆਗੂਆਂ ਦੇ ਤਾਰ ਵੀ ਜੁੜੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖਾੜਕੂ ਲਹਿਰ ਦੇ ਦੌਰ ਵੇਲੇ ਪਾਕਿਸਤਾਨ ਤੋਂ ਹਥਿਆਰਾਂ ਦੇ ਨਾਲ ਨਸ਼ੀਲੇ ਪਦਾਰਥ ਵੀ ਆਉਣੇ ਸ਼ੁਰੂ ਹੋਏ ਸਨ ਪਰ ਉਸ ਸਮੇਂ ਕਿਸੇ ਵੀ ਖਾੜਕੂ ਗਰੁੱਪ ਨੇ ਨਸ਼ੀਲੇ ਪਦਾਰਥ ਪੰਜਾਬ ਵਿਚ ਰੱਖੇ ਜਾਂ ਵੇਚੇ ਨਹੀਂ, ਸਗੋਂ ਦੱਸੇ ਗਏ ਅਗਲੇ ਸਥਾਨਾਂ ਉਪਰ ਹੀ ਭੇਜ ਦਿੱਤੇ ਜਾਂਦੇ ਰਹੇ ਹਨ ਤੇ ਸਿਰਫ ਹਥਿਆਰਾਂ ਦੀ ਹੀ ਉਹ ਵਰਤੋਂ ਕਰਦੇ ਰਹੇ ਸਨ।
ਜਿਉਂ ਹੀ 1991-92 ਤੋਂ ਖਾੜਕੂ ਲਹਿਰ ਮੱਠੀ ਪੈ ਗਈ ਤਾਂ ਪਾਕਿਸਤਾਨ ਵਿਚ ਬਚੇ ਖਾੜਕੂਆਂ ਤੇ ਪੰਜਾਬ ਵਿਚ ਉੱਭਰੇ ਨਵੇਂ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਸਿਆਸਤਦਾਨਾਂ ਨੇ ਆਪਣੇ ਸਵਾਰਥ ਲਈ ਅਜਿਹੇ ਲੋਕਾਂ ਦੀ ਪੁਸ਼ਤਪਨਾਹੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹੀ ਪੰਜਾਬ ਅੰਦਰ ਨਾਰਕੋ ਪਾਲੇਟਿਕਸ (ਨਸ਼ਿਆਂ ਦੀ ਸਿਆਸਤ) ਦਾ ਆਰੰਭ ਹੋਇਆ। ਸ੍ਰੀ ਸ਼ਸ਼ੀ ਕਾਂਤ ਅਨੁਸਾਰ ਨਸ਼ਿਆਂ ਦੀ ਤਸਕਰੀ ਵਿਚ ਮਦਦਗਾਰ ਹੋਣ ਵਿਚ ਪੁਲਿਸ ਦੇ ਥਾਣਾ ਮੁਖੀ ਤੋਂ ਐਸ਼ਪੀæ ਰੈਂਕ ਦੇ ਅਧਿਕਾਰੀ ਤੱਕ ਕਾਫੀ ਗਿਣਤੀ ਵਿਚ ਸ਼ਾਮਲ ਹਨ ਪਰ ਪੁਲਿਸ ਅਫ਼ਸਰਸ਼ਾਹੀ ਵਿਚੋਂ ਕੋਈ ਅਫ਼ਸਰ ਇਸ ਕੰਮ ਵਿਚ ਸ਼ਾਮਲ ਨਹੀਂ ਹੈ।
ਉਨ੍ਹਾਂ ਅਨਸਾਰ ਸਰਹੱਦੀ ਰੇਂਜ ਤੇ ਜਲੰਧਰ ਰੇਂਜ ਦੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਾਇਦਾਦ ਕਾਰੋਬਾਰ ਦੇ ਧੰਦੇ ਵਿਚ ਪਏ ਹੋਏ ਹਨ। ਕਈ ਅਫ਼ਸਰ ਤਾਂ ਅਫ਼ਸਰ ਘੱਟ ਤੇ ਪ੍ਰਾਪਰਟੀ ਡੀਲਰ ਵਧੇਰੇ ਬਣੇ ਹੋਏ ਹਨ। ਪ੍ਰਾਪਰਟੀ ਡੀਲਰਾਂ ਤੇ ਅਜਿਹੇ ਅਧਿਕਾਰੀਆਂ ਦੇ ਨਾਪਾਕ ਗਠਜੋੜ ਵੱਲੋਂ ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉਪਰ ਵੀ ਕਬਜ਼ੇ ਕੀਤੇ ਜਾਂਦੇ ਹਨ ਤੇ ਕਈ ਝਗੜੇ ਵਾਲੀਆਂ ਮਹਿੰਗੀਆਂ ਜਾਇਦਾਦਾਂ ਉੱਪਰ ਅੱਖ ਰੱਖੀ ਜਾਂਦੀ ਹੈ। ਸਾਲ ਕੁ ਪਹਿਲਾਂ ਡੀਜੀæਪੀ ਦੇ ਅਹੁਦੇ ਤੋਂ ਫਾਰਗ ਹੋਏ ਤੇ ਪੰਜਾਬ ਤੇ ਦਿੱਲੀ ਵਿਚ ਖੁਫ਼ੀਆ ਵਿਭਾਗ ਦੇ ਚੋਟੀ ਦੇ ਅਫ਼ਸਰ ਵਜੋਂ ਕੰਮ ਕਰ ਚੁੱਕੇ ਸ਼ਸ਼ੀ ਕਾਂਤ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਅੰਦਰ ਵੱਡੇ ਫਾਰਮ ਹਾਊਸਾਂ ਵਿਚ ਹੁੰਦੀਆਂ ਰੇਵ ਪਾਰਟੀਆਂ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਆਮ ਹੁੰਦਾ ਹੈ ਤੇ ਇਨ੍ਹਾਂ ਪਾਰਟੀਆਂ ਵਿਚ ਵੱਡੇ ਘਰਾਂ ਦੇ ਕਾਕੇ, ਕਾਕੀਆਂ ਤੇ ਹੋਰ ਲੋਕ ਸ਼ਾਮਲ ਹੁੰਦੇ ਹਨ। ਪੰਜਾਬ ਬਾਰੇ ਹੁਣ ਤੱਕ ਕੀਤੇ ਗਏ ਕਈ ਸਰਵੇਖਣਾਂ ਵਿਚ ਇਹ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਕਿਸੇ ਨਾ ਕਿਸੇ ਰੂਪ ਵਿਚ ਨਸ਼ਿਆਂ ਦਾ ਸੇਵਨ ਕਰਦੇ ਹਨ। 60 ਫੀਸਦੀ ਦੇ ਕਰੀਬ ਸਕੂਲੀ ਬੱਚੇ ਵੀ ਕਿਸੇ ਨਾ ਕਿਸੇ ਸਮੇਂ ਨਸ਼ਿਆਂ ਦਾ ਸੇਵਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਬਾਹਰੋਂ ਨਸ਼ੀਲੇ ਪਦਾਰਥ ਆਉਣ ਦਾ ਰਸਤਾ ਮੁੰਬਈ ਹੀ ਸੀ ਪਰ ਹੁਣ ਦੇਸ਼ ਅੰਦਰ ਅਨੇਕਾਂ ਨਾਕੇ ਇਸ ਹਮਲੇ ਖੁੱਲ੍ਹ ਚੁੱਕੇ ਹਨ। ਜੰਮੂ-ਕਸ਼ਮੀਰ ਰਾਹੀਂ ਨਸ਼ੀਲੇ ਪਦਾਰਥ ਹਿਮਾਚਲ ਪਹੁੰਚ ਰਹੇ ਹਨ।
ਨਿਪਾਲ ਤੋਂ ਉਤਰਾਖੰਡ ਦੇ ਤਰਾਈ ਖੇਤਰ ਤੇ ਬਿਹਾਰ ਵਿਚ ਬਕਸਰ ਰਾਹੀਂ ਇਹ ਧੰਦਾ ਸ਼ੁਰੂ ਹੋ ਗਿਆ ਹੈ। ਮੀਆਂਮਾਰ, ਬਰਮਾ ਤੋਂ ਬੰਗਲਾਦੇਸ਼ ਤੇ ਫਿਰ ਪੱਛਮੀ ਬੰਗਾਲ ਵਿਚ ਨਸ਼ੀਲੇ ਪਦਾਰਥ ਪੁੱਜਣ ਦਾ ਰਸਤਾ ਖੁੱਲ੍ਹ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਸਰਹੱਦ ਰਾਹੀਂ ਨਸ਼ੀਲੇ ਪਦਾਰਥ ਬੇਰੋਕ-ਟੋਕ ਆਉਂਦੇ ਹਨ। ਬੀਐਸਐਫ ਦੇ ਅਨੇਕਾਂ ਅਧਿਕਾਰੀ ਤੇ ਕਰਮਚਾਰੀ ਇਸ ਸਮੇਂ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਹੇਠ ਜੇਲ੍ਹਾਂ ਵਿਚ ਬੰਦ ਹਨ। ਜਦ ਕਦੇ ਰੌਲਾ ਪੈਂਦਾ ਹੈ ਤਾਂ ਬੀਐਸਐਫ ਬਰਾਮਦਗੀ ਦਿਖਾ ਦਿੰਦੀ ਹੈ, ਨਹੀਂ ਤਾਂ ਚੁੱਪ-ਚਾਪ ਇਹ ਧੰਦਾ ਚਲਦਾ ਰਹਿੰਦਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਅੰਮ੍ਰਿਤਸਰ, ਫਿਲੌਰ ਤੇ ਫਿਰੋਜ਼ਪੁਰ ਵਿਚ ਪਿਛਲੇ ਸਮੇਂ ਵਿਚ ਫੜੇ ਗਏ ਲੋਕਾਂ ਦੀ ਸਿਆਸਤਦਾਨਾਂ ਵੱਲੋਂ ਪੁਸ਼ਤਪਨਾਹੀ ਕਰਨ ਦੇ ਸਬੂਤ ਸਾਹਮਣੇ ਆਏ ਹਨ।
_____________
ਨਸ਼ਿਆਂ ਦੇ ਦਰਿਆ ਠੱਲ੍ਹਣ ਲਈ ਸੁਹਿਰਦ ਨਹੀਂ ਸਰਕਾਰ
ਚੰਡੀਗੜ੍ਹ:(ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਵਗ ਰਹੇ ਸ਼ਰਾਬ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਗੰਭੀਰ ਨਹੀਂ। ਸ਼ਰਾਬ ਦਾ ਦੌਰ ਰੋਕਣ ਲਈ ਅੱਗੇ ਆ ਰਹੀਆਂ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਦੇ ਰਾਹ ਵਿਚ ਸਰਕਾਰ ਲਗਾਤਾਰ ਅੜਿੱਕਾ ਬਣ ਰਹੀ ਹੈ। ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੀ ਪੁਸ਼ਟੀ ਸਰਕਾਰੀ ਅੰਕੜੇ ਕਰਦੇ ਹਨ।
ਸੂਚਨਾ ਅਧਿਕਾਰ ਐਕਟ ਤਹਿਤ ਐਕਸਾਈਜ਼ ਵਿਭਾਗ ਤੋਂ ਹਾਸਲ ਸੂਚਨਾ ਅਨੁਸਾਰ ਇਸ ਵਾਰ ਜ਼ਿਲ੍ਹਾ ਸੰਗਰੂਰ ਵਿਚ ਸ਼ਰਾਬ ਦੇ 35 ਠੇਕੇ ਨਵੇਂ ਖੋਲ੍ਹ ਦਿੱਤੇ ਗਏ ਹਨ। ਖਾਸ ਗੱਲ ਹੈ ਕਿ ਜ਼ਿਲ੍ਹੇ ਦੀਆਂ 43 ਪੰਚਾਇਤਾਂ ਨੇ ਪੰਚਾਇਤੀ ਰਾਜ ਐਕਟ ਤਹਿਤ ਮਤੇ ਪਾਸ ਕਰਕੇ ਆਬਕਾਰੀ ਵਿਭਾਗ ਨੂੰ ਭੇਜੇ ਸਨ ਕਿ ਉਨ੍ਹਾਂ ਦੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ ਪਰ ਸਰਕਾਰ ਨੇ ਇਨ੍ਹਾਂ ਪੰਚਾਇਤਾਂ ਨੂੰ ਸ਼ਾਬਾਸ਼ ਤਾਂ ਕੀ ਦੇਣੀ ਸੀ, ਉਲਟਾ ਛੋਟੇ-ਮੋਟੇ ਇਤਰਾਜ਼ ਲਾ ਕੇ 43 ਵਿਚੋਂ 27 ਪੰਚਾਇਤਾਂ ਦੇ ਮਤੇ ਰੱਦ ਕਰ ਦਿੱਤੇ ਗਏ।
ਭਾਵੇਂ ਵਿਭਾਗ ਦਾ ਕਹਿਣਾ ਹੈ ਕਿ ਨੌਂ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਬੰਦ ਕੀਤੇ ਹਨ ਪਰ ਸਮਾਜ ਸੇਵੀ ਆਗੂਆਂ ਮੁਤਾਬਕ ਜ਼ਿਲ੍ਹੇ ਵਿਚੋਂ ਸਿਰਫ਼ ਦੋ ਪਿੰਡਾਂ ਬਟੂਹਾ ਤੇ ਰੁੜਕੀ ਕਲਾਂ ਦੇ ਮਤੇ ਪ੍ਰਵਾਨ ਕਰਦਿਆਂ ਇਨ੍ਹਾਂ ਪਿੰਡਾਂ ਦੇ ਠੇਕੇ ਹੀ ਬੰਦ ਕੀਤੇ ਹਨ। ਇਨ੍ਹਾਂ ਵਿਚੋਂ ਸੱਤ ਪਿੰਡ ਉਹ ਹਨ ਜਿਨ੍ਹਾਂ ਨੇ ਮਤੇ ਪਾਸ ਕੀਤੇ ਸਨ ਪਰ ਸ਼ਰਾਬ ਦੇ ਠੇਕੇ ਇਨ੍ਹਾਂ ਪਿੰਡਾਂ ਵਿਚ ਪਹਿਲਾਂ ਹੀ ਬੰਦ ਸੀ। ਇਸ ਤੋਂ ਇਲਾਵਾ ਸੱਤ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਪਿੰਡ ਤੋਂ ਬਾਹਰ ਤਬਦੀਲ ਕੀਤੇ ਹਨ।
ਇਸ ਤੋਂ ਵੱਧ ਸਿੱਤਮ ਦੀ ਗੱਲ ਇਹ ਹੈ ਕਿ ਤਿੰਨ ਉਨ੍ਹਾਂ ਪਿੰਡਾਂ ਚੰਗਾਲ, ਜਾਤੀਮਾਜਰਾ ਤੇ ਭਰੂਰ ਵਿਚ ਵੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਪਿੰਡਾਂ ਵਿਚ ਪਿਛਲੇ ਤਿੰਨ ਸਾਲਾਂ ਤੋਂ ਠੇਕੇ ਬੰਦ ਸਨ। ਇਨ੍ਹਾਂ ਵਿਚੋਂ ਚੰਗਾਲ ਉਹ ਪਿੰਡ ਹੈ ਜੋ ਸ਼ਰਾਬ ਮੁਕਤ ਹੋਣ ਕਾਰਨ ਆਮਿਰ ਖ਼ਾਨ ਦੇ ਟੀਵੀ ਸ਼ੋਅ ‘ਸੱਤਿਆਮੇਵ ਜਯਤੇ’ ਵਿਚ ਪੂਰੀ ਦੁਨੀਆਂ ਵਿਚ ਪ੍ਰਸਿੱਧ ਹੋਇਆ ਸੀ। ਆਮੀਰ ਖਾਨ ਨੇ ਵੀਡੀਓ ਕਾਨਫਰੰਸ ਰਾਹੀਂ ਪੰਚਾਇਤ ਤੇ ਲੋਕਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਸੀ ਪਰ ਹੈਰਾਨਗੀ ਦੀ ਗੱਲ ਕਿ ਚੰਗਾਲ ਪਿੰਡ ਵਿਚ ਵੀ ਇਸ ਵਾਰ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ।
ਜਿਨ੍ਹਾਂ ਪਿੰਡਾਂ ਵਿਚੋਂ ਸਿਰਫ਼ 10 ਬੋਤਲਾਂ ਨਾਜਾਇਜ਼ ਸ਼ਰਾਬ ਵਿਕਣ ਦਾ ਕੇਸ ਸੀ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਰੱਦ ਕਰਦਿਆਂ ਠੇਕੇ ਖੋਲ੍ਹੇ ਗਏ ਹਨ। ਇਨ੍ਹਾਂ ਪਿੰਡਾਂ ਵਿਚ ਹੁਣ 10 ਨਾਜਾਇਜ਼ ਬੋਤਲਾਂ ਦੀ ਬਜਾਏ ਸਾਲ ਭਰ ਦੇ ਅਲਾਟ ਕੀਤੇ ਕੋਟੇ ਤਹਿਤ 10 ਤੋਂ 50 ਹਜ਼ਾਰ ਤੱਕ ਸ਼ਰਾਬ ਦੀਆਂ ਬੋਤਲਾਂ ਜਾਇਜ਼ ਤੌਰ ‘ਤੇ ਵਿਕਣਗੀਆਂ।
ਹਾਸਲ ਜਾਣਕਾਰੀ ਅਨੁਸਾਰ ਪਿੰਡ ਈਨਾ ਬਾਜਵਾ ਲਈ 40 ਹਜ਼ਾਰ ਬੋਤਲਾਂ, ਕਾਂਝਲਾ ਲਈ 40 ਹਜ਼ਾਰ, ਕਾਤਰੋਂ ਲਈ 25 ਹਜ਼ਾਰ, ਉਭਾਵਾਲ ਲਈ 49 ਹਜ਼ਾਰ, ਘਾਬਦਾਂ ਲਈ 20 ਹਜ਼ਾਰ, ਕੁੰਨਰਾਂ ਲਈ 10 ਹਜ਼ਾਰ, ਲੱਡਾ ਲਈ 35 ਹਜ਼ਾਰ ਬੋਤਲਾਂ ਦਾ ਕੋਟਾ ਅਲਾਟ ਕੀਤਾ ਗਿਆ ਹੈ।

Be the first to comment

Leave a Reply

Your email address will not be published.