ਲੱਦਾਖ ਝੜਪ ਪਿੱਛੋਂ ਭਾਰਤ ਦੀਆਂ ਸਿਆਸੀ ਧਿਰਾਂ ਆਪਸ ‘ਚ ਖਹਿਬੜੀਆਂ

ਨਵੀਂ ਦਿੱਲੀ: ਲੱਦਾਖ ਸਰਹੱਦ ਨੇੜੇ ਚੀਨੀ ਤੇ ਭਾਰਤੀ ਫੌਜਾਂ ਵਿਚ ਟਕਰਾਅ ਤੋਂ ਬਾਅਦ ਭਾਰਤ ਦੀਆਂ ਸਿਆਸੀ ਧਿਰਾਂ ਆਪਸ ਵਿਚ ਉਲਝ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੀਨੀ ਫੌਜਾਂ ਦੇ ਭਾਰਤੀ ਸਰਹੱਦ ਅੰਦਰ ਦਾਖਲੇ ਬਾਰੇ ਦਿੱਤੇ ਬਿਆਨ ਪਿੱਛੋਂ ਸਿਆਸਤ ਭਖ ਗਈ ਹੈ। ਮੋਦੀ ਸਰਬ ਪਾਰਟੀ ਮੀਟਿੰਗ ਵਿਚ ਦਾਅਵਾ ਕਰ ਬੈਠੇ ਕਿ ਚੀਨੀ ਫੌਜ ਭਾਰਤੀ ਸਰਹੱਦ ਵਿਚ ਦਾਖਲ ਹੋਈ ਹੀ ਨਹੀਂ। ਵਿਰੋਧੀ ਧਿਰਾਂ ਵੱਲੋਂ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਸਵਾਲ ਦਾਗੇ ਜਾ ਰਹੇ ਹਨ ਕਿ ਜੇ ਚੀਨੀ ਫੌਜ ਦਾਖਲ ਹੀ ਨਹੀਂ ਹੋਈ ਤਾਂ ਰੌਲਾ ਕਿਸ ਗੱਲ ਦਾ ਸੀ, ਕਿਉਂ 20 ਭਾਰਤੀ ਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ।

ਕਾਂਗਰਸ ਵੱਲੋਂ ਇਕ ਤੋਂ ਬਾਅਦ ਇਕ ਨੇਤਾਵਾਂ ਨੇ ਮੋਦੀ ਦੇ ਬਿਆਨ ‘ਤੇ ਤਿੱਖੇ ਪ੍ਰਤੀਕਰਮ ਦਿੱਤੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਦੇ ਉਕਤ ਬਿਆਨ ਦੇ ਹਵਾਲੇ ਨਾਲ ਪੁੱਛਿਆ ਕਿ ਜੇਕਰ ਚੀਨ ਦੀ ਹੀ ਜ਼ਮੀਨ ਸੀ ਤਾਂ ਸਾਡੇ ਫੌਜੀ ਕਿਉਂ ਅਤੇ ਕਿਥੇ ਸ਼ਹੀਦ ਹੋਏ। ਰਾਹੁਲ ਗਾਂਧੀ ਨੇ ਸਵਾਲ ਉਠਾਉਂਦਿਆਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨ ਦੇ ਹਮਲੇ ਅੱਗੇ ਹਥਿਆਰ ਸੁੱਟ ਦਿੱਤੇ ਹਨ।
ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸਰਕਾਰ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਫੌਜ ਮੁਖੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਪਹਿਲਾਂ ਦੇ ਬਿਆਨਾਂ ਤੋਂ ਉਲਟ ਹੈ।
ਚਿਦੰਬਰਮ ਨੇ ਪੁੱਛਿਆ ਕਿ ਜੇਕਰ ਕਿਸੇ ਚੀਨੀ ਫੌਜੀ ਨੇ ਐਲ਼ਏ.ਸੀ. ਪਾਰ ਹੀ ਨਹੀਂ ਕੀਤੀ ਅਤੇ ਭਾਰਤੀ ਸਰਹੱਦ ‘ਚ ਦਾਖਲ ਹੀ ਨਹੀਂ ਹੋਏ ਤਾਂ 5-6 ਮਈ ਨੂੰ ਦੋਵਾਂ ਫੌਜਾਂ ਦਾ ਆਹਮੋ-ਸਾਹਮਣੇ ਆਉਣਾ ਕੀ ਸੀ? 5 ਮਈ ਤੋਂ 6 ਜੂਨ ਦਰਮਿਆਨ ਕਮਾਂਡਰ ਪੱਧਰ ਦੀ ਗੱਲਬਾਤ ਕਿਸ ਮੁੱਦੇ ‘ਤੇ ਹੋਈ। 15-16 ਜੂਨ ਨੂੰ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਹਿੰਸਕ ਝੜਪਾਂ ਕਿਥੇ ਹੋਈਆਂ ਅਤੇ 20 ਭਾਰਤੀ ਫੌਜੀ ਕਿਥੇ ਸ਼ਹੀਦ ਹੋਏ? ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਚੀਨੀ ਫੌਜੀ ਭਾਰਤੀ ਸਰਹੱਦਾਂ ‘ਚ ਦਾਖਲ ਹੀ ਨਹੀਂ ਹੋਏ ਤਾਂ ਵਿਦੇਸ਼ ਮੰਤਰੀ ਐੱਸ਼ ਜੈਸ਼ੰਕਰ ਦੇ ਬਿਆਨ ‘ਚ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਗੱਲ ਕਿਉਂ ਕੀਤੀ ਗਈ।
ਕਾਂਗਰਸੀ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਚੀਨ ਵਲੋਂ ਮੁੜ ਗਲਵਾਨ ਵਾਦੀ ‘ਤੇ ਕੀਤੇ ਦਾਅਵੇ ਉਤੇ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ। ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਭਾਰਤ ਦੇ ਹਿਸਾਬ ਨਾਲ ਅਸਲ ਕੰਟਰੋਲ ਰੇਖਾ ਕੀ ਹੈ? ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਭਾਰਤੀ ਫੌਜੀ ਚੀਨੀ ਖੇਤਰ ‘ਚ ਸਨ ਕੀ ਸਾਡੇ ਏਨੇ ਜਵਾਨਾਂ ਦੀ ਸ਼ਹਾਦਤ ਅਜਾਈਂ ਸੀ?
____________________________________________
ਮੋਦੀ ਚੀਨ ਦੇ ਸਾਜ਼ਿਸ਼ੀ ਰੁਖ ਨੂੰ ਤਾਕਤ ਨਾ ਦੇਣ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲੱਦਾਖ ਵਿਚ ਚੀਨ ਨਾਲ ਵਿਵਾਦ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਹੀ ਵਿਚ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਨੂੰ ਆਪਣੇ ਬਿਆਨ ਨਾਲ ਚੀਨ ਦੇ ਸਾਜ਼ਿਸ਼ੀ ਰੁਖ ਨੂੰ ਤਾਕਤ ਨਹੀਂ ਦੇਣੀ ਚਾਹੀਦੀ ਅਤੇ ਸਰਕਾਰ ਦੇ ਸਭਨਾਂ ਅੰਗਾਂ ਨਾਲ ਮਿਲ ਕੇ ਮੌਜੂਦਾ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਅਗਵਾਈ ਦਾ ਬਦਲ ਨਹੀਂ ਹੋ ਸਕਦਾ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਵਾਨਾਂ ਦਾ ਬਲਿਦਾਨ ਅਜਾਈਂ ਨਹੀਂ ਜਾਣਾ ਚਾਹੀਦਾ।
__________________________________________
ਕਾਂਗਰਸ ਨੇ 43000 ਕਿਲੋਮੀਟਰ ਖੇਤਰ ਬਿਨਾ ਸੰਘਰਸ਼ ਚੀਨ ਨੂੰ ਦਿੱਤਾ: ਭਾਜਪਾ
ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਸੈਂਕੜੇ ਕਿਲੋਮੀਟਰ ਜ਼ਮੀਨ ਚੀਨ ਨੂੰ ਬਿਨਾਂ ਸੰਘਰਸ਼ ਦੇ ਸੌਂਪ ਦਿੱਤੀ ਅਤੇ ਉਨ੍ਹਾਂ ਦੇ ਕਾਰਜਕਾਲ ਵਿਚ 2010 ਤੋਂ 2013 ਵਿਚਾਲੇ ਗੁਆਂਢੀ ਮੁਲਕ ਨੇ 600 ਵਾਰ ਘੁਸਪੈਠ ਕੀਤੀ। ਭਾਜਪਾ ਮੁਖੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਬਾਲਾਕੋਟ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਮਗਰੋਂ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਟਵੀਟ ਕੀਤਾ, ‘ਡਾ. ਮਨਮੋਹਨ ਸਿੰਘ ਉਸੇ ਪਾਰਟੀ ਤੋਂ ਆਉਂਦੇ ਹਨ, ਜਿਸ ਨੇ 43000 ਕਿਲੋਮੀਟਰ ਤੋਂ ਵਧ ਭਾਰਤੀ ਖੇਤਰ ਚੀਨ ਨੂੰ ਦਿੱਤਾ ਸੀ।
__________________________________________
ਨਰਿੰਦਰ ਮੋਦੀ ਨਹੀਂ, ਸਰੈਂਡਰ ਮੋਦੀ: ਰਾਹੁਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਭਾਰਤੀ ਇਲਾਕਾ ਚੀਨ ਨੂੰ ਸੌਂਪਣ ਦਾ ਦੋਸ਼ ਲਗਾਉਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ‘ਤੇ ਵਿਅੰਗ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਅਸਲ ਵਿਚ ਸਰੈਂਡਰ ਮੋਦੀ ਹਨ। ਰਾਹੁਲ ਗਾਂਧੀ ਨੇ ਟਵੀਟ ਵਿਚ ਇਹ ਗੱਲ ਆਖੀ ਤੇ ਨਾਲ ਹੀ ਉਨ੍ਹਾਂ ਨੇ ਵਿਦੇਸ਼ੀ ਪ੍ਰਕਾਸ਼ਨ ਦੇ ਲੇਖ ਦਾ ਵੀ ਜ਼ਿਕਰ ਕੀਤਾ ਜਿਸ ਦਾ ਸਿਰਲੇਖ ਹੈ, ‘ਭਾਰਤ ਦੀ ਚੀਨ ਪ੍ਰਤੀ ਸਮਰਪਣ ਨੀਤੀ ਦਾ ਖੁਲਾਸਾ ਹੋਇਆ ਹੈ। ਟਵੀਟ ਵਿਚ ਉਨ੍ਹਾਂ ਕਿਹਾ ਨਰਿੰਦਰ ਮੋਦੀ ਅਸਲ ਵਿਚ ਸਰੈਂਡਰ ਮੋਦੀ ਹਨ।