ਸਤਿਕਾਰ ਯੋਗ ਭਾਈ ਸਾਹਿਬ ਜੀਉ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਮੈਂ ਤੁਹਾਡਾ ਪ੍ਰਸ਼ੰਸਕ ਵੀ ਹਾਂ ਤੇ ਸ਼ੁੱਭਚਿੰਤਕ ਵੀ। ਮੇਰੀ ਇਹ ਮਾਨਤਾ ਰਹੀ ਹੈ ਕਿ ਤੁਸੀਂ ਕਿਸੇ ਉਚੇਚੀ ਰੱਬੀ ਬਖਸ਼ਿਸ਼ ਦੇ ਪਾਤਰ ਹੋ। ਸਿੱਖ ਧਰਮ ਅੰਦਰ ਤੁਹਾਡੀ ਵਿਸ਼ਵ ਵਿਆਪੀ ਪਛਾਣ ਹੈ। ਤੁਹਾਡੇ ਚਿਹਰੇ ਉਪਰਲਾ ਨੂਰ, ਤੁਹਾਡੀ ਆਵਾਜ਼ ਅੰਦਰ ਜਾਦੂਈ ਸੰਗੀਤਕ ਸੁਰ ਤੇ ਬੇਬਾਕ ਬੋਲਣ ਸ਼ੈਲੀ ਸਿੱਖ ਸੰਗਤਾਂ ਲਈ ਚੁੰਬਕੀ ਖਿੱਚ ਦਾ ਕਾਰਨ ਬਣੀਆਂ ਹਨ।
ਇਹ ਵੀ ਹਕੀਕਤ ਹੈ ਕਿ ਜਦੋਂ ਕਿਸੇ ਵੀ ਵਿਅਕਤੀ ਦੀ ਪਛਾਣ ਤੇ ਮਾਨਤਾ ਦਾ ਚੋਲਾ ਵੱਡਾ ਹੁੰਦਾ ਜਾਵੇ ਤਾਂ ਨਾਲ ਹੀ ਆਸ-ਪਾਸ ਤੋਂ ਈਰਖਾ ਦੇ ਕੰਡੇ ਲੱਗਣ ਦੀ ਸੰਭਾਵਨਾ ਵੀ ਵਧਣ ਲੱਗਦੀ ਹੈ। ਅਜਿਹੇ ਸਮੇਂ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਤੇ ਸੁਚੇਤਤਾ ਬਹੁਤ ਵਧ ਜਾਂਦੀ ਹੈ ਕਿ ਵੱਡੇ ਹੋ ਰਹੇ ਚੋਲੇ ਦੇ ਫੈਲਾਉ ਉਪਰ ਇਸ ਦਾ ਅਸਰ ਨਾ ਪਵੇ ਤੇ ਕੰਡੇ ਲੱਗਣ ਦੀ ਸੰਭਾਵਨਾ ਨੂੰ ਵੀ ਸੰਕੋਚਿਆ ਜਾਵੇ ਪਰ ਕਈ ਵਾਰੀ ਜਦੋਂ ਈਰਖਾ ਹੜ੍ਹ ਦੇ ਪਾਣੀ ਵਾਂਗ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਦੀ ਦਿਸੇ ਤਾਂ ਭਲਾਈ ਹਰ ਤਰ੍ਹਾਂ ਦੇ ਕੀਤੇ ਉਪਰਾਲੇ ਵਿਚ ਹੀ ਹੁੰਦੀ ਹੈ। ਪਰ ਜੇ ਅਸੀਂ ਆਪ ਵੀ ਉਸ ਸਥਿਤੀ ਨੂੰ ਅਣਗੌਲਿਆ ਕਰੀਏ ਤੇ ਆਪਣੇ ਸਿਆਣੇ ਤੇ ਹਮਦਰਦ ਲੋਕਾਂ ਦੇ ਸੁਝਾਵਾਂ ਨੂੰ ਵੀ ਮੰਨਣ ਤੋਂ ਇਨਕਾਰੀ ਰਹੀਏ ਤੇ ਸਿਰਫ ਆਪਣੀ ਜ਼ਿਦ ਜਾਂ ਅੜੀ ਨੂੰ ਆਪਣੇ ਆਤਮ ਵਿਸ਼ਵਾਸ ਨਾਲ ਜੋੜ ਕੇ ਅਵੇਸਲੇ ਜਾਂ ਬੇਪਰਵਾਹ ਰਹੀਏ ਤਾਂ ਅਕਸਰ ਹੀ ਨੁਕਸਾਨ ਦੀ ਸੰਭਾਵਨਾ ਯਕੀਨੀ ਲੱਗਣ ਲੱਗ ਪੈਂਦੀ ਹੈ।
ਇਰਾਨ ਦੇ ਪੁਰਾਤਨ ਦਰਵੇਸ਼ ਸ਼ਾਇਰ ਸ਼ੇਖ ਸਾਅਦੀ ਨੇ ਆਪਣੇ ਇੱਕ ਕਾਵਿਕ ਕਲਾਮ ਵਿਚ ਲਿਖਿਆ ਹੈ ਕਿ ਮੈਂ ਅਕਸਰ ਆਪਣੇ ਮਿਤਰਾਂ ਤੇ ਪ੍ਰਸ਼ੰਸਕਾਂ ਤੋਂ ਬਹੁਤ ਭੈਭੀਤ ਰਹਿੰਦਾ ਹਾਂ ਕਿਉਂਕਿ ਉਹ ਮੇਰੀਆਂ ਚੰਗੀਆਈਆਂ ਨੂੰ ਏਨਾ ਉਭਾਰ ਕੇ ਪੇਸ਼ ਕਰਦੇ ਹਨ ਕਿ ਮੈਨੂੰ ਮੇਰੇ ਗੁਨਾਹਾਂ ਤੇ ਮੇਰੀਆਂ ਕਮਜ਼ੋਰੀਆ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੇ। ਉਸ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਅਕਸਰ ਹੀ ਆਪਣੇ ਦੁਸ਼ਮਣ ਚੰਗੇ ਲੱਗਦੇ ਹਨ ਕਿਉਂਕਿ ਉਹ ਮੇਰੀਆਂ ਊਣਤਾਈਆਂ ਤੇ ਕਮਜ਼ੋਰੀਆਂ ਨੂੰ ਏਨਾ ਉਭਾਰ ਕੇ ਪੇਸ਼ ਕਰਦੇ ਹਨ ਜਿਸ ਕਾਰਨ ਮੇਰੀ ਸੁਚੇਤਤਾ ਹੋਰ ਸੂਖਮ ਹੁੰਦੀ ਹੈ ਕਿ ਮੇਰੇ ਪਾਸੋਂ ਅਗਾਂਹ ਤੋਂ ਕੋਈ ਗਲਤੀ ਨਾ ਹੋਵੇ ਪਰ ਤੁਹਾਡਾ ਵਤੀਰਾ ਬਿਲਕੁਲ ਉਲਟ ਹੈ। ਤੁਸੀਂ ਆਪਣੇ ਪ੍ਰਸ਼ੰਸਕਾਂ ਤੋਂ ਬਲਿਹਾਰੇ ਜਾਂਦੇ ਹੋ ਤੇ ਆਪਣੇ ਆਲੋਚਕਾਂ ਜਾਂ ਵਿਚਾਰਧਾਰਕ ਵਿਰੋਧੀਆਂ ਦੇ ਵਿਰੋਧ ਵਿਚ ਬਿਆਨਬਾਜ਼ੀ ਦਾ ਕੋਈ ਮੌਕਾ ਨਹੀਂ ਗੁਆਂਉਦੇ। ਜ਼ਰੂਰੀ ਨਹੀਂ ਕਿ ਤੁਹਾਡੇ ਵਿਰੋਧੀਆਂ ਦੀਆਂ ਸਾਰੀਆਂ ਸੱਟਾਂ ਚਿੱਬ ਪਾਉਣ ਲਈ ਹੀ ਹੋਣ ਸਗੋਂ ਚਿੱਬ ਕੱਢਣ ਲਈ ਵੀ ਸਹਾਈ ਹੋ ਸਕਦੀਆਂ ਹਨ, ਪਰ ਤੁਹਾਡੇ ਵਲੋਂ ਸਿਰਜਣ ਕੀਤੇ ਵਾਤਾਵਰਨ ਨੇ ਤੁਹਾਡੇ ਸਮਰਥਕਾਂ ਤੇ ਵਿਰੋਧੀਆਂ ਦੀਆਂ ਦੋ ਧਿਰਾਂ ਆਹਮੋ-ਸਾਹਮਣੇ ਦੁਸ਼ਮਣਾਂ ਵਾਂਗ ਖੜ੍ਹੀਆਂ ਕਰ ਦਿੱਤੀਆਂ ਹਨ।
ਮੈਂ ਨਾ ਤਾਂ ਤੁਹਾਡਾ ਮਿੱਤਰ ਹਾਂ ਤੇ ਨਾ ਹੀ ਦੁਸ਼ਮਣ ਸਗੋਂ ਇੱਕ ਪੰਥ ਦਰਦੀ ਹਾਂ ਜੋ ਬਾਕੀ ਦੇ ਪੰਥ ਦਰਦੀਆਂ ਵਾਂਗ ਸਿੱਖ ਪੰਥ ਅੰਦਰ ਬਣੀ ਇਸ ਵਿਵਾਦ ਵਾਲੀ ਹਾਲਤ ਤੋਂ ਪੀੜਤ ਵੀ ਹਾਂ ਤੇ ਇਸ ਦੇ ਸੁਖਦ ਹੱਲ ਲਈ ਆਸਵੰਦ ਵੀ।
ਤੁਹਾਡੀ ਸੋਚ ਅੰਦਰ ਆਈ ਇਸ ਅੰਚਭਿਤ ਤਬਦੀਲੀ ਕਾਰਨ ਵਿਵਾਦ ਵਾਲਾ ਜਿਹੜਾ ਵਾਤਾਵਰਨ ਪੈਦਾ ਹੋਇਆ ਹੈ, ਉਸ ਨੇ ਵੱਖ ਵੱਖ ਸੋਚ ਉਪਰ ਆਧਾਰਤ ਕਈ ਧਿਰਾਂ ਨੂੰ ਜਨਮ ਦਿੱਤਾ। ਪਹਿਲੀ ਉਹ ਧਿਰ ਹੈ ਜਿਹੜੀ ਉਸ ਸੋਚ ਦੇ ਵਿਰੁਧ ਹੈ ਜਿਸ ਸੋਚ ਨੇ ਵੱਡੀਆਂ ਧਾਰਮਿਕ ਸੰਸਥਾਵਾਂ ਉਪਰ ਕਾਬਜ਼, ਸਤਿਕਾਰਯੋਗ ਰੁਤਬਿਆਂ ਦੇ ਮਾਲਕ ਲੋਕਾਂ ਵਲੋਂ ਪੰਥ ਪ੍ਰਵਾਨਤ ਗੌਰਵ ਭਰਪੂਰ ਮਾਨਵਤਾ ਦਾ ਘਟਾ ਕੀਤਾ, ਤੇ ਜਾਂ ਉਨ੍ਹਾਂ ਨੂੰ ਹੁੰਦਿਆਂ ਦੇਖ ਕੇ ਅੱਖਾਂ ਮੀਟੀ ਰੱਖੀਆਂ। ਤੁਹਾਡੇ ਵਲੋਂ ਤੁਹਾਡੇ ਤਰੀਕੇ ਨਾਲ ਕੀਤੇ ਮਾਰਗ ਦਰਸ਼ਨ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਦੂਜੀ ਉਹ ਧਿਰ ਹੈ ਜਿਹੜੀ ਸਥਾਪਤ ਧਾਰਮਿਕ ਮਾਨਤਾਵਾਂ ਉਪਰ ਕਿਸੇ ਵੀ ਸੱਟ ਤੋਂ ਬੇਚੈਨ ਹੁੰਦੀ ਹੈ ਜਾਂ ਹੋ ਰਹੀ ਹੈ; ਤੇ ਇਹ ਵੀ ਸੁਭਾਵਕ ਹੈ ਕਿ ਨਾਰਾਜ਼ ਵਿਅਕਤੀ ਜਾਂ ਧਿਰ ਦਾ ਵਿਰੋਧ ਅਕਸਰ ਜ਼ਿਆਦਾ ਸਖਤ ਹੁੰਦਾ ਹੈ। ਤੀਜੀ ਧਿਰ ਹੈ ਜੋ ਇਸ ਵਿਚਾਰਧਾਰਕ ਟਕਰਾਓ ਤੋਂ ਦੁਖੀ ਵੀ ਹੈ ਤੇ ਬੇਵਸ ਵੀ। ਉਨ੍ਹਾਂ ਦੀ ਸੁਰ ਬੇਸ਼ਕ ਦਬਵੀਂ ਹੈ ਪਰ ਉਨ੍ਹਾਂ ਦੀ ਨੀਯਤ ਵਿਚ ਇਮਾਨਦਾਰੀ ਹੈ। ਉਹ ਚਾਹੁੰਦੇ ਹਨ ਕਿ ਪੰਥ ਅੰਦਰ ਚੱਲ ਰਹੇ ਇਸ ਵਿਚਾਰਧਾਰਕ ਤਮਾਸ਼ੇ ਦੇ ਭਾਂਬੜ ਨੂੰ ਜੇ ਉਹ ਬੁਝਾ ਨਾ ਵੀ ਸਕਣ, ਤਾਂ ਘੱਟੋ-ਘੱਟ ਇਸ ਨੂੰ ਸ਼ਾਂਤ ਜ਼ਰੂਰ ਕੀਤਾ ਜਾਵੇ। ਉਨ੍ਹਾਂ ਦੀ ਸੋਚ ਹੈ ਕਿ ਅੱਗ ਨਾਲ ਅੱਗ ਨਹੀਂ ਬੁਝਣੀ ਪਰ ਉਸ ਦੀ ਲਪੇਟ ਵਿਚ ਆ ਜਾਣਾ ਬਹੁਤ ਸੰਭਵ ਹੈ। ਚੌਥੀ ਧਿਰ ਹੈ ਪੰਜਾਬੀ, ਖਾਸ ਕਰ ਕੇ ਸਿੱਖ ਮੀਡੀਆ ਦੀ। ਇਸ ਮੁੱਦੇ ਨਾਲ ਨਜਿਠਣ ਦੇ ਵਰਤਾਰੇ ਤੋਂ ਜ਼ਿਆਦਾਤਰ ਤਾਂ ਉਨ੍ਹਾਂ ਦੇ ਪੇਸ਼ੇ ਦੇ ਨਿੱਜੀ ਮੁਫਾਦ ਹਨ, ਫਿਰ ਵੀ ਪ੍ਰਤੀਤ ਹੁੰਦਾ ਹੈ ਕਿ ਕਈ ਪੱਤਰਕਾਰ ਬੜੀ ਸੰਜੀਦਗੀ ਤੇ ਸੁਹਿਰਦਤਾ ਨਾਲ ਇਨ੍ਹਾਂ ਮੁਦਿਆਂ ਦੇ ਮੂਲ ਕਾਰਨਾਂ ਦੇ ਧਰਾਤਲ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ।
ਜਦੋਂ ਤੁਸੀਂ ਦੂਜੇ ਪ੍ਰਚਾਰਕਾਂ ਅਤੇ ਰੁਤਬਿਆਂ ‘ਤੇ ਬੈਠੀਆਂ ਧਾਰਮਿਕ ਸ਼ਖਸੀਅਤਾਂ ਨੂੰ ਪੰਥਕ ਵਿਵਾਦ ਵਾਲੇ ਮੁੱਦਿਆਂ ਨਾਲ ਜੋੜ ਕੇ ਬੋਲਦੇ ਹੋ ਤਾਂ ਤੁਹਾਡਾ ਮੁਖਾਤਬ ਹੋਣ ਦਾ ਤਰੀਕਾ, ਸਲੀਕਾ ਤੇ ਭਾਸ਼ਾ ਦੀ ਮਰਯਾਦਾ ਦੀ ਬੇਵਜ੍ਹਾ ਉਲੰਘਣਾ ਤੁਹਾਡੇ ਵਿਰੋਧ ਦਾ ਵੱਡਾ ਕਾਰਨ ਬਣਦੀਆਂ ਹਨ। ਸਾਡੀਆਂ ਪੁਰਾਤਨ ਧਾਰਮਿਕ ਸੰਸਥਾਵਾਂ ਦਾ ਆਪਣਾ ਇਤਿਹਾਸਕ ਗੌਰਵ ਹੈ ਜਿਸ ਉਪਰ ਸਿੱਖ ਮਾਣ ਕਰਦੇ ਹਨ। ਸਾਡੇ ਭਾਈਚਾਰੇ ਦੇ ਧਾਰਮਿਕ ਮੁਖੀਆਂ ਨੇ ਭਾਵੇਂ ਕਈ ਵਾਰੀ ਮਜਬੂਰੀਆਂ ਜਾਂ ਮੁਫਾਦਾਂ ਕਾਰਨ ਅਤਿ ਜ਼ਰੂਰੀ ਮੌਕਿਆਂ ਉਪਰ ਸਹੀ ਤਰਜਮਾਨੀ ਨਹੀਂ ਕੀਤੀ, ਫਿਰ ਵੀ ਉਨ੍ਹਾਂ ਰੁਤਬਿਆਂ ‘ਤੇ ਬੈਠਣ ਵਾਲੇ ਹਰ ਸ਼ਖਸ ਨੂੰ ਆਪਣੀ ਨੁਕਤਾਚੀਨੀ ਦਾ ਕਾਰਨ ਬਣਾ ਕੇ ਨਿੰਦਣਾ ਵੀ ਵਾਜਬ ਨਹੀਂ। ਲਗਾਤਾਰ ਆਲੋਚਨਾ ਉਨ੍ਹਾਂ ਸੰਸਥਾਵਾਂ ਦੇ ਮਹੱਤਵ ਨੂੰ ਠੇਸ ਦਾ ਕਾਰਨ ਵੀ ਬਣਦੀ ਹੈ। ਦੂਸਰਾ ਤੁਸੀਂ ਪੁਰਾਤਨ ਧਾਰਮਿਕ ਤੇ ਇਤਿਹਾਸਕ ਸਰੋਤਾਂ ਨਾਲ ਸਬੰਧਤ ਗ੍ਰੰਥਾਂ ਅੰਦਰਲੀ ਇਤਰਾਜ਼ਯੋਗ ਸਮੱਗਰੀ ਦੀ ਗੱਲ ਕਰਦੇ ਸਮੇਂ ਵੀ ਸਾਰੀ ਜ਼ਿੰਮੇਵਾਰੀ ਮੌਜੂਦਾ ਪ੍ਰਬੰਧਕੀ ਧਾਰਮਿਕ ਸਿਸਟਮ ਤੇ ਸ਼ਖਸੀਅਤਾਂ ਉਪਰ ਥੋਪਦੇ ਹੋ। ਇਸ ਵਿਚ ਕਾਫੀ ਸੱਚਾਈ ਹੈ ਕਿ ਪੁਰਾਤਨ ਸਿੱਖ ਇਤਿਹਾਸ ਜਾਂ ਧਰਮ ਨਾਲ ਸਬੰਧਤ ਲਿਖੇ ਗ੍ਰੰਥਾਂ ਅੰਦਰ ਕਈ ਇਤਰਾਜ਼ਯੋਗ ਲਿਖਤਾਂ ਹਨ ਜਿਨ੍ਹਾਂ ਬਾਰੇ ਸੰਜੀਦਾ ਘੋਖ-ਪੜਤਾਲ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਗੁਰੂ ਸਿਧਾਂਤ ਮੁਤਾਬਕ ਨਿਰਣਾ ਹੋ ਜਾਣਾ ਚਾਹੀਦਾ ਹੈ। ਪੰਥਕ ਮਰਯਾਦਾ ਮੁਤਾਬਕ ਦਬਾਓ ਵੀ ਬਣਾਉਣਾ ਚਾਹੀਦਾ ਹੈ ਕਿ ਹੱਲ ਜਲਦੀ ਸੰਭਵ ਹੋ ਸਕੇ। ਭਾਈ ਸਾਹਿਬ, ਕੋਈ ਸਭਿਅਕ ਵਿਅਕਤੀ ਜਾਂ ਅਦਾਰਾ ਆਪਣੀਆਂ ਕਮਜ਼ੋਰੀਆਂ ਨੂੰ ਉਛਾਲਣ ਦੀ ਬਜਾਏ ਉਨੀ ਦੇਰ ਤੱਕ ਲਕੋਣ ਦੀ ਕੋਸ਼ਿਸ਼ ਕਰਦਾ ਹੈ ਜਿੰਨੀ ਦੇਰ ਕੋਈ ਯੋਗ ਹੱਲ ਨਾ ਕਰ ਲਿਆ ਜਾਵੇ ਪਰ ਤੁਸੀਂ ਤਾਂ ਆਪਣੇ ਪੰਥ ਦੀਆਂ (ਤੁਹਾਡੇ ਮੁਤਾਬਕ) ਕਮਜ਼ੋਰੀਆਂ ਨੂੰ ਹਜ਼ਾਰਾਂ ਤੇ ਲੱਖਾਂ ਦੇ ਇਕੱਠ ਵਿਚ ਜਿਵੇਂ ਬਿਆਨਦੇ ਹੋ, ਉਸ ਨਾਲ ਸ਼ਰਧਾਵਾਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਹੈ ਤੇ ਪੰਥ ਦੋਖੀਆਂ ਦੀ ਖੁਸ਼ੀ ਤੇ ਮਜ਼ਾਕ ਦਾ ਸਬੱਬ ਵੀ ਬਣਦੇ ਹੋ।
ਇਹ ਵੀ ਦੇਖਣ ਵਿਚ ਆਇਆ ਹੈ ਜਿਹੜਾ ਵੀ ਵਿਅਕਤੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ, ਜਾਂ ਬੜੀ ਸੁਹਿਰਦਤਾ ਨਾਲ ਤੁਹਾਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰੇ ਕਿ ਜੋ ਤੁਸੀਂ ਕਹਿੰਦੇ ਹੋ ਜਾਂ ਪ੍ਰਚਾਰਦੇ ਹੋ, ਸਿਰਫ ਉਹੀ ਸੱਚ ਨਹੀਂ ਜਾਂ ਕਈ ਵਿਦਵਾਨ ਲੋਕ ਇਨ੍ਹਾਂ ਵਿਚਾਰਾਂ ਦੇ ਟਕਰਾਓ ਨੂੰ ਸ਼ਾਂਤ ਕਰਨ ਲਈ ਕਿਸੇ ਵਿਚੋਲਗੀ ਦੀ ਗੱਲ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਦੀ ਗੱਲ ਨੂੰ ਵਿਚਾਰਨ ਜਾਂ ਉਨ੍ਹਾਂ ਨਾਲ ਮਸ਼ਵਰਾ ਕਰਨ ਦੀ ਥਾਂ ਆਪਣੀਆਂ ਨਿੰਦਣਯੋਗ ਦਲੀਲਾਂ ਨਾਲ ਆਪਣੀ ਸਥਿਤੀ ਨੂੰ ਸਹੀ ਦੱਸਣ ਦਾ ਉਪਰਾਲਾ ਕਰਦੇ ਹੋ, ਉਨ੍ਹਾਂ ਦੇ ਸੁਝਾਵਾਂ ਨੂੰ ਆਪਣੀਆਂ ਦਲੀਲਾਂ ਨਾਲ ਕੱਟਦੇ ਹੋ। ਤੁਹਾਡੇ ਇਸ ਵਰਤਾਰੇ ਤੋਂ ਇੰਜ ਲੱਗਦਾ ਹੈ ਜਿਵੇਂ ਸਮੁੱਚੇ ਧਾਰਮਿਕ ਸਿੱਖ ਜਗਤ ਅੰਦਰ ਤੁਹਾਡੇ ਤੋਂ ਵੱਧ ਸੋਝੀਵਾਨ ਸ਼ਾਇਦ ਕੋਈ ਵੀ ਨਹੀਂ ਜੋ ਨਿਰਪੱਖਤਾ ਨਾਲ ਤੇ ਗੁਰੂ ਦੇ ਕੀਤੇ ਮਾਰਗ ਦਰਸ਼ਨ ਦੁਆਰਾ ਇਸ ਬੇਵਜ੍ਹਾ ਉਲਝੀ ਪਹੇਲੀ ਨੂੰ ਸੁਲਝਾ ਸਕੇ। ਤੁਹਾਡੇ ਵਰਤਾਰੇ ਤੋਂ ਕਿਸੇ ਸ਼ਾਇਰ ਦੇ ਇਹ ਬੋਲ ਲਿਖਣਾ ਚਾਹਾਂਗਾ:
ਨਾ ਜਾਨੇ ਕਿਤਨੇ ਰਿਸ਼ਤੇ ਖਤਮ ਕਰ ਦੀਏ ਇਸ ਭਰਮ ਨੇ
ਕਿ ਮੈਂ ਹੀ ਸਹੀ ਹੂ ਔਰ ਸਿਰਫ ਮੈਂ ਹੀ ਸਹੀ ਹੂੰ।
ਤੁਸੀਂ ਅਕਸਰ ‘ਗਿਆਨ ਹੀ ਗੁਰੂ ਹੈ’, ਦੀ ਗੱਲ ਕਰ ਕੇ ਬਹੁਤ ਸਾਰੀਆ ਸਥਾਪਤ ਪੰਥ ਪ੍ਰਵਾਨਤ ਮਾਨਤਾਵਾਂ ਉਪਰ ਸੱਟ ਮਾਰਦੇ ਹੋ। ਹਰ ਗਿਆਨ ਅਤੇ ਉਸ ਗਿਆਨ ਨੂੰ ਦੇਣ ਵਾਲਾ ਗੁਰੂ ਨਹੀਂ ਹੋ ਸਕਦਾ। ਬਹੁਤੇ ਸਿਆਣੇ ਲੋਕ ਜ਼ਿੰਦਗੀ ਨੂੰ ਬਿਹਤਰ ਢੰਗ ਜਿਊਣ ਦੇ ਦਿਸ਼ਾ-ਨਿਰਦੇਸ਼ ਦੇ ਸਕਦੇ ਹਨ ਪਰ ਧਾਰਮਿਕ ਗੁਰੂ ਤੁਹਾਡਾ ਲੋਕ ਵੀ ਬਿਹਤਰ ਕਰਦਾ ਹੈ ਤੇ ਪਰਲੋਕ ਵੀ। ਤੁਸੀਂ ਪੰਡਿਤ ਤੇ ਰਿਸ਼ੀ ਦੇ ਫਰਕ ਨੂੰ ਬਹੁਤ ਚੰਗੀ ਤਰਾਂ ਸਮਝਦੇ ਹੋਵੋਗੇ। ਤੁਹਾਨੂੰ ਪਤਾ ਕਿ ਧਾਰਮਿਕ ਵਿਦਵਾਨਾਂ ਅਤੇ ਅਨੁਭਵੀ ਧਾਰਮਿਕ ਪੁਰਸ਼ ਦਾ ਕੀ ਫਰਕ ਹੁੰਦਾ ਹੈ। ਤੁਸੀਂ ਵਿਚਾਰਿਆ ਹੋਣਾ ਹੈ ਕਿ ਕਿਵੇਂ ਵਿਦਵਾਨ ਅਤੇ ਪੰਡਿਤ ਲੋਕ ਹਮੇਸ਼ਾ ਅਨੁਭਵੀ ਮਹਾਂ ਪੁਰਸ਼ਾਂ ਤੇ ਗੁਰੂਆਂ ਦੇ ਕਟਾਖਸ਼ ਦਾ ਨਿਸ਼ਾਨਾ ਬਣੇ ਰਹੇ। ਇੰਜ ਪ੍ਰਤੀਤ ਹੁੰਦਾ ਹੈ, ਜਿਵੇਂ ਤੁਹਾਡੇ ਗਿਆਨ ਭਰੇ ਬੋਲਾਂ ਵਿਚ ਵਿਦਵਤਾ ਹੈ ਪਰ ਅਨੁਭਵ ਦੀ ਘਾਟ ਹੈ। ਤੁਸੀਂ ਅਕਸਰ ਕਹਿੰਦੇ ਹੋ, ਗੁਰੂ ਸਾਹਿਬਾਨ ਜਾਂ ਗੁਰੂ ਨਾਲ ਜੁੜੇ ਬਹੁਤੇ ਸਾਰੇ ਮਹਾਂਪੁਰਸ਼ ਤੇ ਸਿੱਖਾਂ ਦੇ ਅਚੰਭਿਤ ਕਾਰਨਾਮਿਆਂ ਨੇ ਉਨ੍ਹਾਂ ਨੂੰ ਮਹਾਨ ਕੀਤਾ, ਪਰ ਜਿੰਨੀਆਂ ਵੀ ਮਹਾਨ ਆਤਮਾਵਾਂ ਦਾ ਜ਼ਿਕਰ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਉਨ੍ਹ ਦਾ ਸਮੁੱਚਾ ਜੀਵਨ ਹੀ ਕਰਾਮਾਤੀ ਹੁੰਦਾ ਹੈ। ਉਹ ਕਰਾਮਾਤੀ ਕਾਰਨਾਮੇ ਕਰਦੇ ਨਹੀਂ ਸਗੋਂ ਉਨ੍ਹਾਂ ਵਲੋਂ ਸਹਿਜ ਵਿਚ ਕੀਤੇ ਉਹ ਕਾਰਜ ਸਾਡੇ ਲਈ ਕਰਾਮਾਤੀ ਜਾਪਣ ਲੱਗ ਪੈਂਦੇ ਹਨ। ਗੁਰੂ ਅਰਜਨ ਪਾਤਿਸ਼ਾਹ ਤੱਤੀ ਤਵੀ ‘ਤੇ ਬੈਠੇ, ਗੁਰੂ ਤੇਗ ਬਹਾਦਰ ਨੇ ਸੀਸ ਕਟਵਾਇਆ, ਨਾਲ ਦੇ ਸਿੰਘਾਂ ਨੇ ਸ਼ਹਾਦਤਾ ਦਿੱਤੀਆਂ, ਇਸ ਮਕਸਦ ਨਾਲ ਨਹੀਂ ਕਿ ਉਹ ਕਰਾਮਾਤੀ ਘਟਨਾਵਾਂ ਬਣਨ ਸਗੋਂ ਉਨ੍ਹਾਂ ਦੀ ਉਨ੍ਹਾਂ ਦੇ ਮਕਸਦ ਵਲ ਸਹਿਜ ਯਾਤਰਾ ਸੀ ਜਿਸ ਨੇ ਇਨਾਂ ਘਟਨਾਵਾਂ ਨੂੰ ਕਰਾਮਾਤੀ ਬਣਾ ਦਿੱਤਾ।
ਜੇ ਹੁਣ ਅਸੀਂ ਤੁਹਾਡੇ ਜੀਵਨ ਵਲ ਹੀ ਝਾਤੀ ਮਾਰੀਏ ਤਾਂ ਕਿਤੇ ਨਾ ਕਿਤੇ ਇਹ ਅਹਿਸਾਸ ਹੁੰਦਾ ਹੋਵੇਗਾ ਕਿ ਇੱਕ ਸਾਧਾਰਨ ਜ਼ਿਮੀਂਦਾਰ ਪਰਿਵਾਰ ਵਿਚ ਜਨਮ ਲੈ ਕੇ ਬਿਨਾ ਕਿਸੇ ਮਿਆਰੀ ਸੰਸਾਰੀ ਵਿਦਿਆ ਅਤੇ ਬਿਨਾ ਕਿਸੇ ਉਚੇਚੀ ਧਾਰਮਿਕ ਵਿਦਿਆ ਦੇ ਵਿਸ਼ਵ ਵਿਆਪੀ ਪੰਥਕ ਪ੍ਰਚਾਰਕ ਦਾ ਮਾਣ ਹਾਸਲ ਕਰਨਾ ਕੀ ਕਰਾਮਾਤ ਨਹੀਂ?
ਜਿਸ ਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਿਸਾਹੀ ਪਾਤਿਸਾਹੁ॥
ਵੱਡੀਆਂ ਵੱਡੀਆਂ ਦੁਨੀਆਵੀ ਡਿਗਰੀਆਂ ਵਾਲੇ ਲੋਕਾਂ ਪਾਸੋਂ 20-20 ਸਾਲਾਂ ਵਿਚ ਵੀ ਕਈ ਵਾਰੀ ਚੱਜ ਦਾ ਘਰ ਨਹੀਂ ਬਣਦਾ ਤੇ ਢੱਡਰੀਆਂ ਪਿੰਡ ਵਿਚ ਪਰਮੇਸ਼ਵਰ ਦੁਆਰ ਦਾ ਨਿਰਮਾਣ ਬਾਕੀ ਇਮਾਰਤਾਂ ਦੇ ਨਾਲ-ਨਾਲ ਤੁਹਾਡਾ ਸੁੰਦਰ ਨਿਵਾਸ ਕੀ ਕਰਾਮਾਤ ਜਾਂ ਗੁਰੂ ਦੀ ਉਚੇਚੀ ਬਖਸ਼ਿਸ਼ ਨਹੀ?
ਵਿਸ਼ਵ ਦਾ ਨਾਮਵਰ ਸਾਇੰਸਦਾਨ ਆਈਨਸਟਾਈਨ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਆਪਣੇ ਕਿਸੇ ਮਿੱਤਰ ਨਾਲ ਸਮੁੰਦਰ ਕੰਢੇ ਟਹਿਲ ਰਿਹਾ ਸੀ ਤਾਂ ਦੋਸਤ ਨੇ ਜਗਿਆਸਾ ਵਸ ਪੁੱਛਿਆ ਕਿ ਜਿਵੇਂ ਤੁਸੀਂ ਵਿਸ਼ਵ ਦੇ ਬਹੁਤ ਨਾਮਵਰ ਤੇ ਸਤਿਕਾਰਤ ਵਿਅਕਤੀ ਹੈ, ਸਾਰੀ ਦੁਨੀਆਂ ਦਾ ਗਿਆਨ ਵੀ ਹਾਸਲ ਕਰ ਲਿਆ ਹੈ, ਆਪਣੀਆਂ ਇਨ੍ਹਾਂ ਪ੍ਰਾਪਤੀਆਂ ‘ਤੇ ਬੀਤੀ ਜ਼ਿੰਦਗੀ ਬਾਰੇ ਇਸ ਦੁਨੀਆਂ ਤੋਂ ਆਖਰੀ ਵਿਦਾਇਗੀ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਆਈਨਸਟਾਈਨ ਨੇ ਝੁਕ ਕੇ ਜ਼ਮੀਨ ਤੋਂ ਰੇਤਾ ਦੇ ਕੁਝ ਕਿਣਕੇ ਆਪਣੇ ਹੱਥ ਵਿਚ ਫੜ ਕੇ ਕਿਹਾ ਸੀ ਕਿ ਇਸ ਬ੍ਰਹਿਮੰਡ ਵਿਚ ਮੇਰੀਆਂ ਪ੍ਰਾਪਤੀਆ ਰੇਤਾ ਦੇ ਇਨ੍ਹਾਂ ਕਿਣਕਿਆਂ ਦੇ ਸਮਾਨ ਹਨ। ਉਸ ਨੇ ਕਿਹਾ-ਮੈਨੂੰ ਅਫਸੋਸ ਹੈ ਕਿ ਇਸ ਰੱਤੀ ਭਰ ਗਿਆਨ ਲਈ ਆਪਣੀ ਸਾਰੀ ਜ਼ਿੰਦਗੀ ਮਿਹਨਤ ਕੀਤੀ। ਕਾਸ਼! ਮੈਂ ਉਸ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੁੰਦੀ ਜੋ ਇਸ ਗਿਆਨ ਦਾ ਸੋਮਾ ਹੈ।…ਪਰ ਤੁਸੀਂ ਤਾਂ ਸਹੀ ਜ਼ਿੰਦਗੀ ਜਿਊਣ ਦਾ ਚੱਜ ਹੀ ਧਰਮ ਹੈ, ਦੇ ਚੱਕਰਵਿਊ ‘ਚੋਂ ਬਾਹਰ ਨਿਕਲਦੇ ਹੀ ਨਹੀਂ।
ਨੋਬੇਲ ਇਨਾਮ ਜੇਤੂ ਰਬਿੰਦਰਨਾਥ ਟੈਗੋਰ ਰਿਸ਼ੀਆਂ ਵਰਗੀ ਬਿਰਤੀ ਦਾ ਮਾਲਕ ਸੀ। 6 ਹਜ਼ਾਰ ਤੋਂ ਵੱਧ ਉਸ ਨੇ ਗੀਤ ਲਿਖੇ ਜਿਨ੍ਹਾਂ ਵਿਚ ਜ਼ਿਆਦਾਤਰ ਰੱਬੀ ਵਡਿਆਈ ਨਾਲ ਸਬੰਧਤ ਹਨ। ਬਹੁਤ ਬਿਰਧ ਅਵਸਥਾ ਵਿਚ ਸੀ ਜਦੋਂ ਉਸ ਦੇ ਇੱਕ ਸ਼ਾਗਿਰਦ ਨੇ ਕਿਹਾ ਕਿ ਤੁਸੀਂ ਤਾਂ ਜ਼ਰੂਰ ਹੀ ਉਸ ਅਸੀਮ ਪ੍ਰਭੂ ਦੀ ਦਰਗਾਹ ਵਿਚ ਸੰਤੁਸ਼ਟ ਤੇ ਪ੍ਰਵਾਨਤ ਆਤਮਾ ਦੇ ਰੂਪ ਵਿਚ ਪ੍ਰਵੇਸ਼ ਕਰੋਗੇ? ਜ਼ਿਕਰ ਹੈ ਕਿ ਟੈਗੋਰ ਨੇ ਹੌਕਾ ਲੈ ਕੇ ਬੜੀ ਨਿਮਰਤਾ ਨਾਲ ਕਿਹਾ-ਭਾਈ ਮੈਂ ਤਾਂ ਅਜੇ ਆਪਣੇ ਸਾਜ਼ ਹੀ ਸੰਵਾਰ ਰਿਹਾ ਸੀ ਕਿ ਮੈਂ ਆਪਣੀ ਪੂਰਨਤਾ ਨਾਲ ਉਸ ਦਾ ਗੀਤ ਗਾ ਸਕਾਂ ਪਰ ਮੇਰੇ ਜਾਣ ਦਾ ਵਕਤ ਆ ਪਹੁੰਚਿਆ ਹੈ।
ਅਜਿਹੀਆਂ ਵਿਸ਼ਵ ਪੱਧਰੀ ਹਸਤੀਆਂ ਜਿਨ੍ਹਾਂ ਨੂੰ ਆਪਾਂ ਸੰਸਾਰੀ ਨਜ਼ਰਾਂ ਨਾਲ ਪ੍ਰਵਾਨਤ ਹਸਤੀਆਂ ਮੰਨਦੇ ਹਾਂ, ਉਨ੍ਹਾਂ ਦਾ ਵੀ ਮੰਨਣਾ ਹੈ ਕਿ ਜਿਸ ਰਾਹ ਉਪਰ ਤੁਸੀਂ ਅਖੀਰ ਨੂੰ ਤੁਰਨਾ ਹੈ, ਜੇ ਉਸ ਦੀ ਸਮਝ ਆ ਗਈ ਤਾਂ ਇਸ ਦੁਨੀਆਂ ਵਿਚ ਵਿਚਰਦਿਆਂ ਸਾਰੇ ਰਾਹ ਰੌਸ਼ਨ ਹੀ ਪ੍ਰਤੀਤ ਹੋਣਗੇ ਤੇ ਆਪਣੇ ਆਪ ਬਣਨਗੇ ਵੀ।
ਤੁਸੀਂ ਅਕਸਰ ਹੀ ਹਜ਼ਾਰਾਂ-ਲੱਖਾਂ ਦਰਸ਼ਕਾਂ ਤੇ ਸਰੋਤਿਆਂ ਦੇ ਇਕੱਠ ਦੀ ਗੱਲ ਕਰਦੇ ਹੋ। ਅੱਜਕੱਲ੍ਹ ਤੁਸੀਂ ਹਜ਼ਾਰਾਂ ਲੋਕਾਂ ਵਲੋਂ ਤੁਹਾਡਾ ਪ੍ਰੋਗਰਾਮ ਲਾਈਵ ਸੁਣਨ ਦਾ ਜ਼ਿਕਰ ਵਾਰ-ਵਾਰ ਕਰਦੇ ਹੋ। ਬਹੁਤ ਸਾਰੇ ਲੋਕ ਤੁਹਾਡੇ ਨਾਲ ਖੜ੍ਹਨ ਤੇ ਮਰਨ ਦੀ ਗੱਲ ਵੀ ਕਰਦੇ ਹਨ ਪਰ ਜੀਵਨ ਦਾ ਸੱਚ ਕੁਝ ਹੋਰ ਹੀ ਹੁੰਦਾ ਹੈ:
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ
ਹਾਲਾਤ ਬਦਲਣ ਨਾਲ ਲੋਕੀਂ ਕਿਵੇਂ ਬੋਲਦੇ ਹਨ, ਸ਼ਾਇਦ ਤੁਸੀਂ ਕਦੀ ਸੰਜੀਦਗੀ ਨਾਲ ਵਿਚਾਰਿਆ ਨਾ ਹੋਵੇ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਧਰਮ ਯੁੱਧ ਮੋਰਚੇ ਸਮੇਂ ਮਰਜੀਵੜਿਆਂ ਦੀ ਫੌਜ ਤਿਆਰ ਹੋਈ ਸੀ ਜਿਸ ਨੇ ਦਰਬਾਰ ਸਾਹਿਬ ਹਮਲੇ ਸਮੇਂ ਆਪਣੀਆਂ ਕੁਰਬਾਨੀਆਂ ਦੇਣ ਦਾ ਲਿਖਤੀ ਪ੍ਰਣ ਕੀਤਾ ਸੀ। ਉਸ ਲਿਖਤੀ ਪ੍ਰਣ ਦਾ ਕੀ ਬਣਿਆ, ਇਹ ਵੀ ਤੁਹਾਨੂੰ ਪਤਾ ਹੀ ਹੋਣਾ ਹੈ। ਤੁਸੀਂ ਆਪਣੇ ਆਪ ਨੂੰ ਉਸ ਸਥਿਤੀ ਵਿਚ ਰੱਖ ਕੇ ਵਿਚਾਰਿਉ। ਇੰਗਲੈਂਡ ਦਾ ਦੂਜੇ ਵਿਸ਼ਵ ਯੁੱਧ ਦਾ ਹੀਰੋ ਪ੍ਰਧਾਨ ਮੰਤਰੀ ਵਿਨਸਟਨ ਚਰਚਲ ਜੋ ਨੋਬੇਲ ਇਨਾਮ ਜੇਤੂ ਸੀ। ਉਸ ਦੇ ਸਨਮਾਨ ਵਿਚ ਵੱਡਾ ਸਮਾਗਮ ਹੋਇਆ। ਸਾਰੇ ਬੁਲਾਰਿਆ ਨੇ ਉਸ ਨੂੰ ਅਣਕਿਆਸਿਆ ਮਾਣ ਸਤਿਕਾਰ ਦਿੱਤਾ। ਜਦੋਂ ਉਹ ਧੰਨਵਾਦੀ ਸੰਬੋਧਨ ਲਈ ਸਟੇਜ ਉਪਰ ਆਇਆ ਤਾਂ ਬਹੁਤ ਦੇਰ ਉਸ ਦੇ ਸਤਿਕਾਰ ਵਿਚ ਜੈਕਾਰੇ ਗੂੰਜਦੇ ਰਹੇ, ਤਾੜੀਆਂ ਵੱਜਦੀਆਂ ਰਹੀਆਂ। ਧੰਨਵਾਦੀ ਬੋਲਾਂ ਸਮੇਂ ਉਹਨੇ ਕਿਹਾ- ਮੈਂ ਸੋਚ ਰਿਹਾ ਸੀ ਕਿ ਜਿੰਨੇ ਲੋਕ ਅੱਜ ਮੇਰੇ ਸਤਿਕਾਰ ਲਈ ਇੱਕਠੇ ਹੋਏ ਹਨ, ਜਿੰਨੇ ਵਧੀਆਂ ਸ਼ਬਦਾਂ ਦਾ ਪ੍ਰਯੋਗ ਮੇਰੀ ਵਡਿਆਈ ਲਈ ਕੀਤਾ ਗਿਆ, ਜੇ ਰੱਬ ਨਾ ਕਰੇ ਕਿ ਕੱਲ੍ਹ ਨੂੰ ਮੇਰੇ ਕੋਲੋਂ ਕੋਈ ਅਜਿਹੀ ਇਤਿਹਾਸਕ ਗਲਤੀ ਹੋ ਜਾਵੇ ਜਿਸ ਨੂੰ ਲੋਕ ਮੁਆਫੀ ਦੇ ਕਾਬਲ ਨਾ ਸਮਝਦੇ ਹੋਣ ਤਾਂ ਉਸ ਸਮੇਂ ਇਹੀ ਸਾਰੇ ਲੋਕ ਜੋ ਮੇਰੇ ਸਵਾਗਤ ਲਈ ਜੁੜੇ ਹਨ, ਉਸ ਦਿਨ ਇਹੀ ਲੋਕ ਹੋਣਗੇ ਜੋ ਸ਼ਾਇਦ ਇਸ ਤੋਂ ਵੀ ਜ਼ਿਆਦਾ ਮੇਰੇ ਖਿਲਾਫ ਨਾਅਰੇ ਲਾਉਣਗੇ ਤੇ ਅਪਮਾਨ ਭਰੇ ਸ਼ਬਦ ਬੋਲਣਗੇ।
ਸੋ, ਲੋਕਾਂ ਉਪਰ ਮਾਣ ਤਾਂ ਰੇਤ ‘ਤੇ ਮਾਰੀਆਂ ਲੀਕਾਂ ਵਾਂਗ ਹੈ, ਇਹ ਕਦੋਂ ਪੂੰਝੀਆਂ ਜਾਣ, ਪਤਾ ਵੀ ਨਹੀਂ ਲੱਗਦਾ।
ਆਪਣੇ ਜ਼ਿਆਦਾਤਰ ਦੀਵਾਨਾਂ ਵਿਚ ਤੁਸੀਂ ਵਿਦੇਸ਼ੀ ਜ਼ਿੰਦਗੀ, ਉਥੋਂ ਦੇ ਰਹਿਣ-ਸਹਿਣ, ਉਥੋਂ ਦੇ ਕਾਇਦੇ-ਕਾਨੂੰਨਾਂ ਅਤੇ ਵਿਦੇਸ਼ਾਂ ਨਾਲ ਸਬੰਧਤ ਹੋਰ ਅਨੇਕਾਂ ਹੀ ਖੂਬਸੂਰਤ ਗੱਲਾਂ ਦਾ ਜ਼ਿਕਰ ਕਰਦੇ ਹੋ। ਜੋ ਤੁਸੀਂ ਆਖਦੇ ਹੋ, ਤਕਰੀਬਨ ਸੱਚ ਹੈ ਪਰ ਅਕਸਰ ਹੀ ਇੱਕ ਮਹੱਤਵਪੂਰਨ ਗੱਲ ਨੂੰ ਤੁਸੀਂ ਭੁੱਲ ਜਾਂਦੇ ਹੋ। ਤੁਸੀ ਇਥੋਂ ਦੇ ਸਿਆਸਤਦਾਨਾਂ ਦੀ ਗੱਲਬਾਤ ਅਤੇ ਬਹਿਸ ਸੁਣੀ ਹੋਵੇਗੀ, ਧਾਰਮਿਕ ਲੋਕਾਂ ਦੇ ਪ੍ਰਚਾਰ ਦਾ ਤਰੀਕਾ ਦੇਖਿਆ ਹੋਣਾ ਹੈ, ਪਬਲਿਕ ਥਾਵਾਂ ਉਪਰ ਲੋਕਾਂ ਦੇ ਆਪਸੀ ਵਿਹਾਰ ਵਲ ਵੀ ਤੁਹਾਡਾ ਧਿਆਨ ਗਿਆ ਹੋਣਾ ਹੈ। ਜਦ ਕਿਸੇ ਨੇ ਕਿਸੇ ਦੀ ਕਹੀ ਗੱਲ ਦਾ ਵਿਰੋਧ ਕਰਨਾ ਹੁੰਦਾ ਹੈ ਜਾਂ ਕਿਸੇ ਗੱਲ ਤੋਂ ਇਨਕਾਰੀ ਹੋਣਾ ਹੁੰਦਾ ਹੈ ਤਾਂ ਉਨ੍ਹਾਂ ਦੇ ਬੋਲਣ ਦਾ ਸਲੀਕਾ ਵੀ ਤੁਸੀਂ ਜ਼ਰੂਰ ਮਹਿਸੂਸ ਕੀਤਾ ਹੋਣਾ ਹੈ। ਇਹ ਵੀ ਦੇਖਿਆ ਸੁਣਿਆ ਹੋਣਾ ਹੈ ਕਿ ਜਦ ਲੋਕ ਕਿਸੇ ਗੱਲ ਤੋਂ ਇਨਕਾਰੀ ਵੀ ਹੁੰਦੇ ਹਨ, ਜਾਂ ਨਾਂਹ ਵਿਚ ਜਵਾਬ ਦਿੰਦੇ ਹਨ ਤਾਂ ਉਨ੍ਹਾਂ ਦੀ ਨਾਂਹ ਵਿਚ ਹੀ ਹਾਂ ਵਰਗੀ ਭਾਸ਼ਾ ਦਾ ਸਲੀਕਾ ਤੇ ਨਿਮਰਤਾ ਹੁੰਦੀ ਹੈ; ਪਰ ਤੁਹਾਡੀ ਗੱਲਬਾਤ ਤੋਂ ਲੱਗਦਾ ਹੈ ਕਿ ਤੁਸੀਂ ਇਹ ਗਿਆਨ ਸਿਰਫ ਦੂਜਿਆਂ ਨੂੰ ਹੀ ਦੇਣਾ ਸਿਖਿਆ ਹੈ; ਆਪਣੀ ਜ਼ਿੰਦਗੀ ਵਿਚ, ਆਪਣੀ ਬੋਲ-ਬਾਣੀ ਵਿਚ ਇਸ ਨੂੰ ਧਾਰਨ ਨਹੀਂ ਕਰ ਸਕੇ। ਮੈਂ ਇੱਕ ਦਿਨ ਇੱਕ ਟੀ.ਵੀ. ਚੈਨਲ ‘ਤੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਨਾਲ ਹੋ ਰਹੀ ਗੱਲਬਾਤ ਸੁਣ ਰਿਹਾ ਸੀ ਜੋ ਤੁਹਾਡੇ ਬਾਰੇ ਸੀ। ਤੁਹਾਡੀ ਭਾਸ਼ਾ ਦੀ ਗੱਲ ਕਰਦਿਆਂ ਉਨ੍ਹਾਂ ਉਹ ਬੋਲ ਬੋਲਣ ਤੋਂ ਗੁਰੇਜ਼ ਕੀਤਾ ਸੀ, ਜਿਹੜੇ ਬੋਲ ਤੁਸੀਂ ਕਿਸੇ ਵੀ ਵੱਡੀ ਸੰਸਥਾ ਦੇ ਮੁਖੀ ਬਾਰੇ ਹਜ਼ਾਰਾਂ ਦੀ ਸੰਗਤ ਦੀ ਹਾਜ਼ਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਹੇ ਸੀ। ਤੁਹਾਡੇ ਅੱਜਕੱਲ੍ਹ ਦੇ ਦੀਵਾਨਾਂ ਅੰਦਰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦੀ ਮਹਿਕ ਦੀ ਬਜਾਏ ਈਰਖਾ, ਨਫਰਤ ਤੇ ਅਸਭਿਅਕ ਸ਼ਬਦਾਵਲੀ ਦੀ ਬੂਅ ਵੱਧ ਆਉਂਦੀ ਹੈ। ਗੁਰਬਾਣੀ ਦਾ ਉਪਦੇਸ਼ ਅਤੇ ਚਿਤਾਵਨੀ ਹੈ: ਬਹੁਤਾ ਬੋਲਣੁ ਝਖਣੁ ਹੋਇ॥ ਪਰ ਤੁਸੀ ਤਾਂ ਉਥੇ ਵੀ ਬੋਲਣ ਤੋਂ ਸੰਕੋਚ ਨਹੀਂ ਕਰਦੇ ਜਿਥੇ ਜੇ ਨਾ ਬੋਲਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ। ਤੁਹਾਡੇ ਆਪਣੇ ਕਹਿਣ ਮੁਤਾਬਕ, ਤੁਹਾਨੂੰ ਆਪਣੇ ਵਲਵਲਿਆਂ ਦਾ ਬੋਝ ਹਲਕਾ ਕਰਨ ਲਈ ਬੋਲਣਾ ਪੈਂਦਾ ਹੈ।
ਤੁਸੀਂ ਅਮਰੀਕਾ ਅਕਸਰ ਆਉਂਦੇ ਰਹੇ ਹੋ। 1923 ਤੋਂ 1929 ਤਕ ਅਮਰੀਕਾ ਦਾ ਰਾਸ਼ਟਰਪਤੀ ਹੋਇਆ ਹੈ ਕੈਲਵਿਨ ਕੂਲਿਜ। ਕਹਿੰਦੇ ਹਨ ਕਿ ਉਹ ਬਹੁਤ ਘੱਟ ਬੋਲਦਾ ਸੀ ਜਿਸ ਕਰ ਕੇ ਉਸ ਦਾ ਨਾਮ ਵੀ ‘ਸਾਈਲੈਂਟ ਕਾਲ’ ਪੈ ਗਿਆ ਸੀ। ਉਂਜ ਉਹ ਬੜਾ ਪ੍ਰਭਾਵਸ਼ਾਲੀ ਬੁਲਾਰਾ ਸੀ। ਇੱਕ ਵਾਰ ਉਸ ਦੀ ਆਖਰੀ ਉਮਰ ਸਮੇਂ ਹੋਈ ਗੱਲਬਾਤ ਦੌਰਾਨ ਕਿਸੇ ਪੱਤਰਕਾਰ ਨੇ ਉਸ ਨੂੰ ਪੁੱਛਿਆ: ਤੁਹਾਡਾ ਇੰਨੇ ਘੱਟ ਬੋਲਣ ਦਾ ਕੀ ਰਾਜ਼ ਸੀ? ਉਸ ਦਾ ਜਵਾਬ ਸੀ ਕਿ ਮੈਨੂੰ ਇਹ ਅਹਿਸਾਸ ਹੈ ਕਿ ਮੈਂ ਜੋ ਕੁਝ ਨਹੀਂ ਬੋਲਿਆ ਤੇ ਬੋਲਣ ਤੋਂ ਸੰਕੋਚ ਕੀਤਾ, ਉਸ ਦਾ ਮੈਨੂੰ ਕਦੀ ਪਛਤਾਵਾ ਨਹੀਂ ਹੋਇਆ ਤੇ ਪਛਤਾਵੇ ਵਾਲੀ ਹਾਲਤ ਅਕਸਰ ਹੀ ਬੋਲੇ ਗਏ ਬੋਲਾਂ ਕਾਰਨ ਹੀ ਪੈਦਾ ਹੁੰਦੀ ਹੈ।
ਅਖੀਰ ਵਿਚ ਮੈਂ ਉਮਰੋਂ ਵੱਡਾ ਹੋਣ ਕਾਰਨ ਤੁਹਾਨੂੰ ਕੁਝ ਸੁਝਾਓ ਦੇਣਾ ਚਾਹਾਂਗਾ, ਗੁਰਮਤਿ ਤੇ ਗੁਰੂ ਇਤਹਾਸ ਦੇ ਹਵਾਲੇ ਨਾਲ। ਆਪਾਂ ਇਹ ਮੰਨ ਕੇ ਚਲੀਏ ਕਿ ਹਰ ਵਿਅਕਤੀ ਭੁੱਲਣਹਾਰ ਹੈ। ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣਾ ਕਿਸੇ ਤਰ੍ਹਾਂ ਵੀ ਪੰਥਕ ਹਿਤ ਵਿਚ ਨਹੀਂ। ਹਰ ਟਕਰਾਓ ਦਾ ਹੱਲ ਅਖੀਰ ਵਿਚ ਗੱਲਬਾਤ ਰਾਹੀਂ ਹੀ ਹੁੰਦਾ ਹੈ। ਗੁਰੂ ਇਤਿਹਾਸ ਸਾਡੀ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਤੋਂ ਅਗਵਾਈ ਲਈਏ। ਅਨੰਦਪੁਰ ਸਾਹਿਬ ਦਾ ਘੇਰਾ ਕਈ ਮਹੀਨੇ ਚਲਿਆ, ਵਿਚੋਲਗੀ ਦੀ ਗੱਲ ਵੀ ਚੱਲਦੀ ਰਹੀ। ਅਖੀਰ, ਗੱਲ ਸਹੁੰ ਉਪਰ ਆ ਪਹੁੰਚੀ। ਬੇਸ਼ਕ ਗੁਰੂ ਸਾਹਿਬ ਨੂੰ ਵਿਰੋਧੀਆਂ ਦੀ ਕਪਟੀ ਸੋਚ ਦਾ ਇਲਮ ਸੀ, ਫਿਰ ਵੀ ਉਨ੍ਹਾਂ ਆਪਣੇ ਸਿੰਘਾਂ ਦੀ ਰਾਇ ਮੰਨ ਕੇ ਸਮਝੌਤਾ ਕੀਤਾ; ਭਾਵੇਂ ਇਸ ਦਾ ਨਤੀਜਾ ਬੜਾ ਹੀ ਭਿਅੰਕਰ ਨਿਕਲਿਆ। ਫਿਰ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਰੂਪ ਵਿਚ ਚਿੱਠੀ ਲਿਖੀ ਜਿਸ ਦਾ ਨਤੀਜਾ ਸੀ ਕਿ ਬਾਦਸ਼ਾਹ ਨੂੰ ਬਹੁਤ ਸਾਰੀਆਂ ਹੋਈਆਂ ਵਧੀਕੀਆਂ ਜੋ ਉਸ ਦੇ ਸੂਬੇਦਾਰਾਂ ਜਾਂ ਨਵਾਬਾਂ ਨੇ ਕੀਤੀਆਂ ਸਨ, ਦਾ ਅਹਿਸਾਸ ਹੋਇਆ ਅਤੇ ਪਛਾਤਾਵਾ ਵੀ। ਇਸੇ ਕਾਰਨ ਉਸ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਪੇਸ਼ਕਸ਼ ਵੀ ਕੀਤੀ ਸੀ ਜੋ ਬਾਦਸ਼ਾਹ ਦੀ ਮੌਤ ਕਾਰਨ ਸੰਭਵ ਨਾ ਹੋਈ। ਬਹਾਦਰ ਸ਼ਾਹ ਨਾਲ ਸੁਖਾਵੇਂ ਸਬੰਧ, ਗੱਲਬਾਤ, ਸਹਿਯੋਗ ਆਪਸੀ ਭਰੋਸੇ ਦਾ ਹੀ ਨਤੀਜਾ ਸੀ। ਛੇਵੇਂ ਪਾਤਸ਼ਾਹ ਨੇ ਵੀ ਆਪਣੇ ਗੁਰੂ ਪਿਤਾ ਦੇ ਕਾਤਲ ਨਾਲ ਸੁਖਾਵੇ ਸਬੰਧ ਸਥਾਪਤ ਕੀਤੇ ਸੀ। ਗੁਰਬਾਣੀ ਵੀ ਅਦੇਸ਼ ਦਿੰਦੀ ਹੈ: ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਤੁਹਾਡੇ ਵਿਚਾਰਧਾਰਕ ਵਿਰੋਧੀ ਤੁਹਾਡੇ ਗੁਰੂ ਪਿਤਾ ਦੇ ਹੀ ਪੁੱਤਰ ਹਨ, ਪੰਥ ਦਾ ਹੀ ਹਿੱਸਾ ਹਨ। ਇੰਨੀ ਜ਼ਿੱਦ ਤਾਂ ਦੇਸ਼ਾਂ ਦੀਆਂ ਲੜਾਈਆਂ ਵਿਚ ਵੀ ਨਹੀਂ ਹੁੰਦੀ ਜਿੰਨੀ ਤੁਸੀਂ ਕਰ ਰਹੇ ਹੋ। ਬਹੁਤ ਸਾਰੇ ਪੰਥ ਦਰਦੀ ਹਨ ਜਿਹੜੇ ਇਸ ਬੇਵਜ੍ਹਾ ਸ਼ਬਦੀ ਜੰਗ ਨੂੰ ਸਮਾਪਤ ਹੋਇਆ ਦੇਖਣਾ ਚਾਹੁੰਦੇ ਹਨ। ਪੰਥ ਵੱਡਾ ਹੈ, ਕੋਈ ਵਿਅਕਤੀ ਵਿਸ਼ੇਸ਼ ਨਹੀਂ। ਤੁਹਾਡਾ ਕੱਦ ਹੋਰ ਵੀ ਵੱਡਾ ਹੋਵੇਗਾ, ਜੇ ਤੁਸੀਂ ਨਿਮਰਤਾ ਸਹਿਤ ਬੈਠ ਕੇ ਵਿਚਾਰਧਾਰਕ ਮੱਤਭੇਦਾਂ ਨੂੰ ਨਜਿੱਠ ਲਵੋ। ਪੰਜਵੇਂ ਪਾਤਸ਼ਾਹ ਦੀ ਬਾਣੀ ‘ਸਲੋਕ ਸਹਿਸ ਕਿਤੀ’ ਦੇ ਸਲੋਕ ਨੰਬਰ ਚਾਲੀ ਨੂੰ ਦੁਬਾਰਾ ਪੜ੍ਹਨ ਅਤੇ ਸ਼ਾਂਤੀ ਨਾਲ ਅਹਿਸਾਸ ਕਰਨ ਦੀ ਕੋਸ਼ਿਸ਼ ਕਰਿਓ ਕਿ ਕਿਹੜੇ ‘ਖਟ ਲਖਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥’ ਹਨ ਜੋ ਗੁਰੂ ਪਾਤਿਸ਼ਾਹ ਤੁਹਾਡੇ ਵਰਗੇ ਗਿਆਨੀ, ਪੂਰਨ ਪੁਰਖ ਜਾਂ ਸਾਧ ਵਿਚ ਦੇਖਣਾ ਚਾਹੁੰਦੇ ਹਨ ਤਾਂ ਜੋ ਉਹ ਉਨ੍ਹਾਂ ਹੀ ਗੁਣਾਂ ਨੂੰ ਆਪਣੇ ਪੈਰੋਕਾਰਾਂ ਤੇ ਸਰੋਤਿਆਂ ਜਾਂ ਦਰਸ਼ਕਾਂ ਵਿਚ ਵੰਡ ਸਕਣ।
ਬੋਲਣਾ ਤੁਹਾਡਾ ਹੱਕ ਹੈ, ਕਬੋਲਣਾ ਵੀ ਤੁਹਾਡਾ ਹੱਕ ਹੋ ਸਕਦਾ ਹੈ ਪਰ ਕਿਸੇ ਨੂੰ ਕਬੋਲਣਾ ਕਤੱਈ ਤੁਹਾਡਾ ਹੱਕ ਨਹੀਂ। .ਿe .ਬਿeਰਟੇ ਅਨਦ ਪੁਰਸੁਟਿ ਾ ਹਅਪਪਨਿeਸਸ ਦਾ ਸਿਧਾਂਤ ਅਮਰੀਕਾ ਦੀ ਬੁਨਿਆਦ ਅਤੇ ਦੁਨੀਆਂ ਲਈ ਪ੍ਰੇਰਨਾ ਸ੍ਰੋਤ ਹੈ। ਇਹ ਸਿਧਾਂਤ ਜਿੰਨੀ ਆਜ਼ਾਦੀ ਤੁਹਾਨੂੰ ਦਿੰਦਾ ਹੈ, ਉਨੀ ਹੀ ਆਜ਼ਾਦੀ ਦੂਜਿਆਂ ਨੂੰ ਵੀ ਮਿਲ ਸਕੇ, ਇਹ ਆਸ ਤੁਹਾਡੇ ਕੋਲੋਂ ਰੱਖਦਾ ਹੈ। ਤੁਸੀਂ ਜਿੰਨੀ ਸ਼ਿੱਦਤ ਨਾਲ ਆਪਣੇ ਵਿਚਾਰਧਾਰਕ ਵਿਰੋਧੀਆ ਪ੍ਰਤੀ ਵੈਰ ਤੇ ਮੰਦ ਭਾਵਨਾ ਰੱਖਦੇ ਹੋ, ਉਨ੍ਹਾਂ ਦਾ ਬੁਰਾ ਤਾਂ ਪਤਾ ਨਹੀਂ ਕਦੋਂ ਹੋਣਾ ਹੈ ਪਰ ਤੁਹਾਡੀ ਸੁਰਤੀ, ਬਿਰਤੀ ਤੇ ਬੋਲ-ਬਾਣੀ ਜ਼ਰੂਰ ਨਿਵਾਣ ਵੱਲ ਭੱਜਣੀ ਸੰਭਵ ਹੋ ਸਕਦੀ ਹੈ। ਜਿਹੜਾ ਰਾਹ ਤੁਸੀਂ ਚੁਣਿਆ ਹੈ ਤੇ ਬੜੀ ਦ੍ਰਿੜਤਾ ਤੇ ਜ਼ਿਦ ਨਾਲ ਇਸ ਦੇ ਪਾਂਧੀ ਬਣੇ ਹੋ, ਇਸ ਦੀ ਮੰਜ਼ਿਲ ਮੇਰੀ ਸਮਝ ਮੁਤਾਬਕ ਤਾਂ ਖੁਆਰੀ ਹੀ ਹੈ ਜੋ ਕਿਸੇ ਵੀ ਤਰ੍ਹਾਂ ਨਾ ਤਾਂ ਤੁਹਾਡੇ ਹਿਤ ਵਿਚ ਹੈ ਤੇ ਨਾ ਹੀ ਪੰਥਕ ਹਿਤਾਂ ਵਿਚ। ਸੋਸ਼ਲ ਮੀਡੀਆ ਉਪਰ ਆਪਣੇ ਲਾਈਕ ਜਾਂ ਡਿਸਲਾਈਕ ਉਪਰ ਭਰੋਸਾ ਕਰਨ ਦੀ ਥਾਂ ਆਪਣੇ ਗੁਰੂ ਉਪਰ ਭਰੋਸਾ ਕਰੋ ਤੇ ਨਿਰਭਰ ਹੋਵੋ। ਪੰਥ ਦੇ ਰੌਸ਼ਨ ਭਵਿਖ ਦੇ ਰਾਹ ਆਪਣੇ ਆਪ ਹੀ ਨਿਕਲ ਆਉਣਗੇ।
ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਪ੍ਰਤੀ ਜਾਨਲੇਵਾ ਧਮਕੀਆਂ ਦਾ ਜੋ ਵਾਤਾਵਰਨ ਬਣਾਇਆ ਗਿਆ ਹੈ ਜਾਂ ਬਣਿਆ ਹੋਇਆ ਹੈ, ਇਹ ਸਿਰਫ ਇੱਕ-ਦੋ ਵਿਅਕਤੀਆਂ ਪ੍ਰਤੀ ਚਿੰਤਾ ਦਾ ਵਿਸ਼ਾ ਨਹੀਂ ਸਗੋਂ ਸਮੁੱਚੇ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਸੋ, ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਕਿ ਪਿਆਰ ਤੇ ਸਦਭਾਵਨਾ ਦੇ ਛਿੱਟੇ ਮਾਰ ਕੇ ਇਸ ਧੂੰਏਂ ਨੂੰ ਖਤਮ ਕੀਤਾ ਜਾਵੇ।
ਗੁਰੂ ਪੰਥ ਦਾ ਦਾਸ
ਸੰਪੂਰਨ ਸਿੰਘ
ਮੁੱਖ ਸੇਵਾਦਾਰ
ਸਿੱਖ ਨੈਸ਼ਨਲ ਸੈਂਟਰ
ਮੈਂਬਰ, ਏ.ਜੀ.ਪੀ.ਸੀ.
ਫੋਨ: 281-635-7466