ਬੇਕਾਬੂ ਤੇਲ ਕੀਮਤਾਂ ਨੇ ਮੋਦੀ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ

ਚੰਡੀਗੜ੍ਹ: ਕਰੋਨਾ ਕਾਰਨ ਮੰਦੀ ਦੇ ਸ਼ਿਕਾਰ ਲੋਕਾਂ ਨੂੰ ਹੁਣ ਤੇਲ ਕੀਮਤਾਂ ‘ਚ ਲਗਾਤਾਰ ਵਾਧੇ ਨੇ ਉਜਾੜੇ ਦੇ ਰਾਹ ਪਾ ਦਿੱਤਾ ਹੈ। ਕਿਸੇ ਸਮੇਂ ਕੌਮਾਂਤਰੀ ਪੱਧਰ ਉਤੇ 100 ਡਾਲਰ ਪ੍ਰਤੀ ਬੈਰਲ ਤੋਂ ਵੀ ਵਧੇਰੇ ਕੱਚੇ ਮਾਲ ਦੀ ਕੀਮਤ ਹੋਣ ਸਮੇਂ ਵੀ ਡੀਜ਼ਲ ਤੇ ਪੈਟਰੋਲ ਦੀ ਕੀਮਤ 70 ਅਤੇ 80 ਰੁਪਏ ਤੋਂ ਪ੍ਰਤੀ ਲਿਟਰ ਤੋਂ ਘੱਟ ਹੀ ਰਹੀ ਹੈ ਪਰ ਇਸ ਵੇਲੇ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਹੈ। ਇਸ ਦੇ ਬਾਵਜੂਦ ਡੀਜ਼ਲ ਤੇ ਪੈਟਰੋਲ ਦੀ ਕੀਮਤ 70 ਸਾਲ ਦੇ ਇਤਿਹਾਸ ਵਿਚ ਸਭ ਤੋਂ ਵਧੇਰੇ ਕ੍ਰਮਵਾਰ 71.34 ਰੁਪਏ ਤੇ 80.09 ਰੁਪਏ ਤੱਕ ਪਹੁੰਚ ਗਈ ਹੈ।

ਤੇਲ ਵਪਾਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ‘ਚ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਦਾ ਕੋਈ ਅਰਥ ਹੀ ਨਹੀਂ ਰਿਹਾ, ਕਿਉਂਕਿ ਭਾਰਤ ਸਰਕਾਰ ਨੇ ਤੇਲ ਉੱਪਰ ਪ੍ਰਤੀ ਲਿਟਰ ਐਕਸਾਈਜ਼ ਡਿਊਟੀ 32 ਰੁਪਏ ਲਗਾ ਰੱਖੀ ਹੈ ਤੇ ਪੰਜਾਬ ਸਰਕਾਰ ਨੇ 22 ਰੁਪਏ ਪ੍ਰਤੀ ਲਿਟਰ ਵੈਟ ਵੱਖਰਾ ਲਗਾਇਆ ਹੈ ਜਦਕਿ ਤੇਲ ਦਾ ਅਸਲ ਭਾਅ 22 ਰੁਪਏ ਲਿਟਰ ਹੀ ਹੈ।
ਇਸ ਤਰ੍ਹਾਂ ਆਮ ਆਦਮੀ ਨੂੰ ਇਕ ਲਿਟਰ ਤੇਲ ਖਰੀਦਣ ਸਮੇਂ ਕੇਂਦਰ ਤੇ ਪੰਜਾਬ ਸਰਕਾਰ ਨੂੰ 54 ਰੁਪਏ ਤਾਰਨੇ ਪੈਂਦੇ ਹਨ। ਦੋਵਾਂ ਸਰਕਾਰਾਂ ਨੇ ਕਰੋਨਾ ਆਫਤ ਸਮੇਂ ਲੋਕਾਂ ਨੂੰ ਮਹਿੰਗਾਈ ਦੀ ਭੱਠੀ ‘ਚ ਝੋਕਣ ਲਈ ਟੈਕਸਾਂ ‘ਚ ਕਰੀਬ 11 ਰੁਪਏ ਲਿਟਰ ਵਾਧਾ ਕੀਤਾ ਸੀ ਤੇ ਹੁਣ ਤੇਲ ਕੰਪਨੀਆਂ ਨੂੰ ਲੁੱਟ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦ 14 ਦਿਨ ਤੋਂ ਬਿਨਾਂ ਨਾਗਾ ਤੇਲ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਵੇਲੇ ਕਿਸਾਨਾਂ ਦੀਆਂ ਫਸਲਾਂ ਦੀ ਬਿਜਾਈ ਦਾ ਸਮਾਂ ਹੈ। ਤੇਲ ਕੀਮਤਾਂ ‘ਚ ਵਾਧੇ ਨੇ ਕਿਸਾਨਾਂ ਉਪਰ ਸਿੱਧਾ ਆਰਥਿਕ ਸੱਟ ਮਾਰੀ ਹੈ।
ਕਰੋਨਾ ਵਾਇਰਸ ਦੀ ਆਫਤ ਕਾਰਨ ਪੂਰਾ ਦੇਸ਼ ਆਰਥਿਕ ਮੰਦੀ ਦਾ ਸ਼ਿਕਾਰ ਹੈ ਤੇ ਹਰ ਖੇਤਰ ਵੱਡੇ ਸੰਕਟ ਮੂੰਹ ਆਇਆ ਪਿਆ ਹੈ ਪਰ ਮੋਦੀ ਸਰਕਾਰ ਨੂੰ ਆਮ ਲੋਕਾਂ ਦੀ ਤੰਗੀ ਤੇ ਮੁਸੀਬਤਾਂ ਦੀ ਕੋਈ ਪ੍ਰਵਾਹ ਨਹੀਂ ਤੇ ਨਿੱਜੀ ਕੰਪਨੀਆਂ ਨੂੰ ਕੀਮਤਾਂ ‘ਚ ਵਾਧੇ ਤੋਂ ਰੋਕਣ ਦਾ ਨਾਂ ਵੀ ਨਹੀਂ ਲਿਆ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਝੋਨੇ ਦੀ ਲੁਆਈ ਵਾਸਤੇ ਜ਼ਮੀਨ ਦੀ ਤਿਆਰੀ ਉਪਰ ਘੱਟੋ-ਘੱਟ 1000 ਤੋਂ 1200 ਰੁਪਏ ਤੇਲ ਕੀਮਤ ‘ਚ ਵਾਧੇ ਕਾਰਨ ਖਰਚਾ ਵਧ ਗਿਆ ਹੈ। ਡੀਜ਼ਲ ਕੀਮਤ ‘ਚ 10 ਰੁਪਏ ਲਿਟਰ ਤੋਂ ਵਧੇਰੇ ਵਾਧਾ ਹੋਇਆ ਹੈ। ਇਸ ਦਾ ਮਾਰੂ ਅਸਰ ਟਰਾਂਸਪੋਰਟ ਧੰਦੇ ਉੱਪਰ ਸਭ ਤੋਂ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਤੇਲ ਕੀਮਤਾਂ ‘ਚ ਹੋ ਰਿਹਾ ਅਥਾਹ ਵਾਧਾ ਆਉਣ ਵਾਲੇ ਦਿਨਾਂ ‘ਚ ਵਸਤਾਂ ਦੀ ਪ੍ਰਚੂਨ ਮਹਿੰਗਾਈ ‘ਚ ਵੀ ਵਾਧਾ ਕਰੇਗਾ ਤੇ ਇਸ ਨਾਲ ਹਰ ਵਸਤ ਦੀ ਹੀ ਕੀਮਤ ਵਿਚ ਵਾਧਾ ਹੋ ਸਕਦਾ ਹੈ।

___________________________________________
ਰਾਹਤ ਦੇਵੇ ਕੇਂਦਰ ਸਰਕਾਰ: ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਂਦਿਆਂ ਤੇਲ ਕੀਮਤਾਂ ਘਟਾ ਕੇ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਤੇ ਵਪਾਰ ਤੇ ਇੰਡਸਟਰੀ ਨੂੰ ਬਹੁਤ ਲੋੜੀਂਦੀ ਰਾਹਤ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਪਿਛਲੇ 16 ਦਿਨਾਂ ਵਿਚ ਤੇਲ ਕੀਮਤਾਂ ਵਿਚ ਚੋਖਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਦੇਸ਼ ਦੇ ਅਰਥਚਾਰੇ ‘ਤੇ ਬਹੁਤ ਦਬਾਅ ਪਿਆ ਹੈ ਜਦਕਿ ਇਹ ਪਹਿਲਾਂ ਹੀ ਕਰੋਨਾ ਲੌਕਡਾਊਨ ਦੇ ਕਾਰਨ ਬੇਤਹਾਸ਼ਾ ਮਾਰ ਹੇਠ ਆਇਆ ਹੈ। ਸੁਖਬੀਰ ਨੇ ਕਿਹਾ ਕਿ ਇਹ ਵਾਧਾ ਵਾਪਸ ਲੈਣਾ ਇਸ ਲਈ ਵੀ ਵਾਜਬ ਹੋਵੇਗਾ ਕਿਉਂਕਿ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਅਣਕਿਆਸੀ ਗਿਰਾਵਟ ਆਈ ਹੈ।