ਵਿਰਾਸਤੀ ਯਾਦਗਾਰਾਂ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦੀ ਤਿਆਰੀ ਕਰ ਲਈ ਹੈ, ਜਿਸ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜਚਿੜੀ ਦੀ ਸਾਂਭ-ਸੰਭਾਲ ਦਾ ਕੰਮ ਵੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਤਹਿਤ ਨਿੱਜੀ ਹੱਥਾਂ ਵਿਚ ਦਿੱਤਾ ਜਾਵੇਗਾ।

ਇਸ ਤਰ੍ਹਾਂ ਸਰਕਾਰ ਵਿਰਾਸਤੀ ਯਾਦਗਾਰਾਂ ਦਾ ਖੁਦ ਰੱਖ-ਰਖਾਅ ਕਰਨ ਤੋਂ ਭੱਜ ਰਹੀ ਜਾਪਦੀ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਇਹ ਵਿਰਾਸਤੀ ਪ੍ਰੋਜੈਕਟ ਬਣੇ ਸਨ ਜਿਨ੍ਹਾਂ ਦੀ ਸਾਂਭ-ਸੰਭਾਲ ਵਾਸਤੇ ਸ਼ਰਾਬ ‘ਤੇ ਸਭਿਆਚਾਰਕ ਸੈੱਸ ਵੀ ਲੱਗਾ ਸੀ। ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਇਹ ਫੈਸਲੇ ਲਏ ਗਏ ਹਨ। ਪੀ.ਆਈ.ਡੀ.ਬੀ. ਵੱਲੋਂ 12 ਜੂਨ ਨੂੰ ਹੋਈ ਮੀਟਿੰਗ ਦੇ ਫੈਸਲੇ ਜਾਰੀ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ‘ਤੇ 46.02 ਕਰੋੜ ਰੁਪਏ ਖਰਚੇ ਗਏ ਹਨ।
ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਇਸ ਵਿਰਾਸਤੀ ਪ੍ਰੋਜੈਕਟ ਦੇ ਰੱਖ-ਰਖਾਅ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਨਿੱਜੀ ਹੱਥਾਂ ਵਿਚ ਦੇ ਦਿੱਤਾ ਜਾਵੇਗਾ ਜਿਸ ਵਾਸਤੇ ਟੈਂਡਰ ਜਾਰੀ ਕੀਤੇ ਜਾਣੇ ਹਨ। ਪ੍ਰੋਜੈਕਟ ਵਿੱਚ ਆਡੀਓ-ਵਿਜ਼ੁਅਲ ਅਤੇ ਲਾਈਟਿੰਗ ਵਗੈਰਾ ਦੀ ਸਾਂਭ-ਸੰਭਾਲ ਢੁਕਵੀਂ ਨਹੀਂ ਹੈ। ਵੱਡਾ ਘੱਲੂਘਾਰਾ ਸਮਾਰਕ ਕੁੱਪ ਰੋਹੀੜਾ ਅਤੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਉਤੇ 42 ਕਰੋੜ ਰੁਪਏ ਦੀ ਲਾਗਤ ਆਈ ਸੀ ਪਰ ਇਹ ਪ੍ਰੋਜੈਕਟ ਪੀ.ਪੀ.ਪੀ. ਮੋਡ ਦੇ ਯੋਗ ਨਹੀਂ ਬਣ ਸਕੇ। ਇਸੇ ਤਰ੍ਹਾਂ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਦੇ ਸਰਕਟ ਹਾਊਸਾਂ ਦੀ ਸਾਂਭ-ਸੰਭਾਲ ਆਦਿ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਹੋਵੇਗਾ। ਆਮ ਰਾਜ ਪ੍ਰਬੰਧਨ ਵਿਭਾਗ ਨੇ ਇਸ ਵਾਸਤੇ ਬੋਰਡ ਨੂੰ ਅਗਲੀ ਪ੍ਰਕਿਰਿਆ ਸ਼ੁਰੂ ਕਰਨ ਦੀ ਝੰਡੀ ਦੇ ਦਿੱਤੀ ਹੈ।
ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਚਲੀ ਜਗ੍ਹਾ ਨੂੰ ਵੀ ਚਾਰ ਤਾਰਾ ਵਿਰਾਸਤੀ ਹੋਟਲ ਵਿਚ ਵਿਕਸਤ ਕੀਤਾ ਜਾਣਾ ਹੈ। ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਪੰਜ ਤਾਰਾ ਦੀ ਥਾਂ ਹੁਣ ਚਾਰ ਤਾਰਾ ਪ੍ਰੋਜੈਕਟ ਵਜੋਂ ਪੀ.ਪੀ.ਪੀ. ਮੋਡ ਤਹਿਤ ਵਿਕਸਤ ਕੀਤਾ ਜਾਵੇਗਾ। ਕੋਵਿਡ-19 ਕਰ ਕੇ ਲੇਟ ਹੋਏ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਕੁਝ ਢਿੱਲਾਂ ਦੇਣ ਦਾ ਫੈਸਲਾ ਲਿਆ ਗਿਆ ਹੈ। ਪਠਾਨਕੋਟ-ਡਲਹੌਜ਼ੀ ਰੋਡ ਉਤੇ ਕੌਮਾਂਤਰੀ ਮਿਆਰ ਵਾਲੇ ਸੈਰ-ਸਪਾਟਾ ਕੇਂਦਰ ਨੂੰ ਸਿਧਾਂਤਕ ਤੌਰ ‘ਤੇ ਜੰਗਲਾਤ ਵਿਭਾਗ ਤੋਂ ਹਰੀ ਝੰਡੀ ਮਿਲ ਗਈ ਹੈ।
______________________________________________
‘ਆਪ’ ਵੱਲੋਂ ਫੈਸਲੇ ਦਾ ਵਿਰੋਧ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਵਿਰਾਸਤੀ ਯਾਦਗਾਰਾਂ ਅਤੇ ਸਰਕਾਰੀ ਸਰਕਟ ਹਾਊਸਾਂ ਨੂੰ ਨਿੱਜੀ ਹੱਥਾਂ ‘ਚ ਸੌਂਪੇ ਜਾਣ ਦਾ ਸਖਤ ਵਿਰੋਧ ਕਰਦਿਆਂ ਇਸ ਨੂੰ ਸੱਤਾਧਾਰੀ ਸਿਆਸਤਦਾਨਾਂ ਤੇ ਅਫਸਰਾਂ ਦੀ ਸਰਪ੍ਰਸਤੀ ਥੱਲੇ ਚੱਲ ਰਹੇ ਬਹੁਭਾਂਤੀ ਮਾਫੀਆ ਦੀ ਇਕ ਹੋਰ ਕਿਸਮ ਹੋਣ ਦਾ ਦੋਸ਼ ਲਗਾਇਆ ਹੈ। ‘ਆਪ’ ਆਗੂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਨਾਲ ਜਿਥੇ ਸੈਂਕੜਿਆਂ ਦੀ ਗਿਣਤੀ ‘ਚ ਸਰਕਾਰੀ ਮੁਲਾਜ਼ਮਾਂ ਦੀਆਂ ਨੌਕਰੀਆਂ ‘ਤੇ ਗਾਜ ਡਿੱਗੇਗੀ ਅਤੇ ਨਵੀਂ ਸਰਕਾਰੀ ਭਰਤੀ ਦੇ ਮੌਕੇ ਹਮੇਸ਼ਾ ਲਈ ਖੁੱਸਣਗੇ।
_________________________________________
ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ
ਚੰਡੀਗੜ੍ਹ: ਕਾਂਗਰਸ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਛੋਟਾ ਤੇ ਵੱਡਾ ਘੱਲੂਘਾਰਾ ਸਮੇਤ ਵਿਰਾਸਤੀ ਯਾਦਗਾਰਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ਤਹਿਤ ਨਿੱਜੀ ਹੱਥਾਂ ‘ਚ ਸੌਂਪਣ ਦੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸਰਕਟ ਹਾਊਸਾਂ ਦੀ ਤੁਲਨਾ ਵਿਰਾਸਤੀ ਯਾਦਗਾਰਾਂ ਨਾਲ ਕੀਤੀ ਹੈ ਅਤੇ ਇਨ੍ਹਾਂ ਨੂੰ ਨਿੱਜੀ ਹੱਥਾਂ ‘ਚ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਨ੍ਹਾਂ ਦੀ ਸੰਭਾਲ ‘ਤੇ ਸਰਕਾਰ ਨੂੰ ਪੈਸਾ ਨਾ ਖਰਚਣਾ ਪਵੇ।