ਸੰਗਰੂਰ: ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਹਮਖਿਆਲੀ ਸਾਥੀਆਂ ਅਤੇ ਟਕਸਾਲੀ ਅਕਾਲੀਆਂ ਨਾਲ ਸਲਾਹ ਕਰ ਕੇ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਇਸੇ ਮਹੀਨੇ ਹੋਂਦ ਵਿਚ ਆ ਜਾਵੇਗੀ। ਪਾਰਟੀ ਦਾ ਨਾਮ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਅਤੇ ਮੀਟਿੰਗ ਅਗਲੇ ਹਫਤੇ ਹੋ ਸਕਦੀ ਹੈ। ਸ਼ ਢੀਂਡਸਾ ਨੇ ਦੱਸਿਆ ਕਿ ਬਾਦਲਕਿਆਂ ਤੋਂ ਦੁਖੀ ਅਕਾਲੀ ਆਗੂ ਉਨ੍ਹਾਂ ਨਾਲ ਜੁੜ ਰਹੇ ਹਨ।
ਉਧਰ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅੰਦਰ ਤੀਜਾ ਫਰੰਟ ਉਸਾਰਨ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਉਤੇ ਤੁਲੇ ਹੋਏ ਹਨ। ਅਕਾਲੀ ਦਲ (ਬਾਦਲ) ਕੇਂਦਰ ਦੇ ਦਬਾਅ ਹੇਠ ਤੇ ਕੈਪਟਨ ਅਮਰਿੰਦਰ ਦੀ ਸਲਾਹ ਨਾਲ ਫੈਸਲੇ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ‘ਹਿੱਸੇਦਾਰੀ’ ਦੀ ਰਾਜਨੀਤੀ ਪੰਜਾਬੀਆਂ ਨੂੰ ਉਕਾ ਹੀ ਪ੍ਰਵਾਨ ਨਹੀਂ ਹੈ। ਗੱਲਬਾਤ ਦੌਰਾਨ ਹਿੱਸੇਦਾਰੀ ਦੀ ਰਾਜਨੀਤੀ ਨੂੰ ਹੋਰ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਹਟਾ ਕੇ ਉਤਰ ਕਾਟੋ ਮੈਂ ਵਾਲੀ ਰਾਜਨੀਤੀ ਕਰ ਰਹੀਆਂ ਹਨ। ਢੀਂਡਸਾ ਨੇ ਕਿਹਾ ਕਿ ਕੈਪਟਨ ਦੀਆਂ ਹਦਾਇਤਾਂ ਕਰਕੇ ਹੀ ਪੂਰੇ ਪੰਜਾਬ ਅੰਦਰ ਪ੍ਰਸ਼ਾਸਨ ਨੇ ਕਰੋਨਾ ਮਹਾਮਾਰੀ ਦੀ ਮੁਢਲੀ ਸੁਰੱਖਿਆ ਲਈ ਬਣੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ (ਬਾਦਲ) ਨੂੰ ਇਕੱਠ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਜਦ ਕਿ ਸੁਖਦੇਵ ਸਿੰਘ ਢੀਂਡਸਾ ਦੇ ‘ਬਾਦਲ ਛੱਡੋ’ ਮੁਹਿੰਮ ਵਿਚ ਪੰਜਾਹ ਤੋਂ ਵੱਧ ਆਗੂਆਂ ਸਮਰਥਕਾਂ ਦੇ ਸ਼ਾਮਲ ਹੋਣ ਉੱਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰ ਕੇ ਬਹੁਤ ਸਾਰੇ ਆਗੂਆਂ ਨਾਲ ਵੀ.ਡੀ.ਓ ਕਾਨਫਰੰਸ ਜਰੀਏ ਗੱਲਬਾਤ ਕਰਨੀ ਪਈ।
__________________________________________
ਨਵੀਂ ਪਾਰਟੀ ਬਾਰੇ ਮੈਨੂੰ ਕੁਝ ਪਤਾ ਨਹੀਂ: ਬ੍ਰਹਮਪੁਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਇਹ ਬਿਆਨ ਮੇਰੀ ਜਾਣਕਾਰੀ ਵਿਚ ਨਹੀਂ ਕਿ ਨਵੀਂ ਪਾਰਟੀ ਇਸੇ ਮਹੀਨੇ ਹੋਂਦ ਵਿਚ ਆ ਜਾਏਗੀ, ਮੇਰੀ ਇਸ ਸਬੰਧੀ ਕਈ ਟਕਸਾਲੀ ਅਕਾਲੀਆਂ ਤੇ ਹਮਖਿਆਲ ਵਿਅਕਤੀਆਂ ਨਾਲ ਗੱਲਬਾਤ ਹੋ ਚੁੱਕੀ ਹੈ। ਵਰਨਣਯੋਗ ਹੈ ਕਿ ਢੀਂਡਸਾ ਨੇ ਦਾਅਵਾ ਕੀਤਾ ਸੀ ਕਈ ਟਕਸਾਲੀ ਅਕਾਲੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਨਵੀਂ ਪਾਰਟੀ ਇਸੇ ਮਹੀਨੇ ਹੋਂਦ ਵਿਚ ਆ ਜਾਏਗੀ, ਜਿਸ ਦਾ ਨਾਂ ਮੀਟਿੰਗ ਵਿਚ ਤਹਿ ਕੀਤਾ ਜਾਏਗਾ।