ਭਾਰਤ ਵਲੋਂ ਚੀਨ ਖਿਲਾਫ ਆਰਥਕ ਮੋਰਚੇਬੰਦੀ

ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਤੇ ਭਾਰਤੀ ਫੌਜਾਂ ਵਿਚ ਹਿੰਸਕ ਟਕਰਾਅ ਤੋਂ ਬਾਅਦ ਭਾਰਤ ਨੇ ਚੀਨ ਖਿਲਾਫ ਆਰਥਿਕ ਮੋਰਚੇਬੰਦੀ ਸ਼ੁਰੂ ਕਰ ਦਿੱਤੀ ਹੈ। ਭਾਰਤ ‘ਚ ਚੀਨੀ ਸਾਮਾਨ ਵਿਰੁੱਧ ਗੁੱਸੇ ਦੀ ਲਹਿਰ ਸ਼ੁਰੂ ਹੋਈ ਹੈ। ਪਹਿਲੀ ਕਾਰਵਾਈ ਵਿਚ ਹੀ ਰੇਲਵੇ ਨੇ ਚੀਨੀ ਕੰਪਨੀ ਦਾ 471 ਕਰੋੜ ਰੁਪਏ ਦਾ ਠੇਕਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ 1000 ਕਰੋੜ ਰੁਪਏ ਦੇ ਪੁਰਜ਼ੇ ਲੈਣ ਵਾਲਾ ਸਮਝੌਤਾ ਵੀ ਤੋੜਨ ਦੀ ਤਿਆਰੀ ਕਰ ਲਈ ਹੈ।

ਦੇਸ਼ ‘ਚ 7 ਕਰੋੜ ਦੁਕਾਨਦਾਰਾਂ ਦਾ ਸੰਗਠਨ ਜਿਸ ਨੂੰ ‘ਸੀ.ਏ.ਟੀ.’ ਕਿਹਾ ਜਾਂਦਾ ਹੈ, ਨੇ ਵੀ ਚੀਨ ਦੇ ਸਾਮਾਨ ਨੂੰ ਦੁਕਾਨਦਾਰਾਂ ਵਲੋਂ ਨਾ ਰੱਖਣ ਤੇ ਗਾਹਕਾਂ ਵਲੋਂ ਨਾ ਖਰੀਦਣ ਦੀ ਅਪੀਲ ਕੀਤੀ ਹੈ। ਕੇਂਦਰੀ ਰਾਸ਼ਨ ਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ‘ਸੀ.ਏ.ਟੀ.’ ਨੇ ਕਿਹਾ ਹੈ ਕਿ ਚੀਨੀ ਸਾਮਾਨ ਨਾ ਖਰੀਦ ਕੇ ਭਾਰਤ 1 ਲੱਖ ਕਰੋੜ ਰੁਪਏ ਦੀ ਦਰਾਮਦ ਦੇ ਘਾਟੇ ਤੋਂ ਬਚ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸਮੇਂ ਆਤਮ-ਨਿਰਭਰਤਾ ਦੀ ਗੱਲ ਕੀਤੀ ਹੈ ਅਤੇ ਬਰਾਮਦ ਘਟਾ ਕੇ ਦੇਸ਼ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੀ ਅਪੀਲ ਕੀਤੀ ਹੈ। ਦੁਨੀਆਂ ਭਰ ‘ਚ ਵੀ ਵੱਡੇ ਦੇਸ਼ਾਂ ਵਲੋਂ ਚੀਨ ਦੇ ਖਿਲਾਫ ਆਰਥਿਕ ਮੋਰਚਾਬੰਦੀ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਭਾਰਤ ਤੇ ਚੀਨ ਦੇ ਕਾਰੋਬਾਰ ਦਾ ਹੁਣ ਤੱਕ ਅਨੁਪਾਤ 20:80 ਦਾ ਰਿਹਾ ਹੈ ਭਾਵ ਚੀਨ ਭਾਰਤ ਤੋਂ 4 ਗੁਣਾ ਜ਼ਿਆਦਾ ਸਾਮਾਨ ਇਥੇ ਭੇਜਦਾ ਹੈ। ਸਾਲ 2019-20 ਵਿਚ ਇਹ ਕਾਰੋਬਾਰ 100 ਬਿਲੀਅਨ (100 ਅਰਬ) ਡਾਲਰ ਦੇ ਨੇੜੇ-ਤੇੜੇ ਪਹੁੰਚ ਗਿਆ ਹੈ।
ਅਮਰੀਕਾ, ਭਾਰਤ ਤੋਂ ਬਾਅਦ ਉਸ ਦਾ ਦੂਸਰਾ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਭਾਰਤ ਵਿਚ ਵੀ ਚੀਨ ਦਾ ਵਪਾਰ ਤੇਜ਼ੀ ਨਾਲ ਵਧਿਆ ਹੈ। ਚੀਨ ਦੀਆਂ ਹਜ਼ਾਰਾਂ ਕੰਪਨੀਆਂ ਨੇ ਵੱਖ-ਵੱਖ ਸਸਤੇ ਉਤਪਾਦ ਭਾਰਤੀ ਬਾਜ਼ਾਰ ਵਿਚ ਉਤਾਰ ਦਿੱਤੇ, ਜਿਸ ਨਾਲ ਭਾਰਤ ਨੂੰ ਵਪਾਰ ‘ਚ ਵੱਡਾ ਘਾਟਾ ਸਹਿਣਾ ਪਿਆ। ਪਿਛਲੇ ਸਾਲਾਂ ਦੇ ਅੰਕੜਿਆਂ ਮੁਤਾਬਕ ਸਾਲ 2015 ਵਿਚ ਭਾਰਤ ਨੇ ਚੀਨ ਨੂੰ 11.93 ਫੀਸਦੀ ਮਾਲ ਬਰਾਮਦ ਕੀਤਾ ਜਦੋਂ ਕਿ ਇਸੇ ਸਾਲ ਚੀਨ ਤੋਂ 60.41 ਫੀਸਦੀ ਮਾਲ ਦਰਾਮਦ ਹੋਇਆ। ਸਾਲ 2016 ‘ਚ ਭਾਰਤ ਦੀ ਬਰਾਮਦ 9.01 ਫੀਸਦੀ ਸੀ ਜਦੋਂ ਕਿ ਚੀਨ ਤੋਂ ਦਰਾਮਦ 61.07 ਫੀਸਦੀ ਦੀ ਹੋਈ ਸੀ। ਸਾਲ 2017 ‘ਚ ਭਾਰਤ ਨੇ 10.71 ਫੀਸਦੀ ਮਾਲ ਚੀਨ ਨੂੰ ਭੇਜਿਆ ਜਦੋਂ ਕਿ ਇਸ ਨੇ ਚੀਨ ਤੋਂ 61.28 ਫੀਸਦੀ ਮਾਲ ਖਰੀਦਿਆ। ਸਾਲ 2018 ਵਿਚ ਭਾਰਤ ਦਾ ਚੀਨ ‘ਚ 13.33 ਫੀਸਦੀ ਸਾਮਾਨ ਗਿਆ ਅਤੇ ਉਥੋਂ 70.38 ਫੀਸਦੀ ਸਾਮਾਨ ਭਾਰਤ ਪੁੱਜਾ।
ਸਾਲ 2019 ‘ਚ 6.75 ਫੀਸਦੀ ਸਾਮਾਨ ਭਾਰਤ ਨੇ ਚੀਨ ਨੂੰ ਭੇਜਿਆ ਜਦੋਂ ਕਿ ਚੀਨ ਤੋਂ 70.71 ਫੀਸਦੀ ਸਾਮਾਨ ਆਇਆ। ਚਲਦੇ ਸਾਲ 2020 ਦੀ ਫੀਸਦੀ ਵੀ ਇਸ ਦੇ ਨੇੜੇ-ਤੇੜੇ ਹੀ ਕਹੀ ਜਾ ਸਕਦੀ ਹੈ। ਚੀਨ ਤੋਂ ਆਈਆਂ ਵਸਤਾਂ ਵਿਚ ਉਪਭੋਗੀ ਸਾਮਾਨ ਦੇ ਨਾਲ ਖਿਡੌਣੇ, ਕੱਪੜਾ, ਉਸਾਰੀ ਦਾ ਸਾਮਾਨ, ਰਸੋਈ ਦਾ ਸਾਮਾਨ, ਬਿਜਲੀ ਦਾ ਸਾਮਾਨ, ਘੜੀਆਂ, ਗਹਿਣੇ, ਕਾਗਜ਼ ਤੇ ਕਾਪੀਆਂ ਪੈਨਸਲਾਂ ਆਦਿ ਵਸਤਾਂ ਨਾਲ ਭਾਰਤੀ ਬਾਜ਼ਾਰ ਭਰੇ ਪਏ ਹਨ। ਅਨੇਕਾਂ ਹੀ ਸਮਝੌਤੇ ਚੀਨ ਦੀਆਂ ਕੰਪਨੀਆਂ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ। ਪਰ ਹੁਣ ਜਦੋਂ ਚੀਨ ਸਰਹੱਦੀ ਮਸਲੇ ‘ਤੇ ਪਹਿਲਾਂ ਵਾਂਗ ਖੁੱਲ੍ਹੀ ਖੇਡ ਖੇਡ ਰਿਹਾ ਹੈ ਤਾਂ ਉਸ ਵਲੋਂ ਧਾਰੀ ਅਜਿਹੀ ਖੂਨੀ ਨੀਅਤ ਦਾ ਭਾਰਤ ‘ਚ ਸਖਤ ਪ੍ਰਤੀਕਰਮ ਹੋਇਆ ਹੈ।
________________________________________
ਕਿਸੇ ਗਲਤਫਹਿਮੀ ‘ਚ ਨਾ ਰਹੇ ਭਾਰਤ: ਚੀਨ
ਪੇਈਚਿੰਗ: ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਸ਼ ਲਾਇਆ ਹੈ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਜਵਾਨਾਂ ਨੇ ਦੋਵਾਂ ਧਿਰਾਂ ਦੇ ਫੌਜੀ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ ਤੋੜ ਕੇ ਅਸਲ ਕੰਟਰੋਲ ਰੇਖਾ ਪਾਰ ਕੀਤੀ। ਇਸੇ ਕਾਰਨ ਹਿੰਸਕ ਟਕਰਾਅ ਹੋਇਆ। ਵਾਂਗ ਨੇ ਕਿਹਾ ਕਿ ਭਾਰਤੀ ਫੌਜ ਦੀ ਇਸ ‘ਖਤਰਨਾਕ ਕਾਰਵਾਈ ਨੇ ਸਰਹੱਦੀ ਵਿਵਾਦ ਟਾਲਣ ਲਈ ਬਣੇ ਸਮਝੌਤੇ ਤੇ ਕੌਮਾਂਤਰੀ ਸਬੰਧਾਂ ਦੇ ਨੇਮਾਂ ਦੀ ਗੰਭੀਰ ਉਲੰਘਣਾ ਕੀਤੀ।’ ਉਨ੍ਹਾਂ ਮੰਗ ਕੀਤੀ ਕਿ ਭਾਰਤ ਇਸ ਘਟਨਾ ਦੀ ‘ਗਹਿਰਾਈ ਨਾਲ ਜਾਂਚ’ ਕਰਵਾਏ ਤੇ ਜ਼ਿੰਮੇਵਾਰੀ ਤੈਅ ਕਰੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ।