ਪੰਜਾਬੀ ਸਿਨੇਮਾ ‘ਤੇ ਮਾਰੂ ਸੱਟ

ਭੀਮ ਰਾਜ ਗਰਗ
ਫੋਨ: +91-98765-45157
ਪੁਰਾਣੇ ਵਕਤਾਂ ਵਿਚ ਮਾਵਾਂ ਆਪਣੇ ਬੱਚਿਆਂ ਨੂੰ ਨੀਂਦਰ ਲਈ ਡਰਾਉਂਦੀਆਂ ਹੋਈਆਂ ਕਹਿੰਦਿਆਂ ਸਨ: ਲਾਡਲੇ ਸੌਂ ਜਾ, ਨਹੀਂ ਤਾਂ ‘ਗੱਬਰ’ ਜਾਂ ‘ਜੱਗਾ ਡਾਕੂ’ ਫੜ ਲਵੇਗਾ ਪਰ ਕਰੋਨਾ ਵਾਇਰਸ ਇਨ੍ਹਾਂ ਫਿਲਮੀ ਡਾਕੂਆਂ ਤੋਂ ਵੀ ਵੱਡਾ ਭੂਤ ਹੈ। ਇਸ ਨੇ ਜਾਤ ਅਤੇ ਧਰਮ ਦੇ ਕਿਸੇ ਭੇਦਭਾਵ ਤੋਂ ਬਗੈਰ ਸਾਰੇ ਉਮਰ ਸਮੂਹਾਂ ਵਿਚ ਮਾਨਸਿਕ ਡਰ ਫੈਲਾਇਆ ਹੈ। ਕਰੋਨਾ ਫੈਲਣ ਕਾਰਨ ਪੂਰੀ ਦੁਨੀਆਂ ਜਿਵੇਂ ਠਹਿਰ ਗਈੈ। ਇਸ ਦੇ ਸੰਕਟ ਤੋਂ ਪ੍ਰੇਸ਼ਾਨ, ਦੁਨੀਆਂ ਭਰ ਦੇ ਸਟੂਡੀਓਜ਼ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ ਰਿਲੀਜ਼ ਨਹੀਂ ਕੀਤੀ ਅਤੇ ਅੱਗੇ ਪਾ ਦਿੱਤੀ ਹਨ। ਆਉਣ ਵਾਲੀ ਤਬਾਹੀ ਨੂੰ ਦੇਖਦਿਆਂ ਕੌਮਾਂਤਰੀ ਸਿਨੇਮਾ ਦੇ ਲੜੀਵਾਰ ਸਰਕਟ ਏ.ਐਮ.ਸੀ., ਰੀਗਲ, ਲੈਂਡਮਾਰਕ ਥੀਏਟਰ, ਸਿਨੇਪਲੈਕਸ ਓਡਿਓਨ ਅਤੇ ਅਲਾਮੋ ਡਰਾਫਟਹਾਉਸ ਨੇ 17 ਮਾਰਚ ਤੋਂ ਅਮਰੀਕਾ ਅਤੇ ਕੈਨੇਡਾ ਵਿਚ 3000 ਤੋਂ ਵੱਧ ਥੀਏਟਰ ਅਤੇ ਸਕਰੀਨ ਬੰਦ ਕਰ ਦਿੱਤੇ ਹਨ।

ਕਰੋਨਾ ਵਾਇਰਸ ਕਾਰਨ ਭਾਰਤ ਨੂੰ 25 ਮਾਰਚ ਤੋਂ ਸਖਤ ਤਾਲਾਬੰਦੀ ਕਰਨੀ ਪਈ। ਮਨੋਰੰਜਨ ਉਤਪਾਦਨ ਦੀ ਦੁਨੀਆਂ ਵਿਚ ਵੱਡੇ ਅਤੇ ਛੋਟੇ ਪ੍ਰੋਜੈਕਟ, ਟੈਲੀਵਿਜ਼ਨ ਅਤੇ ਸਟ੍ਰੀਮਿੰਗ ਪਲੇਟਫਾਰਮ ਸਭ ਕੁਝ ਬੰਦ ਜਾਂ ਮੁਲਤਵੀ ਹੋ ਗਿਆ। ਪੂਰਾ ਫਿਲਮ ਜਗਤ ਮਹਾਮਾਰੀ ਨਾਲ ਜੂਝ ਰਿਹਾ ਹੈ। ਭਾਰਤੀ ਫਿਲਮ ਇੰਡਸਟਰੀ ਸੁੰਨਸਾਨ ਫਿਲਮਾਂ ਦੇ ਸੈਟ, ਬੰਦ ਸਿਨੇਮਾਘਰਾਂ ਅਤੇ ਖਾਲੀ ਡਾਇਰੀਆਂ ਵਾਲੇ ਫਿਲਮੀ ਸਿਤਾਰਿਆਂ ਨੂੰ ਦੇਖ ਰਹੀ ਹੈ। ਸੂਰੀਆਵੰਸ਼ੀ, ਸੰਦੀਪ ਔਰ ਪਿੰਕੀ ਫਰਾਰ, ਹਾਥੀ ਮੇਰੇ ਸਾਥੀ, 83 ਅਤੇ ਹੋਰ ਬਹੁਤ ਸਾਰੀਆਂ ਤਿਆਰ ਫਿਲਮਾਂ ਦੀ ਰਿਲੀਜ਼ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਅਸਲ ਵਿਚ, ਕਰੋਨਾ ਦਾ ਫਰਕ/ਪ੍ਰਭਾਵ ਉਦੋਂ ਮਹਿਸੂਸ ਹੋਇਆ, ਜਦੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਇੰਪਲਾਈਜ਼ ਅਤੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਸਮੇਤ ਫਿਲਮੀ ਸੰਸਥਾਵਾਂ ਨੇ ਫਿਲਮਾਂ, ਟੀ.ਵੀ. ਸ਼ੋਅ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਰੋਕਣ ਦਾ ਫੈਸਲਾ ਕੀਤਾ। ਬਾਲਾਜੀ ਮੋਸ਼ਨ ਪਿਕਚਰਜ਼, ਧਰਮਾ ਪ੍ਰੋਡਕਸ਼ਨ ਅਤੇ ਯਸ਼ ਰਾਜ ਫਿਲਮਜ਼ ਵਰਗੇ ਮੁੱਖ ਪ੍ਰੋਡਕਸ਼ਨ ਘਰਾਣਿਆਂ ਨੇ ਵੀ ਤੁਰੰਤ ਸਾਰੀਆਂ ਉਤਪਾਦਨ ਕਾਰੋਬਾਰ ਰੱਦ ਕਰ ਦਿੱਤੇ।
183 ਅਰਬ ਰੁਪਏ ਦੀ ਭਾਰਤੀ ਫਿਲਮ ਇੰਡਸਟਰੀ ਇਸ ਸਭ ਤੋਂ ਭੈੜੇ ਪੜਾਅ ਵਿਚੋਂ ਲੰਘ ਰਹੀ ਹੈ। ਭਾਰਤੀ ਮਨੋਰੰਜਨ ਉਦਯੋਗ ਵਿਚ ਕੋਰਨਾ ਵਿਸ਼ਾਣੂ ਫੈਲਣ ਦੇ ਨੁਕਸਾਨ ਬਾਰੇ ਡਰ ਵਧ ਰਿਹਾ ਹੈ। ਇਸ ਝਟਕੇ ਤੋਂ ਠੀਕ ਹੋਣ ਵਿਚ ਕਈ ਮਹੀਨੇ ਨਹੀਂ, ਕਈ ਸਾਲ ਲੱਗ ਸਕਦੇ ਹਨ। ਲੱਗਦਾ ਹੈ, ਅਗਲੇ ਕੁਝ ਮਹੀਨਿਆਂ ਵਿਚ ਸੁਤੰਤਰ ਨਿਰਮਾਤਾਵਾਂ ਲਈ ਫਿਲਮ ਬਣਾਉਣਾ ਅਹਿਮਕਾਨਾ ਕਦਮ ਹੋਵੇਗਾ। ਹੋਰ ਉਦਯੋਗਾਂ ਵਾਂਗ ਫਿਲਮ ਨਿਰਮਾਤਾ ਵੀ ਇਸ ਵਿੱਤੀ ਗਿਰਾਵਟ ਤੋਂ ਬਹੁਤ ਛੇਤੀ ਮੁਕਤ ਨਹੀਂ ਹੋਣਗੇ, ਕਿਉਂਕਿ ਫਿਲਮ ਉਦਯੋਗ ਨੂੰ ਵਾਪਸ ਉਭਰਨ ਵਿਚ ਦੇਰ ਜ਼ਰੂਰ ਲੱਗੇਗੀ।
ਸਿਰਫ ਫਿਲਮ ਜਗਤ ਹੀ ਨਹੀਂ, ਕਰੋਨਾ ਵਾਇਰਸ ਨੇ ਪੂਰੇ ਮਨੋਰੰਜਨ ਉਦਯੋਗ ‘ਤੇ ਅਸਰ ਪਾਇਆ ਹੈ। ਖੇਤਰੀ ਸਿਨੇਮਾ, ਖਾਸਕਰ ਪੰਜਾਬੀ ਸਿਨੇਮਾ ਤਾਂ ਚੂਰ-ਚੂਰ ਹੋ ਗਿਆ ਹੈ। ਕਈ ਵੱਡੀਆਂ ਫਿਲਮਾਂ ਦੇ ਸ਼ੂਟਿੰਗ ਸ਼ਡਿਊਲ ਵਿਅਰਥ ਗਏ ਹਨ। ‘ਗਲਵਕੜੀ’, ‘ਟੈਲੀਵਿਜ਼ਨ’, ‘ਗੋਲ ਗੱਪੇ’, ‘ਕਬੂਤਰ’, ‘ਜੱਗਾ 7/51’ ਆਦਿ ਫਿਲਮਾਂ ਰਿਲੀਜ਼ ਹੋਣ ਤੋਂ ਰਹਿ ਗਈਆਂ ਹਨ। ਜੇ ਅਸੀਂ ਪੰਜਾਬੀ ਸਿਨੇਮਾ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ ਇਸ ਤੋਂ ਪਹਿਲਾਂ ਵੀ ਪੰਜਾਬੀ ਫਿਲਮ ਇੰਡਸਟਰੀ ਨੂੰ ਭਾਰਤ ਦੀ ਵੰਡ, ਚੀਨ, ਪਾਕਿਸਤਾਨ ਨਾਲ ਹੋਈਆਂ ਲੜਾਈਆਂ ਅਤੇ ਅਤਿਵਾਦ ਵਰਗੀਆਂ ਤਬਾਹੀਆਂ ਦੀ ਕਾਲੀ ਹਨੇਰੀ ਝੱਲਣੀ ਪਈ ਸੀ। ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਤੋਂ ਬਾਅਦ ਅੰਮ੍ਰਿਤਸਰ, ਲਾਹੌਰ ਅਤੇ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਕਸਬਿਆਂ ਵਿਚ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ।
15 ਅਗਸਤ 1947 ਨੂੰ ਭਾਰਤ ਨੂੰ ਖੂਨੀ ਵੰਡ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਨਤੀਜੇ ਵਜੋਂ ਤਕਰੀਬਨ 14 ਲੱਖ ਲੋਕ ਬੇਘਰ ਹੋ ਗਏ ਅਤੇ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਸਰਬਨਾਸ਼ ਨੂੰ ਅੱਗੇ ਵਧਾਉਣ ਵਾਲੀਆਂ ਘਟਨਾਵਾਂ, 1943 ਵਿਚ ਬਹੁਤ ਪਹਿਲਾਂ ਸ਼ੁਰੂ ਹੋ ਗਈਆਂ ਸਨ, ਜਦੋਂ ਮੁਸਲਿਮ ਲੀਗ ਵੱਖਰੇ ਮੁਲਕ ਲਈ ਅੜੀ ਹੋਈ ਸੀ। ਪੰਜਾਬ ਦੇ ਕੁਝ ਹਿੱਸਿਆਂ ਵਿਚ ਨਸਲੀ ਹਿੰਸਾ ਦੀਆਂ ਘਟਨਾਵਾਂ ਹੋਈਆਂ ਸਨ ਜਿਨ੍ਹਾਂ ਕਾਰਨ ਸੰਵੇਦਨਸ਼ੀਲ ਫਿਲਮ ਨਿਰਮਾਤਾ ਪੰਜਾਬੀ ਫਿਲਮਾਂ ਤੋਂ ਕਿਨਾਰਾ ਕਰਨ ਲੱਗ ਪਏ। ਇਥੋਂ ਤਕ ਕਿ ਨੂਰਜਹਾਂ, ਮਨੋਰਮਾ ਅਤੇ ਸ਼ਮਸ਼ਾਦ ਬੇਗਮ ਵਰਗੇ ਵੱਡੇ ਸਿਤਾਰਿਆਂ ਨੇ ਵੀ ਆਪਣਾ ਆਧਾਰ ਲਾਹੌਰ ਤੋਂ ਮੁੰਬਈ ਤਬਦੀਲ ਕਰਦਿਆਂ ਹਿੰਦੀ ਫਿਲਮਾਂ ਨੂੰ ਤਰਜੀਹ ਦਿੱਤੀ। 1943 ਤੋਂ 1946 ਦੌਰਾਨ ਸਿਰਫ ਚਾਰ ਫਿਲਮਾਂ ਨਿਖੱਟੂ (1943), ਕੋਇਲ (1944), ਗੁਲ ਬਲੋਚ (1945) ਅਤੇ ਕਮਲੀ (1946), ਜ਼ਿਆਦਾਤਰ ਨਵੇਂ ਫਿਲਮਕਾਰਾਂ ਨੇ ਬਣਾਈ ਸਨ। 1947 ਵਿਚ ਕੋਈ ਵੀ ਪੰਜਾਬੀ ਫਿਲਮ ਨਹੀਂ ਬਣੀ। 1942 ਵਿਚ ਸਤੀਸ਼ ਬੱਤਰਾ ਨੇ ‘ਗੁਲ ਬਲੋਚ’ (1945) ਬਣਾਉਣੀ ਅਰੰਭ ਕੀਤੀ ਅਤੇ ਇਹ ਨਵੰਬਰ 1943 ਵਿਚ ਸਤੀਸ਼ ਬੱਤਰਾ ਦੇ ਐਡੀਟਿੰਗ ਟੇਬਲ ‘ਤੇ ਪਈ ਸੀ ਪਰ ਇਹ ਉਸ ਦੇ ਹੱਥੋਂ ਕਦੋਂ ਤੇ ਕਿਸ ਤਰ੍ਹਾਂ ਮੁਸ਼ਤਾਕ ਅਹਿਮਦ ਅਤੇ ਗੁਲ ਜ਼ਮਾਨ ਵੱਲ ਖਿਸਕ ਗਈ ਜੋ ਅਜੇ ਵੀ ਭੇਤ ਹੈ। ਪੰਜਾਬੀ ਫਿਲਮ ਕਮਲੀ (1946) ਵਿਚ ਅਮਰਨਾਥ ਅਤੇ ਰਾਣੀ ਕਿਰਨ ਦੀ ਨਵੀਂ ਲੀਡ-ਜੋੜੀ ਸੀ ਅਤੇ ਲਾਹੌਰ ਵਿਚ ਬਣਨ ਵਾਲੀ ਆਖਰੀ ਪੰਜਾਬੀ ਫਿਲਮ ਸੀ।
1947 ਵਿਚ ਫਿਰਕੂ ਸੰਘਰਸ਼ ਨੇ ਬਹੁਤ ਹੀ ਘਾਤਕ ਘਟਨਾ ਦੀ ਸ਼ਕਲ ਅਖਤਿਆਰ ਕਰ ਲਈ ਸੀ। ਭਾਰਤ ਦੀ ਖੂਨੀ ਵੰਡ ਨੇ ਸਿਰਫ ਇਨਸਾਨੀ ਜਾਨਾਂ ਹੀ ਨਹੀਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ ਸੀ। ਪੰਜਾਬੀ ਸਿਨੇਮਾ ਨੂੰ ਵਿਨਾਸ਼ਕਾਰੀ ਪ੍ਰਭਾਵ ਵਾਲਾ ਭਿਆਨਕ ਝਟਕਾ ਲੱਗਿਆ ਅਤੇ ਲਾਹੌਰ ‘ਭੂਤੀਆ ਸ਼ਹਿਰ’ ਬਣ ਗਿਆ ਸੀ। ਬਟਵਾਰੇ ਕਾਰਨ ਹੋਏ ਜ਼ਖਮਾਂ ਨੂੰ ਖਾਸਕਰ ਦੋਵਾਂ ਦੇਸ਼ਾਂ ਦੀ ਸਿਨੇਮੇ ਦੀ ਦੁਨੀਆਂ ਨੂੰ ਝੱਲਣਾ ਪਿਆ। ਬਹੁਤ ਸਾਰੇ ਸਿਨੇਮਾਘਰਾਂ, ਫਿਲਮ ਨਿਰਮਾਣ ਕੇਂਦਰਾਂ ਅਤੇ ਫਿਲਮ ਵੰਡ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਰਤਨ ਸਿਨੇਮਾ ਅਜੇ ਨਵਾਂ ਹੀ ਬਣਾਇਆ ਗਿਆ ਸੀ ਪਰ ਇਸ ਦਾ ਮਾਲਕ ਇਸ ਨੂੰ ਰਸਮੀ ਤੌਰ ‘ਤੇ ਖੁੱਲ੍ਹਦਿਆਂ ਦੇਖੇ ਬਿਨਾਂ ਭਾਰਤ ਆ ਗਿਆ ਸੀ। ਮਗਰੋਂ ਲਾਹੌਰ, ਕਰਾਚੀ ਅਤੇ ਢਾਕਾ ਦੇ ਸੀਲਬੰਦ ਸਿਨੇਮਾਘਰ ਮੁਸਲਿਮ ਸ਼ਰਨਾਰਥੀਆਂ ਨੂੰ ਅਲਾਟ ਕਰ ਦਿੱਤੇ ਗਏ।
(ਚੱਲਦਾ)