ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ‘ਸੁਨਹਿਰੀਪਣ’ ‘ਤੇ ਪ੍ਰਦੂਸ਼ਣ ਦੀ ਮਾਰ ਲਗਾਤਾਰ ਵਧ ਰਹੀ ਹੈ। ਇਸ ਕਰਕੇ ਇਥੇ ਸੋਨੇ ਦੇ ਪੱਤਰਿਆਂ ਦੀ ਧੁਆਈ ਹਰ ਸਾਲ ਕਰਨੀ ਪੈ ਰਹੀ ਹੈ। ਇਸ ਵਾਰ ਵੀ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਜ਼ੋਰਸ਼ੋਰ ਨਾਲ ਚੱਲ ਰਹੀ ਹੈ।
ਪ੍ਰਦੂਸ਼ਣ ਕਾਰਨ ਕਾਲੇ ਪੈ ਰਹੇ ਸੋਨੇ ਨੂੰ ਮੁੜ ਨਵੀਂ ਚਮਕ ਦੇਣ ਲਈ ਇਸ ਵਾਰ ਇਹ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਜਥੇ ਨੂੰ ਸੌਂਪੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰਲੀਆਂ ਕੰਧਾਂ ‘ਤੇ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਸੇਵਾ ਕਰਨ ਮਗਰੋਂ 170 ਸਾਲਾਂ ਬਾਅਦ 1995 ਵਿਚ ਇਥੇ ਮੁੜ ਸੋਨੇ ਦੇ ਨਵੇਂ ਪੱਤਰੇ ਚੜ੍ਹਾਏ ਗਏ ਸਨ।
ਉਸ ਵੇਲੇ ਇਹ ਸੇਵਾ ਇੰਗਲੈਂਡ ਦੀ ਸਿੱਖ ਜਥੇਬੰਦੀ ‘ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ’ ਨੂੰ ਸੌਂਪੀ ਗਈ ਸੀ ਜਿਸ ਨੇ ਚਾਰ ਸਾਲ ਦੀ ਮਿਹਨਤ ਨਾਲ ਇਥੇ ਸੋਨੇ ਦੇ ਪੱਤਰੇ ਬਦਲੇ ਸਨ। ਉਸ ਵੇਲੇ ਸੈਂਕੜੇ ਕਿਲੋ ਸੋਨਾ ਲੱਗਾ ਸੀ। ਸੋਨੇ ਦੇ ਪੱਤਰੇ ਬਦਲੇ ਜਾਣ ਤੋਂ ਪਹਿਲਾਂ ਪੁਰਾਣੇ ਪੱਤਰੇ ਉਤਾਰੇ ਗਏ ਸਨ ਤੇ ਉਨ੍ਹਾਂ ਦੀ ਫੋਟੋਗ੍ਰਾਫੀ ਕਰਨ ਮਗਰੋਂ ਨਵੇਂ ਪੱਤਰਿਆਂ ਨੂੰ ਹੂ-ਬ-ਹੂ ਉਸੇ ਰੂਪ ਤੇ ਆਕਾਰ ਵਿਚ ਤਿਆਰ ਕੀਤਾ ਗਿਆ ਸੀ ਪਰ ਕੁਝ ਵਰ੍ਹਿਆਂ ਬਾਅਦ ਹੀ ਸੋਨੇ ਦਾ ਰੰਗ ਲਾਲੀ ਵਿਚ ਆਉਣ ਕਾਰਨ ਇਥੇ ਦੁਬਾਰਾ ਧੁਆਈ ਤੇ ਪਾਲਿਸ਼ ਕੀਤੀ ਗਈ ਸੀ।
ਹੁਣ ਪ੍ਰਦੂਸ਼ਣ ਦੇ ਵਧਣ ਕਾਰਨ ਹਰ ਸਾਲ ਹੀ ਇਥੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਸਿੱਖ ਜਥੇਬੰਦੀ ਦੇ ਕੁਝ ਰੁਝੇਵਿਆਂ ਕਾਰਨ ਇਹ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੇ ਜਥੇ ਨੂੰ ਸੌਂਪੀ ਗਈ ਹੈ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਸ ਸੇਵਾ ਨੂੰ ਸ਼ੁਰੂ ਕੀਤਾ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲੱਗੇ ਸੋਨੇ ਦੇ ਪੱਤਰਿਆਂ ਦਾ ਰੰਗ ਪ੍ਰਦੂਸ਼ਣ ਕਾਰਨ ਬਦਲ ਰਿਹਾ ਸੀ। ਇਸ ਲਈ ਇਸ ਦੀ ਸਾਫ ਸਫਾਈ ਤੇ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪ੍ਰਦੂਸ਼ਣ ਕਾਰਨ ਹੀ ਸੋਨੇ ਦੇ ਰੰਗ ਵਿਚ ਬਦਲਾਅ ਆਉਣ ਦੀ ਅਸ਼ੰਕਾ ਹੈ ਪਰ ਇਸ ਬਾਰੇ ਮਾਹਿਰਾਂ ਦੀ ਰਾਏ ਵੀ ਲਈ ਜਾਵੇਗੀ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸੋਨੇ ਦਾ ਰੰਗ ਕਾਲਾ ਕਿਉਂ ਪੈਂਦਾ ਹੈ ਤੇ ਉਸ ਮੁਤਾਬਕ ਹੀ ਭਵਿੱਖ ਵਿਚ ਉਪਾਅ ਕੀਤਾ ਜਾ ਸਕੇ। ਇਥੇ ਸੇਵਾ ਕਰ ਰਹੇ ਮਾਹਿਰਾਂ ਮੁਤਾਬਕ ਸੋਨੇ ਦੇ ਪੱਤਰਿਆਂ ਨੂੰ ਧੋਣ ਲਈ ਦੇਸੀ ਵਿਧੀ ਤਹਿਤ ਰੀਠੇ ਦੀ ਵਰਤੋਂ ਕੀਤੀ ਜਾ ਰਹੀ ਹੈ। ਰੀਠੇ ਦੇ ਪਾਣੀ ਨਾਲ ਇਨ੍ਹਾਂ ਪਤਰਿਆਂ ਨੂੰ ਧੋਇਆ ਜਾਂਦਾ ਹੈ ਜਿਸ ਨਾਲ ਪ੍ਰਦੂਸ਼ਣ ਸਦਕਾ ਕਾਲੇ ਹੋਏ ਪੱਤਰਿਆਂ ਵਿਚ ਮੁੜ ਪਹਿਲਾਂ ਵਾਲੀ ਚਮਕ ਆ ਜਾਂਦੀ ਹੈ।
_______________________________________
ਪ੍ਰਦੂਸ਼ਣ ਰੋਕਥਾਮ ਬੋਰਡ ਵੀ ਹੋਇਆ ਸਰਗਰਮ
ਚੰਡੀਗੜ੍ਹ: ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਧ ਰਹੇ ਪ੍ਰਦੂਸ਼ਣ ਬਾਰੇ ਅਦਾਲਤ ਵੱਲੋਂ ਪਹਿਲਾਂ ਹੀ ਨੋਟਿਸ ਲਿਆ ਜਾ ਚੁੱਕਾ ਹੈ। ਅਦਾਲਤ ਦੇ ਹੁਕਮਾਂ ‘ਤੇ ਇਸ ਬਾਰੇ ਦਿੱਲੀ ਅਧਾਰਤ ਇਕ ਸੰਸਥਾ ਆਈਆਈਟੀ ਵੱਲੋਂ ਇਥੇ ਪ੍ਰਦੂਸ਼ਣ ਦੇ ਕਾਰਨਾਂ ਦੀ ਸਮੀਖਿਆ ਵੀ ਕੀਤੀ ਜਾ ਚੁੱਕੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇਸ ਬਾਰੇ ਅਦਾਲਤ ਵਿਚ ਰਿਪੋਰਟ ਵੀ ਦਾਇਰ ਕੀਤੀ ਗਈ ਹੈ ਜਿਸ ਦੇ ਆਧਾਰ ‘ਤੇ ਹੁਣ ਅਗਲੀ ਕਾਰਵਾਈ ਹੋਵੇਗੀ। ਸਾਲ 2011 ਵਿਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇਥੇ ਪ੍ਰਦੂਸ਼ਣ ਦੀ ਕੀਤੀ ਗਈ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਸਨ ਕਿ ਇਥੇ ਆਰਐਸਪੀਐਮ ਦੀ ਵੱਧ ਤੋਂ ਵੱਧ ਮਾਤਰਾ 227 ਤੇ ਘੱਟ ਤੋਂ ਘੱਟ 124 ਹੈ ਜੋ ਕਿ ਵਿਰਾਸਤੀ ਇਮਾਰਤਾਂ ਨੇੜੇ 100 ਮਾਈਕਰੋ ਗ੍ਰਾਮ ਹੋਣੀ ਚਾਹੀਦੀ ਹੈ। ਪ੍ਰਦੂਸ਼ਣ ਬੋਰਡ ਦੀ ਰਿਪੋਰਟ ਵਿਚ ਇਥੇ ਸਲਫਰ ਡਾਇਆਕਸਾਈਡ ਤੇ ਨਾਈਟਰਸ ਡਾਇਆਕਸਾਈਡ ਦੀ ਮਾਤਰਾ ਠੀਕ ਦੱਸੀ ਗਈ ਸੀ। ਇਸ ਬਾਰੇ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਕਹਿਣਾ ਹੈ ਕਿ ਆਈਆਈਟੀ ਦਿੱਲੀ ਵੱਲੋਂ ਹਾਲ ਹੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਰਿਪੋਰਟ ਦਿੱਤੀ ਗਈ ਹੈ ਜਿਸ ਵਿਚ ਕੁਝ ਸੁਝਾਅ ਵੀ ਦਿੱਤੇ ਗਏ ਸਨ।
Leave a Reply