ਚੀਨ ਨੂੰ ਮੂੰਹ-ਤੋੜ ਜਵਾਬ ਦੇਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁੱਲ੍ਹ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਬੈਠਕ ਕਰਕੇ ਪੂਰਬੀ ਲੱਦਾਖ ਵਿਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਨਾਲ ਲੱਗਦੀ 3500 ਕਿੱਲੋਮੀਟਰ ਲੰਬੀ ਸਰਹੱਦ ‘ਤੇ ਸੁਰੱਖਿਆ ਬਲਾਂ ਨੂੰ ਚੀਨ ਦੀ ਕਿਸੇ ਵੀ ਮਾੜੀ ਹਰਕਤ ਦਾ ਮੂੰਹ-ਤੋੜ ਜਵਾਬ ਦੇਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ। ਇਸ ਬੈਠਕ ਵਿਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਫੌਜ ਮੁਖੀ ਜਨਰਲ ਐਮ. ਐਮ. ਨਰਵਾਣੇ, ਜਲ ਸੈਨਾ ਮੁਖੀ ਕਰਮਬੀਰ ਸਿੰਘ ਤੇ ਹਵਾਈ ਸੈਨਾ ਮੁਖੀ ਆਰ. ਕੇ. ਐਸ਼ ਭਦੌਰੀਆ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ ਬੀਤੀ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹੋਈ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋਣ ਤੋਂ ਬਾਅਦ ਭਾਰਤ ਨੇ ਪਹਿਲਾਂ ਹੀ ਚੀਨ ਨਾਲ ਲੱਗਦੀ ਸਰਹੱਦ ‘ਤੇ ਲੜਾਕੂ ਜਹਾਜ਼ ਤੇ ਹਜ਼ਾਰਾਂ ਹੋਰ ਜਵਾਨਾਂ ਨੂੰ ਭੇਜ ਦਿੱਤਾ ਹੈ। ਫੌਜੀ ਸੂਤਰਾਂ ਨੇ ਦੱਸਿਆ ਕਿ ਗਲਵਾਨ ਘਾਟੀ ਵਿਚ ਹੋਈ ਝੜਪ ਤੋਂ ਬਾਅਦ ਭਾਰਤੀ ਜਵਾਨ ਹੁਣ ਕਿਸੇ ਤਰ੍ਹਾਂ ਦੀ ਝੜਪ ਦੌਰਾਨ ਹਥਿਆਰਾਂ ਦੀ ਵਰਤੋਂ ਨਾ ਕਰਨ ਲਈ ਪਾਬੰਦ ਨਹੀਂ ਹੋਣਗੇ। ਹਥਿਆਰਬੰਦ ਫੌਜ ਨੂੰ ਚੀਨ ਦੀ ਕਿਸੇ ਵੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ।
ਪੂਰਬੀ ਲੱਦਾਖ ਵਿਚ ਚੀਨੀ ਸੈਨਾ ਨਾਲ ਜਾਰੀ ਤਣਾਅ ਦਰਮਿਆਨ ਸਰਕਾਰ ਨੇ ਤਿੰਨੇ ਸੈਨਾਵਾਂ ਨੂੰ ਘਾਤਕ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਲਈ 500 ਕਰੋੜ ਰੁਪਏ ਦੇ ਹੰਗਾਮੀ ਫੰਡ ਨੂੰ ਮਨਜ਼ੂਰੀ ਦਿੱਤੀ ਹੈ। ਭਾਵ ਸਰਕਾਰ ਨੇ ਤਿੰਨੇ ਸੈਨਾਵਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ 500 ਕਰੋੜ ਰੁਪਏ ਤੱਕ ਦੇ ਘਾਤਕ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਖਰੀਦਣ ਦਾ ਅਧਿਕਾਰ ਦਿੱਤਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਤਿੰਨੇ ਸੈਨਾਵਾਂ ਦੇ ਉਪ ਮੁਖੀਆਂ ਨੂੰ ਖਤਰਨਾਕ ਅਸਤਰ ਸ਼ਸਤਰ ਦੀ ਤੁਰਤ ਤੇ ਹੰਗਾਮੀ ਖਰੀਦ ਲਈ 500 ਕਰੋੜ ਰੁਪਏ ਤੱਕ ਦੇ ਵਿੱਤੀ ਅਧਿਕਾਰ ਦਿੱਤੇ ਹਨ। ਸੈਨਾਵਾਂ ਨੂੰ ਅਸਲ ਕੰਟਰੋਲ ਰੇਖਾ ‘ਤੇ ਆਪਰੇਸ਼ਨਲ ਤਿਆਰੀ ਨੂੰ ਵਧਾਉਣ ਲਈ ਸ਼ਾਰਟ ਨੋਟਿਸ ‘ਤੇ ਹਥਿਆਰ ਅਤੇ ਮਿਲਟਰੀ ਸਾਜੋ ਸਾਮਾਨ ਖਰੀਦਣ ਲਈ ਵਿਸ਼ੇਸ਼ ਵਿੱਤੀ ਤਾਕਤਾਂ ਦਿੱਤੀਆਂ ਗਈਆਂ ਹਨ।
________________________________
ਚੀਨ ਨੇ ਗਲਵਾਨ ਘਾਟੀ ‘ਤੇ ਕੀਤਾ ਪ੍ਰਭੂਸੱਤਾ ਦਾ ਦਾਅਵਾ
ਪੇਈਚਿੰਗ: ਚੀਨੀ ਅਤੇ ਭਾਰਤੀ ਫੌਜ ਦੀ ਹੋਈ ਝੜਪ ਤੋਂ ਬਾਅਦ ਚੀਨ ਨੇ ਗਲਵਾਨ ਘਾਟੀ ‘ਤੇ ਆਪਣੀ ਪ੍ਰਭੂਸੱਤਾ ਦਾ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਗਲਵਾਨ ਘਾਟੀ ਖੇਤਰ ਦੀ ਪ੍ਰਭੂਸੱਤਾ ਹਮੇਸ਼ਾ ਚੀਨ ਨਾਲ ਸਬੰਧਤ ਰਹੀ ਹੈ। ਉਨ੍ਹਾਂ ਕਿਹਾ ਅਸੀਂ ਭਾਰਤ ਨਾਲ ਹੋਰ ਵੱਧ ਝੜਪਾਂ ਨਹੀਂ ਦੇਖਣਾ ਚਾਹੁੰਦੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਹੱਦ ਨਾਲ ਜੁੜੇ ਮੁੱਦਿਆਂ ਉਤੇ ਸਾਡੀ ਕਮਾਂਡਰ ਪੱਧਰ ਦੀ ਗੱਲਬਾਤ ਦੀ ਸਰਬਸੰਮਤੀ ਦੇ ਬਾਅਦ ਵੀ ਭਾਰਤੀ ਫੌਜੀਆਂ ਨੇ ਸਾਡੀ ਸਰਹੱਦ ਦੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ। ਅਸੀਂ ਭਾਰਤ ਨਾਲ ਆਪਣੇ ਸਰਹੱਦੀ ਫੌਜੀਆਂ ਨੂੰ ਸਖਤੀ ਨਾਲ ਅਨੁਸ਼ਾਸਿਤ ਕਰਨ, ਉਲੰਘਣਾ ਅਤੇ ਭੜਕਾਊ ਗਤੀਵਿਧੀ ਨੂੰ ਰੋਕਣ ਲਈ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਲਈ ਕਹਿੰਦੇ ਰਹੇ ਹਾਂ। ਅਸੀਂ ਕੂਟਨੀਤਕ ਤੇ ਫੌਜੀ ਚੈਨਲਾਂ ਰਾਹੀਂ ਗੱਲਬਾਤ ਕਰ ਰਹੇ ਹਾਂ।
ਲਿਜਿਅਨ ਨੇ ਕਿਹਾ ਕਿ ਇਸ ਖੇਤਰ ਵਿਚ ਚੀਨੀ ਫੌਜੀ ਪਿਛਲੇ ਕਈ ਸਾਲਾਂ ਤੋਂ ਗਸ਼ਤ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਇਸ ਸਾਲ ਅਪਰੈਲ ਮਗਰੋਂ ਭਾਰਤੀ ਫੌਜ ਨੇ ਗਲਵਾਨ ਘਾਟੀ ‘ਚ ਅਸਲ ਕੰਟਰੋਲ ਰੇਖਾ ਉਤੇ ਸੜਕ, ਪੁਲ ਤੇ ਹੋਰ ਉਸਾਰੀ ਕਾਰਜ ਸ਼ੁਰੂ ਕੀਤੇ ਹਨ। ਉਸ ਨੇ ਕਿਹਾ ਕਿ ਚੀਨ ਨੇ ਇਸ ਗੈਰਕਾਨੂੰਨੀ ਉਸਾਰੀ ਬਾਰੇ ਕਈ ਵਾਰ ਉਜਰ ਵੀ ਜਤਾਇਆ ਸੀ, ਪਰ ਭਾਰਤ ਨੇ ਅਸਲ ਕੰਟਰੋਲ ਰੇਖਾ ਪਾਰ ਕਰਕੇ ਭੜਕਾਉਣ ਵਾਲੀ ਕਾਰਵਾਈ ਜਾਰੀ ਰੱਖੀ।
ਉਸ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਫੌਜੀਆਂ ਨੇ ਕਮਾਂਡਰ ਪੱਧਰ ਦੀ ਬੈਠਕ ‘ਚ ਹੋਈ ਸਹਿਮਤੀ ਦੀ ਉਲੰਘਣਾ ਕਰਦਿਆਂ ਇਕ ਵਾਰ ਫਿਰ ਅਸਲ ਕੰਟਰੋਲ ਰੇਖਾ ਉਲੰਘੀ ਅਤੇ ਉਥੇ ਗੱਲਬਾਤ ਲਈ ਗਏ ਚੀਨੀ ਅਧਿਕਾਰੀਆਂ ਤੇ ਜਵਾਨਾਂ ‘ਤੇ ਹਮਲਾ ਕੀਤਾ।
_____________________________________
ਭਾਰਤ ਨੇ ਚੀਨ ਦਾ ਦਾਅਵਾ ਨਕਾਰਿਆ
ਨਵੀਂ ਦਿੱਲੀ: ਭਾਰਤ ਨੇ ਚੀਨ ਵੱਲੋਂ ਗਲਵਾਨ ਘਾਟੀ ‘ਤੇ ਜਤਾਏ ਖੁਦਮੁਖਤਾਰੀ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਘਾਟੀ ਬਾਰੇ ਸਥਿਤੀ ਇਤਿਹਾਸਕ ਪੱਖੋਂ ਪੂਰੀ ਤਰ੍ਹਾਂ ਸਪੱਸ਼ਟ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਚੀਨ ਦੇ ਦਾਅਵੇ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਚੀਨ ਦਾ ਉਪਰੋਕਤ ਦਾਅਵਾ ਬੀਤੇ ‘ਚ ਉਸ ਦੇ ਆਪਣੇ ਸਟੈਂਡ ਨਾਲ ਹੀ ਮੇਲ ਨਹੀਂ ਖਾਂਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਹਮਲਾਵਰ ਰਵੱਈਏ ਦਾ ਭਾਰਤੀ ਫੌਜ ਨੇ ਹਮੇਸ਼ਾ ਢੁਕਵਾਂ ਜਵਾਬ ਦਿੱਤਾ ਹੈ।